“ਕਿਸੇ ਨੇ ਅਚਾਨਕ ਮੇਰਾ ਦਰਵਾਜ਼ਾ ਖੜਕਾਇਆ। ਦਰਵਾਜ਼ਾ ਖੋਲ੍ਹਿਆ ਤਾਂ ਕੀ ...”
(3 ਨਵੰਬਰ 2018)
ਇਹ ਵਾਹਵਾ ਪੁਰਾਣੀ ਗੱਲ ਹੈ। ਉਦੋਂ ਮੈਂ ਆਪਣੇ ਜ਼ਿਲ੍ਹੇ ਤੋਂ ਦੂਰ ਕਿਸੇ ਦੂਸਰੇ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਚੱਕ ਬੰਦੀ ਮਹਿਕਮੇ ਵਿੱਚ ਬਤੌਰ ਪਟਵਾਰੀ ਲੱਗ ਕੇ ਅਜੇ ਨਵਾਂ ਨਵਾਂ ਹੀ ਆਇਆ ਸਾਂ। ਇਕ ਦਿਨ ਜਦੋਂ ਮੈਂ ਖੇਤਾਂ ਵਿੱਚ ਕਿੱਲਾ ਬੰਦੀ ਦੀਆਂ ਵੱਟਾਂ ਪੁਆ ਰਿਹਾ ਸਾਂ, ਮੇਰੇ ਨਾਲ ਦੋ ਜਰੀਬ ਕਸ਼ ਅਤੇ ਕੁੱਝ ਹੋਰ ਬੰਦੇ ਵੱਟਾਂ ਪਾਉਣ ਦਾ ਕੰਮ ਵੀ ਕੰਮ ਕਰ ਰਹੇ ਸਨ। ਸਵੇਰ ਤੋਂ ਮੈਂ ਕੁੱਝ ਖਾਧਾ ਪੀਤਾ ਨਹੀਂ ਸੀ ਅਤੇ ਭੁੱਖ ਵੀ ਬਹੁਤ ਲੱਗੀ ਹੋਈ ਸੀ। ਦਿਨ ਦੇ ਮਸਾਂ ਦਸ ਕੁ ਵੱਜੇ ਹੋਣਗੇ, ਮੇਰੇ ਕੋਲੋਂ ਇੱਕ ਕੁੜੀ, ਜੋ ਲਾਗਲੇ ਖੂਹ ’ਤੇ ਹਾਲੀਆਂ ਲਈ ਛਾਹ ਵੇਲਾ ਸਿਰ ’ਤੇ ਚੁੱਕੀ ਜਾਂਦੀ ਲੰਘੀ, ਤਾਂ ਮੈਂ ਉਸ ਨੂੰ ਕਿਹਾ, “ਭੈਣਾ, ਭੁੱਖ ਬਹੁਤ ਲੱਗੀ ਹੋਈ ਹੈ, ਮੈਨੂੰ ਦੋ ਰੋਟੀਆਂ ਦੇ ਜਾ।”
ਉਹ ਕੁੜੀ ਮੈਨੂੰ ਵੇਖ ਕੇ ਮੇਰੇ ਵੱਲ ਵੇਖਦੀ ਹੋਈ ਅੱਗੇ ਲੰਘਣ ਦੀ ਬਜਾਏ ਰਾਹ ਦੇ ਨਾਲ ਹੀ ਵਗਦੀ ਆਡ ਦੇ ਕੋਲ ਸਿਰ ਤੋਂ ਛਾਹ ਵੇਲੇ ਵਾਲਾ ਸਿਰ ’ਤੇ ਚੁੱਕਿਆ ਕੁੱਜਾ ਹੇਠਾਂ ਧਰ ਕੇ ਬੈਠ ਗਈ ਅਤੇ ਬੜੇ ਪਿਆਰ ਨਾਲ ਬੋਲੀ, “ਆਓ ਵੀਰ ਜੀ, ਰੋਟੀ ਖਾ ਲਓ।”
ਮੇਰੇ ਨਾਲ ਕੰਮ ਕਰਦੇ ਸਾਰੇ ਜਣੇ ਮੇਰੇ ਵੱਲ ਤੇ ਉਸ ਕੁੜੀ ਵੱਲ ਵੇਖ ਕੇ ਬੜੇ ਹੈਰਾਨ ਹੋਏ। ਮੈਂ ਕਿਹਾ, “ਭੈਣਾ, ਤੂੰ ਪਹਿਲਾਂ ਹਾਲੀਆਂ ਨੂੰ ਰੋਟੀ ਖੁਆ ਆ, ਫਿਰ ਮੈਂ ਖਾ ਲਵਾਂਗਾ।” ਉਹ ਕਹਿਣ ਲੱਗੀ, “ਵੀਰ ਜੀ, ਕੋਈ ਗੱਲ ਨਹੀਂ, ਉਨ੍ਹਾਂ ਲਈ ਬਹੁਤ ਹੈ, ਪਹਿਲਾਂ ਤੁਸੀਂ ਖਾ ਲਓ।” ਮੈਂ ਆਡ ਵਿੱਚੋਂ ਹੱਥ ਧੋ ਕੇ ਉਸ ਕੋਲ ਬੈਠ ਗਿਆ। ਉਸ ਨੇ ਆਪਣੇ ਪੋਣੇ ਵਿੱਚੋਂ ਦੋ ਫੁਲਕੇ, ਨਾਲ ਅੰਬ ਦਾ ਅਚਾਰ ਅਤੇ ਕੌਲ ਵਿੱਚ ਦਹੀਂ ਪਾ ਕੇ ਮੈਨੂੰ ਫੜਾ ਦਿੱਤਾ। ਨਾਲ ਇੱਕ ਛੰਨਾ ਲੱਸੀ ਦਾ ਵੀ ਭਰਕੇ ਪੀਣ ਲਈ ਦਿੱਤਾ। ਮੇਰੇ ਰੋਟੀ ਖਾਣ ’ਤੇ ਉਹ ਆਪਣਾ ਛਾਹ ਵੇਲੇ ਵਾਲਾ ਬਾਕੀ ਸਾਰਾ ਸਾਮਾਨ ਇਕੱਠਾ ਕਰਕੇ ਸਿਰ ’ਤੇ ਰੱਖ ਕੇ ਚਲੀ ਗਈ। ਕੁੱਝ ਚਿਰ ਪਿੱਛੋਂ ਅਸੀਂ ਸਾਰੇ ਆਪੋ ਆਪਣਾ ਕੰਮ ਕਰਨ ਲੱਗ ਪਏ।
ਮੈਂ ਸਾਰਾ ਦਿਨ ਉਸ ਕੁੜੀ ਦੇ ਇਸ ਵਰਤਾਵੇ ਬਾਰੇ ਸੋਚਦਾ ਰਿਹਾ। ਕੁੱਝ ਚਿਰ ਮਗਰੋਂ ਮੇਰੇ ਨਾਲ ਵਾਲਿਆਂ ਵਿੱਚੋਂ ਇਕ ਜਣਾ ਮੈਨੂੰ ਕਹਿਣ ਲੱਗਾ, ਪਟਵਾਰੀ ਜੀ, ਜੇ ਬਹੁਤੀ ਭੁੱਖ ਲੱਗੀ ਸੀ ਤਾਂ ਸਾਨੂੰ ਕਹਿਣਾ ਸੀ, ਅਸੀਂ ਕੋਈ ਜਣਾ ਪਿੰਡ ਜਾ ਕੇ ਤੁਹਾਡੇ ਲਈ ਰੋਟੀ ਲੈ ਆਉਂਦਾ। ਪਰ ਮੈਂ ਕੁਝ ਨਾ ਬੋਲਿਆ ਤੇ ਚੁੱਪ ਆਪਣਾ ਕੰਮ ਕਰਦਾ ਉਸ ਕੁੜੀ ਦੇ ਮੋਹ ਭਰੇ ਬੋਲਾਂ ਬਾਰੇ ਸੋਚਦਾ ਰਿਹਾ।
ਉਸ ਦਿਨ ਕੰਮ ਤੋਂ ਬਾਅਦ ਜਦ ਮੈਂ ਇਸ਼ਨਾਨ ਪਾਣੀ ਕਰਕੇ ਰਾਤ ਦਾ ਖਾਣਾ ਬਣਾਉਣ ਦੇ ਆਹਰ ਵਿੱਚ ਸਾਂ ਤਾਂ ਕਿਸੇ ਨੇ ਅਚਾਨਕ ਮੇਰਾ ਦਰਵਾਜ਼ਾ ਖੜਕਾਇਆ। ਦਰਵਾਜ਼ਾ ਖੋਲ੍ਹਿਆ ਤਾਂ ਕੀ ਵੇਖਦਾ ਹਾਂ ਕਿ ਇੱਕ ਬਜ਼ੁਰਗ ਥਾਲੀ ਵਿਚ ਪਰੋਸਿਆ ਭੋਜਨ ਮੈਨੂੰ ਦੇਣ ਲਈ ਖੜ੍ਹਾ ਸੀ। ਉਹ ਕਹਿਣ ਲੱਗਾ, ਪਟਵਰੀ ਸਾਹਬ, ਲਓ ਇਹ ਪ੍ਰਸ਼ਾਦਾ ਮੈਂ ਆਪ ਲਈ ਲਿਆਇਆ ਹਾਂ। ਕੱਲ੍ਹ ਤੋਂ ਤੁਸੀਂ ਪ੍ਰਸ਼ਾਦਾ ਆਪ ਨਹੀਂ ਬਣਾਉਣਾ। ਜੇ ਤੁਸੀਂ ਘਰ ਨਹੀਂ ਆਉਣਾ ਤਾਂ ਮੈਂ ਇੱਥੇ ਆ ਕੇ ਦੇ ਜਾਇਆ ਕਰਾਂਗਾ। ਤੁਹਾਡੇ ਬਾਰੇ ਮੇਰੀ ਧੀ ਨੇ ਮੈਨੂੰ ਅੱਜ ਦੀ ਸਾਰੀ ਗੱਲ ਦੱਸੀ ਸੀ।
ਉਸ ਬਜ਼ੁਰਗ ਦੀ ਇਹ ਗੱਲ ਸੁਣ ਕੇ ਮੈਂ ਕੁਝ ਸ਼ਰਮਿੰਦਾ ਜਿਹਾ ਹੋ ਕੇ ਸੋਚਣ ਲੱਗਾ ਕਿ ਮੈਂ ਵੀ ਕਿੰਨਾ ਕਮਜ਼ੋਰ ਦਿਲ ਆਦਮੀ ਹਾਂ ਜੋ ਇਕ ਦਿਨ ਦੀ ਭੁੱਖ ਨਹੀਂ ਝੱਲ ਸਕਿਆ। ਮੈਂ ਕਿਹਾ, ਬਾਪੂ ਜੀ, ਤੁਹਾਡੀ ਮਿਹਰਬਾਨੀ ਹੈ। ਅੱਜ ਤਾਂ ਮੈਂ ਇਹ ਖਾ ਲੈਂਦਾ ਹਾਂ ਪਰ ਕੱਲ੍ਹ ਤੋਂ ਤੁਸੀਂ ਇਹ ਖੇਚਲ ਨਹੀਂ ਕਰਨੀ। ਮੈਂ ਕੱਲ੍ਹ ਤੋਂ ਆਪਣੇ ਖਾਣੇ ਦਾ ਬੰਦੋਬਸਤ ਇੱਕ ਥਾਂ ਕਰ ਲਿਆ ਹੈ। ਉਹ ਬੜੇ ਸਹਿਜ ਭਾਵ ਨਾਲ ਬੋਲਿਆ, “ਲਓ ਪਟਵਾਰੀ ਸਾਹਬ, ਇਹ ਕਿਹੜੀ ਖੇਚਲ ਹੈ। ਘਰ ਵਿੱਚ ਵੀ ਤਾਂ ਗੁਰੂ ਕਾ ਲੰਗਰ ਚਲਦਾ ਹੀ ਹੈ, ਅਸੀਂ ਤੁਹਾਡੇ ਵਾਸਤੇ ਕਿਹੜੀ ਉਚੇਚੀ ਖੇਚਲ ਕਰਨੀ ਹੈ।”
ਉਹ ਰੋਟੀ ਖੁਆ ਕੇ ਵਾਪਸ ਚਲਾ ਗਿਆ। ਉਸੇ ਦਿਨ ਹੀ ਮੈਂ ਰੋਟੀ ਪਾਣੀ ਦਾ ਪੱਕਾ ਬੰਦੋਬਸਤ ਕਿਤੇ ਕਰ ਲਿਆ। ਕਿਉਂਕਿ ਰੋਜ਼ ਰੋਜ਼ ਘਰ ਘਰ ਤੋਂ ਰੋਟੀ ਖਾਣ ਜਾਣ ਲਈ ਮੇਰੀ ਜ਼ਮੀਰ ਮੈਨੂੰ ਇਜਾਜ਼ਤ ਨਹੀਂ ਸੀ ਦਿੰਦੀ। ਕੁਝ ਦਿਨਾਂ ਦੇ ਬਾਅਦ ਕਿੱਲਾ ਬੰਦੀ ਦੀਆਂ ਵੱਟਾਂ ਬਣਾਉਣ ਦਾ ਕੰਮ ਕਿਸੇ ਦੂਸਰੇ ਪਾਸੇ ਜਾਣ ਕਰਕੇ ਮੇਰਾ ਉਸ ਪਾਸੇ ਜਾਣਾ ਖਤਮ ਹੋ ਗਿਆ। ਫਿਰ ਨਾ ਹੀ ਕਦੀ ਉਹ ਕੁੜੀ ਮੈਨੂੰ ਕਿਤੇ ਮਿਲੀ ਪਰ ਜਦੋਂ ਵੀ ਉਸ ਦਿਨ ਦਾ ਉਸ ਕੁੜੀ ਨੂੰ ਕਿਹਾ ਇਹ ਵਾਕ ‘ਭੈਣਾ ਭੁੱਖ ਬਹੁਤ ਲੱਗੀ ਹੋਈ ਹੈ। ਮੈਨੂੰ ਵੀ ਦੋ ਫੁਲਕੇ ਖੁਆ ਜਾ’ ਯਾਦ ਆਉਂਦਾ ਤਾਂ ਉਸ ਦਾ ‘ਵੀਰ ਜੀ’ ਕਹਿਕੇ ਬੜੇ ਪਿਆਰ ਨਾਲ ਮੈਨੂੰ ਫੁਲਕਾ ਖੁਆਉਣਾ ਹੁਣ ਵੀ ਕਦੇ ਕਦੇ ਮੈਨੂੰ ਬਾਰ ਬਾਰ ਯਾਦ ਆਉਂਦਾ ਹੈ। ਮੈਂ ਉਸਦਾ ਨਾਂ ਵੀ ਨਾ ਪੁੱਛਿਆ ਤੇ ਨਾ ਹੀ ਉਸ ਦਾ ਪਰਿਵਾਰ ਮੇਰਾ ਜਾਣੂ ਸੀ। ਪਰ ਦੋਹਾਂ ਦੁਆਲੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੀ ਇੱਕ ਸੂਖਸ਼ਮ ਤੰਦ ਜਿਵੇਂ ਲਪੇਟੀ ਗਈ ਸੀ, ਜੋ ਅਤੀਤ ਦੇ ਪਰਛਾਵਿਆਂ ਵਾਂਗ ਆਪਣਾ ਆਪ ਬਣਾਈ ਰੱਖਦੀ ਸੀ।
ਥੋੜ੍ਹੇ ਦਿਨਾਂ ਬਾਅਦ ਇਸ ਪਿੰਡ ਦਾ ਕਿੱਲੇ ਬੰਦੀ ਦਾ ਕੰਮ ਪੂਰਾ ਹੋਣ ’ਤੇ ਮੇਰੀ ਡਿਊਟੀ ਕਿਸੇ ਹੋਰ ਲਾਗਲੇ ਪਿੰਡ ਲੱਗ ਗਈ। ਮੈਂ ਕੰਮ ਕਰ ਰਿਹਾ ਸਾਂ ਤਾਂ ਉਹੀ ਕੁੜੀ ਮੈਨੂੰ ਜਾਂਦੀ ਮਿਲੀ। ਉਸੇ ਤਰ੍ਹਾਂ ਹੀ ਮੇਰੇ ਨਾਲ ਹੋਰ ਬੰਦੇ ਵੀ ਕੰਮ ਕਰ ਰਹੇ ਸਨ। ਮੈਨੂੰ ਪਛਾਣ ਕੇ ਉਹ ਝੱਟ ਬੋਲੀ ਵੀਰ ਜੀ ਸੱਤ ਅਕਾਲ। ਮੈਂ ਉਸ ਨੂੰ ਪਛਾਣਦੇ ਹੋਏ ਉਸ ਕੋਲ ਜਾਕੇ ਉਸ ਦੇ ਸਿਰ ’ਤੇ ਪਿਆਰ ਦਿੰਦੇ ਹੋਏ ਪੁੱਛਿਆ, “ਭੈਣਾ, ਸੱਤ ਸ੍ਰੀ ਅਕਾਲ, ਤੂੰ ਇਸ ਵੇਲੇ ਇਕੱਲੀ ਕਿੱਥੇ ਜਾ ਰਹੀਂ ਏਂ?”
ਉਹ ਕਹਿਣ ਲੱਗੀ, “ਇੱਥੋਂ ਕੁਝ ਥੋੜ੍ਹੀ ਦੂਰ ਦੇ ਪਿੰਡ ਮੇਰਾ ਭਰਾ ਰਹਿੰਦਾ ਹੈ, ਉਸ ਨੂੰ ਰੱਖੜੀ ਬੰਨ੍ਹਣ ਲਈ ਜਾ ਰਹੀ ਹਾਂ।”
ਇਹ ਸੁਣ ਕੇ ਮੈਂ ਉਸ ਨੂੰ ਕਿਹਾ, “ਤੇ ਤੂੰ ਮੈਨੂੰ ਵੀਰ ਕਹਿ ਕੇ ਭੁੱਲ ਗਈ ਏਂ ... ਲਿਆ, ਮੈਨੂੰ ਵੀ ਰੱਖੜੀ ਬੰਨ੍ਹ ਜਾ।”
ਉਸ ਕੁੜੀ ਨੇ ਰੱਖੜੀਆਂ ਵਾਲਾ ਲਿਫਾਫਾ ਖੋਲ੍ਹ ਕੇ ਮੈਨੂੰ ਰੱਖੜੀ ਬੰਨ੍ਹ ਕੇ ਨਾਲ ਲਿਆਂਦੇ ਲੱਡੂਆਂ ਵਾਲਾ ਡੱਬਾ ਖੋਲ੍ਹ ਕੇ ਮੇਰਾ ਮੂੰਹ ਮਿੱਠਾ ਕਰਾਇਆ।
ਆਪਣੀ ਜੇਬ ਵਿੱਚੋਂ ਸੌ ਸੌ ਦੇ ਪੰਜ ਨੋਟ ਉਸ ਨੂੰ ਫੜਾਉਂਦੇ ਹੋਏ ਮੈਂ ਕਿਹਾ, “ਲੈ ਭੈਣਾ, ਮੇਰੇ ਕੋਲ ਹੁਣ ਇੰਨੇ ਕੁ ਹੀ ਹਨ ਪਰ ਮੈਂ ਤੇਰਾ ਉਸ ਦਿਨ ਮੈਨੂੰ ਭੁੱਖੇ ਨੂੰ ਜਿਸ ਪਿਆਰ ਨਾਲ ਤੂੰ ਫੁਲਕਾ ਖੁਆਇਆ ਸੀ, ਉਸ ਦੀ ਕੀਮਤ ਮੈਂ ਕਦੇ ਵੀ ਭੁਲਾ ਨਹੀਂ ਸਕਦਾ। ਤੈਨੂੰ ਕਦੇ ਵੀ ਕੋਈ ਮੇਰੀ ਮਦਦ ਦੀ ਲੋੜ ਹੋਵੇ ਤਾਂ ਮੈਨੂੰ ਭਰਾ ਜਾਣ ਕੇ ਯਾਦ ਕਰੀਂ, ਮੈਂ ਹਰ ਤਰ੍ਹਾਂ ਹਾਜ਼ਰ ਹੋਵਾਂਗਾ।”
‘ਚੰਗਾ ਵੀਰ ਜੀ, ਸਤਿ ਸ੍ਰੀ ਅਕਾਲ’ ਕਹਿ ਕੇ ਉਹ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਚਲੀ ਗਈ। ਉਸ ਨੂੰ ਮੈਂ ਦੂਰ ਤੱਕ ਜਾਂਦੀ ਨੂੰ ਦੇਖਦਾ ਰਿਹਾ। ਮੇਰੇ ਨਾਲ ਕੰਮ ਕਰਦੇ ਬੰਦੇ ਇਹ ਵੇਖ ਕੇ ਜ਼ਰੂਰ ਸੋਚਦੇ ਹੋਣਗੇ ਕਿ ਇਹ ਰਾਹ ਜਾਂਦੀ ਪਟਵਾਰੀ ਦੀ ਭੈਣ ਕਿੱਥੋਂ ਆ ਗਈ ਪਰ ਮੈਂ ਇਸ ਭੇਦ ਨੂੰ ਛੁਪਾਈ ਰੱਖਣਾ ਚਾਹੁੰਦਾ ਸਾਂ। ਕੁਝ ਚਿਰ ਪਿੱਛੋਂ ਮੈਂ ਆਮ ਵਾਂਗ ਆਪਣੇ ਕੰਮ ਵਿੱਚ ਲੱਗ ਗਿਆ।
ਇਸ ਤੋਂ ਕੁਝ ਦਿਨ ਬਾਅਦ ਮੇਰੀ ਬਦਲੀ ਮੇਰੇ ਜ਼ਿਲ੍ਹੇ ਦੇ ਮੇਰੇ ਪਿੰਡ ਦੇ ਲਾਗਲੇ ਪਿੰਡ ਵਿੱਚ ਹੋ ਗਈ। ਫਿਰ ਕਦੇ ਉੱਧਰ ਜਾਣ ਦਾ ਮੌਕਾ ਨਾ ਮਿਲਿਆ ਪਰ ਯਾਦਾਂ ਦੀ ਉਡਾਰ ਜਦੋਂ ਕਦੇ ਕਿਤੇ ਦੂਰ ਦੁਰਾਡੇ ਦੇ ਅਤੀਤ ਦੇ ਜੰਗਲਾਂ ਵਿੱਚ ਗੁਆਚ ਜਾਂਦੀ ਹੈ ਤਾਂ ਬੀਤੇ ਦੇ ਕੁਝ ਨਾ ਕੁਝ ਮਹਿਸੂਸ ਕਰਨ ਜੋਗੇ ਪਲ ਜ਼ਰੂਰ ਛੱਡ ਜਾਂਦੀ ਹੈ। ਕਈ ਵਾਰ ਸੋਚਣ ’ਤੇ ਮਜਬੂਰ ਹੋ ਜਾਂਦਾ ਹਾਂ ਕਿ ਸੰਸਾਰ ਦੇ ਸਮਾਜਿਕ ਤਾਣੇਬਾਣੇ ਦੀਆਂ ਤੰਦਾਂ ਦੀ ਕੋਈ ਘਾਟ ਨਹੀਂ, ਰਿਸ਼ਤਿਆਂ ਦੇ ਇਹ ਤਾਣੇਬਾਣੇ ਕਈ ਵਾਰ ਉਲਝਦੇ, ਸੁਲਝਦੇ, ਤਿੜਕਦੇ, ਤੇ ਬਣਦੇ ਮਿਟਦੇ ਰਹਿੰਦੇ ਹਨ। ਪਰ ਕਈ ਰਿਸ਼ਤੇ ਅਜਿਹੇ ਵੀ ਹਨ ਜੋ ਯਾਦਾਂ ਦੇ ਨਿੱਘ ਵਿੱਚ ਲਪੇਟੇ ਰਹਿੰਦੇ ਹਨ ਅਤੇ ਆਪਣਾ ਨਿੱਘ ਤੇ ਰੰਗ ਸੁਰੰਗਾ ਝਲਕਾਰਾ ਜਿਹਾ ਕਦੇ ਕਦੇ ਛੱਡਦੇ ਹੀ ਰਹਿੰਦੇ ਹਨ।
ਬੇਸ਼ੱਕ ਭੈਣ ਭਰਾ ਦੇ ਮੋਹ ਦਾ ਇਹ ਰਿਸ਼ਤਾ ਬੜਾ ਪਵਿੱਤਰ ਹੈ ਅਤੇ ਭੈਣ ਭਰਾ ਦੇ ਇਸ ਤਰ੍ਹਾਂ ਦੇ ਅਚਾਨਕ ਬਣੇ ਰਿਸ਼ਤੇ ਦੀ ਮਹਿਕ ਵੀ ਅਨੋਖੀ ਹੈ। ਹੁਣ ਜਦੋਂ ਵੀ ਮੇਰੀਆਂ ਭੈਣਾਂ ਮੈਨੂੰ ਰੱਖੜੀ ਦੇ ਤਿਉਹਾਰ ਤੇ ਰੱਖੜੀ ਬੰਨ੍ਹਣ ਆਉਂਦੀਆਂ ਹਨ ਤਾਂ ਉਹ ਕਿਤੇ ਦੂਰ ਦੁਰਾਡੇ ਬੈਠੀ ਮੈਨੂੰ ‘ਵੀਰ ਜੀ’ ਕਹਿ ਕੇ ਬਲਾਉਣ ਵਾਲੀ ਭੈਣ ਹੁਣ ਪਤਾ ਨਹੀਂ ਕਿੱਥੇ ਤੇ ਕਿਸ ਹਾਲਤ ਵਿੱਚ ਹੋਵੇ, ਮੈਨੂੰ ਇਸ ਦਿਨ ’ਤੇ ਯਾਦ ਆਏ ਬਿਨਾਂ ਨਹੀਂ ਰਹਿੰਦੀ। ਮੈਂ ਯਾਦਾਂ ਦੇ ਝਰੋਖੇ ਵਿੱਚ ਬੈਠਾ ਇਸ ਰਿਸ਼ਤੇ ਦੀ ਮਹਿਕ ਨੂੰ ਮਾਣਦਾ ਰਹਿੰਦਾ ਹਾਂ।
*****
(1375)