RewailSingh7ਬਾਪੂ ਦੀਆਂ ਇਨ੍ਹਾਂ ਗੱਲ ਵੱਲ ਉਦੋਂ ਮੈਂ ਘੱਟ ਹੀ ਧਿਆਨ ਦੇਂਦਾ ਪਰ ਹੁਣ ਜਦੋਂ ਮੈਂ ਆਪ ...
(16 ਜਨਵਰੀ 2018)

 

ਬਾਪੂ ਵਾਹਵਾ ਲੰਮੀ ਉਮਰ ਭੋਗ ਕੇ ਇਸ ਦੁਨੀਆ ਤੋਂ ਗਿਆਡੰਗੋਰੀ ਤਾਂ ਉਸ ਨੇ ਭਾਵੇਂ ਸਾਰੀ ਉਮਰ ਨਹੀਂ ਫੜੀ, ਪਰ ਉਸ ਦੀ ਵੱਖਰੀ ਦਿੱਖ ਦਰਸਾਉਣ ਵਾਲਾ ਨਿੱਗਰ ਖੂੰਡਾ ਅਖੀਰ ਤੱਕ ਉਸ ਦੇ ਨਾਲ ਹੀ ਰਿਹਾਅੰਤਮ ਸਮੇਂ ਤੱਕ ਬਾਪੂ ਛੋਟੇ ਪੁੱਤਰ ਦੇ ਘਰ ਹੀ ਰਿਹਾ, ਕਿਉਂਕਿ ਉਸਦੇ ਦੋਵੇਂ ਨੂੰਹ ਪੁੱਤਰ ਦੋਵੇਂ ਹੀ ਸਰਕਾਰੀ ਮੁਲਾਜ਼ਮ ਹੋਣ ਕਰਕੇ ਰੋਜ਼ ਸਵੇਰੇ ਆਪਣੀ ਨੌਕਰੀ ਤੇ ਚਲੇ ਜਾਂਦੇ ਸਨ ਅਤੇ ਸ਼ਾਮੀਂ ਘਰ ਵਾਪਸ ਆਉਂਦੇ ਸਨਘਰ ਦੀ ਸਾਰੀ ਜ਼ਿੰਮੇਵਾਰੀ ਬੇਬੇ ਦੀ ਹੁੰਦੀਸਾਰਾ ਦਿਨ ਬਾਪੂ ਵਿਹੜੇ ਵਿੱਚ ਧਰੇਕ ਦੀ ਛਾਂਵੇਂ ਮੰਜੇ ’ਤੇ ਲੇਟਿਆ ਰਹਿੰਦਾ ਜਾਂ ਵਿਹੜੇ ਵਿੱਚ ਫਿਰ ਤੁਰ ਕੇ ਖੂੰਡਾ ਖੜਕਾਉਂਦਾ ਕਾਂਵਾਂ ਚਿੜੀਆਂ ਨੂੰ ਉਡਾਉਂਦਾ ਵਾਹਿਗਰੂ ਵਾਹਿਗੁਰੂ ਕਰਦਾ ਘਰ ਦੀ ਰਾਖੀ ਕਰਦਾ ਸੀ

ਬਾਪੂ ਫੌਜੀ ਹੋਣ ਕਰਕੇ ਰੋਟੀ ਖਾਣ ਤੋਂ ਪਹਿਲਾਂ ਇੱਕ ਹਲਕਾ ਜਿਹਾ ਪੈੱਗ ਲਾਉਣ ਦਾ ਵੀ ਸ਼ੌਕੀਨ ਸੀਇੰਨੀ ਕੁ ਪੀਣ ਨੂੰ ਉਹ ਦੁਆਈ ਮੁਆਫਕ ਕਿਹਾ ਕਰਦਾ ਸੀਸਵੇਰੇ ਤੜਕਸਾਰ ਉੱਠਣਾ ਅਤੇ ਨਿੱਤ ਨੇਮ ਕਰਨ ਤੋਂ ਤੋਂ ਬਾਅਦ ਗੁਰਦੁਆਰੇ ਜਾਣਾ ਵੀ ਉਸ ਦਾ ਪੱਕਾ ਨੇਮ ਸੀਇਹ ਕੰਮ ਉਸ ਨੇ ਜਦ ਤੀਕ ਉਹ ਫਿਰਨੋਂ ਤੁਰਨੋਂ ਆਰੀ ਨਹੀਂ ਸੀ ਹੋ ਗਿਆ, ਨਹੀਂ ਸੀ ਛੱਡਿਆਗੁਰਦੁਆਰੇ ਦਾ ਗ੍ਰੰਥੀ ਆਪਣਾ ਨਿੱਤ ਨੇਮ ਕਰਕੇ ਗੁਰਦੁਆਰੇ ਦਾ ਦਰਵਾਜ਼ਾ ਬੰਦ ਕਰਕੇ ਚਲਾ ਜਾਂਦਾ ਵਡੇਰੀ ਉਮਰ ਹੋਣ ’ਤੇ ਬਾਪੂ ਜ਼ਰਾ ਦੇਰ ਨਾਲ ਹੀ ਗੁਰਦੁਆਰੇ ਜਾਂਦਾ ਤਾਂ ਗੁਰਦੁਆਰੇ ’ਤੇ ਜੰਦਰਾ ਲੱਗਾ ਵੇਖ ਕੇ ਉਸ ਨੂੰ ਭਾਈ ਜੀ ਉੱਤੇ ਬੜਾ ਗੁੱਸਾ ਆਉਂਦਾ ਅਤੇ ਉਹ ਮੈਨੂੰ ਭਾਈ ਜੀ ਨੂੰ ਸਮਝਾਉਣ ਲਈ ਕਹਿੰਦਾਮੈਂ ਬਾਪੂ ਦੇ ਗੁੱਸੇ ਵਾਲੇ ਸੁਭਾਅ ਨੂੰ ਜਾਣ ਕੇ ਬਾਪੂ ਨੂੰ ਕਹਿੰਦਾ, ਬਾਪੂ ਜੀ ਕੋਈ ਗੱਲ ਨਹੀਂ, ਮੈਂ ਭਾਈ ਜੀ ਨੂੰ ਆਪੇ ਕਹਿ ਦਿਆਂਗਾਇੱਕ ਦਿਨ ਗੁਰਦੁਆਰੇ ਦਾ ਗਰੰਥੀ ਕਿਸੇ ਕੰਮ ਸਾਡੇ ਘਰ ਆਇਆ ਤਾਂ ਬਾਪੂ ਨੇ ਭਾਈ ਜੀ ਨੂੰ ਆਪਣੀ ਮੁਸ਼ਕਿਲ ਦੱਸੀਗਰੰਥੀ ਜੀ ਨੂੰ ਅਜੇ ਵੀ ਬਹੁਤੇ ਲੋਕ ਸਤਿਕਾਰ ਨਾਲ ਭਾਈ ਜੀ ਜਾਂ ਬਾਬਾ ਜੀ ਹੀ ਕਹਿ ਕੇ ਬੁਲਾਉਂਦੇ ਹਨ ਬਾਪੂ ਦੀ ਗੱਲ ਸੁਣ ਕੇ ਭਾਈ ਜੀ ਕਹਿਣ ਲੱਗੇ, “ਬਾਪੂ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਰ ਇੱਸ ਵਿੱਚ ਮੇਰੀ ਵੀ ਮਜਬੂਰੀ ਹੈਅੱਜ ਕੱਲ ਚੋਰ ਤਾਂ ਗੁਰੂ ਘਰਾਂ ਨੂੰ ਨਹੀਂ ਵੀ ਬਖਸ਼ਦੇ, ... ਜੇ ਕੋਈ ਐਸੀ ਮਾੜੀ ਘਟਨਾ ਵਾਪਰ ਜਾਏ ਤਾਂ ਜ਼ਿੰਮੇਵਾਰੀ ਤਾਂ ਫਿਰ ਮੇਰੀ ਹੀ ਹੈ

ਬਾਪੂ ਭਾਈ ਜੀ ਦੀ ਇਹ ਗੱਲ ਸੁਣ ਕੇ ਬੋਲਿਆ, “ਕੋਈ ਗੱਲ ਨਹੀਂ ... ਤੂੰ ਗੁਰੂ ਘਰ ਨੂੰ ਜੰਦਰਾ ਨਾ ਮਾਰਿਆ ਕਰ, ਜੇ ਕੋਈ ਨੁਕਾਸਾਨ ਹੋ ਵੀ ਗਿਆ ਤਾਂ ਸਾਰਾ ਹਰਜਾਨਾ ਮੈਂ ਭਰੂੰ। ਇਸ ਸਾਰੇ ਪੁਆੜੇ ਦੀ ਜੜ੍ਹ ਤਾਂ ਗੁਰੂ ਘਰ ਦੀਆਂ ਗੋਲਕਾਂ ਹੀ ਹਨ

ਮੈਂ ਭਾਈ ਜੀ ਨੂੰ ਬਾਪੂ ਦੀ ਮਜਬੂਰੀ ਦੱਸੀ ਤਾਂ ਭਾਈ ਸੱਤ ਬਚਨ ਕਹਿ ਕੇ ਚਲਾ ਗਿਆਹੁਣ ਤੱਕ ਰੱਬ ਦੀ ਮਿਹਰ ਹੀ ਰਹੀ ਹੈ ਪ੍ਰਧਾਨਗੀਆਂ ਤੋਂ ਝਗੜੇ-ਝਾਂਜੇ ਤਾਂ ਆਮ ਹੁੰਦੇ ਹੀ ਰਹਿੰਦੇ ਹਨ, ਪਰ ਗੋਲਕ ਦੀ ਚੋਰੀ ਤੋਂ ਬਚਾਅ ਹੀ ਰਿਹਾ ਹੈ

ਛੁੱਟੀ ਵਾਲੇ ਦਿਨ ਜਦੋਂ ਬਾਪੂ ਦੀ ਖ਼ਬਰ ਸੁਰਤ ਲੈਣ ਲਈ ਮੈਂ ਬਾਪੂ ਕੋਲ ਜਾਂਦਾ ਤਾਂ ਉਨ੍ਹਾਂ ਦੇ ਪੈਰੀਂ ਹੱਥ ਲਾਉਂਦਾ। ਬਾਪੂ ਮੇਰੇ ਮੋਢੇ ਪਲੋਸਦਾ ਮੈਨੂੰ ਕੋਲ ਬੈਠਣ ਲਈ ਕਹਿੰਦਾ ਤਾਂ ਮੈਂ ਬਾਪੂ ਨੂੰ ਕਹਿੰਦਾ, “ਬਾਪੂ ਮੈਂ ਜ਼ਰਾ ਬੰਬੀ ਵੱਲ ਫੇਰਾ ਮਾਰ ਆਵਾਂ।”

ਬਾਪੂ ਬੋਲਦਾ, “ਤੂੰ ਜ਼ਰਾ ਕਦੇ ਮੇਰੇ ਕੋਲ ਵੀ ਬਹਿ ਜਾਇਆ ਕਰਉਹ ਨਿੱਕਾ ਆਉਂਦਾ ਹੈ ਤਾਂ ਆਉਂਦੇਸਾਰ ਹੀ ਖੇਤਾਂ ਵੱਲ ਚਲਾ ਜਾਂਦਾ ਹੈ, ਉਸਦੀ ਘਰ ਵਾਲੀ ਵੀ ਆਉਂਦਿਆਂ ਹੀ ਰੰਬੀ ਫੜ ਕੇ ਵਾੜੀ ਵਿੱਚ ਜਾ ਵੜਦੀ ਹੈਮਾਂ ਤੇਰੀ ਦਾ ਸਾਰਾ ਦਿਨ ਚੁੱਲ੍ਹਾ ਚੌਂਕਾ ਹੀ ਪੂਰਾ ਨਹੀਂ ਪੂਰਾ ਹੁੰਦਾਤੂੰ ਆਉਨੈਂ ਤਾਂ ਪੈਰੀਂ ਹੱਥ ਲਾ ਕੇ ਦੌੜਨ ਦੀ ਕਰਦੈਂ, ਮੈਨੂੰ ਪੈਰੀਂ ਹੱਥ ਲੁਆਉਣ ਦਾ ਚਾਅ ਨਹੀਂ, ਮੈਨੂੰ ਤਾਂ ਤੁਹਾਡੇ ਨਾਲ ਕੋਲ ਬੈਠ ਕੇ ਕੁੱਝ ਪਲ ਗੱਲਾਂ ਕਰਨ ਦੀ ਭੁੱਖ ਹੈ ... ਘਰ ਵਿੱਚ ਕਿਹੜਾ ਨਿੱਕਾ ਨਿਆਣਾ ਹੈ, ਜਿਸ ਨੂੰ ਕੋਲ ਬੁਲਾ ਕੇ ਕੁਝ ਗੱਲਾਂਬਾਤਾਂ ਕਰ ਲਿਆ ਕਰਾਂਮੇਰੇ ਲਈ ਤਾਂ ਇਹ ਚਿੜੀਆਂ ਜਨੌਰ ਹੀ ਹਨ ਜਿਹੜੇ ਸਾਰਾ ਦਿਨ ਹੀ ਮੋੜਨ ਦੇ ਬਾਵਜੂਦ ਵੀ ਮੇਰੇ ਆਲੇ ਦੁਆਲੇ ਘੁੰਮਦੇ ਫਿਰਦੇ ਮੇਰੇ ਹਨਇਸੇ ਬਹਾਨੇ ਮੈਂ ਇਨ੍ਹਾਂ ਨਾਲ ਆਪ ਮੁਹਾਰੇ ਕਈ ਗੱਲਾਂ ਕਰਦਾ ਰਹਿੰਦਾ ਹਾਂ

ਬਾਪੂ ਦੀਆਂ ਇਨ੍ਹਾਂ ਗੱਲ ਵੱਲ ਉਦੋਂ ਮੈਂ ਘੱਟ ਹੀ ਧਿਆਨ ਦੇਂਦਾ ਪਰ ਹੁਣ ਜਦੋਂ ਮੈਂ ਆਪ ਜੀਵਨ ਦੇ ਉਸ ਸਫਰ ਵੱਲ ਜਿਉਂ ਜਿਉਂ ਵਧਦਾ ਜਾ ਰਿਹਾ ਹਾਂ ਤਾਂ ਹੌਲੀ ਹੌਲੀ ਬਹੁਤ ਕੁਝ ਆਪਣੇ ਆਪ ਹੀ ਸਮਝ ਆ ਰਿਹਾ ਹੈ ਤੇ ਬਾਪੂ ਦੀਆਂ ਗੱਲਾਂ ਵੀ ਚੇਤੇ ਆਉਣ ਲੱਗ ਪਈਆਂ ਹਨ

ਬਾਪੂ ਬੇਬੇ ਦੀ ਨਿੱਕੀ ਨਿੱਕੀ ਗੱਲੇ ਆਮ ਨੋਕ ਝੋਕ ਹੁੰਦੀ ਰਹਿੰਦੀ ਸੀ ਜੋ ਕਿਸੇ ਵੇਲੇ ਫਾਲਤੂ ਕਲੇਸ਼ ਦਾ ਕਾਰਣ ਵੀ ਬਣ ਜਾਂਦੀਇੱਕ ਵਾਰ ਬਾਪੂ ਐਵੇਂ ਕਿਸੇ ਛੋਟੀ ਮੋਟੀ ਗੱਲ ਤੋਂ ਘਰ ਦਿਆਂ ਨਾਲ ਗੁੱਸੇ ਹੋ ਗਿਆ। ਮੇਰੇ ਕਹਿਣ ’ਤੇ ਬਾਪੂ ਮੇਰੇ ਕੋਲ ਰਹਿਣ ਲਈ ਮੰਨ ਗਿਆਮੈਂ ਬਾਪੂ ਨੂੰ ਕਿਹਾ ਕਿ ਤੁਸੀਂ ਜਿੱਥੇ ਵੀ ਜਾਣਾ ਹੋਵੇ ਆਪਣੀ ਮਰਜ਼ੀ ਨਾਲ ਆਓ ਜਾਓ, ਪਰ ਘਰੋਂ ਸਮੇਂ ਸਿਰ ਚਾਹ ਪਾਣੀ, ਰੋਟੀ ਟੁੱਕ ਖਾ ਕੇ ਜਾਇਆ ਕਰੋਪਰ ਬਾਪੂ ਆਜ਼ਾਦ ਬੰਦਾ ਸੀਬਹੁਤਾ ਚਿਰ ਮੇਰੇ ਕਹਿਣ ’ਤੇ ਵੀ ਚਾਹ ਪਾਣੀ ਦਾ ਛਾਹ ਵੇਲੇ ਦਾ ਸਮਾਂ ਲੰਘਣ ’ਤੇ ਵੀ ਦੇਰ ਕਰਕੇ ਘਰ ਮੁੜਦਾ, ਪੁੱਛਣ ਤੇ ਕਹਿੰਦਾ - ਹਾਂ ਸੱਚ, ਮੈਨੂੰ ਫਲਾਣਾ ਆਪਣੇ ਘਰ ਲੈ ਗਿਆ ਤੇ ਨਾਂਹ ਨਾਂਹ ਕਰਦੇ ਨੂੰ ਚਾਹ ਪਿਆ ਦਿੱਤੀ। ਗੱਲਾਂਬਾਤਾਂ ਕਰਦੇ ਘਰ ਆਉਣ ਵਿੱਚ ਦੇਰੀ ਹੋ ਗਈਮੈਂ ਐਵੇਂ ਰਾਹ ਜਾਂਦਾ ਕਲੇਸ਼ ਸਹੇੜਨ ਤੋਂ ਡਰਦਾ ਚੁੱਪ ਰਹਿੰਦਾਕੁਝ ਦਿਨਾਂ ਬਾਅਦ ਕੁੜੀਆਂ ਜਦ ਘਰ ਆਈਆਂ ਤਾਂ ਬਾਪੂ ਨੂੰ ਫਿਰ ਨਿੱਕੇ ਦੇ ਘਰ, ਜਿੱਥੇ ਬੇਬੇ ਰਹਿੰਦੀ ਸੀ, ਲੈ ਗਈਆਂਬਾਪੂ ਭਾਵੇਂ ਸਾਨੂੰ ਸਾਰਿਆਂ ਨੂੰ ਪੱਲੇ ਨਹੀਂ ਸੀ ਬੰਨ੍ਹਦਾ ਪਰ ਧੀਆਂ ਦਾ ਕਿਹਾ ਨਹੀਂ ਮੋੜਦਾ ਸੀਉਨ੍ਹਾਂ ਨੂੰ ਤਾਂ ਉਹ ‘ਧੀਆਂ ਰੱਬ ਜੇਹੀਆਂ’ ਕਿਹਾ ਕਰਦਾ ਸੀ

ਇੱਕ ਦਿਨ ਪਿੰਡ ਦੇ ਕੁੱਝ ਬੰਦੇ ਬਾਪੂ ਕੋਲ ਆਏ ਤੇ ਕਹਿਣ ਲੱਗੇ ਕਿ ਬਾਪੂ ਅਸੀਂ ਤੇਰੇ ਕੋਲ ਤਾਂ ਆਏ ਹਾਂ ਕਿ ਤੈਨੂੰ ਗੁਰਦੁਆਰੇ ਦਾ ਪ੍ਰਧਾਨ ਬਣਾਉਣਾ ਹੈਬਾਪੂ ਕਹਿਣ ਲੱਗਾ, “ਤੁਸੀਂ ਪ੍ਰਧਾਨ ਬਣਾਉਣ ਲਈ ਕਹਿ ਰਹੇ ਹੋ, ਮੈਂ ਤਾਂ ਅਜੇ ਪੂਰਾ ਸਿੱਖ ਵੀ ਨਹੀਂ ਬਣ ਸਕਿਆ। ਤੁਸੀਂ ਇਸ ਕੰਮ ਲਈ ਕੋਈ ਹੋਰ ਬੰਦਾ ਲੱਭੋ। ਇੱਥੇ ਕਿਹੜੀ ਪ੍ਰਧਾਨਗੀ ਦੇ ਭੁੱਖੇ ਬੰਦਿਆਂ ਦੀ ਘਾਟ ਹੈਰਤਾ ਠਹਿਰੋ, ਚਾਹ ਪਾਣੀ ਦਾ ਵੇਲਾ ਹੈ, ਚਾਹ ਜ਼ਰੂਰ ਪੀ ਕੇ ਜਾਇਓਨਾਲੇ ਇੱਕ ਜ਼ਰੂਰੀ ਗੱਲ ਹੋਰ ਕਿ ਅੱਗੇ ਤੋਂ ਮੇਰੇ ਕੋਲ ਕਿਸੇ ਹੋਰ ਸੇਵਾ ਲਈ ਜੀਅ ਸਦਕੇ ਆਇਓ ਪਰ ਇਸ ਕੰਮ ਲਈ ਮੁੜ ਖੇਚਲ ਨਾ ਕਰਿਓ...।”

“ਚੰਗਾ ਬਾਪੂ ... ਚਾਹ ਕਿਤੇ ਫਿਰ ਸਹੀ।” ਕਹਿ ਕੇ ਉਹ ਬੰਦੇ ਚੁੱਪ ਚੁਪੀਤੇ ਚਲੇ ਗਏ

ਬਾਪੂ ਨੇ ਜ਼ਿੰਦਗੀ ਦੇ ਕਈ ਬਦਲਦੇ ਰੰਗ ਰੂਪ ਵੇਖੇ। ਉਸ ਪਾਸ ਜ਼ਿੰਦਗੀ ਦਾ ਕੌੜਾ ਸੱਚ ਤੇ ਤਲਖ ਤਜ਼ਰਬੇ ਸਨਚੰਗੇ ਲੋਕਾਂ ਦੀ ਸੰਗਤ ਵਿੱਚੋਂ ਚੰਗੇ ਵਿਚਾਰਾਂ ਦੀ ਪ੍ਰਾਪਤ ਕੀਤੀ ਹੋਈ ਮਿਠਾਸ ਵੀ ਸੀਜਵਾਨੀ ਵੇਲੇ ਦੀਆਂ ਬੇਮਿਸਾਲ ਕਈ ਹੋਈਆਂ ਬੀਤੀਆਂ ਗੱਲਾਂ ਦਾ ਵੱਡਾ ਭੰਡਾਰ, ਦੇਸ਼ ਦੀ ਵੰਡ ਵੇਲੇ ਦੀਆਂ ਲੂੰ ਕੰਡੇ ਕੰਡੇ ਕਰਨ ਵਾਲੀਆਂ ਵੇਖੀਆਂ ਸੁਣੀਆਂ ਹੋਈਆਂ ਬੀਤੀਆਂ ਗੱਲਾਂ, ਫੌਜ ਦੀ ਨੌਕਰੀ ਵੇਲੇ ਅੰਗਰੇਜ਼ ਰਾਜ ਵੇਲੇ ਜੰਗ ਦੀਆਂ ਜੋਸ਼ੀਲੀਆਂ ਕਹਾਣੀਆਂ, ਤੇ ਹੋਰ ਵੀ ਬਹੁਤ ਕੁਝ ਸੀ ਉਸ ਪਾਸ ਪਰ ਉਨ੍ਹਾਂ ਨੂੰ ਸੁਣਨ ਸੁਣਾਉਣ ਲਈ ਕਿਸੇ ਪਾਸ ਸਮਾਂ ਨਹੀਂ ਸੀਰੁਝੇਵਿਆਂ ਮਾਰੀ ਇਸ ਦੁਨੀਆਂ ਵਿੱਚ ਸੁਣਾਉਣ ਵਾਲਿਆਂ ਵਿੱਚ ਬਾਪੂ ਵਰਗੇ ਤਾਂ ਬਹੁਤ ਹਨ ਪਰ ਸੁਣਨ ਵਾਲਿਆਂ ਦੀ ਵੱਡੀ ਘਾਟ ਸੀਕਈ ਤਾਂ ਇਹ ਵੀ ਕਹਿੰਦੇ ਕਿ ਬਾਪੂ ਤਾਂ ਵਿਹਲਾ ਹੈ, ਹੁਣ ਇਸ ਕੋਲ ਬੈਠ ਕੇ ਸਾਰੇ ਕੰਮ ਧੰਦੇ ਛੱਡ ਕੇ ਆਪਣਾ ਸਮਾਂ ਕੌਣ ਗਵਾਵੇਪਰ ਬਾਪੂ ਦਾ ਗਿਲਾ ਹੁਣ ਮੈਨੂੰ ਸੱਚਾ ਲੱਗਦਾ ਹੈਮੇਰਾ ਇੱਕ ਦੂਰ ਨੇੜੇ ਦਾ ਸਾਕ ਸਬੰਧੀ, ਨਰਿੰਦਰ,,ਜੋ ਹੁਣ ਇਸ ਦੁਨੀਆਂ ਵਿੱਚ ਨਹੀਂ, ਉਹ ਜਦੋਂ ਵੀ ਸਾਡੇ ਘਰ ਆਉਂਦਾ ਤਾਂ ਬਾਪੂ ਕੋਲ ਜ਼ਰੂਰ ਕੁਝ ਪਲ ਬੈਠਦਾ, ਅਤੇ ਬਾਪੂ ਦੀਆਂ ਗੱਲਾਂ ਜ਼ਰੂਰ ਸੁਣਦਾ, ਅਤੇ ਹੁੰਗਾਰਾ ਵੀ ਕਦੇ ਕਦੇ ਭਰਦਾ ਰਹਿੰਦਾਮੈਂ ਜਦ ਉਸ ਨੂੰ ਪੁੱਛਦਾ ਕਿ ਸੁਣੀਆਂ ਬਾਪੂ ਦੀਆਂ ਪੁਰਾਣੀਆਂ ਗੱਲਾਂ ਤਾਂ ਉਹ ਹੱਸ ਕੇ ਕਹਿੰਦਾ ਥੋੜ੍ਹੀਆਂ ਸੁਣੀਆਂ, ਬਹੁਤੀਆਂ ਨਹੀਂ। ਬਾਪੂ ਕੋਲ ਇੰਨਾ ਸਮਾਂ ਬੈਠ ਕੇ ਜੇ ਬਾਪੂ ਖੁਸ਼ ਹੋ ਗਿਆ ਤਾਂ ਇਹ ਘਾਟੇ ਵਾਲਾ ਸੌਦਾ ਨਹੀਂ। ਜੇ ਬਜ਼ੁਰਗਾਂ ਕੋਲ ਕੁੱਝ ਪਲ ਬੈਠਣ ਨਾਲ ਉਨ੍ਹਾਂ ਨੂੰ ਖੁਸ਼ੀ ਮਿਲ ਜਾਏ ਤਾਂ ਇਸ ਵਿੱਚ ਸਾਡਾ ਕੀ ਜਾਂਦਾ ਹੈ

ਹੁਣ ਬਾਪੂ ਉਮਰ ਦੇ ਦਸ ਦਹਾਕੇ ਪਾਰ ਕਰ ਚੁੱਕਾ ਸੀਉਹ ਹੌਲੀ ਹੌਲੀ ਹੰਘੂਰਾ ਮਾਰਨ ਲੱਗ ਪਿਆ ਸੀਸਾਰੇ ਘਰ ਦੇ ਉਨ੍ਹਾਂ ਦੇ ਹੰਘੂਰੇ ਤੋਂ ਤੰਗੀ ਜਿਹੀ ਵੀ ਮਹਿਸੂਸ ਕਰਨ ਲੱਗ ਪਏ ਸਨਇੱਕ ਦਿਨ ਮੈਂ ਬਾਪੂ ਦਾ ਹਾਲ ਪੁੱਛਣ ਲਈ ਗਿਆ ਤਾਂ ਉਹ ਗੱਲੇ ਗੱਲੇ ਲੰਮੇ ਲੰਮੇ ਸਾਹ ਲੈਂਦੇ ਹੰਘੂਰਾ ਮਾਰ ਰਹੇ ਸਨਮੈਂ ਉਨ੍ਹਾਂ ਨੂੰ ਕਿਹਾ ਕਿ ਬਾਪੂ ਜੀ ਹੰਗੂਰਾ ਮਾਰਨ ਦੀ ਥਾਂ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਖਾਂ, ਤਾਂ ਬਾਪੂ ਕਹਿਣ ਲੱਗਾ ਕਿ ਕੀ ਕਰਾਂ, ਕਹਿੰਦਾ ਤਾਂ ਇਹੀ ਹਾਂ ਪਰ ਵਾਹਿਗਰੂ ਦੀ ਥਾਂ ਜਿੰਨਾ ਮਰਜ਼ੀ ਜਤਨ ਕਰਾਂ ਹੁਣ ਤਾਂ ਬਦੋਬਦੀ ਹੰਗੂਰਾ ਹੀ ਨਿਕਲਦਾ ਹੈ ...।

ਜਦੋਂ ਲੰਮੀ ਉਮਰ ਭੋਗ ਕੇ ਬਾਪੂ ਅਤੇ ਬੇਬੇ ਦੋਵੇਂ ਇਕੱਠੇ ਇੱਕੋ ਦਿਨ ਹੀ ਇਸ ਫਾਨੀ ਸੰਸਾਰ ਨੂੰ ਸਦਾ ਵਾਸਤੇ ਅਲਵਿਦਾ ਕਹਿ ਗਏ ਤਾਂ ਉਨ੍ਹਾਂ ਦੀ ਇਸ ਅਣੋਖੀ ਮੌਤ ਨੂੰ ਜਿਨ੍ਹਾਂ ਨੇ ਸੁਣਿਆ, ਸੁਣ ਕੇ ਬੜੇ ਹੈਰਾਨ ਹੋਏਅਤੇ ਬਹੁਤ ਸਾਰੇ ਦੂਰ ਦੁਰਾਡੇ ਥਾਂਵਾਂ ਤੋਂ ਲੋਕ ਜਿਨ੍ਹਾਂ ਨੇ ਸੁਣਿਆ, ਉਨ੍ਹਾਂ ਦੇ ਸਸਕਾਰ ’ਤੇ ਆਏਉਨ੍ਹਾਂ ਦੀ ਅੰਤਿਮ ਅਰਦਾਸ ਵੇਲੇ ਉਨ੍ਹਾਂ ਦੀ ਕੋਈ ਫੋਟੋ ਨਾ ਮਿਲੇਆਖਰ ਭੱਜ ਦੌੜ ਕਰਨ ’ਤੇ ਉਨ੍ਹਾਂ ਦੀ ਮੇਰੇ ਵੱਡੇ ਪੁੱਤਰ ਦੀ ਬਰਾਤ ਦੀ ਮਿਲਣੀ ਵੇਲੇ ਦੀ ਫੁੱਲਾਂ ਦੇ ਹਾਰਾਂ ਵਾਲੀ ਫੋਟੋ ਮਿਲ ਹੀ ਗਈਇਸੇ ਤਰ੍ਹਾਂ ਬੇਬੇ ਦੀ ਫੋਟੋ ਵੀ ਇਕ ਐਲਬਮ ਵਿੱਚੋਂ ਮਿਲ ਗਈ। ਦੋਹਾਂ ਨੂੰ ਇਕੱਠੀਆਂ ਕਰਕੇ ਫੋਟੋਗ੍ਰਾਫਰ ਨੇ ਇੱਕ ਫੋਟੋ ਬਣਾ ਦਿੱਤੀਜੋ ਅਜੇ ਵੀ ਇਕ ਕਮਰੇ ਵਿੱਚ ਉਨ੍ਹਾਂ ਦੇ ਨਿੱਤ ਨੇਮ ਕਰਨ ਵਾਲੇ ਗੁਰਬਾਣੀ ਦੇ ਗੁਟਕੇ ਸੰਚੀਆਂ ਅਤੇ ਹੋਰ ਧਾਰਮਕ ਪੁਸਤਕਾਂ, ਸ੍ਰੀ ਸਾਹਿਬ, ਅਤੇ ਵਿਸ਼ੇਸ਼ ਕਰਕੇ ਉਨ੍ਹਾਂ ਦਾ ਖੂੰਡਾ, ਸਭ ਕੁਝ ਸੰਭਾਲ ਕੇ ਰੱਖਿਆ ਹੋਇਆ ਹੈ

ਬਾਪੂ ਵਾਂਗ ਹੌਲੀ ਹੌਲੀ ਮੈਂ ਵੀ ਉਮਰ ਦੀ ਪੌੜੀ ਦੇ ਅੱਠਵੇਂ ਡੰਡੇ ਨੂੰ ਪਾਰ ਕਰਨ ਦੇ ਲਾਗੇ ਅੱਪੜਿਆ ਹੋਇਆ ਹਾਂ, ਕਦੇ ਕਦੇ ਸੋਚਦਾ ਹਾਂ ਕਿ ਬਾਪੂ ਤਾਂ ਫੌਜ ਵਿੱਚ ਦੂਜੇ ਸੰਸਾਰ ਯੁੱਧ ਵਿੱਚ ਹਿੱਸਾ ਲੈ ਕੇ ਘਰ ਪਰਤ ਆਇਆ ਸੀ ਪਰ ਮੈਂ ਤਾਂ ਆਪਣੇ ਉਮਰ ਦੇ ਇਸ ਆਖਰੀ ਸਮੇਂ ਵਿਦੇਸ਼ ਵਿੱਚ ਦਿਨ ਕਟੀ ਕਰ ਰਿਹਾ ਹਾਂਕੀ ਪਤਾ ਕਦੋਂ ਤੇ ਕਿਵੇਂ ਤੇ ਕਿੱਥੇ ਜੀਵਣ ਦੀ ਪੌੜੀ ਦਾ ਆਖਰੀ ਪੌਡਾ ਹੱਥੋਂ ਛੁੱਟ ਕੇ ਕਿੱਥੇ ਪਟਕਾ ਦੇਵੇਇਸ ਠੰਢੇ ਦੇਸ਼ ਵਿੱਚ ਜਦੋਂ ਕਿਤੇ ਸਰਦੀ ਲੱਗਣ ਕਰ ਕੇ ਸਿਹਤ ਵਿਗੜ ਜਾਂਦੀ ਹੈ ਤਾਂ ਬੰਦ ਗਰਮ ਕਮਰੇ ਵਿੱਚ ਜਦੋਂ ਵਾਹਿਗੁਰੂ ਕਹਿਣਾ ਔਖਾ ਹੋ ਜਾਂਦਾ ਹੈ ਪਰ ਹੰਘੂਰਾ ਤਾਂ ਆਪ ਮੁਹਾਰੇ ਹੀ ਨਿਕਲ ਜਾਂਦਾ ਹੈ, ਉਦੋਂ ਪਤਾ ਨਹੀਂ ਕਿਉਂ ਇਵੇਂ ਲਗਦਾ ਹੈ ਜਿਵੇਂ ਮੇਰੇ ਇਨ੍ਹਾਂ ਹੰਗੂਰਿਆਂ ਨਾਲ ਬਾਪੂ ਦੇ ਬੁਢੇਪੇ ਵੇਲੇ ਦੇ ਹੰਗੂਰਿਆਂ ਦੀ ਆਵਾਜ਼ ਸਾਂਝ ਪਾ ਰਹੀ ਹੋਵੇਸੋਚਦਾ ਹਾਂ ਕਿ ਕੀ ਪਤਾ ਜੀਵਨ ਸਫਰ ਦਾ ਅੰਤ ਕਦੋਂ, ਕਿੱਥੇ ਅਤੇ ਕਿਸ ਹਾਲਤ ਵਿੱਚ ਹੋਵੇ। ਪਰ ਬਾਪੂ ਹੁਣ ਕਦੇ ਕਦੇ ਬੜਾ ਯਾਦ ਆਉਂਦਾ ਹੈ

*****

(973)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਰਵੇਲ ਸਿੰਘ ਇਟਲੀ

ਰਵੇਲ ਸਿੰਘ ਇਟਲੀ

Rewail Singh Italy
Mobile: (39 - 32723 - 82827)

Email: (rewailsingh@gmail.com)