“ਆਪਣਾ ਆਪ ਬਚਾ ਕੇ ਰੱਖੋ, ਦਹਿਸ਼ਤ ਦਾ ਸੰਸਾਰ ਗਰਮ ਹੈ। ...”
(21 ਮਾਰਚ 2019)
1. ਸਾਰਾ ਜਹਾਨ ਜੀਵੇ
ਹਿੰਦੋਸਤਾਨ ਜੀਵੇ, ਪਾਕਿਸਤਾਨ ਜੀਵੇ,
ਨਾਲ ਅਮਨ ਦੇ ਸਾਰਾ ਜਹਾਨ ਜੀਵੇ।
ਖੇਤਾਂ ਵਿੱਚ ਹੀ ਸਦਾ ਕਿਸਾਨ ਜੀਵੇ,
ਹੱਦਾਂ ਉੱਤੇ ਵੀ ਸਦਾ ਜਵਾਨ ਜੀਵੇ।
ਸਦਾ ਜੰਗ ਦੇ ਨਾਮ ਨੂੰ ਹੋਏ ਨਫਰਤ,
ਨਾਲ ਆਦਮੀ ਅਮਨ ਮਾਨ ਜੀਵੇ।
ਮੁੱਕ ਜਾਣ ਇਹ ਮਜ਼੍ਹਬ ਦੇ ਨਾਂ ’ਤੇ ਝਗੜੇ,
ਮੰਦਰ ਮਸਜਿਦਾਂ, ਧਰਮ ਈਮਾਨ ਜੀਵੇ।
ਹਰ ਕੋਈ ਹੱਕ ਹਲਾਲ ਦੀ ਖਾਏ ਕਰਕੇ,
ਮਿਹਨਤ ਕਰਦਿਆਂ ਆਮ ਇਨਸਾਨ ਜੀਵੇ।
ਕੁਰਸੀ ਵਾਸਤੇ ਬਣੇ ਨਾ ਕੋਈ ਨੇਤਾ,
ਪਰਜਾ ਵਾਸਤੇ ਨਾਲ ਸਨਮਾਨ ਜੀਵੇ।
ਨਹੀਂ ਫਿਰ ਸਵਰਗ ਤੇ ਨਰਕ ਦੀ ਲੋੜ ਬਾਕੀ,
ਅਮਨ ਨਾਲ ਜੇ ਧਰਤ ਅਸਮਨ ਜੀਵੇ।
**
2. ਬਚੇ ਰਹੋ ਅਫਵਾਹਾਂ ਤੋਂ
ਬਚੇ ਰਹੋ ਅਫਵਾਹਾਂ ਤੋਂ,
ਇਨ੍ਹਾਂ ਜ਼ਹਿਰੀਲੀਆਂ ’ਵਾਵਾਂ ਤੋਂ।
ਕਈਆਂ ਦਾ ਕੰਮ ਅੱਗਾਂ ਲਾਉਣਾ,
ਲੋਕਾਂ ਨੂੰ ਰਹਿੰਦੇ ਭੜਕਾਉਣਾ,
ਬਚ ਜਾਓ ਇਨ੍ਹਾਂ ਬਲਾਵਾਂ ਤੋਂ।
ਇੱਧਰ ਵੀ ਨੇ ਉੱਧਰ ਵੀ ਨੇ,
ਕਰਦੇ ਫੋਕੀ ਚੌਧਰ ਵੀ ਨੇ,
ਕਰਦੇ ਦੂਰ ਭਰਾਵਾਂ ਤੋਂ।
ਵੱਖਵਾਦ ਦੇ ਨਾਅਰੇ ਲਾ ਕੇ,
ਅੱਤਵਾਦ ਦਾ ਜ਼ਹਿਰ ਫੈਲਾ ਕੇ,
ਖੋਂਹਦੇ ਪੁੱਤਰ ਮਾਂਵਾਂ ਤੋਂ।
ਨਿੱਕੀ ਗੱਲ ਬਣਾ ਕੇ ਵੱਡੀ,
ਜਾਂਦੇ ਵਿੱਚ ਫਿਜ਼ਾਵਾਂ ਛੱਡੀ,
ਬਚ ਜਾਓ ਇਨ੍ਹਾਂ ਬਲਾਵਾਂ ਤੋਂ।
**
3. ਬਾਜ਼ਾਰ ਗਰਮ ਹੈ
ਖਬਰਾਂ ਦਾ ਬਾਜ਼ਾਰ ਗਰਮ ਹੈ।
ਹਰ ਖੁੰਢਾ ਹਥਿਆਰ ਗਰਮ ਹੈ।
ਕੁਰਸੀ ਪਿੱਛੇ ਹੋਣ ਡਰਾਮੇ,
ਨੇਤਾ ਸੇਵਾਦਾਰ ਗਰਮ ਹੈ।
ਚੋਣਾਂ ਦੇ ਦੰਗਲ ਤੋਂ ਪਹਿਲਾਂ,
ਕੁਰਸੀ ਲਈ ਪ੍ਰਚਾਰ ਗਰਮ ਹੈ।
ਚੋਰ ਤੇ ਕੁੱਤੀ, ਚੁੱਪ ਨੇ ਦੋਵੇਂ,
ਮਤਲਬ ਖੋਰਾ ਯਾਰ ਗਰਮ ਹੈ।
ਆਪਣਾ ਆਪ ਬਚਾ ਕੇ ਰੱਖੋ,
ਦਹਿਸ਼ਤ ਦਾ ਸੰਸਾਰ ਗਰਮ ਹੈ।
**
4. ਪੰਜਾਬ
ਦੱਸੋ ਕੀ ਹੁਣ ਕਰੇ ਪੰਜਾਬ।
ਨਾ ਡੁੱਬੇ, ਨਾ ਤਰੇ ਪੰਜਾਬ।
ਕਿਰਸਾਨੀ ਨੇ ਲਾਏ ਥੱਲੇ,
ਲੋਕਾਂ ਪੁੱਤ ਵਿਦੇਸ਼ੀਂ ਘੱਲੇ,
ਆਪਣਿਆਂ ਤੋਂ ਡਰੇ ਪੰਜਾਬ।
ਕਰਜ਼ੇ ਵਿੱਚ ਡੋਬੀ ਕਿਰਸਾਨੀ,
ਨਸ਼ਿਆਂ ਦਿੱਤੀ ਗਾਲ਼ ਜਵਾਨੀ,
ਲੱਖਾਂ ਪੱਤਣ ਤਰੇ ਪੰਜਾਬ।
ਨੇਤਾ ਨੂੰ ਕੁਰਸੀ ਦੀਆਂ ਲੋੜਾਂ,
ਪਰਜਾ ਲਈ ਤੰਗੀਆਂ ਤੇ ਥੋੜਾਂ,
ਕਿੰਨੀਆਂ ਪੀੜਾਂ ਜਰੇ ਪੰਜਾਬ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1517)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)