RewailSingh7ਮੈਂ ਤਾਂ ਉਸ ਦਿਨ ਤੈਨੂੰ ਸੌ ਰੁਪਇਆ ਦੇਣ ਲਈ ਕਹਿ ਕੇ ਆਪ ਬੜਾ ਸ਼ਰਮਸਾਰ ...
(11 ਮਾਰਚ 2018)

 

ਮੌਜ ਫਕੀਰ ਦੀ

ਜਦੋਂ ਮੈਂ ਆਪਣਾ ਨਵਾਂ ਘਰ ਬਣਾ ਰਿਹਾ ਸਾਂ ਤਾਂ ਅਚਾਨਕ ਇੱਕ ਫਕੀਰ ਆ ਕੇ ਕਹਿਣ ਲੱਗਾ, “ਮੈਨੂੰ ਸੌ ਰੁਪਈਏ ਦੇ

ਮੈਂ ਕਿਹਾ, “ਕੀ ਕਰਨਾ ਸੌ ਰੁਪਈਆ?”

ਉਹ ਕਹਿਣ ਲੱਗਾ, “ਜੁੱਤੀ ਲੈਣੀ ਹੈ

ਮੇਰੇ ਕੋਲ ਘਰ ਦੋ ਨਵੇਂ ਜੋੜੇ ਬੂਟਾਂ ਦੇ ਜੋੜੇ ਪਏ ਹੋਏ ਸਨ, ਮੈਂ ਕਿਹਾ, “ਦੋਵੇਂ ਹੀ ਲੈ ਜਾ

ਉਹ ਕਹਿਣ ਲੱਗਾ, “ਨਹੀਂ, ਤੂੰ ਸੌ ਰੁਪਈਏ ਦੇ, ਮੈਂ ਆਪ ਹੀ ਲੈ ਲਵਾਂਗਾ

ਫਕੀਰ ਦੇ ਪੈਰੀਂ ਜੁੱਤੀ ਤਾਂ ਸੀ ਪਰ ਨਿਰੀ ਨਾਂ ਦੀ ਹੀਮੈਂ ਪੁੱਛਿਆ, “ਤੇਰੀ ਜੁੱਤੀ ਦਾ ਕਿੰਨਾ ਨੰਬਰ ਹੈ?”

ਉਸਨੇ ਕਿਹਾ, “ਛੇ।”

ਮੈਂ ਕਿਹਾ, “ਕਿਸੇ ਦਿਨ ਆ ਕੇ ਘਰੋਂ ਲੈ ਜਾਵੀਂ, ਮੈਂ ਤੇਰੇ ਲਈ ਇਸ ਨੰਬਰ ਦੀ ਜੁੱਤੀ ਦੁਕਾਨ ਤੋਂ ਲੈ ਆਵਾਂਗਾ

ਉਹ ਫਕੀਰ ਚੁੱਪ ਚੁਪੀਤਾ ਬਿਨਾਂ ਕੁਝ ਕਹੇ ਚਲਾ ਗਿਆਮੈਂ ਸੋਚ ਰਿਹਾ ਸਾਂਉਦੋਂ ਮੇਰੇ ਪਾਸ ਪੈਸਿਆਂ ਦੀ ਵੀ ਕੋਈ ਕਮੀਂ ਨਹੀਂ ਸੀ, ਉਹ ਲੋੜਵੰਦ ਵੀ ਸੀ, ਮੇਰੇ ਉਸ ਦੇ ਮੇਚੇ ਨਾ ਆਉਣ ਵਾਲੇ ਬੂਟ ਵੀ ਉਸ ਦੇ ਕਿਸ ਕੰਮ ਦੇ ਨਹੀਂ ਸਨਮੈਂ ਉਸ ਦੀ ਲੋੜ ਸਮੇਂ ਸਿਰ ਕਿਉਂ ਨਾ ਪੂਰੀ ਕੀਤੀ ਅਤੇ ਸੋਚਦਾ ਸਾਂ ਕਿ ਕਿਤੇ ਉਹ ਫਕੀਰ ਜੇ ਕਿਤੇ ਫਿਰਦਾ ਫਿਰਾਉਂਦਾ ਫਿਰ ਘਰ ਆ ਜਾਵੇ ਜਾਂ ਕਿਤੇ ਹੋਰ ਥਾਂ ਮਿਲ ਹੀ ਜਾਏ ਤਾਂ ਉਸ ਨੂੰ ਉਸ ਦੇ ਬਿਨਾਂ ਮੰਗੇ ਸੌ ਰੁਪਇਆ ਦੇ ਦਿਆਂ

ਉਸ ਦਿਨ ਤੋਂ ਮੈਂ ਉਸ ਦੀ ਬੜੀ ਉਡੀਕ ਕੀਤੀ ਅਤੇ ਉਸ ਨੂੰ ਮੁੜ ਕਿਤੇ ਵੇਖਣ ਦੀ ਬੜੀ ਕੋਸ਼ਿਸ਼ ਵੀ ਕੀਤੀ ਪਰ ਉਹ ਕਿਤੇ ਨਾ ਮਿਲਿਆ ਅਤੇ ਨਾ ਹੀ ਕਦੇ ਘਰ ਆਇਆਇੱਕ ਦਿਨ ਉਹ ਕਿਤੇ ਜਾ ਰਿਹਾ ਰਸਤੇ ਵਿੱਚ ਮਿਲ ਪਿਆਮੈਂ ਉਸ ਨੂੰ ਰੋਕ ਕੇ, ਜੇਬ ਵਿੱਚੋਂ ਸੌ ਰੁਪਇਆ ਕੱਢ ਕੇ, ਲੈਣ ਲਈ ਕਿਹਾ। ਉਹ ਹੱਥ ਪਿੱਛੇ ਕਰਦਾ ਹੋਇਆ ਕਹਿਣ ਲੱਗਾ, “ਨਾ ਬਈ ਰੱਬ ਦਿਆ ਬੰਦਿਆ, ਮੈਂ ਤਾਂ ਉਸ ਦਿਨ ਤੈਨੂੰ ਸੌ ਰੁਪਇਆ ਦੇਣ ਲਈ ਕਹਿ ਕੇ ਆਪ ਬੜਾ ਸ਼ਰਮਸਾਰ ਹੋਇਆ ਸੀਕਿ ਮੈਂ ਕਿਉਂ ਦੇਣ ਵਾਲਾ ਹੱਥ ਛੱਡ ਕੇ ਕਿਸੇ ਲੈਣ ਵਾਲੇ ਹੱਥ ਨੂੰ ਸੁਆਲ ਜਾ ਪਾਇਆਉਸ ਦੇ ਪੈਰੀਂ ਟੁੱਟੀ ਨਕਾਰਾ ਹੋਈ ਜੁੱਤੀ ਦੀ ਥਾਂ ਨਵੀਂ ਨਕੋਰ ਜੁੱਤੀ ਸੀਉਸ ਦੀ ਇਹ ਗੱਲ ਸੁਣ ਕੇ ਸਭ ਕੁਝ ਹੁੰਦੇ ਹੋਏ ਵੀ ਮੈਂ ਆਪਣੇ ਆਪ ਨੂੰ ਕੰਗਾਲ ਸਮਝ ਰਿਹਾ ਸਾਂ

ਫਕੀਰ ਆਪਣੀ ਮੌਜ ਵਿੱਚ ਬੜੀ ਮਸਤ ਚਾਲ ਵਿੱਚ ਕੁਝ ਗੁਣਗੁਣਾਉਂਦਾ ਹੋਇਆ ਜਾ ਰਿਹਾ ਸੀ ਅਤੇ ਮੈਂ ਆਪਣੇ ਕੀਤੇ ਤੇ ਮੌਕਾ ਗੁਆ ਕੇ ਕਿਸੇ ਲੋੜ ਵੰਦ ਦੇ ਵੇਲੇ ਸਿਰ ਕੰਮ ਨਾ ਆਉਣ ’ਤੇ ਆਪਣੇ ਆਪ ’ਤੇ ਝੂਰ ਰਿਹਾ ਸਾਂ

**

ਤੂੰ ਕਾਹੇ ਡੋਲੇ ਪ੍ਰਾਣੀਆ

ਇੱਕ ਵਾਰ ਮੈਂ ਕਿਸੇ ਕੰਮ ਸ੍ਰੀ ਅਮ੍ਰਿਤਸਰ ਗਿਆ। ਵਾਪਸੀ ’ਤੇ ਦਰਬਾਰ ਸਾਹਿਬ ਦਰਸ਼ਨ ਕਰਨ ਦਾ ਮਨ ਬਣ ਗਿਆਹੋਰ ਕਈ ਚੀਜ਼ਾਂ ਖਰੀਦਣ ਬਾਅਦ ਸਿਰਫ ਪੰਜਾਹ ਦਾ ਇੱਕੋ ਇੱਕ ਨੋਟ ਮੇਰੀ ਜੇਬ ਵਿੱਚ ਰਹਿ ਗਿਆ। ਪ੍ਰਕਰਮਾ ਕਰਕੇ ਲੰਗਰ ਛਕ ਕੇ ਜਦ ਦਰਬਾਰ ਵਿੱਚ ਮੱਥਾ ਟੇਕਣ ਲਈ ਪਹੁੰਚਿਆ ਤਾਂ ਜੇਬ ਵਿੱਚ ਉਹੋ ਪੰਜਾਹ ਦਾ ਨੋਟ ਮੇਰੀ ਜੇਬ ਵਿਚ ਸੀ ਕਿ ਐਨ ਉਸੇ ਵਕਤ ਮੇਰੀ ਨਿਕੰਮੀ ਸੋਚ ਨੇ ਆ ਘੇਰਿਆ ਸੋਚਿਆ ਕਿ ਜੇ ਇਹ ਪੰਜਾਹ ਦੇ ਨੋਟ ਨਾਲ ਮੱਥਾ ਟੇਕ ਦਿੱਤਾ ਤਾਂ ਘਰ ਪਰਤਣ ਲਈ ਕਿਰਾਇਆ ਕਿੱਥੋਂ ਮਿਲੇਗਾ? ਇਹ ਸੋਚ ਕੇ ਖਾਲੀ ਹੱਥ ਮੱਥਾ ਟੇਕ ਕੇ ਬਾਹਰ ਆ ਗਿਆ

ਪੈਦਲ ਤੁਰ ਕੇ ਬੱਸ ਸਟੈਂਡ ਵੱਲ ਪਰਤ ਰਿਹਾ ਸਾਂ ਕਿ ਕਿਸੇ ਨੇ ਗੱਡੀ ਦੀ ਬ੍ਰੇਕ ਮੇਰੇ ਕੋਲ ਲਾਈ ਤੇ ਗੱਡੀ ਵਾਲਾ, ਜੋ ਮੇਰੇ ਹੀ ਪਿੰਡ ਦਾ ਸੀ, ਮੇਰੇ ਵੱਲ ਬਾਹਰ ਸਿਰ ਕੱਢ ਕੇ ਬੋਲਿਆ, “ਭਾ ਜੀ, ਸੱਤ ਸ੍ਰੀ ਅਕਾਲ। ਕੀ ਗੱਲ ਪੈਦਲ ਤੁਰੇ ਜਾਂਦੇ ਓ?”

ਮੈਂ ਕਿਹਾ, “ਬੱਸ ਸਟੈਂਡ ਨੂੰ ਜਾ ਰਿਹਾ ਹਾਂ।”

ਉਹ ਕਹਿਣ ਲੱਗਾ, “ਬੱਸ ਸਟੈਂਡ ’ਤੇ ਜਾਣ ਦੀ ਕੀ ਲੋੜ ਹੈ? ਮੈਂ ਸਵਾਰੀ ਛੱਡ ਕੇ ਆਇਆ ਹਾਂ, ਹੁਣ ਪਿੰਡ ਖਾਲੀ ਹੀ ਜਾਣਾ ਹੈ।”

ਘਰ ਵਾਪਸੀ ’ਤੇ ਮੈਂ ਜਦੋਂ ਉਸ ਨਾਲ ਕਿਰਾਏ ਦੀ ਗੱਲ ਕੀਤੀ ਤਾਂ ਉਹ ਹੱਥ ਜੋੜ ਕੇ ਕਹਿਣ ਲੱਗਾ,“ਭਾ ਜੀ, ਸ਼ਰਮਿੰਦਾ ਨਾ ਕਰੋ। ਇਸ ਪੈਸੇ ਸਹੁਰੇ ਨੇ ਕਿਹੜਾ ਨਾਲ ਜਾਣਾ ਹੈਆਪਸੀ ਪਿਆਰ ਹੋਣਾ ਚਾਹੀਦਾ ਹੈਚੰਗਾ ਹੋਇਆ ਤੁਸੀਂ ਮਿਲ ਪਏ। ਗੱਲਾਂਬਾਤਾਂ ਕਰਦੇ ਘਰ ਆ ਗਏ ਹਾਂ।”

ਘਰ ਪਹੁੰਚਣ ’ਤੇ ਦੇਰ ਰਾਤ ਤਕ ਉਸ ਪੰਜਾਹ ਦੇ ਨੋਟ ਵਾਲੀ ਇਸ ਘਟਨਾ ਦਾ ਖਿਆਲ ਆਉਣ ਤੇ ਕਿਸੇ ਅਗੰਮੀ ਸ਼ਕਤੀ ਦਾ ਅਹਿਸਾਸ ਹੋਣ ’ਤੇ ਹੈਰਾਣਗੀ ਹੋ ਰਹੀ ਸੀ

**
ਪਾਪ ਜਾਂ ਪੁੰਨ

ਕੁਝ ਸਮਾਂ ਮੈਨੂੰ ਪਿੰਡ ਦੇ ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਦੀ ਪ੍ਰਧਾਨਗੀ ਦੀ ਸੇਵਾ ਕਰਨ ਦਾ ਮੌਕਾ ਮਿਲਿਆਮੇਰੇ ਪਿੰਡ ਦੇ ਲਾਗਲੇ ਪਿੰਡ ਦਾ ਇੱਕ ਵਣਜਾਰਾ ਸੀ, ਜੋ ਲੋਹੇ ਦਾ ਟਰੰਕ ਸਿਰ ’ਤੇ ਚੁੱਕੀ ਮਨਿਆਰੀ ਦਾ ਸਾਮਣਾ ਗਲੀ ਗਲੀ ਹੋਕਾ ਦੇ ਕੇ ਵੇਚਿਆ ਕਰਦਾ ਸੀਜ਼ੁਬਾਨ ਦਾ ਬੜਾ ਮਿੱਠਾ, ਤੇ ਚੰਗੇ ਵਿਚਾਰਾਂ ਵਾਲਾ ਸੀਉਹ ਮੇਰੀ ਗਲੀ ਵਿੱਚੋਂ ਜਦੋਂ ਵੀ ਕਦੇ ਲੰਘਦਾ, ਮੈਨੂੰ ਸੱਤ ਸ੍ਰੀ ਅਕਾਲ ਜ਼ਰੂਰ ਬੁਲਾ ਕੇ ਜਾਂਦਾ

ਇੱਕ ਦਿਨ ਮੈਨੂੰ ਕਿਸੇ ਕੰਮ ਲਈ ਉਸ ਦੇ ਪਿੰਡ ਜਾਣ ਦਾ ਮੌਕਾ ਮਿਲਿਆ। ਗਲੀ ਦਾ ਮੋੜ ਮੁੜਦਿਆਂ ਉਹ ਹੀ ਜਾਣੀ ਪਛਾਣੀ ‘ਸਰਦਾਰ ਜੀ, ਸੱਤ ਸ੍ਰੀ ਅਕਾਲ’ ਦੀ ਆਵਾਜ਼ ਮੇਰੇ ਕੰਨੀਂ ਪਈ। ਮੈਨੂੰ ਵੇਖ ਕੇ ਉਹ ਝੱਟ ਦੌੜਿਆ ਹੋਇਆ ਮੇਰੇ ਪਿੱਛੇ ਆਇਆ ਤੇ ਕਹਿਣ ਲੱਗਾ, “ਆਓ ਸਰਦਾਰ ਜੀ, ਗਰੀਬਾਂ ਦੇ ਘਰ ਵੀ ਕਿਤੇ ਚਰਨ ਪਾ ਜਾਓ

ਮੈਂ ਉਸ ਦੇ ਘਰ ਜਾ ਬੈਠਾ ਤੇ ਉਸ ਨਾਲ ਗੱਲਬਾਤ ਕਰਦਿਆਂ ਕੁਝ ਪਲ ਬਿਤਾਏਉਸ ਦੇ ਸਾਦੇ ਮੁਰਾਦੇ ਘਰ ਦਾ ਮਾਹੌਲ ਵੇਖ ਕੇ ਮਨ ਨੂੰ ਉਸ ਪ੍ਰਤੀ ਹੋਰ ਵੀ ਕਿਸੇ ਅਨੋਖੇ ਪਿਆਰ ਦੀ ਖਿੱਚ ਵਧੀਉਸ ਦੀਆਂ ਚਾਰ ਧੀਆਂ ਅਤੇ ਸਾਦ ਮੁਰਾਦੀ ਘਰ ਵਾਲੀ ਦਾ ਛੇ ਜੀਆਂ ਦਾ ਪਰਿਵਾਰ ਸੀਦੋ ਵੱਡੀਆਂ ਸਕੂਲ ਜਾਂਦੀਆਂ ਸਨ ਦੋ ਛੋਟੀਆਂ ਘਰੇ ਹੀ ਰਹਿੰਦੀਆਂ ਸਨਘਰ ਦੀ ਹਾਲਤ ਮਸਾਂ ਗੁਜ਼ਰ ਗੁਜ਼ਾਰੇ, ਅਤੇ ਤੰਗੀ ਤੁਰਸ਼ੀ ਵਾਲੀ ਜਾਪਦੀ ਸੀਉਸ ਪਾਸ ਕੁਝ ਦੇਰ ਬੈਠ ਕੇ ਮੈਂ ਜਦ ਵਾਪਸ ਤਾਂ ਆ ਗਿਆ, ਪਰ ਉਹ ਜਦੋਂ ਵੀ ਮੇਰੇ ਕੋਲੋਂ ਲੰਘਦਾ ਤਾਂ ਉਸ ਦੇ ਗਰੀਬੀ ਹੰਢਾਉਂਦੇ ਘਰ ਦਾ ਮਾਹੌਲ ਮੇਰੀਆਂ ਅੱਖਾਂ ਸਾਹਮਣੇ ਘੁੰਮਦਾ ਰਹਿੰਦਾ

ਇੱਕ ਦਿਨ ਜਦੋਂ ਉਹ ਮੇਰੇ ਘਰ ਅੱਗੋਂ ਲੰਘ ਰਿਹਾ ਸੀ ਤਾਂ ਮੇਰੇ ਮਨ ਵਿੱਚ ਪਤਾ ਨਹੀਂ ਕੀ ਆਇਆ, ਮੈਂ ਉਸ ਨੂੰ ਗੁਰਦੁਆਰੇ ਲੈ ਗਿਆਦੁਪਹਿਰ ਦਾ ਵੇਲਾ ਸੀ। ਬੜੇ ਅਦਬ ਸਤਿਕਾਰ ਨਾਲ ਸੁਖ ਆਸਣ ਹੋਏ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਮੈਂ ਉਸ ਨੂੰ ਲੱਕੜ ਦੀ ਅਲਮਾਰੀ ਕੋਲ, ਜਿਸਦੇ ਤਿੰਨ ਖਾਨੇ ਰੁਮਾਲਿਆਂ ਨਾਲ ਭਰੇ ਪਏ ਸਨ, ਲੈ ਗਿਆ। ਉਨ੍ਹਾਂ ਵਿੱਚੋਂ ਰੁਮਾਲਿਆਂ ਤੇ ਗੁਰੂ ਸਾਹਿਬਾਨ ਦੀਆਂ ਛਪਾਈ ਵਾਲੀਆਂ ਫੋਟੋਆਂ ਅਤੇ ਹੋਰ ਧਾਰਮਿਕ ਨਿਸ਼ਾਨਾਂ ਵਾਲੇ ਰੁਮਾਲੇ ਛਾਂਟ ਕੇ ਵੱਖਰੇ ਕਰਨੇ ਸ਼ੁਰੂ ਕਰ ਦਿੱਤੇ। ਬਾਕੀ ਬਚਦੇ ਸਾਰੇ ਰੁਮਾਲੇ ਰੱਖ ਕੇ ਇੱਕ ਸਾਦੇ ਕੱਪੜੇ ਵਿੱਚ ਗੰਢ ਬੰਨ੍ਹ ਦਿੱਤੀ ਅਤੇ ਕਿਹਾ ਕਿ ਹੁਣ ਤੂੰ ਇਨ੍ਹਾਂ ਨੂੰ ਚੁੱਪਚਾਪ ਘਰ ਲੈ ਜਾ। ਆਪਣੇ ਪਰਿਵਾਰ ਦੇ ਲੋੜ ਅਨੁਸਾਰ ਕੱਪੜੇ ਸਿਵਾ ਕੇ ਵਰਤੋਂ ਵਿੱਚ ਲਿਆਉਹ ਮੇਰੇ ਕਹਿਣ ’ਤੇ ਹੱਥ ਜੋੜਦਾ ਨਾਂਹ ਨੁੱਕਰ ਕਰ ਕੇ ਲੈ ਤਾਂ ਗਿਆ ਪਰ ਉਸ ਦਿਨ ਤੋਂ ਬਾਅਦ ਮੇਰੇ ਮਨ ਨੂੰ ਇੱਕ ਧੁੜਕੂ ਜਿਹਾ ਲੱਗਾ ਰਿਹਾ ਕਿ ਮੇਰੇ ਇੱਸ ਤਰ੍ਹਾਂ ਕਰਨ ਦੀ ਜੇ ਕਿਸੇ ਦੇ ਕੰਨੀਂ ਭਿਣਕ ਵੀ ਪੈ ਗਈ ਤਾਂ ਪ੍ਰਧਾਨਗੀ ਤਾਂ ਇੱਕ ਪਾਸੇ ਰਹੀ, ਪਰ ਗੱਲ ਕੀ ਪਤਾ ਕਿੱਥੇ ਤੱਕ ਪਹੁੰਚ ਜਾਵੇ

ਇਸ ਘਟਨਾ ਤੋਂ ਬਾਅਦ ਹੁਣ ਅਜੇ ਵੀ ਮੇਰੇ ਅੰਦਰ ਕਈ ਵਾਰ ਇਹ ਸਵਾਲ ਉੱਠਦੇ ਰਹਿੰਦੇ ਹਨ ਕਿ ਉਸ ਦਿਨ ਜਿਹੜਾ ਕੰਮ ਮੈਥੋਂ ਹੋ ਗਿਆ ਸੀ ਇਹ ਪੁੰਨ ਹੋਇਆ ਸੀ ਜਾਂ ਫਿਰ ਪਾਪ ਸੀ

**

ਮੰਦ ਬੁੱਧੀ ਕੌਣ?

ਰੋਜ਼ ਵਾਂਗ ਜਦੋਂ ਮੈਂ ਪਾਰਕ ਵਿੱਚ ਘੁੰਮਣ ਜਾਂਦਾ ਤਾਂ ਉੱਥੇ ਇੱਕ ਦੱਸ ਕੁ ਸਾਲ ਦਾ ਮੰਦ ਬੁਧੀ ਵਾਲਾ ਮੁੰਡਾ ਵੀ ਪਾਰਕ ਵਿੱਚ ਆਪਣੇ ਬਜ਼ੁਰਗ ਨਾਲ ਘੁੰਮਣ ਆਉਂਦਾ ਸੀਉਸ ਦਾ ਧਿਆਨ ਖੇਡਣ ਵੱਲ ਘੱਟ ਪਰ ਇੱਧਰ ਉੱਧਰ ਛੇੜ ਛਾੜ ਕਰਨ ਵੱਲ ਬਹੁਤਾ ਹੁੰਦਾ ਸੀਕਦੇ ਕਿਸੇ ਦੇ ਸਾਈਕਲ ਦੀ ਚੇਨ ਲਾਹ ਦੇਣੀ, ਜਾਂ ਟਿਊਬ ਦੀ ਹਵਾ ਕੱਢ ਦੇਣੀ ਜਾਂ ਕੋਈ ਖੜ੍ਹਾ ਸਾਈਕਲ ਭੁੰਜੇ ਸੁੱਟ ਦੇਣਾ। ਕਦੇ ਕਿਸੇ ਥਾਂ ਬੈਠੀਆਂ ਕੁੜੀ ਦੀ ਗੁੱਤ ਖਿੱਚ ਦੇਣੀ, ਕਿਸੇ ਦੇ ਪਿੱਛੋਂ ਦੀ ਜਾ ਕੇ ਪਿੱਠ ਤੇ ਥਪਕੀ ਜਿਹੀ ਲਾ ਦੇਣੀ ਜਾਂ ਫਿਰ ਪਾਰਕ ਦੀ ਟੂਟੀ ਬਿਨਾਂ ਕਿਸੇ ਲੋੜ ਦੇ ਜਾ ਕੇ ਖੁਲ੍ਹੀ ਛੱਡ ਦੇਣੀ। ਅਸੀਂ ਦੋ ਤਿੰਨ ਹਮ ਉਮਰ ਬੰਦੇ ਬੈਂਚ ’ਤੇ ਇੱਕੱਠੇ ਬੈਠ ਕੇ ਗੱਪ ਸ਼ੱਪ ਕਰਦੇ ਰਹਿੰਦੇ ਸਾਂ, ਪਰ ਉਸ ਨਾਲ ਆਏ ਬਜ਼ੁਰਗ ਦਾ ਧਿਆਨ ਉਸ ਵੱਲ ਹੀ ਬਹੁਤਾ ਰਹਿੰਦਾਉਸ ਨੂੰ ਹਮੇਸ਼ਾ ਇਹ ਹੀ ਡਰ ਰਹਿੰਦਾ ਕਿ ਕਿਤੇ ਮੁੰਡਾ ਕੋਈ ਸੱਟ ਫੇਟ ਨਾ ਲੁਵਾ ਬੈਠੇ

ਕਈ ਵਾਰ ਮੁੰਡਾ ਬੜੇ ਮੋਹ ਜਿਹੇ ਨਾਲ ਲੁੜ੍ਹਕਵੀਂ ਚਾਲ ਚਲਦਾ ਹੋਇਆ ਥਥਲੀ ਜਿਹੀ ਆਵਾਜ਼ ਵਿੱਚ, “ਬਾਬਾ ਜੀ, ਬਾਬਾ ਜੀ, ਕਹਿੰਦਾ ਆ ਕੇ ਮੇਰੀ ਗੋਦ ਵਿੱਚ ਬਹਿ ਜਾਂਦਾ ਤਾਂ ਮੈਂ ਉਸਦੀਆਂ ਕਮਜ਼ੋਰ ਲੱਤਾਂ ਬਾਹਵਾਂ ਅਤੇ ਗਰਦਣ ਨੂੰ ਹੌਲੀ ਹੌਲੀ ਪਲੋਸਣ ਲੱਗ ਜਾਂਦਾ। ਇਸ ਤਰ੍ਹਾਂ ਕਰਨ ਨਾਲ ਮੈਨੂੰ ਉਸ ਨਾਲ ਇੱਕ ਅਜੀਬ ਜਿਹਾ ਅਪਣੱਤ ਜਿਹੀ ਦਾ ਅਹਿਸਾਸ ਹੁੰਦਾਪਰ ਇੱਕ ਦਿਨ ਕੀ ਹੋਇਆ ਕਿ ਜਦੋਂ ਅਸੀਂ ਪਾਰਕ ਦੇ ਬੈਂਚ ’ਤੇ ਬੈਠੇ ਹੋਏ ਸਾਂ ਕਿ ਉਹ ਅਛੋਪਲਾ ਜਿਹਾ ਆਇਆ ਤੇ ਮੇਰੇ ਪਿੱਛੇ ਖਲੋ ਕੇ ਉਸ ਨੇ ਮੇਰੀ ਪੱਗ ਲਾਹ ਦਿੱਤੀਮੇਰੀ ਜ਼ਿੰਦਗੀ ਦੀ ਮੇਰੇ ਨਾਲ ਸ਼ਾਇਦ ਇਸ ਤਰ੍ਹਾਂ ਦੀ ਪਹਿਲੀ ਘਟਨਾ ਸੀ, ਜਿਸ ਨੂੰ ਵੇਖ ਕੇ ਮੈਂ ਮੇਰਾ ਗੁੱਸਾ ਮੇਰੇ ਕਾਬੂ ਤੋਂ ਬਾਹਰ ਹੋ ਗਿਆਉਹ ਕੁਝ ਦੂਰ ਜਾ ਕੇ ਖੜ੍ਹਾ ਸੀਮੈਂ ਇੱਕ ਦਮ ਜਾ ਕੇ ਉਸ ਦੇ ਜ਼ੋਰ ਦਾ ਥੱਪੜ ਜੜ ਦਿੱਤਾਉਸ ਦਾ ਬਜ਼ੁਰਗ ਅਤੇ ਇੱਕ ਹੋਰ ਬੰਦਾ, ਜੋ ਮੇਰੇ ਨਾਲ ਬੈਠੇ ਹੋਏ ਸਨ, ਇਹ ਨਜ਼ਾਰਾ ਵੇਖ ਕੇ ਹੈਰਾਨ ਰਹਿ ਗਏ

ਮੈਂ ਉਨ੍ਹਾਂ ਨੂੰ ਉੱਥੇ ਛੱਡ ਕੇ ਆਪਣੀ ਢੱਠੀ ਪੱਗ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਿਰ ਤੇ ਰੱਖ ਕੇ ਘਰ ਪਰਤ ਆਇਆ ਤਾਂ ਘਰ ਵਾਲੇ ਮੇਰੀ ਹਾਲਤ ਵੇਖ ਕੇ ਕਹਿਣ ਲੱਗੇ ਕਿ ਤੁਸੀਂ ਕਿਤੇ ਤਿਲਕ ਤਾਂ ਨਹੀਂ ਪਏਵੇਖੋ, ਤੁਹਾਡੀ ਕੀ ਹਾਲਤ ਬਣੀ ਹੋਈ ਹੈਮੈਂ ਚੁੱਪ ਕਰ ਕੇ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਪਰ ਸਾਰੀ ਰਾਤ ਮੇਰਾ ਧਿਆਨ ਬਾਰ ਬਾਰ ਉਸ ਮੰਦ ਬੁੱਧੀ ਵਾਲੇ ਬੱਚੇ ਦੀ ਇਸ ਹਰਕਤ ਵੱਲ ਅਤੇ ਕਦੇ ਉਸ ਨੂੰ ਥੱਪੜ ਮਾਰਨ ਜਾਂਦਾ ਰਿਹਾ। ਮੈਂ ਇਸ ਘਟਨਾ ’ਤੇ ਕਿਸੇ ਅੰਤਮ ਫੈਸਲੇ ਲਈ ਡਾਢੀ ਦੁਚਿੱਤੀ ਵਿੱਚ ਪਿਆ ਹੋਇਆ ਸਾਂ ਕਿ ਮੇਰੇ ਕੋਲੋਂ ਅਚਾਨਕ ਇਹ ਗਲਤ ਹੋ ਗਿਆ ਜਾਂ ਠੀਕ ਸੀਦੂਸਰੇ ਦਿਨ ਮੈਂ ਫਿਰ ਜਦੋਂ ਪਾਰਕ ਵਿੱਚ ਗਿਆ ਤਾਂ ਉਹੋ ਬਜ਼ੁਰਗ ਅਤੇ ਕੱਲ੍ਹ ਵਾਲਾ ਬੰਦਾ ਦੋਵੈਂ ਪਾਰਕ ਵਿੱਚ ਬੈਠੇ ਗੱਲਾਂਬਾਤਾਂ ਕਰ ਰਹੇ ਸਨ, ਪਰ ਮੰਦ ਬੁੱਧੀ ਵਾਲਾ ਮੁੰਡਾ ਅੱਜ ਪਾਰਕ ਵਿੱਚ ਨਜ਼ਰ ਨਹੀਂ ਆਇਆਮੈਨੂੰ ਵੇਖ ਕੇ ਉਹ ਚੁੱਪ ਕਰ ਗਏਮੈਂ ਵੀ ਉਨ੍ਹਾਂ ਕੋਲ ਜਾ ਕੇ ਬੈਠ ਗਿਆਕੁਝ ਦੇਰ ਬਾਅਦ ਮੈਂ ਆਪ ਹੀ ਉਨ੍ਹਾਂ ਨਾਲ ਕੱਲ੍ਹ ਵਾਲੀ ਗੱਲ ਆਪਣਾ ਮਨ ਹੌਲਾ ਕਰਨ ਲਈ ਛੇੜ ਲਈਮੈਂ ਆਪ ਹੀ ਕੱਲ੍ਹ ਵਾਲੀ ਗੱਲ ’ਤੇ ਆਪਣੇ ਵੱਲੋਂ ਉਸ ਮੰਦ ਬੁੱਧੀ ਵਾਲੇ ਮੁੰਡੇ ਨਾਲ ਕੀਤੀ ਗਈ ਜ਼ਿਆਦਤੀ ਬਾਰੇ ਅਫਸੋਸ ਕਰਦੇ ਹੋਏ ਉਨ੍ਹਾਂ ਨਾਲ ਨਿਰਾ ਅਫਸੋਸ ਹੀ ਨਹੀਂ, ਸਗੋਂ ਉਸ ਨਾਲ ਕੀਤੀ ਗਈ ਗਈ ਜ਼ਿਆਦਤੀ ਲਈ ਆਪਣੀ ਗਲਤੀ ਲਈ ਮੁਆਫੀ ਨਾਲ ਪਸ਼ਚਾਤਾਪ ਕਰਕੇ ਆਪਣਾ ਮਨ ਹੌਲਾ ਕਰ ਲਿਆਪਰ ਜਿਸ ਉਸ ਦਿਨ ਉਸ ਮੰਦ ਬੁੱਧੀ ਵਾਲੇ ਮੁੰਡੇ ਦੇ ਮੈਂ ਥੱਪੜ ਮਾਰਿਆ, ਮੈਂ ਕਈ ਵਾਰ ਸੋਚਦਾ ਹਾਂ ਕਿ ਕ੍ਰੋਧ ਵਿੱਚ ਕਿਵੇਂ ਆਮ ਆਦਮੀ ਦੀ ਬੁੱਧੀ ਮੰਦ ਬੁੱਧੀ ਤੋਂ ਵੀ ਅੱਗੇ ਲੈ ਜਾਂਦੀ ਹੈ

**

ਸਾਰੀ ਦੁਨੀਆ ਆਪਣੀ

ਆਪਣੀ ਸਰਕਾਰੀ ਦੌਰਾਨ ਮੈਨੂੰ ਇੱਕ ਵਾਰ ਕਿਸੇ ਦੂਰ ਦਰਾਡੇ ਸ਼ਹਿਰ ਦੀ ਅਦਾਲਤ ਵਿੱਚ ਬਤੌਰ ਗਵਾਹ ਜਾਣਾ ਪਿਆਜਿਸ ਪਾਰਟੀ ਦੇ ਹੱਕ ਵਿੱਚ ਮੈਂ ਗਵਾਹੀ ਦੇਣ ਲਈ ਜਾਣਾ ਸੀ, ਉਨ੍ਹਾਂ ਨੇ ਉੱਥੇ ਰਹਿੰਦੇ ਆਪਣੇ ਕਿਸੇ ਸਬੰਧੀ ਦੇ ਨਾਂ ਚਿੱਠੀ, ਪਤਾ ਲਿਖ ਕੇ ਉਸ ਕੋਲ ਰਾਤ ਠਹਿਰਨ ਲਈ ਕਿਹਾਜਦੋਂ ਮੈਂ ਬੱਸ ਵਿੱਚ ਬੈਠ ਕੇ ਜਾ ਰਿਹਾ ਸਾਂ, ਰਸਤੇ ਵਿੱਚ ਬਹੁਤ ਸਾਰੀਆਂ ਸਵਾਰੀਆਂ ਉੱਤਰ ਗਈਆਂ। ਵਿੱਚ ਦੋ ਚਾਰ ਸਵਾਰੀਆਂ ਹੀ ਰਹਿ ਗਈਆਂ, ਸੜਕ ਵੀ ਟੁੱਟੀ ਭੱਜੀ ਹੋਣ ਕਰਕੇ ਹਿਚਕੋਲੇ ਖਾਂਦੀ ਖੜਕਦੀ ਜਾ ਰਹੀ ਸੀ, ਮੈਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਉਹ ਪਤੇ ਵਾਲੀ ਚਿੱਠੀ ਕੁਝ ਹੋਰ ਕਾਗਜ਼ਾਂ ਅਤੇ ਬਟੂਏ ਸਣੇ ਬੱਸ ਵਿਚ ਡਿਗ ਕੇ ਕਿਤੇ ਉੱਡ ਗਈ ਸੀਜਦ ਮੈਂ ਆਪਣੀ ਜੇਬ ਵਿੱਚ ਹੱਥ ਮਾਰਿਆ ਤਾਂ ਇਹ ਵੇਖ ਮੇਰੇ ਤਾਂ ਹੋਸ਼ ਉੱਡ ਗਏ ਕਿ ਹੁਣ ਉਸ ਓਪਰੇ ਸ਼ਹਿਰ ਵਿੱਚ ਜਾ ਕੇ ਕਿੱਥੇ ਰਹਾਂਗਾ

ਕੁਝ ਦੇਰ ਚੁੱਪ ਚਾਪ ਮੈਂ ਬੌਂਦਲਿਆ ਜਿਹਾ ਇੱਧਰ ਉੱਧਰ ਝਾਕਦਾ ਰਿਹਾ। ਸੋਚ ਰਿਹਾ ਸਾਂ ਕਿ ਹੁਣ ਮੇਰਾ ਕੀ ਬਣੇਗਾਮੈਂ ਵੇਖਿਆ ਕਿ ਬੱਸ ਵਿੱਚ ਬੈਠੇ ਕੁਝ ਪੰਜਾਬੀ ਗੱਲਾਂਬਾਤਾਂ ਕਰ ਰਹੇ ਸਨਉਹ ਮੈਨੂੰ ਇੱਕਲਿਆਂ ਬੈਠੇ ਨੂੰ ਵੇਖ ਕੇ ਕਹਿਣ ਲੱਗੇ, “ਭਾ ਜੀ, ਤੁਸੀਂ ਇੱਕਲੇ ਹੀ ਬੈਠੇ ਹੋ, ਅੱਗੇ ਆ ਜਾਓ। ਗੱਲਾਂਬਾਤਾਂ ਕਰਦਿਆਂ ਸਫਰ ਚੰਗਾ ਲੰਘ ਜਾਏਗਾ

ਮੈਂ ਵੀ ਉਨ੍ਹਾਂ ਕੋਲ ਜਾ ਬੈਠਾਗੱਲਾਂਬਾਤਾਂ ਕਰਨ ’ਤੇ ਪਤਾ ਲੱਗਾ ਕਿ ਉਹ ਇਸੇ ਸ਼ਹਿਰ ਦੇ ਨਾਲ ਦੇ ਪਿੰਡ ਦੇ ਰਹਿਣ ਵਾਲੇ ਸਨ। ਉਨ੍ਹਾਂ ਨਾਲ ਗੱਲਾਂਬਾਤਾਂ ਕਰਦੇ ਕੁਝ ਪੁਰਾਣੀ ਵਾਕਫੀ ਦੀ ਗੱਲ ਵੀ ਨਿਕਲ ਆਈਮੈਂ ਜਦ ਉਨ੍ਹਾਂ ਨੂੰ ਆਪਣੇ ਨਾਲ ਹੋਈ ਇਸ ਸਾਰੀ ਗੱਲ ਬਾਰੇ ਦੱਸਿਆ ਤਾਂ ਉਹ ਇਹ ਸੁਣ ਕੇ ਬੋਲੇ, “ਕੋਈ ਨਹੀਂ ਭਾ ਜੀ, ਇਹ ਕਿਹੜੀ ਫਿਕਰ ਵਾਲੀ ਗੱਲ ਹੈ, ਅਸੀਂ ਜੁ ਹਾਂਤੁਸੀਂ ਬੇਫਿਕਰ ਹੋ ਜਾਓ। ਅਸੀਂ ਤੁਹਾਨੂੰ ਆਪਣੇ ਨਾਲ ਆਪਣੇ ਘਰ ਲੈ ਜਾਵਾਂਗੇਤੁਸੀਂ ਸਾਡੇ ਕੋਲ ਹੀ ਰਾਤ ਠਹਿਰਿਓ। ਅਸੀਂ ਕੱਲ੍ਹ ਤੁਹਾਨੂੰ ਜਿਸ ਅਦਾਲਤ ਵਿੱਚ ਤੁਸੀਂ ਜਾਣਾ ਹੈ, ਛੱਡ ਕੇ ਆਉਣ ਦਾ ਪ੍ਰਬੰਧ ਵੀ ਕਰ ਦਿਆਂਗੇ

ਉਨ੍ਹਾਂ ਮੈਨੂੰ ਆਪਣਾ ਪਿੰਡ ਆਉਣ ’ਤੇ ਰਸਤੇ ਵਿੱਚ ਹੀ ਉਤਾਰ ਲਿਆ ਅਤੇ ਆਪਣੇ ਨਾਲ ਲਏ ਗਏ

ਘਰ ਪਹੁੰਚ ਕੇ ਉਨ੍ਹਾਂ ਦੇ ਸਾਦ ਮੁਰਾਦੇ ਪੇਂਡੂ ਮਾਹੌਲ ਵੇਖ ਕੇ ਮੈਨੂੰ ਕੋਈ ਘੁਟਣ ਮਹਿਸੂਸ ਨਹੀਂ ਹੋਈਮੈਨੂੰ ਘਰ ਲੈ ਜਾਣ ਵਾਲੇ ਇਹ ਚਾਰੇ ਭਰਾ ਹੀ ਸਾਂਝੇ ਪ੍ਰਿਵਾਰ ਵਿੱਚ ਰਹਿ ਰਹੇ ਸਨਰਾਤ ਨੂੰ ਦਾਰੂ ਦੀ ਬੋਤਲ ਲੈ ਆਏ ਤੇ ਕਹਿਣ ਲੱਗੇ, “ਆਓ ਭਾ ਜੀ, ਜ਼ਰਾ ਥਕੇਵਾਂ ਸ਼ਕੇਵਾਂ ਲਾਹ ਲਈਏ।”

ਮੈਂ ਉਨ੍ਹਾਂ ਨੂੰ ਨਾਂਹ ਕਰਦੇ ਹੋਏ ਕਿਹਾ ਕਿ ਮੈਂ ਤਾਂ ਇਹ ਕੰਮ ਨਹੀਂ ਕਰਦਾ, ਤੁਸੀਂ ਮੌਜ ਕਰੋਇਹ ਸੁਣ ਕੇ ਉਹ ਹੱਸਦੇ ਹੋਏ ਕਹਿਣ ਲੱਗੇ ਇਹ ਕਿਵੇਂ ਹੋ ਸਕਦਾ ਕਿ ਪਟਵਾਰੀਆਂ, ਗਿਦਾਵਰਾਂ ਦਾ ਮਹਿਕਮਾ ਹੋਵੇ ਤੇ ਤੁਸੀਂ ਦਾਰੂ ਨਾ ਪੀਂਦੇ ਹੋਵੋਂ। ਸੰਗਣ ਦੀ ਕੋਈ ਲੋੜ ਨਹੀਂ।”

ਪਰ ਮੇਰੇ ਕਹਿਣ ’ਤੇ ਉਹ ਮੰਨ ਗਏ ਤੇ ਕਹਿਣ ਲੱਗੇ, “ਚੰਗਾ ਫਿਰ, ਜੇ ਤੁਸੀਂ ਨਾਲ ਨਹੀਂ ਰਲਣਾ ਤਾਂ ਅਸੀਂ ਵੀ ਅੱਜ ਨਾਗਾ ਹੀ ਕਰ ਲੈਂਦੇ ਹਾਂ।”

ਸਵੇਰ ਹੋਈ, ਰੋਟੀ ਪਾਣੀ ਖਾ ਕੇ ਉਹ ਮੈਨੂੰ ਆਪਣੇ ਮੋਟਰ ਸਾਈਕਲ ਤੇ ਜਿਸ ਅਦਾਲਤ ਵਿੱਚ ਮੇਰੀ ਗਵਾਹੀ ਸੀ, ਛੱਡਣ ਆਏਅੱਗੇ ਉਹ ਪਾਰਟੀ, ਜਿਸ ਦੇ ਹੱਕ ਵਿੱਚ ਮੇਰੀ ਗਵਾਹੀ ਸੀ, ਮੇਰੀ ਉਡੀਕ ਕਰ ਰਹੀ ਸੀਮੇਰੇ ਨਾਲ ਓਪਰੇ ਬੰਦੇ ਵੇਖ ਕੇ ਉਹ ਹੈਰਾਨ ਜਿਹੇ ਹੋ ਗਏ। ਮੈਂ ਜਦ ਉਨ੍ਹਾਂ ਨੂੰ ਸਾਰੀ ਗੱਲ ਦੱਸੀ ਤਾਂ ਉਹ ਵੀ ਵੇਖ ਕੇ ਉਨ੍ਹਾਂ ਦੀ ਇਸ ਖੁੱਲ੍ਹ ਦਿਲੀ ’ਤੇ ਹੈਰਾਨ ਹੋ ਗਏ

ਅੱਜ ਇਸ ਹੋਈ ਬੀਤੀ ਨੂੰ ਬੇਸ਼ੱਕ ਕਾਫੀ ਸਮਾਂ ਹੋ ਚੁੱਕਾ ਹੈ ਪਰ ਜਦੋਂ ਵੀ ਇਹ ਸਾਰਾ ਕੁਝ ਮੈਨੂੰ ਕਦੇ ਯਾਦ ਆਉਂਦਾ ਹੈ ਤਾਂ ਮੈਂ ਸੋਚਦਾ ਹਾਂ ਕਿ ਇਸ ਤਰ੍ਹਾਂ ਜੇ ਮਨੁੱਖ ਵਿੱਚ, ਜੋ ਕਿਸੇ ਔਖੇ ਵੇਲੇ ਕਿਸੇ ਨਾਲ ਹਮਦਰਦੀ, ਨੇਕੀ ਦਿਲੀ ਅਤੇ ਸਹਾਇਤਾ ਕਰਨ ਦੀ ਭਾਵਨਾ ਹੋਵੇ ਤਾਂ ਏਡੀ ਵੱਡੀ ਦੁਨੀਆ ਤਾਂ ਫਿਰ ਸਾਰੀ ਹੀ ਆਪਣੀ ਲੱਗਦੀ ਹੈ

*****

(1055)

About the Author

ਰਵੇਲ ਸਿੰਘ ਇਟਲੀ

ਰਵੇਲ ਸਿੰਘ ਇਟਲੀ

Rewail Singh Italy
Mobile: (39 - 32723 - 82827)

Email: (rewailsingh@gmail.com)

More articles from this author