“ਆਪਣੀ ਧਰਤੀ ਤੋਂ ਠੰਢੀ ਹਵਾ ਦੇ ਬੁੱਲਿਆਂ ਦੀ ਉਡੀਕ ਵਿੱਚ ਇਹ ਪ੍ਰਵਾਸੀ ...”
(27 ਜਨਵਰੀ 2021)
(ਸ਼ਬਦ: 1560 )
ਦੇਸ਼ ਦਾ ਜਨਮਾਣਸ ਲੋਕਤੰਤਰ ਦੇ ਬਚਾਓ ਅਤੇ ਸੰਵਿਧਾਨ ਦੀ ਰਾਖੀ ਲਈ ਲੜਾਈ ਲੜ ਰਿਹਾ ਹੈ। ਇੱਕ ਕਵੀ ਦੇ ਸ਼ਬਦਾਂ ਵਿੱਚ “ਲੋਕਤੰਤਰ ਦਾ ਲੋਕੋ ਹੈ ਲੱਕ ਟੁੱਟਾ, ਤਾਨਾਸ਼ਾਹੀ ਨੇ ਲੱਕ ਇਹ ਤੋੜਿਆ?” ਅਤੇ ਪ੍ਰਵਾਸ ਹੰਢਾ ਰਹੇ ਭਾਰਤ ਦੇ ਵਾਸੀ ਇਸ ਅੰਦੋਲਨ ਵਿੱਚ ਆਪਣਾ ਪੂਰਾ ਯੋਗਦਾਨ ਦਿੰਦੇ ਦਿਖਾਈ ਦੇ ਰਹੇ ਹਨ। ਜਿੱਥੇ ਅਮਰੀਕਾ, ਕੈਨੇਡਾ, ਬਰਤਾਨੀਆ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹੋਰ ਦੇਸ਼ਾਂ ਵਿੱਚ ਵਸੇ ਪ੍ਰਵਾਸੀਆਂ ਨੇ ਵੱਡੀ ਪੱਧਰ ਉੱਤੇ ਰੋਸ ਮੁਜ਼ਾਹਰੇ, ਰੈਲੀਆਂ ਕਰਕੇ ਹੋਂਦ ਦੀ ਲੜਾਈ ਲੜ ਰਹੇ ਕਿਸਾਨਾਂ ਦੇ ਹੱਕ ਵਿੱਚ ਅੰਤਰਰਾਸ਼ਟਰੀ ਪੱਧਰ ਉੱਤੇ ਆਵਾਜ਼ ਬੁਲੰਦ ਕੀਤੀ ਹੈ, ਉੱਥੇ ਦੇਸ਼ ਦੀ ਵੇਲੇ ਦੀ ਸਮੱਸਿਆ ਦੀ ਇਸ ਲੜਾਈ ਦੇ ਮੂਲ ਤੱਤ ਨੂੰ ਸਮਝਦਿਆਂ, ਦੇਸ਼ ਦੇ ਸੰਘੀ ਢਾਂਚੇ ਦੀ ਸੰਘੀ ਘੁੱਟਣ ਵਿਰੁੱਧ ਰੋਹ ਪ੍ਰਗਟ ਕੀਤਾ ਹੈ। ਉਹਨਾਂ ਦਿੱਲੀ ਬਰੂਹਾਂ ’ਤੇ ਬੈਠੇ ਕਿਸਾਨਾਂ, ਮਜ਼ਦੂਰਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਲਈ ਵੀ ਹੱਥ ਨਹੀਂ ਘੁੱਟਿਆ।
ਦੇਸ਼ ਦੇ ਹਾਕਮ ਵਲੋਂ ਸਮੇਂ-ਸਮੇਂ ਉੱਤੇ ਜਦੋਂ ਵੀ ਦੇਸ਼ ਵਾਸੀਆਂ ਨੂੰ ਭਾਰਤੀ ਸੰਵਿਧਾਨ ਅਨੁਸਾਰ ਮਿਲੇ ਅਧਿਕਾਰਾਂ ਨੂੰ ਖੋਹਣ ਲਈ ਕਦਮ ਚੁੱਕੇ, ਪ੍ਰਵਾਸ ਹੰਢਾ ਰਹੇ ਭਾਰਤੀਆਂ ਨੇ ਚਿੰਤਾ ਜ਼ਾਹਰ ਕੀਤੀ। ਜਦੋਂ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਖ਼ਤਮ ਕੀਤੀ ਗਈ, ਜੰਮੂ ਕਸ਼ਮੀਰ ਦੇ ਲੋਕ ਤਿਲਮਿਲਾਏ। ਜਦੋਂ ਦੇਸ਼ ਵਿੱਚ ਨਾਗਰਿਕਤਾ ਬਿੱਲ ਪਾਸ ਕਰਕੇ ਘੱਟ ਗਿਣਤੀਆਂ ਉੱਤੇ ਹਮਲਾ ਹੋਇਆ, ਮੁਸਲਮਾਨਾਂ ਨੇ ਗੁੱਸਾ ਪ੍ਰਗਟਾਇਆ, ਜਦੋਂ ਦੇਸ਼ ਦੀ ਸੀਬੀਆਈ, ਰਿਜ਼ਰਵ ਬੈਂਕ, ਆਈ ਬੀ ਅਤੇ ਹੋਰ ਸੰਸਥਾਵਾਂ ਨੂੰ ਹਾਕਮਾਂ ਨੇ ਪਿੰਜਰੇ ਦਾ ਤੋਤਾ ਬਣਾਇਆ, ਦੇਸ਼ ਦੇ ਬੁੱਧੀਜੀਵੀਆਂ, ਲੇਖਕਾਂ ਨੇ ਆਵਾਜ਼ ਉਠਾਈ ਅਤੇ ਜਦੋਂ ਦੇਸ਼ ਦੇ ਸੰਵਿਧਾਨ ਨੂੰ ਖੋਰਾ ਲਾਉਂਦਿਆਂ ਮੌਜੂਦਾ ਹਾਕਮਾਂ ਨੇ ਸੱਭੋ ਕੁਝ ਆਪਣੇ ਹੱਥ-ਵੱਸ ਕਰਨ ਦਾ ਅਮਲ ਆਰੰਭਿਆ, ਉਦੋਂ ਦੇਸ਼ ਵਿੱਚ ਵੱਡਾ ਰੋਸ ਪੈਦਾ ਹੋਇਆ। ਹੁਣ ਜਦੋਂ ਕਿਸਾਨਾਂ ਦੇ ਹੱਥੋਂ ਸਭ ਕੁਝ ਖੋਹਕੇ ਧਨ-ਕੁਬੇਰਾਂ ਦੀ ਝੋਲੀ ਭਰਨ ਦਾ “ਵੱਡਾ ਕਾਰਨਾਮਾ” ਕਰਦਿਆਂ ਦੇਸ਼ ਦੇ ਹਾਕਮਾਂ ਵਲੋਂ ਤਿੰਨ ਖੇਤੀ ਕਾਨੂੰਨ ਪਾਸ ਕਰ ਦਿੱਤੇ ਗਏ (ਇੱਕ ਕਵੀ ਦੇ ਸ਼ਬਦਾਂ ਅਨੁਸਾਰ “ਸੋਚ ਜਦੋਂ ਹੁੰਦੀ ਕਾਲੀ ਹਾਕਮਾਂ ਦੀ, ਹੋ ਜਾਂਦੇ ਨੇ ਉਹਨਾਂ ਦੇ ਖ਼ੂਨ ਕਾਲੇ। ਮੁਗਲਾਂ, ਗੋਰਿਆਂ ਸਾਡੇ ’ਤੇ ਰਾਜ ਕੀਤਾ, ਪਾਸ ਕੀਤੇ ਕਈ ਉਹਨਾਂ ਕਾਨੂੰਨ ਕਾਲੇ।) ਤਾਂ ਦੇਸ਼ ਦਾ ਕਿਸਾਨ “ਲੋਈ ਲਾਹ ਕੇ“, ਜਾਨ ਜ਼ੋਖ਼ਮ ਵਿੱਚ ਪਾ ਕੇ, ਲੜਾਈ ਲੜਨ ਤੁਰਿਆ ਤਾਂ ਇਹਨਾਂ ਸਾਰੇ ਮੌਕਿਆਂ ਉੱਤੇ ਪ੍ਰਵਾਸੀ ਭਾਰਤੀਆਂ ਨੇ ਸਿਰਫ਼ ਹਾਅ ਦਾ ਨਾਹਰਾ ਨਹੀਂ ਮਾਰਿਆ, ਪੂਰੇ ਜ਼ੋਰ ਨਾਲ ਦੇਸ਼ ਨੂੰ ਬਚਾਉਣ ਲਈ ਯਥਾਯੋਗ ਯਤਨ ਕੀਤੇ। ਸਿੱਟਾ ਸਾਹਮਣੇ ਹੈ ਕਿ ਵਿਦੇਸ਼ ਵਸਦੇ ਇਹਨਾਂ ਮਾਤਭੂਮੀ ਦੇ ਪਿਆਰਿਆਂ-ਦੁਲਾਰਿਆਂ ਦੀ ਮਿਹਨਤ ਸਦਕਾ ਬਰਤਾਨੀਆ ਦੇ ਮੈਂਬਰ ਪਾਰਲੀਮੈਂਟ, ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜਨਮਾਣਸ ਅੰਦੋਲਨ ਦੇ ਹੱਕ ਵਿੱਚ ਆਵਾਜ਼ ਉਠਾਈ। ਆਵਾਜ਼ ਇਹਨਾਂ ਪ੍ਰਵਾਸੀਆਂ ਨੇ ਉਦੋਂ ਵੀ ਬੁਲੰਦ ਕੀਤੀ ਸੀ ਜਦੋਂ ਕਾਂਗਰਸ ਰਾਜ ਵੇਲੇ ਦੇਸ਼ ਵਿੱਚ ਐਮਰਜੈਂਸੀ ਲਗਾਈ ਗਈ ਸੀ। ਜਦੋਂ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ। ਜਦੋਂ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਉੱਤੇ ਮੌਕੇ ਦੇ ਹਾਕਮਾਂ ਵਲੋਂ ਹਮਲਾ ਕੀਤਾ ਗਿਆ ਸੀ।
ਭਾਰਤੀ ਖੁਦਮੁਖ਼ਤਿਆਰ ਸੰਸਥਾਵਾਂ ਦੇ ਸਾਹਮਣੇ ਅੱਜ ਵੱਡੀਆਂ ਚਣੌਤੀਆਂ ਹਨ। ਹਾਕਮ ਉਹਨਾਂ ਨੂੰ ਆਪਣਾ ਦੁੰਮ-ਛੱਲਾ ਬਣਾ ਰਹੇ ਹਨ। ਉਹਨਾਂ ਨੂੰ ਨਿਰਪੱਖ ਰਹਿਕੇ ਆਪਣੇ ਕੰਮ ਨਹੀਂ ਕਰਨ ਦਿੱਤੇ ਜਾ ਰਹੇ। ਕਿਸਾਨ ਅੰਦੋਲਨ ਸਮੇਂ ਜਿਸ ਢੰਗ ਨਾਲ ਐੱਨ.ਆਈ.ਏ. ਏਜੰਸੀ ਵਲੋਂ ਅੰਦੋਲਨ ਨਾਲ ਜੁੜੇ ਆਗੂਆਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ, ਉਹ ਉਹਨਾਂ ਦੇ ਕੰਮਕਾਜ ਉੱਤੇ ਵੱਡਾ ਡਾਕਾ ਹਨ। ਕੈਨੇਡਾ ਦੇ ਮੈਂਬਰ ਪਾਰਲੀਮੈਂਟ ਤਾਂ ਖ਼ਾਲਸਾ ਏਡ ਸੰਸਥਾ ਨੂੰ ਨੋਬਲ ਪੁਰਸਕਾਰ ਦੇਣ ਦੀ ਸਿਫ਼ਾਰਸ਼ ਕਰਦੇ ਹਨ, ਪਰ ਐੱਨ.ਆਈ.ਏ. ਏਜੰਸੀ ਉਹਨਾਂ ਨੂੰ ਪੁੱਛ-ਗਿੱਛ ਦਾ ਨੋਟਿਸ ਜਾਰੀ ਕਰ ਰਹੀ ਹੈ। ਉਹ ਸੰਸਥਾ ਜਿਹੜੀ ਸਰਬੱਤ ਦੇ ਭਲੇ ਲਈ, ਹਰ ਥਾਂ ਜਾ ਕੇ ਆਫ਼ਤ ਵੇਲੇ ਦੁਨੀਆ ਭਰ ਵਿੱਚ ਲੋਕਾਂ ਨਾਲ ਖੜ੍ਹਦੀ ਹੈ, ਉਸ ਉੱਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਹ ਫੰਡਿੰਗ ਕਿੱਥੋਂ ਲੈਂਦੀ ਹੈ ਤੇ ਫੰਡਿੰਗ ਕਿਸ ਨੂੰ ਕਰਦੀ ਹੈ? ਅਸਲ ਵਿੱਚ ਤਾਂ ਦੇਸ਼ ਦੀਆਂ ਖੁਦਮੁਖਤਿਆਰ ਸੁਤੰਤਰ ਕੰਮ ਕਰ ਰਹੀਆਂ ਸੰਸਥਾਵਾਂ ਸਮੇਤ ਸੁਪਰੀਮ ਕੋਰਟ ਉੱਤੇ ਹਾਕਮਾਂ ਨੇ ਕਾਲਖ਼ ਪੋਚ ਦਿੱਤੀ ਹੈ ਜਿਸ ਬਾਰੇ ਕੁਝ ਸਮਾਂ ਪਹਿਲਾਂ ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਚਿੰਤਾ ਪ੍ਰਗਟ ਕੀਤੀ ਸੀ।
ਦੇਸ਼ ਵਿੱਚ ਉਸ ਵੇਲੇ ਵੀ ਵੱਡਾ ਉਬਾਲ ਉੱਠਿਆ ਸੀ, ਜਦੋਂ ਕਸ਼ਮੀਰ ਵਿੱਚ ਧਾਰਾ 370 ਖ਼ਤਮ ਕਰ ਦਿੱਤੀ ਗਈ ਸੀ। ਕਈ ਪ੍ਰਤੀਨਿਧੀਆਂ ਨੂੰ ਜੇਲ ਵਿੱਚ ਭੇਜ ਦਿੱਤਾ ਗਿਆ, ਕਈਆਂ ਵਿਰੁੱਧ ਦੇਸ਼ ਧ੍ਰੋਹ ਦੇ ਮੁਕੱਦਮੇ ਦਰਜ਼ ਕੀਤੇ ਗਏ। ਇਹਨਾਂ ਪ੍ਰਤੀਨਿਧੀਆਂ ਦੀਆਂ ਜ਼ਮਾਨਤਾਂ ਦੀ ਸੁਣਵਾਈ ਮਹੀਨਿਆਂ ਬੱਧੀ ਨਾ ਕੀਤੀ ਗਈ, ਜਦ ਕਿ ਇੱਕ ਸਰਕਾਰ-ਸਮਰਥਕ ਇੱਕ ਟੀਵੀ ਐਂਕਰ ਨੂੰ ਰਾਹਤ ਦੇਣ ਲਈ ਤੁਰੰਤ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਇਵੇਂ ਹੀ ਕਿਸਾਨ ਅੰਦੋਲਨ ਵਿੱਚ ਸੁਪਰੀਮ ਕੋਰਟ ਦੀ ਸੁਣਵਾਈ ਸਮੇਂ ਉਹਨਾਂ ਚਾਰ ਮੈਂਬਰਾਂ ਦੀ ਕਮੇਟੀ ਬਣਾ ਦਿੱਤੀ ਗਈ, ਜਿਹੜੇ ਤਿੰਨਾਂ ਹੀ ਕਾਨੂੰਨਾਂ ਦੇ ਸਮਰਥਕ ਹਨ। ਇਸੇ ਤਰ੍ਹਾਂ ਚੋਣਾਵੀ ਬਾਂਡ ਦੇ ਸਬੰਧ ਵਿੱਚ 2017 ਤੋਂ ਮੁਆਮਲਾ ਲੰਬਿਤ ਹੈ, ਜੋ ਵੱਖੋ-ਵੱਖਰੀਆਂ ਸਿਆਸੀ ਧਿਰਾਂ ਨੂੰ ਮਿਲਣ ਵਾਲੇ ਚੰਦੇ ਨਾਲ ਸਬੰਧਤ ਹੈ। ਇਸ ਮਾਮਲੇ ਨੂੰ ਸੁਣਵਾਈ ਵਿੱਚ ਨਹੀਂ ਲਿਆਂਦਾ ਜਾ ਰਿਹਾ। ਇਹ ਇਸ ਵਿਸ਼ਵਾਸ ਨੂੰ ਹੋਰ ਬਲ ਦਿੰਦਾ ਹੈ ਕਿ ਅਦਾਲਤਾਂ ਉੱਤੇ ਸਰਕਾਰ ਦਾ ਮਜ਼ਬੂਤ ਪ੍ਰਭਾਵ ਹੈ। ਇਹਨਾਂ ਸਾਰੇ ਮਾਮਲਿਆਂ ਬਾਰੇ ਸਮੇਂ-ਸਮੇਂ ਦੇਸ਼-ਵਿਦੇਸ਼ ਵਿੱਚ ਵਸਦੇ ਪ੍ਰਵਾਸੀ ਭਾਰਤੀ ਯੂ.ਐੱਨ.ਓ., ਜਾਂ ਅੰਤਰਰਾਸ਼ਟਰੀ ਅਦਾਲਤਾਂ ਵਿੱਚ ਮੁੱਦੇ ਉਠਾਉਂਦੇ ਰਹਿੰਦੇ ਹਨ।
ਸਮੁੱਚੇ ਭਾਰਤ ਦਾ ਰੋਜ਼ਾਨਾ ਪ੍ਰਸ਼ਾਸਨ ਕਾਰਜਪਾਲਿਕਾ ਵਲੋਂ ਸੰਭਾਲਿਆ ਜਾਂਦਾ ਹੈ। ਉਸ ਵਿੱਚ ਵੱਡਾ ਰੋਲ ਪੁਲਿਸ ਪ੍ਰਸ਼ਾਸਨ ਦਾ ਵੀ ਹੈ। ਉਹਨਾਂ ਦੇ ਕੰਮ ਕਾਰ ਵਿੱਚ ਵੱਡੀਆਂ ਖਾਮੀਆਂ ਹਨ। ਰਾਜਾਂ ਦੇ ਰਾਜਪਾਲਾਂ ਦਾ ਕੰਮਕਾਰ ਲੰਮੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਹੈ। ਇਸ ਵੇਲੇ ਤਾਂ ਬਹੁਤੇ ਵਿਰੋਧੀ ਧਿਰਾਂ ਦੇ ਮੁੱਖ ਮੰਤਰੀ ਮੌਜੂਦਾ ਰਾਜਪਾਲਾਂ ਵਿਰੁੱਧ ਸ਼ਿਕਾਇਤ ਕਰਦੇ ਹਨ ਕਿ ਉਹ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕਰ ਰਹੇ ਹਨ। ਬਿਲਕੁਲ ਉਸੇ ਤਰ੍ਹਾਂ ਜਿਵੇਂ ਸੀ.ਬੀ.ਆਈ., ਈ.ਡੀ., ਆਮਦਨ ਕਰ ਅਧਿਕਾਰੀ ਚੋਣਾਂ ਤੋਂ ਪਹਿਲਾਂ ਵਿਰੋਧੀ ਦਲਾਂ ਦੇ ਉਮੀਦਵਾਰਾਂ, ਸਮਰਥਕਾਂ ਉੱਤੇ ਛਾਪੇ ਮਾਰਦੇ ਹਨ। ਇਸਦੀ ਉਦਾਹਰਣ ਕਿਸਾਨ ਅੰਦੋਲਨ ਦੌਰਾਨ ਵੀ ਵੇਖਣ ਨੂੰ ਮਿਲੀ ਹੈ, ਜਦੋਂ ਪੰਜਾਬ ਦੇ ਆੜ੍ਹਤੀਆਂ ਵਿਰੁੱਧ ਆਮਦਨ ਕਰ ਵਾਲਿਆਂ ਛਾਪੇ ਮਾਰੇ ਹਨ। ਇਸ ਸਭ ਕੁਝ ਦੀ ਚਿੰਤਾ ਦੇਸ਼ ਤੋਂ ਬਾਹਰ ਬੈਠੇ ਪ੍ਰਵਾਸੀਆਂ ਨੂੰ ਉਸ ਵੇਲੇ ਵਧ ਜਾਂਦੀ ਹੈ, ਜਦੋਂ ਉਹ ਇਹ ਸੁਪਨਾ ਪਾਲੀ ਬੈਠੇ ਹੁੰਦੇ ਹਨ ਕਿ ਉਹ ਆਪਣੇ ਦੇਸ਼ ਦੇ ਲੋਕਾਂ ਨੂੰ, ਜਿੱਥੇ ਉਹ ਜੰਮੇ, ਪਲੇ, ਪ੍ਰਵਾਨ ਚੜ੍ਹੇ ਹਨ, ਉਹੋ ਕਿਸਮ ਦੀਆਂ ਪ੍ਰਸ਼ਾਸਨ, ਸਿਹਤ, ਸਿੱਖਿਆ ਸਹੂਲਤਾਂ ਦੇਣ ਦੇ ਚਾਹਵਾਨ ਹਨ, ਜਿਹੋ ਜਿਹਾ ਉਹ ਹੰਢਾ ਰਹੇ ਹਨ। ਇਸੇ ਸੁਪਨੇ ਨੂੰ ਪੂਰਿਆਂ ਕਰਨ ਲਈ ਉਹ ਮਣਾ-ਮੂੰਹੀਂ ਧਨ ਪਿੰਡਾਂ ਦੇ ਵਿਕਾਸ ਲਈ ਭੇਜਦੇ ਹਨ। ਆਪਣੇ ਪਿਛਲੇ ਪਰਿਵਾਰਾਂ ਦੀ ਸਹਾਇਤਾ ਕਰਦੇ ਹਨ। ਖੇਡਾਂ ਲਈ ਸਟੇਡੀਅਮ, ਬੁਨਿਆਦੀ ਸੁਧਾਰ ਲਈ ਅੰਡਰਗਰਾਊਂਡ ਸਟੇਡੀਅਮ, ਸਕੂਲਾਂ ਲਈ ਲੋੜਾਂ ਪੂਰੀਆਂ ਕਰਨ ਲਈ ਹੋਰ ਸਹੂਲਤਾਂ ਪ੍ਰਦਾਨ ਹੀ ਨਹੀਂ ਕਰਦੇ, ਸਮਾਜਿਕ ਭਲਾਈ ਕਾਰਜਾਂ, ਜਿਹਨਾਂ ਵਿੱਚ ਲੋੜਬੰਦਾਂ ਲਈ ਅੰਨਦਾਣਾ, ਪੈਨਸ਼ਨ ਵੀ ਦਿੰਦੇ ਹਨ। ਕੋਵਿਡ-19 ਦੇ ਦਿਨਾਂ ਵਿੱਚ ਪ੍ਰਵਾਸੀਆਂ ਨੇ ਲੋੜਬੰਦਾਂ ਦੀ ਵੱਡੀ ਆਰਥਿਕ ਸਹਾਇਤਾ ਉਹਨਾਂ ਨੂੰ ਅਨਾਜ ਕਿੱਟਾਂ ਵੰਡਕੇ ਕੀਤੀ। ਪਰ ਇਸ ਸਭ ਕੁਝ ਦੇ ਨਾਲ ਨਾਲ ਉਹ ਸਿਆਸੀ ਸਰਗਰਮੀਆਂ ਵਿੱਚ ਵੀ ਵੱਡਾ ਹਿੱਸਾ ਲੈਂਦੇ ਹਨ, ਪੰਜਾਬ ਸੂਬਾ ਇਸਦੀ ਵੱਡੀ ਉਦਾਹਰਣ ਹੈ।
ਬਹੁਤਾ ਦੂਰ ਨਾ ਜਾਈਏ, ਪੰਜਾਬ ਦੀਆਂ ਹਰ ਕਿਸਮ ਦੀਆਂ ਚੋਣਾਂ ਵਿੱਚ ਪ੍ਰਵਾਸੀ ਪੰਜਾਬੀ ਹਿੱਸਾ ਲੈਂਦੇ ਹਨ। ਦੂਰ ਬੈਠੇ ਆਪਣੇ ਰਿਸ਼ਤੇਦਾਰਾਂ ਨੂੰ ਕਿਸੇ ਖ਼ਾਸ ਰਾਜਸੀ ਧਿਰ ਲਈ ਵੋਟਾਂ ਦੀ ਮੰਗ ਕਰਦੇ ਹਨ। ਹਾਲ ਵਿੱਚ ਹੀ ਆਮ ਆਦਮੀ ਪਾਰਟੀ ਦੀ ਪੂਰੀ ਮੁਹਿੰਮ ਖ਼ਾਸ ਕਰਕੇ ਪ੍ਰਵਾਸੀ ਪੰਜਾਬੀਆਂ ਨੇ ਚਲਾਈ। ਪੰਜਾਬ ਵਿੱਚ ਇਸ ਪਾਰਟੀ ਨੂੰ ਜਿੰਨੀ ਸਫਲਤਾ ਮਿਲੀ, ਉਸਦਾ ਵੱਡਾ ਹਿੱਸਾ ਪ੍ਰਵਾਸੀਆਂ ਕਰਕੇ ਸੰਭਵ ਹੋਇਆ। ਵਿਧਾਨ ਸਭਾ ਚੋਣ ਮੁਹਿੰਮ ਵਿੱਚ ਵੀ ਇਹਨਾਂ ਪ੍ਰਵਾਸੀਆਂ ਧਨ ਨਾਲ ਹੀ ਸਹਾਇਤਾ ਨਹੀਂ ਕੀਤੀ, ਸਗੋਂ ਨਿੱਜੀ ਤੌਰ ’ਤੇ ਜਹਾਜ਼ਾਂ ਦੇ ਜਹਾਜ਼ ਭਰ ਕੇ ਪੰਜਾਬ ਦੀ ਧਰਤੀ ’ਤੇ ਪੁੱਜੇ, ਇੱਕੋ ਆਸ਼ੇ ਨੂੰ ਲੈ ਕੇ ਕਿ ਪੰਜਾਬ ਭ੍ਰਿਸ਼ਟਾਚਾਰ ਤੋਂ ਮੁਕਤ ਹੋਵੇ, ਖੁਸ਼ਹਾਲ ਹੋਵੇ, ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਹੋਵੇ। ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਹੋਵੇ। ਪੰਜਾਬ ਨੂੰ ਸਾਫ਼-ਸੁਥਰਾ ਪ੍ਰਸ਼ਾਸਨ ਮਿਲੇ। ਪੂਰੀ ਸਫ਼ਲਤਾ ਨਾ ਮਿਲਣ ’ਤੇ ਪ੍ਰਵਾਸੀ ਪੰਜਾਬੀ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵਰਤਾਰੇ ਤੋਂ ਨਿਰਾਸ਼ ਹੋਏ, ਬਿਲਕੁਲ ਉਸੇ ਤਰ੍ਹਾਂ ਜਿਵੇਂ ਪਹਿਲਾਂ ਬਲਵੰਤ ਸਿੰਘ ਰਾਮੂੰਵਾਲੀਆ ਅਤੇ ਮਨਪ੍ਰੀਤ ਸਿੰਘ ਬਾਦਲ ਵਲੋਂ ਆਰੰਭੀਆਂ ਸਿਆਸੀ ਧਿਰਾਂ ਦੀ ਕਾਰਗੁਜ਼ਾਰੀ ਤੋਂ ਉਹ ਨਿਰਾਸ਼ ਹੋਏ ਸਨ, ਜਿਹੜੇ ਉਹਨਾਂ ਦੀ ਸੋਚ ਅਨੁਸਾਰ ਕੰਮ ਨਹੀਂ ਸਨ ਕਰ ਸਕੇ।
ਪ੍ਰਵਾਸ ਹੰਢਾ ਰਹੇ ਭਾਰਤੀਆਂ ਦੀ ਵੱਡੀ ਚਿੰਤਾ ਆਪਣੇ ਦੇਸ਼ ਨੂੰ ਖੁਸ਼ਹਾਲ ਵੇਖਣ ਦੀ ਹੈ। ਕਿਸੇ ਵੀ ਭੀੜ ਵੇਲੇ ਉਹ ਆਪਣੇ ਦੇਸ਼ ਵਾਸੀਆਂ ਨਾਲ ਖੜ੍ਹਦੇ ਹਨ। ਕਿਸਾਨ ਅੰਦੋਲਨ ਦੌਰਾਨ ਖ਼ਾਸ ਕਰਕੇ ਪ੍ਰਵਾਸੀ ਪੰਜਾਬੀ ਅੰਦੋਲਨ ਨਾਲ ਖੜ੍ਹੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਇਹ ਅੰਦੋਲਨ ਦੇ ਬੀਜ ਹਰੀ ਕ੍ਰਾਂਤੀ ਨੇ ਪੈਦਾ ਕੀਤੇ ਤੇ ਪੰਜਾਬ ਦੇ ਪਾਣੀਆਂ ਉੱਤੇ ਡਾਕਾ ਹਰੀ ਕ੍ਰਾਂਤੀ ਨੇ ਮਾਰਿਆ। ਖੁਦਕੁਸ਼ੀਆਂ ਦਾ ਵਰਤਾਰਾ ਇਸੇ ਦੀ ਦੇਣ ਹੈ ਅਤੇ ਇਸੇ ਨੇ ਹੀ ਖੇਤੀ ਦੀਆਂ ਤਕਨੀਕਾਂ ਤੋਂ ਲੈ ਕੇ ਬੈਂਕਾਂ, ਸ਼ਾਹੂਕਾਰਾਂ ਦਾ ਉਹਨਾਂ ਨੂੰ ਗੁਲਾਮ ਬਣਾ ਦਿੱਤਾ ਤੇ ਇਸੇ ਦੀ ਇੱਕ ਵੱਡੀ ਦੇਣ ਪੰਜਾਬੀਆਂ ਨੂੰ ਪ੍ਰਵਾਸ ਦੇ ਰਾਹ ਤੋਰਨਾ ਹੈ।
ਪ੍ਰਵਾਸੀ ਪੰਜਾਬੀਆਂ ਦੇ ਮਨਾਂ ਵਿੱਚ ਪਿਆਰੇ ਪੰਜਾਬ ਦੀ ਮੰਦਹਾਲੀ ਦੀ ਤਸਵੀਰ ਰੜਕਦੀ ਹੈ। ਉਸ ਨੂੰ ਨਾ 47 ਭੁੱਲਿਆ ਹੈ ਨਾ 84। ਉਸ ਦੇ ਮਨ ਵਿੱਚ ਮਾਪਿਆਂ, ਰਿਸ਼ਤੇਦਾਰਾਂ ਦੀ ਆਰਥਿਕ ਤੰਗੀ ਪਲ-ਪਲ ਖੌਰੂ ਪਾਉਂਦੀ ਹੈ। ਉਸ ਨੂੰ ਬੇ-ਇਮਾਨ ਸਿਆਸਤਦਾਨਾਂ ਦਾ ਵਰਤਾਰਾ ਪ੍ਰੇਸ਼ਾਨ ਕਰਦਾ ਹੈ, ਜਿਹਨਾਂ ਨੇ ਪੰਜਾਬ ਨੂੰ ਨਸ਼ੇ ਦਿੱਤੇ, ਜਿਹਨਾਂ ਜਵਾਨੀ ਦਾ ਘਾਣ ਕੀਤਾ। ਬੇਰੁਜ਼ਗਾਰੀ ਤੇ ਪ੍ਰਵਾਸ ਪੰਜਾਬੀਆਂ ਦੇ ਪੱਲੇ ਪਾਇਆ। ਚੰਗੇ ਸ਼ਾਸਨ ਦੀ ਥਾਂ ’ਤੇ ਮਾਫੀਆ ਰਾਜ ਦਿੱਤਾ।
ਪੰਜਾਬ ਵਿੱਚ ਜੰਮਣ ਵਾਲੇ 5 ਸਾਲਾਂ ਤੋਂ ਘੱਟ ਉਮਰ ਦੇ 38.4 ਫ਼ੀਸਦੀ ਬੱਚੇ ਛੋਟੇ ਕੱਦ ਦੇ, 35.7 ਫ਼ੀਸਦੀ ਬੱਚੇ ਕਮਜ਼ੋਰ ਅਤੇ 21 ਫ਼ੀਸਦੀ ਬੱਚੇ ਘੱਟ ਵਜ਼ਨ ਦੇ ਇਸ ਧਰਤੀ ਦੀ ਝੋਲੀ ਪਾਏ, ਜਿਹੜੀ ਧਰਤੀ ਛੈਲ ਛਬੀਲੇ ਗੱਭਰੂ, ਸੁਡੌਲ ਸੁਨੱਖੀਆਂ ਮੁਟਿਆਰਾਂ ਜੰਮਦੀ ਸੀ। ਜਿਹਨਾਂ ਨੇ ਪੰਜਾਬੀਆਂ ਦੀ ਬੋਲੀ ਅਤੇ ਸੱਭਿਆਚਾਰ ਖੋਹ ਲਿਆ। ਪਰਿਵਾਰਕ ਤਾਣਾਬਾਣਾ ਤਹਿਸ-ਨਹਿਸ ਕਰਕੇ ਪਿੰਡਾਂ-ਸ਼ਹਿਰਾਂ ਵਿੱਚ ਧੜੇਬੰਦੀ ਪੈਦਾ ਕਰ ਦਿੱਤੀ ਤਾਂ ਕਿ ਉਹਨਾਂ ਦੀ ਕੁਰਸੀ ਬਚੀ ਰਹੇ ਤੇ ਸਭ ਤੋਂ ਵੱਡੀ ਗੱਲ ਇਹ ਕਿ ਕਿਸਾਨਾਂ ਦੀ ਖੇਤੀ ਸਿਆਸਤਦਾਨਾਂ ਹਥਿਆ ਲਈ, ਘਾਟੇ ਦੀ ਖੇਤੀ ਉਹਨਾਂ ਦੇ ਪੱਲੇ ਪਾ ਦਿੱਤੀ।
ਬਾਵਜੂਦ ਇਸ ਗੱਲ ਦੇ ਕਿ ਪ੍ਰਵਾਸੀਆਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ, ਪੂਰਾ ਇਨਸਾਫ ਨਹੀਂ ਦਿੱਤਾ। ਕਈ ਪ੍ਰਵਾਸੀਆਂ ਉੱਤੇ ਝੂਠੇ ਕੇਸ ਦਰਜ਼ ਕੀਤੇ। ਕਈਆਂ ਦੇ ਪਰਿਵਾਰਾਂ ਨੇ ਕੁਝ ਪੁਲਿਸ, ਪ੍ਰਸ਼ਾਸਨ ਨਾਲ ਰਲਕੇ ਜ਼ਮੀਨਾਂ ਹਥਿਆਈਆਂ, ਪੈਸੇ ਬਟੋਰੇ। ਹਵਾਈ ਅੱਡਿਆਂ ਉੱਤੇ ਉਹਨਾਂ ਦੀ ਆਮਦ ’ਤੇ ਉਹਨਾਂ ਦਾ ਤ੍ਰਿਸਕਾਰ ਹੋਇਆ। ਵੱਡੇ ਕੇਸ ਵੀ ਦਰਜ਼ ਹੋਏ। “ਵੱਡੀ ਸਰਕਾਰ” ਵਲੋਂ ਚੋਣਾਂ ਵਿੱਚ ਵੋਟ ਦਾ ਅਧਿਕਾਰ ਦੇਣ ਦੇ ਐਲਾਨ ਹੋਏ, ਪੱਲੇ ਕੁਝ ਵੀ ਨਾ ਪਾਇਆ।
ਪਰ ਪ੍ਰਵਾਸੀ ਭਾਰਤੀ ਮਨ ਵਿੱਚ ਦੇਸ਼ ਦੇ ਲੋਕਤੰਤਰ ਦੀ ਰਾਖੀ ਲਈ ਜਜ਼ਬਾ ਰੱਖਕੇ, ਸੰਘਰਸ਼ ਕਰ ਰਹੇ ਦੇਸ਼ ਵਾਸੀਆਂ ਨਾਲ ਇਕਜੁੱਟਤਾ ਵਿਖਾ ਰਿਹਾ ਹੈ। ਆਪਣੀ ਧਰਤੀ ਤੋਂ ਠੰਢੀ ਹਵਾ ਦੇ ਬੁੱਲਿਆਂ ਦੀ ਉਡੀਕ ਵਿੱਚ ਇਹ ਪ੍ਰਵਾਸੀ ਜੂਝਦੇ ਜੁਝਾਰੂ ਲੋਕਾਂ ਦੀ ਜਿੱਤ ਦੀ ਖ਼ਬਰ ਉਡੀਕਦੇ ਉਹਨਾਂ ਦੀ ਸੁੱਖ ਉਸੇ ਤਰ੍ਹਾਂ ਮੰਗਦੇ ਹਨ, ਜਿਵੇਂ ਕੋਈ ਮਾਂ ਆਪਣੇ ਪੁੱਤਾਂ ਦੇ ਸੁਖ ਅਤੇ ਖੇਤਰ ਵਿੱਚ ਤਰੱਕੀ ਦੀ ਕਾਮਨਾ ਕਰਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2551)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)