GurmitPalahi7ਮੌਜੂਦਾ ਸਿਆਸੀ ਹਾਲਾਤ ਕੁਝ ਇੰਜ ਬਣਦੇ ਜਾ ਰਹੇ ਹਨ ਕਿ ਪੰਜਾਬ ਵਿਚਲੀਆਂ ...
(19 ਨਵੰਬਰ 2020)

 

ਪੰਜਾਬ ਵਿੱਚ ਕਿਸਾਨ ਅੰਦੋਲਨ ਨੇ ਭਾਜਪਾ ਦੇ ਪੰਜਾਬ ਵਿੱਚ ਇਕੱਲਿਆਂ ਵਿਧਾਨ ਸਭਾ ਚੋਣਾਂ ਲੜਨ ਦੇ ਸੁਪਨਿਆਂ ਨੂੰ ਬੂਰ ਪਾਇਆ ਹੈਅਕਾਲੀ-ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ ਖੇਤੀ ਕਾਨੂੰਨਾਂ ਨੇ ਤੋੜ ਦਿੱਤਾ ਹੈਹਰ ਸਮੇਂ ਭਾਜਪਾ ਦੇ ਸੋਹਲੇ ਗਾਉਣ ਵਾਲੀ ਸਿਆਸੀ ਧਿਰ ਸ਼੍ਰੋਮਣੀ ਅਕਾਲੀ ਦਲ (ਬ) ਹੁਣ ਭਾਜਪਾ ਨੂੰ ਕੋਸ ਰਹੀ ਹੈ ਅਤੇ ਪੰਜਾਬ ਵਿੱਚ ਕਿਸਾਨਾਂ ਨਾਲ ਖੜ੍ਹੇ ਹੋਣ ਦਾ ਦਾਅਵਾ ਕਰ ਰਹੀ ਹੈਤਿੰਨ ਦਹਾਕੇ ਅਕਾਲੀ ਦਲ (ਬ) ਅਤੇ ਭਾਜਪਾ ਇੱਕ ਦੂਜੇ ਦੇ ਸਾਥੀ ਰਹੇ, ਪੂਰਕ ਰਹੇਇਹਨਾਂ ਵਰ੍ਹਿਆਂ ਵਿੱਚ ਕਦੇ ਕਦੇ ਰਿਸ਼ਤਿਆਂ ਵਿੱਚ ਤਰੇੜਾਂ ਵੇਖਣ ਨੂੰ ਮਿਲੀਆਂ ਪਰ ‘ਟੁੱਟ ਗਈ ਤੜੱਕ ਕਰਕੇ’ ਦਾ ਰਿਸ਼ਤਾ ਟੁੱਟਣਾ ਤਾਂ ਸ਼ਾਇਦ ਅਕਾਲੀ ਦਲ (ਬ) ਦੀ ਮਜਬੂਰੀ ਹੋਵੇ, ਪਰ ਸਿਆਸੀ ਪੰਡਿਤ ਇਸ ਨੂੰ ਪੰਜਾਬ ਦੇ ਭਾਜਪਾ ਆਗੂਆਂ ਲਈ ਆਪਣੇ ਸੁਪਨੇ ਸਾਧਨ ਦਾ ਇੱਕ ਵੱਡਾ ਮੌਕਾ ਗਰਦਾਨ ਰਹੇ ਹਨ

ਕਿਸਾਨ ਅੰਦੋਲਨ ਦੌਰਾਨ ਭਾਜਪਾ ਦਾ ਪੰਜਾਬ ਵਿੱਚ ਜੀਊਣਾ ਔਖਾ ਹੋਇਆ ਪਿਆ ਹੈਵੱਡੇ ਆਗੂਆਂ ਦੇ ਘਿਰਾਓ ਹੋ ਰਹੇ ਹਨ, ਪੰਜਾਬ ਦੇ ਕਿਸਾਨ, ਟਰੇਡ ਯੂਨੀਅਨਾਂ ਅਤੇ ਹੋਰ ਧਿਰਾਂ ਖੇਤੀ ਕਾਨੂੰਨਾਂ ਕਾਰਨ ਭਾਜਪਾ ਤੋਂ ਡਾਢੇ ਨਾਰਾਜ਼ ਹਨ ਅਤੇ ਕੋਈ ਵੀ ਮੌਕਾ ਇਹੋ ਜਿਹਾ ਨਹੀਂ ਛੱਡ ਰਹੇ, ਜਦੋਂ ਉਹ ਭਾਜਪਾ ਦੀ ਉੱਪਰਲੀ, ਹੇਠਲੀ ਲੀਡਰਸ਼ਿੱਪ ਨੂੰ ਪੰਜਾਬ ਤੇ ਪੰਜਾਬੀਆਂ ਦੀ ਹੋਂਦ ਖਤਮ ਕਰਨ ਲਈ ਲਿਆਂਦੇ ਕਾਲੇ ਕਾਨੂੰਨਾਂ ਲਈ ਜ਼ਿੰਮੇਵਾਰ ਨਾ ਠਹਿਰਾਉਂਦੇ ਹੋਣਭਾਜਪਾ ਦੇ ਕੁਝ ਆਗੂ ਕਿਸਾਨਾਂ ਦੇ ਵਿਆਪਕ ਵਿਰੋਧ ਕਾਰਨ ਭਾਜਪਾ ਪਾਰਟੀ ਵੀ ਛੱਡ ਰਹੇ ਹਨਪਰ ਭਾਜਪਾ ਆਉਣ ਵਾਲੇ ਸਮੇਂ ਇਹਨਾਂ ਕਾਨੂੰਨਾਂ ਨੂੰ ਹੀ ਆਧਾਰ ਬਣਾਕੇ ਕਿਸਾਨਾਂ ਨਾਲ ਆਪਣੇ ਸੂਬਾਈ ਨੇਤਾਵਾਂ ਰਾਹੀਂ ਇਹੋ ਜਿਹਾ ਸਮਝੌਤਾ ਕਰਨ ਦੀ ਤਾਕ ਵਿੱਚ ਜਾਪਦੀ ਹੈ, ਜਿਸ ਨਾਲ ਉਹ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਸੌਖਿਆਂ ਲੜ ਸਕੇ ਅਤੇ ਪੰਜਾਬ ਉੱਤੇ ਆਪਣਾ ਰਾਜ ਕਾਇਮ ਕਰ ਸਕੇ, ਜਿਸ ਉੱਤੇ ਉਸਦੀ ਵਰ੍ਹਿਆਂ ਪੁਰਾਣੀ ਅੱਖ ਹੈ ਅਤੇ ਲਾਲਸਾ ਵੀ ਹੈ

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2022 ਫਰਵਰੀ ਵਿੱਚ ਹੋਣੀਆਂ ਹਨਇਹਨਾਂ ਚੋਣਾਂ ਵਿੱਚ ਪੰਦਰਾਂ ਮਹੀਨੇ ਬਚੇ ਹਨਪੰਜਾਬ ਦੀ ਹਰ ਸਿਆਸੀ ਧਿਰ ਆਪੋ-ਆਪਣੀ ਰਣਨੀਤੀ ਤਿਆਰ ਕਰ ਰਹੀ ਹੈਭਾਜਪਾ ਬਿਹਾਰ ਜਿੱਤਣ ਤੋਂ ਬਾਅਦ ਦੇਸ਼ ਦੇ ਵੱਡੇ ਪਰ ਮਹੱਤਵਪੂਰਨ ਸੂਬੇ ਪੱਛਮੀ ਬੰਗਾਲ ਅਤੇ ਪੰਜਾਬ ਵਿੱਚ ਆਪਣੇ ਰੰਗਾਂ ਦਾ ਪੱਤਾ ਖੇਲਣਾ ਚਾਹੁੰਦੀ ਹੈਪੰਜਾਬ ਲਈ ਉਸਨੇ ਇੱਕ ਦਲਿਤ ਚਿਹਰਾ ਅਤੇ ਦੂਜਾ ਸਿੱਖ ਚਿਹਰਾ ਸਾਹਮਣੇ ਲਿਆਂਦਾ ਹੈ ਅਤੇ ਇਸ ਨੂੰ ਮਿਸ਼ਨ 2022 ਦਾ ਨਾਮ ਦਿੱਤਾ ਹੈਪੰਜਾਬ ਵਿੱਚ ਸਭ ਤੋਂ ਵੱਧ 30 ਫੀਸਦੀ ਵੋਟਰ ਦਲਿਤ ਭਾਈਚਾਰੇ ਦੇ ਹਨਹਰਿਆਣਾ ਤੋਂ ਰਾਜ ਸਭਾ ਮੈਂਬਰ ਦੁਸ਼ੰਅਤ ਕੁਮਾਰ ਗੌਤਮ ਜੋ ਕਿ ਪ੍ਰਭਾਵੀ ਦਲਿਤ ਆਗੂ ਹੈ ਅਤੇ ਜਿਹੜਾ ਭਾਜਪਾ ਵਿੱਚ ਕੌਮੀ ਉਪ ਪ੍ਰਧਾਨ ਹੈ, ਨੂੰ ਪੰਜਾਬ ਦੇ ਇੱਕ ਪ੍ਰਭਾਰੀ (ਮੁਖੀਆ) ਦੇ ਤੌਰ ’ਤੇ ਨਿਯੁਕਤ ਕੀਤਾ ਹੈ ਅਤੇ ਜੰਮੂ ਕਸ਼ਮੀਰ ਦੇ ਸਿੱਖ ਆਗੂ ਡਾਕਟਰ ਨਰੇਂਦਰ ਸਿੰਘ ਨੂੰ ਉਪ ਪ੍ਰਭਾਰੀ ਬਣਾਇਆ ਹੈ, ਜਿਹੜਾ ਪੰਜਾਬ ਦੀ ਸਿਆਸਤ ਅਤੇ ਸਿੱਖ ਸਿਆਸਤ ਨਾਲ ਜੁੜਿਆ ਹੋਇਆ ਹੈਇਸ ਸਮੇਂ ਭਾਜਪਾ ਜਿਹੜੇ ਮੁੱਖ ਮੁੱਦਿਆਂ ਉੱਤੇ ਕੰਮ ਕਰ ਰਹੀ ਹੈ, ਉਹ ਇਹ ਹਨ ਕਿ ਭਾਜਪਾ ਦਾ ਪਿੰਡਾਂ ਵਿੱਚ ਕਿਵੇਂ ਪਸਾਰਾ ਕਰਨਾ ਹੈ? ਐੱਨ ਆਰ ਆਈ (ਪ੍ਰਵਾਸੀ ਪੰਜਾਬੀਆਂ) ਨੂੰ ਕਿਵੇਂ ਆਪਣੇ ਨੇੜੇ ਲਿਆਉਣਾ ਹੈ ਅਤੇ ਕਿਸਾਨ ਵੋਟਰਾਂ ਨੂੰ ਕਿਵੇਂ ਖੇਤੀ ਕਾਨੂੰਨਾਂ ਬਾਰੇ ਸਮਝਾਉਣਾ ਹੈ ਅਤੇ ਕਿਵੇਂ ਦਲਿਤ ਵੋਟਰਾਂ ਵਿੱਚ ਆਪਣਾ ਪਸਾਰਾ ਕਰਨਾ ਹੈਦਲਿਤ ਵੋਟਰਾਂ, ਜਿਹੜੇ ਕਿ ਆਮ ਤੌਰ ’ਤੇ ਬਸਪਾ ਅਤੇ ਕਾਂਗਰਸ ਦਾ ਵੱਡਾ ਵੋਟ ਬੈਂਕ ਰਹੇ ਹਨ, ਉਹਨਾਂ ਵਿੱਚ ਸੰਨ੍ਹ ਲਾਉਣ ਲਈ ਖਾਸ ਕਰਕੇ ਪੰਜਾਬ ਦੇ ਦੁਆਬਾ ਖਿੱਤੇ ਵਿੱਚ, ਉਸ ਵਲੋਂ ਐੱਸ.ਸੀ. ਸਕਾਲਰਸ਼ਿੱਪ ਵਿੱਚ ਪੰਜਾਬ ਦੇ ਇੱਕ ਮੰਤਰੀ ਵਲੋਂ ਕਥਿਤ ਘਪਲੇ ਨੂੰ ਲੈ ਕੇ ਪੰਜਾਬ ਵਿੱਚ ਵੱਡਾ ਮੁੱਦਾ ਬਣਾਇਆ ਜਾ ਰਿਹਾ ਹੈਪੰਜਾਬ ਦੀ ਕਾਂਗਰਸੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਤਾਂ ਕਿ ਭਾਜਪਾ ਦਲਿਤਾਂ ਦੀ ਹਮਦਰਦੀ ਲੈ ਸਕੇਬੀਤੇ ਸਮੇਂ ਵਿੱਚ ਤਾਂ ਪੰਜਾਬ ਦੇ ਵਿੱਚੋਂ ਉੱਠੇ ਕਿਸੇ ਵੀ ਪ੍ਰਭਾਵਸ਼ਾਲੀ ਦਲਿਤ ਚਿਹਰੇ ਨੂੰ ਅਕਾਲੀ ਜਾਂ ਕਾਂਗਰਸੀ ਆਪਣੇ ਨਾਲ ਮਿਲਾ ਲਿਆ ਕਰਦੇ ਸਨ ਅਤੇ ਬਸਪਾ, ਜੋ ਦਲਿਤਾਂ ਦੀ ਵੱਡੀ ਪਾਰਟੀ ਹੈ, ਉਹ ਆਪਣੀ ਚੰਗੀ ਕਾਰਗੁਜ਼ਾਰੀ ਪੰਜਾਬ ਵਿੱਚ ਕਦੇ ਵੀ ਨਹੀਂ ਦਿਖਾ ਸਕੀ

ਪੰਜਾਬ ਵਿੱਚ 2022 ਮਿਸ਼ਨ ਨੂੰ ਲੈ ਕੇ ਕਾਂਗਰਸ, ਭਾਜਪਾ, ਬਸਪਾ, ਅਕਾਲੀ ਦਲ (ਬ), ਆਮ ਆਦਮੀ ਪਾਰਟੀ, ਪੰਜਾਬ ਏਕਤਾ ਪਾਰਟੀ, ਅਕਾਲੀ ਦਲ (ਡੈਮੋਕਰੈਟਿਕ), ਲੋਕ ਇਨਸਾਫ ਪਾਰਟੀ ਖੱਬੀਆਂ ਧਿਰਾਂ ਮੈਦਾਨ ਵਿੱਚ ਹੋਣਗੇਸੰਭਾਵਨਾ ਇਸ ਗੱਲ ਦੀ ਬਣਦੀ ਦਿਸਦੀ ਹੈ ਕਿ ਕਿਉਂਕਿ ਪੰਜਾਬ ਦੇਸ਼ ਦਾ ਸਿਰਫ 13 ਲੋਕ ਸਭਾ ਸੀਟਾਂ ਦੀ ਪ੍ਰਤੀਨਿਧਤਾ ਕਰਨ ਵਾਲਾ ਸੂਬਾ ਹੋਣ ਦੇ ਬਾਵਜੂਦ ਵੀ, ਦੇਸ਼ ਦੀ ਸੁਰੱਖਿਆ, ਦੇਸ਼ ਦੇ ਅੰਨ ਭੰਡਾਰ ਅਤੇ ਦੇਸ਼ ਵਿੱਚ ਵੱਖਰੀ ਸਭਿਆਚਾਰਕ ਪਛਾਣ ਰੱਖਣ ਵਾਲਾ ਹੋਣ ਕਾਰਨ, ਚੋਣਾਂ ਵਿੱਚ ਹਰੇਕ ਰਾਸ਼ਟਰੀ ਪਾਰਟੀ ਵਿੱਚ ਵੱਡੀ ਮਹੱਹਤਾ ਰੱਖਣ ਵਾਲਾ ਸੂਬਾ ਹੈਪੰਜਾਬ ਵਿੱਚ ਰਹਿਣ ਵਾਲੇ ਪੰਜਾਬੀ, ਕਈ ਵਾਰ ਉੱਜੜੇ, ਕਈ ਵਾਰ ਵਸੇ, ਕਈ ਮੁਹਿੰਮਾਂ ਵਿੱਚ ਸਮੇਤ ਆਜ਼ਾਦੀ ਦੇ, ਵਿਸ਼ੇਸ਼ ਭੂਮਿਕਾ ਨਿਭਾਉਂਦੇ ਰਹੇ ਅਤੇ ਦੇਸ਼ ਵਿੱਚ ਐਮਰਜੈਂਸੀ ਸਮੇਂ ਵੱਖਰਾ ਮੋਹਰੀ ਰੋਲ ਨਿਭਾਉਣ ਲਈ ਉਵੇਂ ਹੀ ਜਾਣੇ ਜਾਂਦੇ ਰਹੇ ਹਨ, ਜਿਵੇਂ ਹੁਣ ਪੂਰੇ ਦੇਸ਼ ਵਿੱਚ ਕਿਸਾਨਾਂ ਵਿਰੋਧੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲੋਕ ਸੰਘਰਸ਼ ਵਿੱਢ ਕੇ ਪੂਰੇ ਦੇਸ਼ ਦੇ ਲੋਕਾਂ, ਖਾਸ ਕਰਕੇ ਕਿਸਾਨਾਂ ਲਏ ਪ੍ਰਪੱਕਤਾ ਨਾਲ ਲੜਾਈ ਕਰਕੇ ਜਾਣੇ ਜਾ ਰਹੇ ਹਨਉਂਜ ਵੀ ਦੇਸ਼ ਦਾ ਹਰ ਪੱਖੋਂ ਅੱਗੇ ਵਧੂ, ਮੁਕਾਬਲਤਨ ਅਮੀਰ, ਚੰਗੀ ਰਹਿਣੀ ਸਹਿਣੀ ਵਾਲਾ ਸੂਬਾ ਹੋਣ ਕਾਰਨ, ਦੇਸ਼ ਦੀ ਹਰੇਕ ਸਿਆਸੀ ਧਿਰ ਇਸ ਸੂਬੇ ਨੂੰ ਆਪਣੇ ਕਬਜ਼ੇ ਵਿੱਚ ਕਰਕੇ ਇਸ ਉੱਤੇ ਰਾਜ-ਭਾਗ ਸਥਾਪਤ ਕਰਨਾ ਚਾਹੁੰਦੀ ਰਹਿੰਦੀ ਹੈ

ਮੌਜੂਦਾ ਸਿਆਸੀ ਹਾਲਾਤ ਕੁਝ ਇੰਜ ਬਣਦੇ ਜਾ ਰਹੇ ਹਨ ਕਿ ਪੰਜਾਬ ਵਿਚਲੀਆਂ ਅਗਲੀਆਂ ਵਿਧਾਨ ਸੂਬਾਈ ਚੋਣਾਂ ਉੱਤੇ ਬਿਹਾਰ ਚੋਣਾਂ ਦਾ ਪਰਛਾਵਾਂ ਵਿਖਾਈ ਦੇਵੇਗਾ ਅਤੇ ਸਿਆਸੀ ਧਿਰਾਂ ਇਕੱਲੀਆਂ-ਇਕੱਲੀਆਂ ਨਾ ਲੜਕੇ ਸੀਟਾਂ ਦੀ ਲੈ ਦੇ ਕਰਕੇ ਗਠਬੰਧਨ ਕਰਨ ਵੱਲ ਅੱਗੇ ਤੁਰਨਗੀਆਂਅਕਾਲੀ ਦਲ (ਬ) ਤੋਂ ਨਿਰਾਸ਼ ਹੋਈ ਭਾਜਪਾ, ਸਿੱਖਾਂ ਵਿੱਚ ਚੰਗੀ ਸਾਖ ਰੱਖਣ ਵਾਲੀ ਕਿਸੇ ਧਿਰ, ਸੰਭਵ ਤੌਰ ’ਤੇ ਅਕਾਲੀ (ਡੈਮੋਕਰੈਟਿਕ) ਨਾਲ ਭਾਈਵਾਲੀ ਵੀ ਕਰ ਸਕਦੀ ਹੈ (ਵੈਸੇ ਜਿਸਦੀ ਸੰਭਾਵਨਾ ਬਹੁਤ ਘੱਟ ਹੈ) ਅਤੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਜਪਾ ਅਤੇ ਬਸਪਾ ਇੱਕ ਪਲੇਟਫਾਰਮ ਉੱਤੇ ਆ ਕੇ ਪੰਜਾਬ ਦਾ ਰਾਜ-ਭਾਗ ਹਥਿਆਉਣ ਲਈ ਕਾਰਜਸ਼ੀਲ ਹੋ ਜਾਣਕਾਂਗਰਸ ਅਤੇ ਖੱਬੀਆਂ ਧਿਰਾਂ, ਭਾਜਪਾ ਦਾ ਰੱਥ ਰੋਕਣ ਲਈ ਆਪਸੀ ਜੋੜ-ਮੇਲ ਕਰ ਸਕਦੀਆਂ ਹਨ ਕਿਉਂਕਿ ਬਿਹਾਰ ਵਿੱਚ ਖੱਬੇ ਪੱਖੀ ਧਿਰਾਂ ਨੇ ਜਿੱਥੇ ਮਹਾਂ ਗਠਜੋੜ ਕਾਇਮ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ, ਉੱਥੇ ਵਿਧਾਨ ਸਭਾ ਦੀਆਂ ਵੱਡੀ ਗਿਣਤੀ ਸੀਟਾਂ ਉੱਤੇ ਜਿੱਤ ਵੀ ਪ੍ਰਾਪਤ ਕੀਤੀਖੱਬੀਆਂ ਧਿਰਾਂ ਵਿੱਚ ਕਮਿਊਨਿਸਟ ਪਾਰਟੀ, ਕਮਿਊਨਿਸਟ ਪਾਰਟੀ ਮਾਰਕਸੀ, ਕਮਿਊਨਿਸਟ ਪਾਰਟੀ ਮਾਰਕਸੀ-ਲੈਨਿਨੀ ਸ਼ਾਮਲ ਸਨ

ਬਿਨਾਂ ਸ਼ੱਕ ਕਾਂਗਰਸ ਦੀ ਸਰਕਾਰ ਹੁਣੇ ਹੀ ਚੋਣ ਮੋਡ ਵਿੱਚ ਆ ਚੁੱਕੀ ਹੈ, ਇੱਕ ਪਾਸੇ ਜਿੱਥੇ ਉਹ ਆਪਣੇ-ਆਪ ਨੂੰ ਕਿਸਾਨ ਹਿਤੈਸ਼ੀ ਦੱਸਣ ਲਈ ਪੂਰਾ ਟਿੱਲ ਲਾ ਰਹੀ ਹੈ, ਉੱਥੇ ਉਸ ਵਲੋਂ ਕੀਤੇ ਪਹਿਲੇ ਵਾਇਦੇ ਪੂਰੇ ਕਰਨ ਲਈ ਨਿੱਤ ਨਵੀਆਂ ਗ੍ਰਾਂਟਾਂ, ਪ੍ਰਾਜੈਕਟ ਸ਼ੁਰੂ ਕੀਤੇ ਜਾ ਰਹੇ ਹਨਅਕਾਲੀ ਦਲ (ਬ), ਜੋ ਇਸ ਵੇਲੇ ਕਿਸਾਨਾਂ ਦੀ ਬੇਵਿਸ਼ਵਾਸੀ ਦਾ ਕਾਰਨ ਬਣ ਚੁੱਕਾ ਹੈ, ਆਪਣੇ ਲਈ ਭਾਈਵਾਲ ਜ਼ਰੂਰ ਤਲਾਸ਼ ਸਕਦਾ ਹੈਇਹ ਭਾਈਵਾਲ ਉਸ ਲਈ ਬਸਪਾ ਵੀ ਹੋ ਸਕਦੀ ਹੈ, ਜਿਸਨੂੰ ਉਹ ਭਾਜਪਾ ਦੇ ਪਾਲੇ ਜਾਣ ਤੋਂ ਰੋਕਣ ਲਈ ਵੱਧ ਸੀਟਾਂ ਆਫ਼ਰ ਕਰ ਸਕਦੀ ਹੈਸਿਆਸੀ ਪੰਡਿਤ ਤਾਂ ਇਹ ਵੀ ਕਹਿੰਦੇ ਸੁਣੇ ਜਾਂਦੇ ਹਨ ਕਿ ਅਕਾਲੀ ਦਲ (ਬ) ਦਾ ਤੇਹ-ਪਿਆਰ ਹਾਲੇ ਭਾਜਪਾ ਨਾਲੋਂ ਖ਼ਤਮ ਨਹੀਂ ਹੋਇਆਜੇਕਰ ਕਿਸਾਨ ਜਥੇਬੰਦੀਆਂ ਨਾਲ ਕੇਂਦਰ ਸਰਕਾਰ ਦਾ ਕੋਈ ਨਿਰਣਾਇਕ ਸਮਝੌਤਾ ਹੋ ਜਾਂਦਾ ਹੈ ਤਾਂ ਉਹ ਪਿਛਲਖੁਰੀ ਭਾਜਪਾ ਨਾਲ ਬਰੋਬਰ ਦੀਆਂ ਸੀਟਾਂ ਦੇ ਕੇ ਚੋਣਾਂ ਲੜ ਸਕਦਾ ਹੈਅਤੇ ਭਾਜਪਾ ਅਕਾਲੀ ਦਲ (ਬ) ਦੇ ਬਲਬੂਤੇ ਚੋਣ ਲੜਕੇ, ਜ਼ਿਆਦਾ ਸੀਟਾਂ ਲੈਕੇ, ਵੱਡੇ ਭਾਈ ਦੀ ਭੂਮਿਕਾ ਨਿਭਾ ਕੇ ‘ਮੁੱਖ ਮੰਤਰੀ’ ਦੀ ਦਾਅਵੇਦਾਰ ਬਣ ਸਕਦੀ ਹੈ

ਆਮ ਆਦਮੀ ਪਾਰਟੀ ਦਿੱਲੀ ਤੋਂ ਬਾਅਦ ਪੰਜਾਬ ਵਿੱਚ ਹੀ ਆਪਣਾ ਭਵਿੱਖ ਵੇਖਦੀ ਹੈਚੋਣ ਮੋਡ ਵਿੱਚ ਆਉਂਦਿਆਂ ‘ਆਪ’ ਨੇ ਆਪਣੇ ਸੰਗਠਨਾਤਮਿਕ ਢਾਂਚੇ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈਆਪਣੇ ਪ੍ਰਧਾਨ ਭਗਵੰਤ ਮਾਨ ਅਤੇ ਸੂਬਾ ਇੰਚਾਰਜ ਜਰਨੈਲ ਸਿੰਘ ਦੀ ਅਗਵਾਈ ਵਿੱਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨਪਰ ਕਿਸਾਨ ਅੰਦੋਲਨ ਦੌਰਾਨ ਉਸ ਵਲੋਂ ਕੀਤੀਆਂ ਗਲਤੀਆਂ ਉਸ ਨੂੰ ਕਿਸਾਨਾਂ ਵਿੱਚ ਆਪਣਾ ਅਧਾਰ ਬਣਾਉਣ ਵਿੱਚ ਔਖਿਆਈਆਂ ਦੇਣਗੀਆਂਇਸ ਵੇਰ, ਪਿਛਲੀ ਚੋਣ ਵਾਂਗ ਪ੍ਰਵਾਸੀ ਪੰਜਾਬੀਆਂ ਦਾ ਵੀ ਉਸ ਨੂੰ ਉਸ ਢੰਗ ਦਾ ਸਹਿਯੋਗ ਪ੍ਰਾਪਤ ਨਹੀਂ ਹੋਵੇਗਾ, ਕਿਉਂਕਿ ਪ੍ਰਵਾਸੀ ਪੰਜਾਬੀਆਂ ਵਿੱਚ ‘ਆਮ ਆਦਮੀ ਪਾਰਟੀ’ ਦਾ ਅਕਸ ਵੀ ਹੁਣ ਰਿਵਾਇਤੀ ਪਾਰਟੀਆਂ ਕਾਂਗਰਸ, ਭਾਜਪਾ, ਅਕਾਲੀ ਦਲ (ਬ) ਵਰਗਾ ਹੀ ਹੋ ਗਿਆ ਹੈ, ਜਿਹੜੀਆਂ ਸਿਰਫ਼ ਸੱਤਾ ਹਥਿਆਉਣ ਦਾ ਕੰਮ ਕਰਦੀਆਂ ਹਨ ਅਤੇ ਜਿਹੜੀਆਂ ਸਿਆਸਤ ਨੂੰ ਸਮਾਜ ਸੇਵਾ ਵਜੋਂ ਨਹੀਂ ਲੈਂਦੀਆਂਪੰਜਾਬ ਵਿੱਚ ਭਾਵੇਂ ‘ਲੋਕ ਇਨਸਾਫ਼ ਪਾਰਟੀ’ ਦੇ ਬੈਂਸ ਭਰਾ ਅਤੇ ‘ਪੰਜਾਬ ਏਕਤਾ ਪਾਰਟੀ’ ਵਾਲੇ ਸੁਖਪਾਲ ਸਿੰਘ ਖਹਿਰਾ ਸਰਗਰਮ ਹਨ, ਪਰ ਉਹਨਾਂ ਦੀਆਂ ਸਰਗਰਮੀਆਂ ਦੋ ਤਿੰਨ ਵਿਧਾਨ ਸਭਾ ਹਲਕਿਆਂ ਤਕ ਸੀਮਤ ਹਨ ਅਤੇ ਉਹਨਾਂ ਤੋਂ ਇਹ ਤਵੱਕੋ ਨਹੀਂ ਕੀਤੀ ਜਾਂਦੀ ਕਿ ਉਹ 2022 ਚੋਣਾਂ ਵਿੱਚ ਕੋਈ ਵਿਸ਼ੇਸ਼ ਭੂਮਿਕਾ ਨਿਭਾਉਣਸੰਭਾਵਨਾ ਇਸ ਗੱਲ ਦੀ ਬਣੀ ਹੋਈ ਹੈ ਕਿ ਉਹ ਅਕਾਲੀ ਦਲ (ਡੈਮੋਕ੍ਰੈਟਿਕ) ਨਾਲ ਰਲਕੇ ਅਗਲੀ ਚੋਣ ਲੜਨ, ਕਿਉਂਕਿ ਅਕਾਲੀ ਦਲ (ਬ) ਤੋਂ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ (ਡੈਮੋਕ੍ਰੈਟਿਕ) ਸਿਆਸੀ ਪਾਰਟੀ ਬਣਾਕੇ ਪੰਜਾਬ ਵਿੱਚ ਤੀਜੀ ਧਿਰ ਕਾਇਮ ਕਰਨ ਲਈ ਪੂਰਾ ਟਿੱਲ ਲਾਇਆ ਹੋਇਆ ਹੈਉਹਨਾਂ ਦਾ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਤੀਜਾ ਫਰੰਟ ਬਣਾਉਣ ਲਈ ਕਾਰਜਸ਼ੀਲ ਹੈ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ, ਜੋ ਅਗਲੇ ਛੇ ਮਹੀਨਿਆਂ ਤਕ ਹੋਣ ਵਾਲੀ ਹੈ, ਉਸ ਵਿੱਚ ਕਾਬਜ਼ ਧਿਰ ਅਕਾਲੀ ਦਲ (ਬ) ਨੂੰ ਟੱਕਰ ਦੇਣ ਅਤੇ ਬਾਦਲਾਂ ਤੋਂ ਆਜ਼ਾਦ ਕਰਵਾਉਣ ਲਈ ਸੁਖਦੇਵ ਸਿੰਘ ਢੀਂਡਸਾ, ਪ੍ਰਧਾਨ ਅਕਾਲੀ ਦਲ (ਡੈਮੋਕ੍ਰੇਟਿਕ), ਨੇ ਟਕਸਾਲੀ ਅਕਾਲੀ ਧਿਰਾਂ ਅਤੇ ਆਗੂਆਂ ਜਿਹਨਾਂ ਦੇ ਮੁਖੀ ਰਣਜੀਤ ਸਿੰਘ ਬ੍ਰਹਮਪੁਰਾ ਪ੍ਰਧਾਨ ਅਕਾਲੀ ਦਲ (ਟਕਸਾਲੀ), ਰਵੀਇੰਦਰ ਸਿੰਘ ਸਾਬਕਾ ਸਪੀਕਰ ਅਤੇ ਪ੍ਰਧਾਨ ਅਕਾਲੀ ਦਲ 1920, ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਅਕਾਲ ਤਖ਼ਤ, ਬਾਬਾ ਸਰਬਜੋਤ ਸਿੰਘ ਬੇਦੀ ਨੂੰ ਇਕੱਠਿਆਂ ਕਰ ਲਿਆ ਹੈ ਅਤੇ ਇਹਨਾਂ ਸਭਨਾਂ ਨੇ ਆਪ ਨਿੱਜੀ ਤੌਰ ’ਤੇ ਵਿਧਾਨ ਸਭਾ ਚੋਣਾਂ ਨਾ ਲੜਨਾ ਤੈਅ ਕੀਤਾ ਹੈਸੁਖਦੇਵ ਸਿੰਘ ਢੀਂਡਸਾ ਆਪ ਚੰਗੇ ਗੁੜ੍ਹੇ ਹੋਏ ਸਿਆਸਤਦਾਨ ਹਨ, ਉਹ ਪ੍ਰਕਾਸ਼ ਸਿੰਘ ਬਾਦਲ ਦੀ ਸੱਜੀ ਬਾਂਹ ਰਹੇ ਹਨ, ਪਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਸੰਭਾਲਣ ਅਤੇ ਕਈ ਮਾਮਲਿਆਂ ’ਤੇ ਪਾਰਟੀ ਵਲੋਂ ਗਲਤ ਫ਼ੈਸਲੇ ਲਏ ਜਾਣ ਕਾਰਨ ਉਹ ਕਈ ਹੋਰ ਟਕਸਾਲੀ ਅਕਾਲੀਆਂ ਵਾਂਗ ਮਨ ਵਿੱਚ ਰੋਸ ਲਈ ਬੈਠੇ ਸਨ ਅਤੇ ਮੌਕੇ ਦੀ ਭਾਲ ਵਿੱਚ ਸਨ ਕਿ ਕਦੋਂ ਅਕਾਲੀ ਦਲ (ਬ) ਦੇ ਕੀਤੇ ਫ਼ੈਸਲਿਆਂ ਸਬੰਧੀ ਨਰਾਜ਼ਗੀ ਦਾ ਤੋੜਾ ਕੱਸਿਆ ਜਾਏ

ਬਿਨਾਂ ਸ਼ੱਕ ਪੰਜਾਬ ਦੀ ਮੌਜੂਦਾ ਸਰਕਾਰ ਨੇ ਆਪਣੇ ਬਹੁਤੇ ਵਾਇਦੇ ਪੂਰੇ ਨਹੀਂ ਕੀਤੇਕਿਸਾਨ ਕਰਜ਼ਿਆਂ ਦੀ ਮਾਫ਼ੀ ਪੂਰੀ ਨਹੀਂ ਹੋਈਭ੍ਰਿਸ਼ਟਾਚਾਰ ਨੂੰ ਨੱਥ ਨਹੀਂ ਪਈਰੇਤ ਮਾਫੀਆ ਅਤੇ ਹੋਰ ਮਾਫੀਏ ਉਵੇਂ ਹੀ ਕੰਮ ਕਰ ਰਹੇ ਹਨਹਾਕਮ ਸਿਆਸੀ ਲੋਕ ਪ੍ਰਬੰਧਕੀ ਕੰਮਾਂ ਵਿੱਚ ਨਿਰਵਿਘਨ ਦਖ਼ਲ ਦਿੰਦੇ ਹਨ, ਜਿਸ ਨਾਲ ਇਨਸਾਫ ਦਾ ਤਰਾਜ਼ੂ ਹਿੱਲ ਜਾਂਦਾ ਹੈਵਿਕਾਸ ਦੇ ਕੰਮ ਪੈਸੇ ਦੀ ਤੰਗੀ ਕਾਰਨ ਰਫ਼ਤਾਰ ਨਹੀਂ ਫੜ ਰਹੇਬੇਰੁਜ਼ਗਾਰੀ ਨੇ ਮੂੰਹ ਅੱਡਿਆ ਹੋਇਆ ਹੈਨਸ਼ਿਆਂ ਨੇ ਨੌਜਵਾਨਾਂ ਦੀ ਮੱਤ ਮਾਰੀ ਹੋਈ ਹੈਨੌਜਵਾਨ, ਪ੍ਰਵਾਸੀ ਬਣਨ ਤੋਂ ਮੁੱਖ ਨਹੀਂ ਮੋੜ ਰਿਹਾਪਰ ਕੈਪਟਨ ਸਰਕਾਰ ਵਲੋਂ ਲੋਕ ਸੰਘਰਸ਼ ਵਿੱਚ ਕਿਸਾਨਾਂ ਦੇ ਹੱਕ ਵਿੱਚ ਭੁਗਤਣਾ ਉਸਦੇ ਹੱਕ ਵਿੱਚ ਗਿਆ ਹੈਪੰਜਾਬ ਦੇ ਪਾਣੀਆਂ ’ਤੇ ਵੀ ਉਸਨੇ ਸਾਰੀਆਂ ਸਿਆਸੀ ਧਿਰਾਂ ਨੂੰ ਇੱਕ ਮੁੱਠ ਕੀਤਾ ਹੈਐੱਸ. ਸੀ. ਵਿਦਿਆਰਥੀਆਂ ਲਈ ਸਕਾਲਰਸ਼ਿੱਪ ਸਕੀਮ ਵੀ ਸੂਬਾ ਸਰਕਾਰ ਨੇ ਪਾਸ ਕੀਤੀ ਹੈਆਮ ਲੋਕ ਮਹਿਸੂਸ ਕਰਨ ਲੱਗ ਪਏ ਹਨ ਕਿ ਕੇਂਦਰ ਦੀ ਸਰਕਾਰ, ਪੰਜਾਬ ਸਰਕਾਰ ਉੱਤੇ ਆਰਥਿਕ ਨਾਕਾਬੰਦੀ ਕਰਕੇ ਉਸ ਨੂੰ ਫੇਲ ਕਰਨਾ ਚਾਹੁੰਦੀ ਹੈਇਸ ਕਰਕੇ ਕਾਂਗਰਸ ਦਾ ਭੈੜਾ ਪ੍ਰਭਾਵ ਹੋਣ ਦੇ ਬਾਵਜੂਦ ਵੀ ਅਗਲੇ ਪੰਜ ਸਾਲਾਂ ਲਈ ਉਸਦੀ ਵਾਪਸੀ ਤੋਂ ਸਿਆਸੀ ਪੰਡਿਤ ਇਨਕਾਰ ਨਹੀਂ ਕਰਦੇ

2022 ਦੀਆਂ ਚੋਣਾਂ ਦੇ ਮੁੱਦਿਆਂ ਵਿੱਚ ਵੱਡਾ ਮੁੱਦਾ ਖੇਤੀ ਕਾਨੂੰਨ ਤਾਂ ਹੋਣਗੇ ਹੀ, ਭਾਵੇਂ ਕਿ ਇਸ ਮੁੱਦੇ ਨੂੰ ਹੱਲ ਕਰਨ ਲਈ ਅਤੇ ਆਪਣਾ ਵੋਟ ਬੈਂਕ ਪੱਕਾ ਕਰਨ ਲਈ ਕੁਝ ਰਾਹਤਾਂ ਦੇਣ ਦਾ ਭਾਜਪਾ ਦੀ ਕੇਂਦਰ ਸਰਕਾਰ ਐਲਾਨ ਕਰ ਦੇਵੇ, ਪਰ ਕਿਸਾਨ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਿਨਾਂ ਸ਼ਾਂਤ ਨਹੀਂ ਹੋਣਗੇਸੂਬਾ ਸਰਕਾਰ ਵਲੋਂ ਕਰਵਾਇਆ ਜਾ ਰਿਹਾ ਵਿਕਾਸ, ਰੁਜ਼ਗਾਰ ਦੇਣ ਲਈ ਕੀਤੇ ਯਤਨ ਅਤੇ ਨਵੇਂ ਉਲੀਕੇ ਪ੍ਰਾਜੈਕਟ ਤਾਂ ਕਾਂਗਰਸ ਵਲੋਂ ਪ੍ਰਚਾਰੇ ਹੀ ਜਾਣਗੇਪਰ ਨਾਲ ਦੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਸਬੰਧੀ ਘਟਨਾਵਾਂ ਅਤੇ ਇਸ ਸਬੰਧੀ ਅਕਾਲੀ ਦਲ (ਬ) ਸਰਕਾਰ ਦਾ ਰੋਲ ਚਰਚਾ ਦਾ ਵਿਸ਼ਾ ਰਹੇਗਾਆਮ ਆਦਮੀ ਪਾਰਟੀ ਸਮੇਤ ਹੋਰ ਵਿਰੋਧੀ ਧਿਰਾਂ ਐੱਸ. ਸੀ. ਸਕਾਲਰਸ਼ਿੱਪ ਘੁਟਾਲੇ ਅਤੇ ਦਲਿਤਾਂ ਉੱਤੇ ਹੋ ਰਹੇ ਜ਼ੁਲਮਾਂ ਨੂੰ ਲੋਕਾਂ ਸਾਹਮਣੇ ਲਿਆਉਣਗੀਆਂ ਅਤੇ ਕੈਪਟਨ ਸਰਕਾਰ ਦੀ ਅਫਸਰਸ਼ਾਹੀ-ਬਾਬੂਸ਼ਾਹੀ ਸਰਕਾਰ ਉੱਤੇ ਤਿੱਖੇ ਹਮਲੇ ਵੀ ਕਰਨਗੀਆਂਬੇਰੁਜ਼ਗਾਰੀ ਦਾ ਮੁੱਦਾ ਵੀ ਸੂਬੇ ਵਿੱਚ ਭਖੇਗਾਇਹ ਠੀਕ ਹੈ ਕਿ ਕੋਵਿਡ-19 ਦੌਰਾਨ ਕੈਪਟਨ ਸਰਕਾਰ ਸੰਜੀਦਗੀ ਨਾਲ ਲੋਕਾਂ ਨੂੰ ਸੂਬੇ ਵਿੱਚ ਸੁਰੱਖਿਅਤ ਰੱਖਣ ਅਤੇ ਸੁਵਿਧਾਵਾ ਦੇਣ ਲਈ ਯਤਨਸ਼ੀਲ ਰਹੀ ਹੈ, ਪਰ ਸੂਬੇ ਵਿੱਚ ਮਜ਼ਦੂਰਾਂ ਦੇ ਕੰਮ ਦੇ ਘੰਟੇ ਵਧਾਉਣ ਵਰਗੇ ਕਿਰਤ ਕਾਨੂੰਨ ਮਨਸੂਖ ਕਰਨੇ, ਮਾਫੀਏ ਨੂੰ ਵਧਣ-ਫੁੱਲਣ ਦੇਣਾ ਅਤੇ ਪੁਲਿਸ ਨੂੰ ਇਸ ਦੌਰਾਨ ਖੁੱਲ੍ਹਾਂ ਦੇਈ ਰੱਖਣਾ, ਚਰਚਾ ਵਿੱਚ ਰਹੇਗਾਪੰਜਾਬ ਦੇ ਪਾਣੀਆਂ ਦੇ ਮਾਮਲੇ ਵਿੱਚ ਪੰਜਾਬ ਨਾਲ ਕੇਂਦਰ ਸਰਕਾਰਾਂ ਵਲੋਂ ਕੀਤਾ ਧੱਕਾ, ਵਿਧਾਨ ਸਭਾ ਵਿੱਚ ਖੇਤੀ ਕਾਨੂੰਨ ਰੱਦ ਕਰਨ ਉਪਰੰਤ ਰਾਜਪਾਲ ਨੂੰ ਭਾਜਪਾ ਤੋਂ ਬਿਨਾਂ ਸਭਨਾਂ ਪਾਰਟੀਆਂ ਵਲੋਂ ਇਕੱਠਿਆਂ ਮਿਲਣਾ, ਉਪਰੰਤ ਆਮ ਆਦਮੀ ਪਾਰਟੀ ਤੇ ਅਕਾਲੀ ਦਲ (ਬ) ਵਲੋਂ ਰਾਸ਼ਟਰਪਤੀ ਨੂੰ ਨਾ ਮਿਲਣ ਜਾਣਾ ਅਤੇ ਰਾਸ਼ਟਰਪਤੀ ਵਲੋਂ ਸੂਬੇ ਦੇ ਚੁਣੇ ਹੋਏ ਵਿਧਾਇਕਾਂ ਸਮੇਤ ਮੁੱਖ ਮੰਤਰੀ ਦੇ, ਨਾ ਮਿਲਣਾ ਚੋਣਾਂ ਵਿੱਚ ਵੱਡਾ ਮੁੱਦਾ ਬਣਿਆ ਦਿਸੇਗਾਬਿਨਾਂ ਸ਼ੱਕ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਅਤੇ ਕੋਵਿਡ-19 ਦੌਰਾਨ ਸੰਘੀ ਸਰਕਾਰਾਂ ਦੀ ਸੰਘੀ ਘੁੱਟ ਕੇ ਸੂਬਿਆਂ ਦੇ ਅਧਿਕਾਰ ਕੇਂਦਰ ਸਰਕਾਰ ਵਲੋਂ ਖੋਹੇ ਜਾਣਾ ਵੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੁੱਦੇ ਬਨਣਗੇ

ਇੱਥੇ ਇਹ ਗੱਲ ਕਰਨੀ ਕੁਥਾਂਵੀਂ ਨਹੀਂ ਹੋਵੇਗੀ ਕਿ ਪੰਜਾਬ ਵਿੱਚ ਸੰਘਰਸ਼ ਕਰ ਰਹੀ ਕਿਰਸਾਨੀ ਵਿੱਚੋਂ ਨਵੀਂ ਸਿਆਸੀ ਲੀਡਰਸ਼ਿੱਪ ਪੈਦਾ ਹੋ ਸਕਦੀ ਹੈ, ਜਿਹੜੀ ਪੰਜਾਬ ਦੇ ਮੁੱਦਿਆਂ, ਮਸਲਿਆਂ ਨੂੰ ਲੈ ਕੇ ਪੰਜਾਬ ਦੇ ਲੋਕ ਉਭਾਰ ਨੂੰ ਆਪਣੇ ਹੱਕ ਵਿੱਚ ਭਨਾ ਸਕਦੀ ਹੈ ਪਰ ਇਹ ਤਦੇ ਸੰਭਵ ਹੋਏਗਾ ਜੇਕਰ ਕਿਸਾਨ ਨੇਤਾ ਜਾਂ ਇਸ ਲਹਿਰ ਨਾਲ ਜੁੜੇ ਲੋਕ ਆਪਣਾ ਹੁਣ ਵਾਲਾ ਸਿਆਸੀ ਪਿਛੋਕੜ ਭੁਲਾ ਕੇ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਇਕਮੁੱਠ ਕਰਕੇ ਸਿਆਸੀ ਚੇਤਨਾ ਨਾਲ, ਘੱਟੋ-ਘੱਟ ਪ੍ਰੋਗਰਾਮ, ਜਿਸ ਵਿੱਚ ਪੰਜਾਬ ਦੇ ਪਾਣੀਆਂ, ਸੂਬਿਆਂ ਨੂੰ ਵੱਧ ਅਧਿਕਾਰ, ਪੰਜਾਬ ਲਈ ਰਾਜਧਾਨੀ, ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਮਾਫੀਏ ਦੇ ਖਾਤਮੇ ਦੇ ਮੁੱਦੇ ਤੈਅ ਕਰਕੇ ਇੱਕੋ ਪਲੇਟਫਾਰਮ ’ਤੇ ਅੱਗੇ ਵਧਣ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2422)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author