GurmitPalahi7ਸਵਾਲ ਪੈਦਾ ਹੁੰਦਾ ਹੈ ਕਿ ‘ਨਵਾਂ ਭਾਰਤ’ ਦੀ ਧਾਰਨਾ ਧਰਮ ਵਿਸ਼ੇਸ਼ ਦਾ ...
(24 ਫਰਵਰੀ 2020)

 

ਰੂਸ ਦੇ ਹਾਕਮ ਵਲਾਦੀਮੀਰ ਪੁਤਿਨ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਅੰਦਰਲੇ ਅਤੇ ਬਾਹਰਲੇ ਦੁਸ਼ਮਣਾਂ ਦਾ ਸਫਾਇਆ ਕਰਨ ਵਾਲੇ ਅਤੇ ‘ਘੁਣ’ ਨੂੰ ਮਿਟਾਉਣ ਵਾਲੇ ਇੱਕ ਤਾਨਾਸ਼ਾਹ ਵਜੋਂ ਕੰਮ ਕਰਦੇ ਦਿਖਾਈ ਦੇ ਰਹੇ ਹਨ। ਦੋਹਾਂ ਦਾ ਜੋੜ-ਮੇਲ ਅਤੇ ਕੰਮ ਕਰਨ ਦਾ ਰੰਗ-ਢੰਗ ਕੁਝ ਇਹੋ ਜਿਹਾ ਹੈ ਕਿ ਰਾਤਾਂ ਨੂੰ ਆਏ ਸੁਪਨਿਆਂ ਨੂੰ ਉਹ ਦਿਨ ਚੜ੍ਹਦੇ ਦੇਸ਼ ਉੱਤੇ ਮੱਲੋ-ਜ਼ੋਰੀ ਲਾਗੂ ਕਰਨ ਵਾਲਿਆਂ ਵਾਂਗ ਜਾਣੇ ਜਾਣ ਲੱਗ ਪਏ ਹਨ।

ਪਿਛਲੇ ਸਤੰਬਰ ਵਿੱਚ ਅਮਰੀਕਾ ਦੇ ਸ਼ਹਿਰ ਹਿਊਸਟਨ ਦੇ ਫੁੱਟਬਾਲ ਸਟੇਡੀਅਮ ਵਿੱਚ ਕਰਵਾਈ ਇੱਕ ਰੈਲੀ ਵਿੱਚ ਮੋਦੀ ਅਤੇ ਟਰੰਪ ਦੋ ਭਰਾਵਾਂ ਦੀ ਤਰ੍ਹਾਂ ਹੱਥ ਵਿੱਚ ਹੱਥ ਪਾ ਕੇ ਘੁੰਮੇ ਸਨ। ਇਹੋ ਵਰਤਾਰਾ ਗੁਜਰਾਤ ਦੇ ਸ਼ਹਿਰ ਅਹਿਮਦਾਵਾਦ ਵਿੱਚ ਵੇਖਣ ਨੂੰ ਮਿਲਿਆ। ਅਸਲ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਰਗਾ ਪ੍ਰਧਾਨ ਮੰਤਰੀ, ਟਰੰਪ ਨੂੰ ਦੁਨੀਆ ਦੇ ਕਿਸੇ ਹੋਰ ਖਿੱਤੇ ਵਿੱਚ ਦਿਖਾਈ ਨਹੀਂ ਦੇਵੇਗਾ, ਜੋ ਅਲੱਗ ਦੇਸ਼ ਦਾ, ਅਲੱਗ ਸੱਭਿਆਚਾਰ ਦਾ ਹੋਣ ਦੇ ਬਾਵਜੂਦ ਉਸ ਨੂੰ ਆਪਣੇ ਵਰਗਾ ਜਾਪਦਾ ਹੋਵੇ। ਕਦੇ ਅਮਰੀਕਾ ਕਾਨੂੰਨ ਦੇ ਰਾਜ ਅਤੇ ਬਿਹਤਰ ਜ਼ਿੰਦਗੀ ਦੀਆਂ ਲੰਮੀਆਂ ਪਰੰਪਰਾਵਾਂ ਨੂੰ ਅੱਗੇ ਲੈ ਜਾਣ ਵਾਲੇ ਦੇਸ਼ ਵਜੋਂ ਜਾਣਿਆ ਜਾਂਦਾ ਸੀ, ਅੱਜ ਉਸ ਦੇਸ਼ ਨੇ ਕਠੋਰਤਾ ਨਾਲ ਕੰਮ ਕਰਨ ਵਾਲੇ ਤਾਨਾਸ਼ਾਹ ਟਰੰਪ ਅੱਗੇ ਆਪਣੇ ਆਪ ਦਾ ਆਤਮ ਸਮਰਪਨ ਕਰ ਦਿੱਤਾ ਹੈ, ਭਾਵੇਂ ਕਿ ਉੱਥੋਂ ਦੇ ਸੂਝਵਾਨ ਲੋਕਾਂ ਨੇ ਉਸ ਉੱਤੇ ਮਹਾਂ-ਦੋਸ਼ ਲਗਾਕੇ ਮੁੱਕਦਮਾ ਚਲਾਇਆ, ਜਿਸ ਵਿੱਚ ਉਹ ਸਫਲ ਨਹੀਂ ਹੋ ਸਕੇ। ਹਾਲਤ ਤਾਂ ਭਾਰਤ ਦੇਸ਼ ਦੀ ਵੀ ਕੁਝ ਇਹੋ ਜਿਹੀ ਬਣੀ ਹੋਈ ਹੈ, ਉਹ ਭਾਰਤ ਜਿਹੜਾ ਸਮਰਾਜਵਾਦ ਨਾਲ ਲੜਨ ਵਾਲਾ, ਮੁਨਾਫ਼ਾ ਲੱਭਣ ਵਾਲੇ ਅਤੇ ਨਿੱਜੀ ਜਾਇਦਾਦ ਬਣਾਉਣ ਵਾਲਿਆਂ ਨੂੰ ਨਫ਼ਰਤੀ ਨਜ਼ਰਾਂ ਨਾਲ ਵੇਖਦਾ ਸੀ, ਅੱਜ ਮੋਦੀ ਦੇ “ਟਰੈਪ“ ਵਿੱਚ ਫਸਿਆ ਹੋਇਆ ਹੈ।

ਅਮਰੀਕੀ ਰਾਸ਼ਟਰਪਤੀ ਦੇ ਤੌਰ-ਤਰੀਕੇ ਵੇਖੋ। ਉਸ ਉੱਤੇ ਕਾਨੂੰਨ ਭੰਗ ਕਰਨ ਵਾਲੇ, ਗੁੰਡਾਗਰਦੀ ਕਰਨ ਵਾਲਿਆਂ ਨੂੰ ਮੁਆਫ਼ੀ ਦੇਣ ਦਾ ਦੋਸ਼ ਹੈ। ਉਸਨੇ ਆਪਣੇ ਸਿਆਸੀ ਸਲਾਹਕਾਰ ਰੌਜਰ ਸਟੋਨ ਨੂੰ ਵੀ ਮੁਆਫ਼ੀ ਦੇ ਦਿੱਤੀ, ਜਿਸਨੇ ਸਬੂਤਾਂ ਨਾਲ ਛੇੜ-ਛਾੜ ਕੀਤੀ ਸੀ ਅਤੇ ਝੂਠ ਬੋਲਣ ਜਿਹੇ ਸੱਤ ਮਾਮਲਿਆਂ ਵਿੱਚ ਜਿਹੜਾ ਦੋਸ਼ੀ ਸੀ। ਅਸਲ ਵਿੱਚ ਟਰੰਪ, ਭਾਰਤ ਦੇਸ਼ ਦੀ ਮੁਆਫ਼ ਕਰਨ ਦੀ ਪਰੰਪਰਾ ਨੂੰ ਉਤਸ਼ਾਹਤ ਕਰ ਰਿਹਾ ਹੈ। ਟਰੰਪ ਨੇ ਪ੍ਰਵਾਸੀਆਂ ਅਤੇ ਮੁਸਲਮਾਨਾਂ ਦੇ ਵਿਰੁੱਧ ਕਦਮ ਉਠਾਉਂਦੇ ਹੋਏ ਅਮਰੀਕੀ ਕਾਂਗਰਸ ਦੀ ਅਣਦੇਖੀ ਕੀਤੀ। ਬਿਲਕੁਲ ਉੱਤੇ ਤਰ੍ਹਾਂ ਜਿਵੇਂ ਭਾਰਤ ਵਿੱਚ ਮੁਸਲਮਾਨ ਸ਼ਰਨਾਰਥੀਆਂ ਨੂੰ ‘ਘੁਣ’ ਕਹਿੰਦੇ ਹੋਏ ਭਾਰਤ ਦੇ ਗ੍ਰਹਿ ਮੰਤਰੀ ਨੇ ਸੰਸਦ ਵਿੱਚ ਉਹਨਾਂ ਦੇ ਵਿਰੁੱਧ ਸੀਏਏ ਵਰਗਾ ਕਾਨੂੰਨ ਪਾਸ ਕਰਵਾ ਦਿੱਤਾ, ਜੋ ਅਸਲ ਅਰਥਾਂ ਵਿੱਚ ਭਾਰਤ ਸੰਵਿਧਾਨ ਦੀਆਂ ਲੋਕਤੰਤਰਿਕ, ਧਰਮ ਨਿਰਪੱਖ ਪਰੰਪਰਾਵਾਂ ਨੂੰ ਦੰਦ ਚਿੜਾਉਣ ਵਰਗਾ ਸੀ। ਇਹ ਸੀਏਏ ਕਾਨੂੰਨ ਅਤੇ ਐੱਨ.ਆਰ.ਸੀ. ਜਿਹੇ ਤਾਨਾਸ਼ਾਹ ਕਾਨੂੰਨ ਪਾਸ ਕਰਕੇ ਅਤੇ ਕਸ਼ਮੀਰ ਘਾਟੀ ਵਿੱਚ ਭਾਰਤੀ ਹਾਕਮਾਂ ਨੇ 370 ਧਾਰਾ ਹਟਾਕੇ ਆਮ ਲੋਕਾਂ ਸਮੇਤ ਛੋਟੇ ਬੱਚਿਆਂ ਤੱਕ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ, ਬਿਲਕੁਲ ਉਸੇ ਤਰ੍ਹਾਂ ਜਿਵੇਂ ਅਮਰੀਕਾ ਵਿੱਚ ਟਰੰਪ ਪ੍ਰਾਸ਼ਾਸ਼ਨ ਨੇ ਪ੍ਰਵਾਸੀਆਂ ਨੂੰ ਬਾਹਰ ਕੱਢਣ ਅਤੇ ਉਹਨਾਂ ਦੇ ਬੱਚਿਆਂ ਨੂੰ ਪੂਰੀ ਕਰੂਰਤਾ ਨਾਲ ਮਾਤਾ-ਪਿਤਾ ਤੋਂ ਵੱਖਰਿਆਂ ਰੱਖਕੇ ਹਿਰਾਸਤ ਕੇਂਦਰਾਂ ਵਿੱਚ ਭੇਜਿਆ। ਭਾਵੇਂ ਕਿ ਅਮਰੀਕਾ ਵਿੱਚ ਇਸ ਤਾਨਾਸ਼ਾਹ ਵਤੀਰੇ ਸਬੰਧੀ ਰੋਸ ਹੈ, ਪਰ ਟਰੰਪ ਪ੍ਰਸ਼ਾਸਨ ਪ੍ਰਵਾਹ ਨਹੀਂ ਕਰ ਰਿਹਾ।

ਭਾਰਤੀ ਲੋਕਾਂ ਵਿੱਚ ਐੱਨ.ਆਰ.ਸੀ ਅਤੇ ਸੀਏਏ ਵਿਰੁੱਧ ਗੁੱਸਾ ਹੈ। ਇਸ ਵਿਰੁੱਧ ਥਾਂ-ਥਾਂ ਮੋਰਚੇ ਲੱਗੇ ਹੋਏ ਹਨ। ਮੁਜ਼ਾਹਰੇ ਹੋ ਰਹੇ ਹਨ, ਪਰ ਤਾਨਾਸ਼ਾਹ ਅਮਿਤ-ਮੋਦੀ ਜੋੜੀ ਇਸ ਨੂੰ ਟਿੱਚ ਸਮਝਦੀ ਹੈ। ਸੱਚ ਤਾਂ ਇਹ ਹੈ ਕਿ ਅੱਜ ਦਾ ਭਾਰਤ ਟਰੰਪ ਦੇ ਲਈ ਸਭ ਤੋਂ ਵੱਡਾ ਸੁਪਨਿਆਂ ਨੂੰ ਪੂਰਿਆਂ ਕਰਨ ਵਾਲਾ ਸਵਰਗ ਦਿਖਾਈ ਦਿੰਦਾ ਹੈ। ਵੱਡੀ ਗਿਣਤੀ ਵਿੱਚ ਅਮਰੀਕਾ ਰਹਿੰਦੀ ਹਿੰਦੂ ਅਬਾਦੀ ਉਸ ਨੂੰ ਮੋਦੀ ਦੇ ਰਾਹੀਂ ਆਪਣੀ ਵੋਟ ਬੈਂਕ ਪੱਕਾ ਕਰਨ ਦਾ ਸਾਧਨ ਵੀ ਜਾਪਦੀ ਹੈ ਅਤੇ ਧਨਾਢਾਂ ਦੇ ਹੱਕਾਂ ਲਈ ਭਾਰਤ ਨਾਲ ਵਧੇਰੇ ਸਬੰਧ ਬਣਾਕੇ ਉਸ ਨੂੰ ਲੁੱਟਣ ਦੀ ਵੀ। ਇਸੇ ਕਰਕੇ ਟਰੰਪ ਅਮਰੀਕੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਭਾਰਤ ਦੇ ਦੌਰੇ ਉੱਤੇ ਆ ਰਿਹਾ ਹੈ ਤਾਂ ਕਿ ਅਮਰੀਕਾ ਵਿੱਚ ਰਹਿੰਦੇ ਹਿੰਦੂਆਂ ਦੀਆਂ ਵੋਟਾਂ ਬਟੋਰੀਆਂ ਜਾ ਸਕਣ ਅਤੇ ਦਬਕੇ ਮਾਰਕੇ ਭਾਰਤ ਨਾਲ ਵਪਾਰਕ ਸਮਝੌਤਿਆਂ ਉੱਤੇ ਦਸਤਖਤ ਕੀਤੇ ਜਾ ਸਕਣ।

ਸਾਲ 2016 ਵਿੱਚ ਰਾਸ਼ਟਰਪਤੀ ਚੋਣ ਮੁਹਿੰਮ ਵਿੱਚ ਟਰੰਪ ਨੇ ਕਿਹਾ ਸੀ ਕਿ ਮੈਂ ਹਿੰਦੂਆਂ ਨੂੰ ਪਿਆਰ ਕਰਦਾ ਹਾਂ। ਭਾਰਤ ਦੀ ਬਹੁ-ਸੰਖਿਅਕ ਆਬਾਦੀ ਹਿੰਦੂਆਂ ਨੂੰ ਪਸੰਦ ਕਰਨ ਦੀ ਟਰੰਪ ਦੀ ਚਾਹਤ ਅਤੇ ਅਮਰੀਕਾ ਵਿੱਚ ਸਭ ਤੋਂ ਅਮੀਰ ਅਤੇ ਜ਼ਾਹਿਰਾ ਤੌਰ ਉੱਤੇ ਟਰੰਪ ਨੂੰ ਚਾਹੁਣ ਵਾਲੀ ਘੱਟ ਗਿਣਤੀ ਰਾਸ਼ਟਰਵਾਦੀ ਅਮਰੀਕੀਆਂ ਦੀਆਂ ਜੜ੍ਹਾਂ ਇਸ ਦਰਮਿਆਨ ਹੋਰ ਗਹਿਰੀਆਂ ਹੋਈਆਂ ਹਨ। ਜਿਵੇਂ ਭਾਰਤ ਵਿੱਚ ਰਾਸ਼ਟਰਵਾਦ ਦੇ ਨਾਮ ਉੱਤੇ ਹਿੰਦੂਆਂ-ਮੁਸਲਮਾਨਾਂ ਵਿੱਚ ਪਾੜਾ ਪਾਇਆ ਜਾ ਰਿਹਾ ਹੈ, ਵੋਟਾਂ ਸਮੇਂ ਇੱਕ ਦੂਜੇ ਵਿਰੁੱਧ ਨਫ਼ਰਤ ਫੈਲਾਈ ਜਾ ਰਹੀ ਹੈ, ਉਸ ਨਾਲ ਭਾਰਤੀ ਲੋਕਤੰਤਰ ਦੀ ਪਛਾਣ ਦਾ, ਟਰੰਪਲੈਂਡ ਨਾਲ ਜੋੜਕੇ ਪੱਧਰ ਬਹੁਤ ਥੱਲੇ ਸੁੱਟ ਦਿੱਤਾ ਗਿਆ। ਜਿਵੇਂ ਟਰੰਪ ਅਤੇ ਟਰੰਪਵਾਦ 1980 ਅਤੇ 1990 ਦੇ ਦਹਾਕੇ ਵਿੱਚ ਸੱਤਾ ਦੇ ਗਲਿਆਰੇ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਨਿੱਤਰਿਆ, ਇਵੇਂ ਹੀ ਸ਼੍ਰੀਮਾਨ ਮੋਦੀ ਅਤੇ ਹਿੰਦੂਵਾਦ ਦੇ ਦੌਰ ਵਿੱਚ ਜਾਇਦਾਦ ਅਤੇ ਸੱਤਾ ਦੀ ਹੋੜ ਸ਼ੁਰੂ ਹੋਈ, ਭਾਵੇਂ ਕਿ ਇਹ ਭਾਰਤੀ ਜੀਵਨ ਮੁੱਲਾਂ ਨੂੰ ਪ੍ਰਵਾਨ ਨਹੀਂ ਸੀ। ਇਸੇ ਕਰਕੇ ਸਾਮਰਾਜਵਾਦ ਨਾਲ ਲੜਨ ਵਾਲੇ ਨੇਤਾਵਾਂ ਦੇ ਯਤਨਾਂ ਨਾਲ ਸਾਦਾ ਜੀਵਨ ਅਤੇ ਸਾਰਿਆਂ ਦਾ ਕਲਿਆਣ ਭਾਰਤ ਦੇ ਜੀਵਨ ਮੁੱਲ ਬਣੇ। ਇਸੇ ਲਈ ਹਰਮਨ ਪਿਆਰਾ ਸਿਨੇਮਾ, ਸਰਕਾਰੀ ਟੈਲੀਵੀਜ਼ਨ ਅਤੇ ਸਿਆਸੀ ਨੇਤਾਵਾਂ ਦੇ ਭਾਸ਼ਣ ਉੱਚ ਵਿਚਾਰਾਂ ਦੇ ਇਰਦ-ਗਿਰਦ ਹੁੰਦੇ ਸਨ ਅਤੇ ਇਹਨਾਂ ਵਿੱਚ ਪੇਂਡੂ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵੱਧ ਜ਼ੋਰ ਦਿੱਤਾ ਜਾਂਦਾ ਸੀ ਅਤੇ ਮੁੱਠੀ ਭਰ ਅਮੀਰ ਲੋਕ ਪੂਰੇ ਦ੍ਰਿਸ਼ ਵਿੱਚ ਕਿਧਰੇ ਵੀ ਦਿਖਾਈ ਨਹੀਂ ਦਿੰਦੇ ਸਨ। ਪਰ ਅੱਜ ਮੋਦੀ ਯੁੱਗ ਵਿੱਚ ਮੀਡੀਆ ਮੂਲ ਰੂਪ ਵਿੱਚ ਸਿਆਸਤ ਨਾਲ ਸੰਚਾਲਿਤ ਹੁੰਦਾ ਹੈ। ਇਹ ਮੀਡੀਆ ਪਿਛਲੀਆਂ ਚੋਣਾਂ ਤੋਂ ਅੱਗੇ ਦੇਖਦਾ ਹੈ ਜਾਂ ਪਿਛਲੀਆਂ ਚੋਣਾਂ ਵੱਲ ਪਿੱਛੇ ਮੁੜਕੇ ਦੇਖਦਾ ਹੈ, ਜਾਂ ਕਹੀਏ ਕਿ ਕਿਸ ਮੰਤਰੀ ਨੇ ਕੀ ਕਿਹਾ ਜਾਂ ਵਿਰੋਧੀ ਨੇਤਾ ਨੇ ਕੀ ਕਿਹਾ ਵੱਲ ਧਿਆਨ ਕਰਦਾ ਹੈ। ਇਹ ਜਾਣਦਿਆਂ ਹੋਇਆ ਵੀ ਕਿ ਦੇਸ਼ ਦਾ ਭਵਿੱਖ ਤਾਂ ਸਕੂਲ, ਕਾਲਜ, ਹਸਪਤਾਲਾਂ ਅਤੇ ਸਾਡੇ ਹਵਾ, ਪਾਣੀ, ਮਿੱਟੀ, ਜੰਗਲਾਂ ਦੀ ਹਾਲਤ ਉੱਤੇ ਨਿਰਭਰ ਹੈ ਪਰ ਇਸ ਸਬੰਧੀ ਕੋਈ ਚਰਚਾ ਹੀ ਨਹੀਂ ਹੁੰਦੀ। ਮੁੱਠੀ ਭਰ ਕਾਰਪੋਰੇਟ ਜਗਤ ਨੇ ਇਸ ਉੱਤੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਹੈ।

ਭਾਰਤ ਦੇ ਵਿੱਚ ਆਰਥਿਕ ਉਦਾਰੀਕਰਨ (1991) ਦੇ ਤੀਹ ਸਾਲ ਬਾਅਦ ਬਹੁਤੇ ਭਾਰਤੀ, ਭੋਜਨ, ਸਾਫ ਪਾਣੀ, ਟਾਇਲਟ, ਰੁਜ਼ਗਾਰ ਅਤੇ ਘਰ ਲਈ ਸੰਘਰਸ਼ ਕਰ ਰਹੇ ਹਨ ਪ੍ਰੰਤੂ ਉਦਾਰੀਕਰਨ ਦਾ ਲਾਭ ਪਾਉਣ ਵਾਲੇ ਉੱਚੀ ਜਾਤੀ ਦੇ ਵੱਡੇ ਲੋਕਾਂ ਨੇ ਗਰੀਬਾਂ ਤੋਂ ਆਪਣੀ ਦੂਰੀ ਬਣਾ ਲਈ ਹੋਈ ਹੈ। ਦੇਸ਼ ਭਾਰਤ ਵਿੱਚ ਵੱਡੇ ਪੱਧਰ ਉੱਤੇ ਘਪਲੇ ਹੋ ਰਹੇ ਹਨ। ਬੈਂਕ ਘੁਟਾਲਿਆਂ ਦਾ ਜ਼ੋਰ ਹੈ। ਮੋਦੀ ਦੀ ਇਮਾਨਦਾਰ ਸਰਕਾਰ ਵੇਲੇ ਪਿਛਲੀ ਇੱਕ ਅਪ੍ਰੈਲ ਤੋਂ ਇੱਕਤੀ ਦਸੰਬਰ 2019 ਭਾਵ 9 ਮਹੀਨਿਆਂ ਵਿੱਚ ਦੇਸ਼ ਵਿੱਚ 8926 ਮਾਮਲਿਆਂ ਵਿੱਚ ਸਰਕਾਰੀ ਬੈਂਕਾਂ ਨੂੰ ਇੱਕ ਲੱਖ ਸਤਾਰਾਂ ਹਜ਼ਾਰ ਕਰੋੜ ਦਾ ਚੂਨਾ ਲੱਗਾ ਹੈ। ਇਹ ਸੂਚਨਾ ਆਰ.ਟੀ.ਆਈ. ਰਾਹੀਂ ਪ੍ਰਾਪਤ ਕੀਤੀ ਗਈ ਹੈ। ਜਦ ਕਿ 2019 ਤੋਂ ਪਹਿਲਾਂ ਦੇ 11 ਵਿੱਤੀ ਸਾਲਾਂ ਦੌਰਾਨ 53 ਹਜ਼ਾਰ ਮਾਮਲਿਆਂ ਵਿੱਚ ਦੋ ਲੱਖ ਪੰਜ ਹਜ਼ਾਰ ਕਰੋੜ ਦਾ ਬੈਂਕ ਘੁਟਾਲਾ ਹੋਇਆ। ਪਰ ਦੂਜੇ ਪਾਸੇ ਦੇਸ਼ ਵਿੱਚ ਮਰ ਰਹੇ, ਆਤਮ-ਹੱਤਿਆ ਕਰ ਰਹੇ, ਖੇਤੀ ਛੱਡ ਰਹੇ ਕਿਸਾਨਾਂ ਦੇ ਹਿਤਾਂ ਨੂੰ ਛਿੱਕੇ ਟੰਗ ਕੇ, ਡਾ. ਸਵਾਮੀਨਾਥਨ ਦੀ ਰਿਪੋਰਟ ਨੂੰ ਦਰ ਕਿਨਾਰ ਕਰਕੇ ਫ਼ਸਲਾਂ ਦੇ ਘੱਟੋ-ਘੱਟ ਮੁੱਲ ਦੇਣ ਤੋਂ ਇਨਕਾਰ ਕਰਨ ਦੀ ਨੀਤੀ ਤਿਆਰ ਕੀਤੀ ਜਾ ਰਹੀ ਹੈ ਜਦਕਿ ਕਾਰਪੋਰੇਟ ਸੈਕਟਰ ਨੂੰ ਵੱਡੇ ਕਰਜ਼ੇ, ਸਬਸਿਡੀਆਂ ਦੇਣ ਲਈ ਸਰਕਾਰੀ ਖਜ਼ਾਨੇ ਦੇ ਮੂੰਹ ਖੋਲ੍ਹੇ ਹੋਏ ਹਨ।

ਬਿਲਕੁਲ ਇਹੋ ਹਾਲ ਵਪਾਰੀ-ਕਾਰੋਬਾਰੀ ਰਾਸ਼ਟਰਪਤੀ ਟਰੰਪ ਦੇ ਦੇਸ਼ ਅਮਰੀਕਾ ਵਿੱਚ ਹੈ, ਜਿੱਥੇ ਟਰੰਪ ਪ੍ਰਸ਼ਾਸਨ ਆਮ ਲੋਕਾਂ ਨਾਲੋਂ, ਕੱਟੜਵਾਦੀ ਰਾਸ਼ਟਰਵਾਦੀ ਲੋਕਾਂ ਅਤੇ ਕਾਰਪੋਰੇਟ ਜਗਤ ਦੀ ਭਰਪੂਰ ਹਮਾਇਤ ਕਰਦਾ ਹੈ, ਉਹਨਾਂ ਅਨੁਸਾਰ ਨੀਤੀਆਂ ਘੜਦਾ ਹੈ ਅਤੇ ਆਪਣੇ ਟਰੰਪੀ ਜੀਵਨ ਮੁੱਲਾਂ ਨੂੰ ਲਾਗੂ ਕਰਦਾ ਹੈ।

ਭਾਰਤ ਵਿੱਚ ਵਿਰੋਧੀ ਧਿਰ ਦੀ ਲੋਕ ਮਸਲਿਆਂ ਨੂੰ ਚੁੱਕਣ ਵਿੱਚ ਨਾ-ਕਾਮਯਾਬੀ ਅਤੇ ਆਪਸੀ ਫੁੱਟ ਕਾਰਨ ‘ਮੋਦੀ ਜੀਵਨ ਮੁੱਲਾਂ ‘ਦੀ ਦੇਸ਼ ਵਿੱਚ ਚੜ੍ਹਤ ਦੇਖਣ ਨੂੰ ਮਿਲ ਰਹੀ ਹੈ। ਮੋਦੀ ਪ੍ਰਸ਼ਾਸ਼ਨ ਨੇ ਚੋਣ ਕਮਿਸ਼ਨ, ਸੀ.ਬੀ.ਆਈ. ਅਤੇ ਹੋਰ ਅਜ਼ਾਦਾਨਾ ਕੰਮ ਕਰਨ ਵਾਲੀਆਂ ਸੰਸਥਾਵਾਂ ਉੱਤੇ ਆਪਣਾ ਕੰਟਰੋਲ ਕਰ ਲਿਆ ਹੈ। ਅਦਾਲਤਾਂ ਉੱਤੇ ਵੀ ਆਪਣਾ ਸ਼ਿਕੰਜਾ ਕੱਸਣ ਦੇ ਯਤਨ ਹੋ ਰਹੇ ਹਨ। ਨੋਟ-ਬੰਦੀ, ਜੀ.ਐੱਸ.ਟੀ. ਲਾਗੂ ਕਰਨਾ, 370 ਧਾਰਾ ਕਸ਼ਮੀਰ ਵਿੱਚੋਂ ਹਟਾਉਣਾ, ਸੀ.ਆਈ.ਏ. ਕਾਨੂੰਨ ਧੱਕੇ ਨਾਲ ਲਾਗੂ ਕਰਨਾ, ਰਾਸ਼ਟਰਵਾਦ ਦੇ ਨਾਮ ਉੱਤੇ ਲੋਕਾਂ ਵਿੱਚ ਵੰਡ ਪਾਉਣੀ, ਲੋਕਾਂ ਦੀਆਂ ਭਾਵਨਾਵਾਂ ਤੋਂ ਉਲਟ ਇਹੋ ਜਿਹੇ ਕੰਮ ਹਨ, ਜਿਹਨਾਂ ਵਿੱਚੋਂ ਤਾਨਾਸ਼ਾਹੀ ਦੀ ਬੋਅ ਆਉਂਦੀ ਹੈ। ਜਿਸ ਰਸਤੇ ਉੱਤੇ ਮੋਦੀ ਪ੍ਰਸ਼ਾਸਨ ਤੁਰ ਰਿਹਾ ਹੈ ਅਤੇ ਮੋਦੀ ਦੀ ਜੈ ਜੈ ਕਾਰ ਕੀਤੀ ਜਾ ਰਹੀ ਹੈ, ਭਵਿੱਖ ਵਿੱਚ ਇਹ ਅਮਰੀਕਾ ਵਰਗੇ ਰਾਸ਼ਟਰਪਤੀ ਪ੍ਰਸ਼ਾਸਨ ਦੀ ਦਸਤਕ ਵੀ ਹੋ ਸਕਦੀ ਹੈ।

ਸਵਾਲ ਪੈਦਾ ਹੁੰਦਾ ਹੈ ਕਿ ‘ਨਵਾਂ ਭਾਰਤ’ ਦੀ ਧਾਰਨਾ ਧਰਮ ਵਿਸ਼ੇਸ਼ ਦਾ ਵਿਸ਼ੇਸ਼ ਅਧਿਕਾਰਤ ਰਾਜ ਤਾਂ ਨਹੀਂ, ਜਿੱਥੇ ਘੱਟ ਗਿਣਤੀਆਂ ਦੇ ਅਧਿਕਾਰ ਹੋਰ ਵੀ ਸੀਮਤ ਹੋਣਗੇ ਜਾਂ ਉਹਨਾਂ ਨੂੰ ਦੇਸ਼ ਨਿਕਾਲਾ ਦੇਣ ਲਈ ਬਣ-ਛੁੱਬ ਕੀਤਾ ਜਾਏਗਾ, ਉਵੇਂ ਹੀ ਜਿਵੇਂ ਅਮਰੀਕਾ ਦੇ ਟਰੰਪ ਨੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਤੇ ਰਾਸ਼ਟਰਵਾਦੀ ਅਮਰੀਕੀਆਂ ਨੂੰ ਵੱਧ ਅਧਿਕਾਰ ਅਤੇ ਸੁਖ-ਸਹੂਲਤਾਂ ਦੇਣ ਦਾ ਟੀਚਾ ਹੀ ਨਹੀਂ ਮਿਥਿਆ, ਸਗੋਂ ਇਸ ਉੱਤੇ ਅਮਲ ਵੀ ਕਠੋਰਤਾ ਨਾਲ ਕੀਤਾ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1954)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author