GurmitPalahi7ਪੰਜਾਬ, ਦੇਸ਼ ਦੇ ਬਾਕੀ ਹਿੱਸੇ ਵਾਂਗ ਵੱਡੀ ਬੇਰੁਜ਼ਗਾਰੀ, ਕਿਸਾਨੀ ਸੰਕਟ ਅਤੇ ਭੈੜੀ ਅਰਥ ਵਿਵਸਥਾ ...
(15 ਜੂਨ 2019)

 

ਪ੍ਰਵਾਸ ਹੰਢਾ ਰਹੇ ਪੰਜਾਬੀਆਂ ਨੇ ਆਪਣੇ ਪਿਛਲੇ ਪਿੰਡਾਂ, ਸ਼ਹਿਰਾਂ ਵਿੱਚ ਵਸਦੇ ਪੰਜਾਬੀਆਂ ਦੇ ਭਲੇ ਹਿਤ ਸਮੇਂ-ਸਮੇਂ ’ਤੇ ਬਹੁਤ ਸਾਰੇ ਭਲਾਈ ਦੇ ਕਾਰਜ ਆਰੰਭੇ ਅਤੇ ਬਹੁਤੀ ਵੇਰ ਸਰਕਾਰਾਂ ਦੀ ਸਹਾਇਤਾ ਤੋਂ ਬਿਨਾਂ ਇਹੋ ਜਿਹੇ ਕਾਰਜ ਕੀਤੇ ਜਿਹਨਾਂ ਦੀ ਮਿਸਾਲ ਦਿੱਤਿਆਂ ਹੀ ਬਣਦੀ ਹੈਪਿੰਡਾਂ ਵਿੱਚ ਅੰਡਰ ਗਰਾਊਂਡ ਸੀਵਰੇਜ ਸਿਸਟਮ ਦੀ ਉਸਾਰੀ ਉਹਨਾਂ ਵਿੱਚੋਂ ਇਹੋ ਜਿਹਾ ਕਾਰਜ ਹੈ, ਜਿਸਨੂੰ ਸਰਕਾਰ ਪਿੰਡਾਂ ਵਿੱਚ ਲਾਗੂ ਨਹੀਂ ਸੀ ਕਰਨਾ ਚਾਹੁੰਦੀ ਪਰ ਪ੍ਰਵਾਸੀ ਪੰਜਾਬੀਆਂ ਨੇ ਪਹਿਲਾਂ-ਪਹਿਲ ਇਹ ਬੀੜਾ ਚੁੱਕਿਆ ਅਤੇ ਪੰਜਾਬ ਸਰਕਾਰ ਨੂੰ ਮਜਬੂਰ ਕਰ ਦਿੱਤਾ ਕਿ ਉਹ ਇਸ ਕਾਰਜ ਲਈ ਮੈਚਿੰਗ ਗ੍ਰਾਂਟ ਦੇਵੇ, ਜਿਹੜੀ ਕਿ ਬਾਅਦ ਵਿੱਚ ਵੀ ਪੰਜਾਬ ਵਿੱਚ ਲੰਮਾ ਸਮਾਂ ਚਲਦੀ ਰਹੀਪ੍ਰਵਾਸੀ ਪੰਜਾਬੀਆਂ ਦੀ ਸਹਾਇਤਾ ਨਾਲ ਕਈ ਪਿੰਡਾਂ ਵਿੱਚ ਅੰਡਰ ਗਰਾਊਂਡ ਸੀਵਰੇਜ ਸਿਸਟਮ ਹੀ ਚਾਲੂ ਨਾ ਹੋਏ, ਸਗੋਂ ਖੇਡ ਸਟੇਡੀਅਮ, ਕੰਕਰੀਟ ਬਲਾਕ ਲਗਾਉਣ, ਇਮਾਰਤਾਂ ਦੀ ਉਸਾਰੀ ਦੇ ਨਾਲ-ਨਾਲ ਪਿੰਡਾਂ ਵਿੱਚ ਹਸਪਤਾਲ, ਡਿਸਪੈਂਸਰੀਆਂ ਵੀ ਖੋਲ੍ਹੀਆਂ ਜਿੱਥੇ ਬਹੁਤੀਆਂ ਹਾਲਤਾਂ ਵਿੱਚ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕੀਤੀਆਂ ਜਾਂਦੀਆਂ ਰਹੀਆਂ ਜਾਂ ਹੁਣ ਵੀ ਰਿਆਇਤੀ ਦਰਾਂ ’ਤੇ ਦਿੱਤੀਆਂ ਜਾ ਰਹੀਆਂ ਹਨਪਿੰਡਾਂ ਵਿੱਚ ਪ੍ਰਵਾਸੀ ਵੀਰਾਂ ਵਲੋਂ ਟੂਰਨਾਮੈਂਟ ਕਰਾਉਣ, ਧਾਰਮਿਕ ਸਥਾਨਾਂ ਦੀ ਉਸਾਰੀ ਅਤੇ ਸਿਲਾਈ ਸੈਂਟਰ ਖੋਲ੍ਹਕੇ ਲੜਕੀਆਂ ਨੂੰ ਟਰੇਨਿੰਗ ਦੇਕੇ ਸਿਲਾਈ ਮਸ਼ੀਨਾਂ ਦੇਣੀਆਂ ਅਤੇ ਕਈ ਥਾਵਾਂ ਤੇ ਲੋੜਵੰਦ ਬਜ਼ੁਰਗਾਂ ਅਤੇ ਲੋੜਵੰਦ ਔਰਤਾਂ ਨੂੰ ਪੈਨਸ਼ਨਾਂ ਆਦਿ ਦੇਣੀਆਂ ਜਿਹੇ ਕੰਮ ਵੀ ਕੀਤੇ ਗਏਪ੍ਰਵਾਸੀ ਵੀਰਾਂ ਦੇ ਮਨ ਦੀ ਭਾਵਨਾ ਤਾਂ ਮੁੱਖ ਰੂਪ ਵਿੱਚ ਇਹ ਸੀ ਕਿ ਉਹਨਾਂ ਬਾਹਰਲੇ ਮੁਲਕਾਂ ਵਿੱਚ ਜਾ ਕੇ ਆਪਣੀ ਜ਼ਿੰਦਗੀ ਬਸਰ ਕਰਨ ਲਈ ਜੋ ਸੁਖ ਸਹੂਲਤਾਂ ਮਾਣੀਆਂ ਹਨ, ਜਾਂ ਮਾਣ ਰਹੇ ਹਨ, ਉਹੋ ਜਿਹੀਆਂ ਸਹੂਲਤਾਂ ਉਹ ਆਪਣੇ ਪੰਜਾਬ ਵਿੱਚ ਵੀ ਪਿੱਛੇ ਰਹਿ ਰਹੇ ਲੋਕਾਂ ਨੂੰ ਦੇਣਇਸੇ ਮੰਤਵ ਨਾਲ ਉਹਨਾਂ ਵਿੱਚੋਂ ਬਹੁਤੇ ਲੋਕਾਂ ਨੇ ਆਪਣੀ ਕ੍ਰਿਤ ਕਮਾਈ ਵਿੱਚੋਂ ਹਿੱਸਾ ਕੱਢਦਿਆਂ ਆਪਣੇ ਪਿੰਡਾਂ ਦੀ ਨੁਹਾਰ ਬਦਲਣ ਦਾ ਉਪਰਾਲਾ ਕੀਤਾ

ਪ੍ਰਵਾਸ ਹੰਢਾਉਂਦਿਆਂ ਪ੍ਰਵਾਸੀ ਪੰਜਾਬੀਆਂ ਨੇ ਵੱਡਾ ਸੰਘਰਸ਼ ਕੀਤਾ, ਕਿਉਂਕਿ ਉਹਨਾਂ ਨੂੰ ਮਿਹਨਤ ਕਰਨ ਦੇ ਮੌਕੇ ਮਿਲੇ ਅਤੇ ਮਿਹਨਤ ਦਾ ਫਲ ਵੀ ਮਿਲਿਆਸਿੱਟੇ ਵਜੋਂ ਦਹਾਕਿਆਂ ਦੀ ਮੁਸ਼ੱਕਤ ਸਦਕਾ ਉਹਨਾਂ ਵਿੱਚੋਂ ਕੁਝ ਇੱਕ ਨੇ ਆਪੋ-ਆਪਣੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂਵਿਦੇਸ਼ਾਂ ਦੀ ਧਰਤੀ ’ਤੇ ਵੱਡੀਆਂ ਜਾਇਦਾਦਾਂ, ਫਾਰਮ ਹਾਊਸ, ਫੈਕਟਰੀਆਂ, ਪੈਟਰੋਲ ਪੰਪ ਆਦਿ ਸਥਾਪਤ ਕੀਤੇ ਅਤੇ ਮਿਹਨਤ ਕਰਦਿਆਂ ਡਾਕਟਰੀ, ਇੰਜਨੀਅਰੀ, ਸਿਆਸਤ, ਪੱਤਰਕਾਰੀ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂਬਰਤਾਨੀਆ, ਕੈਨੇਡਾ ਵਿੱਚ ਤਾਂ ਪ੍ਰਵਾਸੀ ਪੰਜਾਬੀਆਂ ਨੇ ਵੱਡੇ-ਵੱਡੇ ਪ੍ਰਾਜੈਕਟ ਛੋਹੇ, ਉਹਨਾਂ ’ਤੇ ਕੰਮ ਕੀਤਾ, ਸਰਕਾਰੇ-ਦਰਬਾਰੇ ਨਾਮਣਾ ਖੱਟਿਆਸਰਕਾਰਾਂ ਵਿੱਚ ਉੱਚ ਅਹੁਦਿਆਂ ਉੱਤੇ ਬੈਠੇਪ੍ਰਸ਼ਾਸਨ ਵਿੱਚ ਭਾਗੀਦਾਰ ਬਣਕੇ ਪੰਜਾਬੀਆਂ ਦਾ ਸਿਰ ਉੱਚਾ ਕੀਤਾਕੈਨੇਡਾ, ਬਰਤਾਨੀਆ ਦੇ ਨਾਲ-ਨਾਲ ਅਮਰੀਕਾ, ਨੀਊਜ਼ੀਲੈਂਡ, ਅਸਟ੍ਰੇਲੀਆ ਵਿੱਚ ਗਏ ਪੰਜਾਬੀਆਂ ਨੇ ਵੀ ਹਰ ਖੇਤਰ ਵਿੱਚ ਆਪਣਾ ਨਾਮ ਰੋਸ਼ਨ ਕੀਤਾ ਅਤੇ ਇਨ੍ਹਾਂ ਆਪਣੀ ਜ਼ਿੰਦਗੀ ਵਿੱਚ ਪ੍ਰਵਾਨ ਚੜ੍ਹੇ ਪ੍ਰਵਾਸੀ ਪੰਜਾਬੀਆਂ ਨੇ ਜਿੱਥੇ ਆਪਣੇ ਪਰਿਵਾਰਾਂ ਲਈ ਸੁਖ ਸੁਵਿਧਾਵਾਂ ਪੈਦਾ ਕਰਨ ਦਾ ਯਤਨ ਕੀਤਾ, ਉੱਥੇ ਪੰਜਾਬ ਜਾਂ ਦੇਸ਼ ਵਸਦੇ ਰਿਸ਼ਤੇਦਾਰਾਂ ਅਤੇ ਹੋਰ ਪੰਜਾਬੀਆਂ ਦੇ ਭਲੇ ਹਿਤ ਆਪਣੇ ਕਾਰੋਬਾਰ ਖੋਲ੍ਹਕੇ ਉਹਨਾਂ ਦੀ ਸਹਾਇਤਾ ਵੀ ਕਰਨੀ ਚਾਹੀ, ਜਿਹੜੀ ਕਿ ਬਹੁਤਾ ਇਸ ਕਰਕੇ ਸਫਲਤਾ ਹਾਸਲ ਨਾ ਕਰ ਸਕੀ ਕਿ ਸਰਕਾਰਾਂ ਵਲੋਂ ਅਤੇ ਸਰਕਾਰੀ ਮਸ਼ੀਨਰੀ ਵਲੋਂ ਉਹਨਾਂ ਦੇ ਕੰਮ ਵਿੱਚ ਅੜਿੱਕੇ ਡਾਹੇ ਜਾਂਦੇ ਰਹੇ, ਜਿਸ ਤੋਂ ਪ੍ਰਵਾਸੀ ਪਿਛਲੇ ਸਮੇਂ ਤੋਂ ਡਾਢੇ ਨਿਰਾਸ਼ ਦਿਸ ਰਹੇ ਹਨ

ਪ੍ਰਵਾਸੀ ਪੰਜਾਬੀਆਂ ਦੀਆਂ ਵੱਡੀਆਂ ਸਮੱਸਿਆਵਾਂ ਪ੍ਰਤੀ ਸਰਕਾਰਾਂ ਦੇ ਅਵੇਸਲੇਪਨ ਨੇ ਪ੍ਰਵਾਸੀਆਂ ਨੂੰ ਸਦਾ ਪ੍ਰੇਸ਼ਾਨ ਕੀਤਾ ਹੈਉਹਨਾਂ ਦੀਆਂ ਜਾਇਦਾਦਾਂ ਪੰਜਾਬ ਵਿੱਚ ਸੁਰੱਖਿਅਤ ਨਹੀਂਬਹੁਤੇ ਰਿਸ਼ਤੇਦਾਰਾਂ, ਭੂ-ਮਾਫੀਏ ਨੇ ਸਰਕਾਰੀ ਪ੍ਰਸ਼ਾਸਨ ਨਾਲ ਰਲਕੇ ਪ੍ਰਵਾਸੀਆਂ ਦੀਆਂ ਜਾਇਦਾਦਾਂ ਹੀ ਨਹੀਂ ਹੜੱਪੀਆਂ, ਉਹਨਾਂ ਉੱਤੇ ਝੂਠੇ ਕੇਸ ਵੀ ਦਰਜ਼ ਕਰਵਾਏ

ਇਹਨਾਂ ਸਮੱਸਿਆਵਾਂ ਦੇ ਹੱਲ ਲਈ ਸਮੇਂ-ਸਮੇਂ ਦੀਆਂ ਅਕਾਲੀ-ਭਾਜਪਾ ਜਾਂ ਕਾਂਗਰਸ ਸਰਕਾਰਾਂ ਨੇ ਨਵੇਂ ਕਨੂੰਨ ਬਣਾਏਪ੍ਰਵਾਸੀ ਪੰਜਾਬੀਆਂ ਦੀ ਸੰਸਥਾ ਐੱਨ.ਆਰ.ਆਈ. ਸਭਾ ਜਲੰਧਰ ਦੀ ਸਥਾਪਨਾ ਕੀਤੀਐੱਨ.ਆਰ.ਆਈ. ਥਾਣੇ ਬਣਾਏ ਗਏਐੱਨ.ਆਰ.ਆਈ. ਕਮਿਸ਼ਨ ਦੀ ਸਥਾਪਨਾ ਕੀਤੀ ਗਈਹਰ ਵਰ੍ਹੇ ਪ੍ਰਵਾਸੀ ਪੰਜਾਬੀਆਂ ਦੀਆਂ ਬਹੁਤੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਖੜ੍ਹੀਆਂ ਹਨਸੈਂਕੜਿਆਂ ਦੀ ਗਿਣਤੀ ਵਿੱਚ ਜ਼ਮੀਨ, ਜਾਇਦਾਦ ਦੇ ਕੇਸ ਅਦਾਲਤਾਂ ਵਿੱਚ ਹਨਬਹੁਤੇ ਪ੍ਰਵਾਸੀਆਂ ਦੀਆਂ ਹਿੱਸੇ ਆਉਂਦੀਆਂ ਦੁਕਾਨਾਂ, ਮਕਾਨ, ਜਾਇਦਾਦਾਂ ਉੱਤੇ ਕਬਜ਼ੇ ਉਹਨਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ

ਹੈਰਾਨੀ, ਪ੍ਰੇਸ਼ਾਨੀ ਦੀ ਗੱਲ ਤਾਂ ਇਹ ਹੈ ਕਿ ਉਹ ਪ੍ਰਵਾਸੀ, ਜਿਹਨਾਂ ਨੇ ਪੰਜਾਬ ਰਹਿੰਦੇ ਪੰਜਾਬੀਆਂ ਦੀ ਬਾਂਹ ਫੜੀ, ਉਹਨਾਂ ਦੀ ਸਹਾਇਤਾ ਕੀਤੀ, ਉਹਨਾਂ ਦੇ ਔਖੇ ਵੇਲੇ ਕੰਮ ਵੀ ਆਏ, ਉਹਨਾਂ ਪ੍ਰਵਾਸੀ ਪੰਜਾਬੀਆਂ ਦੀਆਂ ਸੇਵਾਵਾਂ ਪ੍ਰਤੀ ਕਦੇ ਉਹਨਾਂ ਨੂੰ ਸਨਮਾਨਿਤ ਨਹੀਂ ਕੀਤਾ ਗਿਆਜਿੰਨਾ ਕੁ ਚਿਰ ਸਰਕਾਰਾਂ ਨੂੰ ਪ੍ਰਵਾਸੀਆਂ ਦੀ ਵੋਟਾਂ ਵਿੱਚ ਸਹਾਇਤਾ ਦੀ ਲੋੜ ਸੀ, ਉੰਨਾ ਚਿਰ ਉਹਨਾਂ ਪ੍ਰਵਾਸੀ ਸੰਮੇਲਨ ਵੀ ਕਰਵਾਏ, ਐੱਨ.ਆਰ.ਆਈ. ਸਭਾ ਦੀਆਂ ਸਰਗਰਮੀਆਂ ਵੀ ਜਾਰੀ ਰੱਖੀਆਂ, ਪਰ ਹੁਣ ਉਹ ਸਭ ਬੰਦ ਕਰ ਦਿੱਤੀਆਂ ਗਈਆਂ ਹਨ

ਪਰ ਹੁਣ ਚੰਗੀ ਖ਼ਬਰ ਹੈ ਕਿ ਉਹਨਾਂ ਪ੍ਰਵਾਸੀ ਪੰਜਾਬੀਆਂ, ਜਿਹਨਾਂ ਨੇ ਵਿਦੇਸ਼ਾਂ ਵਿੱਚ ਹਰ ਖੇਤਰ ਵਿੱਚ ਨਾਮਣਾ ਖੱਟਿਆ ਉਹਨਾਂ ਪ੍ਰਵਾਸੀ ਪੰਜਾਬੀਆਂ ਨੂੰ “ਅਚੀਵਰ ਐਵਾਰਡ” ਅਗਲੇ ਵਰ੍ਹੇ ਤੋਂ ਦਿੱਤੇ ਜਾਣਗੇ, ਜਿਹਨਾਂ ਦੀ ਚੋਣ ਦੇ ਹੁਕਮ ਪੰਜਾਬ ਸਰਕਾਰ ਨੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਵਿਭਾਗ ਨੂੰ ਦੇ ਦਿੱਤੇ ਹਨਇਹ ਹੋਰ ਵੀ ਚੰਗੀ ਖ਼ਬਰ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸਮੇਂ ਕਰਵਾਏ ਜਾ ਰਹੇ ਸਮਾਗਮਾਂ ਵਿੱਚ 550 ਪ੍ਰਵਾਸੀ ਪੰਜਾਬੀਆਂ ਨੂੰ ਸੱਦਾ ਪੱਤਰ ਭੇਜੇ ਜਾਣਗੇ, ਜਿਹਨਾਂ ਦਾ ਰਹਿਣ-ਸਹਿਣ ਤੇ ਆਵਾਜਾਈ ਦਾ ਪ੍ਰਬੰਧ ਪੰਜਾਬ ਸਰਕਾਰ ਕਰੇਗੀ

ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋਏ ਪ੍ਰਵਾਸੀ ਪੰਜਾਬੀਆਂ ਨੂੰ ਸੂਬੇ ਦੇ ਵਿਕਾਸ ਲਈ ਆਪਣੇ ਨਾਲ ਜੋੜਨ ਵਾਸਤੇ ਅਚੀਵਰ ਐਵਾਰਡ ਲਈ ਚੰਗੇ ਸੁਲਝੇ ਹੋਏ ਨਿਰਪੱਖ ਉਹਨਾਂ ਪ੍ਰਵਾਸੀ ਪੰਜਾਬੀਆਂ ਦੀ ਚੋਣ ਹੋਣੀ ਚਾਹੀਦੀ ਹੈ, ਜਿਹਨਾਂ ਦੀਆਂ ਪ੍ਰਾਪਤੀਆਂ ਉੱਤੇ ਕੋਈ ਸ਼ੰਕਾ ਨਾ ਹੋਵੇ ਜਾਂ ਕੋਈ ਉਂਗਲ ਨਾ ਉਠਾ ਸਕੇਇਸੇ ਤਰ੍ਹਾਂ ਪ੍ਰਕਾਸ਼ ਪੁਰਬ ਲਈ ਉਹਨਾਂ ਪੰਜਾਬੀ ਪ੍ਰਵਾਸੀਆਂ ਨੂੰ ਸੱਦਾ ਪੱਤਰ ਭੇਜਿਆ ਜਾਣਾ ਚਾਹੀਦਾ ਹੈ, ਜਿਹਨਾਂ ਦੀ ਪੰਜਾਬੀ ਸਮਾਜ ਨੂੰ ਦੇਸ਼-ਵਿਦੇਸ਼ ਵਿੱਚ ਵੱਡੀ ਦੇਣ ਹੋਵੇ, ਤਦੇ ਹੀ ਪ੍ਰਵਾਸੀ ਪੰਜਾਬੀਆਂ ਨਾਲ ਸਰਕਾਰ ਦਾ ਸੰਪਰਕ ਅਤੇ ਵਿਸ਼ਵਾਸ ਵਧੇਗਾਲੋੜ ਤਾਂ ਇਸ ਗੱਲ ਦੀ ਵੀ ਹੈ ਕਿ ਪ੍ਰਵਾਸੀ ਪੰਜਾਬੀਆਂ ਦੀ ਸੰਸਥਾ ਐੱਨ.ਆਰ.ਆਈ. ਸਭਾ ਦੀ ਚੋਣ ਕਰਕੇ ਉਸਨੂੰ ਸਰਗਰਮ ਕੀਤਾ ਜਾਵੇ ਅਤੇ ਐੱਨ.ਆਰ.ਆਈ. ਕਮਿਸ਼ਨ ਨੂੰ ਵੀ ਵਧੇਰੇ ਤਾਕਤਾਂ ਦਿੱਤੀਆਂ ਜਾਣ

ਪੰਜਾਬ, ਦੇਸ਼ ਦੇ ਬਾਕੀ ਹਿੱਸੇ ਵਾਂਗ ਵੱਡੀ ਬੇਰੁਜ਼ਗਾਰੀ, ਕਿਸਾਨੀ ਸੰਕਟ ਅਤੇ ਭੈੜੀ ਅਰਥ ਵਿਵਸਥਾ ਦਾ ਸ਼ਿਕਾਰ ਹੋਇਆ ਪਿਆ ਹੈਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈਪੰਜਾਬ ਕੋਲ ਵੱਡੇ ਉਦਯੋਗ ਨਹੀਂ ਹਨਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਵਿੱਚ ਉਦਯੋਗ ਲਗਾਉਣ ਲਈ ਤਦੇ ਪ੍ਰੇਰਿਆ ਜਾ ਸਕਦਾ ਹੈ, ਜੇਕਰ ਉਹਨਾਂ ਦਾ ਭਰੋਸਾ ਜਿੱਤਿਆ ਜਾਏਉਹ ਪ੍ਰਵਾਸੀ ਪੰਜਾਬੀ ਜਿਹਨਾਂ ਨੇ ਵਿਸ਼ਵ ਭਰ ਵਿੱਚ ਵੱਖੋ-ਵੱਖਰੇ ਖੇਤਰਾਂ ਵਿੱਚ ਨਾਮ ਖੱਟਿਆ ਹੈ, ਪੰਜਾਬ ਦੇ ਅਰਥਚਾਰੇ ਨੂੰ ਥਾਂ ਸਿਰ ਕਰਨ ਲਈ ਉਹਨਾਂ ਦੀਆਂ ਸੇਵਾਵਾਂ ਲੈਣ ਤੋਂ ਵੀ ਗੁਰੇਜ ਨਹੀਂ ਕਰਨਾ ਚਾਹੀਦਾਕੈਨੇਡਾ, ਅਮਰੀਕਾ, ਬਰਤਾਨੀਆ ਵਸਦੇ ਪੰਜਾਬੀ ਪ੍ਰਵਾਸੀ ਸਿਆਸਤਦਾਨ, ਪੰਜਾਬ ਨਾਲ ਉੱਥੋਂ ਦੀਆਂ ਸਰਕਾਰਾਂ ਦੇ ਸਮਝੌਤੇ ਜਾਂ ਵਪਾਰਿਕ ਲੈਣ-ਦੇਣ ਕਰਵਾ ਸਕਦੇ ਹਨ, ਜਿਸਦਾ ਸੂਬੇ ਪੰਜਾਬ ਨੂੰ ਵੱਡਾ ਫਾਇਦਾ ਹੋ ਸਕਦਾ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1632)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਗੁਰਮੀਤ ਸਿੰਘ ਪਲਾਹੀ

ਗੁਰਮੀਤ ਸਿੰਘ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author