GurmitPalahi7ਦੇਸ਼ ਵਿੱਚ ਬੇਰੁਜ਼ਗਾਰੀ ਦਾ ਲਗਾਤਾਰ ਵਧਦੇ ਜਾਣਾ ...
(26 ਮਾਰਚ 2018)

 

ਛੋਟੀ ਮੋਟੀ ਨੌਕਰੀ ਲਈ ਲੋਕਾਂ ਦਾ ਅਣਦਿਸਦੇ ਰਾਹਾਂ ਉੱਤੇ ਨਿਕਲ ਜਾਣਾ ਇਹ ਦਰਸਾਉਂਦਾ ਹੈ ਕਿ ਦੇਸ਼ ਭਾਰਤ ਵਿੱਚ ਅਸੰਗਿਠਤ ਖੇਤਰ ਵਿੱਚ ਰੁਜ਼ਗਾਰ ਦੇ ਹਾਲਤ ਕਿੰਨੇ ਭੈੜੇ ਹਨ। ਇਹੋ ਜਿਹੀਆਂ ਹਾਲਤਾਂ ਵਿੱਚ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਦੇਸ਼ ਦੇ ਕੋਨੇ-ਕੋਨੇ ਦਲਾਲਾਂ ਦਾ ਇਸ ਕਿਸਮ ਦਾ ਤੰਤਰ ਵਿਛਿਆ ਹੋਇਆ ਹੈ ਕਿ ਜੋ ਉਹਨਾਂ ਨੂੰ ਝੂਠੇ ਦਿਲਾਸੇ ਦੇ ਕੇ, ਫਰੇਬ ਵਿਚ ਫਸਾ ਕੇ, ਜੋਖਮ ਭਰੇ ਇਲਾਕਿਆਂ ਵਿੱਚ ਭੇਜ ਦਿੰਦਾ ਹੈ। ਕਈ ਵੇਰ ਤਾਂ ਇਸ ਕਿਸਮ ਦੀ ਵਿਦੇਸ਼ ਯਾਤਰਾ ਉਹਨਾਂ ਦੀ ਮੌਤ ਦਾ ਕਾਰਨ ਬਣ ਵੀ ਜਾਂਦੀ ਹੈ। ਕੀ ਕੋਈ 25 ਦਸੰਬਰ, 1996 ਨੂੰ ਵਾਪਰੇ “ਮਾਲਟਾ ਕਾਂਡ” ਨੂੰ ਭੁੱਲ ਸਕਦਾ ਹੈ, ਜਿਸ ਵਿੱਚ 283 ਨੌਜਵਾਨ, ਜਿਹੜੇ ਬੇੜੀ ਰਾਹੀਂ ਸਮੁੰਦਰ ਪਾਰ ਕਰਕੇ ਇਟਲੀ ਜਾ ਰਹੇ ਸਨ, ਸਮੁੰਦਰ ਵਿੱਚ ਹੀ ਡੁੱਬ ਮਰੇ ਸਨ।

ਰੋਟੀ ਕਮਾਉਣ ਗਏ 39 ਮਜ਼ਦੂਰ, ਜਿਸ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਸੀ, ਇਰਾਕ ਵਿੱਚ ਆਈ ਐੱਸ ਅਤਿਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ। ਇਹ ਇਕ ਇਹੋ ਜਿਹਾ ਦੁਖਾਂਤ ਹੈ ਜੋ ਚਾਰ ਸਾਲ ਪਹਿਲਾਂ ਵਾਪਰਿਆ, ਪਰ ਇਸ ਘਟਨਾ ਦੀ ਪੁਸ਼ਟੀ ਹੁਣ ਹੋਈ ਹੈ। ਕੰਮ ਦੀ ਭਾਲ ਵਿੱਚ ਦੂਜੇ ਦੇਸ਼ ਜਾਕੇ ਸਮੂਹ ਵਿੱਚ ਆਤੰਕਵਾਦੀਆਂ ਦੇ ਹੱਥੀਂ ਮਾਰੇ ਜਾਣ ਤੋਂ ਵੱਡਾ ਦੁੱਖ ਹੋਰ ਕਿਹੜਾ ਹੋ ਸਕਦਾ ਹੈ। ਪਰੰਤੂ ਮੌਤ ਦੇ ਲਗਭਗ ਚਾਰ ਸਾਲ ਤੱਕ ਇਸਦਾ ਪਤਾ ਹੀ ਨਾ ਲੱਗਣਾ, ਹੋਰ ਵੀ ਦੁੱਖਦਾਈ ਹੈ। ਇਸ ਦੁਖਾਂਤ ਤੋਂ ਪੀੜਤ ਉਹਨਾਂ ਮਾਪਿਆਂ ਦੇ ਦੁੱਖ ਦੀ ਸਿਰਫ ਕਲਪਨਾ ਹੀ ਕੀਤੀ ਜਾ ਸਕਦੀ ਹੈ ਕਿ ਇਸ ਦੌਰਾਨ ਉਹਨਾਂ ਨਾਲ ਕਿਵੇਂ ਗੁਜ਼ਰੀ ਹੋਏਗੀ? ਕਿਵੇਂ ਕਦੇ ਆਸ, ਕਦੇ ਬੇਆਸ ਵਿੱਚ ਉਹਨਾਂ ਦਿਨ ਕਟੀ ਕੀਤੀ ਹੋਏਗੀ ਅਤੇ ਆਪਣੇ ਕਮਾਊ ਪੁੱਤਾਂ ਨੂੰ ਹੱਥੋਂ ਗੁਆ ਕੇ ਉਹਨਾਂ ਆਪਣੀ ਰੋਟੀ-ਰੋਜ਼ੀ ਦਾ ਹੀਲਾ-ਵਸੀਲਾ ਕਿਵੇਂ ਕੀਤਾ ਹੋਏਗਾ? ਇਹ ਮਾਰੇ ਗਏ ਲੋਕ 35000 ਰੁਪਏ ਮਹੀਨਾ ਦੀ ਨੌਕਰੀ ਲਈ ਇਰਾਕ ਗਏ ਸਨ।

ਇਹ ਘਟਨਾ ਚਾਰ ਸਾਲ ਪਹਿਲਾਂ ਮੂਸਲ ਵਿੱਚ ਵਾਪਰੀ। 40 ਭਾਰਤੀਆਂ ਵਿੱਚੋਂ ਇੱਕ ਵਿਅਕਤੀ ਇਸ ਘਟਨਾ ਵਿੱਚੋਂ ਬਚ ਗਿਆ, ਜਿਸਨੇ ਭਾਰਤ ਸਰਕਾਰ ਤੱਕ ਪਹੁੰਚ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪਰ ਉਸ ਨੂੰ ਚੁੱਪ ਰਹਿਣ ਲਈ ਆਖਿਆ ਗਿਆ। ਪਿਛਲੇ ਸਾਲ ਜੁਲਾਈ ਵਿੱਚ ਮੂਸਲ (ਇਰਾਕ) ਉੱਤੋਂ ਆਤੰਕੀਆਂ ਦਾ ਕਬਜ਼ਾ ਛੁਡਾ ਲਿਆ ਗਿਆ। ਰਾਡਾਰ ਦੀ ਸਹਾਇਤਾ ਨਾਲ ਇੱਕ ਸਮੂਹਿਕ ਕਬਰ ਦਾ ਪਤਾ ਲੱਗਾ। ਕਬਰਾਂ ਵਿੱਚੋਂ ਸਰੀਰ ਕੱਢਕੇ ਇਹਨਾਂ ਦਾ ਡੀ ਐੱਨ ਏ ਟੈਸਟ ਕਰਵਾਇਆ ਗਿਆ, ਜਿਸ ਤੋਂ ਇਹ ਪੁਸ਼ਟੀ ਹੋਈ ਕਿ ਇਹ ਮਾਰੇ ਗਏ ਲੋਕ ਭਾਰਤ ਦੇ ਹਨ!

ਇਰਾਕ ਵਰਗਾ ਮੁਲਕ ਜਿੱਥੇ ਆਤੰਕ ਦਾ ਬੋਲਬਾਲਾ ਰਿਹਾ ਹੈ, ਉਸ ਇਲਾਕੇ ਵਿੱਚ ਵੀ ਭਾਰਤੀ ਲੋਕਾਂ ਦਾ ਮਜਬੂਰੀ ਵਿੱਚ ਪਹੁੰਚ ਜਾਣਾ ਜਾਂ ਦਲਾਲ ਏਜੰਟਾਂ ਵਲੋਂ ਪਹੁੰਚਾ ਦਿੱਤਾ ਜਾਣਾ, ਮਨੁੱਖੀ ਤਸਕਰੀ ਦੀ ਵੱਡੀ ਉਦਾਹਰਨ ਹੈ। ਮਨੁੱਖੀ ਤਸਕਰ ਪੂਰੇ ਦੇਸ਼ ਵਿੱਚ ਆਪਣਾ ਜਾਲ ਬਿਠਾਈ ਬੈਠੇ ਹਨ। ਨਿੱਤ ਦਿਹਾੜੇ ਏਜੰਟਾਂ ਵਲੋਂ ਲੋਕਾਂ ਨਾਲ ਠੱਗੀ-ਠੋਰੀ ਦੀਆਂ ਘਟਨਾਵਾਂ ਅਖਬਾਰੀ ਚਰਚਾ ਵਿਚ ਸੁਰਖੀਆਂ ਬਣਦੀਆਂ ਹਨ, ਜਿਹੜੀਆਂ ਅਮਰੀਕਾ ਕੈਨੇਡਾ ਵਿਚ ਨੌਜਵਾਨਾਂ ਨੂੰ ਪਹੁੰਚਾਉਣ ਲਈ ਲੱਖਾਂ ਦੀ ਹੋਈ ਠੱਗੀ ਦੀ ਦਾਸਤਾਨ ਬਿਆਨਦੀਆਂ ਹਨ। ਔਰਤਾਂ, ਲੜਕੀਆਂ ਨੂੰ ਅਰਬ ਦੇਸ਼ਾਂ ਵਿਚ ਘਰੇਲੂ ਨੌਕਰਾਣੀਆਂ ਵਜੋਂ ਭੇਜਣ ਅਤੇ ਉੱਥੇ ਉਹਨਾਂ ਨਾਲ ਹੁੰਦੇ ਅਣ ਮਨੁੱਖੀ ਵਰਤਾਰੇ ਦੀਆਂ ਖਬਰਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ। ਠੱਗ ਕਿਸਮ ਦੇ ਏਜੰਟ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਪੱਕੀ ਰਿਹਾਇਸ਼ (ਪੀ ਆਰ) ਆਦਿ ਦਿਵਾਉਣ ਦੇ ਝਾਂਸੇ ਦੇ ਕੇ ਲੱਖਾਂ ਠਗਦੇ ਹਨ। ਸੈਂਕੜੇ ਨਹੀਂ, ਹਜ਼ਾਰਾਂ ਕੇਸ, ਪੁਲਿਸ ਕੋਲ ਇਸ ਸਬੰਧੀ ਦਰਜ ਹਨ, ਪਰ ਇਸ ਕਿਸਮ ਦੇ ਵਪਾਰ ਨੂੰ ਠੱਲ੍ਹ ਨਹੀਂ ਪੈ ਰਹੀ। ਦੇਸ਼ ਵਿੱਚੋਂ, ਸੂਬੇ ਪੰਜਾਬ ਵਿੱਚੋਂ ਖਾਸ ਕਰਕੇ ਕਾਨੂੰਨੀ, ਗੈਰ-ਕਾਨੂੰਨੀ ਪ੍ਰਵਾਸ ਲਗਾਤਾਰ ਜਾਰੀ ਹੈ।

ਭਾਵੇਂ ਕਿ ਪੰਜਾਬੀਆਂ ਲਈ ਪ੍ਰਵਾਸ ਨਵਾਂ ਵਰਤਾਰਾ ਨਹੀਂ ਹੈ। ਸਦੀ ਪਹਿਲਾਂ ਤੋਂ ਹੀ ਪੰਜਾਬੀ ਕੈਨੇਡਾ, ਅਮਰੀਕਾ ਅਤੇ ਮਲਾਇਆ ਆਦਿ ਦੇਸ਼ਾਂ ਵਿੱਚ ਰੁਜ਼ਗਾਰ ਦੀ ਪਰਾਪਤੀ ਲਈ ਪੁੱਜੇ। ਪਰ ਸੱਤਰਵਿਆਂ ਵਿਚ ਬਰਤਾਨੀਆਂ ਵੱਲ ਪੰਜਾਬੀਆਂ ਦੀਆਂ ਮੁਹਾਰਾਂ ਅਤੇ ਫਿਰ ਹਰ ਕਾਨੂੰਨੀ, ਗੈਰ-ਕਾਨੂੰਨੀ ਤਰੀਕਾ ਅਪਣਾ ਕੇ ਪੰਜਾਬ ਛੱਡਣਾ ਆਮ ਜਿਹੀ ਗੱਲ ਹੋ ਗਈ। ਲੰਡਨ ਦੇ ਇਕ ਅਖਬਾਰ ਵਿਚ ਛਪੀ ਰਿਪੋਰਟ ਅਨੁਸਾਰ ਗੈਰ-ਕਾਨੂੰਨੀ ਤੌਰ ’ਤੇ ਵਿਦੇਸ਼ ਭੇਜਣ ਵਾਲੀਆਂ ਹਜ਼ਾਰਾਂ ਹੀ ਕੰਪਨੀਆਂ ਪੰਜਾਬ ਵਿਚ ਖੁੱਲ੍ਹੀਆਂ ਹੋਈਆਂ ਹਨ, ਜਿਹੜੀਆਂ ਕਹਿਣ ਨੂੰ ਤਾਂ ਕਾਨੂੰਨੀ ਹਨ, ਪਰ ਗੈਰ-ਕਾਨੂੰਨੀ ਢੰਗ ਆਪਣਾ ਕੇ, ਪਹਿਲਾਂ ਯੂਰਪ ਦਾ ਟੂਰਿਸਟ ਵੀਜ਼ਾ ਲਗਵਾਕੇ ਫਿਰ ਅੰਦਰੋਗਤੀ ਲੋਕਾਂ ਨੂੰ ਇੰਗਲੈਂਡ ਜਿਹੇ ਮੁਲਕਾਂ ਵਿਚ ਵਾੜਨ ਦਾ ਕਾਰੋਬਾਰ ਕਰਦੀਆਂ ਹਨ। ਇਹਨਾਂ ਕੰਪਨੀਆਂ ਵਾਲਿਆਂ ਦਾ ਅਪਰਾਧਿਕ ਕਾਰੋਬਾਰ ਕਰਨ ਵਾਲੇ ਸਮਗਲਰਾਂ ਨਾਲ ਵੀ ਸਬੰਧ ਹੁੰਦਾ ਹੈ। ਰਿਪੋਰਟ ਅਨੁਸਾਰ ਪੰਜਾਬ ਰਹਿੰਦੇ ਲੋਕ ਪਹਿਲਾਂ ਪੁੱਜੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਦੀਆਂ ਖਬਰਾਂ ਤੋਂ ਪ੍ਰੇਰਿਤ ਹੋ ਕੇ ਚੰਗੇ ਭਵਿੱਖ ਲਈ ਪ੍ਰਵਾਸ ਕਰਦੇ ਹਨ ਅਤੇ ਵਿਦੇਸ਼ ਪੁੱਜਣ ਲਈ ਹਰ ਤਰੀਕਾ ਅਪਣਾਉਂਦੇ ਹਨ।

ਪੰਜਾਬ ਵਿਚ ਰਹਿਕੇ ਕਿਰਤ ਨਾ ਕਰਨ ਅਤੇ ਵਿਦੇਸ਼ ਵਿਚ ਜਾਕੇ ਹਰ ਤਰ੍ਹਾਂ ਦਾ ਕੰਮ ਕਰਨ ਲਈ ਪੰਜਾਬੀ ਮਸ਼ਹੂਰ ਹੋ ਗਏ ਹਨ। ਨਜ਼ਦੀਕੀ ਰਿਸ਼ਤਿਆਂ ਦੀ ਅਹਿਮੀਅਤ ਭੁੱਲਕੇ ਨੇੜਲੇ ਰਿਸ਼ਤਿਆਂ ਵਿਚ ਵਿਆਹ, ਫਿਰ ਆਇਲਿਟਸ ਕਰਕੇ ਜਾਅਲੀ ਵਿਆਹਾਂ ਦੀ ਲੜੀ ਨੇ ਪੰਜਾਬੀ ਭਾਈਚਾਰਕ ਰਿਸ਼ਤਿਆਂ ਉੱਤੇ ਭਰਵੀਂ ਸੱਟ ਮਾਰੀ ਹੈ ਪਰ ਪ੍ਰਵਾਸ ਦੇ ਕਾਨੂੰਨੀ, ਗੈਰ-ਕਾਨੂੰਨੀ ਕੰਮ ਲਗਾਤਾਰ ਜਾਰੀ ਰਹੇ। ਪੰਜਾਬ ਵਿਚ ਸਮੇਂ ਸਮੇਂ ਹੋਈ ਮਾਰੋ-ਮਾਰੀ, ਘਾਟੇ ਦੀ ਖੇਤੀ ਤੋਂ ਪੰਜਾਬੀਆਂ ਦਾ ਮੋਹ ਟੁੱਟਣਾ, ਬੇਰੁਜ਼ਗਾਰੀ ਵਿਚ ਵਾਧਾ ਆਦਿ ਵੀ ਪ੍ਰਵਾਸ ਦਾ ਕਾਰਨ ਬਣੇ, ਪਰ ਸਧਾਰਨ ਮਜ਼ਦੂਰ ਨੂੰ ਅਸੰਗਠਿਤ ਖੇਤਰ ਵਿੱਚ ਰੋਟੀ ਰੋਜ਼ੀ ਦਾ ਸਾਧਨ ਪੈਦਾ ਕਰਨ ਵਿਚ ਨਾਕਾਮੀ ਵੀ ਵੱਡਾ ਕਾਰਨ ਬਣਿਆ।

ਖਾੜੀ ਦੇਸ਼ਾਂ ਵਿੱਚ ਪੰਜਾਬੀਆਂ ਦਾ ਪੁੱਜਣਾ ਇਸਦਾ ਵੱਡਾ ਪ੍ਰਮਾਣ ਹੈ, ਜਿੱਥੇ 15000 ਰੁਪਏ ਮਾਸਿਕ ਤੱਕ ਦੀਆਂ ਨੌਕਰੀਆਂ ਲਈ ਵੀ ਘਰ-ਬਾਰ ਛੱਡਕੇ ਮਜ਼ਦੂਰੀ ਕਰਨ ਲਈ ਪੰਜਾਬੀ ਆਮ ਤੌਰ ’ਤੇ ਪੁੱਜ ਜਾਂਦੇ ਹਨ। ਹੁਣ ਤਾਂ ਵੱਡੀ ਗਿਣਤੀ ਵਿਚ ਪੰਜਾਬੀ ਲੜਕੀਆਂ ਵੀ “ਘਰੇਲੂ ਨੌਕਰਾਣੀ” ਜਾਂ ਹੋਰ ਕੰਮਾਂ ਲਈ ਖਾੜੀ ਦੇਸ਼ਾਂ ਵਿਚ ਪੁੱਜ ਜਾਂਦੀਆਂ ਹਨ ਭਾਵੇਂ ਕਿ ਸਰਦੇ ਪੁੱਜਦੇ ਘਰਾਂ ਦੇ ਨੌਜਵਾਨ ਜਾਂ ਔਖੇ ਸੌਖੇ ਭਾਰੀ ਭਰਕਮ ਫੀਸਾਂ ਇਕੱਠੀਆਂ ਕਰਕੇ ਆਇਲਿਟਸ ਪਾਸ ਕਰਕੇ, ਕੈਨੇਡਾ, ਅਸਟਰੇਲੀਆਂ ਪੁੱਜਣ ਵਾਲੇ ਸਧਾਰਨ ਘਰਾਂ ਦੇ ਨੌਜਵਾਨਾਂ ਦਾ ਰੁਝਾਨ ਵੀ ਚਰਮ ਸੀਮਾ ਉੱਤੇ ਹੈ। ਉੱਥੇ ਉਹ ਇਸ ਆਸ ਨਾਲ ਪੁੱਜਦੇ ਹਨ ਕਿ ਪੜ੍ਹਾਈ ਕਰਕੇ ਉਹ ਪੀ.ਆਰ. ਕਾਰਡ (Permanent Resident card = ਪੱਕੀ ਰਿਹਾਇਸ਼ ਦਾ ਕਾਰਡ) ਪ੍ਰਾਪਤ ਕਰ ਲੈਣਗੇ। ਪਰ ਇਹ ਸਭ ਕੁਝ ਕਰਨ ਲਈ ਉਹਨਾਂ ਦੇ ਮਾਪਿਆਂ ਨੂੰ ਘਰ-ਬਾਰ, ਖੇਤ, ਗਹਿਣੇ ਰੱਖਣੇ ਪੈਂਦੇ ਹਨ, ਕਰਜ਼ੇ ਲੈਣੇ ਪੈਂਦੇ ਹਨ। ਵਿਦੇਸ਼ ਪੁੱਜ ਕੇ ਇਹ ਨੌਜਵਾਨ ਯੁਵਕ, ਯੁਵਤੀਆਂ ਨੂੰ ਔਖੇ ਕੰਮ ਘੱਟ ਪੈਸੇ ਲੈਕੇ ਕਰਨੇ ਪੈਂਦੇ ਹਨ, ਅਤੇ ਇਕੋ ਕਮਰੇ ਵਿਚ ਪੰਜ-ਪੰਜ, ਛੇ-ਛੇ ਲੋਕਾਂ ਨੂੰ ਰਿਹਾਇਸ਼ ਰੱਖਣੀ ਪੈਂਦੀ ਹੈ, ਉਵੇਂ ਹੀ ਜਿਵੇਂ ਯੂ.ਪੀ., ਬਿਹਾਰ, ਤੋਂ ਪੰਜਾਬ ਆਏ ਮਜ਼ਦੂਰਾਂ ਨੂੰ ਅਤਿ ਦੇ ਮਾੜੇ ਹਾਲਤ ਵਿਚ ਰਹਿਣ ਤੇ ਘੱਟ ਪੈਸਿਆਂ ’ਤੇ ਨੌਕਰੀ ਕਰਨੀ ਪੈਂਦੀ ਹੈ।

ਸੰਗਠਿਤ ਅਤੇ ਗੈਰ-ਸੰਗਠਿਤ ਖੇਤਰਾਂ ਵਿਚ ਨੌਕਰੀਆਂ ਦੀ ਕਮੀ ਨੇ ਦੇਸ਼ ਵਿਚ ਬਹੁਤ ਵੱਡਾ ਸੰਕਟ ਪੈਦਾ ਕੀਤਾ ਹੋਇਆ ਹੈ। ਯੂ. ਐੱਨ.ਓ. ਦੀ ਇੰਟਰਨੈਸ਼ਨਲ ਲੇਬਰ ਔਰਗੇਨਾਈਜੇਸ਼ਨ (ਆਈ ਐਲ ਓ) ਨੇ ਕਿਹਾ ਹੈ ਕਿ 2017 ਵਿਚ 17.8 ਮਿਲੀਅਨ ਲੋਕ ਬੇਰੁਜ਼ਗਾਰ ਸਨ, ਜੋ ਪਿਛਲੇ ਸਾਲ 17.7 ਮਿਲੀਅਨ ਸਨ ਅਤੇ 2018 ਵਿਚ ਵਧਕੇ 18 ਮਿਲੀਅਨ ਹੋ ਗਏ ਹਨ ਅਤੇ ਬੇਰੁਜ਼ਗਾਰੀ ਦੇ ਰੁਝਾਨ ਵਿੱਚ ਵਾਧਾ ਸਲਾਨਾ 3.4 ਫੀਸਦੀ ਉੱਤੇ ਟਿਕਿਆ ਹੋਇਆ ਹੈ।

ਕੁੱਲ 1.34 ਬਿਲੀਅਨ ਅਬਾਦੀ ਵਿੱਚੋਂ ਅੱਧੀ ਆਬਾਦੀ 25 ਸਾਲ ਦੀ ਉਮਰ ਤੋਂ ਘੱਟ ਹੈ। ਹਰ ਸਾਲ ਵੱਡੀ ਗਿਣਤੀ ਇਹ ਆਬਾਦੀ ਨੌਕਰੀਆਂ ਦੀ ਤਲਾਸ਼ ਵਿੱਚ ਆ ਬਹਿੰਦੀ ਹੈ। ਦੇਸ਼ ਦੀ ਕੁੱਲ ਆਬਾਦੀ ਦਾ 50.3 ਫੀਸਦੀ ਹਰ ਕਿਸਮ ਦੀ ਮਜ਼ਦੂਰੀ ਵਿਚ ਲੱਗੇ ਲੋਕ ਹਨ। ਉਸ ਵਿੱਚੋਂ 46 ਫੀਸਦੀ ਲੋਕ ਖੇਤ ਮਜ਼ਦੂਰੀ ਨਾਲ ਜੁੜੇ ਹੋਏ ਹਨ ਜਦਕਿ 22 ਫੀਸਦੀ ਨਿਰਮਾਣ ਅਤੇ 32 ਫੀਸਦੀ ਸਰਵਿਸ ਸੈਕਟਰ ਨਾਲ ਜੁੜੇ ਹੋਏ ਹਨ। ਸਾਲ 2016 ਵਿੱਚ ਦੇਸ਼ ਵਿੱਚ ਬੇਰੁਜ਼ਗਾਰੀ ਦਰ 7.97 ਫੀਸਦੀ ਸੀ, ਜਿਸ ਵਿੱਚ ਪੇਂਡੂ ਖੇਤਰ ਵਿਚ 7.15 ਫੀਸਦੀ ਅਤੇ ਸ਼ਹਿਰੀ ਖੇਤਰ ਵਿਚ 9.62 ਫੀਸਦੀ ਸੀ। ਮਗਨਰੇਗਾ ਦੇ ਲਾਗੂ ਹੋਣ ਨਾਲ ਬੇਰੁਜ਼ਗਾਰਾਂ ਦੀ ਪੇਂਡੂ ਖੇਤਰ ਵਿਚ ਗਿਣਤੀ ਵਿਚ ਕਮੀ ਦੇਖਣ ਨੂੰ ਮਿਲੀ ਹੈ।

ਦੇਸ਼ ਵਿੱਚ ਬੇਰੁਜ਼ਗਾਰੀ ਦਾ ਲਗਾਤਾਰ ਵਧਦੇ ਜਾਣਾ ਪ੍ਰਵਾਸ ਦਾ ਵੱਡਾ ਕਾਰਨ ਹੈ। ਅਸੰਗਠਿਤ ਖੇਤਰ ਵਿੱਚ ਰੁਜ਼ਗਾਰ ਦੇ ਸੰਕਟ ਦਾ ਕੋਈ ਤੋੜ ਲੱਭਕੇ ਹੀ ਇਸ ਬੇਰੁਜ਼ਗਾਰੀ ਵਾਲੇ ਵੱਡੇ ਸੰਕਟ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ। ਉਂਜ ਗੈਰ-ਕਾਨੂੰਨੀ ਪ੍ਰਵਾਸ ਨੂੰ ਠੱਲ੍ਹ ਪਾਉਣ ਲਈ ਅਤੇ ਮੋਸੁਲ ਜਿਹੀਆਂ ਘਟਨਾਵਾਂ ਰੋਕਣ ਲਈ, ਦੇਸ਼ ਭਰ ਵਿਚ ਫੈਲੇ ਦਲਾਲਾਂ ਦੇ ਤੰਤਰ ਦੇ ਖਿਲਾਫ਼ ਵੱਡੀ ਸਰਕਾਰੀ ਕਾਰਵਾਈ ਕਰਨ ਦੀ ਵੀ ਲੋੜ ਹੈ, ਜਿਹੜੇ ਪੈਸੇ ਲੈਕੇ ਲੋਕਾਂ ਨੂੰ, ਜ਼ੋਖਮ ਭਰੇ ਇਲਾਕਿਆਂ ਵਿਚ ਭੇਜ ਦਿੰਦੇ ਹਨ।

*****

(1077)

About the Author

ਗੁਰਮੀਤ ਪਲਾਹੀ

ਗੁਰਮੀਤ ਪਲਾਹੀ

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author