“ਬੁਢੇਪਾ ਜ਼ਿੰਦਗੀ ਜਿਊਣ ਦਾ ਨਵੇਕਲਾ ਨਾਂ ਹੈ। ਆਉ, ਬੀਤੇ ਦਿਨਾਂ ਵਿੱਚੋਂ ...”
(10 ਨਵੰਬਰ 2026)
ਲਹਿੰਦੇ ਪੰਜਾਬ ਦੀ ਨਾਮੀ ਗਾਇਕਾ ਮਲਿਕਾ ਪੁਖਰਾਜ਼ ਦੀ ਦਿਲ ਟੁੰਬਵੀਂ ਅਵਾਜ਼ ਫਿਜ਼ਾ ਵਿੱਚ ਗੂੰਜ ਰਹੀ ਹੈ, “ਅਭੀ ਤੋ ਮੈਂ ਜਵਾਨ ਹੂੰ …।” ਬਹੁਤ ਕੁਝ ਲੁਕੋਈ ਬੈਠੀ ਹੈ ਇਹ ਦਾਸਤਾਨ! ਬਚਪਨਾ ਜੇਕਰ ਬਾਦਸ਼ਾਹਤ ਹੈ ਅਤੇ ਜਵਾਨੀ ਰੰਗਲੇ ਦਿਨਾਂ ਦਾ ਅਹਿਸਾਸ, ਤਾਂ ਬੁਢੇਪਾ ਇਸਦਾ ਸੁਨਹਿਰੀ ਯੁਗ ਹੈ। ਹਉਕਿਆਂ ਹਾਵਿਆਂ ਦੀ, ਤਜਰਬਿਆਂ ਦੀ ਪ੍ਰਪੱਕਤਾ ਨੂੰ ਪੀਡੀ ਗੰਢ ਨਾਲ ਬੰਨ੍ਹਿਆ ਹੋਇਆ ਹੈ। ਉਹ ਇਬਾਰਤ, ਜੋ ਅੱਖਰਾਂ ਨੇ ਨਹੀਂ, ਸਮੇਂ ਦੇ ਥਪੇੜਿਆਂ ਨੇ ਸਿਖਾਈ ਹੈ। ਸਿਖਰ ਦੁਪਹਿਰ ਦੀ ਉਮਰ ਤੋਂ ਪਰਛਾਵੇਂ ਢਲਣ ਤਕ ਦੀ ਵਿਥਿਆ। ਚਾਂਦੀ ਰੰਗੇ ਵਾਲ ਅਤੇ ਸੁਨਹਿਰੀ ਭਾਅ ਮਾਰਦਾ ਝੁਰੜੀਆਂ ਭਰਿਆ ਚਿਹਰਾ ਖੱਟੀਆਂ, ਮਿੱਠੀਆਂ ਅਤੇ ਕੜਕ ਯਾਦਾਂ ਦਾ ਸਮੁੰਦਰ ਸਮੋਈ ਬੈਠਾ ਹੁੰਦਾ ਹੈ ਆਪਣੇ ਅੰਦਰ। ਲੰਮਿਆਂ ਪੈਂਡਿਆਂ ਦੀ ਰਾਸ ਪੂੰਜੀ ਜ਼ਿੰਦਗੀ ਦੇ ਪੰਨਿਆਂ ਦਾ ਇਤਿਹਾਸ ਬਣਦੀ ਹੈ। ਬੇਸ਼ਕ ਅਸੀਂ ਆਪਣੀ ਜ਼ਿੰਦਗੀ ਅਗਾਂਹ ਨੂੰ ਜਿਊਂਦੇ ਹਾਂ, ਪਰ ਬਹੁਤੀ ਸਮਝ ਸਾਨੂੰ ਪਿਛਲੀ ਜੀਵੀ ਜ਼ਿੰਦਗੀ ਅਤੇ ਉਸ ਨਾਲ ਜੁੜੀਆਂ ਯਾਦਾਂ ਤੋਂ ਹੀ ਆਉਂਦੀ ਹੈ। ਅਤੀਤ ਦੇ ਕੁਝ ਪਲ ਸਾਡੇ ਸਾਹਮਣੇ ਯਾਦਾਂ ਦੀ ਪਟਾਰੀ ਖੋਲ੍ਹ ਦਿੰਦੇ ਨੇ:
ਜੋ ਗੁਜ਼ਰ ਗਈ ਕੱਲ੍ਹ ਕੀ ਬਾਤ ਥੀ
ਉਮਰ ਤੋ ਨਹੀਂ ਏਕ ਹੀ ਰਾਤ ਥੀ। ... (ਭੁਪਿੰਦਰ)
ਬੁਢੇਪਾ ਵਰ ਹੈ ਕਿ ਸਰਾਪ? ਅਸੀਂ ਤ੍ਰਭਕ ਕਿਉਂ ਜਾਂਦੇ ਹਾਂ? ਕੀ ਮੌਤ ਡਰਾਉਣੀ ਸ਼ੈਅ ਹੈ? ਸੈਂਕੜੇ ਹੀ ਸਵਾਲ ਜ਼ਿਹਨ ਵਿੱਚ ਘਰ ਕਰ ਲੈਂਦੇ ਹਨ। ਸੋਚਣ ਸ਼ਕਤੀ ਰੁਕ ਜਿਹੀ ਜਾਂਦੀ ਹੈ, ਜਿਵੇਂ ਸਾਹਮਣੇ ਕੋਈ ਖਾਈ ਹੋਵੇ ਅਤੇ ਸਾਨੂੰ ਉਸ ਵਿੱਚ ਜਬਰੀ ਛਾਲ ਮਾਰਨ ਲਈ ਕਿਹਾ ਜਾਵੇ। ਭੁੱਲ ਜਾਂਦੇ ਹਾਂ ਕਿ ਬੁਢੇਪਾ ਸਰੀਰਕ ਅਤੇ ਮਾਨਸਿਕ ਅਵਸਥਾ ਹੈ, ਜੋ ਵਡੇਰੇ ਸਮੇਂ ਦੇ ਕਾਲ-ਚੱਕਰਾਂ ਨੇ ਸਾਨੂੰ ਅਨਮੋਲ ਤੋਹਫੇ ਵਿੱਚ ਦਿੱਤਾ ਹੈ। ਇਹ ਮਹਿੰਗੇ, ਮੁੱਲਵਾਨ ਛਿਣਾਂ ਦਾ ਲੇਖਾ ਜੋਖਾ ਹੈ। ਤੀਹ ਸਾਲ ਦਾ ਜਵਾਨ ਆਪਣੇ ਆਪ ਨੂੰ ਬੁੱਢਾ ਸਮਝ ਬੈਠਦਾ ਹੈ, ਪਰ ਸੈਂਕੜਿਆਂ ਨੂੰ ਪਹੁੰਚਿਆ ਵਡੇਰਾ ਅਜੇ ਵੀ ਜ਼ਿੰਦਗੀ ਪ੍ਰਤੀ ਆਸਵੰਦ ਹੈ। ਅਸਲ ਵਿੱਚ ਇਸ ਸੰਕੀਰਨ ਸੋਚ ਦੇ ਪਿੱਛੇ ਅਨੇਕਾਂ ਹੀ ਸਮਾਜਿਕ, ਆਰਥਿਕ ਵਤੀਰੇ ਅਤੇ ਅਜੋਕੀਆਂ ਕਦਰਾਂ ਕੀਮਤਾਂ ਹਨ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ ਭਾਰਤ ਬਜ਼ੁਰਗਾਂ ਲਈ ਵਧੀਆ ਦੇਸ਼ ਨਹੀਂ ਹੈ। ਗਲੋਬਲ ਏਜ ਵਾਚ ਇੰਡੈਕਸ-2013 ਦੇ ਸਰਵੇਖਣ ਮੁਤਾਬਿਕ, ਜਿਹੜਾ ਸਿਹਤ, ਸਿੱਖਿਆ, ਆਮਦਨ ਅਤੇ ਵਾਤਾਵਰਣ ਤੇ ਅਧਾਰਤ ਹੈ; ਸਾਡਾ ਦੇਸ਼ 91 ਦੇਸ਼ਾਂ ਵਿੱਚੋਂ 73ਵੇਂ ਸਥਾਨ ’ਤੇ ਹੈ। ਸਵੀਡਨ ਪਹਿਲੇ, ਨਾਰਵੇ ਦੂਜੇ ਅਤੇ ਜਰਮਨੀ ਤੀਜੇ ਸਥਾਨ ਨਾਲ ‘ ਸੀਨੀਅਰ ਸਿਟੀਜ਼ਨਜ’ ਦੇ ਰਹਿਣ ਲਈ ਖੂਬਸੂਰਤ ਧਰਤੀਆਂ ਹਨ।
ਦੇਖਿਆ ਗਿਆ ਹੈ ਕਿ ਰਿਸ਼ਤਿਆਂ ਦੇ ਘਾਣ ਦਾ ਸਭ ਤੋਂ ਵੱਧ ਸੰਤਾਪ ਬਜ਼ੁਰਗਾਂ ਦੇ ਹਿੱਸੇ ਆਇਆ ਹੈ। ਬਜ਼ੁਰਗਾਂ ਦੀ ਕੋਈ ਸੁਣਵਾਈ ਨਹੀਂ। ਔਲਾਦ ਡਿਜਿਟਲ ਯੁਗ ਵਾਂਗ ਹੀ ਤੇਜ਼ ਤਰਾਰ ਹੈ। ਉਮਰ ਭਰ ਦੇ ਤਜਰਬੇ ਕੋਈ ਮਾਅਨੇ ਨਹੀਂ ਰੱਖਦੇ, ਕਿਉਂਕਿ ਇਹ ‘ਆਊਟਡੇਟਡ’ ਹੋ ਚੁੱਕੇ ਹਨ। ਬਨਾਰਸ ਦੇ ਘਾਟ ਵੱਡੀ ਗਿਣਤੀ ਵਿਧਵਾ ਔਰਤਾਂ ਦੀ ਹੋਣੀ ਬਿਆਨ ਕਰਦੇ ਹਨ। ਬਿਰਧ ਆਸ਼ਰਮ ਖੁੰਬਾਂ ਵਾਂਗ ਉੱਗ ਰਹੇ ਹਨ। ਸਰੀਰ ਚਾਰ ਦੀਵਾਰੀਆਂ ਵਿੱਚ ਹੁੰਦੇ ਹਨ ਪਰ ਮਨ ਦੀ ਭਟਕਣਾ ਫਿਰ ਉੱਥੇ ਲੈ ਜਾਂਦੀ ਹੈ, ਜਿੱਥੋਂ ਨਿਰਾਦਰ ਹੋਣ ਕਾਰਨ ਤਿਲਾਂਜਲੀ ਦੇ ਕੇ ਆਏ ਹੁੰਦੇ ਹਨ। ਸਿਸਕੀਆਂ, ਅਸੀਸਾਂ ਅਤੇ ਬਦਅਸੀਸਾਂ ਦਾ ਤਾਣਾਬਾਣਾ ਸਮਾਜ ਦੀ ਤਸਵੀਰ ਦਾ ਕਾਲਾ ਪੱਖ ਦਰਸਾਉਂਦਾ ਹੈ। ਉਦਾਸੀ ਦੇ ਆਲਮ ਵਿੱਚ ਲੱਗਦਾ ਹੈ ਕਿ ਬੁਢੇਪਾ ਦੁੱਖਾਂ ਸੰਤਾਪਾਂ ਤੋਂ ਬਿਨਾਂ ਕੁਝ ਹੈ ਹੀ ਨਹੀਂ।
ਕਿਹਾ ਜਾਂਦਾ ਹੈ ਕਿ ਵਡੇਰੇ ਘਰ ਦਾ ਜਿੰਦਰਾ ਹੁੰਦੇ ਹਨ। ਉਨ੍ਹਾਂ ਦੀ ਉਪਸਥਿਤੀ ਨਾਲ ਘਰ ਦਾ ਕੋਨਾ ਕੋਨਾ ਮਹਿਕਦਾ ਹੈ। ਕਿਵਾੜ ਖੁੱਲ੍ਹੇ ਮਿਲਦੇ ਹਨ। ਸੋਚ ਕੇ ਦੇਖੋ, ਇਸਦੀ ਅਣਹੋਂਦ ਵਿੱਚ ਘਰ ਦੀ ਚਾਰਦਿਵਾਰੀ ਕਿਵੇਂ ਦੀ ਹੋਵੇਗੀ? ਤਿੱਖੀ ਧੁੱਪ ਵਿੱਚ ਵੀ ਕੋਨੇ ਹਨੇਰੇ ਲੱਗਣਗੇ। ਬਜ਼ੁਰਗਾਂ ਦੀਆਂ ਲੋੜਾਂ ਕੋਈ ਵੱਡੀਆਂ ਨਹੀਂ ਹੁੰਦੀਆਂ; ਸਿਰਫ ਤੁਹਾਡੀ ਦੋ ਪਲ ਦੀ ਗੁਫਤਗੂ ਉਨ੍ਹਾਂ ਲਈ ਮਾਰੂਥਲ ਵਿੱਚ ਪਈਆਂ ਛਿੱਟਾਂ ਦੀ ਨਿਆਈਂ ਹੋਵੇਗੀ। ਉਹ ਆਪਣੇ ਉਮਰ ਭਰ ਦੇ ਤਜਰਬੇ ਨਾਲ ਸਾਡੇ ਭਵਿੱਖ ਨੂੰ ਸੁਨਹਿਰੀ ਬਣਾਉਣ ਦਾ ਸੁਪਨਾ ਲੈਂਦੇ ਹਨ, ਪਰ ਸਾਨੂੰ ਉਨ੍ਹਾਂ ਦੀ ਕਲਪਨਾ ਕਿਸੇ ‘ਪੱਥਰ ਯੁਗ’ ਦੀ ਕਹਾਣੀ ਲਗਦੀ ਹੈ। ਘਰ ਦੇ ਕਿਸੇ ਖੂੰਜੇ ਵਿੱਚ ਮੰਜੇ ’ਤੇ ਪਏ ਉਹ ਆਪਣੀ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨੂੰ ਚਿਤਾਰਦੇ ਰਹਿੰਦੇ ਹਨ। ਦੁਨੀਆ ਭਰ ਦੀਆਂ ਸੁਖ ਸਹੂਲਤਾਂ ਉਨ੍ਹਾਂ ਨੂੰ ਉਹ ਸਕੂਨ ਨਹੀਂ ਦਿੰਦੀਆਂ, ਜਿੰਨੀਆਂ ਉਹ ਬੱਚਿਆਂ ਨਾਲ ਬੱਚੇ ਬਣ ਕੇ ਮਾਣਦੇ ਹਨ। ਇਕੱਲਤਾ ਜਾਂ ਰੁੱਖਾਪਣ ਉਨ੍ਹਾਂ ਨੂੰ ਡਿਪਰੈਸ਼ਨ ਵੱਲ ਧੱਕ ਦਿੰਦਾ ਹੈ। ਸਿਆਣੇ ਕਹਿੰਦੇ ਹਨ, ਜਿਹੜੇ ਘਰ ਬਜ਼ੁਰਗ ਹੱਸਦੇ ਮਿਲਣ, ਉਹ ਸਵਰਗ ਹੁੰਦਾ ਹੈ।
ਸਮੇਂ ਅਤੇ ਉਮਰ ਦੀ ਤਬਦੀਲੀ ਕੁਦਰਤ ਦਾ ਅਟੱਲ ਨਿਯਮ ਹੈ। ਕੁਝ ਸਮਾਂ ਪਹਿਲਾਂ ਤਕ ਛੁੱਟੀਆਂ ਹੋਣ ’ਤੇ ਬੱਚੇ ਦਾਦੀਆਂ ਨਾਨੀਆਂ ਕੋਲ ਜਾਣ ਲਈ ਵਿਆਕੁਲ ਹੁੰਦੇ ਸਨ। ਉਨ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਬਾਤਾਂ, ਪਰੀ ਕਹਾਣੀਆਂ ਜਿੱਥੇ ਬੱਚਿਆਂ ਨੂੰ ਸੰਸਕਾਰਾਂ ਦੀ ਮਰਯਾਦਾ ਦੇ ਪਾਠ ਪੜ੍ਹਾਉਣ ਦਾ ਸਬੱਬ ਬਣਦੀਆਂ ਸਨ, ਉੱਥੇ ਬਜ਼ੁਰਗਾਂ ਦਾ ਸਮਾਂ ਵੀ ਸਾਰਥਿਕ ਹੋ ਜਾਂਦਾ ਸੀ। ਹੁਣ ਬੱਚਿਆਂ ਨੂੰ ਮੋਬਾਇਲ, ਲੈਪਟਾਪ ਅਤੇ ਡਿਜਿਟਲ ਗੇਮਾਂ ਤੋਂ ਹੀ ਵਿਹਲ ਨਹੀਂ, ਨਾ ਹੀ ਉਹ ਆਪਣੀ ਜ਼ਿੰਦਗੀ ਵਿੱਚ ਕਿਸੇ ਵੱਡੇ ਦੀ ‘ਦਖਲਅੰਦਾਜ਼ੀ’ ਪਸੰਦ ਕਰਦੇ ਹਨ। ਇੱਕੋ ਛੱਤ ਥੱਲੇ ਵਸਦਾ ਪਰਿਵਾਰ ਵੀ ਅਜਨਬੀ ਬਣਿਆ ਰਹਿੰਦਾ ਹੈ। ਪੁਰਖਿਆਂ ਨੇ ਭਲੇ ਵੇਲੇ ਦੇਖੇ ਹਨ। ਸਬਰ ਸੰਤੋਖ ਦਾ ਪੱਲਾ ਨਹੀਂ ਛੱਡਿਆ। ਧਰਤੀ ਹੇਠਲੇ ਬਲਦ ਬਣ ਕੇ ਆਪਣੀਆਂ ਖੁਸ਼ੀਆਂ ਪਰਿਵਾਰ ਲਈ ਵਾਰ ਦਿੱਤੀਆਂ। ਉਮਰ ਦੇ ਇਸ ਆਖਰੀ ਪੜਾਅ ’ਤੇ ਥੋੜ੍ਹੀ ਜਿਹੀ ਠੇਸ ਵੀ ਉਨ੍ਹਾਂ ਨੂੰ ਡੂੰਘਾ ਜ਼ਖਮ ਦੇ ਜਾਂਦੀ ਹੈ। ਲੇਖਕ ਬਲਦੇਵ ਸਿੰਘ ਸੜਕਨਾਮਾ ਦੇ ਬੋਲ:
ਉਮਰ ਦੇ ਆਖਰੀ ਪੈਂਡੇ ਦੀ ਦਹਿਲੀਜ਼ ’ਤੇ ਖੜ੍ਹਿਆਂ
ਯਾਦਾਂ ਦੀਆਂ ਗਿਰਝਾਂ
ਹਰ ਪਲ, ਹਰ ਘੜੀ
ਨੋਚਦੀਆਂ ਨੇ ਕਲੇਜੇ ਦਾ ਮਾਸ
ਤੇ ਬੇਵਸੀ ਦੀ, ਚੁੱਪ ਦੀ ਚੀਖ
ਸੁਣਦੀ ਨਹੀਂ ਕਿਸੇ ਨੂੰ।
ਢਲਦੀ ਉਮਰੇ ਸੋਚਾਂ ਦੇ ਅੱਥਰੇ ਘੋੜੇ ਕਿੱਧਰ ਨੂੰ ਸਰਪੱਟ ਦੌੜਨ ਲਗਦੇ ਹਨ, ਪਤਾ ਹੀ ਨੀ ਲਗਦਾ। ਸਾਹਿਤਕਾਰ ਗੁਲਜ਼ਾਰ ਸਿੰਘ ਸੰਧੂ ਨੂੰ ਅੱਸੀਵਿਆਂ ਵਿੱਚ ਪੈਰ ਪਾਉਣ ’ਤੇ ਕੋਈ ਸਿਹਤ ਬਾਰੇ ਪੁੱਛਦਾ ਹੈ, ਤਾਂ ਜਵਾਬ ਸਮੇਂ ਸਮੇਂ ਦੀ ਦਸ਼ਾ ਦਰਸਾ ਦਿੰਦਾ ਹੈ। ‘ਚੜ੍ਹਦੀ ਕਲਾ’, ‘ਇੱਕ ਨੰਬਰ’, ‘ਹਾਲੀ ਤਕ ਠੀਕ ਹੈ’ ਤੋਂ ‘ਧੱਕਾ ਦੇ ਰਿਹਾਂ’ ਤਕ ਤਿਲ੍ਹਕ ਜਾਂਦਾ ਹੈ। ਲਿਖਦਾ ਹੈ, “ਹੁਣ ਮੈਂ ਉਸ ਗੇਂਦ ਵਾਂਗ ਹਾਂ, ਜਿਹੜੀ ਰੁੜ੍ਹ ਤਾਂ ਰਹੀ ਹੈ, ਪਰ ਇਸਦਾ ਰੁੜ੍ਹਨਾ ਰੁਕਣ ਵਾਲਾ ਹੈ। ਕਦੋਂ, ਕਿਵੇਂ ਅਤੇ ਕਿੱਥੇ ਦਾ ਪਤਾ ਨਹੀਂ।” ਬਕੌਲ ਮਿਰਜ਼ਾ ਗਾਲਿਬ:
ਰੌਂਅ ਮੇਂ ਹੈ ਰਖਸ਼ ਏ ਉਮਰ, ਕਹਾਂ ਦੇਖੀਏ ਥਮੇਂ
ਨਾ ਹਾਥ ਬਾਗ ਪਰ ਹੈ, ਨਾ ਪਾ ਹੈ ਰਕਾਬ ਮੇਂ।
ਤਸਵੀਰ ਦੇ ਦੂਸਰੇ ਰੁਖ ਵਿੱਚ ਬੁਢੇਪਾ ਇੱਕ ਸੁਖਦ, ਸੁਖਾਵਾਂ ਭਾਵ ਬਣਦਾ ਹੈ। ਜ਼ਿੰਦਗੀ ਦੀ ਭੱਜ ਦੌੜ ਅਤੇ ਝਮੇਲਿਆਂ ਤੋਂ ਫਾਰਗ ਹੋਣ ਦਾ ਸੁਵੱਲਾ ਸਮਾਂ, ਜਦੋਂ ਟਹਿਕਵੇਂ ਪਲਾਂ ਨੂੰ ਮਾਣ ਸਕੀਦਾ ਹੈ। ਆਪਣੇ ਬਾਰੇ ਲੇਖਾ ਜੋਖਾ ਕਰਨ ਦਾ, ਆਪਣੇ ਆਪੇ ਨਾਲ ਸੰਵਾਦ ਰਚਾਉਣ ਦਾ। ਹਾਂ-ਵਾਚੀ ਪਲਾਂ ਅਤੇ ਮਨ ਨੂੰ ਇਕਾਗਰ ਕਰਨ ਦਾ... ਆਕਾਸ਼ੀ ਗੰਗਾ ਦੇ ਤਾਰਿਆਂ ਨਾਲ ਸਾਂਝ ਪਾਉਣ ਦਾ। ਬੁਢੇਪਾ ਮਨ ਦਾ ਹੀ ਇੱਕ ਪੜਾਅ ਹੈ। ਇਸਨੂੰ ਭੁੱਲ ਕੇ ਬਹੁਤ ਲੋਕ ਜ਼ਿੰਦਗੀ ਦਾ ਜਸ਼ਨ ਮਨਾਉਂਦੇ ਹਨ, ਹੱਸ ਕੇ... ਗੁਟਕ ਕੇ... ਮਸ਼ਕਰੀਆਂ ਕਰ ਕੇ... ਰੰਗਾਂ ਨਾਲ ਖੇਡ ਕੇ। ਤ੍ਰਿਕਾਲਾਂ ਨੂੰ ‘ਹਟ ਪਿੱਛੇ’ ਕਹਿ ਕੇ ਕੁਦਰਤ ਦਾ ਅਨੰਦ ਮਾਣਦੇ ਹਨ। ਨਿੱਕੇ ਨਿੱਕੇ ਟੋਟਕਿਆਂ ਨਾਲ ਲਾਡ ਲਡਾਉਣਾ, ਜ਼ਿੰਦਗੀ ਦੀਆਂ ਰਮਜ਼ਾਂ ਦੇ ਰਾਜ਼ ਸਮਝਾਉਣੇ ਅਤੇ ਉਤਸ਼ਾਹੀ ਪਲਾਂ ਨੂੰ ਰੋਜ਼ ਮਰ੍ਹਾ ਦਾ ਹਿੱਸਾ ਬਣਾਉਣਾ, ਉਨ੍ਹਾਂ ਨੂੰ ਨਿਰਾਸ਼ਾਵਾਦੀ ਵਿਚਾਰਾਂ ਤੋਂ ਕੋਹਾਂ ਦੀ ਦੂਰੀ ’ਤੇ ਰੱਖਦਾ ਹੈ।
ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਨੇ ਜ਼ਿੰਦਗੀ ਦਾ ਸੈਂਕੜਾ ਪੂਰਾ ਕੀਤਾ। ਆਖਰ ਤਕ ਵੀ ਉਹ ਆਪਣੇ ਪਿੰਡ ਦੇ ਖੇਡ ਮੇਲੇ’ ਤੇ ਥਾਪੀ ਮਾਰ ਕੇ ਝੰਡੀ ਲੈਂਦੇ ਰਹੇ। ਕੰਵਲ ਬਾਰੇ ਇਨਕਲਾਬੀ ਸ਼ਾਇਰ ਪਾਸ਼ ਕਹਿੰਦਾ ਹੈ,” ਕੰਵਲ ਨੂੰ ਮਿਲਣ ਜਾਓ। ਉੱਥੇ ਸਿਰਫ ਇੱਕ ਐਥਲੀਟ ਕਿਸਮ ਦੇ ਮੋਢੇ ਉੱਤੇ ਜਾਂਘੀਏ ਦੀਆਂ ਤਣੀਆਂ ਲਮਕਦੀਆਂ ਨਜ਼ਰ ਆਉਣਗੀਆਂ। ਬਾਕੀ ਦਾ ਕੰਵਲ ਤੁਹਾਡੇ ਆਪਣੇ ਅੰਦਰ ਹੋਵੇਗਾ।” ਇਹ ਹੁੰਦਾ ਹੈ, ਜ਼ਿੰਦਗੀ ਜਿਊਣ ਦਾ ਢੰਗ, ਜਿੱਥੇ ‘ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ ’ਚ ਕੀ ਰੱਖਿਆ!’ ਕਹਿੰਦੇ ਨੇ ਇੱਕ ਵਾਰ ਦਲੀਪ ਕੌਰ ਟਿਵਾਣਾ ਨੇ ਕੰਵਲ ਨੂੰ ਉਸਦੀ ਉਮਰ ਪੁੱਛੀ। ਕੰਵਲ ਕਹਿੰਦਾ, “ਦਲੀਪ ਕੁਰੇ, ਤੈਥੋਂ ਮਗਰੋਂ ਮਰੂੰ।” ਟਿਵਾਣਾ ਕਹਿੰਦੀ, “ਇਹ ਕੌਲ ਨਿਭਾ ਕੇ ਦਿਖਾਈਂ।” ਜਜ਼ਬੇ ਨੂੰ ਸਲਾਮ! ਟਿਵਾਣਾ ਦੇ ਜਾਣ ਤੋਂ ਇੱਕ ਦਿਨ ਬਾਅਦ ਕੰਵਲ ਵੀ ਅਲਵਿਦਾ ਕਹਿ ਗਿਆ। ਬੇਬੇ ਮਾਨ ਕੌਰ ਤੇ ਬਾਪੂ ਫੌਜਾ ਸਿੰਘ ਨੇ ਬੁਢਾਪੇ ਨੂੰ ਅੰਗੂਠਾ ਦਿਖਾ ਕੇ ਖੇਡ ਮੈਦਾਨਾਂ ਵਿੱਚ ਝੰਡੇ ਗੱਡੇ ਹਨ।
ਰਾਜਨੀਤਕ ਨੇਤਾਵਾਂ ਨੂੰ ਪੁੱਛ ਕੇ ਦੇਖੋ ਕਿ ਬੁਢੇਪਾ ਕੀ ਹੁੰਦਾ ਹੈ? ਕਦੇ ਰਿਟਾਇਰ ਨਹੀਂ ਹੁੰਦੇ, ਸਗੋਂ ਰੀ-ਟਾਇਰ ਹੋ ਜਾਂਦੇ ਹਨ। ਸਾਡੇ ਬਾਦਲ ਸਾਹਿਬ ਕਹਿੰਦੇ ਤੁਰ ਗਏ, “ਅਖੇ, ਦੇਸ਼ ਚਲਾਉਣਾ ਹੀ ਅੱਸੀਆਂ ਤੋਂ ਉੱਪਰਲਿਆਂ ਨੂੰ ਆਉਂਦਾ ਹੈ, ਹੇਠਲੇ ਛ੍ਹੋਰ ਛਿੰਦੇ ਇੰਨਾ ਭਾਰ ਕਿੱਥੇ ਝੱਲ ਸਕਦੇ ਹਨ?” ਕਿਸਾਨੀ ਘੋਲ ਦੀ ਵਾਗਡੋਰ ਵੀ ਜ਼ਿਆਦਾਤਰ ਸੀਨੀਅਰਜ਼ ਕੋਲ ਹੀ ਹੈ, ਜਿਹੜੇ ਅਫਸਰਸ਼ਾਹੀ ਨੂੰ ਵੀ ਵਾਹਣੀਂ ਪਾਈ ਫਿਰਦੇ ਹਨ।
ਇੱਕ 22-23 ਸਾਲ ਦਾ ਰਿਪੋਰਟਰ ਆਪਣੇ ਅਖਬਾਰ ਲਈ 99 ਸਾਲਾ ਬਾਬੇ ਦੀ ਇੰਟਰਵਿਊ ਕਰ ਰਿਹਾ ਸੀ। ਰਿਪੋਰਟਰ ਕਹਿਣ ਲੱਗਾ, “ਮੈਂ ਆਸ ਕਰਦਾ ਹਾਂ ਕਿ ਮੈਂ ਅਗਲੇ ਸਾਲ ਫਿਰ ਆਵਾਂ ਤੇ ਤੈਨੂੰ 100ਵੇਂ ਜਨਮ ਦਿਨ ਦੀ ਵਧਾਈ ਦੇਵਾਂ।”
ਬੁੱਢੇ ਆਦਮੀ ਦਾ ਜਵਾਬ ਸੀ, “ਕਿਉਂ ਨਹੀਂ ਨੌਜਵਾਨ, ਅਜੇ ਤਾਂ ਤੂੰ ਵਾਹਵਾ ਤੰਦਰੁਸਤ ਦਿਸਦੈਂ!” ਇਸਨੂੰ ਕਹਿੰਦੇ ਨੇ ‘ਪਾਜ਼ੇਟੀਵਿਟੀ।’
ਨੋਬਲ ਇਨਾਮ ਜੇਤੂ ਅਰਨੈਸਟ ਹੈਮਿੰਗਵੇ ਦੀ ਸ਼ਾਹਕਾਰ ਰਚਨਾ ‘ਬੁੱਢਾ ਅਤੇ ਸਮੁੰਦਰ’ ਦਾ ਨਾਇਕ ਸੇਂਟਿਆਗੋ ਸਾਹਸ ਅਤੇ ਬਹਾਦਰੀ ਦੀ ਨਵੀਂ ਕਹਾਣੀ ਲਿਖਦਾ ਹੈ। ਚੁਰਾਸੀ ਦਿਨਾਂ ਤਕ ਸਮੁੰਦਰੀ ਦੁਸ਼ਵਾਰੀਆਂ ਨਾਲ ਜੂਝਣ ਤੋਂ ਬਾਅਦ ਉਹ ਇੱਕ ਵੱਡ-ਆਕਾਰੀ ਮੱਛੀ ‘ਮਾਰਲਿਨ’ ਨੂੰ ਜਾਲ਼ ਵਿੱਚ ਫਸਾ ਲੈਂਦਾ ਹੈ। ਪੁਰਾਣਾ ਸਰੀਰ, ਪੁਰਾਣਾ ਜਾਲ਼ ਅਤੇ ਪੁਰਾਣੀ ਕਿਸ਼ਤੀ ਤੋਂ ਮੱਛੀ ਜ਼ਿਆਦਾ ਤਾਕਤਵਰ ਹੈ, ਪਰ ਬੁੱਢਾ ਵੀ ਹਠ ਦਾ ਦੂਜਾ ਨਾਮ ਹੈ। ਅਠਾਰਾਂ ਫੁੱਟ ਲੰਬੀ ਅਤੇ ਭਾਰੀ ਮੱਛੀ ਸੇਂਟਿਆਗੋ ਦਾ ਇਮਤਿਹਾਨ ਲੈਂਦੀ ਹੈ। ਜੇਤੂ ਹੋ ਕੇ ਮੱਛੀ ਨੂੰ ਕੰਢੇ ਤਕ ਲਿਆਉਂਦੇ ਸ਼ਾਰਕਾਂ ਮਾਰਲਿਨ ਦਾ ਮਾਸ ਨੋਚ ਲੈਂਦੀਆਂ ਹਨ ਤੇ ਸਿਰਫ ਪਿੰਜਰ ਹੀ ਕੰਢੇ ਤਕ ਪਹੁੰਚਦਾ ਹੈ, ਪਰ ਬੁੱਢਾ ਜੇਤੂ ਅੰਦਾਜ਼ ਵਿੱਚ ਹੈ, “ਇਨਸਾਨ ਨੂੰ ਤਬਾਹ ਤਾਂ ਕੀਤਾ ਜਾ ਸਕਦਾ ਹੈ, ਪਰ ਹਰਾਇਆ ਨਹੀਂ ਜਾ ਸਕਦਾ।” ਰਾਤ ਨੂੰ ਅਗਲੇ ਦਿਨ ਫਿਰ ਸਮੁੰਦਰ ਵਿੱਚ ਬੇੜੀ ਠੇਲ੍ਹਣ ਦੇ ਸੁਪਨੇ ਦੇਖਦਾ ਹੈ।
ਬੁਢੇਪਾ ਜ਼ਿੰਦਗੀ ਜਿਊਣ ਦਾ ਨਵੇਕਲਾ ਨਾਂ ਹੈ। ਆਉ, ਬੀਤੇ ਦਿਨਾਂ ਵਿੱਚੋਂ ਸੁਹਾਵਣੇ ਪਲਾਂ ਨੂੰ ਚੁਣੀਏ, ਪੰਛੀਆਂ ਨਾਲ ਗੱਲਾਂ ਕਰੀਏ, ਪੌਦਿਆਂ ਦੀਆਂ ਰਮਣੀਕ ਧੁਨਾਂ ਸੁਣੀਏ, ਖੇਤਾਂ ਦੀ ਹਰਿਆਲੀ ਨਾਲ ਬਾਤਾਂ ਪਾਈਏ, ਖੂਹ ਦੀ ਮੌਣ ’ਤੇ ਬੈਠ ਕੇ ਔਲੂ ਵਿੱਚ ਡਿਗਦੇ ਪਾਣੀ ਦਾ ਸੰਗੀਤ ਸੁਣੀਏ। ਇਹ ਲਮ੍ਹੇਂ ਵਾਰ ਵਾਰ ਦਸਤਕ ਨਹੀਂ ਦਿੰਦੇ। ਬਚਪਨ ਮਾਸੂਮ ਸੀ, ਜਵਾਨੀ ਰੰਗੀਨ; ਬੁਢੇਪਾ ਦੋਹਾਂ ਦਾ ਜੋੜ ਬਣਦਾ ਹੈ। ਕੌਣ ਕਹਿੰਦੈ, ਮੈਂ ਬੁੱਢਾ ਹਾਂ… ਬੁੱਢਾ ਹੋਊਗਾ ਤੇਰਾ ਬਾਪ। ਮੈਂ ਤਾਂ ਸੋਲ੍ਹਾਂ ਸਾਲਾਂ ਦਾ ਨੌਜਵਾਨ ਹਾਂ, ਪੰਜਾਹ ਸਾਲ ਦਾ ਤਜਰਬਾ ਚੁੱਕੀ ਫਿਰਦਾ ਹਾਂ!
ਮਲਿਕਾ ਪੁਖਰਾਜ਼ ਦੀ ਧੁਨੀ ਅਜੇ ਵੀ ਅੰਬਰ ਵਿੱਚ ਘੁਲੀ ਹੋਈ ਹੈ:
“ਅਭੀ ਤੋ ਮੈਂ ਜਵਾਨ ਹੂੰ... ”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































