“ਬੰਦੇ ਕੋਲ ਦੂਸਰੇ ਦਾ ਦੁੱਖ ਸੁਖ, ਦਰਦ, ਅਹਿਸਾਸ ਸਮਝਣ ਦੀ ਫੁਰਸਤ ਹੀ ਨਹੀਂ,ਸਮਾਜਿਕ ਪ੍ਰਾਣੀ ਹੋਣ ਦੇ ਬਾਵਜੂਦ ...”
(24 ਜੂਨ 2023)
ਬੰਦਾ ਬੇਚੈਨ ਰਹਿੰਦਾ ਹੈ … ਅਜ਼ਲ ਤੋਂ ਹੀ …, ‘ਅੱਵਲ ਨੰਬਰ’ ਅਲਾਟ ਹੋਣ ਦੇ ਬਾਵਜੂਦ ਵੀ। ਚੁਰਾਸੀ ਲੱਖ ਜੂਨਾਂ ਵਿੱਚੋਂ ਉੱਤਮ ਹੋਣ ਦਾ ਭਰਮ ਪਾਲੀ ਬੈਠਾ ਹੈ। ਟੁੱਟਦੇ ਤਾਰਿਆਂ ਨੂੰ ਬੜੇ ਗਹੁ ਨਾਲ ਦੇਖਦਾ ਹੈ। ਟੀਸੀ ਉੱਤੇ ਬੈਠਾ ਹੋਇਆ ਵੀ ਗੁਆਚਿਆ ਹੋਇਆ ਹੈ। ਆਵਾਗੌਣ ਦੇ ਚੱਕਰਾਂ ਤੋਂ ਮੁਕਤੀ ਤਾਂ ਚਾਹੁੰਦਾ ਹੈ, ਪਰ ਚੱਕਰਵਿਊ ਵਿੱਚੋਂ ਬਾਹਰ ਨਿੱਕਲਣ ਦਾ ਰਾਹ ਨਹੀਂ ਲੱਭਦਾ। ਕਾਹਲ਼ ਭਰੀ ਜ਼ਿੰਦਗੀ ਵਿੱਚ ਸਵੈ ਨਾਲ ਸੰਵਾਦ ਰਚਾਉਣ ਦਾ ਸਮਾਂ ਹੀ ਨਹੀਂ। ਜ਼ਮੀਰ ਜ਼ਖ਼ਮੀ ਹੈ। ਮਨਾਂ ਵਿੱਚ ਖ਼ਲਾਅ ਹੈ। ਲਗਦਾ ਹੈ, ਵਰਜਿਤ ਫ਼ਲ ਖਾਣ ਨੇ ਭਟਕਣਾ ਵਧਾ ਦਿੱਤੀ ਹੈ।
ਮਨੁੱਖੀ ਮਨਾਂ ਵਿਚਲੀ ਤਿੜਕਣ ਨੇ ਅਮਨ ਚੈਨ ਖੋਹ ਲਿਆ ਹੈ। ਸ਼ੈਤਾਨ ਦਿਲਾਂ ਵਿੱਚ ਘਰ ਕਰੀਂ ਬੈਠਾ ਹੈ। ਮੌਤ ਦਾ ਡਰ ਜ਼ਰੂਰ ਸਤਾ ਰਿਹਾ ਹੈ ਪਰ ਖ਼ਜ਼ਾਨਾ ਸੱਤ ਪੀੜ੍ਹੀਆਂ ਦਾ ਇਕੱਠਾ ਕਰਨ ਦਾ ਤਹੱਮਲ ਕੀਤਾ ਹੋਇਆ ਹੈ। ਅੰਤਰ-ਆਤਮਾ ਦੇ ਤਿਣਕੇ ਖਿੰਡੇ-ਪੁੰਡੇ ਪਏ ਨੇ। ਅੱਜ ਦੇ ਇਸ ਤਰੱਕੀ ਯਾਫ਼ਤਾ ਯੁਗ ਵਿੱਚ ਵੀ ਇਹ ਆਵਾਰਗੀ ਕਿਉਂ? ਦੁਨੀਆਂ ਭਰ ਦੀਆਂ ਸੁਖ ਸਹੂਲਤਾਂ ਨਾਲ ਲੈਸ ਮਾਨਵ ਆਪਣੇ ਆਪ ਨੂੰ ਸੱਖਣਾ ਕਿਉਂ ਮਹਿਸੂਸ ਕਰ ਰਿਹਾ ਹੈ? ਇੰਨੀ ਬੇਯਕੀਨੀ ਕਿਸ ਗੱਲ ਦੀ? ਤਾਕਤਵਰ ਹੋਣ ਦੇ ਬਾਵਜੂਦ ਵੀ ਖੌਫ਼ਜ਼ਦਾ ਕਿਉਂ ਹੈ? ਸ਼ਾਇਦ ਕੁਦਰਤ ਤੋਂ ਦੂਰ ਹੋਣ ਦੀ ਸਜ਼ਾ ਭੁਗਤ ਰਿਹਾ ਹੈ। ਆਪਣੇ ਹੱਥੀਂ ਪੌਣ ਪਾਣੀ ਨੂੰ ਪਲੀਤ ਕਰਨ ਦਾ ਸਰਾਪ ਲੱਗਿਆ ਹੋਇਆ ਹੈ। ਸ੍ਰਿਸ਼ਟੀ ਨੇ ਅਪਾਰ ਭੰਡਾਰ ਬਖ਼ਸੇ ਨੇ ਸਮਸਤ ਪ੍ਰਾਣੀਆਂ ਲਈ ਪਰ ਮਨੁੱਖ ਕਿਸੇ ਕਾਹਲ਼ ਵਿੱਚ ਹੈ। ਮਨੁੱਖ ਰੁੱਖਾਂ ਨਾਲ ਗੱਲਾਂ ਕਰਨ ਦੀ ਸੋਝੀ ਗੁਆ ਚੁੱਕਾ ਹੈ। ਵਗਦੇ ਪਾਣੀਆਂ ਦਾ ਸੰਗੀਤ ਕੰਨਾਂ ਵਿੱਚ ਖੌਰੂ ਪਾਉਂਦਾ ਲੱਗਦਾ ਹੈ। ਅਸਮਾਨੀ ਤਾਰਿਆਂ ਮੂਹਰੇ ਧੁੰਦ ਦੀ ਚਾਦਰ ਤਾਣ ਰੱਖੀ ਹੈ। ਵਗਦੀ ਹਵਾ ਦਾ ਅਹਿਸਾਸ ਕਰ ਦਰਵਾਜ਼ੇ ਭੇੜ ਲਏ ਨੇ। ਫੁੱਲਾਂ ਦੇ ਰੰਗਾਂ ਵਿੱਚੋਂ ਸਤਰੰਗੀ ਪੀਂਘ ਦਾ ਨਜ਼ਾਰਾ ਨਹੀਂ ਦਿਸਦਾ। ਉੱਡਦੀਆਂ ਤਿਤਲੀਆਂ ਬੇਮਾਅਨੀਆਂ ਜਾਪਦੀਆਂ ਨੇ। ਸਿਆਣੇ ਕਹਿੰਦੇ ਨੇ, ਜੇ ਸੁਣ ਸਕੀਏ ਤਾਂ ਰੁੱਖ ਵੀ ਗੱਲਾਂ ਕਰਦੇ ਨੇ; ਜੇ ਨਾ ਸੁਣੀਏ ਤਾਂ ਲਫ਼ਜ਼ ਵੀ ਗੂੰਗੇ ਨੇ। ਅਸੀਂ ਆਪਣੇ ਹੱਥੀਂ ਧਰਤੀ ਮਾਤਾ ਦੀ ਪਵਿੱਤਰਤਾ ਨੂੰ ਭੰਗ ਕੀਤਾ ਹੈ, ਤਾਹੀਉਂ ਤਾਂ ਦਰਦਨਾਕ ਮੰਜ਼ਰ ਦੀ ਤਸਵੀਰ ਉੱਘੜਦੀ ਹੈ:
ਲੂਸੀ ਧਰਤੀ, ਝੁਲਸੇ ਬਿਰਖ ਗਵਾਹੀ ਨੇ,
ਫੈਲ ਗਿਆ ਹੈ ਖੇਤਰਫਲ ਸ਼ਮਸ਼ਾਨਾਂ ਦਾ
ਪ੍ਰਿਥਵੀ ਵਸੇਵੇ ਲਈ ਬੜੀ ਹੀ ਖੂਬਸੂਰਤ ਥਾਂ ਹੈ - ਕਾਦਰ ਦੀ ਕੁਦਰਤ ਦਾ ਕ੍ਰਿਸ਼ਮਾ, ਪਰ ਚੜ੍ਹਦੀ ਕਲਾ ਵਾਲੇ ਮਨੁੱਖ ਲਈ। ਹਰ ਪਾਸੇ ਗੁਲਜ਼ਾਰ ਖਿੜੀ ਦਿਸਦੀ ਹੈ। ਪਰਵਰਦਿਗਾਰ ਦੀਆਂ ਕਲਾ ਕ੍ਰਿਤਾਂ ਵਿੱਚੋਂ ਉਸਦੇ ਸਾਖਸ਼ਾਤ ਦਰਸ਼ਨ ਹੋ ਜਾਂਦੇ ਨੇ। ਉੱਚੇ ਪਹਾੜ, ਡੂੰਘੀਆਂ ਵਾਦੀਆਂ, ਨੀਲੀ ਭਾ ਮਾਰਦਾ ਪਾਣੀ, ਜੀਵ-ਜੰਤੂ ਅਤੇ ਮਨੁੱਖੀ ਆਕਾਰ ਦੀ ਹੋਂਦ ਹੀ ਉਸ ਲਈ ਖੁਸ਼ੀ ਅਤੇ ਅਚੰਭਾ ਹੈ। ਪਰ ਨਿਰਾਸ਼ਾਵਾਦੀ ਪ੍ਰਾਣੀ ਨੂੰ ਚੰਨ ਦੇ ਦੀਦਾਰ ਵਿੱਚੋਂ ਵੀ ‘ਦਾਗ਼’ ਦਿਸਦਾ ਹੈ। ਉਹ ਹਰ ਪਾਸੇ ਘੋਰ ਹਨੇਰਾ ਪਸਰਿਆ ਹੋਇਆ ਸਮਝਦਾ ਹੈ। ਨੁਕੀਲੀਆਂ ਨੁੱਕਰਾਂ ਨੇ ਮਨਾਂ ਵਿੱਚ ਘਰ ਕੀਤਾ ਹੋਇਆ ਹੈ। ਗੁਲਾਬ ਦੇ ਕੰਡੇ ਦਿਖਾਈ ਦਿੰਦੇ ਹਨ, ਪਰ ਸ਼ੋਖ ਰੰਗ ਨਹੀਂ। ਉੱਘਾ ਲੇਖਕ ਜਾਰਜ ਬਰਨਾਰਡ ਸ਼ਾਅ ਲਿਖਦਾ ਹੈ ਕਿ ਦੋਹਾਂ ਹਾਂ-ਪੱਖੀ ਅਤੇ ਨਾਂਹ-ਪੱਖੀ ਜੀਵਾਂ ਦੀ ਸਮਾਜ ਨੂੰ ਦੇਣ ਜ਼ਰੂਰ ਹੈ … ਆਸ਼ਾਵਾਦੀ ਜਹਾਜ਼ ਦਾ ਨਿਰਮਾਣ ਕਰਦਾ ਹੈ ਤੇ ਨਿਰਾਸ਼ਾਵਾਦੀ, ਪੈਰਾਸ਼ੂਟ ਦਾ! ਖੁਸ਼ੀ ਕਿੱਥੋਂ ਲੱਭਾਂਗੇ, ਸੋਚਾਂ ਤਾਂ ਢਹਿੰਦੀਆਂ ਕਲਾ ਵਾਲੀਆਂ ਨੇ? ਦੂਸਰੇ ਦੇ ਦਰਦ ਨੂੰ ਸਮਝਣ ਦੀ ਸੰਵੇਦਨਾ ਹੀ ਨਹੀਂ। ਮਨੁੱਖੀ ਮਨ ਉੱਪਰ ਇਹੀ ਸਭ ਤੋਂ ਵੱਡੀ ਸੱਟ ਹੈ।
ਸ਼ਾਹਕਾਰ ਰਚਨਾ ‘ਮੇਰਾ ਦਾਗਿਸਤਾਨ’ ਦਾ ਰਚੇਤਾ ਰਸੂਲ ਹਮਜਾਤੋਵ ਮਨੁੱਖੀ ਮਨਾਂ ਦੀਆਂ ਪਰਤਾਂ ਫਰੋਲਦਿਆਂ ਲਿਖਦਾ ਹੈ, “ਕੁਝ ਲੋਕ ਐਸੇ ਵੀ ਹੁੰਦੇ ਹਨ ਜਿਹੜੇ ਬੀਤੇ ਬਾਰੇ ਸੋਗੀ, ਅਫ਼ਸੋਸੀਆਂ ਯਾਦਾਂ ਰੱਖਦੇ ਹਨ। ਇਸ ਤਰ੍ਹਾਂ ਦੇ ਲੋਕਾਂ ਦੇ ਵਰਤਮਾਨ ਅਤੇ ਭਵਿੱਖ ਬਾਰੇ ਵੀ ਇਸੇ ਤਰ੍ਹਾਂ ਦੇ ਗਮਗੀਨ ਖਿਆਲ ਹੁੰਦੇ ਹਨ। ਕੁਝ ਲੋਕ ਹੁੰਦੇ ਹਨ, ਜਿਹੜੇ ਬੀਤੇ ਬਾਰੇ ਰੌਸ਼ਨ, ਧੁਪਹਿਲੀਆਂ ਯਾਦਾਂ ਰੱਖਦੇ ਹਨ, ਉਨ੍ਹਾਂ ਦੇ ਚਿੰਤਨ ਵਿੱਚ ਵਰਤਮਾਨ ਅਤੇ ਭਵਿੱਖ ਵੀ ਰੌਸ਼ਨ ਹੈ। ਤੀਜੀ ਤਰ੍ਹਾਂ ਦੇ ਲੋਕ ਹੁੰਦੇ ਹਨ, ਜਿਨ੍ਹਾਂ ਦੀਆਂ ਯਾਦਾਂ ਵਿੱਚ ਖੁਸ਼ੀ ਵੀ ਹੁੰਦੀ ਹੈ, ਉਦਾਸੀ ਵੀ; ਧੁੱਪ ਵੀ ਹੁੰਦੀ ਹੈ, ਛਾਂ ਵੀ। ਵਰਤਮਾਨ ਅਤੇ ਭਵਿੱਖ ਬਾਰੇ ਉਨ੍ਹਾਂ ਦੇ ਵਿਚਾਰਾਂ ਵਿੱਚ ਵੀ ਵੰਨ-ਸੁਵੰਨੇ ਭਾਵ, ਖਿਆਲ, ਸੰਗੀਤ ਤੇ ਰੰਗ ਭਰੇ ਹੁੰਦੇ ਹਨ।” ਜ਼ਿੰਦਗੀ ਦਾ ਯਥਾਰਥ ਸਾਹਮਣੇ ਹੈ: ਟਿਮਟਿਮਾਉਂਦੇ ਅਸਮਾਨੀ ਸਿਤਾਰਿਆਂ ਦਾ ਚਮਕਦਾ ਥਾਲ਼ ਜਾਂ ਕਾਲੀ ਬੋਲੀ ਰਾਤ ਦਾ ਘੁੱਪ ਹਨੇਰਾ। ਤੁਹਾਡਾ ਨਜ਼ਰੀਆ ਹੀ ਤੁਹਾਡਾ ਮਾਰਗ ਦਰਸ਼ਕ ਬਣਦਾ ਹੈ।
ਪਰਿੰਦੇ ਅਤੇ ਫ਼ਕੀਰ ਪੱਲੇ ਰਿਜ਼ਕ ਨਹੀਂ ਬੰਨ੍ਹਦੇ। ਕਿਸੇ ਮ੍ਰਿਗ ਤ੍ਰਿਸ਼ਨਾ ਦੀ ਤਲਾਸ਼ ਨਹੀਂ ਹੁੰਦੀ ਉਨ੍ਹਾਂ ਨੂੰ। ਵਰਤਮਾਨ ਹੀ ਸਾਜ਼ਗਾਰ ਹੈ। ਝੋਲੀਆਂ ਭਰ ਕੇ ਕੀ ਲੈਣਾ ਹੈ? ਇਸੇ ਕਰ ਕੇ ਉਹ ਕੁਦਰਤ ਦੇ ਨੇੜੇ ਹੁੰਦੇ ਨੇ। ਕੋਈ ਖ਼ਜ਼ਾਨਾ ਭਰਨ ਦੀ ਚੇਸ਼ਟਾ ਹੀ ਨਹੀਂ ਹੁੰਦੀ। ਸੈਂਕੜੇ ਮੀਲ ਦੂਰ ਛੱਡ ਕੇ ਆਏ ਬੋਟਾਂ ਦੀ ਜ਼ਿੰਮੇਵਾਰੀ ਵੀ ਸ੍ਰਿਸ਼ਟੀ ’ਤੇ ਛੱਡੀ ਹੁੰਦੀ ਹੈ ਪਰ ਮਨੁੱਖ ਸੱਤ ਪੀੜ੍ਹੀਆਂ ਦਾ ਜ਼ਿੰਮਾ ਲਈ ਫਿਰਦਾ ਹੈ। ਜਰਬਾਂ ਤਕਸੀਮਾਂ ਦੇ ਹਿਸਾਬ ਮਿਲਾਉਂਦਾ ਹੈ। ਸਿਕੰਦਰ ਨੂੰ ਭੁਲਾਈ ਬੈਠਾ ਹੈ। ਕਾਰੂੰ ਦਾ ਖ਼ਜ਼ਾਨਾ ਨਾਲ ਲਿਜਾਣ ਲਈ ਬੰਦੋਬਸਤ ਕਰਦਾ ਰਹਿੰਦਾ ਹੈ। ਵਿਦਵਤਾ ਦਾ ਗਿਆਤਾ ਜੁ ਹੋਇਆ! ਤਿਲਕਣ ਜ਼ਮੀਨ ’ਤੇ ਪੈਰ ਹੀ ਨਹੀਂ ਲੱਗਣ ਦਿੰਦੀ। ਇੱਕ ਚੋਟੀ ਤੇ ਪਹੁੰਚ, ਅਗਲੀ ਉਸ ਤੋਂ ਵੱਧ ਸੁਹਾਵਣੀ ਲਗਦੀ ਹੈ। ਦੁਨਿਆਵੀ ਪਦਾਰਥਾਂ ਨੂੰ ਮੰਜ਼ਿਲ ਸਮਝ ਲੈਂਦਾ ਹੈ। ਚੰਦ ਕੁ ਵਸਤਾਂ ਦੀ ਪ੍ਰਾਪਤੀ ਹਉਮੈਂ ਦਾ ਕਾਰਨ ਬਣਦੀ ਹੈ। ਆਪਣੇ ਕੁਨਬੇ ਨਾਲ ਇਉਂ ਵਿਹਾਰ ਕਰਦਾ ਹੈ ਜਿਵੇਂ ਕਿਸੇ ਦੂਸਰੇ ਗ੍ਰਹਿ ਦਾ ਵਾਸੀ ਹੋਵੇ। ਜਿਉਂਦੇ ਜੀਅ ਖੁਦਨੁਮਾਈ ਸੋਝੀ ਦੇ ਨੇੜੇ ਨਹੀਂ ਫਟਕਣ ਦਿੰਦੀ। ਸ਼ਾਇਰ ਤ੍ਰੈਲੋਚਨ ਲੋਚੀ ਨੇ ਰੱਬ ਜਿੱਡੀ ਸਚਾਈ ਬਿਆਨ ਕੀਤੀ ਹੈ:
ਬੰਦੇ ਦੇ ਮੁੱਕਣ ’ਤੇ
ਹਉਮੈਂ ਵੀ ਮੁੱਕ ਜਾਂਦੀ …
ਹਉਮੈਂ ਦੇ ਮੁੱਕਣ ’ਤੇ
ਬੰਦਾ ਜੀ ਉੱਠਦਾ …
ਹਿਰਦੇ ਅੰਦਰ ਪਏ ਖੌਰੂ ਨੇ ਰਿਸ਼ਤਿਆਂ ਨੂੰ ਵੀ ਖੇਰੂੰ ਖੇਰੂੰ ਕਰ ਛੱਡਾ ਹੈ। ਇੱਕੀਵੀਂ ਸਦੀ ਵਿੱਚ ਮਨੁੱਖ ਇਕੱਲਾ ਰਹਿ ਗਿਆ। ਜੰਗਲ ਬੇਲਿਆਂ ਵਿੱਚ ਭੌਂਦਿਆਂ ਆਪਣਿਆਂ ਦੀ ਯਾਦ ਆਉਂਦੀ ਸੀ, ਹੁਣ ਦੁਨੀਆਂ ਦੀ ਭੀੜ ਵਿੱਚ ਵਿਚਰਦਿਆਂ ਵੀ ਸੁੰਨਾਪਣ ਹੈ। ਨਾਤਿਆਂ ਵਿੱਚ ਵੀ ਰੁਤਬਿਆਂ ਦੀ ਦੁਹਾਈ ਹੈ। ਤਿੜਕਣ ਨੇ ਤਿਲਕਣ ਵਿੱਚ ਵਾਧਾ ਕਰ ਦਿੱਤਾ ਹੈ। ਖੂਨ ਦੇ ਰਿਸ਼ਤੇ ਕਿਸੇ ਸਾਜ਼ਸੀ ਘਟਨਾਕ੍ਰਮ ਦੇ ਜੋੜੀਦਾਰ ਲੱਗਦੇ ਨੇ। ਅੰਦਰ ਬੈਠਾ ਇਹ ਸਹਿਮ ਹੌਲੀ ਹੌਲੀ ਆਪਣੇ ਹੀ ਵਜੂਦ ’ਤੇ ਆ ਕੇ ਰੁਕ ਜਾਂਦਾ ਹੈ। ਫਿਰ ਆਪਣੇ ਪ੍ਰਛਾਵੇਂ ਤੋਂ ਵੀ ਖ਼ੌਫ਼ ਲਗਦਾ ਹੈ। ਹਲਕਾ ਜਿਹਾ ਖੜਾਕ ਵੀ ਤ੍ਰਾਹ ਕੱਢ ਦਿੰਦਾ ਹੈ। ਚੇਤੇ ਆਉਂਦਾ ਹੈ ਕਿ ਪੁਰਖਿਆਂ ਨਾਲ ਕੋਈ ਸਦਭਾਵ ਦੀ ਸਾਂਝ ਤਾਂ ਪਾਈ ਹੀ ਨਹੀਂ, ਇਸੇ ਲਈ ਵਿਹੜੇ ਵਿੱਚ ਖੇਡਦੇ ਮਾਸੂਮ ਉਸ ਨੂੰ ਭਵਿੱਖੀ ਜ਼ਿੰਦਗੀ ਦਾ ਸ਼ੀਸ਼ਾ ਦਿਖਾਉਂਦੇ ਜਾਪਦੇ ਹਨ। ਆਪਣਾ ਹੀ ਚਿਹਰਾ ਕਰੂਪ ਵੀ ਦਿਸਦਾ ਹੈ ਤੇ ਪਛਾਣੋਂ ਬਾਹਰ ਵੀ। ਪਿਛਲੇ ਸ਼ਾਂਤ ਸਮਿਆਂ ਵੱਲ ਮੁੜਨ ਦੀ ਤਾਂਘ ਪ੍ਰਬਲ ਹੁੰਦੀ ਹੈ, ਪਰ ਰੌਸ਼ਨੀਆਂ ਦੀ ਚਕਾਚੌਂਧ ਫਿਰ ਅੱਗੇ ਵਧਣ ਦਾ ਤੁਣਕਾ ਮਾਰਦੀ ਹੈ। ਖਿੱਚੋਤਾਣ ਵਿੱਚ ਅੰਤਰੀਵ ਜ਼ਖ਼ਮੀ ਹੋ ਜਾਂਦਾ ਹੈ। ਪਦਾਰਥਵਾਦੀ ਯੁਗ ਵਿੱਚ ਉਜਾਲੇ ਦੇ ਚਿਰਾਗ ਜਗਦੇ ਨਜ਼ਰੀਂ ਪੈਂਦੇ ਹਨ, ਪਰ ਅੰਦਰਲੇ ਮਨ ਦੀਆਂ ਕਾਤਰਾਂ ਤਾਸ਼ ਦੇ ਪੱਤਿਆਂ ਵਾਂਗ ਖਿੰਡੀਆਂ ਰਹਿੰਦੀਆਂ ਹਨ। ਕੰਕਰੀਟ ਦੇ ਬਣੇ ਮਕਾਨ, ਸੰਸਕਾਰਾਂ ਦੇ ਵਰੋਸਾਏ ਘਰਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਸਦੀ ਦਾ ਦੁਖਾਂਤ, ਸ਼ਾਇਰ ਦੀ ਜ਼ੁਬਾਨੀ:
ਮਕਾਨ ਸਭ ਦੇ ਬੜੇ ਸੋਹਣੇ ਨੇ
ਪਰ ਘਰ ਕਿਸੇ ਦਾ ਵੀ ਨਹੀਂ
ਚੀਜ਼ਾਂ ਚਿਣੀਆਂ ਪਈਆਂ ਨੇ
ਤੇ ਰਿਸ਼ਤੇ ਖਿੱਲਰੇ!
ਤਾਂ ਹੀ ਤਾਂ ਮੈਨੂੰ ਮਕਾਨ ਚੰਗੇ ਨਹੀਂ ਲੱਗਦੇ।
ਸਜੇ, ਸੰਵਰੇ, ਬਨਾਵਟੀ
ਜਮਾਂ ਮੇਰੀ ਸਦੀ ਦੇ ਲੋਕਾਂ ਵਰਗੇ।
ਮੈਨੂੰ ਮੋਹ ਆਉਂਦਾ ਐ
ਘਰਾਂ ਦਾ,
ਜਿੱਥੇ ਬੱਚੇ ਬਾਤਾਂ ਸੁਣਦੇ ਸੁਣਦੇ
ਸੌਂ ਜਾਂਦੇ ਨੇ, ਦਾਦੇ-ਦਾਦੀਆਂ ਦੀਆਂ ਬੁੱਕਲਾਂ ਵਿੱਚ।
ਮਾਨਵ ਨੇ ਸੰਵਾਦ ਰਚਾਉਣਾ ਛੱਡ ਦਿੱਤਾ ਹੈ। ‘ਬਾਬਾਣੀਆਂ ਕਹਾਣੀਆਂ’ ਲਈ ਸਮਾਂ ਬਚਾ ਕੇ ਨਹੀਂ ਰੱਖਿਆ। ਸੰਵਾਦ ਤਾਂ ਮਨੁੱਖ ਦਾ ਸਦਾ ਤੋਂ ਮੀਰੀ ਗੁਣ ਰਿਹਾ ਹੈ। ਤਵਾਰੀਖ ਗਵਾਹ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਮੱਕੇ ਮਦੀਨੇ ਅਤੇ ਬਗਦਾਦ ਦੀ ਫੇਰੀ ਦੌਰਾਨ ਹੀ ਉੱਥੋਂ ਦੇ ਪੀਰ ਦਸਤਗੀਰ ਅਤੇ ਬਹਿਲੋਲ ਨਾਲ ਸੰਵਾਦ ਰਚਾ ਕੇ ਉਨ੍ਹਾਂ ਨੂੰ ਆਪਣੇ ਵਿਚਾਰਾਂ ਦੇ ਕਾਇਲ ਕੀਤਾ ਸੀ ਤੇ ਸੁੱਚੇ ਬੋਲਾਂ ਦੀ ਫਤਿਹ ਹੋਈ ਸੀ। ਫਿਰ ਸੰਵਾਦ ਤੋਂ ਨਾਬਰੀ ਕਿਉਂ? ਮਨਾਂ ਵਿਚਲੀ ਗਹਿਰਾਈ ਕਿਉਂ ਵਧ ਰਹੀ ਹੈ? ਨਾਮਵਰ ਸ਼ਾਇਰਾ ਪਾਲ ਕੌਰ ਦਾ ਕਥਨ ਹੈ: “ਅਸੀਂ ਬੋਲਦੇ ਹਾਂ, ਸੁਣਦੇ ਨਹੀਂ, ਸੰਵਾਦ ਨਹੀਂ ਕਰਦੇ, ਬਹਿਸਦੇ ਤੇ ਲੜਦੇ ਹੋਏ ਦੂਜੇ ਨੂੰ ਰੱਦ ਕਰ ਦਿੰਦੇ ਹਾਂ। ਅਸੀਂ ਸਭ ਕੁਝ ਭੁੱਲ-ਭੁਲਾ ਕੇ ਫਿਰ ਲੀਕਾਂ ਵਾਹੁਣ ਤੇ ਲੀਕਾਂ ਕੁੱਟਣ ਲੱਗਦੇ ਹਾਂ।”
ਵਡੇਰਿਆਂ ਦਾ ਮੱਤ ਹੈ ਕਿ ਮਨੁੱਖ ਆਪਣੇ ਦੁੱਖ ਤੋਂ ਉੰਨਾ ਦੁਖੀ ਨਹੀਂ, ਜਿੰਨਾ ਉਹ ਦੂਸਰਿਆਂ ਦਾ ਸੁਖ ਦੇਖ ਕੇ ਦੁਖੀ ਹੁੰਦਾ ਹੈ। ਅਜਨਬੀ ਲੋਕਾਂ ਦੀ ਜ਼ਿੰਦਗੀ ਦੀਆਂ ਝੀਤਾਂ ਵਿੱਚੋਂ ਝਾਕਣਾ, ਮਾਨਵ ਦੀ ਕਮਜ਼ੋਰੀ ਰਹੀ ਹੈ। ਗੁਲਜ਼ਾਰ ਇਸਦੀ ਸ਼ਾਹਦੀ ਭਰਦਾ ਹੈ:
ਉਮਰ ਜਾਇਆ ਕਰਦੀ ਲੋਗੋਂ ਨੇ,
ਔਰੋਂ ਕੇ ਵਜੂਦ ਮੇਂ ਨੁਕਸ ਨਿਕਾਲਤੇ, ਨਿਕਾਲਤੇ।
ਇਤਨਾ ਖੁਦ ਕੋ ਤਲਾਸ਼ਾ ਹੋਤਾ‘
ਤੋਂ ਫ਼ਰਿਸ਼ਤੇ ਬਨ ਜਾਤੇ।
ਇਨਸਾਨ ਕੋਲ ਸਮੇਂ ਦੀ ਘਾਟ ਹੈ। ਬਿਜਲੀ ਦੀ ਰਫ਼ਤਾਰ ਨਾਲ ਚੱਲਦਿਆਂ ਸਮਾਂ ਮਨੁੱਖ ਨੂੰ ਡਾਹ ਨਹੀਂ ਦਿੰਦਾ। ਬੰਦੇ ਕੋਲ ਦੂਸਰੇ ਦਾ ਦੁੱਖ ਸੁਖ, ਦਰਦ, ਅਹਿਸਾਸ ਸਮਝਣ ਦੀ ਫੁਰਸਤ ਹੀ ਨਹੀਂ, ਸਮਾਜਿਕ ਪ੍ਰਾਣੀ ਹੋਣ ਦੇ ਬਾਵਜੂਦ ਵੀ ਵੀਰਾਨੀ ਛਾਈ ਹੋਈ ਹੈ। ਕਿਸੇ ਨੂੰ ਆਪਣਾ ਕਹਿਣ ਤੇ ਸਮਝਣ ਦੀ ਕਸ਼ਮਕਸ਼, ਮਨਾਂ ਦਾ ਖੌਅ ਬਣੀ ਹੋਈ ਹੈ। ਕੋਈ ਹੁੰਗਾਰਾ ਦੇਣ ਵਾਲਾ ਨਹੀਂ ਲੱਭਦਾ। ਪ੍ਰਸਿੱਧ ਮਨੋਰੋਗ ਵਿਗਿਆਨੀ ਵਿਕਟਰ ਫਰੈਂਕਲ ਨੂੰ ਅੱਧੀ ਰਾਤ ਕਿਸੇ ਅਣਜਾਣੀ ਔਰਤ ਨੇ ਫੋਨ ਕਰ ਕੇ ਦੱਸਿਆ ਕਿ ਉਹ ਆਤਮ-ਹੱਤਿਆ ਕਰਨ ਜਾ ਰਹੀ ਹੈ। ਵਿਕਟਰ ਨੇ ਉਸ ਨੂੰ ਗੱਲੀਂ ਲਾ ਕੇ ਜਿਉਂਦੇ ਰਹਿਣ ਦੇ ਕਈ ਲਾਭਕਾਰੀ ਕਾਰਨ ਦੱਸੇ। ਇੱਕ ਵਾਰ ਉਹ ਔਰਤ ਜਦੋਂ ਵਿਕਟਰ ਨੂੰ ਮਿਲੀ, ਤਾਂ ਉਸਨੇ ਉਤਸੁਕਤਾ ਨਾਲ ਪੁੱਛਿਆ, “ਤੁਹਾਨੂੰ ਮੇਰੇ ਦੱਸੇ ਕਿਸ ਕਾਰਨ ਨੇ ਜਿਉਂਦੇ ਰਹਿਣ ਲਈ ਪ੍ਰੇਰਿਆ?” ਉਹ ਔਰਤ ਬੜੀ ਸਹਿਜਤਾ ਨਾਲ ਬੋਲੀ, “ਉਨ੍ਹਾਂ ਵਿੱਚੋਂ ਕਿਸੇ ਕਾਰਨ ਨੇ ਵੀ ਨਹੀਂ।”
ਵਿਕਟਰ ਹੈਰਾਨ ਹੋਇਆ, “ਫੇਰ?”
ਉਹ ਕਹਿੰਦੀ, “ਤੁਹਾਡੇ ਨਾਲ ਗੱਲਾਂ ਕਰਨ ਪਿੱਛੋਂ ਮੈਂ ਸੋਚਿਆ, ਇੱਡੀ ਵੱਡੀ ਦੁਨੀਆਂ ਵਿੱਚ, ਜੇ ਇੱਕ ਵੀ ਬੰਦਾ ਅਜਿਹਾ ਹੈ, ਜੋ ਅੱਧੀ ਰਾਤੀਂ ਧਿਆਨ ਨਾਲ ਮੇਰੀ ਗੱਲ ਸੁਣ ਸਕਦਾ ਹੈ, ਤਾਂ ਇਸ ਦੁਨੀਆਂ ਵਿੱਚ ਜੀਵਿਆ ਜਾ ਸਕਦਾ ਹੈ।”
ਇਹ ਹੁੰਦੀ ਹੈ ਪਲਾਂ ਦੀ ਖੂਬਸੂਰਤੀ … ਜ਼ਿੰਦਗੀ ਹੁੰਗਾਰਾ ਮੰਗਦੀ ਏ!
ਵਿਸ਼ਵ ਪ੍ਰਸਿੱਧ ਇਰਾਨੀ ਲੇਖਕ ਖਲੀਲ ਜਿਬਰਾਨ ਬੜੇ ਹੀ ਮਾਰਮਿਕ ਤੇ ਸੰਵੇਦਨਸੀਲ ਸ਼ਬਦਾਂ ਵਿੱਚ ਬੰਦੇ ਦੀ ਟੁੱਟ-ਭੱਜ ਦਾ ਬਿਰਤਾਂਤ ਸਿਰਜਦਾ ਹੈ: “ਇਨਸਾਨ ਕਦੇ ਵੀ ਇੱਕੋ ਵੇਰ ਵਿੱਚ ਨਹੀਂ ਮਰਦਾ … ਹਮੇਸ਼ਾ ਟੋਟਿਆਂ ਵਿੱਚ ਹੀ ਮਰਦਾ। ਜਦੋਂ ਕੋਈ ਮਿੱਤਰ ਪਿਆਰਾ ਧੋਖਾ ਫ਼ਰੇਬ ਦੇ ਜਾਵੇ ਤਾਂ ਵਜੂਦ ਦਾ ਇੱਕ ਹਿੱਸਾ ਟੁੱਟ ਭੋਏਂ ’ਤੇ ਜਾ ਡਿਗਦਾ ਹੈ … ਔਲਾਦ ਮਾੜੀ ਨਿਕਲ ਆਵੇ ਤਾਂ ਦੂਜਾ ਹਿੱਸਾ ਨਾਲੋਂ ਲੱਥ ਜਾਂਦਾ ਹੈ। ਇੰਝ ਟੋਟੇ ਖਿੱਲਰਦੇ ਜਾਂਦੇ ਹਨ … ਪਰ ਸਫ਼ਰ ਜਾਰੀ ਰਹਿੰਦਾ ਹੈ। ਅਖੀਰ ਫੇਰ ਇੱਕ ਮਿਥੇ ਦਿਨ ਮੌਤ ਦਾ ਇੱਕ ਫ਼ਰਿਸ਼ਤਾ ਆਉਂਦਾ ਹੈ ਤੇ ਭੋਏਂ ਉੱਤੇ ਡਿਗੇ ਸਾਰੇ ਟੋਟੇ ਇਕੱਠੇ ਕਰਕੇ ਤੁਰਦਾ ਬਣਦਾ ਹੈ … ਤੇ ਮਗਰ ਰਹਿ ਗਏ ਬੇਜਾਨ ਕਲਬੂਤ ਨੂੰ ਦੇਖ ਦੁਨੀਆਂ ਆਖਣ ਲਗਦੀ ਏ … ਫਲਾਣਾ ਪੂਰਾ ਹੋ ਗਿਆ!” ਬੱਸ! ਇੰਨੀ ਕੁ ਬਾਤ ਹੈ ਮਿੱਟੀ ਦੇ ਪੁਤਲੇ ਦੀ।
ਪਰ ਮਨੁੱਖ ਤਾਂ ਮਨੁੱਖ ਠਹਿਰਿਆ, ਪਿਛਲ-ਪੈਰੀਂ ਤੁਰਨਾ ਉਸ ਨੂੰ ਗਵਾਰਾ ਹੀ ਨਹੀਂ। ਜ਼ਿੰਦਗੀ ਭਾਵੇਂ ਕੰਡਿਆਲੀਆਂ ਤਾਰਾਂ ਵਿੱਚ ਉਲਝੀ ਹੋਈ ਹੈ, ਹਿਰਦਿਆਂ ਵਿੱਚ ਕਿਸੇ ਅਣਦਿਸਦੇ ਦਾ ਖ਼ੌਫ਼ ਹੈ, ਜੰਗਲ ਬੇਲਿਆਂ ਦੀਆਂ ਤੰਗ ਪਗ-ਡੰਡੀਆਂ ਨੇ ਮਨਾਂ ਵਿੱਚ ਘਰ ਕੀਤਾ ਹੋਇਆ ਹੈ, ਫਿਰ ਵੀ ਉਸਦੇ ਕਦਮ ਅਗੇਰੇ, ਹੋਰ ਅਗੇਰੇ ਤੁਰਨਾ ਜਾਣਦੇ ਨੇ। ਮੰਜ਼ਿਲਾਂ ਨੇ ਵੰਗਾਰਦੇ ਰਹਿਣਾ ਹੈ। ਸ਼ਾਇਰਾ ਸੁਖਵਿੰਦਰ ਅੰਮ੍ਰਿਤ ਇਨਸਾਨ ਦੀ ਇਸ ਚਿਰ-ਸਦੀਵੀ ਹਸਰਤ ਦੀ ਤਰਜ਼ਮਾਨੀ ਕਰਦੀ ਹੈ:
ਮੈਂ ਫਿਰ ਤਰਤੀਬ ਵਿੱਚ ਰੱਖੇ ਨੇ,
ਟੁਕੜੇ ਜ਼ਿੰਦਗੀ ਦੇ।
ਹਵਾ ਨੇ ਫਿਰ ਮੈਨੂੰ,
ਦੇਖਿਆ ਹੈ ਮੁਸਕਰਾ ਕੇ!!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4049)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)