“ਇੱਕ ਦਿਨ ਅਚਾਨਕ ਗਲੀ ਵਿੱਚ “ਜੈ ਸ਼ਨੀ ਦੇਵ” ਦੀ ਆਵਾਜ਼ ਆਈ ਤਾਂ ਕਸ਼ਮੀਰੋ ਦਰਵਾਜ਼ੇ ਵੱਲ ਭੱਜੀ। ਸ਼ਾਇਦ ਉਹੀ ਪੰਡਿਤ ...”
(2 ਫਰਵਰੀ 2024)
ਇਸ ਸਮੇਂ ਪਾਠਕ: 755.
“ਕੁੜੇ ਬਹੂ, ਔਹ ਸਨਿੱਚਰ ਵਾਲਾ ਢੌਂਸੀ ਆਇਐ … ਤੇਲ ਪਾ ਦੇ ਉਹਨੂੰ … ਦੇਖੀਂ ਅਗਾਊਂ ਨਾ ਚਲਿਆ ਜਾਵੇ …।” ਕਰਮ ਕੁਰ ਨੇ ਆਪਣੀ ਨੂੰਹ ਨੂੰ ਆਗਾਹ ਕਰਨ ਲਈ ਆਵਾਜ਼ ਦਿੱਤੀ। ਝਾੜੂ ਲਗਾਉਂਦੀ ਕਸ਼ਮੀਰੋ ਨੇ ਕੁੰਡਾ ਖੋਲ੍ਹ ਕੇ ਬਾਹਰ ਜਾ ਇੱਧਰ ਉੱਧਰ ਦੇਖਿਆ, ਪਰ ਬਾਬਾ ਕਿਤੇ ਨਜ਼ਰੀਂ ਨਾ ਪਿਆ। ਸ਼ਾਇਦ ਪਿਛਲੀ ਗਲੀ ਵਿੱਚ ਚਲਾ ਗਿਆ ਸੀ। ਉਹ ਅੰਦਰ ਆਈ ਹੀ ਸੀ ਕਿ ਫਿਰ ਆਵਾਜ਼ ਆਈ “ਜੈ ਸ਼ਨੀ ਦੇਵ!”
ਨੂੰਹ ਰਾਣੀ ਨੇ ਬਾਹਰ ਜਾ ਕੇ ਦਰ ’ਤੇ ਆਏ ਭਗਤ ਨੂੰ ਪੈਰੀਂ ਪੈਣਾ ਕੀਤਾ। ਚਿੱਟੇ ਖੱਦਰ ਦੇ ਕੱਪੜੇ ਪਾਈ ਖੜ੍ਹੇ ਬਾਬੇ ਕੋਲ ਮੁੰਜ ਦੀ ਥਿੰਧੀ ਹੋ ਚੁੱਕੀ ਰੱਸੀ ਨਾਲ ਲਟਕਦੇ ਡੋਲੂ ਵਿੱਚ ਸ਼ਨੀ ਦੇਵਤਾ ਦੀ ਤਸਵੀਰ ਵਾਲਾ ਟੀਨ ਦਾ ਪੱਤਰਾ ਅਤੇ ਕੁਝ ਸਿੱਕੇ ਪਏ ਸਨ। ਕਸ਼ਮੀਰੋ ਨੇ ਅੰਦਰੋਂ ਲਿਆਂਦੀ ਤੇਲ ਵਾਲੀ ਕੌਲੀ ਉਸ ਵਿੱਚ ਉਲੱਦ ਕੇ ਆਪਣਾ ਅਕਸ ਦੇਖਿਆ, ਪਰਿਵਾਰ ਦੀ ਸੁੱਖ ਮੰਗੀ। ਬਾਬੇ ਨੇ ਦੁੱਧਾਂ ਪੁੱਤਾਂ ਵਾਲੀ ਅਸੀਸ ਦਿੱਤੀ, “ਹੇ ਬਾਲਕੇ, ਖੁਸ਼ ਰਹੋ। ਆਉਣ ਵਾਲੇ ਮੰਗਲ ਨੂੰ ਦਿਨ ਬੜਾ ਭਾਰੀ ਆ … ਸੂਰਜ ਗ੍ਰਹਿਣ ਲੱਗਣਾ … ਕਰੀਬਨ ਪੱਚੀ ਸਾਲ ਬਾਅਦ ਇਹ ਘੜੀਆਂ ਆਉਂਦੀਆਂ ਨੇ … ਉਸ ਦਿਨ ਦਾਨ ਪੁੰਨ ਕੀਤਾ ਚੋਖਾ ਲਗਦਾ ਹੈ … ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ …।”
“ਸਤਿ ਬਚਨ, ਬਾਬਾ ਜੀ!” ਕਸ਼ਮੀਰੋ ਨੇ ਹੱਥ ਜੋੜੇ ਤੇ ਅੰਦਰ ਆ ਕੇ ਫਿਰ ਤੋਂ ਆਪਣੇ ਕੰਮਾਂ-ਕਾਰਾਂ ਵਿੱਚ ਰੁੱਝ ਗਈ।
ਰਲਾ ਸਿਹੁੰ ਦਾ ਪਰਿਵਾਰ ਭਾਵੇਂ ਭੋਏਂ ਖੁਣੋ ਲਿੱਸਾ ਸੀ ਪਰ ਮਿਹਨਤੀ ਅਤੇ ਹਿਸਾਬੀ ਕਿਤਾਬੀ ਸੀ। ਹੱਥੀਂ ਕੰਮ ਕਰਨ ਕਰਕੇ ਅਤੇ ਇਮਾਨਦਾਰੀ ਦੀ ਨੀਅਤ ਨਾਲ ਗੁਜ਼ਾਰਾ ਸੌਖਾ ਚੱਲੀ ਜਾਂਦਾ ਸੀ। ਕੁੱਲ ਮਿਲਾ ਕੇ ਸੱਤ ਅੱਠ ਕਿੱਲਿਆਂ ਦੀ ਖੇਤੀ ਅਤੇ ਚਾਰ ਕੁ ਲਵੇਰੀਆਂ ਦੀ ਬਰਕਤ ਨਾਲ ਕਦੇ ਕਿਸੇ ਚੀਜ਼ ਦੀ ਥੁੜ ਮਹਿਸੂਸ ਨਹੀਂ ਸੀ ਹੋਈ। ਪੰਚਾਇਤ ਮੈਂਬਰ ਹੋਣ ਕਰ ਕੇ ਅਕਸਰ ਲੋਕ ਸਲਾਹਾਂ ਲੈਣ ਆਉਂਦੇ ਅਤੇ ਉਸਦੀ ਸਿਆਣਪ ਦੇ ਕਾਇਲ ਹੋ ਜਾਂਦੇ। ਦੋਵੇਂ ਬੇਟੀਆਂ ਚੰਗੇ ਘਰੀਂ ਵਿਆਹੀਆਂ ਹੋਣ ਕਾਰਨ ਉਨ੍ਹਾਂ ਵੱਲੋਂ ਠੰਢੀ ਹਵਾ ਆਉਂਦੀ ਸੀ। ਹੁਣ ਤਾਂ ਜੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਰੜਕਦੀ ਸੀ, ਉਹ ਸੀ ਕਸ਼ਮੀਰੋ ਦੀ ਸੱਖਣੀ ਕੁੱਖ। ਪੰਜ ਸਾਲ ਹੋ ਗਏ ਸਨ ਪੁੱਤ ਸ਼ਮਸ਼ੇਰ ਦਾ ਡੋਲਾ ਲਿਆਂਦੇ। ਮਜ਼ਾਰ ’ਤੇ ਚਾਦਰ ਵੀ ਚੜ੍ਹਾਈ ਸੀ ਅਤੇ ਪੰਜ ਮੱਸਿਆ ’ਤੇ ਵੀ ਹਾਜ਼ਰੀ ਲਵਾਈ ਸੀ। ਹੁਣ ਕਿਤੇ ਜਾ ਕੇ ਵਾਹਿਗੁਰੂ ਦੀ ਨਜ਼ਰ ਸਵੱਲੀ ਹੋਈ ਸੀ। ਸ਼ਹਿਰ ਦੇ ਹਸਪਤਾਲ ਦੀ ਨਰਸ ਨੇ ਨਵੇਂ ਜੀਅ ਦੇ ਆਉਣ ਦੀ ਪੁਸ਼ਟੀ ਕਰ ਦਿੱਤੀ ਸੀ। ਫੌਜ ਵਿੱਚੋਂ ਛੁੱਟੀ ਆਏ ਸ਼ਮਸ਼ੇਰ ਦੇ ਅਤੇ ਬਾਕੀ ਟੱਬਰ ਦੇ ਜੀਆਂ ਦੇ ਪੈਰ ਧਰਤੀ ’ਤੇ ਨਹੀਂ ਸੀ ਲੱਗ ਰਹੇ, ਜਿਵੇਂ ਸਾਰੇ ਸੰਸਾਰ ਦੀਆਂ ਖੁਸ਼ੀਆਂ ਅੱਜ ਹੀ ਝੋਲੀ ਪੈ ਗਈਆਂ ਹੋਣ। ਸੁਲੱਖਣੀ ਘੜੀ ਦੀ ਉਡੀਕ ਹੋਰ ਲੰਮੀ ਹੋ ਗਈ ਲਗਦੀ ਸੀ।
ਛੁੱਟੀ ਕੱਟਣ ਮਗਰੋਂ ਸਟੇਸ਼ਨ ’ਤੇ ਛੱਡਣ ਗਏ ਬਾਪੂ ਨੂੰ ਸ਼ਮਸ਼ੇਰ ਨੇ ਘਰ ਦੇ ਕੰਮ ਵਾਸਤੇ ਕੋਈ ਨੌਕਰਾਣੀ ਰੱਖਣ ਦੀ ਤਾਕੀਦ ਕੀਤੀ ਅਤੇ ਕਿਹਾ ਕਿ ਉਹ ਕਸ਼ਮੀਰੋ ਦੀ ਦਵਾਈ ਬੂਟੀ ਅਤੇ ਹੋਰ ਖ਼ਰਚਿਆਂ ਲਈ ਪੈਸੇ ਭੇਜਦਾ ਰਹੇਗਾ। ਉਹਨੂੰ ਆਸ ਸੀ ਕਿ ਉਹ ਅਗਲੀ ਛੁੱਟੀ ਬੱਚੇ ਦੇ ਜਨਮ ਵੇਲੇ ਲੈ ਕੇ ਪਰਿਵਾਰ ਨਾਲ ਹਾਜ਼ਰ ਰਹੇਗਾ ਅਤੇ ਬਜ਼ੁਰਗ ਮਾਂ ਪਿਉ ਨੂੰ ਜ਼ਿਆਦਾ ਭੱਜ ਦੌੜ ਨਹੀਂ ਕਰਨੀ ਪਵੇਗੀ।
ਟਰੇਨ ਵਿੱਚ ਬੈਠਾ ਸ਼ਮਸ਼ੇਰ ਮਨ ਹੀ ਮਨ ਬੱਚੇ ਨਾਲ ਲਾਡ ਲਡਾਉਣ ਲੱਗ ਪਿਆ। ਆਪਣੀ ਗੋਦ ਚੁੱਕੇ ਅਣਭੋਲ ਨੂੰ ਹਵਾ ਵਿੱਚ ਉਲਾਰ ਕੇ ਉਹ ਵੀ ਹੱਸਦਾ ਤੇ ਬਾਲਪਣ ਦੀਆਂ ਕਿਲਕਾਰੀਆਂ ਉਸਦੇ ਕੰਨਾਂ ਵਿੱਚ ਗੂੰਜਣ ਲੱਗਦੀਆਂ। ਕਿੰਨਾ ਮਨਮੋਹਕ ਦ੍ਰਿਸ਼ ਸੀ! ਧਿਆਨ ਉਦੋਂ ਟੁੱਟਾ ਜਦੋਂ ਟਿਕਟ ਕੁਲੈਕਟਰ ਨੇ ਫੌਜੀ ਸਫ਼ਰ ਦਾ ਵਾਊਚਰ ਦਿਖਾਉਣ ਲਈ ਕਿਹਾ। ਗੱਡੀ ਦੀ ਛੁੱਕ ਛੁੱਕ ਵਿੱਚ ਪਤਾ ਨਹੀਂ ਲੱਗਾ ਕਦੋਂ ਨੀਂਦਰ ਨੇ ਘੇਰਾ ਪਾ ਲਿਆ, ਪਰ ਸੁਪਨੇ ਨਵੇਂ ਜੀਅ ਦੇ ਹੀ ਆਉਂਦੇ ਰਹੇ।
ਗ੍ਰਹਿਣ ਵਾਲਾ ਦਿਨ ਚੜ੍ਹ ਗਿਆ। ਦਿਨੇ ਹੀ ਥੋੜ੍ਹਾ ਥੋੜ੍ਹਾ ਹਨੇਰਾ ਪਸਰਨ ਲੱਗਾ। ਸੜਕਾਂ ’ਤੇ ਗੱਡੀਆਂ ਮੋਟਰਾਂ ਦੀ ਆਵਾਜਾਈ ਘੱਟ ਹੀ ਸੀ। ਸੂਰਜ ´ਚੋਂ ਕਿਰ ਕੇ ਆਉਂਦੀਆਂ ਤਿੱਖੀਆਂ ਰਿਸ਼ਮਾਂ ਦੀ ਝਾਲ ਝੱਲਣੀ ਖਤਰੇ ਤੋਂ ਖਾਲੀ ਨਹੀਂ ਸੀ। ਮਤੇ ਕਿਸੇ ਦੀਆਂ ਅੱਖਾਂ ਜਾਂ ਕਿਸੇ ਹੋਰ ਅੰਗ ਦਾ ਨੁਕਸਾਨ ਹੋ ਜਾਵੇ। ਮਿਥੇ ਸਮੇਂ ਮੁਤਾਬਕ ਸ਼ਨੀ ਬਾਬਾ ‘ਦਾਨ ਪੁੰਨ’ ਇਕੱਠਾ ਕਰਨ ਲਈ ਫੇਰੀ ਤੇ ਆਇਆ ਅਤੇ ਕਰਮ ਕੁਰ ਨੇ ਆਟਾ, ਗੁੜ, ਤੇਲ ਤੇ ਰੁਪਇਆ ਮੱਥਾ ਟੇਕ ਕੇ ਪਰਿਵਾਰ ਦੀ ਖ਼ੈਰ ਮੰਗੀ। ਨਾਲ ਹੀ ਕਸ਼ਮੀਰੋ ਨੂੰ ਇਸ ਦਿਨ ਦੇਹਲੀਓਂ ਬਾਹਰ ਜਾਣ ਤੋਂ ਵਰਜ ਦਿੱਤਾ।
“ਦੇਖੀਂ ਬਹੂ, ਬਾਹਰ ਨਾ ਨਿੱਕਲੀਂ। ਆਪਣੀ ਗੁਆਂਢਣ ਵੱਡੀ ਬੋਬੋ ਵੀ ਦੱਸਦੀ ਸੀ ਕਿ ਹੋਣ ਵਾਲਾ ਬੱਚਾ ਗ੍ਰਹਿਣਿਆ ਨਾ ਜਾਵੇ … ਇਸ ਕਰ ਕੇ ਬਹੁਤ ਬਚਾ ਰੱਖਣਾ ਪੈਣਾ ਹੈ।”
ਆਉਣ ਵਾਲੇ ਬਾਲ ਦੀ ਸਲਾਮਤੀ ਨੂੰ ਲੈ ਕੇ ਸਾਰਾ ਟੱਬਰ ਚਿੰਤਾਤੁਰ ਸੀ। ਸ਼ਮਸ਼ੇਰ ਨੇ ਵੀ ਇਸ ਸਮੇਂ ਕਸ਼ਮੀਰੋ ਦੇ ਬਾਹਰ ਗਲੀ ਵਿੱਚ ਨਾ ਜਾਣ ਸਖ਼ਤ ਹਿਦਾਇਤ ਕੀਤੀ ਸੀ। ਗ੍ਰਹਿਣ ਖਤਮ ਹੋਣ ਪਿੱਛੋਂ ਜਦੋਂ ਤ੍ਰਿਕਾਲਾਂ ਨੂੰ ਸੂਰਜ ਦੇਵਤਾ ਨੇ ਮੱਧਮ ਜਿਹੇ ਦਰਸ਼ਨ ਦਿੱਤੇ ਤਾਂ ਲੋਕਾਂ ਦੀ ਜਾਨ ਵਿੱਚ ਜਾਨ ਆਈ ਕਿ ਧਰਤੀ ਉਤਲਾ ‘ਭਾਰ’ ਉੱਤਰ ਗਿਆ ਸੀ।
ਸਰਹੱਦ ’ਤੇ ਗੁਆਂਢੀ ਮੁਲਕ ਨਾਲ ਝੜਪਾਂ ਦੀਆਂ ਕਨਸੋਆਂ ਬੇਚੈਨ ਕਰਨ ਵਾਲੀਆਂ ਸਨ। ਕਸ਼ਮੀਰੋ ਦੇ ਜਣੇਪੇ ਦਾ ਦਿਨ ਨੇੜੇ ਆ ਰਿਹਾ ਸੀ ਪਰ ਸ਼ਮਸ਼ੇਰ ਦੀ ਛੁੱਟੀ ਮਨਜ਼ੂਰ ਹੋਣ ਦਾ ਕੋਈ ਪੈਗਾਮ ਨਹੀਂ ਸੀ ਆ ਰਿਹਾ। ਇੱਧਰ ਰਲ਼ਾ ਸਿੰਹੁ ਅਤੇ ਕਰਮੋ ਰੱਬ ਅੱਗੇ ਅਰਦਾਸਾਂ ਕਰਦੇ, ਪੁੱਤ ਦੇ ਸਮੇਂ ਸਿਰ ਪਹੁੰਚਣ ਦੀਆਂ। ਭਾਵੇਂ ਨੇੜਲੇ ਰਿਸ਼ਤੇਦਾਰ ਲਾਗੇ ਹੀ ਰਹਿੰਦੇ ਸਨ ਅਤੇ ਲੋੜ ਪੈਣ ’ਤੇ ਮਦਦ ਵੀ ਕਰਦੇ ਸਨ, ਪਰ ਆਪਣਾ ਆਪਣਾ ਹੀ ਹੁੰਦਾ ਹੈ। ਹਾਲਾਂਕਿ ਡਾਕਟਰ ਨੇ ਸਾਰਾ ਕੁਝ ਠੀਕ ਹੋਣ ਦਾ ਭਰੋਸਾ ਦਿਵਾਇਆ ਸੀ, ਪਰ ਫਿਰ ਵੀ ਬੁੱਢੇ ਸਰੀਰਾਂ ਨੂੰ ਜ਼ਿਆਦਾ ਭੱਜ ਦੌੜ ਨਾ ਕਰ ਸਕਣ ਦਾ ਤੌਖਲਾ ਲੱਗਾ ਹੋਇਆ ਸੀ।
“ਕਰਮ ਕੁਰੇ, ਫੌਜੀ ਘਰ ਆ ਜਾਵੇ … ਫੇਰ ਆਪਾਂ ਸੁਰਖਰੂ ਹੋਵਾਂਗੇ।” ਰਲਾ ਸਿਹੁੰ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਉੱਭਰੀਆਂ।
“ਸ਼ੇਰੂ ਦੇ ਬਾਪੂ, ਵਾਗ੍ਹਰੂ ’ਤੇ ਡੋਰੀਆਂ ਰੱਖ … ਆਪਣੇ ਅੰਗ ਸੰਗ ਰਹੂਗਾ।” ਕਰਮੋ ਹੌਸਲਾ ਦਿੰਦੀ।
ਖ਼ਾਸ ਦਿਨ ਆ ਪਹੁੰਚਿਆ ਪਰ ਸ਼ਮਸ਼ੇਰ ਨੂੰ ਫੌਜ ਨੇ ਘਰ ਆਉਣ ਦੀ ਆਗਿਆ ਨਾ ਦਿੱਤੀ। ਡਿਸਪੈਂਸਰੀ ਦੇ ਛੋਟੇ ਜਿਹੇ ਕਮਰੇ ਵਿੱਚ ਕਸ਼ਮੀਰੋ ਅੰਦਰ ਸੀ ਤੇ ਸੱਸ ਸਹੁਰਾ ਬਾਹਰ। ਦੋਹਤਾ ਹਰਮਨ ਵੀ ਨਾਲ ਸੀ। ਹੱਥ ਪਰਵਿਦਗਾਰ ਦੀ ਇਬਾਦਤ ਵਿੱਚ ਜੁੜੇ ਹੋਏ ਸਨ। ਪਲ ਪਲ ਘੰਟਿਆਂ ਬੱਧੀ ਲਗਦਾ ਸੀ। ਅਖੀਰ ਨਰਸ ਪਵਿੱਤਰ ਕੌਰ ਅਪਰੇਸ਼ਨ ਕਮਰੇ ਵਿੱਚੋਂ ਬਾਹਰ ਆਈ, “ਵਧਾਈ ਹੋਵੇ, ਮੁੰਡਾ ਹੋਇਆ … ਜੱਚਾ ਬੱਚਾ ਦੋਵੇਂ ਠੀਕ ਨੇ।” ਦੋਵਾਂ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਹਿ ਤੁਰੇ।
“ਕਰਮ ਕੁਰੇ, ਆਪਾਂ ਵੀ ਵੱਸਦਿਆਂ ’ਚ ਹੋ ਗਏ …” ਰਲ਼ਾ ਸਿੰਘ ਦਾ ਗਲਾ ਭਰਿਆ ਹੋਇਆ ਸੀ।
“ਤੂੰ ਸੱਚ ਕਹਿਨਾਂ … ਉਹਦੇ ਘਰ ਕਿਸੇ ਚੀਜ਼ ਦਾ ਘਾਟਾ ਨੀ।”
ਫੌਜੀ ਨੂੰ ਤਾਰ ਭੇਜੀ ਗਈ। ਉਹਦਾ ਮਨ ਵੀ ਉੱਡ ਕੇ ਘਰ ਆਉਣ ਨੂੰ ਕਾਹਲ਼ਾ ਸੀ, ਪਰ ਮਜਬੂਰੀਆਂ ਰਸਤਾ ਰੋਕੀ ਖੜ੍ਹੀਆਂ ਸਨ। ਗੁਰਦਵਾਰੇ ਨਤਮਸਤਕ ਹੋਏ। ਭਾਈ ਸਾਹਿਬ ਨੇ ਵਾਕ ਲੈ ਕੇ ਬੱਚੇ ਦਾ ਨਾਂ ਗੁਰਮਿਹਰ ਸਿੰਘ ਰੱਖਿਆ, “ਗੁਰੂ ਦੀ ਮਿਹਰ ਹੀ ਤਾਂ ਹੋਈ ਐ।”
“ਮੈਂ ਤਾਂ ਇਹਨੂੰ ਪ੍ਰਿੰਸ ਕਹੂੰਗਾ” ਹਰਮਨ ਨੇ ਛੋਟੇ ਨਾਂ ਦਾ ਫੈਸਲਾ ਸੁਣਾ ਦਿੱਤਾ। ਪਰਿਵਾਰ ਨੇ ਲੋਹੜੀ ਉੱਤੇ ਵੱਡਾ ਇਕੱਠ ਕਰਨ ਦਾ ਮਨ ਬਣਾ ਲਿਆ ਸੀ। ਇੰਨੇ ਚਿਰ ਤਕ ਖਤਰੇ ਦੇ ਬੱਦਲ ਵੀ ਘਟ ਜਾਣਗੇ ਤੇ ਸ਼ਮਸ਼ੇਰ ਦੀ ਛੁੱਟੀ ਵੀ ਮਨਜ਼ੂਰ ਹੋ ਜਾਵੇਗੀ। ਤਿਆਰੀਆਂ ਸ਼ੁਰੂ ਹੋ ਗਈਆਂ।
“ਇਹ ਕਾਰਜ ਵਾਗ੍ਹਰੂ ਦੀ ਕ੍ਰਿਪਾ ਨਾਲ ਸਿਰੇ ਚੜ੍ਹ ਜਾਵੇ ਤਾਂ ਗੰਗਾ ਨ੍ਹਾ ਲਾਂਗੇ … ਹੁਣ ਤਾਂ ਸਰੀਰ ਵੀ ਡਿੱਕਡੋਲੇ ਖਾਣ ਲੱਗ ਪਿਆ।”
“ਹੌਸਲਾ ਢੌਣ ਵਾਲੀਆਂ ਗੱਲਾਂ ਨਾ ਕਰਿਆ ਕਰ, ਸ਼ੇਰੇ ਦੇ ਬਾਪੂ … ਆਪਾਂ ਪ੍ਰਿੰਸ ਦੇ ਵਿਆਹ ਤਕ ਜਿਉਣੈ।” ਕਰਮ ਕੁਰ ਦੇ ਬੋਲ ਉਤਸ਼ਾਹੀ ਸਨ।
ਸ਼ਮਸ਼ੇਰ ਦੀ ਛੁੱਟੀ ਮਨਜ਼ੂਰ ਹੋ ਗਈ ਸੀ। ਘਰ ਵਿੱਚ ਰੌਣਕਾਂ ਲੱਗ ਗਈਆਂ। ਅਖੰਡ ਪਾਠ ਦੇ ਭੋਗ ਪਾਏ ਗਏ। ਰਿਸ਼ਤੇਦਾਰ ਅਤੇ ਦੋਸਤ ਮਿੱਤਰ ਵਧਾਈਆਂ ਦੇ ਰਹੇ ਸਨ ਅਤੇ ਬੱਚੇ ਦੀ ਲੰਮੀ ਉਮਰ ਦੀ ਦੁਆ ਮੰਗ ਰਹੇ ਸਨ। ਪਰਿਵਾਰ ਨੇ ਸਾਰੇ ਮਹਿਮਾਨਾਂ ਦੀ ਚੰਗੀ ਆਓ ਭਗਤ ਕੀਤੀ ਅਤੇ ਖੁਸ਼ੀ ਖੁਸ਼ੀ ਵਿਦਾਈ ਦਿੱਤੀ। ਸ਼ਮਸ਼ੇਰ ਦੀ ਛੁੱਟੀ ਵੀ ਮੁੱਕਣ ਵਾਲੀ ਸੀ।
“ਬਾਪੂ ਜੀ, ਥੋਡੀ ਸਿਹਤ ਵੀ ਹੁਣ ਬਹੁਤੀ ਠੀਕ ਨਹੀਂ ਰਹਿੰਦੀ। ਮੈਂ ਸੋਚਦਾਂ ਕਿ ਰਿਟਾਇਰਮੈਂਟ ਲੈ ਲਵਾਂ।”
“ਜਿਵੇਂ ਤੇਰੀ ਮਰਜ਼ੀ ਪੁੱਤਰਾ!” ਰਲ਼ਾ ਸਿੰਹੁ ਦਾ ਮਨ ਭਰਿਆ ਪਿਆ ਸੀ।
ਦੋਂਹ ਕੁ ਮਹੀਨਿਆਂ ਬਾਅਦ ਸ਼ਮਸ਼ੇਰ ਦੀ ਸੇਵਾ ਮੁਕਤੀ ਹੋ ਗਈ। ਮਾਂ ਪਿਉ ਦੀ ਸੇਵਾ ਦਾ ਬਹੁਤ ਸਾਲਾਂ ਪਿੱਛੋਂ ਸਬੱਬ ਬਣਿਆ ਸੀ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਰਲ਼ਾ ਸਿੰਹੁ ਨੂੰ ਕਈ ਬਿਮਾਰੀਆਂ ਨੇ ਘੇਰ ਲਿਆ ਸੀ ਤੇ ਹਫ਼ਤਾ ਭਰ ਆਰਮੀ ਹਸਪਤਾਲ ਦਾਖਲ ਰਹਿਣ ਮਗਰੋਂ ਦਰਗਾਹੋਂ ਸੱਦਾ ਆ ਗਿਆ। ਘਰ ਦਾ ਮਾਹੌਲ ਫਿਰ ਉਦਾਸ ਹੋ ਗਿਆ।
ਪ੍ਰਿੰਸ ਨੂੰ ਤਿੰਨ ਸਾਲ ਦਾ ਹੋਣ ’ਤੇ ਸ਼ਹਿਰ ਦੇ ਨਾਮੀ ਪਬਲਿਕ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਚੁਸਤ ਦਰੁਸਤ ਯੂਨੀਫਾਰਮ ਵਿੱਚ ਪੂਰੀ ਤਰ੍ਹਾਂ ਫਬਦਾ ਸੀ। ਕਸ਼ਮੀਰੋ ਦਾ ਚਾਅ ਨਹੀਂ ਸੀ ਚੁੱਕਿਆ ਜਾਂਦਾ। ਕੰਨ ਦੇ ਪਿੱਛੇ ਕਾਲਾ ਟਿੱਕਾ ਜ਼ਰੂਰ ਲਾਉਂਦੀ, “ਕਈ ਵਾਰ ਮਾਂ ਦੀ ਆਪਣੀ ਨਜ਼ਰ ਵੀ ਲੱਗ ਜਾਂਦੀ ਆ।”
ਪ੍ਰਿੰਸ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰ ਕੇ ਪਤਾ ਹੀ ਨਾ ਲੱਗਾ ਕਿ ਕਦੋਂ ਸਕੂਲ ਦੀ ਪੜ੍ਹਾਈ ਪੂਰੀ ਹੋ ਲਈ। ਉਸ ਨੂੰ ਜਵਾਨ ਹੁੰਦੇ ਦੇਖ ਸਾਰਾ ਪਰਿਵਾਰ ਫੁੱਲਿਆ ਨਾ ਸਮਾਉਂਦਾ। ਚੰਗੇ ਨੰਬਰ ਲੈਣ ਕਰ ਕੇ ਅਗਲੀ ਪੜ੍ਹਾਈ ਲਈ ਕਾਲਜ ਵਿੱਚ ਦਾਖਲਾ ਸੌਖਾ ਹੀ ਮਿਲ ਗਿਆ। ਪਹਿਲਾ ਸਮੈਸਟਰ ਚੰਗਾ ਲੰਘ ਗਿਆ। ਪਰ ਦੂਜੀ ਛਿਮਾਹੀ ਆਏ ਘੱਟ ਨੰਬਰਾਂ ਨੇ ਪਰਿਵਾਰ ਨੂੰ ਚਿੰਤਾ ਵਿੱਚ ਪਾ ਦਿੱਤਾ। ਘਰ ਵਿੱਚ ਜਦੋਂ ਵੀ ਪੜ੍ਹਾਈ ਦੀ ਗੱਲ ਚਲਦੀ, ਪ੍ਰਿੰਸ ਟਾਲ਼ਾ ਵੱਟਣ ਦੀ ਕੋਸ਼ਿਸ਼ ਕਰਦਾ। ਅਚਾਨਕ ਕਾਲਜ ਤੋਂ ਆਏ ਫੋਨ ਨੇ ਬਾਪੂ ਦੀ ਨੀਂਦ ਉਡਾ ਦਿੱਤੀ, “ਗੁਰਮਿਹਰ ਦੀ ਪੜ੍ਹਾਈ ਦੇ ਸੰਬੰਧ ਵਿੱਚ ਆ ਕੇ ਮਿਲੋ।”
ਕਾਲਜ ਦੇ ਪ੍ਰਿੰਸੀਪਲ ਨੇ ਸ਼ਮਸ਼ੇਰ ਨੂੰ ਦੱਸਿਆ ਕਿ ਪ੍ਰਿੰਸ ਦੀ ਸੰਗਤ ਗਲਤ ਮੁੰਡਿਆਂ ਨਾਲ ਹੈ। ਕਲਾਸਾਂ ਵਿੱਚੋਂ ਅਕਸਰ ਗੈਰ ਹਾਜ਼ਰ ਰਹਿੰਦਾ ਹੈ ਅਤੇ ਪੜ੍ਹਾਈ ਵੱਲੋਂ ਪੂਰੀ ਤਰ੍ਹਾਂ ਲਾਪ੍ਰਵਾਹ ਹੈ। ਨਿੰਮੋਝੂਣੇ ਹੋਏ ਸ਼ਮਸ਼ੇਰ ਨੇ ਘਰ ਆ ਕੇ ਕਸ਼ਮੀਰੋ ਨਾਲ ਗੱਲ ਸਾਂਝੀ ਕੀਤੀ, ਪਰ ਉਹ ਮੰਨਣ ਨੂੰ ਤਿਆਰ ਨਹੀਂ ਸੀ। ਅਖੇ, ਮੇਰਾ ਪੁੱਤ ਇਹੋ ਜਿਹਾ ਹੋ ਹੀ ਨਹੀਂ ਸਕਦਾ। ਇੱਕ ਦਿਨ ਬਾਪੂ ਅੱਗੇ ਬੁਲੇਟ ਮੋਟਰਸਾਈਕਲ ਦੀ ਮੰਗ ਰੱਖ ਦਿੱਤੀ। ਮੰਗ ਪੂਰੀ ਕਰਨ ਤੋਂ ਬਿਨਾਂ ਕੋਈ ਚਾਰਾ ਵੀ ਨਹੀਂ ਸੀ। ਅੱਕ ਚੱਬਣਾ ਪਿਆ। ਅਜੇ ਹਫ਼ਤਾ ਵੀ ਨਹੀਂ ਸੀ ਲੰਘਿਆ ਕਿ ਕਾਲਜ ਦੇ ਦੋ ਗੁੱਟਾਂ ਵਿੱਚ ਲੜਾਈ ਦੀ ਖ਼ਬਰ ਆਈ, ਜਿਸ ਵਿੱਚ ਪ੍ਰਿੰਸ ਦਾ ਨਾਂ ਬੋਲਦਾ ਸੀ। ਟੱਬਰ ਦੇ ਸਾਹ ਸੂਤੇ ਗਏ। ਹਰ ਰੋਜ਼ ਨਵੇਂ ਖਰਚ ਲਈ ਸ਼ਮਸ਼ੇਰ ਤੋਂ ਪੈਸੇ ਦੀ ਮੰਗ ਹੋਣ ਲੱਗੀ ਅਤੇ ਘਰ ਵਿੱਚ ਕਲੇਸ਼ ਦਾ ਮੁੱਢ ਬੱਝ ਗਿਆ। ਮਨ੍ਹਾਂ ਕਰਨ ’ਤੇ ਮਰਨ ਦੀ ਧਮਕੀ ਅਤੇ ਬੋਲ ਕੁਬੋਲ ਵੀ ਨਿੱਤ ਦਾ ਰਾਗ ਬਣ ਗਿਆ। ਲੋਕਾਂ ਵਿੱਚ ਵੀ ਲੜਾਈ ਝਗੜੇ ਦੀ ਚਰਚਾ ਹੋਣ ਲੱਗੀ।
ਚੜ੍ਹਦੇ ਦਿਨ ਕੋਈ ਨਵੀਂ ਮੁਸੀਬਤ ਘੇਰਨ ਲੱਗ ਪਈ। ਇੱਕ ਦਿਨ ਜਦੋਂ ਕਸ਼ਮੀਰੋ ਨੇ ਕੱਪੜੇ ਧੋਣੇ ਸ਼ੁਰੂ ਕੀਤੇ ਤਾਂ ਪ੍ਰਿੰਸ ਦੀ ਜੇਬ ਵਿੱਚੋਂ ਇੱਕ ਪੁੜੀ ਜਿਹੀ ਥੱਲੇ ਡਿਗੀ। ਪਰਿਵਾਰ ਦੀ ਖਾਨਿਉਂ ਗਈ ਕਿ ਭਾਣਾ ਤਾਂ ਵਰਤ ਗਿਆ ਹੈ। ਉਸਦੀ ਵਿਗੜਦੀ ਸਿਹਤ ਦਾ ਰਾਜ਼ ਅੱਖਾਂ ਸਾਹਮਣੇ ਆ ਗਿਆ ਕਿ ‘ਚਿੱਟੇ’ ਨੇ ਘਰ ਕਰ ਲਿਆ ਹੈ। ਸ਼ਮਸ਼ੇਰ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਸਭ ਵਿਅਰਥ।
“ਡੈਡੀ, ਜ਼ਮੀਨ ਵੇਚ ਤੇ ਵਧੀਆ ਕੋਠੀ ਬਣਾ … ਮੇਰੇ ਯਾਰ ਦੋਸਤ ਤਾਹਨੇ ਮਾਰਦੇ ਨੇ ਕਿ ਜ਼ਮੀਨ ਦਾ ਠੇਕਾ ਤੇ ਮੋਟੀ ਪੈਨਸ਼ਨ ਲੈਣ ਦੇ ਬਾਵਜੂਦ ਵੀ ਤੇਰਾ ਬਾਪੂ ਨੰਗ ਭੁੱਖ ਨਾਲ ਘੁਲ਼ ਰਿਹਾ ਹੈ।” ਪ੍ਰਿੰਸ ਨੇ ਪਿਓ ਦੇ ਕੰਨਾਂ ਵਿੱਚੀਂ ਕੱਢਿਆ।
ਪੁੱਤਰ ਦੇ ਚਾਲੇ ਦੇਖ ਪਿਉ ਅੰਦਰੋਂ ਅੰਦਰੀ ਖੁਰਦਾ ਜਾ ਰਿਹਾ ਸੀ। ਅਖੀਰ ਕਸ਼ਮੀਰੋ ਨੇ ਸ਼ਮਸ਼ੇਰ ਨੂੰ ਆਪਣੇ ਦੋਸਤ ਗਿਆਨੀ ਨਾਲ ਸਲਾਹ ਕਰਨ ਦੀ ਤਾਕੀਦ ਕੀਤੀ। ਗਿਆਨੀ ਬਲਵੰਤ ਸਿੰਘ ਪਿੰਡ ਦੀ ਮੋਹਤਬਰ ਸ਼ਖ਼ਸੀਅਤ ਸੀ। ਪ੍ਰਿੰਸ ਦੀ ਹਾਲਤ ਜ਼ਿਆਦਾ ਨਿੱਘਰਦੀ ਦੇਖ ਗਿਆਨੀ ਜੀ ਨੇ ਉਸ ਨੂੰ ਕਿਸੇ ਚੰਗੇ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਾਉਣ ਦੀ ਸਲਾਹ ਦਿੱਤੀ। ਪਰ ਪ੍ਰਿੰਸ ਨੇ ਇੱਕਦਮ ਨਾਂਹ ਕਰ ਦਿੱਤੀ, “ਮੈਨੂੰ ਕੀ ਹੋਇਆ ਹੈ … ਮੈਂ ਚੰਗਾ ਭਲਾ …”
ਕਸ਼ਮੀਰੋ ਦੇ ਵਾਸਤਾ ਪਾਉਣ ’ਤੇ ਭਾਵੁਕ ਹੋਏ ਪੁੱਤ ਨੇ ਆਪਣੇ ਇਲਾਜ ਲਈ ਹਾਂ ਕਰ ਦਿੱਤੀ। ਨਸ਼ਾ ਜੜ੍ਹੀਂ ਬੈਠ ਚੁੱਕਾ ਸੀ। ਪਹਿਲੇ ਚਾਰ ਪੰਜ ਦਿਨ ਬਹੁਤ ਤਕਲੀਫਦੇਹ ਸਨ। ਪ੍ਰਿੰਸ ਨੇ ਖਾਣਾ ਪੀਣਾ ਛੱਡ ਦਿੱਤਾ ਅਤੇ ਬੇਹੋਸ਼ੀ ਦੀ ਹਾਲਤ ਤਕ ਪਹੁੰਚ ਗਿਆ। ਸਾਰਾ ਪਰਿਵਾਰ ਗੋਡਿਆਂ ਭਾਰ ਹੋ ਕੇ ਵਾਹਿਗੁਰੂ ਤੋਂ ਪੁੱਤਰ ਦੀ ਸਲਾਮਤੀ ਦੀ ਅਰਦਾਸ ਕਰਦਾ ਰਿਹਾ। ਪਰ ਮਨਚਲੇ ਲੋਕ ਤਮਾਸ਼ਬੀਨੀ ਕਰਦੇ, “ਇਹ ਮੁੰਡਾ ਤਾਂ ਸਿਰੇ ਦਾ ਵਿਗੜੈਲ ਆ … ਫੌਜੀ ਦੇ ਘਰ ਲੱਗਿਆ ਗ੍ਰਹਿਣ …”
ਸ਼ਮਸ਼ੇਰ ਚੌਵੀ ਘੰਟੇ ਹਸਪਤਾਲ ਰਹਿੰਦਾ ਅਤੇ ਕਸ਼ਮੀਰੋ ਅਤੇ ਬੁੱਢੀ ਮਾਤਾ ਕਰਮ ਕੌਰ ਘਰ ਬੈਠੀਆਂ ਦੁਆਵਾਂ ਮੰਗਦੀਆਂ ਰਹਿੰਦੀਆਂ। ਇੱਕ ਦਿਨ ਅਚਾਨਕ ਗਲੀ ਵਿੱਚ “ਜੈ ਸ਼ਨੀ ਦੇਵ” ਦੀ ਆਵਾਜ਼ ਆਈ, ਤਾਂ ਕਸ਼ਮੀਰੋ ਦਰਵਾਜ਼ੇ ਵੱਲ ਭੱਜੀ। ਸ਼ਾਇਦ ਉਹੀ ਪੰਡਿਤ ਹੋਵੇ, ਜੋ ਪੱਚੀ ਸਾਲ ਪਹਿਲਾਂ ਸੂਰਜ ਗ੍ਰਹਿਣ ਵੇਲੇ ਚਿਤਾਵਨੀ ਦੇ ਕੇ ਗਿਆ ਸੀ। ਹਾਂ, ਇਹ ਉਹੀ ਬਾਬਾ ਸੀ! ਚਿੱਟੀ ਦੁੱਧ ਦਾੜ੍ਹੀ, ਸਿਰ ’ਤੇ ਛੋਟੀ ਜਿਹੀ ਸਫੈਦ ਪਗੜੀ, ਡਗਮਗਾਉਂਦਾ ਸਰੀਰ ਤੇ ਹੱਥ ਵਿੱਚ ਉਹੀ ਥਿੰਧੀ ਰੱਸੀ ਵਾਲਾ ਕਰਮੰਡਲ। ਕਸ਼ਮੀਰੋ ਨੇ ਡੋਲੂ ਵਿੱਚ ਤੇਲ ਪਾ ਕੇ ਪ੍ਰਿੰਸ ਦੀ ਸੁੱਖ ਮੰਗੀ।
“ਮਾਤਾ, ਪਰਸੋਂ ਫਿਰ ਸੂਰਜ ਗ੍ਰਹਿਣ ਦਾ ਯੋਗ ਹੈ … ਦਿਨ ਭਾਰੀ ਹੈ … ਪਾਠ ਪੂਜਾ ਕਰਨੀ … ਰਾਮ ਭਲੀ ਕਰੇਗਾ।”
ਸਨਿੱਚਰਵਾਰ ਵਾਲਾ ਦਿਨ ਅਸਲੋਂ ਭਾਰੀ ਸੀ। ਆਸਮਾਨ ਨੂੰ ਕਾਲੇ ਬੱਦਲਾਂ ਨੇ ਢਕਿਆ ਹੋਇਆ … ਡਰਾਉਣਾ ਮੌਸਮ। ਬਹੁਤੇ ਲੋਕ ਘਰਾਂ ਅੰਦਰ ਡੱਕੇ ਹੋਏ। ਹਰ ਕੋਈ ਅਰਾਧਨਾ ਵਿੱਚ ਵਿਅਸਤ, ‘ਕਦੋਂ ਗ੍ਰਹਿਣ ਖਤਮ ਹੋਵੇ ਤਾਂ ਸੁਖ ਦਾ ਸਾਹ ਆਵੇ।’
ਸ਼ਾਮੀਂ ਪੰਜ ਕੁ ਵਜੇ ਹਨੇਰਾ ਛਟਣ ਲੱਗਿਆ ਤੇ ਸੁਨਹਿਰੀ ਕਿਰਨਾਂ ਨੇ ਦਸਤਕ ਦਿੱਤੀ। ਠੀਕ ਉਸੇ ਸਮੇਂ ਹਸਪਤਾਲ ਤੋਂ ਖਬਰ ਆਈ ਕਿ ਪ੍ਰਿੰਸ ਨੇ ਕਈ ਦਿਨਾਂ ਦੀ ਬੇਸੁਧੀ ਪਿੱਛੋਂ ਅੱਖਾਂ ਖੋਲ੍ਹੀਆਂ ਨੇ ਅਤੇ ਚਾਨਣ ਦੀ ਲੀਕ ਨੂੰ ਨਮਨ ਕੀਤਾ ਹੈ …।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4692)
(ਸਰੋਕਾਰ ਨਾਲ ਸੰਪਰਕ ਲਈ: (