“ਵਿਸ਼ਵ ਦੀ ਵੰਡ ਚਰਮ ਸੀਮਾ ’ਤੇ ਪਹੁੰਚ ਚੁੱਕੀ ਹੈ। ਹਜ਼ਾਰਾਂ ਟਨ ਅੰਨ ਦੀ ਬਰਬਾਦੀ ...”
(29 ਮਾਰਚ 2024)
“ਬਲਿਹਾਰੀ ਕੁਦਰਤਿ ਵਸਿਆ …।” ਕੁਦਰਤ ਅਸੀਮ ਹੈ, ਕੁਦਰਤ ਅਨੰਤ ਹੈ, ਕੁਦਰਤ ਅਤੋਲ ਹੈ … ਦਾਤਾਂ ਅਮੋਲ ਨੇ। ਕਿਸੇ ਥਾਹ ਨਹੀਂ ਪਾਈ,ਕੋਈ ਅੰਦਾਜ਼ਾ ਨਹੀਂ ਲਾ ਸਕਿਆ। ਸਾਡੀ ਸੋਚ ਉੱਥੇ ਤਕ ਉਡਾਰੀ ਨਹੀਂ ਮਾਰ ਸਕਦੀ। ਉਸਦੇ ਜਲੌਅ ਦੀ ਝਲਕ ਸਾਡੀਆਂ ਅੱਖਾਂ ਝੱਲ ਨਹੀਂ ਸਕਦੀਆਂ। ਉਸਦੇ ਸੁਹੱਪਣ ਨੂੰ ਸਾਡੀਆਂ ਕਲਮਾਂ ਬਿਆਨ ਨਹੀਂ ਕਰ ਸਕਦੀਆਂ। ਮਾਨਵ ਸਾਲਾਂ-ਬੱਧੀ ਗੋਂਦਾਂ ਗੁੰਦਦਾ ਹੈ, ਪਰ ਕੁਦਰਤ ਪਲਾਂ ਛਿਣਾਂ ਵਿੱਚ ਆਹਰੇ ਲਾ ਦਿੰਦੀ ਹੈ। ਅਸੀਂ ਆਪਣੇ ਨਿਗੂਣੇ ਜਿਹੇ ਵਣਜ-ਵਿਹਾਰ ਦਾ ਹਿਸਾਬ ਕਿਤਾਬ ਰੱਖਣ ਨੂੰ ਤਰੱਦਦ ਸਮਝਦੇ ਹਾਂ, ਪਰ ਸੋਚਿਆ ਕਦੇ ਕਿ ਪ੍ਰਕਿਰਤੀ ਨੇ ਧਰਤ, ਆਕਾਸ਼, ਪਾਤਾਲ ਵਸਦੇ ਪ੍ਰਾਣੀਆਂ, ਜੀਵ ਜੰਤੂਆਂ, ਬਨਸਪਤੀ ਨੂੰ ਕਿੰਜ ਤਵਾਜ਼ਨ ਵਿੱਚ ਰੱਖਿਆ ਹੋਇਆ ਹੈ? ਕਿਵੇਂ ਹਰ ਛੋਟੇ ਵੱਡੇ ਜੀਵ ਦੀ ਖਾਧ ਖੁਰਾਕ, ਰਹਿਣ ਸਹਿਣ ਅਤੇ ਟਿਕਾਣਾ ਵਿਉਂਤਬੱਧ ਕੀਤਾ ਹੈ?
ਸਿਆਣਿਆਂ ਦਾ ਕਥਨ ਹੈ, ਜੀਵ ਲੱਖਾਂ ਜੂਨਾਂ ਵਿੱਚ ਭੌਂਦਾ ਹੈ … ਭਟਕਣਾ ਪੱਲੇ ਪੈਂਦੀ ਹੈ … ਜੰਮਣ ਮਰਨ ਦੇ ਗੇੜ ਵਿੱਚ ਪੈਂਦਾ ਹੈ … ਚੁਰਾਸੀ ਦਾ ਚੱਕਰ ਰਹਿੰਦਾ ਹੈ … ਮੇਰੀ ਮੇਰੀ ਕਰਦਾ ਹੈ। ਇਹ ਵੀ ਧਾਰਨਾ ਹੈ ਕਿ ਮਨੁੱਖਾ ਜੀਵਨ ‘ਸਰਬੋਤਮ’ ਹੈ … ਵਾਰ ਵਾਰ ਨਹੀਂ ਮਿਲਦਾ। ਕਿਉਂਕਿ ਮਾਨਵ ‘ਸੱਭਿਆ’ ਸ਼੍ਰੇਣੀ ਵਿੱਚ ਆਉਂਦਾ ਹੈ … ਬੋਲ ਸਕਦਾ ਹੈ … ਜੀਵਨ ਸਫ਼ਲਾ ਬਣਾਉਣ ਦੀ ਸਮਰੱਥਾ ਰੱਖਦਾ ਹੈ। ਬਾਕੀ ਸਮਸਤ ਪ੍ਰਾਣੀ ਬੇਜ਼ੁਬਾਨ ਨੇ … ਉਜੱਡ ਨੇ, ਵਹਿਸ਼ੀ ਨੇ, ਜੰਗਲੀ ਨੇ! ਸੋਚ ਸਿਰਫ਼ ਪੇਟ ਭਰਨ ਤਕ ਸੀਮਿਤ ਹੈ। ਮਨੁੱਖ ਦੇ ‘ਪਰਮ ਉੱਤਮ’ ਹੋਣ ਦੀ ਇਹ ਵਿਆਖਿਆ ਕਿਸਨੇ ਕੀਤੀ ਹੈ? ਖ਼ੁਦ ਮਨੁੱਖ ਨੇ! ਕੀ ਮਨੁੱਖ ਇਸ ‘ਸ੍ਰੇਸ਼ਟਤਾ’ ਦੀ ਪੈਮਾਨੇ ਉੱਤੇ ਪੂਰਾ ਉੱਤਰਦਾ ਹੈ? ਕੀ ਕੁਦਰਤ ਦੇ ਬਖ਼ਸ਼ੇ ‘ਸਦਗੁਣਾਂ’ ਨੂੰ ਉਸਨੇ ਸ੍ਰਿਸ਼ਟੀ ਨੂੰ ਹੋਰ ਖ਼ੂਬਸੂਰਤ ਬਣਾਉਣ ਲਈ ਵਰਤਿਆ ਹੈ? ਕੀ ਉਸਦਾ ਵਰਤਾਰਾ ‘ਆਪਣੇ ਭਾਈਚਾਰੇ’ ਲਈ ਸੁਖਾਵਾਂ ਹੈ? ਕੀ ਉਸਦਾ ਵਿਹਾਰ ਪ੍ਰਕਿਰਤੀ ਅਤੇ ‘ਬੇਜ਼ੁਬਾਨਾਂ’ ਵਾਸਤੇ ਰਾਹਤ ਭਰਿਆ ਹੈ? ਸ਼ਾਇਦ ਇਸ ਕਸਵੱਟੀ ਤੇ ਮਨੁੱਖ ਪੂਰਾ ਨਹੀਂ ਉੱਤਰਦਾ। ਆਪਣੇ ਤਖ਼ੱਲਸ ਨਾਲ ਇਨਸਾਫ਼ ਕਰਦਾ ਨਹੀਂ ਜਾਪਦਾ।
ਪਰਿੰਦੇ ਪਰਵਾਜ਼ ਭਰਦੇ ਨੇ … ਉਡਾਰੀਆਂ ਮਾਰਦੇ ਨੇ। ਕੋਈ ਵੈਰ ਵਿਰੋਧ ਨਹੀਂ, ਕੋਈ ਲੋਭ ਲਾਲਚ ਨਹੀਂ, ਕੋਈ ਜ਼ਾਤ ਮਜ਼੍ਹਬ ਨਹੀਂ। ਸਾਰੇ ‘ਆਪਣੇ’ ਨੇ। ਜੋ ਮਿਲਿਆ, ਜਿੱਥੇ ਮਿਲਿਆ, ਖਾ ਲਿਆ। ਪੱਲੇ ਰਿਜ਼ਕ ਨਹੀਂ ਬੰਨ੍ਹਦੇ … ਕੱਲ੍ਹ ਵਾਸਤੇ ਝੋਲੀਆਂ ਨਹੀਂ ਭਰਦੇ …ਪੰਡਾਂ ਬੰਨ੍ਹਣ ਤੋਂ ਇਨਕਾਰੀ ਨੇ। ਸਬਰ ਸੰਤੋਖ ਦਾ ਲੜ ਫੜਿਆ ਹੋਇਆ ਹੈ। ਕੁਦਰਤ ਦੇ ਸ਼ੈਦਾਈ ਨੇ:
ਫਰੀਦਾ ਹਉ ਬਲਿਹਾਰੀ ਤਿੰਨ ਪੰਖੀਆ, ਜੰਗਲਿ ਜਿਨਾ ਵਾਸ
ਕਕਰੁ ਚੁਗਨਿ ਥਲਿ ਵਸਨਿ, ਰੱਬ ਨਾ ਛੋਡਨਿ ਪਾਸ॥
ਮਨ ਵਿੱਚ ਸਿਮਰਨ ਹੈ, ਵਿਸ਼ਵਾਸ ਹੈ ਕਿ ਹਜ਼ਾਰਾਂ ਮੀਲ ਦੂਰ ਛੱਡ ਕੇ ਆਏ ਬੱਚਿਆਂ ਦੀ ਦੇਖ-ਭਾਲ਼ ਸਰਬ ਸ਼ਕਤੀਮਾਨ ਕਰੇਗਾ। ਇਹੀ ਅਰਾਧਨਾ ਹੈ, ਇਹੀ ਵੰਦਨਾ ਹੈ। ਕੱਲ੍ਹ ਕਿਸੇ ਨਹੀਂ ਵੇਖਿਆ, ਤਾਂ ਚਿੰਤਾ ਕਿਉਂ? ਕੀੜੀਆਂ ਕਿਣਕਾ ਕਿਣਕਾ ਲੈ ਕੇ ਕਤਾਰ ਵਿੱਚ ਚਲਦੀਆਂ ਨੇ। ਹਾਥੀਆਂ ਦੀ ਡਾਰ ਖੁਰਾਕ ਲਈ ਜੰਗਲ਼ ਵਿੱਚ ਭੌਂਦੀ ਹੈ, ਪਰ ਕੁਦਰਤ ਦਾ ਉਜਾੜਾ ਨਹੀਂ ਕਰਦੀ। ਮੱਛੀਆਂ ਸਮੁੰਦਰ ਖਾਰਾ ਹੋਣ ’ਤੇ ਵੀ ਵਫ਼ਾ ਕਰਦੀਆਂ ਨੇ, ਕਮਲ ਦਾ ਫੁੱਲ ਚਿੱਕੜ ਵਿੱਚ ਖੁਸ਼ਬੋਈ ਵੰਡਦਾ ਹੈ, ਚਕੋਰ ਦੀ ਪ੍ਰੀਤ ਚੰਨ ਨਾਲ ਹੈ। ਪ੍ਰਕਿਰਤੀ ਦੇ ਬਖ਼ਸ਼ਿਸ਼ ਕੀਤੇ ਰੈਣ ਬਸੇਰੇ ਵਿੱਚ ਹੀ ਵਿਸਮਾਦ ਨਾਦ ਹੈ।
ਸੁਣਿਆ ਹੈ, ਦਰਵੇਸ਼ਾਂ ਅਤੇ ਫ਼ੱਕਰਾਂ ਦੀਆਂ ਰਮਜ਼ਾਂ ਹਰ ਕਿਸੇ ਦੀ ਸਮਝ ਵਿੱਚ ਨਹੀਂ ਆਉਂਦੀਆਂ। ਇਸੇ ਲਈ ਉਨ੍ਹਾਂ ਦੀਆਂ ਬਸਤੀਆਂ ਨਹੀਂ ਹੁੰਦੀਆਂ। ਉਹ ਦੁਨੀਆਂਦਾਰੀ ਨੂੰ ਜੱਫ਼ਾ ਨਹੀਂ ਮਾਰਦੇ। ਇੱਕ ਵਾਰ ਇੱਕ ਯਾਤਰੀ ਸੂਫ਼ੀ ਸੰਤ ਕੋਲ ਗਿਆ। ਪਹੁੰਚੇ ਹੋਏ ਫ਼ਕੀਰ ਸਨ। ਯਾਤਰੀ ਬੜਾ ਹੈਰਾਨ ਕਿ ਐਨੀ ਸਾਦੀ ਝੌਂਪੜੀ। ਸਿਰਫ ਇੱਕ ਤੱਪੜ ਤੇ ਮਿੱਟੀ ਦੇ ਤੇਲ ਦਾ ਦੀਵਾ। ਅਚੰਭਾ ਜਿਤਾਇਆ, “ਸੂਫ਼ੀ, ਤੇਰਾ ਫ਼ਰਨੀਚਰ ਕਿੱਥੇ ਹੈ?”
ਸੂਫ਼ੀ ਨੇ ਮੋੜਵਾਂ ਸਵਾਲ ਕੀਤਾ, “ਤੇਰਾ ਕਿੱਥੇ ਹੈ?”
ਯਾਤਰੀ ਕਹਿੰਦਾ, “ਮੈਂ ਤਾਂ ਮਹਿਮਾਨ ਹਾਂ।”
ਸੰਤ ਕਹਿੰਦਾ, “ਮੈਂ ਵੀ ਤਾਂ ਮਹਿਮਾਨ ਹੀ ਹਾਂ।”
‘ਸ੍ਰੇਸ਼ਟ’ ਪ੍ਰਾਣੀ ਮਨੁੱਖ ਨੇ ਧਰਤੀ ’ਤੇ ਕਿੱਲੇ ਗੱਡੇ ਹੋਏ ਨੇ। ਪੱਕੇ ਵਸੇਬੇ ਦਾ ਤਹੱਮਲ ਕੀਤਾ ਹੈ। ਪੰਡਾਂ ਬੰਨ੍ਹ ਰਿਹਾ ਹੈ ਕਿ ਘੱਟੋ ਘੱਟ ਸੱਤ ਪੀੜ੍ਹੀਆਂ ਆਰਾਮ ਫ਼ੁਰਮਾ ਸਕਣ! ‘ਅਸਲੀ ਘਰ’ ਭੁਲਾਈ ਬੈਠਾ ਹੈ। ਸਿਕੰਦਰ ਦੁਨੀਆਂ ਜਿੱਤਣ ਨਿੱਕਲਿਆ ਸੀ। ਚਾਰ ਚੁਫੇਰੇ ਚੀਕ ਚਿਹਾੜਾ, ਲੁੱਟ ਖਸੁੱਟ, ਬਰਬਾਦੀ ਦਾ ਮੰਜ਼ਰ ਦੇਖਿਆ। ਤਾਕੀਦ ਕੀਤੀ, “ਮੇਰੀ ਅਰਥੀ ਉਠਾਉਣ ਵੇਲੇ ਮੇਰੇ ਹੱਥ ਕੱਫ਼ਣ ਤੋਂ ਬਾਹਰ ਰੱਖਿਉ। ਲੋਕਾਂ ਨੂੰ ਪਤਾ ਲੱਗੇ, ਹੀਰੇ ਜਵਾਹਰਾਤ ਨਾਲ ਲਿਜਾਣ ਦੀ ਆਗਿਆ ਨਹੀਂ।” ‘ਦਿਮਾਗੀ’ ਤੇ ‘ਕਾਢੀ’ ਮਨੁੱਖ ਰੱਬ ਦਾ ਸ਼ਰੀਕ ਬਣਿਆ ਹੋਇਆ ਹੈ। ਚੁਰਾਸੀ ਲੱਖ ਜੂਨਾਂ ਵਿੱਚੋਂ ਇਕੱਲਾ ਪ੍ਰਾਣੀ ਏ, ਜੀਹਨੂੰ ਆਉਣ ਵਾਲੇ ਕੱਲ੍ਹ ਦਾ ਫਿਕਰ ਹੈ … ਜ਼ਰਬਾਂ ਤਕਸੀਮਾਂ ਦਿੰਦਾ ਹੈ, ਭਾਵੇਂ ਅਗਲੇ ਪਲ ਦਾ ਪਤਾ ਨੀ … ਹੋਣੀ ਕਿੱਥੇ ਤਾਕ ਲਗਾਕੇ ਖੜ੍ਹੀ ਹੈ। ਕੁਦਰਤ ’ਤੇ ਭਰੋਸਾ ਨਹੀਂ। ਮਾਸੂਮਾਂ, ਬੇਜ਼ੁਬਾਨਾਂ ਦੀ ਛੱਡੋ, ਆਪਣੇ ਲਾਣੇ ਵਾਲਿਆਂ ਨੂੰ ਵੀ ਕੀੜੇ ਮਕੌੜੇ ਹੀ ਸਮਝਦਾ ਹੈ। ਬ੍ਰਹਿਮੰਡ ਵਿੱਚ ‘ਸਰਦਾਰੀ’ ਚਾਹੀਦੀ ਹੈ। ਧਰਤੀ, ਪਾਣੀ ਅਤੇ ਆਬੋ-ਹਵਾ ’ਤੇ ਕਬਜ਼ਾ ਕਰਨਾ ਹੈ। ਤੇਲ ਦੇ ਖੂਹਾਂ ’ਤੇ ਅੱਖ ਹੈ। ਸਰਹੱਦਾਂ ਵਧਾਉਣ ਦਾ ਫਿਕਰ ਹੈ। ਹਥਿਆਰ ਹਜ਼ਾਰਾਂ ਮੀਲ ਦੂਰ ਮਾਰ ਕਰਦੇ ਨੇ। ਐਮਾਜ਼ੋਨ ਦੇ ਜੰਗਲ਼ ਜਲ ਰਹੇ ਨੇ। ਨਿਆਮਤਾਂ ਮਧੋਲ ਸੁੱਟੀਆਂ ਨੇ!
ਵਿਸ਼ਵ ਦੀ ਵੰਡ ਚਰਮ ਸੀਮਾ ’ਤੇ ਪਹੁੰਚ ਚੁੱਕੀ ਹੈ। ਹਜ਼ਾਰਾਂ ਟਨ ਅੰਨ ਦੀ ਬਰਬਾਦੀ, ਭੁੱਖਮਰੀ ’ਤੇ ਸਵਾਲ ਖੜ੍ਹੇ ਕਰਦੀ ਹੈ। ਵਿਰੋਧੀ ਨੂੰ ਠਿੱਬੀ ਲਾ ਕੇ ਤਬਾਹੀ ਦੀ ਤਸਵੀਰ ਹੁਣ ਰੂਹ ਨਹੀਂ ਕੰਬਾਉਂਦੀ। ਹਮਜਾਇਆਂ ਨੂੰ ਨੇਸਤੋ-ਨਬੂਦ ਕਰਨ ਵੇਲੇ ਜ਼ਮੀਰ ਲਾਹਨਤਾਂ ਨਹੀਂ ਪਾਉਂਦੀ। ਖ਼ਾਨਾ-ਬਦੋਸ਼ਾਂ ਦੀਆਂ ਆਹਾਂ, ਖੰਡਰ ਹੋਈਆਂ ਇਮਾਰਤਾਂ, ਵਿਲਕਦੇ ਬੱਚਿਆਂ ਦੀਆਂ ਚੀਕਾਂ ਸੁਣਕੇ ਵੀ ਮਨ ਨੂੰ ਡੋਬੂ ਨਹੀਂ ਪੈਂਦੇ। ਆਪਣੇ ਧਾਰਮਿਕ ਅਕੀਦੇ ਵਿੱਚ ਫ਼ਖ਼ਰ ਮਹਿਸੂਸ ਕਰਦੇ ਹਾਂ। ਭੁੱਲ ਜਾਂਦੇ ਹਾਂ ਕਿ ਲਹੂ ਦਾ ਰੰਗ ਲਾਲ ਹੀ ਹੁੰਦਾ ਹੈ। ਸੱਤ ਪੁਸ਼ਤਾਂ ਦਾ ਜੁਗਾੜ ਜੁ ਕਰਨਾ ਹੈ। ਜਿਨ੍ਹਾਂ ਨੂੰ ਘਟੀਆ ਸਮਝ ਕੇ ਦੁਰਕਾਰਦੇ ਹਾਂ, ਕਦੇ ਉਨ੍ਹਾਂ ਜਿੰਨੀ ਵਫ਼ਾ ਦਿਖਾਈ ਹੈ? ਸਿਰਫ਼ ਦੋ ਬੁਰਕੀਆਂ ਖਾ ਕੇ ਵੀ ਉਹ ਮਾਲਕ ਦੇ ਸ਼ੁਕਰ-ਗੁਜ਼ਾਰ ਨੇ। ਬਾਬਾ ਬੁੱਲੇ ਸ਼ਾਹ ਦਾ ਕਲਾਮ ਸਾਖਸ਼ਾਤ ਗਵਾਹੀ ਭਰਦਾ ਹੈ:
ਰਾਤੀਂ ਜਾਗੇਂ ਕਰੇਂ ਇਬਾਦਤ, ਰਾਤ ਨੂੰ ਜਾਗਣ ਕੁੱਤੇ, ਤੈਥੋਂ ਉੱਤੇ
… … …
ਖਸਮ ਆਪਣੇ ਦਾ ਦਰ ਨਾ ਛੱਡਦੇ, ਭਾਵੇਂ ਮਾਰੇ ਸੌ ਸੌ ਜੁੱਤੇ, ਤੈਥੋਂ ਉੱਤੇ
ਬੁੱਲੇ ਸ਼ਾਹ ਉੱਠ ਯਾਰ ਮਨਾ ਲੈ, ਨਹੀਂ ਤਾਂ ਬਾਜ਼ੀ ਲੈ ਗਏ ਕੁੱਤੇ, ਤੈਥੋਂ ਉੱਤੇ।
ਫਿਰ ਮਨੁੱਖਾ ਜਨਮ ਸਰਵੋਤਮ ਕਿਵੇਂ ਹੋਇਆ? ਟੈਲੀ ਫਿਲਮ ‘ਤ੍ਰਿਸ਼ਗਨੀ’ ਦੀ ਬਾਤ ਸੁਣਾਉਂਦਾ ਹਾਂ: ਦੋ ਬੋਧੀ ਭਿਖਸ਼ੂ ਰੇਗਿਸਤਾਨ ਵਿੱਚ ਭਗਤੀ ਵਿੱਚ ਲੀਨ ... ਅਚਾਨਕ ਹਵਾ ਬੰਦ ਹੋਈ। ਇਕਾਗਰਤਾ ਭੰਗ ਹੋ ਗਈ। ਇੱਕ ਨੇ ਰੇਤੇ ਦੀ ਮੁੱਠੀ ਭਰੀ, ਹਵਾ ਵਿੱਚ ਉਛਾਲੀ ਅਤੇ ਕਿਆਸਿਆ, “ਤੂਫ਼ਾਨ ਆਉਣ ਵਾਲੈ … ਮੱਠ ਦੇ ਕਿਵਾੜ ਬੰਦ ਹੋ ਜਾਣਗੇ, ਇਸ ਲਈ ਹੋਰ ਭੋਜਨ ਜਮ੍ਹਾਂ ਕਰ ਲਈਏ।” ਬੱਸ ਇੱਥੋਂ ਹੀ ਬੇਚੈਨੀ ਉੱਠਦੀ ਹੈ। ਸਾਰੇ ਦੁੱਖਾਂ ਦੀ ਜੜ੍ਹ ਅਭਿਲਾਸ਼ਾ ਹੈ। ਪ੍ਰਕਿਰਤੀ ਤੋਂ ਵਿਸ਼ਵਾਸ ਉੱਠਦਾ ਹੈ। ਇਹੀ ਲਕੀਰ ਮਨੁੱਖਾਂ ਅਤੇ ਪਰਿੰਦਿਆਂ ਨੂੰ ਵੱਖ ਕਰਦੀ ਹੈ। ਉਹ ‘ਅੱਜ’ ਨੂੰ ਲੈ ਕੇ ਅਹਿਸਾਨਮੰਦ ਨੇ ਅਤੇ ਅਸੀਂ ‘ਕੱਲ੍ਹ’ ਨੂੰ ਲੈ ਕੇ ਅਹਿਸਾਨ ਫਰਾਮੋਸ਼!
ਪੰਛੀ ਅਤੇ ਦਰਵੇਸ਼ ਕੁਦਰਤ ਦੇ ਨੇੜੇ ਹੁੰਦੇ ਨੇ। ਇਸੇ ਲਈ ਕੁਦਰਤ ਨਾਲ ਇੱਕ ਮਿੱਕ ਨੇ, ਕੁਦਰਤ ਵਿੱਚ ਅਭੇਦ ਨੇ … ਦੁਨਿਆਵੀ ਝੰਜਟਾਂ ਤੋਂ ਦੂਰ। ਹੱਦਾਂ ਵਿੱਚ ਬੱਝੇ ਹੋਏ ਨਹੀਂ … ਮੁਲਕਾਂ ਮਹਾਂਦੀਪਾਂ ਦੀਆਂ ਚਾਰ ਦੀਵਾਰੀਆਂ ਦੇ ਮੁਹਤਾਜ ਨਹੀਂ। ਕਈ ਵਾਰ ਇਨਸਾਨ ਵੀ ਪਰਿੰਦਾ ਬਣਨਾ ਲੋਚਦਾ ਹੈ। ਵਲਗਣਾਂ ਉਸ ਨੂੰ ਪੋਂਹਦੀਆਂ ਨਹੀਂ। ਖੁੱਲ੍ਹੀ ਹਵਾ ਵਿੱਚ ਉਡਾਰੀਆਂ ਜੰਨਤ ਦੀ ਨਿਆਈਂ ਲੱਗਦੀਆਂ ਨੇ। ਨਾ ਕੋਈ ਪਾਸਪੋਰਟ, ਨਾ ਕਿਸੇ ਦੀ ਇਜਾਜ਼ਤ ਲੋੜ!
ਬਿਨਾਂ ਵੀਜ਼ੇ ਜਾਂਦੇ ਨੇ ਲਾਹੌਰ ਓਏ ਹਮੀਦਿਆ,
ਸਾਡੇ ਨਾਲ਼ੋਂ ਚੰਗੇ ਨੇ ਜਨੌਰ ਓਏ ਹਮੀਦਿਆ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4845)
(ਸਰੋਕਾਰ ਨਾਲ ਸੰਪਰਕ ਲਈ: (