“ਦੁਨੀਆਂ ਦੋਸਤਾਂ ਅਤੇ ਦੁਸ਼ਮਣਾਂ ਦੇ ਧੜਿਆਂ ਵਿੱਚ ਲਕੀਰ ਖਿੱਚੀ ਬੈਠੀ ਹੈ। ਆਪਣੇ ਹਿਤਾਂ ਦਾ ਖਿਆਲ ...”
(8 ਜੂਨ 2023)
ਇਸ ਸਮੇਂ ਪਾਠਕ: 143.
ਦੋਸਤ ਘਣਾਂ ਪ੍ਰਛਾਵਾਂ ਹੁੰਦੇ ਨੇ … ਖਰਾ ਸੋਨਾ ... ਤੂਤ ਦਾ ਮੋਛਾ। ਬਿਗਾਨਿਆਂ ਕਲਬੂਤਾਂ ਤੋਂ ਜਨਮੇ, ਰੂਹਾਂ ਦੇ ਰਿਸ਼ਤੇ ਬਣਦੇ ਨੇ ਇਹ ਨਗੀਨੇ। ਟਣਕਦੇ ਸਿੱਕਿਆਂ ਦੀ ਟੁਣਕਾਰ, ਕੋਝੀਆਂ ਚਾਲਾਂ ਦੀ ਦੁਰਕਾਰ, ਝੂਠ ਦੇ ਲਾਰਿਆਂ ਦੀ ਭਰਮਾਰ ਤੋਂ ਨਿਰਲੇਪ ਹੁੰਦਾ ਹੈ ਇਹ ਨਾਤਾ। ਵਲ ਛਲ ਤੋਂ ਕੋਹਾਂ ਦੂਰ, ਈਰਖਾ ਸਾੜਿਆਂ ਤੋਂ ਪਰ, ਸ਼ਾਹ ਰਗ ਦਾ ਨੇੜਲਾ ਸਾਕ ਹੁੰਦੀ ਹੈ ਦੋਸਤੀ। ਮਨ ਦੀਆਂ ਨਿਵਾਣਾਂ, ਡੁੰਘਾਈਆਂ ਵਿੱਚੋਂ ਚਾਨਣ ਦੀ ਲੀਕ ਦਿਖਾਈ ਦਿੰਦੀ ਹੈ, ਜਦੋਂ ਕੋਈ ‘ਆਪਣਾ’ ਨਜ਼ਰੀਂ ਪੈਂਦਾ ਹੈ, “ਮੈਂ ਹੈਗਾ ਨਾ।” ਦਿਲ ਦੇ ਗੁੱਝੇ ਭੇਦ, ਰਹੱਸਮਈ ਕਿੱਸੇ ਜਿਵੇਂ ਵਲਗਣਾਂ ਉਲੰਘ ਕੇ ਬਾਹਰ ਆਉਣਾ ਲੋਚਦੇ ਹੋਣ। ਜੋ ਅ-ਕਹਿ ਹੁੰਦਾ ਹੈ, ਉਹ ਕਹਿ ਹੋ ਜਾਂਦਾ ਹੈ। ਬੋਝਲ ਹੋਏ ਮਨ ’ਤੇ ਜਿਵੇਂ ਤਪਦੇ ਮਾਰੂਥਲ ਦੀ ਨਿਆਈਂ ਮੀਂਹ ਦਾ ਛਰਾਟਾ ਵੱਜਿਆ ਹੋਵੇ। ਇੱਕ ਸ਼ਾਂਤ, ਸਹਿਜ ਮਨ ਸਾਗਰ ਦੇ ਕਿਨਾਰੇ ਬੈਠਾ ਘੋਗੇ ਸਿੱਪੀਆਂ ਨਾਲ ਖੇਡਣ ਲੱਗ ਜਾਂਦਾ ਹੈ ... ਕਿਆਸੀਆਂ ਅਣਹੋਈਆਂ ਤੋਂ ਮੀਲਾਂ ਦੂਰ।
ਕਦੇ ਮੱਛੀ ਨੂੰ ਪਾਣੀ ਤੋਂ ਜੁਦਾ ਕਰ ਸਕਦੇ ਹਾਂ? ਵਿਛੋੜਾ ਮੌਤ ਬਣ ਬਹੁੜੇਗਾ। ਚਕੋਰ ਖੁਸ਼ੀ ਵਿੱਚ ਖੀਵਾ ਹੋਇਆ, ਚੰਦਰਮਾ ਨੂੰ ਪਾਉਣ ਲਈ ਵਿਆਕੁਲ ਹੈ। ਸੱਚੀ ਦੋਸਤੀ ਪਰਵਰਦਿਗਾਰ ਦੀ ਅਮੁੱਲੀ ਦਾਤ ਹੈ। ਆਪਾ ਭਾਵ ਮਿਟ ਜਾਂਦਾ ਹੈ। ਖ਼ੂਨ ਦੇ ਰਿਸ਼ਤੇ ਫਿੱਕੇ ਪੈ ਜਾਂਦੇ ਨੇ, ਜਿੱਥੇ ਦਿਲਜਾਨੀ ਦਾ ਵਾਸਾ ਹੋ ਜਾਵੇ। ਮਨ ਦੇ ਉਛਾਲ, ਮਨ ਦੀਆਂ ਉਮੰਗਾਂ ਦੋਸਤ ਦੀ ਝੋਲੀ ਜਾ ਡਿਗਦੀਆਂ ਨੇ। ਗ਼ਮਾਂ ਦੀ ਥਾਹ ਪੈਂਦੀ ਆ। ਰੂਹ ਦੇ ਹਾਣੀ ਦੀ ਉਪਸਥਿਤੀ ਵਿੱਚ ਸਭ ਚੰਗਾ ਚੰਗਾ ਲੱਗਦਾ ਹੈ। ਝੋਰਿਆਂ ਦੀਆਂ ਪੀਡੀਆਂ ਗੰਢਾਂ ਖੁੱਲ੍ਹ ਜਾਂਦੀਆਂ ਨੇ। ਮਨ ਅਸਮਾਨੀ ਉਡਾਰੀਆਂ ਮਾਰਦਾ ਹੈ। ਦਾਮਨ ਵਿੱਚ ਪੀਂਘ ਦੇ ਸੱਤੇ ਰੰਗ ਆ ਹਿੱਕ ਨਾਲ ਲੱਗਦੇ ਨੇ। ਮਿਲਣ ਦੀ ਤਾਂਘ ਪ੍ਰਬਲ ਹੋ ਜਾਂਦੀ ਹੈ ... ਯਾਰ ਦਸਤਕ ਤਾਂ ਦੇਵੇ! ਪ੍ਰਬੁੱਧ ਸ਼ਾਇਰ ਪ੍ਰਦੀਪ ਸਫੀ ਦੋਸਤੀ ਦਾ ਅਨੁਸਰਣ ਕਰਦਾ ਹੈ:
ਕ੍ਰਿਸ਼ਨ ਕਦੋਂ ਪਰਤਣ ਦਿੰਦਾ
ਦੋਸਤੀਆਂ
ਦਰਵਾਜ਼ੇ ਤੋਂ …
ਕੋਈ
ਸੁਦਾਮਾ ਤਾਂ ਆਵੇ।
ਕਹਿੰਦੇ ਨੇ, ਦੋਸਤੀ ਇਮਤਿਹਾਨ ਵੀ ਲੈਂਦੀ ਹੈ। ਗ਼ਮ ਦੇ ਪਲ ਅਹਿਸਾਸ ਕਰਾਉਂਦੇ ਨੇ ਕਿ ਮਿੱਤਰਤਾ ਦੀ ਜੜ੍ਹ ਕਿੰਨੀ ਕੁ ਡੂੰਘੀ ਹੈ। ਪਰਖ ਦੀ ਘੜੀ ਕਿਰਦਾਰ ਨੂੰ ਨੰਗਿਆਂ ਕਰ ਦਿੰਦੀ ਹੈ। ਭਰਮ ਭੁਲੇਖੇ ਸ਼ੀਸ਼ੇ ਸਾਹਵੇਂ ਖੜ੍ਹ ਕੇ ਦੂਰ ਹੋ ਜਾਂਦੇ ਨੇ। ਖਿੜੀ ਬਸੰਤ ਵਿੱਚ ਨੇੜੇ ਢੁਕ ਕੇ ਬੈਠਣ ਵਾਲੇ ਪਤਝੜ ਆਉਂਦੀ ਦੇਖ ਕਿਧਰੇ ਅਲੋਪ ਹੋ ਜਾਣ ਨੂੰ ਸਿਆਣਪ ਸਮਝਦੇ ਨੇ। ਸੁੱਖਾਂ ਦੇ ਸਾਥੀ ਗਿਣਤੀਆਂ ਮਿਣਤੀਆਂ ਦਾ ਸਹਾਰਾ ਲੈਂਦੇ ਨੇ। ਬੜੇ ਡੂੰਘੇ ਅਰਥ ਹੁੰਦੇ ਨੇ, ਘਾਟੇ ਵਾਲੇ ਸੌਦੇ ਦੇ ... ਹਰ ਇੱਕ ਨੂੰ ਵਾਰਾ ਨਹੀਂ ਖਾਂਦੇ। ਬਿਗਾਨਿਆਂ ਤੋਂ ਬੋਚ ਬੋਚ ਕਦਮ ਰੱਖਣ ਵਾਲੇ ਕਈ ਵਾਰ ਆਪਣਿਆਂ ਹੱਥੋਂ ਹਾਰ ਜਾਂਦੇ ਨੇ, ਕਿਉਂਕਿ ਆਸਥਾ ਦਾ ਘਾਣ ਹੁੰਦਾ ਦੇਖਣ ਦੀ ਤਵੱਕੋ ਨਹੀਂ ਚਿਤਵੀ ਹੁੰਦੀ:
ਦੁਸ਼ਮਣਾਂ ਦੀ ਦੁਸ਼ਮਣੀ ਤੋਂ ਬਚ ਗਿਆ
ਦੋਸਤਾਂ ਦੀ ਦੋਸਤੀ ਨੇ ਮਾਰਿਆ।
ਵਿਸ਼ਵ ਪ੍ਰਸਿੱਧ ਚਿੰਤਕ ਅਤੇ ਲੇਖਕ ਕਾਮੂ ਲਿਖਦਾ ਹੈ, “ਮੇਰੇ ਚਾਰੇ ਪਾਸੇ ਲੋਕਾਂ ਦੀ ਭੀੜ ਹੈ; ਪ੍ਰਸ਼ੰਸਕਾਂ ਦੀ ਕਮੀ ਨਹੀਂ। ਪਰ ਆਪਣੇ ਕਹਿ ਸਕਾਂ, ਅਜਿਹੇ ਦੋ ਚਾਰ ਲੋਕ ਵੀ ਨਹੀਂ।” ਦੁਨੀਆਂ ਦੀ ਇਸ ਭੀੜ ਵਿੱਚ ‘ਆਪਣਿਆਂ’ ਦੀ ਅਣਹੋਂਦ ਮਨੁੱਖ ਨੂੰ ਅਲੱਗ ਥਲੱਗ ਕਰ ਦਿੰਦੀ ਹੈ। ਭਰੇ ਪਰਿਵਾਰ ਵਿੱਚ ਉਹ ਇਕੱਲਾ ਰਹਿ ਜਾਂਦਾ। ਸੂਫ਼ੀ ਫ਼ਕੀਰ ਮਨਸੂਰ ਅਲ ਹਲਾਜ ਨੇ ਅਨ-ਅਲ-ਹੱਕ ਕਿਹਾ ਸੀ- “ਮੈਂ ਹੀ ਖ਼ੁਦਾ ਹਾਂ।” ਬਗਦਾਦ ਦੇ ਖ਼ਲੀਫ਼ੇ ਨੂੰ ਕਾਫ਼ਰਪੁਣੇ ਦੀ ਬੋ ਆਈ। ਸੂਲੀ ਚਾੜ੍ਹਨ ਤੋਂ ਪਹਿਲਾਂ ਚੁਰਸਤੇ ਵਿੱਚ ਖੜ੍ਹਾ ਕਰ ਕੇ ਪੱਥਰ ਮਾਰਨ ਦਾ ਫਰਮਾਨ ਜਾਰੀ ਕੀਤਾ। ਰਾਹਗੀਰ ਪੱਥਰ ਮਾਰਦੇ ਰਹੇ; ਅੱਖ ਸੁੱਕੀ ਰਹੀ। ਅਜ਼ੀਜ਼ ਦੋਸਤ ਸ਼ਿਬਲੀ ਵੀ ਉੱਧਰੋਂ ਲੰਘਿਆ। ਮਨਸੂਰ ਨੂੰ ਪੱਥਰ ਦੀ ਥਾਂ ਫੁੱਲ ਮਾਰਿਆ, ਮਤੇ ਯਾਰ ਨੂੰ ਚੋਟ ਲੱਗੇ! ਜੇ ਪੱਥਰ ਮਾਰਦਾ ਤਾਂ ‘ਖ਼ੁਦਾ’ ਦੇ ਵੱਜਣਾ ਸੀ; ਨਾ ਮਾਰਦਾ ਤਾਂ ਖ਼ਲੀਫ਼ੇ ਨੇ ਤਸੀਹੇ ਦੇਣੇ ਸੀ। ਮਨਸੂਰ ਦੀ ਰੂਹ ਕੰਬ ਉੱਠੀ। ਦੋਸਤ ਸਚਾਈ ਤੋਂ ਮੁੱਖ ਮੋੜ ਗਿਆ ਸੀ:
ਸੱਜਣਾ ਨੇ ਫੁੱਲ ਮਾਰਿਆ, ਸਾਡੀ ਰੂਹ ਅੰਬਰਾਂ ਤਕ ਰੋਈ
ਲੋਕਾਂ ਦਿਆਂ ਵੱਟਿਆਂ ਦੀ ਸਾਨੂੰ, ਪੀੜ ਰਤਾ ਨਾ ਹੋਈ।
ਸੂਖਮ ਰਿਸ਼ਤਾ ਜੁ ਸੀ। ਅੱਜ ਤੋਂ ਠੀਕ 1100 ਵਰ੍ਹੇ ਪਹਿਲਾਂ, 26 ਮਾਰਚ 922 ਈ. ਨੂੰ ਮਨਸੂਰ ਨੇ ਖ਼ਲਕਤ ਨੂੰ ਅਲਵਿਦਾ ਕਹਿ ਦਿੱਤਾ ਸੀ। ਦੋਸਤ ਦੀ ਸੋਚਣੀ ਵਿੱਚ ਡੱਬ ਪੈ ਗਿਆ ਸੀ।
ਅਜੋਕੇ ਯੁਗ ਵਿੱਚ ਦੋਸਤਾਂ ਦੀ ‘ਭਰਮਾਰ’ ਹੈ, ਤੋਟ ਨਹੀਂ। ਉੱਚੀਆਂ ਕਲਗੀਆਂ ਵਾਲੇ ਲੋਕ ਸਭ ਦੇ ‘ਦੋਸਤ’ ਹੁੰਦੇ ਨੇ। ਮਾੜੇ ਅਤੇ ਲਿੱਸੇ ਆਦਮੀ ਨਾਲ ਕਿਸੇ ਦਾ ਕੋਈ ਰਿਸ਼ਤਾ ਨਹੀਂ ਹੁੰਦਾ ਕਿਉਂਕਿ ਪਾਏਦਾਨ ਉੱਚੇ ਨੀਵੇਂ ਹੁੰਦੇ ਨੇ। ਬੜਾ ਹੁੱਬ ਕੇ ਦੱਸਦੇ ਹਾਂ ਕਿ ਉਹ ਰੱਜਿਆ ਪੁੱਜਿਆ, ਮੇਰਾ ‘ਖ਼ਾਸ’ ਹੈ। ਪਰ ਸਿਆਣੇ ਕਹਿੰਦੇ ਨੇ ਕਿ ਤੁਹਾਡੀ ਦਰਦ ਭਿੰਨੀ ਆਵਾਜ਼ ਨੂੰ ਕੋਈ ਨੀਵਾਂ ਹੀ ਸੁਣਦੈ; ਇਨ੍ਹਾਂ ‘ਸਰਦਾਰ’ ਲੋਕਾਂ ਕੋਲ ਫਜ਼ੂਲ ਜਿਹੀਆਂ ਚੀਜ਼ਾਂ ਵਾਸਤੇ ਵਿਹਲ ਕਿੱਥੇ? ਫਾਸਟ ਟ੍ਰੈਕ ਦੇ ਇਸ ਜ਼ਮਾਨੇ ਵਿੱਚ ਹਜ਼ਾਰਾਂ ‘ਫੇਸ ਬੁੱਕੀ ਫਰੈਂਡ’ ਤੁਹਾਨੂੰ ਨੇੜਲੇਪਣ ਦੇ ਭੁਚੱਕੇ ਪਾਉਂਦੇ ਨੇ। ਮਿੱਟੀ ਦਾ ਪੁਤਲਾ ਮਦਹੋਸ਼ ਹੋਇਆ ਰਹਿੰਦੈ ਕਿ ਦੁਨੀਆਂ ਮੇਰੀ ਮੁੱਠੀ ਵਿੱਚ ਹੈ। ਚੰਗੇ ਚੰਗੇ ਪ੍ਰਵਚਨ ਸੁਣਾਉਣ ਵਾਲੇ ਅਕਸਰ ਬੌਣੇ ਬਣੇ ਦੇਖੇ ਨੇ। ਮਨ ਨੂੰ ਠੇਸ ਪਹੁੰਚਦੀ ਹੈ, ਜਦੋਂ ਰੌਸ਼ਨੀ ਹੋਣ ’ਤੇ ਹਨੇਰੇ ਦਾ ਮੁਲੰਮਾ ਉੱਤਰ ਜਾਂਦਾ ਹੈ। ਭਵਿੱਖ ਦੀ ਸਰਦਲ ਤੇ ਇਕੱਲੀ ਖੜ੍ਹੀ ਮੂਰਤ ਆਪਣੇ ਆਪ ਨਾਲ ਗੱਲਾਂ ਕਰਦੀ ਹੈ ਕਿ ਦੁਨੀਆਂ ਚੱਲਣਹਾਰ ਐ!
ਮਜ਼੍ਹਬੀ ਵਰਤਾਰੇ ਵਾਲੇ ਆਪਣੇ ਕਬੀਲੇ ਦੇ ਲੋਕ ਵੀ ‘ਆਪਣੇ’ ਨਹੀਂ ਹੁੰਦੇ। ਮੁਕੱਦਸ ਪੋਥੀਆਂ ਦੀਆਂ ਬਾਤਾਂ ਸੁਣਾਉਣ ਵਾਲੇ ਇਹ ਭੱਦਰਪੁਰਸ਼ ਅਕਸਰ ਅਦਬ ਤੋਂ ਸੱਖਣੇ ਹੁੰਦੇ ਹਨ। ਜ਼ਿੰਦਗੀ ਦੇ ਬਿੱਖੜੇ ਪੈਂਡਿਆਂ ਦੇ ਆਪੂੰ ਬਣੇ ਮਾਰਗ ਦਰਸ਼ਕ ਤੁਹਾਨੂੰ ਕੰਡਿਆਲ਼ੀਆਂ ਥਾਂਵਾਂ ’ਤੇ ਛੱਡ ਕੇ ਕਿਧਰੇ ਦੂਰ ਨਜ਼ਰੀਂ ਪੈਣਗੇ। ਇੱਕ ਕਿੱਸਾ ਯਾਦ ਆਇਆ: ਕਿਸੇ ਦੂਸਰੇ ਸੂਬੇ ਵਿੱਚ ਕੁਝ ਸਮਾਂ ਨੌਕਰੀ ਕਰਨੀ ਪਈ। ਫ਼ਿਰਕੂ ਰੰਗਤ ਵਾਲਾ ਸ਼ਹਿਰ ਸੀ। ਕਦਮ ਕਦਮ ’ਤੇ ਧਾਰਮਿਕ ਬਖੇੜਾ। ਓਪਰੀ ਧਰਤੀ ’ਤੇ ‘ਆਪਣਿਆਂ’ ਦੀ ਯਾਦ ਆਈ। ਸੋਚਿਆ, ‘ਦੋਸਤਾਂ’ ਦੇ ਮਹੱਲੇ ਵਿੱਚ ਠਹਿਰਾਅ ਸੁਖੱਲਾ ਰਹੇਗਾ। ਪਰ ਗਿਆਨੀ ਜੀ ਨੇ ਪਰਦਾ ਹਟਾ ਦਿੱਤਾ, “ਇੱਥੇ ਸਭ ਵਪਾਰੀ ਨੇ। ਕੋਈ ਭਾਣਾ ਵਾਪਰ ਗਿਆ ਤਾਂ ਬੂਹੇ ਢੋਏ ਮਿਲਣਗੇ। ਸੋ ਸਾਰਿਆਂ ਨੂੰ ਹੀ ‘ਦੋਸਤ’ ਸਮਝੋ।” ਲੱਖ ਟਕੇ ਦੀ ਗੱਲ ਸੀ।
ਦੁਨੀਆਂ ਦੋਸਤਾਂ ਅਤੇ ਦੁਸ਼ਮਣਾਂ ਦੇ ਧੜਿਆਂ ਵਿੱਚ ਲਕੀਰ ਖਿੱਚੀ ਬੈਠੀ ਹੈ। ਆਪਣੇ ਹਿਤਾਂ ਦਾ ਖਿਆਲ ਅਗੇਰੇ ਰਹਿੰਦਾ ਹੈ। ਟੀਰੀ ਅੱਖ ਕੁਦਰਤੀ ਖ਼ਜ਼ਾਨਿਆਂ ’ਤੇ ਹੈ। ਯੂਕਰੇਨ ਨੂੰ ਨਾਟੋ ਦੀ ਦੋਸਤੀ ਭਾਰੀ ਪੈ ਰਹੀ ਹੈ। ਆਪਣਿਆਂ ਨੇ ਬਲਦੀ ਅੱਗ ਵਿੱਚ ਸੁੱਟਿਆ ਹੈ। ਸੁਪਰ ਪਾਵਰਾਂ ਦੀ ਦੋਸਤੀ ਮੰਡੀ ਅਤੇ ਹਥਿਆਰਾਂ ਦੀ ਖੇਡ ਤਕ ਸੀਮਿਤ ਹੈ।
ਸੋ ਦੁਲਾਰੇ ਮਿੱਤਰ! ਆਪਣੀ ਦੋਸਤੀ ਪਾਕ ਪਵਿੱਤਰ ਰੱਖੀਂ। ਰੂਹ ਤੋਂ ਰੂਹ ਦਾ ਰਿਸ਼ਤਾ ਹੋਵੇ। ਸੂਖਮ ਸਾਹਾਂ ਦੀ ਆਵਾਜ਼ ਸੁਣਾਈ ਦਿੰਦੀ ਰਹੇ। ਦੂਰੀ ਇੰਨੀ ਨਾ ਹੋਵੇ ਕਿ ਦਰਵਾਜ਼ੇ ’ਤੇ ਵੀ ਦਸਤਕ ਦੇਣੀ ਪਵੇ। ਅਸਮਾਨ ਜਿੱਡਾ ਜੇਰਾ ਰੱਖ। ਬੇਝਿਜਕ, ਨਫ਼ੇ ਨੁਕਸਾਨ ਦੀ ਸੋਚ ਤੋਂ ਦੂਰ ਖੁੱਲ੍ਹੀਆਂ ਬਾਹਾਂ ਨਾਲ ਆ ਕੇ ਮਿਲ਼ੀਂ, ਦੁਆਰ ਮੋਕਲੇ ਮਿਲਣਗੇ। ਕ੍ਰਿਸ਼ਨ ਸੁਦਾਮੇ ਨੂੰ ਯਾਦਾਂ ਦੀ ਬੁੱਕਲ਼ ਵਿੱਚ ਬਿਠਾਈ ਰੱਖੀਂ। ਕਹਿੰਦੇ ਨੇ, ਹੱਥ ਅਤੇ ਅੱਖ ਦੀ ਡੂੰਘੀ ਮੁਹੱਬਤ ਹੁੰਦੀ ਹੈ। ਜੇ ਹੱਥ ਜ਼ਖ਼ਮੀ ਹੁੰਦਾ, ਤਾਂ ਅੱਖ ਭਰ ਆਉਂਦੀ ਹੈ ਤੇ ਜਦੋਂ ਅੱਖ ਕੁਰਲਾਉਂਦੀ ਐ, ਤਾਂ ਹੰਝੂ ਹੱਥ ਹੀ ਪੂੰਝਦਾ। ਮਨ ਮੰਦਰ ਵਿੱਚ ਵਿਚਾਰਾਂ ਦੀ ਸ਼ੁੱਧਤਾ ਹੀ ਦੋਸਤੀ ਦਾ ਮੂਲ ਹੈ। ਸੁੱਚਤਾ, ਸੰਜਮਤਾ, ਸਹਿਜਤਾ ਦੇ ਫ਼ਲ ਕਿਸੇ ਸਕੇ ਸੋਧਰੇ ਦੀ ਫੁਲਵਾੜੀ ਵਿੱਚ ਹੀ ਮਿਲਦੇ ਨੇ। ਸ਼ੰਕਾਵਾਂ ਮਿੱਤਰਤਾ ਨੂੰ ਕਮਜ਼ੋਰ ਕਰਦੀਆਂ ਨੇ। ਸੋਹਣੇ ਸੱਜਣਾ ਸਿਸ਼ਟਾਚਾਰ ਤੇ ਲੋਕਾਚਾਰ ਦੀਆਂ ਬੇੜੀਆਂ ਪੈਰਾਂ ਦੇ ਬੰਧਨ ਬਣਦੇ ਨੇ। ਆ ਜਾਹ, ਪੰਛੀਆਂ ਵਾਂਗ ਉਡਾਰੀ ਭਰੀਏ:
ਮੇਰੇ ਦਿਲ ਵਿੱਚ ਤੇਰਾ ਘਰ ਹੋਵੇ
ਕਦੇ ਆਇਆ ਕਰ, ਕਦੇ ਜਾਇਆ ਕਰ।
ਦਿਲਾਂ ਦੇ ਰਿਸ਼ਤੇ ਸਵੱਛ ਹੁੰਦੇ ਨੇ, ਕੁਦਰਤੀ ਵਹਿੰਦੇ ਝਰਨਿਆਂ ਵਾਂਗ ... ਨਿਰਮਲ, ਸ਼ੀਤਲ, ਪਾਰਦਰਸ਼ੀ। ਖੋਟ, ਗੰਧਲ਼ੇਪਣ ਤੋਂ ਕਿਤੇ ਦੂਰ! ਦੋਸਤੀ ਦਾ ਸਿਰਨਾਵਾਂ ਹਿਰਦੇ ਵਿੱਚ ਉੁਕਰਿਆ ਹੋਣਾ ਚਾਹੀਦਾ ਹੈ। ਸ਼ਾਇਰ ਬੂਟਾ ਸਿੰਘ ਚੌਹਾਨ ਨੇ ਇਸੇ ਮੁਹੱਬਤ ਦੀ ਬਾਤ ਪਾਈ ਐ:
ਬਿਨਾਂ ਬੂਹਿਆਂ ਤੋਂ ਹੈ ਘਰ ਜ਼ਿੰਦਗੀ ਦਾ
ਹਵਾ ਵਾਂਗ ਲੋਕਾਂ ਦਾ ਆਉਣਾ ਤੇ ਜਾਣਾ
ਸੁਗੰਧਾਂ ਜਿਹੇ ਲੋਕ ਰਹਿੰਦੇ ਨੇ ਚਿਰ ਤੱਕ
ਹਵਾਵਾਂ ਦਾ ਹੁੰਦਾ ਨਾ ਕੋਈ ਟਿਕਾਣਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4018)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)