JagjitSLohatbaddi7ਭਵਿੱਖੀ ਵਾਰਸਾਂ ਨੂੰ ਖੁੱਲ੍ਹਾ ਅੰਬਰ ਦੇਣਾ ਸਾਡਾ ਨੈਤਿਕ ਫ਼ਰਜ਼ ਬਣਦਾ ਹੈ। ਥੋੜ੍ਹੀ ਜਿਹੀ ਸੋਝੀ ...
(10 ਅਪ੍ਰੈਲ 2023)
ਇਸ ਸਮੇਂ ਪਾਠਕ; 550.


ਤੋਤਲੀਆਂ ਜ਼ੁਬਾਨਾਂ ਪਾਵਨ ਪ੍ਰੀਤ ਦਾ ਅਟੁੱਟ ਬੰਧਨ ਹੁੰਦੀਆਂ ਹਨ
ਕੋਮਲ ਰੂਹਾਂ … ਕੋਰੀਆਂ ਸਲੇਟਾਂ … ´ਨ੍ਹੇਰਿਆਂ ਵਿੱਚ ਟਿਮਟਿਮਾਉਂਦੇ ਜੁਗਨੂੰ … …ਮਾਸੂਮੀਅਤ ਦੀ ਕੋਈ ਭਾਸ਼ਾ ਨਹੀਂ ਹੁੰਦੀਕਿਲਕਾਰੀ ਧੁਰ ਅੰਦਰਲੀ ਹੂਕ ਹੁੰਦੀ ਹੈ … ਕਿਸੇ ਅੰਬਰ ਤੋਂ ਆਇਆ ਦਰਗਾਹੀ ਪਰਵਾਨਾਬੁੱਲ੍ਹ ਪੱਤੀਆਂ ਫਰਕਦੀਆਂ ਨੇਬਾਹਰਲੀ ਦੁਨੀਆਂ ਨੂੰ ਥਾਹ ਨਹੀਂ ਪੈਂਦੀਪਰ ਮਾਪੇ ਕਿਸੇ ਵਜੂਦ ਵਿੱਚ ਕੀਲੇ ਜਾਂਦੇ ਹਨਪਹਿਲੀ ਹੂੰਗਰ ਨਾਲ ਹੀ ਜੱਗ ਵਿੱਚ ਸੀਰ ਪੈ ਜਾਂਦਾ ਹੈਵਿਸਮਾਦੀ ਸੁਰਾਂ ਦੀ ਧੁੰਨ ਸੁਣਾਈ ਦਿੰਦੀ ਹੈਹੱਥ ਪਰਵਰਦਿਗਾਰ ਦੇ ਸ਼ੁਕਰਾਨੇ ਵਿੱਚ ਜੁੜ ਜਾਂਦੇ ਨੇਮਨ ਆਕਾਸ਼ੀਂ ਉਡਾਰੀਆਂ ਮਾਰਦਾ ਹੈ ਤੇ ਜੜ੍ਹਾਂ ਡੂੰਘੇ ਪਾਤਾਲੀਂ ਲੱਗੀਆਂ ਜਾਪਦੀਆਂ ਨੇਮੁੱਲਵਾਨ ਸ਼ਬਦ ਨੇ:

ਪੁੱਤਰਾਂ ਦਾ ਜੰਮਣਾ ਵੇ ਰਾਜਾ, ਨੂੰਹਾਂ ਦਾ ਆਵਣਾ
ਇੰਦਰ ਦੀ ਵਰਖਾ ਵੇ ਰਾਜਾ
, ਨਿੱਤ ਨਹੀਉਂ ਹੋਂਵਦੇ

ਬੱਚੇ ਅਮੁੱਲਾ ਵਰਦਾਨ ਹਨ ਕੁਦਰਤ ਦਾਹੱਟੀਆਂ ਭੱਠੀਆਂ ’ਤੇ ਮੁੱਲ ਨਹੀਂ ਮਿਲਦੇਆਲੀਸ਼ਾਨ ਬੰਗਲਾ ਹੋਵੇ ਜਾਂ ਕਿਰਤੀ ਦਾ ਢਾਰਾ; ਆਮਦ ਨਾਲ ਪਰੀਆਂ ਗੀਤ ਗਾਉਂਦੀਆਂ ਨੇਵਲ਼ ਛਲ, ਦੂਈ ਦਵੈਸ਼ ਤੋਂ ਦੂਰ, ਇਹ ਮਾਸੂਮ ਰੂਹਾਂ ਖੁਸ਼ੀਆਂ ਦਾ ਖਜ਼ਾਨਾ ਆਪਣੇ ਨਾਲ ਹੀ ਲੈ ਕੇ ਆਉਂਦੀਆਂ ਹਨ, ਬੱਸ ਦੇਖਣ ਵਾਲੀ ਨਜ਼ਰ ਸਵੱਲੀ ਚਾਹੀਦੀ ਹੈਰੱਬੀ ਰੂਪ ਨੂੰ ਖ਼ੁਸ਼-ਆਮਦੀਦ ਕਹਿਣ ਲਈ ਸਰਦਲਾਂ ਸਜ ਜਾਂਦੀਆਂ ਹਨਅਣਭੋਲ ਬਚਪਨ ਯਾਦਾਂ ਦਾ ਸਰਮਾਇਆ ਬਣਦਾ ਹੈਮਾਸੂਮੀਅਤ ਤਪਦੇ ਹਿਰਦਿਆਂ ਤੇ ਸੀਤਲ ਕਣੀ ਦੀ ਨਿਆਈਂ ਲਗਦੀ ਹੈਸਰਲਤਾ, ਵਡੇਰਿਆਂ ਨੂੰ ਕਈ ਤਰ੍ਹਾਂ ਦੇ ਸਬਕ ਸਿਖਾਉਂਦੀ ਹੈਵੈਰ ਵਿਰੋਧ, ਲੋਭ ਲਾਲਚ, ਗੁੱਸਾ ਗਿਲਾ ਇਨ੍ਹਾਂ ਦੇ ਸਿਲੇਬਸ ਦਾ ਹਿੱਸਾ ਨਹੀਂਸਬਰ ਸੰਤੋਖ, ਮੋਹ ਪਿਆਰ, ਮਿੱਠੜੀ ਮੁਸਕਾਨ ਮੇਲਾ ਲੁੱਟ ਲੈਂਦੇ ਨੇਤਿਤਲੀਆਂ ਦੇ ਸ਼ੋਖ ਰੰਗ, ਚੰਦਾ ਮਾਮਾ, ਅੰਬਰੀ ਤਾਰੇ ਸੂਖਮ ਮਨਾਂ ਨੂੰ ਕੁਦਰਤੀ ਕਲਾ ਕ੍ਰਿਤਾਂ ਦੇ ਰੂਬਰੂ ਕਰਦੇ ਨੇਕਵੀ ਪਰਮਜੀਤ ਸੋਹਲ ਬੱਚਿਆਂ ਦੀ ਤੁਲਨਾ ਫੁੱਲਾਂ ਅਤੇ ਪੰਛੀਆਂ ਨਾਲ ਕਰ ਕੇ ਹਰਫ਼ਾਂ ਦੀ ਆਹਟ ਮਹਿਸੂਸ ਕਰਦਾ ਹੈ:

ਖਿੜ ਉੱਠਦੇ ਫੁੱਲ, ਚਹਿਚਹਾਉਂਦੇ ਪੰਛੀ,
ਤੋਤਲੀਆਂ ਗੱਲਾਂ ਕਰਦੇ
, ਬੱਚੇ ਮੇਰੇ ਨਾਲ …
ਫੁੱਲਾਂ ਦੇ ਖਿੜਨ ਵਾਂਗ
,
ਪੰਛੀਆਂ ਦੇ ਚਹਿਕਣ ਵਾਂਗ
,
ਬੱਚਿਆਂ ਦੇ ਤਤਲਾਉਣ ਵਾਂਗ
,
ਮੇਰੇ ਕੋਲ ਸ਼ਬਦ ਆਉਂਦੇ …

ਕੁਦਰਤ ਬੱਚਿਆਂ ਨੂੰ ਸ਼ਾਂਤੀ ਦੂਤ ਬਣਾ ਕੇ ਧਰਤ ’ਤੇ ਭੇਜਦੀ ਹੈਕੀ ਅਸੀਂ ਉਨ੍ਹਾਂ ਨੂੰ ਸੁਖਾਵਾਂ ਮਾਹੌਲ ਦੇਣ ਦੇ ਸਮਰੱਥ ਹੋਏ ਹਾਂ? ਕੀ ਬਾਲਾਂ ਨੂੰ ਉਨ੍ਹਾਂ ਦੇ ਹਿੱਸੇ ਦਾ ਅੰਬਰ ਮਿਲਿਆ ਹੈ? ਕੀ ਅਸੀਂ ਮਾਸੂਮੀਅਤ ਦੀਆਂ ਜੜ੍ਹਾਂ ਦੀ ਥਾਹ ਪਾਈ ਹੈ? ਸ਼ਾਇਦ ਅਸੀਂ ਅਜੇ ਉਨ੍ਹਾਂ ਦੀ ਪ੍ਰਕਿਰਤੀ ਨਾਲ ਇੱਕਮਿੱਕਤਾ ਦਾ ਅੰਦਾਜ਼ਾ ਹੀ ਨਹੀਂ ਲਾ ਸਕੇਦਾਦੀਆਂ ਨਾਨੀਆਂ ਦੀਆਂ ਪਰੀ ਕਹਾਣੀਆਂ ਉਨ੍ਹਾਂ ਤੋਂ ਦੂਰ ਹੋ ਗਈਆਂ ਨੇਉਹ ਲੋਰੀਆਂ ਵਿਚਲੀ ਮਿਠਾਸ ਤੋਂ ਵਿਰਵੇ ਹੋ ਗਏ ਹਨਭਾਰੇ ਬਸਤਿਆਂ ਅਤੇ ਬੋਝਲ ਉਮੀਦਾਂ ਨੇ ਬਚਪਨਾ ਖੋਹ ਲਿਆ ਹੈਅਸੀਂ ਉਨ੍ਹਾਂ ਦੇ ਸੁਪਨਿਆਂ ਨੂੰ ਅੱਧਵਾਟੇ ਹੀ ਦੂਜੇ ਰਾਹ ਵੱਲ ਮੋੜ ਦਿੰਦੇ ਹਾਂਉਨ੍ਹਾਂ ਦਾ ਮਨ ਕੁਦਰਤ ਦੇ ਪਤਾ ਨਹੀਂ ਕਿਹੜੇ ਰੰਗਾਂ ਵਿੱਚ ਭਿੱਜਣਾ ਚਾਹੁੰਦਾ ਹੈ, ਪਰ ਸਾਡੀ ਤਮੰਨਾ ਜਬਰੀ ਉਨ੍ਹਾਂ ਨੂੰ ਡਾਕਟਰ ਇੰਜਨੀਅਰ ਬਣੇ ਦੇਖਣ ਦੀ ਹੁੰਦੀ ਹੈਅਸੀਂ ਆਪਣੇ ਅਧੂਰੇ ਖ਼ੁਆਬਾਂ ਨੂੰ ਇਨ੍ਹਾਂ ਨਿੱਕੀਆਂ ਜਿੰਦੜੀਆਂ ਵੱਲੋਂ ਪੂਰਾ ਕਰਨ ਦੀ ਲੋਚਾ ਰੱਖਦੇ ਹਾਂਮਹਾਂਕਵੀ ਰਬਿੰਦਰ ਨਾਥ ਟੈਗੋਰ ਦਾ ਮੰਨਣਾ ਹੈ ਕਿ ਬੱਚੇ ਨੂੰ ਤੁਸੀਂ ਆਪਣੀ ਵਿਦਵਤਾ ਦੀਆਂ ਉਲ਼ਝਣਾਂ ਵਿੱਚ ਨਾ ਬੰਨ੍ਹੋ, ਕਿਉਂਕਿ ਉਹ ਤੁਹਾਡੇ ਤੋਂ ਵੱਖਰੇ ਯੁਗ ਦੀ ਪੈਦਾਇਸ਼ ਹੈ

ਦੁਨੀਆਂ ਬਾਲਪਣ ਲਈ ਸੁਖਾਵੀਂ ਨਹੀਂਬਾਲ ਮਜ਼ਦੂਰੀ, ਭੀਖ ਮੰਗਵਾਉਣਾ, ਬਲਾਤਕਾਰ, ਤ੍ਰਿਸਕਾਰ, ਗ਼ੁਰਬਤ ਬਚਪਨੇ ਨੂੰ ਹਨੇਰੇ ਖੂਹ ਵੱਲ ਧੱਕ ਦਿੰਦੇ ਹਨਕਠੋਰ ਰੁੱਤੇ ਅੱਧਨੰਗੇ, ਦੁਕਾਨਾਂ ਕਾਰਖਾਨਿਆਂ ਵਿੱਚ ਕੰਮ ਕਰਦੇ ਬੱਚੇ, ਕੰਮਕਾਜੀ ਮਜ਼ਦੂਰ ਔਰਤਾਂ ਦੇ ਕੰਧਾੜੇ ਚੁੱਕੇ, ਕੁਪੋਸ਼ਣ ਦੇ ਸ਼ਿਕਾਰ ਇਹ ਬਾਲ ਸਾਡੇ ਸਮਾਜਿਕ ਪਾੜਿਆਂ ਦਾ ਮੂੰਹ ਚਿੜਾਉਂਦੇ ਹਨਜੇ ਇੱਕ ਬੱਚਾ ਗੁਬਾਰਾ ਵੇਚ ਕੇ ਖੁਸ਼ ਹੈ ਤਾਂ ਦੂਜਾ ਉਸ ਨੂੰ ਖਰੀਦ ਕੇ ਅਤੇ ਤੀਜਾ ਤੋੜ ਕੇ ਖੁਸ਼ੀ ਮਹਿਸੂਸ ਕਰਦਾ ਹੈਤਕਦੀਰ ਆਪੋ ਆਪਣੀ! ਪੁੱਤਰ ਦੀ ਚਾਹਤ ਵਿੱਚ ਬਾਲੜੀਆਂ ਦੀ ਭਰੂਣ ਹੱਤਿਆ ਸਮਾਜ ਦੇ ਮੱਥੇ ਲੱਗਿਆ ਕਾਲਾ ਧੱਬਾ ਹੈਇਉਂ ਲਗਦਾ ਹੈ ਜਿਵੇਂ ਪਰੀ ਕਹਾਣੀ ਵਿਚਲੇ ਆਦਮ ਬੋ, ਆਦਮ ਬੋ ਕਰ ਕੇ ਭੈਭੀਤ ਕਰਨ ਵਾਲੇ ਰਾਖਸ਼ ਅਸੀਂ ਆਪ ਹੀ ਹੋਈਏਧੀਆਂ ਨਾਲ ਦੁਨਿਆਵੀ ਸਾਂਝਾਂ ਪਕੇਰੀਆਂ ਹੁੰਦੀਆਂ ਨੇਬੱਚੀਆਂ ਦਾ ਆਗਮਨ ਚੰਗੇ ਭਾਗਾਂ ਦੀ ਨਿਸ਼ਾਨੀ ਮੰਨਿਆ ਜਾਂਦਾ ਹੇਬਰੂਹਾਂ ਸੁੱਚੀਆਂ ਹੋ ਜਾਂਦੀਆਂ ਨੇਇਹ ਵੀ ‘ਮਰਜਾਣੀਆਂ’ ਦੀ ਥਾਂ ‘ਜਿਉਣ-ਜੋਗੀਆਂ’ ਅਖਵਾਉਣਾ ਲੋਚਦੀਆਂ ਹਨਕਵਿਤਾਵਾਂ ਵਰਗੀਆਂ ਬਾਲੜੀਆਂ ਵਸਦੇ ਰਸਦੇ ਘਰਾਂ ਦਾ ਸ਼ਿੰਗਾਰ ਬਣਦੀਆਂ ਨੇਇਨ੍ਹਾਂ ਕੋਮਲ ਕਲੀਆਂ ਨੇ ਹੀ ਮਾਂ-ਬਾਪ ਦੇ ਦੁੱਖ ਨੂੰ ਨੇੜਿਉਂ ਦੇਖਣਾ ਹੁੰਦਾ ਹੈਸ਼ਾਇਰ ਤ੍ਰੈਲੋਚਨ ਲੋਚੀ ਦੀ ਖੁਸ਼ੀ ਦਾ ਟਿਕਾਣਾ ਨਹੀਂ:

ਮੈਂ ਅੰਬਰ ਨੂੰ ਛੂਹ ਆਉਂਦਾ ਹਾਂ
ਚਾਵਾਂ ਦੇ ਖੰਭ ਲਾ ਕੇ
ਜਦੋਂ ਕਦੇ ਵੀ ਧੀਆਂ ਬੈਠਣ
ਬੁੱਕਲ਼ ਦੇ ਵਿੱਚ ਆ ਕੇ

ਸਿਆਣਿਆਂ ਦਾ ਕਥਨ ਹੈ: ਜ਼ਿੰਦਗੀ ਵਿੱਚ ਸਿਰਫ਼ ਦੋ ਲੋਕ ਹੀ ਖੁਸ਼ ਹਨ - ਪਾਗਲ ਅਤੇ ਬੱਚੇ! ਬਾਕੀ ਤਾਂ ਨਫ਼ੇ ਨੁਕਸਾਨਾਂ ਦੀ ਚੁਰਾਸੀ ਦੇ ਗੇੜ ਵਿੱਚ ਰਹਿੰਦੇ ਹਨਬਾਲਾਂ ਦੇ ਪਵਿੱਤਰ ਹਿਰਦੇ ਨੂੰ ਪਦਾਰਥਾਂ ਦੇ ਲੋਭ ਨੇ ਪਲੀਤ ਨਹੀਂ ਕੀਤਾ ਹੁੰਦਾਇਸੇ ਕਰਕੇ ਉਹ ਰੱਬ ਦੇ ਨੇੜੇ ਹੁੰਦੇ ਨੇ … ਦੇਵ ਰੂਪਮੌਤ ਦੇ ਮੂੰਹ ਨੇੜੇ ਪਹੁੰਚੇ ਕਿਸੇ ਪਿਆਕੜ ਨੂੰ ਡਾਕਟਰ ਨੇ ਸ਼ਰਾਬ ਪੀਣ ਦੀ ਮਨਾਹੀ ਕਰ ਦਿੱਤੀ, ‘ਹੁਕਮ ਅਦੂਲੀ ਹੋਈ ਤਾਂ ਸਾਹਮਣੇ ਜਮਦੂਤ ਖੜ੍ਹੇ ਉਡੀਕ ਰਹੇ ਹੋਣਗੇ’ ਆਗਿਆ ਮੰਨ ਕੇ ਪਰਹੇਜ਼ ਤਾਂ ਕੀਤਾ, ਪਰ ਕਿਸੇ ਸਮਾਗਮ ’ਤੇ ਮਨ ਉਬਾਲ਼ਾ ਖਾ ਗਿਆ, ‘ਕਿਹੜਾ ਕੋਈ ਦੇਖ ਰਿਹਾ।’ ਜਿਉਂ ਹੀ ਜ਼ਹਿਰ ਦੇ ਸਨਮੁਖ ਹੋਣ ਲੱਗਾ, ਤਾਂ ਵੇਟਰ ਦੇ ਹੱਥ ਰੁਕ ਗਏਚਮਤਕਾਰ ਹੀ ਸੀ! ਜਾਣਿਆ ਕਿ ਇੱਕ ਨੁੱਕਰੇ ਬੈਠਾ ਰੱਬ ਆਪ ਬਹੁੜਿਆ ਸੀ - ਮਾਸੂਮ ਧੀ ਦੇ ਰੂਪ ਵਿੱਚਉਸ ਫ਼ਰਿਆਦ ਕੀਤੀ ਸੀ ਕਿ ਮੇਰੇ ਪਾਪਾ ਦੀ ਜੀਵਨ-ਲੀਲਾ ਤਾਂ ਹੀ ਬਚ ਸਕਦੀ ਹੈ, ਜੇ ਉਹ ਨਾ ਪੀਣ!

ਬਚਪਨ ਨਿਰਮਲ ਤੇ ਨਿਰਛਲ ਹੁੰਦਾ ਹੈਕੋਰੇ ਕਾਗਜ਼ ’ਤੇ ਜੋ ਚਾਹੋਗੇ, ਉੱਕਰਿਆ ਜਾਵੇਗਾਹੱਥ ਵਿੱਚ ਕਿਤਾਬ ਜਾਂ ਹਥਿਆਰ -ਤੁਹਾਡੇ ’ਤੇ ਮੁਨੱਸਰ ਹੈਟਰੇਨ ਵਿੱਚ ਸਫਰ ਕਰ ਰਹੀ ਇੱਕ ਔਰਤ ਤੇ ਉਸਦਾ ਬੱਚਾ ਕਿਤਾਬ ਪੜ੍ਹਨ ਵਿੱਚ ਮਸਰੂਫ ਸਨਕਿਸੇ ਸਹਿ-ਯਾਤਰੀ ਨੇ ਸਵਾਲ ਕੀਤਾ, “ਤੁਸੀਂ ਸਮਾਰਟ ਫ਼ੋਨ ਦੀ ਥਾਂ ਬੱਚੇ ਦੇ ਹੱਥ ਕਿਤਾਬ ਕਿਵੇਂ ਦੇ ਦਿੱਤੀ, ਜਦੋਂ ਕਿ ਬੱਚਿਆਂ ਨੂੰ ਅੱਜ ਕੱਲ੍ਹ ਹਰ ਸਮੇਂ ਸਮਾਰਟ ਫੋਨ ਚਾਹੀਦਾ ਹੈ?”

ਔਰਤ ਨੇ ਸਹਿਜਤਾ ਨਾਲ ਜਵਾਬ ਦਿੱਤਾ, “ਬੱਚੇ ਸਾਡੀ ਸੁਣਦੇ ਨਹੀਂ, ਸਗੋਂ ਨਕਲ ਕਰਦੇ ਹਨ।” ਆਦਰਸ਼ ਅਸੀਂ ਆਪ ਬਣਨਾ ਹੁੰਦਾ ਹੈਪਰ ਅਫ਼ਸੋਸ! ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਬਾਲਪਣ ਨਪੀੜਿਆ ਜਾ ਰਿਹਾ ਹੈਖਾਨਾਜੰਗੀ, ਦਹਿਸ਼ਤਗਰਦੀ ਅਤੇ ਮਨੁੱਖ ਦੀਆਂ ਆਪੂੰ ਸਹੇੜੀਆਂ ਬਹਿਬਤਾਂ ਨੇ ਮਾਸੂਮਾਂ ਦਾ ਧਰਤ-ਸੁਹਾਵੀ ਹੋਣ ਦਾ ਸੁਪਨਾ ਚੂਰ ਚੂਰ ਕਰ ਦਿੱਤਾ ਹੈਅਫ਼ਗ਼ਾਨਿਸਤਾਨ ਵਿੱਚ ਛੋਟੇ ਬੱਚਿਆਂ ਦੇ ਹੱਥਾਂ ਵਿੱਚ ਮਾਰੂ ਹਥਿਆਰ ਉਨ੍ਹਾਂ ਦੀ ਮਾਸੂਮੀਅਤ ਨੂੰ ਤਾਰ ਤਾਰ ਕਰ ਰਹੇ ਹਨਘਰੋਂ ਬੇਘਰ ਹੋਏ ਰਿਫਿਊਜ਼ੀ ਮਾਪਿਆਂ ਦੇ ਮੋਢੇ ਚੁੱਕੇ ਬਾਲਾਂ ਨੂੰ ਵਰਤਮਾਨ ਅਤੇ ਭਵਿੱਖ, ਦੋਵੇਂ ਧੁੰਦਲੇ ਦਿਖਾਈ ਦਿੰਦੇ ਹਨ

ਮਰਹੂਮ ਪ੍ਰੋ. ਕੰਵਲਜੀਤ ਬੱਚਿਆਂ ਦੀ ਨਿਰਛਲਤਾ ਦੀ ਗਵਾਹੀ ਭਰਦਾ ਹੈ:

ਉਸ ਨੂੰ ਦੇਖ ਕੇ ਵੀ
ਜੁਆਕ ਘਰਾਂ ´ਚੋਂ ਬਾਹਰ ਨਿੱਕਲੇ ਹੋਣਗੇ ...
ਤੇ ਚਾਈਂ ਚਾਈਂ
ਉਸ ਨੂੰ ਟਾ ਟਾ ਕੀਤੀ ਹੋਵੇਗੀ …
ਉਸ ਜਹਾਜ਼ ਨੂੰ
ਜੋ ਹੀਰੋਸ਼ੀਮਾ ’ਤੇ ਬੰਬ ਸੁੱਟ ਗਿਆ!!

ਬੱਚੇ ਮੁਹੱਬਤ ਦੀ ਸੀਤਲਤਾ ਨਾਲ ਤਣਾਅ ਦੇ ਬੱਦਲ਼ਾਂ ਨੂੰ ਉਡਾ ਕੇ ਲੈ ਜਾਣ ਦੀ ਤਾਕਤ ਰੱਖਦੇ ਨੇ, ਪਰ ਅਸੀਂ ਉਨ੍ਹਾਂ ਨੂੰ ਤਣਾਅ-ਮੁਕਤ ਸੰਸਾਰ ਦੇਣ ਤੋਂ ਨਾਬਰ ਹਾਂਜੇ ਉਹ ਕੋਈ ਛੋਟੀ ਮੋਟੀ ਗਲਤੀ ਵੀ ਕਰਦੇ ਹਨ, ਤਾਂ ਮੰਤਵ ਕਿਸੇ ਨੂੰ ਪ੍ਰੇਸ਼ਾਨ ਕਰਨਾ ਨਹੀਂ ਹੁੰਦਾਮਾਪੇ ਉਸਦੇ ਸਭ ਤੋਂ ਨੇੜੇ ਦੇ ਦੋਸਤ ਹੁੰਦੇ ਹਨਬਾਲਾਂ ਨੂੰ ਝਿੜਕਣ ਨਾਲ ਉਹ ਕਿਸੇ ਮਾਨਸਿਕ ਦਬਾਅ ਵਿੱਚ ਆ ਜਾਣਗੇ, ਉਦਾਸੀ ਦਾ ਆਲਮ ਛਾ ਜਾਵੇਗਾਬਚਪਨ ਜਜ਼ਬਾਤੀ ਹੁੰਦਾ ਹੈਸਾਡਾ ਗੁੱਸਾ ਉਨ੍ਹਾਂ ਦੀਆਂ ਮਲੂਕ ਭਾਵਨਾਵਾਂ ਨੂੰ ਠੇਸ ਪਹੁੰਚਾਵੇਗਾਉਹ ‘ਪਰੀਆਂ’ ਦੇ ਸੰਗੀ ਬਣਨਾ ਲੋਚਦੇ ਨੇ, ‘ਕੋਕੋ’ ਉਨ੍ਹਾਂ ਨੂੰ ਡਰਾਉਂਦੀ ਹੈਆਪਣੇ ਕੀਤੇ ਨਿੱਕੇ ਨਿੱਕੇ ਕੰਮਾਂ ਲਈ ਉਹ ‘ਸ਼ਾਬਾਸ਼’ ਦੀ ਤਵੱਕੋ ਰੱਖਦੇ ਹਨਗੱਲ੍ਹ ’ਤੇ ਪੋਲੀ ਜਿਹੀ ਥਪਕੀ ਉਨ੍ਹਾਂ ਨੂੰ ਅਸਮਾਨੀ ਉੱਡਣ ਲਾ ਦਿੰਦੀ ਹੈਬੱਚਿਆਂ ਲਈ ਰਾਖਵੇਂ ਰੱਖੇ ਦੋ ਪਲ ਤੁਹਾਡੀ ਮਿੱਤਰਤਾ ਦਾ ਅਹਿਸਾਸ ਕਰਾਉਣਗੇਦਾਦੀਆਂ ਨਾਨੀਆਂ ਦੀਆਂ ਬਾਤਾਂ ਉਨ੍ਹਾਂ ਨੂੰ ਠੰਢਕ ਵੰਡਦੀਆਂ ਹਨ, ਜਿੱਥੇ ਸਮੇਂ ਦੀ ਕੋਈ ਸੀਮਾ ਨਹੀਂ ਹੁੰਦੀਉਨ੍ਹਾਂ ਦੇ ਵਲਵਲੇ, ਉਨ੍ਹਾਂ ਦੇ ਮਨ ਦੀਆਂ ਤਰੰਗਾਂ ਨੂੰ ਬੂਰ ਪੈਣਾ ਸੁਖਦ ਅਨੁਭਵ ਹੁੰਦਾਇੱਕ ਕਿੱਸਾ ਯਾਦ ਆਇਆ: ਘਰ ਵਿੱਚ ਮਹਿਮਾਨ ਆਏਚਾਹ ਤੇ ਪਕਵਾਨ ਪਰੋਸੇ ਗਏਪ੍ਰਾਹੁਣੇ ਚਟਕਾਰੇ ਲੈ ਲੈ ਕੇ ਖਾਣ ਪੀਣ ਵਿੱਚ ਵਿਅਸਤ ਸਨ, ਪਰ ਨਿੱਕੜੇ ਸਾਬੂ ਨੂੰ ਚਾਹ ਦੀ ਖੁਸ਼ਬੂ ਆਪਣੇ ਵੱਲ ਖਿੱਚ ਰਹੀ ਸੀਮਾਪਿਆਂ ਦੀ ਸਖ਼ਤ ਹਿਦਾਇਤ ਸੀ ਕਿ ਸ਼ਿਸ਼ਟਾਚਾਰ ਦਾ ਖਿਆਲ ਰੱਖਣਾ ਹੈ ਅਤੇ ਮਹਿਮਾਨਾਂ ਦੇ ਜਾਣ ਤੋਂ ਬਾਅਦ ਹੀ ਉਸ ਨੂੰ ਖਾਣ ਪੀਣ ਲਈ ਦਿੱਤਾ ਜਾਵੇਗਾਸਾਡਿਆਂ ਰਸਮੋ-ਰਿਵਾਜ਼ਾਂ ਮੁਤਾਬਕ ਗੈਸਟ ਚਾਹ ਦੀ ਇੱਕ-ਅੱਧ ਘੁੱਟ ਕੱਪ ਵਿੱਚ ਛੱਡਣਾ ਤਹਿਜ਼ੀਬ ਸਮਝਦੇ ਹਨਮੇਜ਼ਬਾਨ, ਮਹਿਮਾਨਾਂ ਨੂੰ ਵਿਦਾਇਗੀ ਦੇਣ ਗੇਟ ’ਤੇ ਪਹੁੰਚੇ ਹੀ ਸਨ ਕਿ ਸਾਬੂ ਦੇ ਤਹੰਮਲ ਦਾ ਬੰਨ੍ਹ ਟੁੱਟ ਗਿਆਮਹਿਮਾਨਾਂ ਦੇ ਕੱਪਾਂ ਵਿਚਲੀਆਂ ਬਚੀਆਂ ਹੋਈਆਂ ਚਾਹ ਦੀਆਂ ਘੁੱਟਾਂ ਇੱਕ ਕੱਪ ਵਿੱਚ ਇਕੱਠੀਆਂ ਕੀਤੀਆਂ ਤੇ ਇੱਕੋ ਡੀਕ ਵਿੱਚ ਪੀ ਔਹ ਗਿਆ, ਔਹ ਗਿਆਕਿਹੜੇ ਅਦਬੋ-ਆਦਾਬ ਦੀ ਗੱਲ ਕਰਦੇ ਹੋ? ਰੱਬੀ ਰੂਹਾਂ ਦੀ ਉਤੇਜਨਾ ਨੂੰ ਕਦੇ ਨੱਕੇ ਲੱਗਦੇ ਨੇ? ਇੱਥੇ ਸੰਸਕਾਰਾਂ ਦੀਆਂ ਵਲ਼ਗਣਾਂ ਰਾਹ ਨਹੀਂ ਰੋਕ ਸਕਦੀਆਂ!

ਭਵਿੱਖੀ ਵਾਰਸਾਂ ਨੂੰ ਖੁੱਲ੍ਹਾ ਅੰਬਰ ਦੇਣਾ ਸਾਡਾ ਨੈਤਿਕ ਫ਼ਰਜ਼ ਬਣਦਾ ਹੈਥੋੜ੍ਹੀ ਜਿਹੀ ਸੋਝੀ ਆਈ ਹੈ, ਪਰ ਅਜੇ ਮੰਜ਼ਿਲ ਤੋਂ ਦੂਰ ਹਾਂਮੁਫ਼ਤ ਅਤੇ ਲਾਜ਼ਮੀ ਸਿੱਖਿਆ ਕਾਨੂੰਨ (ਆਰ.ਟੀ.ਈ.) 2009 ਵਿੱਚ ਸਰੀਰਕ ਸਜ਼ਾ, ਜਾਤੀ, ਲਿੰਗ, ਖੇਤਰ, ਰਾਖਵੇਂਕਰਨ ਅਤੇ ਕਮਜ਼ੋਰ ਵਰਗ ਨਾਲ ਵਿਤਕਰਾ ਅਪਰਾਧ ਮੰਨੇ ਗਏ ਹਨਬਾਲਾਂ ਨੂੰ ਬਸਤਿਆਂ ਦੇ ਬੋਝ ਤੋਂ ਮੁਕਤ ਕਰਨ ਦੀ ਜ਼ਰੂਰਤ ਹੈਉਨ੍ਹਾਂ ਦਾ ਮਾਨਸਿਕ ਵਿਕਾਸ ਹੀ ਸੱਭਿਅਕ ਸਮਾਜ ਦੀ ਨਿਸ਼ਾਨੀ ਬਣੇਗਾਅਧਿਆਪਕ ਅਤੇ ਮਾਪੇ ਰਾਹ ਦਸੇਰੇ ਹੋ ਸਕਦੇ ਹਨਵਿਕਸਿਤ ਦੇਸ਼ਾਂ ਨੇ ਬਾਲ ਮਨਾਂ ਵਿੱਚ ਝਾਤ ਮਾਰੀ ਹੈ ਅਤੇ ਮੁਢਲੇ ਸਕੂਲਾਂ ਵਿੱਚ ਵੱਡੀਆਂ ਸਬਸਿਡੀਆਂ ਦੇ ਕੇ ਮਨੋ-ਵਿਗਿਆਨਿਕ ਤਰੀਕਿਆਂ ਨਾਲ ਬੱਚਿਆਂ ਨੂੰ ਆਉਣ ਵਾਲੇ ਕੱਲ੍ਹ ਲਈ ਤਿਆਰ ਕੀਤਾ ਜਾਂਦਾ ਹੈਅਮਰੀਕਾ ਅਤੇ ਕੈਨੇਡਾ ਨੇ ਇੱਕ ਕੌਮੀ ਦਿਨ ਰੱਖਿਆ ਹੈ, ਜਿਸ ਦਿਨ ਬੱਚੇ ਆਪਣੇ ਮਾਪਿਆਂ ਨਾਲ ਦਫਤਰ ਆ ਸਕਦੇ ਹਨ

ਕੇਰਲਾ ਦੀ ਇੱਕ ਆਈ.ਏ.ਐੱਸ. ਅਫਸਰ ਦਿਵਿਆ ਐੱਸ. ਅਈਅਰ ਨੇ ਐਤਵਾਰ ਨੂੰ ਇੱਕ ਫਿਲਮ ਸਮਾਰੋਹ ਦੌਰਾਨ ਆਪਣੇ ਬੇਟੇ ਨੂੰ ਕੁੱਛੜ ਚੁੱਕ ਕੇ ਸੰਬੋਧਨ ਕੀਤਾ, “ਮੈਂ ਹਰ ਐਤਵਾਰ ਆਪਣੇ ਪੁੱਤਰ ਮਲਹਾਰ ਨਾਲ ਬਿਤਾਉਂਦੀ ਹਾਂਇਹ ਉਸਦਾ ਹੱਕ ਹੈਮੈਂ ਇੱਕ 24x7 ਅਫਸਰ ਹਾਂ ਅਤੇ 24x7 ਮਾਂ ਵੀਅਸੀਂ ਕਿਸੇ ਵੀ ਰੋਲ ਨੂੰ ਮਨਫੀ ਨਹੀਂ ਕਰ ਸਕਦੇਮੈਂ ਦੋਵਾਂ ਨੂੰ ਚਲਾਉਣ ਲਈ ਸੁਰਤਾਲ ਬਣਾਉਣੀ ਹੈ।” ਬਹੁਤ ਲੋਕਾਂ ਨੇ ਇਸ ਨੂੰ ਸਰਾਹਿਆ ਅਤੇ ਕਈਆਂ ਦੇ ਇਹ ਗੱਲ ਸੰਘ ਵਿੱਚ ਅੜ ਗਈਯਾਦ ਹੈ, ਜਦੋਂ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਆਪਣੇ ਛੋਟੇ ਬੱਚੇ ਨੂੰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿੱਚ ਲੈ ਕੇ ਆਈ ਸੀ ਅਤੇ ਆਸਟਰੇਲੀਆ ਦੀ ਐੱਮ.ਪੀ. ਲੈਰੀਜਾ ਵਾਟਰਜ਼, ਸੰਸਦ ਵਿੱਚ ਆਪਣੇ ਬੱਚੇ ਨੂੰ ਦੁੱਧ ਪਿਲਾ ਰਹੀ ਸੀ? ਮਮਤਾ ਨੂੰ ਸਲਾਮ ਕਰਨਾ ਬਣਦਾ ਹੈ!

ਬਚਪਨ ਫੁੱਲਾਂ ਦੀ ਬਗ਼ੀਚੀ ਹੈ, ਰੰਗ ਬਰੰਗੇ, ਮੁਹੱਬਤਾਂ ਵੰਡਦੇ, ਹਾਸੇ ਹੱਸਦੇ, ਮੋਹਵੰਤੇ …ਤੁਹਾਡੇ ਗ਼ਮਗੀਨ ਪਲਾਂ ਨੂੰ ਝੱਟ ਹੀ ਹੁਸੀਨ ਪਲਾਂ ਵਿੱਚ ਤਬਦੀਲ ਕਰਨ ਲਈ ਤਤਪਰਇਨ੍ਹਾਂ ਕੋਮਲ ਕਲੀਆਂ ਦੀਆਂ ਰੀਝਾਂ ਦਾ ਅਹਿਸਾਸ ਜ਼ਰੂਰ ਕਰਿਓਤੁਸੀਂ ਕਦੇ ਨਿਰਾਸ਼ ਨਹੀਂ ਹੋਵੇਗੇ! ਸ਼ਾਇਰ ਭਾਸੋ ਇਸ ਵਿਲੱਖਣ ਦੁਨੀਆਂ ਦੀ ਤਸਵੀਰ ਦੇ ਰੰਗਾਂ ਨੂੰ ਮੁਖਾਤਿਬ ਹੈ:

ਨਿੱਕੇ ਨਿੱਕੇ ਬੱਚਿਆਂ ਨੂੰ
ਖੇਡਦਿਆਂ ਵੇਖਿਆ ਕਰੋ …
ਨਿੱਕੀ ਜਿਹੀ ਦੁਨੀਆਂ ਵਿੱਚ
ਬਹੁਤ ਕੁਝ ਹੈ ਜਾਨਣ ਤੇ ਮਾਨਣ ਲਈ …
ਰੰਗਲੇ ਗੁਬਾਰੇ ਵੇਚਦੇ
, ਪੈਰੋਂ ਨੰਗੇ
ਗਲੀਆਂ ’ਚ ਹੋਕਾ ਦਿੰਦੇ
ਪੀਪਨੀਆਂ ਵਜਾਉਂਦੇ ਬੱਚਿਆਂ ਨੂੰ
ਬੱਚੇ ਨਾ ਸਮਝੋ

ਇਨ੍ਹਾਂ ਕੋਲ ਵਿਹਲ ਨਹੀਂ, ਇੱਕ ਪਲ ਵੀ
ਫੈਲਸੂਫੀਆਂ ਲਈ …
ਇਨ੍ਹਾਂ ਹਿੱਸੇ ਆਉਂਦੀ ਪੈਂਤੀ ਅੱਖਰੀ
ਗੁਆਚ ਗਈ ਸੀ …
ਛਣਕਣਿਆਂ ਦੀ ਉਮਰੇ …

ਅੰਤਿਕਾ: ਸਿਆਣਿਆਂ ਦਾ ਕਥਨ ਹੈ: ਬੱਚਾ ਮਨੁੱਖ ਦਾ ਵਡੇਰਾ ਹੈਮਾਸੂਮੀਅਤ ਦੀ ਇਸ ਦੁਨੀਆਂ ਤੋਂ ਮੈਂ ਪੂਰੀ ਤਰ੍ਹਾਂ ਅਣਜਾਣ ਸਾਂ-ਨਾਵਾਕਫ਼, ਨਾਸਮਝਨਿੱਕੀ ਅਰਹੀਰ ਨਾਲ ਕੁਝ ਸਮਾਂ ਬਿਤਾਇਆਵੱਡੀ ਤਬਦੀਲੀ ਮਹਿਸੂਸ ਕੀਤੀ ਆਪਣੇ ਅੰਦਰਕੋਮਲ ਮਨ ਦੀ ਸੰਗਤ ਵਿੱਚ ਕਠੋਰਤਾ, ਗੁੱਸਾ, ਚਿੜਚਿੜਾਪਣ ਪਤਾ ਨਹੀਂ ਕਿੱਧਰ ਗਾਇਬ ਹੋ ਗਏ, ਪਰ ਵਿੱਛੜਨ ਵੇਲੇ ਜਾਣਿਆ ਕਿ ਮੋਹ ਦੇ ਬੰਧਨ ਵਿੱਚ ਮੈਂ ਪਹਿਲਾਂ ਨਾਲ਼ੋਂ ਜ਼ਿਆਦਾ ਬੱਝ ਚੁੱਕਾ ਸਾਂ!!!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3902)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਜਗਜੀਤ ਸਿੰਘ ਲੋੋਹਟਬੱਦੀ

ਜਗਜੀਤ ਸਿੰਘ ਲੋੋਹਟਬੱਦੀ

Phone: (91 - 89684 - 33500)
Email: (singh.jagjit0311@gmail.com)

More articles from this author