“ਜੇਕਰ ਗੁੱਸਾ ਆਵੇ ਤਾਂ ਆਪਣੀ ਜੀਭ ´ਤੇ ਦੰਦੀ ਵੱਢ ਲਿਆ ਕਰ … ਇਹ ਜ਼ਿਆਦਾ ਨੇ …” ਬਾਪੂ ਦੀ ਜੀਭ ਦੰਦੀਆਂ ਵੱਢ ਵੱਢ ਕਾਲੀ ...”
(4 ਅਗਸਤ 2024)
ਜਲ ਜ਼ਿੰਦਗੀ ਹੈ … ਆਬ-ਏ-ਹਯਾਤੀ। ਹੋਂਦ ਸਜੀਵਤਾ ਹੈ … ਅਣਹੋਂਦ ਨਿਰਜੀਵਤਾ। ਆਲੇ ਦੁਆਲਿਉਂ ਬੇਖਬ਼ਰ … ਵਗਦੀ ਜੀਵਨ-ਧਾਰਾ ਦਾ ਨਾਮ … ਰਾਹ ਦੇ ਰੋੜਿਆਂ ਨੂੰ ਸੰਗੀਤਮਈ ਬਣਾਉਣ ਦੀ ਚਾਹਤ … ਦਿਨ ਰਾਤ ਮੁਕਾਮ ਸਰ ਕਰਨ ਦਾ ਆਵੇਗ … ਪ੍ਰਕਿਰਤੀ ਦਾ ਨਾਯਾਬ ਨਜ਼ਰਾਨਾ। ਜੀਵਨ ਦਾ ਮੂਲ ਤੱਤ ਹੈ - ਨਿਰਮਲ ਨੀਰ!
ਸ੍ਰਿਸ਼ਟੀ ਸਰਬਉੱਚ ਹੈ। ਜਲ ਨੂੰ ਸਾਡੇ ਰਹਿਬਰਾਂ ਨੇ ਬੁਲੰਦ ਰੁਤਬਾ ਬਖਸ਼ਿਆ ਹੈ: ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’ ਮਾਨਵ ਜਾਤੀ, ਪਸ਼ੂ ਪੰਛੀ, ਜੀਵ ਜੰਤੂ, ਜੜ੍ਹ ਜੀਵਨ ਤਾਂ ਹੀ ਮੌਲਦੇ ਹਨ, ਜੇ ਅੰਮ੍ਰਿਤ-ਰੂਪੀ ਦਾਤ ਦੀ ਰਵਾਨੀ ਬਣੀ ਰਹੇ। ਬੂੰਦਾਂ ਦੀ ਆਮਦ ਦਾ ਅਹਿਸਾਸ ਸੁਖ਼ਦ ਹੁੰਦਾ ਹੈ। ਧਰਤੀ ਦੀ ਹਿੱਕ ਠਰਦੀ ਹੈ। ਚੁਫੇਰਾ ਮਹਿਕਦਾ। ਖੁਸ਼ਬੂਆਂ ਖਿੱਲਰਦੀਆਂ ਨੇ … ਕਾਲੀਆਂ ਘਟਾਵਾਂ ਛਾਉਂਦੀਆਂ ਨੇ … ਮੋਰ ਪੈਲਾਂ ਪਾਉਂਦੇ ਨੇ … ਕੋਇਲਾਂ ਗੀਤ ਗਾਉਂਦੀਆਂ ਨੇ … ਅੰਬਰੀਂ ਸਤਰੰਗੀ ਪੀਂਘ ਬਣਦੀ ਹੈ।
ਪਾਣੀਆਂ ਨੇ ਸੱਭਿਆਤਾਵਾਂ ਨੂੰ ਜਨਮ ਦਿੱਤਾ ਹੈ। ਇਤਿਹਾਸ ਗਵਾਹ ਹੈ ਕਿ ਪੁਰਾਤਨ ਮਨੁੱਖ ਨੇ ਦਰਿਆਵਾਂ ਕੰਢੇ ਰੈਣ-ਬਸੇਰੇ ਸਿਰਜਣ ਨੂੰ ਤਰਜੀਹ ਦਿੱਤੀ। ਮੋਹੰਜੋਦੜੋ ਅਤੇ ਹੜੱਪਾ ਦੀ ਅੱਜ ਵੀ ਸਿੰਧ ਦੇ ਨਾਮ ਨਾਲ ਪਛਾਣ ਹੈ। ਚਾਰ ਉਦਾਸੀਆਂ ਦੇ ਸਫ਼ਰ ਤੋਂ ਬਾਅਦ ਬਾਬਾ ਨਾਨਕ ਨੇ ਕਿਰਤ ਦਾ ਹੱਲ ਚਲਾ ਕੇ ਸੱਚੀ ਸੁੱਚੀ ਕਮਾਈ ਕਰਨ ਲਈ ਰਾਵੀ ਦਾ ਕਿਨਾਰਾ ਚੁਣਿਆ - ਕਰਤਾਰਪੁਰ ਵਾਲਾ ਮੁਕੱਦਸ ਟਿਕਾਣਾ! ਮਹਾਨ ਵੇਦਾਂ, ਗ੍ਰੰਥਾਂ ਦੀ ਰਚਨਾ ਦੇ ਗਵਾਹ ਪਾਣੀ ਬਣੇ। ਪੰਜਾਬ ਤਾਂ ਹੈ ਹੀ ਪਾਣੀਆਂ ਦਾ ਦੇਸ਼। ਪੰਜ-ਆਬ ਹੋਵੇ ਜਾਂ ਸਪਤ-ਸਿੰਧੂ: ਮਸਤਕ ਵਿੱਚ ਨੀਰ ਦੀ ਕਲਪਨਾ ਆ ਦਸਤਕ ਦਿੰਦੀ ਹੈ। ਖੇਤੀ ਪ੍ਰਧਾਨ ਖਿੱਤੇ ਨੂੰ ਕੁਦਰਤ ਨੇ ਆਪਣੇ ਹੱਥਾਂ ਨਾਲ ਸ਼ਿੰਗਾਰਿਆ ਹੈ। ਲਹਿਲਹਾਉਂਦੀਆਂ ਫ਼ਸਲਾਂ, ਪਰਵਰਦਿਗਾਰ ਨੂੰ ਜਿਵੇਂ ਅਹਿਸਾਨਮੰਦ ਹੋ ਕੇ ਕਹਿ ਰਹੀਆਂ ਹੋਣ, ‘ਸਾਡੀ ਹੋਂਦ ਤੇਰੇ ਬਖਸ਼ੇ ਜਲ-ਰੂਪੀ ਸਰੋਤਾਂ ਕਰ ਕੇ ਹੀ ਹੈ।’
ਪਾਣੀ ਦਰਗਾਹੀ ਪੈਗੰਬਰਾਂ ਦਾ ਧਰਤੀ ਦੇ ਜੀਵਾਂ ਲਈ ਭੇਜਿਆ ਰੱਬੀ ਪੈਗ਼ਾਮ ਹੈ। ਅਨੰਤ ਗੁਣ ਸਮੋਈ ਬੈਠਾ ਹੈ ਆਪਣੇ ਅੰਦਰ। ਅਸੀਂ ਮਨੁੱਖੀ ਮਨ ਤਾਉਮਰ ਆਪਣੇ ਅਸਤਿਤਵ ਨੂੰ ਚਮਕਾਉਣ ਦੇ ਆਹਰ ਵਿੱਚ ਰੁੱਝੇ ਰਹਿੰਦੇ ਹਾਂ, ਪਰ ਕੁਦਰਤ ਦੇ ਰੰਗਾਂ ਦੇ ਗੁਣਾਂ ਨੂੰ ਚਿਤਵਣ ਦੀ ਸਮਰੱਥਾ ਨਹੀਂ ਰੱਖਦੇ। ਪਾਣੀ ਦੀ ਨਿਮਰਤਾ, ਸਮਰਪਣ, ਪਰਉਪਕਾਰ ਅਤੇ ਸੀਤਲਤਾ ਦੇ ਜਜ਼ਬੇ ਦਾ ਕੋਈ ਸਾਨੀ ਨਹੀਂ। ਭਾਈ ਗੁਰਦਾਸ ਜੀ ਦੀ ਅਠਾਈਵੀਂ ਵਾਰ ਦੀ ਤੇਰ੍ਹਵੀਂ ਪਉੜੀ ਵਿੱਚ ਇੱਕ ਗੁਰਸਿੱਖ ਦੇ ਜੀਵਨ ਨੂੰ ਪਾਣੀ ਦੇ ਸਦਗੁਣਾ ਨਾਲ ਨਿਹਾਰਿਆ ਗਿਆ ਹੈ:
ਧਰਤੀ ਪੈਰਾਂ ਹੇਠਿ ਹੈ ਧਰਤੀ ਹੇਠਿ ਵਸੰਦਾ ਪਾਣੀ
ਪਾਣੀ ਚਲੈ ਨੀਵਾਣੁ ਨੋ ਨਿਰਮਲੁ ਸੀਤਲੁ ਸੁਧੁ ਪਰਾਣੀ
ਬਹੁ ਰੰਗੀ ਇੱਕ ਰੰਗੁ ਹੈ ਸਭਨਾਂ ਅੰਦਰਿ ਇੱਕੋ ਜਾਣੀ
ਤਤਾ ਹੋਵੈ ਧੁਪ ਵਿਚਿ ਛਾਵੈ ਠੰਢਾ ਬਿਰਤੀ ਹਾਣੀ
ਤਪਦਾ ਪਰਉਪਕਾਰ ਨੋ ਠੰਢੇ ਪਰਉਪਕਾਰ ਵਿਹਾਣੀ
ਅਗਨਿ ਬੁਝਾਏ ਤਪਤਿ ਵਿਚਿ ਠੰਢਾ ਹੋਵੈ ਬਿਲਮੁ ਨ ਆਣੀ …
ਕੀ ਸਾਡੇ ਕੋਲ ਇਨ੍ਹਾਂ ਵਿੱਚੋਂ ਕੋਈ ਇੱਕ ਅੱਧ ਗੁਣ ਹੈ? ਸੋਚ ਕੇ ਸਾਡੀਆਂ ਨਜ਼ਰਾਂ ਨੀਵੀਂਆਂ ਹੋ ਜਾਂਦੀਆਂ ਹਨ।
ਸਾਡੀ ਧਰਤੀ ਦੇ ਦੁਆਲੇ ਤਿੰਨ ਚੌਥਾਈ ਪਾਣੀ ਹੈ, ਗਹਿਰੇ ਤੇ ਡੂੰਘੇ ਸਮੁੰਦਰ। ਪਚੰਨਵੇਂ ਫੀਸਦੀ ਪਾਣੀ ਪੀਣ ਯੋਗ ਨਹੀਂ। ਅਸੀਂ ਪੰਜ ਫੀਸਦੀ ਪਾਣੀ-ਜੋ ਸਾਡੀ ਸਾਹ ਰਗ ਹੈ, ਨੂੰ ਵੀ ਸੰਭਾਲਣ ਦੇ ਕਾਬਲ ਨਹੀਂ। ਯਾਦ ਰੱਖੀਏ, ਪਾਣੀ ਅਮੁੱਕ ਨਹੀਂ। ਭੰਡਾਰ ਘਟਦੇ ਜਾ ਰਹੇ ਹਨ। ਪਹਾੜ ਖੁਰਨ ਅਤੇ ਗਲੇਸ਼ੀਅਰ ਪਿਘਲਣ ਲੱਗੇ ਹਨ। ਜਲਵਾਯੂ ਸੰਕਟ ਦੈਂਤ ਦਾ ਰੂਪ ਧਾਰੀ ਸਾਹਮਣੇ ਖੜ੍ਹਾ ਹੈ। ਸਾਰਾ ਸਾਲ ਠਰਿਆ ਰਹਿਣ ਵਾਲਾ ਖਿੱਤਾ ਉੱਬਲ ਰਿਹਾ ਹੈ। ਮਾਰੂਥਲ ਹੜ੍ਹਾਂ ਦੀ ਮਾਰ ਹੇਠ ਆ ਰਹੇ ਨੇ। ਮਨੁੱਖੀ ਬੰਨ੍ਹ ਭੁਰ ਰਹੇ ਨੇ। ਪਾਣੀ ਆਪਣੇ ਰਸਤੇ ਬਦਲ ਰਹੇ ਨੇ। ਮੀਂਹ ਕਣੀ ਦੀ ਕੋਈ ਰੁੱਤ ਹੀ ਨਹੀਂ ਰਹੀ। ਕੁਦਰਤ ਨਾਲ ਖਿਲਵਾੜ ਮਹਿੰਗਾ ਸੌਦਾ ਸਾਬਤ ਹੋ ਰਿਹਾ ਹੈ। ਭਵਿੱਖੀ ਤਸਵੀਰ ਧੁੰਦਲੀ ਹੀ ਨਹੀਂ, ਡਰਾਉਣੀ ਵੀ ਹੈ।
ਸਾਲ 1993 ਤੋਂ ਹਰ ਸਾਲ 22 ਮਾਰਚ ਨੂੰ ‘ਵਿਸ਼ਵ ਜਲ ਦਿਵਸ’ ਮਨਾਇਆ ਜਾਂਦਾ ਹੈ - ਪਾਣੀ ਦੀ ਸੰਭਾਲ ਬਾਰੇ ਮਨੁੱਖਤਾ ਨੂੰ ਜਾਗਰੂਕ ਕਰਨ ਦੇ ਉਪਰਾਲੇ ਹਿਤ। ਸੰਯੁਕਤ ਰਾਸ਼ਟਰ ਦੀ ਰਿਪੋਰਟ ਦੱਸਦੀ ਹੈ ਕਿ ਚਾਰ ਅਰਬ ਲੋਕਾਂ ਕੋਲ ਪਾਣੀ ਦੀ ਕਮੀ ਹੈ ਅਤੇ 160 ਕਰੋੜ ਲੋਕ ਸਾਫ਼ ਪਾਣੀ ਪੀਣ ਤੋਂ ਵਾਂਝੇ ਹਨ। ਦੇਸ਼ ਦੇ ਕੇਂਦਰੀ ਪ੍ਰਦੂਸ਼ਣ ਕੰਟ੍ਰੋਲ ਬੋਰਡ ਦਾ ਮੰਨਣਾ ਹੈ ਕਿ ਗੰਗਾ ਸਮੇਤ 62 ਫੀਸਦੀ ਨਦੀਆਂ ਦਾ ਪਾਣੀ ਨ੍ਹਾਉਣ ਦੇ ਵੀ ਲਾਇਕ ਨਹੀਂ। ਜੀਵਨ ਦਾਤੀਆਂ ਖੁਦ ਖ਼ਤਰੇ ਵਿੱਚ ਹਨ। ਖੂਹਾਂ ਅਤੇ ਨਲਕਿਆਂ ਨੂੰ ਅਸੀਂ ਆਪਣੀਆਂ ਅੱਖਾਂ ਸਾਹਮਣੇ ਮਰਦੇ ਤੱਕਿਆ ਹੈ। ਕਿੱਧਰ ਜਾ ਰਹੀ ਹੈ ਸਾਡੀ ਇੱਕੀਵੀਂ ਸਦੀ? ਤਰੱਕੀ ਦਾ ‘ਮਾਨਵੀ ਚਿਹਰਾ’ ਕਿਤੇ ਦਿਖਾਈ ਨਹੀਂ ਦਿੰਦਾ। ਚਿੰਤਕ ਫ਼ਿਕਰਮੰਦ ਨੇ, ਕਿਤੇ ਅਜਿਹਾ ਨਾ ਹੋਵੇ ਕਿ ਅਗਲੀ ਸੰਸਾਰ ਜੰਗ ਦਾ ਆਧਾਰ ਪਾਣੀ ਬਣੇ!
ਉੱਘੇ ਇਰਾਨੀ-ਅਮਰੀਕੀ ਵਿਦਵਾਨ ਅਤੇ ਫਿਲਾਸਫੀ ਦੇ ਪ੍ਰੋਫੈਸਰ ਸੱਯਦ ਹੁਸੈਨ ਨਾਸਰ ਦੀ ਕਿਤਾਬ ‘ਰਿਲੀਜਨ ਐਂਡ ਦਿ ਆਰਡਰ ਆਫ ਨੇਚਰ’ ਨੇ ਮਨੁੱਖੀ ਸੁਭਾਅ ਦੇ ਖੁਰਦਰੇਪਣ ਦੀ ਗੱਲ ਕੀਤੀ ਹੈ: “ਮਨੁੱਖੀ ਸਮਾਜ ਤਕਰੀਬਨ ਸਰਵ-ਵਿਆਪੀ ਤੌਰ ’ਤੇ ਮੰਨੇ ਜਾਂਦੇ ਕੁਦਰਤ ਦੀ ਪਵਿੱਤਰਤਾ ਦੇ ਵਿਚਾਰ ਤੋਂ ਲਾਂਭੇ ਹੋ ਕੇ ਅਜਿਹੀ ਸਥਿਤੀ ਵਿੱਚ ਚਲਾ ਗਿਆ ਹੈ, ਜਿਹੜੀ ਇਨਸਾਨ ਨੂੰ ਕੁਦਰਤ ਤੋਂ ਵੱਖ ਕਰਦੀ ਹੈ ਅਤੇ ਇਹ ਹੁਣ ਕੁਦਰਤ ਨੂੰ ਵੀ ਜੀਵਨ-ਪਾਲਕ ਨਹੀਂ, ਸਗੋਂ ਬੇਜਾਨ ਸ਼ੈਅ ਸਮਝਦੀ ਹੈ …।” ਕਿੰਨਾ ਸਟੀਕ ਤੇ ਕੌੜਾ ਵਖਿਆਨ ਹੈ ਇਸ ਸਮੀਖਿਆ ਵਿੱਚ? ਮਨੁੱਖ ਨੇ ਪਾਣੀ ਦੇ ਕੁਦਰਤੀ ਵਹਾਅ ਦੇ ਸੋਮੇ ਰੋਕ ਦਿੱਤੇ ਹਨ। ਕੰਕਰੀਟ ਜੰਗਲ ਉੱਗ ਰਿਹਾ ਹੈ। ਕਾਰਪੋਰੇਟੀ ਲਾਲਸਾ ਆਖ਼ਰੀ ਬੂੰਦ ਤਕ ਮੁਨਾਫ਼ੇਖੋਰੀ ਦੀ ਹੋੜ ਵਿੱਚ ਹੈ। ਟੀਹਰੀ ਡੈਮ ਨੇ ਜੋਸ਼ੀ ਮੱਠ ਨੂੰ ਧਰਾਸਾਈ ਕਰ ਕੇ ਸ਼ੀਸ਼ਾ ਦਿਖਾਇਐ। ਚਿਪਕੋ ਅੰਦੋਲਨ ਕਿਤੇ ਪਿੱਛੇ ਛੁੱਟ ਗਿਆ ਹੈ। ਖੇਤੀ ਲਈ ਵਰਤੀਆਂ ਜਾਂਦੀਆਂ ਕੀਟਨਾਸ਼ਕ ਅਤੇ ਨਦੀਨਨਾਸ਼ਕ ਦਵਾਈਆਂ ਨੇ ਧਰਤੀ ਹੇਠਲੇ ਪਾਣੀ ਵਿੱਚ ਜ਼ਹਿਰ ਘੋਲ ਦਿੱਤੀ ਹੈ। ਜ਼ਿੰਦਗੀ ਚੌਰਾਹੇ ’ਤੇ ਹੈ।
ਪੰਜਾਂ ਪਾਣੀਆਂ ਦੀ ਧਰਤੀ ਦੀ ਪੁਕਾਰ ਦਿਲ-ਚੀਰਵੀਂ ਹੈ। ਸੰਤਾਲੀ ਆਇਆ, ਪਾਣੀ ਵੰਡੇ ਗਏ। ਧਰਤੀ ਢਾਈ ਦਰਿਆਵਾਂ ਦੀ ਰਹਿ ਗਈ। ਹਰੀ ਕ੍ਰਾਂਤੀ ਨੇ ਮੁਲਕ ਦਾ ਪੇਟ ਜ਼ਰੂਰ ਭਰਿਆ, ਪਰ ਪੰਜਾਬੀਆਂ ਦੇ ਚਿਹਰੇ ’ਤੇ ਪਿਲੱਤਣ ਦੇ ਦਾਗ਼ ਛੱਡ ਗਈ ਅਤੇ ‘ਕੈਂਸਰ ਟਰੇਨਾਂ’ ਨੂੰ ਜਨਮ ਦੇ ਦਿੱਤਾ। ਪੰਜਾਬ ਦੇ 138 ਵਿੱਚੋਂ 109 ਬਲਾਕਾਂ ਦਾ ਪਾਣੀ ਜੜ੍ਹੀਂ ਲੱਗ ਗਿਆ ਹੈ। ਐੱਸ.ਵਾਈ.ਐੱਲ ਦੀ ਤਲਵਾਰ ਅਜੇ ਵੀ ਲਟਕ ਰਹੀ ਹੈ। ਬੱਬਨਪੁਰ ਦੀ ਧਰਤੀ ਵਿੱਚੋਂ ਨਿਕਲੇ ਲਾਲ ਰੰਗ ਦੇ ਪਾਣੀ ਨੇ ਫ਼ਿਕਰਾਂ ਨੂੰ ਹੋਰ ਸੂਹਾ ਕਰ ਦਿੱਤਾ ਹੈ। ਪੰਜਾਬ ਦਾ ਪਾਣੀ ਪੀਣ ਯੋਗ ਹੀ ਨਹੀਂ ਰਿਹਾ। ਘਰ ਘਰ ਲੱਗੇ ਆਰ.ਓ. ਸਾਡਾ ਮੂੰਹ ਚਿੜਾਉਂਦੇ ਨੇ। ਡੱਬਾ-ਬੰਦ ਪਾਣੀ ਸਾਡੀ ਹੋਣੀ ਬਣ ਗਿਆ ਹੈ। ਲੋਕ ਕਲਾਕਾਰ ਜਗਸੀਰ ਜੀਦੇ ਦੀ ਹੂਕ ਇਸ ਦਰਦ ਨੂੰ ਬਿਆਨ ਕਰਦੀ ਹੈ:
ਜਿੱਥੇ ਪੀਣ ਨੂੰ ਮਿਲੇ ਮੁੱਲ ਪਾਣੀ, ਉਸ ਨੂੰ ਪੰਜਾਬ ਆਖਦੇ।
ਪੰਜਾਬ ਦੀ ਪਾਣੀਆਂ ਨਾਲ ਮੁੱਢ ਤੋਂ ਭਾਵਨਾਤਮਿਕ, ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਸਾਂਝ ਰਹੀ ਹੈ। ਜਨਮ ਤੋਂ ਅਖੀਰ ਤਕ ਪਾਣੀ ਸਾਡਾ ਅਨਿੱਖੜਵਾਂ ਅੰਗ ਰਿਹਾ ਹੈ … ਸਾਡੀਆਂ ਖ਼ੁਸ਼ੀਆਂ ਗ਼ਮੀਆਂ ਦਾ ਰੂਹਦਾਰ। ਰਾਵੀ ਦਾ ਪਾਣੀ ਹੁਣ ਵੀ ਤੱਤੀ ਤਵੀ ਨੂੰ ਯਾਦ ਕਰ ਕੇ ਪਾਣੀ ਪਾਣੀ ਹੋ ਜਾਂਦਾ ਹੈ। ਇਸ ਨੇ ਕਈ ਸਲਤਨਤਾਂ ਨੂੰ ਬਣਦਿਆਂ ਢਹਿੰਦਿਆਂ ਵੇਖਿਆ … ਹਮਲੇ ਦੇਖੇ, ਕਤਲੇਆਮ ਦੇਖਿਆ, ਬੇਪਤੀਆਂ ਦੇਖੀਆਂ। ਸਰਸਾ ਨਦੀ ਦੇ ਪਾਣੀਆਂ ਵਿੱਚ ਉਮਰਾਂ ਭਰ ਦੇ ਖ਼ਜ਼ਾਨੇ ਦੱਬੇ ਪਏ ਨੇ ਅਤੇ ਪਰਿਵਾਰ ਵਿਛੋੜਿਆਂ ਦੀ ਦਰਦਨਾਕ ਦਾਸਤਾਨ ਉੱਕਰੀ ਹੋਈ ਹੈ। ਕੁਦਰਤ ਦੇ ਕਵੀ ਪ੍ਰੋ. ਪੂਰਨ ਸਿੰਘ ਨੂੰ ਪਾਣੀ ਆਵਾਜ਼ਾਂ ਮਾਰਦੇ ਹਨ:
ਰਾਵੀ ਸੋਹਣੀ ਪਈ ਵਗਦੀ, ਮੈਨੂੰ ਸਤਲੁਜ ਪਿਆਰਾ ਹੈ,
ਮੈਨੂੰ ਬਿਆਸ ਪਈ ਖਿੱਚਦੀ, ਮੈਨੂੰ ਝਨਾਂ ’ਵਾਜਾਂ ਮਾਰਦੀ।
ਮੈਨੂੰ ਜੇਹਲਮ ਪਿਆਰਦਾ,
ਅਟਕਾਂ ਦੀ ਲਹਿਰਾਂ ਦੀ ਠਾਠ ਮੇਰੇ ਬੂਹੇ ’ਤੇ ਵੱਜਦੀ।
ਵੰਡੇ ਪਾਣੀਆਂ ਦੀ ਹੂਕ ਅੱਜ ਵੀ ਸਾਡੇ ਦਿਲਾਂ ਨੂੰ ਧੂਹ ਪਾਉਂਦੀ ਹੈ। ਡਾ. ਸੁਰਜੀਤ ਪਾਤਰ ਦੀ ਕਲਮ ਦੋਵੇਂ ਪਾਸਿਆਂ ਦੇ ਪਾਣੀਆਂ ਦੀ ਖੈਰੀਅਤ ਮੰਗਦੀ ਹੈ:
ਕਹੇ ਸਤਲੁਜ ਦਾ ਪਾਣੀ
ਆਖੇ ਬਿਆਸ ਦੀ ਰਵਾਨੀ
ਸਾਡਾ ਜੇਹਲਮ-ਝਨਾਬ ਨੂੰ ਸਲਾਮ ਆਖਣਾ
ਅਸੀਂ ਮੰਗਦੇ ਹਾਂ ਖੈਰਾਂ, ਸੁਬਹ-ਸ਼ਾਮ ਆਖਣਾ
ਜੀ ਸਲਾਮ ਆਖਣਾ।
ਝਨਾਂ ਦੇ ਪਾਣੀ ਨੂੰ ਸੱਚੀ ਸੁੱਚੀ ਆਸ਼ਕੀ ਦਾ ਸਾਖ਼ਸਾਤ ਗਵਾਹ ਹੋਣ ਦਾ ਮਾਣ ਹੈ। ਇਸਦੇ ਪਾਣੀਆਂ ਤੇ ਇਸ਼ਕ ਕਹਾਣੀ ਤਾਰੀਆਂ ਲਾਉਂਦੀ ਹੈ। ਆਰ ਪਾਰ ਰੁਮਾਨੀਅਤ ਦਾ ਵਾਸਾ ਰਿਹਾ ਹੈ। ਇਸ ਨੂੰ ਪਾਰ ਕਰ ਕੇ ਹੀ ਤਖ਼ਤ ਹਜ਼ਾਰੇ ਦੇ ਚੌਧਰੀ ਦਾ ਮੁੰਡਾ ਧੀਦੋ ਇੱਥੋਂ ਦੇ ਪਿਆਰ ਦਾ ਪੱਟਿਆ ਵਾਪਸ ਘਰ ਨਾ ਪਰਤਿਆ, ਸਗੋਂ ਬਾਰਾਂ ਸਾਲ ਇਸਦੇ ਕੰਢੇ ਬੇਲਿਆਂ ਵਿੱਚ ਮੱਝਾਂ ਚਾਰਦਾ ਰਿਹਾ। ਝਨਾਂ ਦੀ ਖੂਬਸੂਰਤੀ ਦਾ ਡੰਗਿਆ ਸ਼ਹਿਜ਼ਾਦਾ ਇੱਜ਼ਤ ਬੇਗ ਮੁੜ ਬੁਖਾਰੇ ਜਾਣ ਜੋਗਾ ਨਾ ਰਿਹਾ ਅਤੇ ਇਸਦੇ ਕੰਢੇ ਕੁੱਲੀ ਪਾ ਲਈ। ਪਿਆਰ ਦੇ ਅੱਥਰੇ ਵੇਗ ਦੀ ਵਿੰਨ੍ਹੀ ਸੋਹਣੀ ਉਸ ਨੂੰ ਮਿਲਣ ਲਈ ਹਰ ਰੋਜ਼ ਘੜੇ ਉੱਪਰ ਠਾਠਾਂ ਮਾਰਦੇ ਝਨਾਂ ਨੂੰ ਪਾਰ ਕਰਦੀ ਸੀ। ਪ੍ਰੀਤ ਕਹਾਣੀਆਂ ਦਾ ਸਿਖਰ ਸਨ ਇਹ ਪਾਣੀ ਅਤੇ ਪ੍ਰੋ. ਮੋਹਨ ਸਿੰਘ ਦੀ ਸ਼ਾਇਰੀ ਨੇ ਪਾਣੀਆਂ ’ਤੇ ਤੈਰਦੇ ਰੁਮਾਂਸ ਦੇ ਰੰਗਾਂ ਨੂੰ ਹੋਰ ਆਸ਼ਕਾਨਾ ਬਣਾ ਦਿੱਤਾ:
ਮੈਂ ਸ਼ਾਇਰ ਮੇਰੇ ਫੁੱਲ ਸੁਹਾਵੇ, ਕਦਰ ਇਨ੍ਹਾਂ ਦੀ ਕੋਈ ਆਸ਼ਕ ਪਾਵੇ
ਗੰਗਾ ਬਾਹਮਣੀ ਕੀ ਜਾਣੇ, ਮੇਰੇ ਫੁੱਲ ਝਨਾਂ ਵਿੱਚ ਪਾਣੇ
ਰੂਹਾਂ ਹੀਰ ਤੇ ਸੋਹਣੀ ਦੀਆਂ
ਫਿਰਨ ਝਨਾਂ ਦੇ ਅੰਦਰ ਪਈਆਂ
ਪੈਰ ਦੋਹਾਂ ਦੇ ਵਾਹਣੇ, ਮੇਰੇ ਫੁੱਲ ਝਨਾਂ ਵਿੱਚ ਪਾਉਣੇ!
ਅੱਜ ਪੰਜਾਬ ਦੇ ਪਾਣੀ ਉਦਾਸ ਨੇ। ਸਾਨੂੰ ਉਲਾਂਭਾ ਦੇ ਕੇ ਜਿਵੇਂ ਕਹਿ ਰਹੇ ਹੋਣ ਕਿ ਅਸਾਂ ਤੁਹਾਨੂੰ ਜ਼ਿੰਦਗੀ ਦਿੱਤੀ ਪਰ ਤੁਸੀਂ ਸਾਨੂੰ ਮਨੋਂ ਵਿਸਾਰ ਦਿੱਤਾ … ਸਾਡਾ ਸਰੂਪ ਹੀ ਬਦਲ ਦਿੱਤਾ। ਕਵੀ ਤ੍ਰੈਲੋਚਨ ਲੋਚੀ ਨੇ ਇਸ ਦਰਦ ਨੂੰ ਕਲਮਬੰਦ ਕੀਤਾ ਹੈ:
ਸਤਲੁਜ ਅਤੇ ਬਿਆਸ ਮਿਲੇ ਸੀ, ਦੋਵੇਂ ਬਹੁਤ ਉਦਾਸ ਮਿਲੇ ਸੀ
ਮੇਰੇ ਵੰਨੀ ਝਾਕ ਰਹੇ ਸੀ, ਜਿੱਦਾਂ ਮੈਨੂੰ ਆਖ ਰਹੇ ਸੀ
ਕਿੱਥੇ ਸਾਡੇ ਸੁੱਚੇ ਪਾਣੀ, ਕਿਉਂ ਕਰਦੈਂ ਤੂੰ ਖਤਮ ਕਹਾਣੀ …
ਬਾਬੇ ਨਾਨਕ ਦੀ ਵੇਈਂ ਸਾਨੂੰ ਸਵਾਲ ਕਰਦੀ ਹੈ ਕਿ ਮੈਂ ਉਹੀ ਹਾਂ ਜਿਸਦੇ ਕੰਢੇ ਬੈਠ ਬਾਪੂ ਨੇ ਮੂਲ ਮੰਤਰ ਉਚਾਰਿਆ ਸੀ? ਜਿਸ ਵਿੱਚ ਚੁੱਭੀ ਲਾ ਕੇ ਬਾਬਾ ਸ੍ਰਿਸ਼ਟੀ ਨਾਲ ਅਭੇਦ ਹੋ ਗਿਆ ਸੀ? ਵੇਈਂ ਅੱਜ ਵੀ ਨਾਨਕ ਦੇ ਪੈਰੋਕਾਰਾਂ ਵੱਲ ਨਿਰਾਸੀਆਂ ਨਜ਼ਰਾਂ ਨਾਲ ਤੱਕਦੀ ਹੈ। ਆਪਣੇ ਬੀਤੇ ਕੱਲ੍ਹ ਨੂੰ ਉਦਾਸ ਮਨ ਨਾਲ ਚਿਤਵਦੀ ਹੈ। ਸ਼ਾਇਦ ਸੰਤ ਸੀਚੇਵਾਲ ਵਰਗੇ ਹੋਰ ਉਪਾਸ਼ਕ ਇਸ ਨੂੰ ਫਿਰ ਤੋਂ ਪਵਿੱਤਰ ਵੇਈਂ ਦਾ ਦਰਜਾ ਦੇ ਸਕਣ।
ਲੁਧਿਆਣੇ ਦਾ ਬੁੱਢਾ ਦਰਿਆ ਆਪਣੀ ਹੋਣੀ ’ਤੇ ਝੂਰਦਾ ਹੈ। ਕਿਸੇ ਵੇਲੇ ‘ਬੁੱਢੀ ਸਤਲੁਜ’ ਦੇ ਨਾਂ ਨਾਲ ਜਾਣੇ ਜਾਂਦੇ ਇਸ ਵਹਾਅ ਨੂੰ ਹੁਣ ‘ਬੁੱਢਾ ਨਾਲ਼ਾ’ ਜਾਂ ‘ਗੰਦਾ ਨਾਲ਼ਾ’ ਦੇ ਨਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ। ਪਿਛਲੀ ਸਦੀ ਦੇ ਅੱਠਵੇਂ ਦਹਾਕੇ ਤਕ ਇਸਦਾ ਪਾਣੀ ਪੀਣ ਲਈ ਵਰਤਿਆ ਜਾਂਦਾ ਸੀ। ਅੱਜ ਕੋਲ਼ੋਂ ਲੰਘਣ ਵੇਲੇ ਨੱਕ ਮੂੰਹ ਢਕਣਾ ਪੈਂਦਾ ਹੈ। ਇੰਨੀ ਬੇਕਦਰੀ? ਸ਼ਹਿਰ ਦੇ ਘਰਾਂ ਦੀ ਗੰਦਗੀ, ਡੇਅਰੀਆਂ ਦੇ ਮਲ-ਮੂਤਰ, ਰੰਗਾਈ ਕਾਰਖਾਨਿਆਂ ਦੇ ਜ਼ਹਿਰੀਲੇ ਰਸਾਇਣਾਂ ਅਤੇ ਅੰਧਵਿਸ਼ਵਾਸ ਦੇ ਕਚਰੇ ਨੇ ਇਸ ਨੂੰ ਬਦਤਰ ਬਣਾ ਦਿੱਤਾ ਹੈ। ਹਰ ਸਾਲ ਸਾਫ਼ ਸਫ਼ਾਈ ਦੇ ਨਾਮ ਉੱਤੇ ਕਰੋੜਾਂ ਰੁਪਏ ਖਰਚ ਕਰਨ ਦਾ ਟੀਚਾ ਰੱਖਿਆ ਜਾਂਦਾ, ਪਰ ਝੂਰਨ ਤੋਂ ਬਿਨਾਂ ਕੁਝ ਪੱਲੇ ਨਹੀਂ ਪੈਂਦਾ। ਕਈ ਵਾਰ ਕੁਦਰਤ ਵੀ ਆਪਣੀ ਬੇਕਦਰੀ ਕਾਰਨ ਗੁੱਸੇ ਵਿੱਚ ਆ ਜਾਂਦੀ ਹੈ। ਫਿਰ ਕੋਈ ਘੱਗਰ ਆਪਣਾ ਹੱਕ ਖੋਹਣ ਲਈ ਕੰਢੇ ਤੋੜ ਸੁੱਟਦੀ ਹੈ, ਮਨੁੱਖ ਨੂੰ ਸਬਕ ਸਿਖਾਉਣ ਦੇ ਰਾਹ ਪੈ ਜਾਂਦੀ ਹੈ।
ਪਾਣੀਆਂ ਨੂੰ ਪੰਜਾਬੀਆਂ ਉੱਤੇ ਕਥਨੀ ਅਤੇ ਕਰਨੀ ਵਿੱਚ ਫ਼ਰਕ ਹੋਣ ਦਾ ਗ਼ਮ ਹੈ। ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਨੇ ਪਾਣੀਆਂ ਦੀ ਬਲੀ ਲੈ ਲਈ ਹੈ। ਥਾਂ ਥਾਂ ਲੱਗੇ ਡੂੰਘੇ ਪੰਪਾਂ, ਟੂਟੀਆਂ ਵਿੱਚੋਂ ਲਗਾਤਾਰ ਵਗਦਾ ਬੇਤਹਾਸ਼ਾ ਪਾਣੀ, ਗੱਡੀਆਂ ਧੋਣ ਲਈ ਵਗਦੇ ਫੁਹਾਰੇ ਸਾਡੀ ਬਰਬਾਦੀ ਦਾ ਹੋਕਾ ਦੇ ਰਹੇ ਹਨ। ਝੋਨਾ ਬੀਜਣਾ, ਨਾੜ ਨੂੰ ਅੱਗ ਲਗਾਉਣੀ ਕਿਸਾਨ ਦੀ ‘ਮਜਬੂਰੀ’ ਹੈ। ਸੰਜੀਦਾ ਆਵਾਜ਼ਾਂ ਦੀਆਂ ਦਲੀਲਾਂ ਦਾ ਕਈ ਵਾਰ ਕੋਈ ਜਵਾਬ ਨਹੀਂ ਹੁੰਦਾ। ਉੱਘੇ ਖੇਤੀ ਵਿਗਿਆਨੀ ਡਾ. ਸਰਦਾਰਾ ਸਿੰਘ ਜੌਹਲ ਨੂੰ ਕਿਸੇ ਸਵਾਲ ਨੇ ਕੀਤਾ, “ਜੇ ਝੋਨਾ ਬੀਜਣ ਲਈ ਪਾਣੀ ਦੀ ਦੁਰਵਰਤੋਂ ਹੁੰਦੀ ਹੈ, ਤਾਂ ਹੋਰ ਕਿਹੜੀ ਫ਼ਸਲ ਬੀਜੀਏ?” ਜਵਾਬ ਨਿਰੁੱਤਰ ਕਰਨ ਵਾਲਾ ਸੀ, “ਓਹੀ, ਜਿਹੜੀ ਪਾਣੀ ਖਤਮ ਹੋਣ ਬਾਅਦ ਬੀਜੋਗੇ।” ਕਿਸਾਨਾਂ ਤੇ ਕਾਰਖਾਨਿਆਂ ਵਿੱਚ ਦੌੜ ਲੱਗੀ ਹੋਈ ਹੈ, ਪਾਣੀ ਮੁਕਾਉਣ ਅਤੇ ਗੰਧਲਾ ਕਰਨ ਦੀ! ਹਮਾਮ ਵਿੱਚ ਸਾਰੇ ਨੰਗੇ ਨੇ। ਨਸੀਹਤਾਂ ਤਾਂ ਬਿਗਾਨਿਆਂ ਲਈ ਹੁੰਦੀਆਂ ਨੇ। ਲਗਦਾ ਹੈ, ਜਿਵੇਂ ਪਾਣੀ ਸਰਾਪੇ ਗਏ ਹੋਣ!
ਪੰਜਾਬ ਦੀ ਦਰਦਨਾਕ ਹੂਕ ਦੀ ਇੱਕ ਝਲਕ, ਜਿਹੜੀ ਸਾਡੀ ਰੂਹ ਨੂੰ ਕੰਬਣੀ ਛੇੜ ਦਿੰਦੀ ਹੈ। ਵਿਦਵਾਨਾਂ ਦੇ ਇੱਕ ਸੈਮੀਨਾਰ ਵਿੱਚ ਇੱਕ ਚਿੰਤਕ ਦੇ ਲਹੂ ਦੇ ਅੱਥਰੂ:
ਏਅਰ ਕੈਨੇਡਾ ਦੀ ਫਲਾਈਟ ਵਿੱਚ, ਜੋ ਵੈਨਕੂਵਰ ਤੋਂ ਦਿੱਲੀ ਜਾ ਰਹੀ ਸੀ, ਅਗਲੀ ਸੀਟ ’ਤੇ ਬੈਠੇ ਦੋ ਯਾਤਰੀ ਗੱਲਾਂ ਕਰ ਰਹੇ ਸੀ:
“ਸ਼ੇਰਾ, ਕਿੰਨੇ ਚਿਰ ਬਾਅਦ ਵਾਪਸ ਚੱਲਿਐਂ?”
“ਬਾਬਾ ਜੀ, ਪੂਰੇ ਪੱਚੀ ਸਾਲ ਬਾਅਦ …”
“ਇੰਨੇ ਚਿਰ ਪਿੱਛੋਂ ਕਿਉਂ?”
“ਬਾਪੂ ਮੁੱਕ ਗਿਆ …”
“ਕਿਉਂ, ਕੀ ਹੋਇਆ?”
“ਡਾਕਟਰ ਕਹਿੰਦਾ … ਉਸਦਾ ਪਾਣੀ ਮੁੱਕ ਗਿਆ।”
“ਕਦੇ ਜਿਉਂਦੇ ਨੂੰ ਕਿਉਂ ਨਹੀਂ ਮਿਲਣ ਗਿਆ?”
“ਬਾਪੂ ਨਹੀਂ ਚਾਹੁੰਦਾ ਸੀ … ਪਿੰਡ ਵਿੱਚ ਦੁਸ਼ਮਣੀ ਕਰ ਕੇ …”
“ਦੁਸ਼ਮਣੀ ਕਾਹਦੀ ਸੀ?”
“ਬਾਬਾ, ਉਹ ਵੀ ਪਾਣੀ ਦੀ ਸੀ … ਬਾਪੂ ਕੱਸੀ ਦਾ ਪਾਣੀ ਲਾਉਣ ਜਾਂਦਾ ਤਾਂ ਸ਼ਰੀਕੇ ਵਾਲੇ ਆਖ਼ਰੀ ਕਿਆਰਾ ਭਰਨ ਤੋਂ ਪਹਿਲਾਂ ਪਾਣੀ ਵੱਢ ਲੈਂਦੇ … ਬਾਪੂ ਘਰੇ ਆ ਕੇ ਕਹਿੰਦਾ … ‘ਜੇਕਰ ਇਨ੍ਹਾਂ ਨੇ ਪਾਣੀ ਫਿਰ ਵੱਢਿਆ, ਤਾਂ ਮੈਂ ਇਨ੍ਹਾਂ ਨੂੰ ਵੱਢ ਦੂੰ … ’ ਮਾਂ ਕਹਿੰਦੀ … ‘ਤੂੰ ਇਕੱਲਾਂ … ਜੇਕਰ ਗੁੱਸਾ ਆਵੇ ਤਾਂ ਆਪਣੀ ਜੀਭ ´ਤੇ ਦੰਦੀ ਵੱਢ ਲਿਆ ਕਰ … ਇਹ ਜ਼ਿਆਦਾ ਨੇ …” ਬਾਪੂ ਦੀ ਜੀਭ ਦੰਦੀਆਂ ਵੱਢ ਵੱਢ ਕਾਲੀ ਹੋ ਰਹੀ ਸੀ … ਪਰ ਸ਼ਰੀਕੇ ਵਾਲੇ ਪਾਣੀ ਵੱਢਣੋਂ ਨਾ ਹਟੇ … ਤਾਂ ਇੱਕ ਦਿਨ ਬਾਪੂ ਨੇ ਬਚਨਾ ਵੱਢਤਾ … ਮਾਂ ਮੈਨੂੰ ਚੁੱਕ ਕੇ ਪੇਕੇ ਚਲੀ ਗਈ … ਮੇਰਾ ਪਿੰਡ ਦਾ ਪਾਣੀ ਮੁੱਕ ਗਿਆ … ਫਿਰ ਵੱਡਾ ਹੋਇਆ … ਨਾਨਕਿਆਂ ਮੈਨੂੰ ਕੈਨੇਡਾ ਭੇਜ ਕੇ ਮੇਰਾ ਵਤਨ ਦਾ ਪਾਣੀ ਮੁਕਾ ਦਿੱਤਾ … ਹੁਣ ਵਾਪਸ ਚੱਲਿਐਂ … ਕਹਿੰਦੇ ਪਿਓ ਦੇ ਫੁੱਲ ਪਾਣੀ ਵਿੱਚ ਤਾਰਨੇ ਆਂ … ਤੇਰੀ ਜ਼ਰੂਰਤ ਐ …”
ਬਾਬਾ ਲੰਮਾ ਸਾਹ ਲੈ ਕੇ ਬੋਲਿਆ … “ਜੇਕਰ ਪੰਜਾਂ ਆਬਾਂ ਵਿੱਚ ਕਿਤੇ ਪਾਣੀ ਮਿਲ ਗਿਆ ਤਾਂ ਠੀਕ ਐ … ਨਹੀਂ ਤਾਂ ਬਾਪੂ ਦੇ ਫੁੱਲ ਹਰਿਦੁਆਰ ਤਾਰ ਆਈਂ … ਪਾਣੀ ਪੰਜਾਬ ਦਾ ਵੀ ਮੁੱਕ ਚੱਲਿਐ …”
ਪੰਜਾਬੀਓ! ਕਿਤੇ ਕੁਵੇਲਾ ਨਾ ਹੋ ਜਾਵੇ!!!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5186)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: