“ਉਦਾਸ ਮਨ ਢਲਦੇ ਪ੍ਰਛਾਵਿਆਂ ਨੂੰ ਦੇਖ ਕੇ ਸੋਚਦਾ ਹੈ ਕਿ ਸ਼ਾਮ ਹੋ ਗਈ ਹੈ, ਪਰ ਖੁਸ਼ਮਿਜ਼ਾਜ ਦਿਲ ...”
(18 ਅਕਤੂਬਰ 2024)
ਜਿਉਂਦਿਆਂ ਦੇ ਮੇਲੇ ਅੰਗ ਸੰਗ ਰਹਿੰਦੇ ਹਨ ਅਤੇ ਵਿਛੜ ਗਿਆਂ ਦੀਆਂ ਯਾਦਾਂ। ਮੂਲ ਤੱਤ ‘ਹੈ’ ਅਤੇ ‘ਸੀ’ ਦਾ ਹੁੰਦਾ ਹੈ। ਜੀਵਨ ਧਾਰਾ ‘ਅੱਜ’ ਦੀ ਨਿਰੰਤਰਤਾ ਵਿੱਚ ਵਹਿੰਦੀ ਰਹਿੰਦੀ ਹੈ, ਬੀਤਿਆ ‘ਕੱਲ੍ਹ’ ਅਤੀਤ ਦੀ ਬੁੱਕਲ ਵਿੱਚ ਛੁਪ ਜਾਂਦਾ ਹੈ। ਲੰਘੇ ਪਲਾਂ ਵਿੱਚੋਂ ਉਪਜੀ ਕੋਈ ਚਾਨਣ ਦੀ ਲੀਕ ਅਕਸਰ ਅੰਬਰ ਨੂੰ ਰੌਸ਼ਨ ਕਰ ਦਿੰਦੀ ਹੈ, ਜਦੋਂ ਕਿ ਹਨੇਰੇ ਪੱਖ ਦਾ ਕੋਈ ਪੂਰ ਸਾਨੂੰ ਘਣਘੋਰ ਅੰਧਕਾਰ ਦੀ ਸਰਦਲ ’ਤੇ ਲਿਆ ਖੜ੍ਹਾ ਕਰਦਾ ਹੈ। ਗੁਜ਼ਰੀਆਂ ਹੋਈਆਂ ਘੜੀਆਂ ਚੇਤਿਆਂ ਦੀ ਚੰਗੇਰ ਵਿੱਚ ਵਸ ਜਾਂਦੀਆਂ ਹਨ, ‘ਭਵਿੱਖ’ ਦਾ ਵਾਸਾ ਸਮੇਂ ਦੇ ਗਰਭ ਵਿੱਚ ਹੁੰਦਾ ਹੈ। ਦੋਵਾਂ ਤੋਂ ਵੱਖਰੀ ਚਾਲ ਦਾ ਸੂਚਕ ਹੈ- ‘ਵਰਤਮਾਨ।’ ਵਰਤਮਾਨ ਹੀ ਅਜਿਹਾ ਖਿਣ ਹੈ, ਜਿਹੜਾ ਰੰਗਲੀ ਦੁਨੀਆਂ ਦੇ ਸੁਪਨਿਆਂ ਸਾਹਵੇਂ ਖਲ੍ਹਾਰ ਕੇ ਸੁਨੇਹਾ ਦਿੰਦਾ ਹੈ : “ਮਹਿਰਮਾ! ਤਵਾਰੀਖੀ ਸਚਾਈ ਤੇਰੇ ਸਾਹਮਣੇ ਖੜ੍ਹੀ ਹੈ … ਰੰਗਾਂ ਦੀ ਮਹਿਫਿਲ ਦਾ ਆਨੰਦ ਮਾਣ ਲੈ, ਕੱਲ੍ਹ ਕਿਸੇ ਨਹੀਂ ਵੇਖਿਆ।”
ਜ਼ਿੰਦਗੀ ਜੀਵਨ ਕਲਾ ਦਾ ਨਾਂ ਹੈ। ਜੋ ਸਬਕ ਕਿਤਾਬਾਂ ਵਿੱਚੋਂ ਨਹੀਂ ਮਿਲਦੇ, ਉਹ ਜ਼ਿੰਦਗੀ ਦੀ ਚਿੱਤਰਪਟ ’ਤੇ ਉੱਕਰੇ ਮਿਲਦੇ ਹਨ। ਮੁਲਾਇਮ ਪਾਸਾ ਦੇਖੋਗੇ ਤਾਂ ਸੁਹਾਵਣਾ ਲੱਗੇਗਾ, ਖਰ੍ਹਵਾ ਬੰਨਾ ਨਿਰਾਸ਼ ਕਰੇਗਾ। ਕਠੋਰ ਅਧਿਆਪਕ ਦਾ ਦਰਜਾ ਮਿਲਿਆ ਹੋਇਆ ਹੈ ਜ਼ਿੰਦਗੀ ਨੂੰ। ਸਬਕ ਸਿਖਾਏ ਬਿਨਾਂ ਮਰਨ ਵੀ ਨਹੀਂ ਦਿੰਦੀ … ਜੱਗ ਜੰਕਸ਼ਨ ਰੇਲਾਂ ਦਾ। ਮਿਲਾਪ ਅਤੇ ਵਿਛੋੜਾ ਸਕੀਆਂ ਭੈਣਾਂ ਨੇ। ਮੇਲ-ਜੋਲ ਦੇ ਲਮਹੇ ਸਦੀਵੀ ਸਕੂਨ ਬਖ਼ਸ਼ਦੇ ਹਨ, ਪਰ ਜੁਦਾਈ ਦਾ ਹੇਰਵਾ ਮਨਾਂ ਵਿੱਚ ਘਰ ਕਰ ਜਾਂਦਾ ਹੈ। ਦਿਲਾਂ ਦੀ ਉਦਾਸੀ ਬਾਕੀ ਦੇ ਖੈਰ ਸੁੱਖਾਂ ਨੂੰ ਢਕ ਲੈਂਦੀ ਹੈ। ਫਿਰ ਮਾਣਕ ਦੀ ਹੇਕ ਰੂਹ ਨੂੰ ਟੁੰਬਦੀ ਲਗਦੀ ਹੈ: ‘ਮਿਲੇ ਦੀਆਂ ਲੱਖ ਖੁਸ਼ੀਆਂ, ਤੁਰ ਗਏ ਦੀ ਉਦਾਸੀ ਏ …।’
ਓਸ਼ੋ ਜ਼ਿੰਦਗੀ ਨੂੰ ਧੰਨਭਾਗ ਆਖਦਾ ਹੈ: “ਜ਼ਿੰਦਗੀ ਅਟੱਲ ਜਾਂ ਅਖੀਰ ਨਹੀਂ … ਇਹ ਨਦੀ ਦੀ ਵਗਦੀ ਨਿਰੰਤਰ ਧਾਰਾ ਹੈ … ਜਾਣਿਆਂ ਪਛਾਣਿਆਂ ਰਾਹਵਾਂ ਤੋਂ ਅਣਦਿਸਦੇ ਦਿਸਹੱਦਿਆਂ ਵੱਲ ਦਾ ਸਫ਼ਰ … ਫਿਰ ਭਵਿੱਖ ਦੀ ਚਿੰਤਾ ਕਿਉਂ? … ਜਦੋਂ ਸਾਹਮਣੇ ਆਵੇਗਾ, ਸਿੱਝ ਲਵਾਂਗੇ। ਸਾਰਾਂਸ਼ ਇਹ ਹੈ ਕਿ ਜਿਹੜੀਆਂ ਨੜ੍ਹਿੰਨਵੇਂ ਪ੍ਰਤੀਸ਼ਤ ਘਟਨਾਵਾਂ ਬਾਰੇ ਅਸੀਂ ਸੋਚ ਰਹੇ ਹੁੰਦੇ ਹਾਂ, ਉਹ ਵਾਪਰਨੀਆਂ ਹੀ ਨਹੀਂ ਹੁੰਦੀਆਂ … ਫਿਰ ਇੱਕ ਫੀਸਦੀ ਬਾਰੇ ਸੋਚਣਾ ਤਾਂ ਨਿਰੀ ਮੂਰਖਤਾ ਹੈ …।”
ਦੋ-ਧਾਰੀ ਤਲਵਾਰ ਹੈ ਜ਼ਿੰਦਗੀ … ਹੱਸਦੇ ਹਾਂ ਤਾਂ ਨਾਲ ਹੱਸਦੀ ਹੈ, ਰੋਂਦੇ ਹਾਂ ਤਾਂ ਰੱਜ ਕੇ ਰੁਲਾਉਂਦੀ ਹੈ। ਉਦਾਸ ਮਨ ਢਲਦੇ ਪ੍ਰਛਾਵਿਆਂ ਨੂੰ ਦੇਖ ਕੇ ਸੋਚਦਾ ਹੈ ਕਿ ਸ਼ਾਮ ਹੋ ਗਈ ਹੈ, ਪਰ ਖੁਸ਼ਮਿਜ਼ਾਜ ਦਿਲ ਢਲਦੇ ਸੂਰਜ ਦੀ ਲਾਲੀ ਨੂੰ ਦੇਖ ਤਰੰਗਮਈ ਹੋ ਜਾਂਦਾ ਹੈ ਕਿ ਮਹਿਫਿਲ ਤਾਂ ਸ਼ੁਰੂ ਹੀ ਸ਼ਾਮ ਨੂੰ ਹੁੰਦੀ ਹੈ। ਫਿਰ ਨਿਰਾਸ਼ਤਾ ਮਨ ਦੇ ਚਾਵਾਂ ਨੂੰ ਖੋਰਾ ਨਹੀਂ ਲਾਉਂਦੀ ਅਤੇ ਜ਼ਿੰਦਾਦਿਲੀ ਆਉਣ ਵਾਲੀ ਚਾਂਦੀ-ਰੰਗੀ ਸਵੇਰ ਦੀ ਸੂਚਕ ਬਣ ਜਾਂਦੀ ਹੈ। ਹਨੇਰਿਆਂ ਨੂੰ ਰੁਸ਼ਨਾਉਣ ਅਤੇ ਆਫ਼ਤਾਂ ਨਾਲ ਆਢਾ ਲਾਉਣ ਨੂੰ ਗ਼ਜ਼ਲਗੋ ਗੁਰਦਿਆਲ ਰੌਸ਼ਨ ਜਿਉਂਦੇ ਹੋਣ ਦਾ ਪ੍ਰਮਾਣ ਪੱਤਰ ਦੱਸਦਾ ਹੈ:
ਮੁਸ਼ਕਿਲਾਂ ਦੇ ਨਾਲ ਮੇਰਾ ਰਾਬਤਾ ਬਣਿਆ ਰਹੇ
ਜ਼ਿੰਦਗੀ, ਮੈਂ ਤੇਰੇ ਨਾਲ ਜੂਝਦਾ ਹੀ ਠੀਕ ਹਾਂ।
ਜ਼ਿੰਦਗੀ ਵਲਵਲਿਆਂ ਦਾ ਵੇਗ ਹੈ- ਅਰੋਕ … ਅਮੁੱਕ … ਅਨੰਤ। ਕਈ ਵਾਰ ਓਪਰੇ ਰਾਹਵਾਂ ’ਤੇ ਚਲਦੇ ਰਾਹਗੀਰ ਵੀ ਆਪਣੇ ਲੱਗਦੇ ਹਨ। ਅਚਾਨਕ ਬਣੇ ਰਿਸ਼ਤਿਆਂ ਦੀ ਖੂਬਸੂਰਤੀ ਉਸ ਮੇਲ-ਜੋਲ ਦੀ ਤਸਵੀਰ ਨੂੰ ਸਾਲਾਂ-ਬੱਧੀ ਯਾਦਾਂ ਦੇ ਚੌਖਟੇ ਵਿੱਚ ਸੰਭਾਲੀ ਰੱਖਦੀ ਹੈ। ਸਫ਼ਰ ਕਰਦਿਆਂ ਕਈ ਵਾਰ ਕੁਝ ਅਜਿਹੇ ਚਿਹਰੇ ਜ਼ਿਹਨ ਵਿੱਚ ਵਸ ਜਾਂਦੇ ਹਨ, ਜਿਹੜੇ ਭੁਲਾਇਆਂ ਨਹੀਂ ਭੁੱਲਦੇ। ਉਹ ਤੁਹਾਡੇ ਵਿੱਚੋਂ ਆਪਣੇ ਵਿੱਛੜੇ ਪਿਆਰਿਆਂ ਦਾ ਸਿਰਨਾਵਾਂ ਲੱਭਦੇ ਹਨ। ਕਿਸੇ ਪਲ ਦੀ ਯਾਦ ਸਾਂਝੀ ਕਰਨੀ ਉਨ੍ਹਾਂ ਲਈ ਜਿਉਂਦੇ ਜੀਅ ਮੇਲਾ ਬਣ ਜਾਂਦੀ ਹੈ। ਸਬੱਬ ਬਣਿਆ, ਕੈਨੇਡਾ ਦੇ ਵੱਡੇ ਸਟੋਰ ‘ਵਾਲਮਾਰਟ’ ’ਤੇ ਜਾਣ ਦਾ। ਅਚਾਨਕ ਇੱਕ ਖੂੰਜੇ ਤੋਂ ਆਈ ਆਵਾਜ਼ ਨੇ ਧਿਆਨ ਖਿੱਚ ਲਿਆ:
“ਸਰਦਾਰ ਜੀ … ਸਤਿ ਸ੍ਰੀ ਅਕਾਲ …।” ਮੈਂ ਹੈਰਾਨ!
“ਘਬਰਾਓ ਨਾ … ਤੁਹਾਡੇ ਗੁਆਂਢੀ ਹੀ ਤਾਂ ਹਾਂ …।” ਚਿਤਵਣੀ ਹੋਰ ਵਧ ਗਈ। ਅਜਨਬੀ ਚਿਹਰਾ ਜੁ ਸੀ।
“ਮੈਂ ਜਮਸ਼ੇਰ ਰਾਣਾ … ਰਾਵਲਪਿੰਡੀ ਤੋਂ … ਸੰਤਾਲੀ ਦੇ ਵਿੱਛੜੇ ਅੱਜ ਮਿਲੇ ਹਾਂ …” ਮੈਂ ਅਵਾਕ ਉਸਦੇ ਮੂੰਹ ਵੱਲ ਵੇਖ ਰਿਹਾ ਸਾਂ।
“ਅੱਬਾ ਜਾਨ ਦੱਸਦੇ ਹੁੰਦੇ ਸੀ … ਗੁਆਂਢ ਵਿੱਚ ਸਰਪੰਚਾਂ ਦਾ ਘਰ ਸੀ … ਮੁਹਾਂਦਰਾ ਹੂਬਹੂ ਤੁਹਾਡੇ ਨਾਲ ਮਿਲਦਾ ਜੁਲਦਾ … ਮੈਨੂੰ ਲੱਗਿਆ ਅੱਜ ਦਹਾਕਿਆਂ ਬਾਅਦ … ਮੇਰਾ ਗੁਆਂਢੀ ਮਿਲ ਗਿਆ ਹੈ …।” ਅਣਜਾਣਪੁਣੇ ਵਿੱਚ ਗੁਆਚੇ ਰਿਸ਼ਤਿਆਂ ਦੀ ਚੀਸ ਵਤਨ ਦੀ ਮਿੱਟੀ ਤੋਂ ਆਏ ਕਿਸੇ ਅਗਿਆਤ ਸ਼ਖਸ ਨੂੰ ਮਿਲ ਕੇ ਮੱਲ੍ਹਮ ਦਾ ਫਹਿਆ ਬਣ ਜਾਂਦੀ ਹੈ।
ਯਾਦ ਹੈ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ‘ਪਹੁਤਾ ਪਾਂਧੀ’? ਮੇਜਰ ਸਾਬ੍ਹ ਜੋ ‘ਪੇ-ਮਰਿਆਂ’ ਦੇ ਫ਼ਸਟ ਕਲਾਸ ਕੋਚ ਨੂੰ ਛੱਡ ਤੀਜੇ ਦਰਜੇ ਦੇ ਖਚਾਖਚ ਭਰੇ ਡੱਬੇ ਵਿੱਚ ਆ ਬੈਠੇ ਸਨ। ਆਪਣੇ ਰੰਗਲੇ ਸੁਭਾਅ ਕਾਰਨ ਸਭ ਦੇ ਚਹੇਤੇ ਹੋ ਨਿੱਬੜੇ। ਵਿੱਛੜਣ ਵੇਲੇ ਮੇਲਾ ਲੁੱਟ ਕੇ ਲੈ ਗਏ ਸਨ ਤੇ ਡੱਬਾ ਭਾਂ ਭਾਂ ਕਰਨ ਲੱਗ ਗਿਆ ਸੀ। ਅਸਮਾਨੀ ਬਿਜਲੀ ਵਾਂਗ ਚਮਕੀ ਕੋਈ ਅਜਨਬੀ ਰੂਹ ਸਾਲਾਂ ਬੱਧੀ ਚੇਤਿਆਂ ਵਿੱਚ ਵਸ ਕੇ ਜ਼ਿੰਦਗੀ ਦੀ ਸਾਰਥਿਕਤਾ ਸਮਝਾ ਜਾਂਦੀ ਹੈ ਅਤੇ ਇਤਰ ਵਿੱਚ ਭਿੱਜੀਆਂ ਪੌਣਾਂ ਦੀ ਮਹਿਕ ਦਿਲਾਂ ਨੂੰ ਰੁਸ਼ਨਾਉਂਦੀ ਰਹਿੰਦੀ ਹੈ।
ਮਿੱਤਰੋ! ਯੁਗ ਪਦਾਰਥਵਾਦੀ ਹੋ ਗਿਆ ਹੈ। ਗੱਲ ਜਰਬਾਂ ਤਕਸੀਮਾਂ ’ਤੇ ਆ ਕੇ ਰੁਕ ਜਾਂਦੀਹੈ। ਮੇਲਾ ਫਿੱਕਾ ਲੱਗਣ ਲੱਗ ਪੈਂਦਾ ਹੈ। ਚਮਕਦੀਆਂ ਧਾਤਾਂ ਦੀ ਚਕਾਚੌਂਧ ਨੇ ਮਿਲਾਪ ਦੀਆਂ ਘੜੀਆਂ ਦੀ ਲੋਅ ਮੱਧਮ ਕਰ ਦਿੱਤੀ ਹੈ। ਜਹਾਨ ’ਤੇ ਆਇਆ ਮਨੁੱਖ ਸਿਕੰਦਰ ਬਣਨ ਦੇ ਚੱਕਰਵਿਊ ਵਿੱਚ ਫਸਿਆ ਹੋਇਆ ਹੈ। ਮਨ ਵਿੱਚੋਂ ਵਿੱਸਰ ਜਾਂਦਾ: ‘ਹਾਸ਼ਮ ਬੈਠ ਗਈਆਂ ਲੱਖ ਡਾਰਾਂ, ਇਹ ਜਗਤ ਮੁਸਾਫ਼ਰਖ਼ਾਨਾ।’ ਸਿਰਫ਼ ਆਉਣ ਜਾਣ ਦਾ ਸਬੱਬ ਹੈ। ਸ੍ਰਿਸ਼ਟੀ ਇਸ ਜਜ਼ੀਰੇ ਤੇ ਪੱਕੇ ਘਰ ਬਣਾਉਣ ਦੀ ਇਜਾਜ਼ਤ ਨਹੀਂ ਦਿੰਦੀ, ਨਾ ਹੀ ਜੰਨਤ ਦੇ ਬੂਹੇ ’ਤੇ ਖੜ੍ਹਾ ਦਰਬਾਨ ਝੋਲੀਆਂ ਭਰ ਕੇ ਅੰਦਰ ਜਾਣ ਦੀ ਰਜ਼ਾਮੰਦੀ ਦਰਸਾਉਂਦਾ ਹੈ। ਫਿਰ ਝੋਰਾ ਕਿਸ ਗੱਲ ਦਾ? ਖਾਲੀ ਹੱਥ ਆਏ ਸੀ, ਫਿਰ ਖਾਲੀ ਹੱਥ ਜਾਣ ’ਤੇ ਇਤਰਾਜ਼ ਕਿਉਂ? ਕਿਉਂ ਰੋਜ਼ਾਨਾ ਦੇ ਵਹੀ ਖਾਤਿਆਂ ਅਤੇ ਯਾਰਾਂ ਬੇਲੀਆਂ ਦੀ ਲੰਮੀ ਫਹਿਰਿਸਤ ਦਰਜ ਨਹੀਂ ਹੁੰਦੀ। ਭੁਲੱਕੜ ਮਨ ਭੁੱਲ ਜਾਂਦਾ ਹੈ ਕਿ ਦੁਨੀਆਂ ਦੇ ਰੰਗ ਤਮਾਸ਼ੇ ਵੇਖਣ ਲਈ ਹੀ ਤਾਂ ਸੰਸਾਰ ਸਾਜਿਆ। ਤਾਹੀਓਂ ਤਾਂ ਰੰਗਲੇ ਸੰਸਾਰ ਤੋਂ ਵਿਛੜਨ ਨੂੰ ਦਿਲ ਨਹੀਂ ਕਰਦਾ। ਫਿਰ ਕਿਉਂ ਨਾ ਹਰ ਦਿਨ ਤੀਆਂ ਵਰਗਾ ਗੁਜ਼ਰੇ ਅਤੇ ਰਾਤ, ਸੁਹਾਗ-ਰਾਤ ਵਰਗੀ? ਨਵੀਂ ਸਵੇਰ ਦੀਆਂ ਕਿਰਨਾਂ ਨੂੰ ਖੁਸ਼-ਆਮਦੀਦ ਕਹੀਏ ਅਤੇ ਅੰਤਰ-ਧਿਆਨ ਹੋ ਕੇ ਸੋਚੀਏ ਪ੍ਰੋ. ਮੋਹਨ ਸਿੰਘ ਵਾਂਗ:
ਕੀ ਹੋਇਆ ਜੇ ਬੂਹੇ ਪੂਰੇ ਖੁੱਲ੍ਹੇ ਨਾ,
ਝੀਥਾਂ ਵਿੱਚੋਂ ਰੌਸ਼ਨੀਆਂ ਤਾਂ ਆਈਆਂ ਨੇ।
ਨਾਮਵਰ ਜਪਾਨੀ ਲੇਖਕ ਤੋਸੀਕਾਜੂ ਕਾਵਾਗੁਚੀ ਆਪਣੀ ਪੁਸਤਕ ‘Before The Coffee Gets Cold’ ਵਿੱਚ ਜ਼ਿੰਦਗੀ ਨੂੰ ਸੁਰਾਂਗਲੀ ਬਣਾਉਣ ਦੀ ਜੁਗਤ ਦੱਸਦਾ ਹੈ। ਉਸ ਦਾ ਮੱਤ ਹੈ ਕਿ ਸਮਾਂ ਉਡਾਰੀਆਂ ਮਾਰ ਰਿਹਾ ਹੈ ਅਤੇ ਵਰਤਮਾਨ ਤੁਹਾਨੂੰ ਨੀਝ ਨਾਲ ਦੇਖ ਰਿਹਾ ਹੈ। ਪਿਛਲੀਆਂ ਗਲਤੀਆਂ ਭੁਲਾਉਣ ਨਾਲ ਅਣਕਹੇ ਬੋਲਾਂ ਦੀ ਜ਼ੁਬਾਨ ਰਸਵੰਤੀ ਹੋ ਜਾਂਦੀ ਹੈ। ਕਿਸੇ ਨਾਲ ਸੰਵਾਦ ਨਾ ਰਚਾਉਣ ਅਤੇ ਆਪਣੇ ਮਨ ਦੇ ਕਪਾਟ ਨਾ ਖੋਲ੍ਹਣ ਨਾਲ ਪਛਤਾਵਾ ਹੀ ਪੱਲੇ ਪੈਂਦਾ ਹੈ। ਮੁਆਫ਼ ਕਰਨ ਦਾ ਮਤਲਬ ਹੈ- ਰਿਸਦੇ ਜ਼ਖ਼ਮਾਂ ’ਤੇ ਲੇਪ ਲਾਉਣਾ। ਅਤੀਤ ਨੂੰ ਅਹਿਮੀਅਤ ਦੇਣੀ ਬੇਸ਼ਕੀਮਤੀ ਹੈ, ਪਰ ਦੇਖਿਓ ਕਿਤੇ ਤੁਹਾਡੇ ‘ਹੁਣ’ ਨੂੰ ਬੀਤੇ ਦਾ ਗ੍ਰਹਿਣ ਨਾ ਲੱਗ ਜਾਵੇ। ਧਰਤੀ ’ਤੇ ਆਮਦ ਦਾ ਉਦੇਸ਼ ਹੈ ਮੁਹੱਬਤੀ ਰੂਹਾਂ ਦਾ ਸੰਗ! ਹੈ ਨਾ ਜ਼ਿੰਦਗੀ ਜਿਊਣ ਦੀ ਸਟੀਕ ਮਿਸਾਲ?
ਪਰਵਾਸ ਦੇ ਮਸਲਿਆਂ ਨੇ ਜਿਉਂਦੇ ਜੀਆਂ ਦੇ ਮੇਲਿਆਂ ਦਾ ਰੰਗ ਫਿੱਕਾ ਪਾ ਦਿੱਤਾ ਹੈ। ਆਪਣੇ ਹੱਥੀਂ ਤੋਰੇ ਪਿਆਰਿਆਂ ਦੇ ਵਿਛੜਨ ਵੇਲੇ ਫਿਰ ਤੋਂ ਮਿਲਣ ਦੀਆਂ ਆਸਾਂ ਦੀ ਡੋਰ ਟੁੱਟਦੀ ਜਾਪਦੀ ਹੈ। ਸਿੱਕਿਆਂ ਦੀ ਟੁਣਕਾਰ ਸਾਹਮਣੇ ਮਿਲਾਪ ਦੀਆਂ ਘੜੀਆਂ ਦੂਰ ਹੁੰਦੀਆਂ ਲੱਗਦੀਆਂ ਨੇ। ਸੁਪਨਿਆਂ ਨਾਲ ਸਜਾਈਆਂ ਮਹਿਲ-ਮਾੜੀਆਂ ਸੱਖਣੀਆਂ ਹੋਣ ’ਤੇ ਵੱਢ ਵੱਢ ਖਾਂਦੀਆਂ ਹਨ। ਖਾਲੀ ਤਬੇਲਿਆਂ ਵਿੱਚ ਸੁਣਾਈ ਦਿੰਦੀ ਕਬੂਤਰਾਂ ਦੀ ਗੁਟਰਗੂੰ ਵਿਰਲਾਪ ਨੂੰ ਕਈ ਗੁਣਾ ਵਧਾ ਦਿੰਦੀ ਹੈ। ਘਰਾਂ ਦੀਆਂ ਛੱਤਾਂ ’ਤੇ ਬਣੇ ਹਵਾਈ ਜਹਾਜ਼ ਅਤੇ ਬਲਦਾਂ ਦੀਆਂ ਜੋੜੀਆਂ ਜਿਵੇਂ ਆਪਣੀ ਹੋਣੀ ’ਤੇ ਝੂਰਦੀਆਂ ਹੋਣ। ਦੀਵਾਰਾਂ ’ਤੇ ਟੰਗੀਆਂ ਵੱਡ-ਅਕਾਰੀ, ਵੱਡ-ਪਰਿਵਾਰੀ ਤਸਵੀਰਾਂ ਮਨ ਵਿੱਚ ਵੈਰਾਗ ਪੈਦਾ ਕਰ ਦਿੰਦੀਆਂ ਹਨ। ਕੰਬਦੀਆਂ ਕਲਾਈਆਂ ਮੂਰਤਾਂ ਦਾ ਸਿਰ ਪਲੋਸ ਕੇ ਹੀ ਚਿੱਤ ਨੂੰ ਠੁੰਮ੍ਹਣਾ ਦੇ ਲੈਂਦੀਆਂ ਹਨ। “ਕਿਸਦੀ ਨਜ਼ਰ ਲੱਗ ਗਈ … ਕਿਹੜੀ ਚੀਜ਼ ਦਾ ਘਾਟਾ ਸੀ ਭਲਾ ਇੱਥੇ?”
ਰਿਸ਼ਤਿਆਂ ਦੀ ਤਿੜਕਣ ਨੇ ਮੇਲਿਆਂ ਦੀ ਆਤਮਾ ਨੂੰ ਝੰਜੋੜ ਦਿੱਤਾ ਹੈ। ਲੋਕ ਭਲੇ ਵੇਲਿਆਂ ਨੂੰ ਯਾਦ ਕਰਨ ਲੱਗਦੇ ਨੇ। ਕਦੇ ਖੁਸ਼ੀ-ਗ਼ਮੀ ਪਿੰਡ ਵਿੱਚ ਆਇਆ ਤੀਜਾ ਤੇਰ੍ਹਵਾਂ ਵੀ ਮੇਲੀ ਲਗਦਾ ਸੀ। ਆਦਮੀ ਸੁੰਗੜ ਜਿਹਾ ਗਿਆ ਹੈ ਤੇ ਨਾਲ ਰਿਸ਼ਤੇ ਵੀ। ਥਾਣੇ ਕਚਹਿਰੀਆਂ ਇਸਦੀ ਸ਼ਾਹਦੀ ਭਰਦੇ ਨੇ। ਬਿਰਧ ਆਸ਼ਰਮਾਂ ਦੀਆਂ ਚਾਰਦੀਵਾਰੀਆਂ ਵਿੱਚ ਪਤਾ ਨਹੀਂ ਕਿੰਨੇ ਕੁ ਹਉਕੇ ਹਾਵੇ ਦਫ਼ਨ ਹੋ ਕੇ ਰਹਿ ਜਾਂਦੇ ਨੇ। ਵੱਟਾਂ ਦੀ ਵੰਡ ਨੇ ਦਿਲਾਂ ਵਿੱਚ ਵੀ ਲਕੀਰ ਖਿੱਚ ਦਿੱਤੀ ਹਨ। ਹੁਣ ਮਜਲਿਸਾਂ ਭਾਈਆਂ ਬਾਝ ਵੀ ਸੋਂਹਦੀਆਂ ਨੇ। ਗੁੱਟ ’ਤੇ ਬੰਨ੍ਹੀ ਰੱਖੜੀ ਵਿੱਚੋਂ ਮੁਹੱਬਤ ਦੀ ਖੁਸ਼ਬੂ ਨਹੀਂ ਆਉਂਦੀ। ਸੱਖਣੇ ਖੂਹ ਵਿੱਚੋਂ ਆਪਣੀ ਆਵਾਜ਼ ਹੀ ਵਾਪਸ ਮੁੜ ਆਉਂਦੀ ਹੈ। ਆਦਮੀ ਇਕੱਲਾ ਹੋ ਗਿਆ ਹੈ- ਭਰੇ ਮੇਲੇ ਵਿੱਚ ਇਕੱਲਾ! ਨਵੀਂ ਪੀੜ੍ਹੀ ਦੀਆਂ ਪੁੰਗਰਦੀਆਂ ਕਰੂੰਬਲ਼ਾਂ ਨੂੰ ਹੱਥੀਂ ਜਹਾਜ਼ੇ ਚੜ੍ਹਾ ਆਪ ਵੀ ਵਿਹਲੇ ਹੋ ਗਏ ਹਾਂ, ਪਰ ਵਡੇਰੀ ਪੀੜ੍ਹੀ ਦੀ ਪੀੜ ਸਮਝਣ ਦਾ ਨਾ ਅਹਿਸਾਸ ਹੈ, ਨਾ ਹੀ ਸਮਾਂ। ਅੰਦਰੋਂ ਬਾਹਰੋਂ ਟੁੱਟੇ ਹੋਣ ’ਤੇ ਵੀ ਮਸਨੂਈ ਮੁਸਕਾਨਾਂ ਦੇ ਮੁਖੌਟੇ ਪਾਏ ਹੋਏ ਨੇ:
ਰਿਸ਼ਤੇ ਵਕਤ ਭਾਲਦੇ ਨੇ
ਵਕਤ ਨਾ ਮਿਲੇ, ਤਾਂ ਇਹ
ਟੁੱਟ ਜਾਂਦੇ, ਮੁੱਕ ਜਾਂਦੇ, ਸੁੱਕ ਜਾਂਦੇ
ਰੁੱਖ ਤੇ ਰਿਸ਼ਤੇ
ਇੱਕੋ ਜਿਹੇ (ਕੁਲਵਿੰਦਰ ਵਿਰਕ)
ਸਮਾਂ ਬੀਤਣ ’ਤੇ ਕਈ ਵਾਰ ਜਦੋਂ ਪਿਛਲਝਾਤ ਮਾਰਦੇ ਹਾਂ ਤਾਂ ਲਗਦਾ ਹੈ ਕਿ ਖ਼ਲਾਅ ਵਿੱਚ ਵਿਚਰਦਿਆਂ ਤਮਾਮ ਜ਼ਿੰਦਗੀ ਬਤੀਤ ਕਰ ਲਈ। ਪਰਛਾਵਿਆਂ ਵਿੱਚੋਂ ਰੌਸ਼ਨੀ ਤਲਾਸ਼ਦੇ ਰਹੇ। ਜਿਸ ਮ੍ਰਿਗ ਤ੍ਰਿਸ਼ਨਾ ਦਾ ਪਿੱਛਾ ਕਰਦੇ ਰਹੇ, ਉਹ ਛਲਾਵਾ ਸੀ। ਦੀਵੇ ਦੀ ਲੋਅ ਬੁਝਣ ਤੋਂ ਬਾਅਦ ਹੀ ਉਸਦੀ ਅਹਿਮੀਅਤ ਦਾ ਗਿਆਨ ਝੋਲੀ ਪੈਂਦਾ ਹੈ। ਸਾਹਾਂ ਵਰਗੀਆਂ ਧੜਕਣਾਂ ਦੇ ਰੁਕ ਜਾਣ ’ਤੇ ਬੰਦੇ ਨੂੰ ਘੁੱਗ ਵਸਦੀ ਦੁਨੀਆਂ ਵਿੱਚ ਆਪਣੇ ਸੁੰਞੇ ਹੋਣ ਦਾ ਚੇਤਾ ਆਉਂਦਾ ਹੈ। ਡਾ. ਧਰਮਪਾਲ ਸਾਹਿਲ ਇੱਕ ਅਜਿਹੇ ਹੀ ਘਣਛਾਵੇਂ ਰਿਸ਼ਤੇ ਦੀ ਅਣਹੋਂਦ ਦਾ ਜ਼ਿਕਰ ਕਰਦੈ:
ਲੱਗਦੈ
ਖ਼ਤਮ ਦੁਨੀਆਂ ਦਾ ਮੇਲਾ ਹੋ ਗਿਆ
ਮਾਂ ਦੀ ਅਰਥੀ ਉੱਠੀ
ਮੇਰਾ ਘਰ
ਇਕੱਲਾ ਹੋ ਗਿਆ।
ਮਨ ਵਿੱਚ ਪੁੰਗਰੇ ਵਹਿਸ਼ੀ ਖਿਆਲਾਂ ਵਿਚਾਲੇ ਜਦੋਂ ਖੂਨ ਸਿਰ ’ਤੇ ਸਵਾਰ ਹੁੰਦਾ ਹੈ ਅਤੇ ਕਿਸੇ ਨੂੰ ਮੌਤ ਦੀ ਨੀਂਦ ਸੁਲਾਉਣ ਲਈ ਤਲਵਾਰ ਮਿਆਨੋਂ ਬਾਹਰ ਕੱਢੀ ਹੁੰਦੀ ਹੈ, ਉਸ ਵੇਲੇ ਜੋ ਆਨੰਦ ਜ਼ਿੰਦਗੀ ਦੇ ਰੂਬਰੂ ਹੋ ਕੇ ਮਿਲਦਾ, ਸ਼ਬਦ ਉਸਦੀ ਝਾਲ ਨਹੀਂ ਝੱਲ ਸਕਦੇ। ਪਾਕ ਪਵਿੱਤਰ ਰਿਸ਼ਤਿਆਂ ਦੀ ਆਹਟ ਦੈਂਤ-ਰੂਪੀ ਵਿਚਾਰਾਂ ਨੂੰ ਖਾਕ ਕਰ ਦਿੰਦੀ ਹੈ। ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ਦੇ ਪਾਤਰ ਕਰਤਾਰੇ ਦੇ ਸਿਰ ਉੱਤੇ ਆਪਣੇ ਫੁੱਲਾਂ ਵਰਗੇ ਕੋਮਲ ਭਤੀਜੇ ਨੂੰ ਕਤਲ ਕਰਨ ਦਾ ਭੂਤ ਸਵਾਰ ਹੁੰਦਾ ਹੈ। ਸਵਾਲ ਸਿਰਫ਼ ਪੰਦਰਾਂ ਘੁਮਾਂ ਜ਼ਮੀਨ ਦੀ ਮਾਲਕੀ ਦਾ! ਸੰਯੋਗਵੱਸ, ਜਦੋਂ ਉਹੀ ‘ਕੀੜੇ ਪਤੰਗੇ ਜਿੰਨਾ ਛੋਕਰਾ’ ਸਾਹਮਣੇ ਆਉਂਦੈ … ਉਹ ਵੀ ਇਕੱਲਾ … ਮੌਤ ਹਾਰ ਜਾਂਦੀ ਹੈ ਤੇ ਜ਼ਿੰਦਗੀ ਬਾਘੀਆਂ ਪਾਉਂਦੀ ਹੈ।
“ਕਾਕਾ, ਤੈਨੂੰ ਐਸ ਵੇਲੇ ´ਕੱਲੇ ਨੂੰ ਡਰ ਨਹੀਂ ਲਗਦਾ?” ਕਰਤਾਰਾ ਅਪਣੱਤ ਜਤਾਉਂਦੈ।
“ਡਰ ਕਾਹਦਾ … ਮੈਨੂੰ ਕੌਣ ਹੱਥ ਲਾਊ … ਮਾਲਵੇ ਵਿੱਚ ਮੇਰਾ ਸ਼ੇਰ ਵਰਗਾ ਚਾਚਾ ਹੈ… ਕਰਤਾਰਾ … ਡੱਕਰੇ ਕਰ ਦੇਊ …।” ਤਲਵਾਰ ਖੂਹ ਦੀ ਮੌਣ ’ਤੇ ਧਰੀ ਧਰਾਈ ਰਹਿ ਜਾਂਦੀ ਹੈ ਅਤੇ ਵੈਲੀ ਕਰਤਾਰੇ ਦੀਆਂ ਅੱਖਾਂ ਤਿੱਪ ਤਿੱਪ ਵਗਣ ਲੱਗਦੀਆਂ ਨੇ।
ਮੇਲੇ ਸਿਰਫ਼ ਮਨੁੱਖਾਂ ਦੇ ਦੀਦਾਰ ਕੀਤਿਆਂ ਹੀ ਨਹੀਂ ਹੁੰਦੇ, ਮਹਿਕਦਾ ਆਲਾ ਦੁਆਲਾ, ਪੱਤਿਆਂ ਦੀ ਖੜਖੜ, ਵਗਦੀ ਪੌਣ ਦੀ ਸਾਂ ਸਾਂ, ਵਹਿੰਦੇ ਪਾਣੀ ਦਾ ਸੰਗੀਤ, ਫ਼ਸਲਾਂ ਦੀ ਹਰਿਆਲੀ ਵੀ ਮੇਲੇ ਵਿੱਚ ਵਿਚਰਨ ਦਾ ਹੁੰਗਾਰਾ ਭਰਦੇ ਨੇ। ਪ੍ਰੋ. ਗੁਰਭਜਨ ਗਿੱਲ ਜਦੋਂ ਸ਼ਾਇਰ ਭਾਸੋ ਨਾਲ ਗੱਲਾਂ ਕਰਦਾ ਹੈ ਤਾਂ ਮੇਲਾ ਸਾਖ਼ਸਾਤ ਹਾਜ਼ਰ ਹੋ ਜਾਂਦੈ:
ਫੁੱਲਾਂ ਨੂੰ ਖਿੜਦੇ ਵੇਖੋ
ਕਿਆਰੀਆਂ ਕਿਤਾਬਾਂ ਬਣ ਜਾਂਦੀਆਂ
ਰਾਤ ਵੇਲੇ ਨੀਲੇ ਅੰਬਰ ਨੂੰ ਨਿਹਾਰੋ
ਤਾਰਿਆਂ ਨਾਲ ਗੱਲਾਂ ਕਰਦਿਆਂ
ਵਿੱਛੜੇ ਮਿੱਤਰ ਪਿਆਰੇ ਲੱਭ ਜਾਂਦੇ ਨੇ
ਸੁਪਨਿਆਂ ਦੀ ਬੁੱਕਲ਼ ਮਾਰੋ
ਨਿੱਘ ਬਣਿਆ ਰਹਿੰਦਾ
ਪਛਤਾਵਿਆਂ ਦੀ ਠਾਰੀ ਮਾਰ ਦਿੰਦੀ ਹੈ
ਸਰਦ ਹਵਾਵਾਂ ਤੋਂ ਬਚ ਕੇ ਰਹਿਣਾ ਬੇਹੱਦ ਜ਼ਰੂਰੀ ਹੈ
ਸ਼ਬਦਾਂ ਨਾਲ ਖੇਡਦਿਆਂ ਬੰਦਾ ਬੁੱਢਾ ਨਹੀਂ ਹੁੰਦਾ …।
ਨੀਝ ਨਾਲ ਵਾਚੋ ਤਾਂ ਸਾਰਾ ਬ੍ਰਹਿਮੰਡ ਹੀ ਜਿਊਂਦਾ ਜਾਗਦਾ ਮੇਲਾ ਲਗਦਾ ਹੈ।
ਸੋ ਮੇਲੀਓ! ਮੇਲੇ ਦਾ ਆਨੰਦ ਲੈਣ ਲਈ ਜ਼ਿੰਦਗੀ ਨੂੰ ਜ਼ਿੰਦਾਬਾਦ ਕਹੋ। ਰਿਸ਼ਤਿਆਂ ਦੀ ਸੁੱਚਮਤਾ ਨਾਲ ਸੰਸਾਰ ਸੁਹਾਵਣਾ ਜਾਪੇਗਾ। ਥਿਰਕਦੇ ਕਦਮਾਂ ਦੀ ਧਮਾਲ ਨਾਲ ਦਿਲ ਵੀ ਥਿਰਕਦਾ ਰਹੇਗਾ। ਸਿਆਣੇ ਕਹਿੰਦੇ ਨੇ- ਮੇਲੇ ਤਾਂ ਜੱਗ ਜਿਉਂਦਿਆਂ ਦੇ ਹੁੰਦੇ ਨੇ, ਮਗਰੋਂ ਤਾਂ ਮਿੱਟੀ ਮੁੱਠੀ ਵਿੱਚ ਆ ਜਾਂਦੀ ਹੈ। ਕੁਝ ਦੇਰ ਤਕ ਤਾਂ ਪਾਣੀ ’ਤੇ ਤੈਰਦੇ ਫੁੱਲਾਂ ਦੇ ਦੀਦਾਰ ਹੁੰਦੇ ਰਹਿੰਦੇ ਨੇ, ਪਰ ਅੱਖ ਦੇ ਫੋਰ ਵਿੱਚ ਉਹ ਵੀ ਨਜ਼ਰੋਂ ਓਝਲ ਹੋ ਜਾਂਦੇ ਨੇ … ਫਿਰ ਬੇਵੱਸ ਪ੍ਰਾਣੀ ਵਗਦੇ ਪਾਣੀਆਂ ਨੂੰ ਹੀ ਟਿਕਟਿਕੀ ਲਾ ਕੇ ਦੇਖਦਾ ਰਹਿੰਦਾ ਹੈ …!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5372)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: