“ਮੈਂ ਕਬੀਲਦਾਰ ਆਂ … ਜ਼ਮਾਨੇ ਤੋਂ ਡਰ ਲਗਦਾ ਐ … ਥੋੜ੍ਹੇ ਦਿਨਾਂ ਦੀ ਗੱਲ ਐ, ਕੋਈ ਨਾ ਕੋਈ ਹੱਲ ...”
(23 ਸਤੰਬਰ 2024)
ਤਿੰਨਾਂ ਪਿੰਡਾਂ ਦੀ ਜੂਹ ´ਤੇ ਪੈਂਦਾ ਸੀ ਨਹਿਰ ਦਾ ਪੁਲ। ਛੋਟੀਆਂ ਰਾਏਕੋਟੀ ਇੱਟਾਂ ਅਤੇ ਚੂਨੇ ਵਿੱਚ ਚਿਣੀ ਡਾਟਾਂ ਵਾਲੀ ਕਲਾ ਦਾ ਸੁੰਦਰ ਨਮੂਨਾ। ਕੰਢੇ ਦੇ ਨਾਲ ਨਾਲ ਕੱਚੀ ਪਹੀ ’ਤੇ ਫ਼ਰਲਾਂਗ ਕੁ ਦੀ ਵਿੱਥ ਤੇ ਅੰਗਰੇਜ਼ਾਂ ਦੇ ਜ਼ਮਾਨੇ ਦੀ ਗਵਾਹੀ ਭਰਦੀ ਖਸਤਾ ਹੋਈ ਡਾਕ-ਬੰਗਲੇ ਦੀ ਇਮਾਰਤ ਸੀ।
ਅਣਗਿਣਤ ਦਰਖ਼ਤਾਂ ਦੇ ਵਿੱਚ ਘਿਰੀ ਹੋਈ ਤ੍ਰਿਵੈਣੀ। ਪੱਤਿਆਂ ਦੀ ਸਾਂ ਸਾਂ ਚੁੱਪੀ ਤੋੜਦੀ ਰਹਿੰਦੀ। ਸਿਖਰ ਦੁਪਹਿਰੇ ਸੰਘਣੀ ਛਾਂ ਵਿੱਚ ਰਾਹੀ ਥਕੇਵਾਂ ਲਾਹੁਣ ਲਈ ਅਕਸਰ ਰੁਕ ਜਾਂਦੇ। ਇੱਕ ਨੁੱਕਰੇ ਨਲ਼ਕਾ ਲੱਗਾ ਹੋਇਆ। ਪੱਤਣ ਦੇ ਨੇੜੇ ਹੋਣ ਕਰ ਕੇ ਡੀਕ ਲਾ ਕੇ ਪੀਤਾ ਸੀਤਲ ਜਲ ਧੁਰ ਅੰਦਰ ਤਕ ਠਾਰੀ ਚਾੜ੍ਹ ਦਿੰਦਾ। ਰੂਹ ਵਿੱਚ ਸ਼ਰਬਤੀ ਮਿਠਾਸ ਘੁਲ ਜਾਂਦੀ। ਖੱਬੀ ਵੱਖੀ ਵਾਲੇ ਪਾਸੇ ਦੋ ਢਾਂਚੇ ਬਣੇ ਹੋਏ। ਇੱਕ ਪੁਰਾਣੀਆਂ ਪੱਲੀਆਂ ਅਤੇ ਛਟੀਆਂ ਨਾਲ ਵਾੜ ਕੀਤਾ ਲਾਲਾ ਤੇਲੂ ਰਾਮ ਦਾ ਚਾਹ ਦਾ ਖੋਖਾ ਤੇ ਦੂਜਾ ਪੱਕੀਆਂ ਇੱਟਾਂ ਦਾ ਬਣਿਆ ਸਰਦਾਰ ਨਛੱਤਰ ਸਿੰਘ ਦਾ ਸ਼ਰਾਬ ਦਾ ਠੇਕਾ!
ਟਾਵੇਂ ਟੱਲੇ ਰਾਹਗੀਰ ਲੰਘਦੇ ਰਹਿੰਦੇ ਪਰ ਪੁਲ਼ ’ਤੇ ਰੁਕਣ ਨੂੰ ਜਿਵੇਂ ਕੋਈ ਸਿਜਦਾ ਕਰਨ ਵਾਂਗ ਜ਼ਰੂਰੀ ਸੰਸਕਾਰ ਸਮਝਦੇ। ਦੋਵੇਂ ਪਾਸਿਓਂ ਤਕਰੀਬਨ ਦੋ ਢਾਈ ਘੰਟੇ ਮਗਰੋਂ ਬੱਸਾਂ ਗੁਜ਼ਰਦੀਆਂ। ਕੰਡਕਟਰ ਸਵਾਰੀਆਂ ਨੂੰ ਪੰਜ ਸੱਤ ਮਿੰਟ ਰੁਕਣ ਦਾ ਸਿਗਨਲ ਦੇ ਕੇ ਉੱਤਰ ਜਾਂਦਾ। ਖੋਖੇ ਦੇ ਬਾਹਰ ਬਿਜਲੀ ਦੇ ਟੁੱਟੇ ਪੁਰਾਣੇ ਖੰਭੇ-ਨੁਮਾ ਬੈਂਚ ਤੋਂ ਉੱਠ ਕੇ ‘ਉਹ’ ਮੂਹਰਲੀ ਬਾਰੀ ਰਾਹੀਂ ਬੱਸ ਵਿੱਚ ਜਾ ਅਲਖ ਜਗਾਉਂਦਾ। ਕੋਈ ਉਸਦਾ ਅਸਲੀ ਨਾਉਂ ਨਹੀਂ ਸੀ ਜਾਣਦਾ। ਹੁਣ ਉਹ ਸਭ ਦਾ ਲੁੱਡਣ ਸ਼ਾਹ ਸੀ। ਮਧਰਾ ਕੱਦ, ਸਾਂਵਲਾ ਰੰਗ, ਬੋਦਾ ਜਿਹਾ ਗੇਰੂਏ ਰੰਗਾ ਧੋਤੀ ਕੁੜਤਾ ਅਤੇ ਸਿਰ ਉੱਤੇ ਚੱਪੇ ਕੁ ਦੀ ਖੱਦਰ ਦੀ ਸਾਫੀ। ਇੱਕ ਹੱਥ ਡੰਗੋਰੀ ਤੇ ਦੂਜੇ ਹੱਥ ਚਿੱਪੀ। ਲੁੱਡਣ ਸ਼ਾਹ ਨੇਤਰਹੀਣ ਸੀ! ਚਿੱਪੀ ਵਿੱਚ ਚੁਆਨੀ ’ਠਿਆਨੀ ਖੜਕਦੀ ਤਾਂ ਘੱਗੀ ਜਿਹੀ ਆਵਾਜ਼ ਨਾਲ ਅਸੀਸ ਦਿੰਦਾ, “ਗੁਰੂ ਮਿਹਰ ਕਰੇ।” ਕੋਈ ਮਨਚਲਾ ਕਟੋਰੇ ਵਿਚਲੀ ਮਾਇਆ ਵੱਲ ਦੇਖ ਕੇ ਛੇੜਦਾ, “ਬਾਬਾ! ਅੱਜ ਤਾਂ ਮਿਹਰਾਂ ਹੋਈਆਂ ਪਈਆਂ … ਪਊਏ ਦੀ ਥਾਂ ਅਧੀਏ ਦਾ ਜੁਗਾੜ ਬਣਿਆ ਲਗਦਾ ਹੈ।” ਹੱਸ ਕੇ ਅੱਗੇ ਲੰਘ ਜਾਂਦਾ।
ਤੇਲੂ ਰਾਮ ਦੀ ਹੱਟੀ ’ਤੇ ਜਾ ਕੇ ਲੁੱਡਣ ਸ਼ਾਹ ਚਿੱਪੀ ਢੇਰੀ ਕਰ ਦਿੰਦਾ। ਜੇ ‘ਕਮਾਈ’ ਘੱਟ ਲਗਦੀ ਤਾਂ ਦੂਜੀ ਬੱਸ ਵਿੱਚ ਚੜ੍ਹ ਜਾਂਦਾ, ਨਹੀਂ ਤਾਂ ਸੋਟੀ ਸਹਾਰੇ ਤੁਰਦਾ ਠੇਕੇ ਪਹੁੰਚ ਜਾਂਦਾ। ਲੈਂਦਾ ਪਊਆ ਹੀ, ਨਾ ਵੱਧ ਨਾ ਘੱਟ। ਵਾਧੇ ਘਾਟੇ ਦਾ ਗਵਾਹ ਤੇਲੂ ਰਾਮ ਸੀ। ਪੁਲ਼ ਤੋਂ ਥੋੜ੍ਹੀ ਦੂਰੀ ’ਤੇ ਮੋਟਰ ਦੀ ਇੱਕ ਗੁੱਠ ਵਿੱਚ ਬਾਪੂ ਨਰੰਜਣ ਸਿਹੁੰ ਨੇ ਲੁੱਡਣ ਸ਼ਾਹ ਨੂੰ ਇੱਕ ਛੱਪਰੀ ਬਣਾ ਕੇ ਦਿੱਤੀ ਹੋਈ ਸੀ। ਸ਼ਾਮ ਨੂੰ ਦੋ ਰੋਟੀਆਂ ਵੀ ਉਸੇ ਘਰੋਂ ਆ ਜਾਂਦੀਆਂ। ਕਦੇ ਕੋਈ ਸ਼ਿਕਵਾ ਸ਼ਿਕਾਇਤ ਨਹੀਂ ਸੀ ਕਿਸੇ ਨਾਲ। ਕਦੇ ਚਾਰ ਛਿੱਲੜ ਇਕੱਠੇ ਕਰਨ ਦਾ ਖਿਆਲ ਮਨ ਵਿੱਚ ਨਹੀਂ ਸੀ ਆਇਆ। ਜੋੜਨਾ ਵੀ ਕਾਹਦੇ ਲਈ ਸੀ, ’ਕੱਲੀ ’ਕਹਿਰੀ ਜਾਨ!
ਲੁੱਡਣ ਸ਼ਾਹ ਨੂੰ ਦਾਰੂ ਦੀ ਲਤ ਜ਼ਰੂਰ ਸੀ, ਜੋ ਬਚਪਨ ਵਿੱਚ ਯਤੀਮ ਹੋਣ ਕਾਰਨ ਲੱਗ ਗਈ ਸੀ। ਨਰੰਜਣ ਸਿਹੁੰ ਨੂੰ ਪਟਨਾ ਸਾਹਿਬ ਦਰਸ਼ਨ ਕਰਨ ਗਏ ਨੂੰ ਇਹ ਬੇਸਹਾਰਾ ਬੱਚਾ ਮਿਲਿਆ ਸੀ, ਜਿਸਨੂੰ ਰੋਂਦੇ ਕੁਰਲਾਉਂਦੇ ਦੇਖ ਉਸਦਾ ਦਿਲ ਪਸੀਜ ਗਿਆ ਸੀ ਤੇ ਉਹ ਉਸ ਨੂੰ ਨਾਲ ਲੈ ਆਇਆ ਸੀ। ਧਾਰਮਿਕ ਬਿਰਤੀ ਦੇ ਹੋਣ ਕਾਰਨ ਮਨ ਵਿੱਚ ਸੋਚ ਆਈ ਸੀ ਕਿ ਇੱਥੇ ਇਸ ਨੂੰ ਕੋਈ ਜਰਾਇਮ ਪੇਸ਼ਾ ਗਰੋਹ ਚੋਰੀਆਂ ਠੱਗੀਆਂ ਜਾਂ ਮੰਗਣ ਵੱਲ ਧੱਕ ਦੇਵੇਗਾ।
ਲੁੱਡਣ ਸ਼ਾਹ ਬਾਰੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ, “ਨਸ਼ੇੜੀ ਆਦਮੀ ਐ … ਨਾ ਰੰਨ ਨਾ ਕੰਨ … ਖਾ ਲਿਆ ਪੀ ਲਿਆ … ਬੱਸ …।”
ਕੋਈ ਦੂਜਾ ਤਲਖ਼ ਕਲਾਮੀ ਕਰਦਾ, “ਕੀ ਲੈਣਾ ਇਹੋ ਜਿਹੀ ਜ਼ਿੰਦਗੀ ਤੋਂ … ਮੰਗ ਕੇ ਧੱਕੇ ਖਾਂਦਾ ਫਿਰਦਾ … ਇਹਤੋਂ ਚੰਗਾ ਬੀ ਨਹਿਰ ’ਚ ਛਾਲ ਮਾਰੇ … ਕਿਹੜਾ ਪਿੱਛੇ ਜੁਆਕ ਰੋਂਦੇ ਆ …।”
ਕਈ ਰੱਬ ਦੇ ਪ੍ਰੇਮੀ ਆਪਣਾ ਰਾਗ ਅਲਾਪਦੇ, “ਕੋਈ ਧਰਮਾਤਮਾ ਰੂਹ ਐ … ਅਸੀਸਾਂ ਹੀ ਵੰਡਦੈ … ਕਿਸੇ ਨੂੰ ਮੰਦਾ ਨੀ ਬੋਲਦਾ … ਇੱਕ ਅਸੀਂ ਹਾਂ, ਜਿਹੜੇ ਉੱਡਦਿਆਂ ਮਗਰ ਭੱਜਦੇ ਰਹਿੰਦੇ ਆਂ …।”
ਠੇਕੇਦਾਰ ਨਛੱਤਰ ਸਿੰਘ ਪਿਛਲੇ ਕਈ ਸਾਲਾਂ ਤੋਂ ਸ਼ਰਾਬ ਦਾ ਕਾਰੋਬਾਰੀ ਸੀ। ਨਹਿਰ ਵਾਲੇ ਠੇਕੇ ਤੋਂ ਬਿਨਾਂ ਤਕਰੀਬਨ ਅੱਧੀ ਦਰਜਨ ਠੇਕੇ ਉਸਦੇ ਆਪਣੇ ਸਨ। ਬੰਗਲਾ-ਨੁਮਾ ਕੋਠੀ ਮਾਲੇਰਕੋਟਲਾ ਸ਼ਹਿਰ ਵਿੱਚ ਸੀ। ਜਦੋਂ ਕਦੇ ਨਹਿਰ ’ਤੇ ਗੇੜੀ ਲਗਦੀ ਤਾਂ ਲੁੱਡਣ ਸ਼ਾਹ ਨਾਲ ਮੁਲਾਕਾਤ ਹੋ ਜਾਂਦੀ। ‘ਪੱਕਾ’ ਗਾਹਕ ਜੁ ਸੀ। ਸਰਕਾਰੇ ਦਰਬਾਰੇ ਪਹੁੰਚ ਨੇ ਰੰਗ ਭਾਗ ਲਾਏ ਹੋਏ ਸਨ। ਕੋਈ ਬਰਾਬਰ ਬੋਲੀ ਦੇਣ ਦੀ ਜੁਰਅਤ ਨਹੀਂ ਸੀ ਕਰਦਾ। ਪਿਛਲੇ ਸਾਲ ਜਿੰਦਲ ਗਰੁੱਪ ਦੇ ਕਿਸੇ ਮੈਂਬਰ ਨੇ ਬੜ੍ਹਕ ਮਾਰੀ ਸੀ ਤੇ ਉਸਦਾ ‘ਐਕਸੀਡੈਂਟ’ ਹੋ ਗਿਆ ਸੀ। ਕਿੱਥੇ ਤੇ ਕਿਵੇਂ - ਕੋਈ ਨਹੀਂ ਸੀ ਜਾਣਦਾ। ਫ਼ਰਜ਼ੰਦ ਬਾਬਰ ਨੇ ਵੀ ਬਾਪੂ ਦੇ ਨਾਲ ਕੰਮ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ ਸੀ। ਕਾਲੀ ਜੀਪ, ਡੱਬ ਵਿੱਚ ਤੁੰਨਿਆ ਖਿਡੌਣਾ, ਨਾਲ ਤਿੰਨ ਚਾਰ ਬੌਕਸਰ-ਟਰੇਡਮਾਰਕ ਸੀ ਬਾਬਰ ਦੇ! ਘਰ ਰਾਜਨੇਤਾਵਾਂ ਦਾ ਆਉਣ ਜਾਣ ਰਹਿੰਦਾ ਤੇ ਮਹਿਫਿਲਾਂ ਸਜਦੀਆਂ ਰਹਿੰਦੀਆਂ। ... ਫਿਰ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ।
“ਸਰਦਾਰਾ, ਮੁੰਡੇ ਨੂੰ ਸਮਝਾ ਲੈ … ਧੀਆਂ ਭੈਣਾਂ ਪਿੰਡ ਦੀਆਂ ਸਾਂਝੀਆਂ ਹੁੰਦੀਆਂ ਨੇ …” ਵਿਹੜੇ ਵਾਲਾ ਬਿੱਕਰ ਬੜਾ ਕੁਝ ਕਹਿ ਗਿਆ ਸੀ।
“ਐਵੇਂ ਭੌਂਕਦੀ ਆ ਸਾਲ਼ੀ ਕਮੀਣ ਜਾਤ …” ਬਾਬਰ ਆਫਰ ਗਿਆ ਸੀ। ਨਛੱਤਰ ਵੀ ਸੋਚਦਾ ਸੀ ਕਿ ਮਾੜਾ ਮੋਟਾ ਸ਼ਿਕਾਰ ਕਰਨਾ ਤਾਂ ਸਰਦਾਰਾਂ ਦੇ ਖੂਨ ਵਿੱਚ ਜਮਾਂਦਰੂ ਹੁੰਦਾ। ਨਜਾਇਜ਼ ਕਬਜ਼ੇ, ਨਸ਼ੇ ਅਤੇ ਗੁੰਡਾਗਰਦੀ ਵਿੱਚ ਬਾਬਰ ਦੀ ਤੂਤੀ ਬੋਲਣ ਲੱਗੀ ਸੀ।
ਕਈ ਵਾਰ ਨਛੱਤਰ ਨਿੱਤ ਦੀ ਬਦਨਾਮੀ ਤੋਂ ਅਕੇਵਾਂ ਮਹਿਸੂਸ ਕਰਦਾ। ਪਰ ਪਾਣੀ ਤਾਂ ਗਲ਼ ਤਕ ਆ ਪਹੁੰਚਿਆ ਸੀ। ਸੋਚਿਆ ਕਿ ਬਾਬਰ ਨੂੰ ਵਿਆਹ ਦੇ ਬੰਧਨ ਵਿੱਚ ਬੰਨ੍ਹ ਦੇਈਏ, ਤਾਂ ਹੀ ਮਸਲਾ ਹੱਲ ਹੋਵੇਗਾ। ਜੌਹਲਾਂ ਦੀ ਬੜੀ ਹਵੇਲੀ ਵਾਲੇ ਸਰਦਾਰਾਂ ਦੀ ਧੀ ਜਸਨੀਤ ਨਾਲ ਰਿਸ਼ਤਾ ਪੱਕਾ ਹੋ ਗਿਆ। ਜਸਨੀਤ ਸੁੱਘੜ ਸਿਆਣੀ ਤੇ ਪੜ੍ਹੀ ਲਿਖੀ ਸੰਸਕਾਰੀ ਕੁੜੀ ਸੀ। ਉਸ ਨੇ ਬਾਪੂ ਕੋਲ ਬਾਬਰ ਦੇ ਸੁਣੇ ਸੁਣਾਏ ਸੁਭਾਅ ਬਾਬਤ ਗਿਲਾ ਕੀਤਾ, “ਡੈਡੀ, ਉਸ ਪਰਿਵਾਰ ਦਾ ਆਪਣੇ ਨਾਲ ਕੋਈ ਮੇਲ ਨਹੀਂ … ਮੁੰਡੇ ਦੀ ਵੀ ਸਮਾਜ ਵਿੱਚ ਕੋਈ ਚੰਗੀ ਪੜਤ ਨੀ ਸੁਣੀਂਦੀ …।”
ਪਰ ਸਰਦਾਰ ਸਤਿੰਦਰ ਸਿੰਘ ਵੱਡੇ ਘਰ ਦੇ ਆਏ ਰਿਸ਼ਤੇ ਨੂੰ ਨਾਂਹ ਨਹੀਂ ਸੀ ਕਰਨੀ ਚਾਹੁੰਦਾ, “ਪੁੱਤ, ਹਰੇਕ ਨੇ ਆਪਣਾ ਕੋਈ ਨਾ ਕੋਈ ਬਿਜ਼ਨਸ ਕਰਨਾ ਹੁੰਦਾ … ਉਹ ਪਰਿਵਾਰ ਕਈ ਸਾਲਾਂ ਤੋਂ ਠੇਕੇ ਲੈਂਦਾ ਹੈ … ਬਾਕੀ ਵਿਆਹ ਤੋਂ ਬਾਅਦ ਜ਼ਿੰਮੇਵਾਰੀ ਪੈਣ ਨਾਲ ਸਾਰੇ ਸੰਭਲ਼ ਜਾਂਦੇ ਨੇ …।” ਜਸਨੀਤ ਦੀ ਇਸ ਤੋਂ ਅੱਗੇ ਬੋਲਣ ਦੀ ਹਿੰਮਤ ਨਹੀਂ ਸੀ ਪਈ।
ਇਲਾਕੇ ਵਿੱਚ ਹੋਏ ਇਸ ਵੱਡੇ ਕਾਰਜ ਦੀਆਂ ਗੱਲਾਂ ਲੋਕਾਂ ਦੀ ਜ਼ੁਬਾਨ ’ਤੇ ਸਨ। ਕਿਹੜੀ ਹਸਤੀ ਸੀ ਜੀਹਨੇ ਵਿਆਹ ਵਿੱਚ ਹਾਜ਼ਰੀ ਲਵਾਉਣ ਵਿੱਚ ਸ਼ਾਨ ਨਹੀਂ ਸੀ ਸਮਝੀ। ਬਾਬਰ ਸਾਰਾ ਤਾਣਾਬਾਣਾ ਦੇਖ ਹੋਰ ਉੱਚਾ ਮਹਿਸੂਸ ਕਰਨ ਲੱਗ ਗਿਆ ਸੀ।
ਥੋੜ੍ਹੇ ਹੀ ਦਿਨ ਲੰਘੇ ਸਨ ਜਦੋਂ ਜਸਨੀਤ ਨੇ ਅੱਧੀ ਰਾਤੀਂ ਦਾਰੂ ਨਾਲ ਰੱਜ ਕੇ ਘਰ ਆਏ ਬਾਬਰ ਨੂੰ ਹੱਥ ਜੋੜੇ, “ਤੁਹਾਡੀ ਸਿਹਤ ਦੀ ਚਿੰਤਾ ਮੈਨੂੰ ਸਤਾਉਂਦੀ ਰਹਿੰਦੀ ਹੈ … ਪਲੀਜ਼ ਸ਼ਰਾਬ ਨਾ ਪੀਆ ਕਰੋ … ਘਰ ਵੀ ਸਮੇਂ ਸਿਰ ਆ ਜਾਇਆ ਕਰੋ …।”
“ਹੁਣ ਤੂੰ ਮੈਨੂੰ ਸਮਝਾਵੇਂਗੀ? … ਦਾਰੂ ਤਾਂ ਜੱਟ ਦੀ ਜਿੰਦ ਜਾਨ ਆ … ਇੱਕ ਗੱਲ ਸਮਝ ਲੈ … ਮੈਨੂੰ ਕਦੇ ਟੋਕ ਟਕਾਈ ਨੀ ਕਰਨੀ …” ਬਾਬਰ ਗੁੱਸੇ ਵਿੱਚ ਫੁੰਕਾਰੇ ਮਾਰ ਰਿਹਾ ਸੀ। ਗੱਲ ਮਾਰ ਕੁਟਾਈ ਤਕ ਪਹੁੰਚ ਗਈ। ਜਸਨੀਤ ਨੇ ਚੁੱਪ ਰਹਿਣ ਵਿੱਚ ਭਲਾਈ ਸਮਝੀ, ਪਰ ਅੰਤ ਸਬਰ ਜਵਾਬ ਦੇ ਗਿਆ।
ਜਸਨੀਤ ਨੇ ਮਾਂ ਪਿਉ ਨੂੰ ਬਾਬਰ ਦੇ ਕਿੱਸੇ ਸੁਣਾਏ। ਪੰਚਾਇਤ ਨੇ ਸੁਲ੍ਹਾ ਕਰਾਉਣ ਦੀ ਕੋਸ਼ਿਸ਼ ਵਿੱਚ ਠੇਕੇਦਾਰ ਨਛੱਤਰ ਸਿੰਘ ਤਕ ਪਹੁੰਚ ਕੀਤੀ ਪਰ ਉਹ ਬੇਵੱਸ ਨਜ਼ਰ ਆਇਆ। ਬਾਬਰ ਦੀਆਂ ਧੱਕੇਸ਼ਾਹੀਆਂ ਦੀ ਚਰਚਾ ਪਿੰਡ ਪਿੰਡ ਹੋਣ ਲੱਗ ਪਈ।
ਇੱਕ ਦਿਨ ਜਸਨੀਤ ਨੇ ਫਿਰ ਤੋਂ ਬਾਬਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਪੱਥਰ ’ਤੇ ਬੂੰਦ ਪਈ ਨਾ ਪਈ। ਗੱਲ ਇੱਥੋਂ ਤਕ ਵਧ ਗਈ ਕਿ ਨਸ਼ੇ ਵਿੱਚ ਟੱਲੀ ਹੋਏ ਨੇ ਰਾਤ ਨੂੰ ਜਸਨੀਤ ਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ।
ਜਸਨੀਤ ਬਾਰੇ ਕੋਈ ਨਹੀਂ ਸੀ ਜਾਣਦਾ ਕਿ ਉਸ ਨਾਲ ਕੀ ਵਾਪਰਿਆ। ਜਿੰਨੇ ਮੂੰਹ, ਉੰਨੀਆਂ ਗੱਲਾਂ। ਕੋਈ ਕਹਿੰਦਾ, “ਤੰਗ ਆਈ ਨੇ, ਉਹਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੋਣੀ ਐ …।”
ਦੂਜਾ ਦੱਬਵੀਂ ਆਵਾਜ਼ ਵਿੱਚ ਬੋਲਦਾ, “ਬਾਬਰ ਨੇ ਜ਼ਰੂਰ ਕਿਤੇ ਮਾਰ ਕੇ ਖਪਾ ਦਿੱਤੀ ਹੋਣੀ ਆ …।” ਠੇਕੇਦਾਰ ਨਛੱਤਰ ਅਤੇ ਬੜੀ ਹਵੇਲੀ ਵਾਲਿਆਂ ਨੇ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ। ਜਿੱਥੇ ਕਿਤੇ ਵੀ ਦੱਸ ਪੈਂਦੀ, ਉੱਥੇ ਪਹੁੰਚਦੇ ਪਰ ਪੱਲੇ ਨਿਰਾਸ਼ਤਾ ਹੀ ਪੈਂਦੀ।
ਅਗਲੇ ਸਾਲ ਵਾਸਤੇ ਸ਼ਰਾਬ ਦੇ ਠੇਕਿਆਂ ਦੀ ਬੋਲੀ ਨਿਸ਼ਚਿਤ ਹੋਈ। ਬਾਬਰ ਕਿਸੇ ਵੀ ਕੀਮਤ ਤੇ ਇਲਾਕੇ ਦੇ ਸਾਰੇ ਠੇਕੇ ਆਪਣੇ ਗਰੁੱਪ ਦੇ ਨਾਂ ’ਤੇ ਲੈਣਾ ਚਾਹੁੰਦਾ ਸੀ। ਇਸ ਵਾਰ ਪੰਗਾ ਅਕਾਲਗੜ੍ਹੀਆਂ ਨਾਲ ਪੈ ਗਿਆ। ਉਹ ਵੀ ਸਰਦੇ ਪੁੱਜਦੇ ਖ਼ਾਨਦਾਨੀ ਸਰਦਾਰ ਕਹਾਉਂਦੇ ਸਨ। ਗੱਲ ਗਾਲੀ ਗਲੋਚ ਤੋਂ ਵਧਦੀ ਫਾਇਰਿੰਗ ਤਕ ਪਹੁੰਚ ਗਈ। ਦੋਵੇਂ ਪਾਸਿਓਂ ਵਰ੍ਹਦੀਆਂ ਗੋਲੀਆਂ ਵਿੱਚ ਇੱਕ ਗੋਲੀ ਅਕਾਲਗੜ੍ਹੀਏ ਬਲਬੀਰੇ ਦੇ ਪੱਟ ਨੂੰ ਚੀਰਦੀ ਲੰਘ ਗਈ। ਬਾਬਰ ਦੇ ਸੰਗੀ ਸਾਥੀ ਤਿਤਰ ਬਿਤਰ ਹੋ ਗਏ ਤੇ ਉਹ ਫੜਿਆ ਗਿਆ। ਉਹੀ ਡੀ.ਐੱਸ.ਪੀ., ਜਿਹੜਾ ਹਰ ਸ਼ਾਮ ਪਿਆਲੇ ਦਾ ਸਾਥੀ ਸੀ, ਦੂਜੇ ਧੜੇ ਵਿੱਚ ਖੜ੍ਹਾ ਨਜ਼ਰ ਆ ਰਿਹਾ ਸੀ। ਬਾਬਰ ਨੂੰ ਇਰਾਦਾ ਕਤਲ ਦੇ ਕੇਸ ਵਿੱਚ ਜੇਲ੍ਹ ਡੱਕ ਦਿੱਤਾ ਗਿਆ। ਠੇਕੇਦਾਰ ਨਛੱਤਰ ਸਿੰਘ ਹੁਣ ਪੂਰੀ ਤਰ੍ਹਾਂ ਅੰਦਰੋਂ ਬਾਹਰੋਂ ਟੁੱਟ ਚੁੱਕਾ ਸੀ।
ਲੁੱਡਣ ਸ਼ਾਹ ਰੋਜ਼ ਵਾਂਗ ਲਾਲਾ ਤੇਲੂ ਰਾਮ ਦੀ ਹੱਟੀ ’ਤੇ ਜਾਂਦਾ। ਗਿਣਤੀਆਂ ਮਿਣਤੀਆਂ ਤੋਂ ਬਾਅਦ ਠੇਕੇ ਹਾਜ਼ਰੀ ਲਗਦੀ। ਇੱਕ ਦਿਨ ਤੇਲੂ ਰਾਮ ਨੇ ਲੁੱਡਣ ਸ਼ਾਹ ਨੂੰ ਕੋਲ ਬਿਠਾ ਲਿਆ ਤੇ ਗੁੱਝੀ ਰਮਜ਼ ਵਿੱਚ ਗੱਲ ਕੀਤੀ, “ਫ਼ਕੀਰਾ, ਤੇਰੇ ਨਾਲ ਇੱਕ ਭੇਦ ਸਾਂਝਾ ਕਰ ਰਿਹਾਂ … ਵਾਅਦਾ ਕਰ ਕਿ ਇਹ ਗੱਲ ਤੇਰੇ ਮੇਰੇ ਵਿੱਚ ਹੀ ਰਹੇਗੀ।”
“ਸੇਠਾ, ਤੂੰ ਜਾਣਦਾ ਹੀ ਏਂ … ਬਈ ਮੇਰਾ ਕੋਈ ਹਮਰਾਜ਼ ਤੇਰੇ ਅਤੇ ਖੁਦਾ ਤੋਂ ਬਿਨਾਂ ਹੈ ਹੀ ਨਹੀਂ ਇੱਥੇ …।” ਲੁੱਡਣ ਸ਼ਾਹ ਨੇ ਉਸਦਾ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਭਾਵੁਕ ਹੁੰਦਿਆਂ ਕਿਹਾ।
“ਮੈਂ ਕਬੀਲਦਾਰ ਆਂ … ਜ਼ਮਾਨੇ ਤੋਂ ਡਰ ਲਗਦਾ ਐ … ਥੋੜ੍ਹੇ ਦਿਨਾਂ ਦੀ ਗੱਲ ਐ, ਕੋਈ ਨਾ ਕੋਈ ਹੱਲ ਨਿਕਲ ਆਵੇਗਾ … ਖ਼ਰਚਾ ਪੱਤਾ ਮੈਂ ਕਰਦਾ ਰਹਾਂਗਾ … ਮੇਰੇ ’ਤੇ ਤੇਰਾ ਇਹ ਅਹਿਸਾਨ ਹੋਊਗਾ … ...।” ਭਰੀ ਦੁਨੀਆਂ ਛੱਡ ਕੇ ਸੇਠ ਦਾ ਯਕੀਨ ਸਿਰਫ਼ ਤੇ ਸਿਰਫ਼ ਫ਼ਕੀਰ ’ਤੇ ਟਿਕਿਆ ਸੀ। ਸਾਰੀ ਅੰਦਰਲੀ ਗੱਲ ਲੁੱਡਣ ਸ਼ਾਹ ਨਾਲ ਸਾਂਝੀ ਕਰ ਕੇ ਸੇਠ ਹੌਲ਼ਾ-ਹੌਲ਼ਾ ਮਹਿਸੂਸ ਕਰ ਰਿਹਾ ਸੀ।
“ਤੇਰਾ ਹੁਕਮ ਤਾਂ ਰੱਬੀ ਫਰਮਾਨ ਐ ਮੇਰੇ ਲਈ ਭਰਾਵਾ …. ਦਾਤਾ ਮਿਹਰ ਕਰੇ …” ਫ਼ਕੀਰ ਵੱਡੇ ਦਿਲ ਵਾਲਾ ਸੀ।
ਲੁੱਡਣ ਸ਼ਾਹ ਬੱਸ ਵਿੱਚ ਚੜ੍ਹਦਾ, ਅਸੀਸਾਂ ਦਿੰਦਾ, ਜੋ ਵੀ ਮਿਲਦਾ ਸ਼ੁਕਰ ਕਰਦਾ। ਮੁੰਡ੍ਹੀਰ ਨੇ ਟਿੱਚਰ ਕਰਨੀ, “ਬਾਬਾ, ਅੱਜ ਕਿੰਨੀ … ਪਊਆ ਕਿ ਅਧੀਆ?”
“ਉੱਪਰ ਵਾਲਾ ਜਾਣੇ …।” ਲੁੱਡਣ ਸ਼ਾਹ ਹੱਸ ਕੇ ਜਵਾਬ ਦਿੰਦਾ। ਹੁਣ ਉਸ ਨੂੰ ਕਿਸੇ ਨੇ ਕਦੇ ਠੇਕੇ ਜਾਂਦਾ ਨਹੀਂ ਸੀ ਦੇਖਿਆ। ਲੋਕਾਂ ਫਿਰ ਆਵਾਜ਼ਾਂ ਕੱਸਣੀਆਂ, “ਬਾਬਾ ਹੁਣ ਮਾਇਆ ਜੋੜਨ ਲੱਗ ਪਿਆ ਐ …।”
ਬਾਬਰ ਦੇ ਜੇਲ੍ਹ ਜਾਣ ਤੋਂ ਬਾਅਦ ਠੇਕੇਦਾਰ ਨਛੱਤਰ ਬੇਚੈਨ ਰਹਿੰਦਾ। ਸੋਚਾਂ ਘੇਰ ਲੈਂਦੀਆਂ ਕਿ ਇਹ ਦਿਨ ਵੀ ਦੇਖਣੇ ਪੈਣੇ ਸਨ। ਕੀ ਕਰਨਾ ਸੀ ਇੰਨਾ ਰਪੌੜ … ਕੋਈ ਖਾਣ ਹੰਢਾਉਣ ਵਾਲਾ ਹੀ ਨਹੀਂ … ਸਭ ਬਰਬਾਦ ਹੋ ਗਿਆ। ਮਨ ਨੂੰ ਚਿਤਵਣੀ ਲੱਗੀ ਰਹਿੰਦੀ। ਭਟਕਣ ਮਿਟਾਉਣ ਲਈ ਇੱਕ ਦਿਨ ਨਹਿਰ ਦੇ ਪੁਲ਼ ’ਤੇ ਰਾੜੇ ਵਾਲੇ ਸੰਤਾਂ ਦੇ ਧਾਰਮਿਕ ਦੀਵਾਨ ਵਿੱਚ ਜਾ ਪਹੁੰਚਿਆ। ਦਿਲ ਨੂੰ ਥੋੜ੍ਹਾ ਸਕੂਨ ਮਿਲਿਆ। ਠੇਕੇਦਾਰ ਦੀ ਬਿਰਤੀ ਲੱਗ ਗਈ। ਵਿਚਾਰ ਕੰਨਾਂ ਵਿੱਚ ਪੈ ਰਹੇ ਸਨ, “ਇੱਥੋਂ ਕਿਸੇ ਨਾਲ ਕੁਛ ਨਹੀਂ ਜਾਣਾ … ਹੀਰੇ ਮੋਤੀ, ਜ਼ਮੀਨਾਂ ਜਾਇਦਾਦਾਂ … ਬੱਸ ਸਾਢੇ ਤਿੰਨ ਹੱਥ ਹੀ ਤੇਰੇ ਨੇ … ਬੜੇ ਸਿਕੰਦਰ ਆਏ ਇੱਥੇ … ਮਿੱਟੀ ਦੀ ਢੇਰੀ … ਬੰਦਿਆਂ ਵਿੱਚ ਹੀ ਰੱਬ ਵਸਦਾ …।” ਪ੍ਰਵਚਨ ਹਥੌੜੇ ਵਾਂਗ ਵੱਜ ਰਹੇ ਸਨ। ਦਿਲ ਵਿੱਚੋਂ ਹਉਂਕਾ ਉੱਠਦਾ। ‘ਸੱਚੀਆਂ ਗੱਲਾਂ ਨੇ … ਮਨੁੱਖਤਾ ਦੀ ਸੇਵਾ ਹੀ ਅਸਲੀ ਸੇਵਾ ਹੈ … ਬਾਕੀ ਸਭ ਪਦਾਰਥਵਾਦ …।’
ਸੋਚਾਂ ਵਿੱਚ ਵਿੰਨ੍ਹਿਆ ਠੇਕੇਦਾਰ ਇੱਕ ਦਿਨ ਨਹਿਰ ਦੇ ਕੰਢੇ ਕੰਢੇ ਤੁਰ ਪਿਆ। ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਉਮੜੇ। ‘ਕਿਉਂ ਨਾ ਲੁੱਡਣ ਸ਼ਾਹ ਨੂੰ ਇੱਕ ਕਮਰਾ ਛੱਤ ਦਿਆਂ … ਇਹ ਵੀ ਤਾਂ ਪੁੰਨ ਦਾ ਕੰਮ ਹੈ … ਲੋੜਵੰਦ ਵੀ ਐ, ਲਾਚਾਰ ਵੀ …।’ ਕਥਾਵਾਚਕ ਦੇ ਵਿਚਾਰ ਫਿਰ ਸੋਚਾਂ ਵਿੱਚ ਘੁੰਮਣ ਲੱਗੇ, “ਜਦੋਂ ਬੰਦਾ ਨਿਹੱਥਾ ਹੋ ਜਾਂਦਾ ਹੈ, ਜ਼ਮੀਰ ਲਾਹਨਤਾਂ ਪਾਉਂਦੀ ਐ, ਤਾਂ ਹਿਰਦਾ ਪਵਿੱਤਰ ਹੋ ਜਾਂਦਾ … ਪਰ ਉਦੋਂ ਤਕ ਪਾਣੀ ਦੂਰ ਤਕ ਵਹਿ ਗਏ ਹੁੰਦੇ ਨੇ … ਪਛਤਾਵੇ ਤੋਂ ਬਿਨਾਂ ਕੁਝ ਪੱਲੇ ਨਹੀਂ ਪੈਂਦਾ।”
ਠੇਕੇਦਾਰ ਨੂੰ ਅਚਾਨਕ ਜਸਨੀਤ ਦੀ ਯਾਦ ਆਈ: ‘ਵਿਚਾਰੀ ਬੇਕਸੂਰ … ਜ਼ਾਲਮ ਦੇ ਵੱਸ ਪੈ ਗਈ ਸੀ ਗਊ … ਕਿੱਥੇ ਤੇ ਕਿਵੇਂ ਹੋਊਗੀ … ਮੈਂ ਵੀ ਤਾਂ ਕਸੂਰਵਾਰ ਹਾਂ ਉਸਦਾ …।’ ਮਾਨਸਿਕ ਗੁੰਝਲਾਂ ਨੂੰ ਸੁਲਝਾਉਂਦਾ ਠੇਕੇਦਾਰ ਆਲੇ ਦੁਆਲੇ ਤੋਂ ਬੇਖ਼ਬਰ ਪਿੰਡ ਦੀ ਫਿਰਨੀ ’ਤੇ ਪਹੁੰਚ ਗਿਆ। ਝੌਂਪੜੀ ਦਾ ਰਾਹ ਪੁੱਛਿਆ। ਸਾਹੋ ਸਾਹ ਹੋਇਆ ਚਿੱਕੜ ਭਰੀ ਕੱਚੀ ਪਹੀ ਲੰਘ ਕੁੱਲੀ ਦੇ ਸਾਹਮਣੇ ਜਾ ਖੜ੍ਹਾ ਹੋਇਆ।
ਖੇਤ ਦੇ ਇੱਕ ਕੰਢੇ ਕੱਖਾਂ ਕਾਨਿਆਂ ਦੀ ਕੁੱਲੀ। ਬਾਹਰ ਦੋ ਕੂਕਰ ਬੈਠੇ ਹੋਏ, ਜਿਵੇਂ ਕਿਸੇ ਰਾਜਾਸ਼ਾਹੀ ਮਹੱਲ ਦੀ ਰਾਖੀ ਲਈ ਤਾਇਨਾਤ ਕੀਤੇ ਹੋਣ। ਓਪਰੇ ਬੰਦੇ ਨੂੰ ਦੇਖ ਕੇ ਭੌਂਕੇ, ਪਰ ਲੁੱਡਣ ਸ਼ਾਹ ਦੇ ਪੁਚਕਾਰਨ ’ਤੇ ਸ਼ਾਂਤ ਹੋ ਗਏ। ਨਛੱਤਰ ਬਾਹਰ ਪਏ ਮੂੜ੍ਹੇ ਉੱਤੇ ਬੈਠ ਗਿਆ। ਚੌਤਰਫਾ ਨਜ਼ਰ ਘੁਮਾਈ, ਮਨ ਪਸੀਜ ਗਿਆ, ‘ਕਿਵੇਂ ਕੱਟਦਾ ਹੋਵੇਗਾ ਇਹ ਤਿੱਖੜ ਦੁਪਹਿਰਾਂ ਤੇ ਸਿਆਲਾਂ ਦਾ ਠੱਕਾ?’
“ਫ਼ਕੀਰਾ! ਤੇਰੀ ਔਖ ਮੇਰੇ ਸਾਹਮਣੇ ਐ … ਜੇ ਤੂੰ ਰਾਜ਼ੀ ਹੋਵੇਂ … ਤਾਂ ਮੈਂ ਆਪਣੇ ਫਾਰਮ ਹਾਊਸ ’ਤੇ ਇੱਕ ਕਮਰਾ ਉਸਾਰ ਦਿੰਨਾ … ਉੱਥੇ ਮੌਜ ਕਰੀਂ … ਤੇਰੀ ਇਹ ਉਮਰ ਡਿੱਕੋਡੋਲੇ ਖਾਣ ਦੀ ਨਹੀਂ …।” ਨਛੱਤਰ ਦਿਲੋਂ ਦਾਨਿਸ਼ਵਰ ਬਣਿਆ ਖੜ੍ਹਾ ਸੀ।
“ਸਰਦਾਰਾ, ਰੱਬ ਬਹੁਤਾ ਦੇਵੇ … ਫ਼ਿਕਰ ਕਾਹਦਾ ਕਰਨਾ … ਉਹ ਜਿੱਥੇ ਰੱਖੇ … ਉਹਦੀ ਰਜਾ …।” ਲੁੱਡਣ ਸ਼ਾਹ ਨੇ ਆਵਾਜ਼ ਪਛਾਣ ਲਈ ਸੀ।
“ਬਾਬਾ, ਤੂੰ ਉੱਥੇ ਵੀ ਬੇਫਿਕਰ ਹੋ ਕੇ ਰਹਿ ਸਕੇਂਗਾ … ਭੋਜਨ ਪਾਣੀ ਮਿਲਦਾ ਰਹੂਗਾ …।” ਨਛੱਤਰ ਉਸ ਨੂੰ ਹਰ ਹੀਲੇ ਵਿਸ਼ਵਾਸ ਦਿਵਾਉਣਾ ਚਾਹੁੰਦਾ ਸੀ।
“ਜੀਹਨੇ ਅੱਜ ਨੀ ਭੁੱਖੇ ਸੌਣ ਦਿੱਤਾ, ਸਰਦਾਰਾ … ਕੱਲ੍ਹ ਦੀ ਚਿੰਤਾ ਵੀ ਉਸੇ ਨੂੰ ਆਂ … ਕਿਉਂ ਕਿਸੇ ’ਤੇ ਬੋਝ ਬਣਨਾ …।” ਲੁੱਡਣ ਸ਼ਾਹ ਕੁਦਰਤ ਦਾ ਕਰਜ਼ਦਾਰ ਸੀ।
ਨਛੱਤਰ ਦਾ ਮਨ ਥੋੜ੍ਹਾ ਔਖਾ ਹੋ ਗਿਆ। ਅੰਦਰਲੀ ਸਰਦਾਰੀ ਨੇ ਤੁਣਕਾ ਮਾਰਿਆ, ‘ਮੈਂ ਇਹਦੀ ਐਡੀ ਵੱਡੀ ਜ਼ਿੰਮੇਵਾਰੀ ਲੈਣ ਨੂੰ ਫਿਰਦਾਂ … ਇਹ ਕੋਈ ਰਾਹ ਸਿਰਾ ਹੀ ਨੀ ਫੜਾਉਂਦਾ … ਕਿਸੇ ਨੂੰ ਆਪਣੇ ਘਰ ਆਸਰਾ ਦੇਣਾ ਕੀ ਛੋਟਾ ਪੁੰਨ ਐ?’ ਠੇਕੇਦਾਰ ਕੁਝ ਬੋਲਣ ਹੀ ਲੱਗਾ ਸੀ ਕਿ ਛੰਨ ਵਿੱਚੋਂ ਇੱਕ ਸੋਹਣੀ ਸੁਨੱਖੀ ਲੜਕੀ ਬਾਹਰ ਆਈ, ਜੋ ਅੱਧੋਰਾਣੇ ਕੱਪੜਿਆਂ ਵਿੱਚ ਸੀ ਅਤੇ ਉਸਦੀ ਮਨੋਦਸ਼ਾ ਠੀਕ ਨਹੀਂ ਸੀ ਲਗਦੀ। ਠੇਕੇਦਾਰ ਠਠੰਬਰ ਗਿਆ। ‘ਮੈਂ ਇਹਨੂੰ ’ਕੱਲੇ ’ਕਹਿਰੇ ਨੂੰ ਦੋ ਡੰਗ ਦੀ ਰੋਟੀ ਦੇਣ ਦਾ ਸੋਚ ਕੇ ਦਾਨਵੀਰ ਬਣਿਆ ਫਿਰਦਾਂ … ਇਹ ਅਪਾਹਜ ਫ਼ੱਕਰ ਚਾਰਾਂ ਜੀਆਂ ਦਾ ਸਹਾਰਾ ਬਣ ਕੇ ਵੀ ਕੋਈ ਅਹਿਸਾਨ ਨਹੀਂ ਜਤਾ ਰਿਹਾ।’ ਜ਼ਮੀਰ ਫਿਰ ਲਾਹਨਤਾਂ ਪਾਉਂਦੀ ਜਾਪੀ। ਨਜ਼ਰਾਂ ਜ਼ਮੀਨ ਵਿੱਚ ਗੱਡੀਆਂ ਗਈਆਂ।
ਠੇਕੇਦਾਰ ਨੂੰ ਕੁਝ ਪਲਾਂ ਮਗਰੋਂ ਜਦੋਂ ਹੋਸ਼ ਆਇਆ,ਧੌਣ ਉੱਤੇ ਚੁੱਕੀ, ਨੀਝ ਨਾਲ ਦੇਖਿਆ। ਜਿਵੇਂ ਅਸਮਾਨੀ ਬਿਜਲੀ ਡਿਗ ਪਈ ਹੋਵੇ।
ਛੰਨ ਵਿੱਚੋਂ ਬਾਹਰ ਆਈ ਮੁਟਿਆਰ ਜਸਨੀਤ ਸੀ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5306)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.