Jagjit S Lohatbaddi 7ਮੈਂ ਸਹਿਜ ਸੁਭਾਅ ਗੱਲ ਕਰੂੰਗੀ … ਤੂੰ ਨਾ ਤੱਤਾ ਹੋਈਂ … ਟੈਮ ਹੱਥ ਨੀ ਆਉਂਦਾ ...
(9 ਮਾਰਚ 2025)

 

ਅੱਸੂ ਦਾ ਪਿਛਲਾ ਪੱਖ ਚੱਲ ਰਿਹਾ ਸੀਅੰਬਰ ’ਤੇ ਗੁਬਾਰ ਜਿਹਾ ਚੜ੍ਹਿਆ ਹੋਇਆਧੁਆਂਖੀ ਧੁੰਦ ਵਿੱਚ ਦੂਰ ਤਕ ਦੇਖਣਾ ਅਤੇ ਸਾਹ ਲੈਣਾ ਦੁੱਭਰ ਹੋਇਆ ਪਿਆ ਸੀਦੋਪਹੀਆ ਵਾਹਨਾਂ ਵਾਲੇ ਜ਼ਿਆਦਾ ਪਰੇਸ਼ਾਨ ਸਨਕੋਈ ਸਾਫੇ ਦਾ ਲੜ ਮੂੰਹ ਉੱਤੇ ਲਪੇਟ ਕੇ ਅਤੇ ਕੋਈ ਜਾਲੀਦਾਰ ਜਿਹੇ ਪਰਨੇ ਨਾਲ ਅੱਖਾਂ ਢਕ ਕੇ ਆਪਣੀ ਮੰਜ਼ਿਲ ‘ਤੇ ਪਹੁੰਚਣ ਲਈ ਕਾਹਲ਼ਾ ਸੀ

ਨਿਰਮਲ ਵੀ ਰਾਜਗੜ੍ਹ ਤੋਂ ਬਜ਼ੁਰਗ ਮਾਂ ਪਿਉ ਨੂੰ ਮਿਲ ਕੇ ਸ਼ਹਿਰ ਵੱਲ ਸਕੂਟਰ ਭਜਾਈ ਜਾ ਰਿਹਾ ਸੀਇਸ ਵਾਰ ਕੰਮਾਂਕਾਰਾਂ ਦੇ ਰੁਝੇਵਿਆਂ ਕਰ ਕੇ ਪਿੰਡ ਦਾ ਚੱਕਰ ਦੇਰ ਬਾਅਦ ਲੱਗਿਆ ਸੀਪਰ ਮਨ ਵਿਚਲੀ ਬੇਚੈਨੀ ਦਾ ਆਲਮ ਪਹਿਲਾਂ ਨਾਲੋਂ ਵੱਧ ਸੀਖੇਤ ਦੀ ਵੱਟ ’ਤੇ ਲੱਗਿਆ ਬੋਹੜ ਦਾ ਦਰਖ਼ਤ ਵੀ ਬਾਪੂ ਦੇ ਚਿਹਰੇ ਵਾਂਗ ਉਦਾਸ ਲੱਗਿਆਉਸਦਾ ਦਿਲ ਕਰਦਾ ਸੀ ਕਿ ਘੜੀ ਪਲ ਉਸਦੇ ਥੱਲੇ ਬੈਠਕੇ ਉਸ ਬੋਹੜ ਨਾਲ ਗੱਲਾਂ ਕਰੇ, ਉਸਦੀ ਠੰਢਕ ਨੂੰ ਮਹਿਸੂਸ ਕਰੇਬਾਪੂ ਦੱਸਦਾ ਹੁੰਦਾ ਸੀ ਕਿ ਉਸਦੇ ਬਾਪ ਅਤੇ ਭਜਨੇ ਦੇ ਦਾਦੇ ਨੇ ਇਹ ਦਰਵੇਸ਼ ਰੁੱਖ ਬਹੁਤ ਸਾਲ ਪਹਿਲਾਂ ਬੀਜਿਆ ਸੀਹੁਣ ਵੀ ਤਿੱਖੜ ਦੁਪਹਿਰੇ ਇਹ ’ਕੱਲੀ ਛਾਂ ਹੀ ਨਹੀਂ ਦਿੰਦਾ, ਸਗੋਂ ਖੇਤਾਂ ਦੀ ਮਿੱਟੀ ਨੂੰ ਖੁਰਨ ਤੋਂ ਵੀ ਬਚਾਉਂਦਾ ਹੈ … ਸਾਡੇ ਦੁੱਖਾਂ ਸੁੱਖਾਂ ਦਾ ਸਾਂਝੀਵਾਲ ਹੈ …

ਨਿਰਮਲ ਦੇ ਘਰ ਪਹੁੰਚਣ ਤਕ ਮੂੰਹ ਹਨੇਰਾ ਪਸਰ ਗਿਆ ਸੀਉਸਨੇ ਸਕੂਟਰ ਨੂੰ ਸਟੈਂਡ ’ਤੇ ਲਾ ਕੇ ਮੋਢੇ ਤੇ ਰੱਖੇ ਪਰਨੇ ਨਾਲ ਕੱਪੜਿਆਂ ਤੋਂ ਗਰਦ ਝਾੜੀਕਰਮਜੀਤ ਤੋਂ ਲੈ ਕੇ ਪਾਣੀ ਦਾ ਗਲਾਸ ਪੀਤਾਰਤਨਦੀਪ ਕਲਾਸ ਲਾਉਣ ਤੋਂ ਬਾਅਦ ਦੋਸਤਾਂ ਨਾਲ ਗੇੜੀ ਤੇ ਨਿੱਕਲਿਆ ਹੋਇਆ ਸੀਤਿੰਨੇ ਹੀ ਜੀਅ ਸਨ ਘਰ ਵਿੱਚ

ਦੇਖ ਲੈ ਮੁੰਡੇ ਦੇ ਲੱਛਣ … ਤੇਰੇ ਪਿੰਡ ਜਾਣ ਵੇਲੇ ਤੋਂ ਹੀ ਕੌਲੇ ਕੱਛਦਾ ਫਿਰਦਾ … ਆਹ ਟੈਮ ਹੋ ਗਿਆ ਹੈ …” ਕਰਮਜੀਤ ਨੂੰ ਚਿੰਤਾ ਨੇ ਘੇਰਿਆ ਹੋਇਆ ਸੀ

ਕੋਈ ਨਾ … ਮੈਂ ਕਰਦਾਂ ਘਰ ਆਏ ਨਾਲ ਗੱਲ … ਜ਼ਮਾਨਾ ਖਰਾਬ ਐ, ਕਰਮਜੀਤ … ਬਹੁਤੀ ਟੋਕ-ਟਕਾਈ ਵੀ ਨੀ ਕਰ ਸਕਦੇ …” ਨਿਰਮਲ ਦੇ ਅੰਦਰ ਵੀ ਕੋਈ ਡਰ ਛੁਪਿਆ ਹੋਇਆ ਸੀ

ਉਹ ਸੋਚ ਰਿਹਾ ਸੀ ਕਿ ਕੁੜੀਆਂ ਮੁੰਡਿਆਂ ਵਿੱਚ ਇਹੀ ਫਰਕ ਹੁੰਦਾ ਹੈਗੁਆਂਢੀ ਭਜਨਾ ਦੱਸ ਰਿਹਾ ਸੀ ਕਿ ਉਸਦੀ ਬੇਟੀ ਹਰਮਨ ਵੀ ਰਤਨ ਦੇ ਹਾਣ ਦੀ ਹੈ ਅਤੇ ਉਸਨੇ ਕਦੇ ਕਿਸੇ ਕਿਸਮ ਦੀ ਚਿੰਤਾ ਨਹੀਂ ਦਿੱਤੀਘਰੋਂ ਸਕੂਲ ਕਾਲਜ ਤੇ ਵਾਪਸ ਸਿੱਧਾ ਘਰ! ਵਧੀਆ ਨੰਬਰ ਲੈ ਕੇ ਕੈਨੇਡਾ ਦੀ ਯੂਨੀਵਰਸਿਟੀ ਤੋਂ ਵਜ਼ੀਫ਼ਾ ਲੈ ਕੇ ਪੜ੍ਹਾਈ ਕਰ ਰਹੀ ਹੈਪਰ ਰਤਨ ਦੇ ਕਾਰਨਾਮਿਆਂ ਨੇ ਮਨ ਕਦੇ ਗ਼ਮਾਂ ਤੋਂ ਸੁਰਖ਼ਰੂ ਹੀ ਨਹੀਂ ਹੋਣ ਦਿੱਤਾ

ਕਰਮਜੀਤ ਨੇ ਮੋਹਰੇ ਰੋਟੀ ਦੀ ਥਾਲ਼ੀ ਲਿਆ ਧਰੀ ਪਰ ਨਿਰਮਲ ਦੀ ਭੁੱਖ ਉਡਾਰੀ ਮਾਰ ਚੁੱਕੀ ਸੀਉਸਨੇ ਵਿਸਕੀ ਦੀ ਬੋਤਲ ਖੋਲ੍ਹੀ ਤੇ ਦੋ ਤਿੰਨ ਹਾੜੇ ਅੰਦਰ ਸੁੱਟ ਲਏਉਹ ਅਕਸਰ ਹੀ ਜਦੋਂ ਕਿਸੇ ਟੈਂਨਸ਼ਨ ਵਿੱਚ ਹੁੰਦਾ ਤਾਂ ਸੋਮਰਸ ਦਾ ਸਹਾਰਾ ਲੈਂਦਾਅਣਮੰਨੇ ਜਿਹੇ ਦਿਲ ਨਾਲ ਦੋ ਚਾਰ ਗਰਾਹੀਆਂ ਮੂੰਹ ਵਿੱਚ ਪਾਈਆਂ ਤੇ ਥਾਲ਼ੀ ਪਰ੍ਹਾਂ ਕਰ ਦਿੱਤੀਸੌਣ ਦੀ ਕੋਸ਼ਿਸ਼ ਕੀਤੀ, ਪਰ ਨੀਂਦ ਕੋਹਾਂ ਦੂਰ ਭੱਜ ਰਹੀ ਸੀ

ਕੀ ਗੱਲ … ਕੋਈ ਫ਼ਿਕਰ ਐ …?” ਕਰਮਜੀਤ ਨੇ ਉੱਸਲਵੱਟੇ ਲੈਂਦਿਆਂ ਨਿਰਮਲ ਨੂੰ ਹਲੂਣਿਆ

ਭਾਗਵਾਨੇ … ਪਿੰਡ ਜਾ ਕੇ ਮੈਨੂੰ ਲੱਗਿਆ ਕਿ ਬਾਪੂ ਹੋਰਾਂ ਦੇ ਬੁੜ੍ਹੇ ਹੱਡਾਂ ਨੂੰ ਹੁਣ ਸਹਾਰੇ ਦੀ ਲੋੜ ਐ …” ਨਿਰਮਲ ਨੇ ਪਹਿਲੀ ਵਾਰੀ ਅੰਦਰਲਾ ਦਰਦ ਫ਼ਰੋਲਿਆ ਸੀ

ਮੈਂ ਤਾਂ ਤੈਨੂੰ ਕਿੰਨੀ ਵਾਰ ਕਿਹਾ, ਰਤਨ ਦੇ ਬਾਪੂ … ਹੁਣ ਉਨ੍ਹਾਂ ਦੀ ਹੱਥ ਫੂਕਣ ਦੀ ਉਮਰ ਨੀ … ਆਪਣੇ ਤੋਂ ਬਿਨਾਂ ਉਨ੍ਹਾਂ ਦਾ ਹੈ ਵੀ ਕੌਣ … ਇੱਥੇ ਲੈ ਆਈਏ … ਆਪਣੇ ਕੋਲ ਕਿਸੇ ਚੀਜ਼ ਦੀ ਕਮੀ ਆ ਭਲਾ?” ਕਰਮਜੀਤ ਮੁੱਢੋਂ ਦਰਿਆ-ਦਿਲ ਔਰਤ ਸੀ, ਜਿਸਦੇ ਸੰਸਕਾਰਾਂ ਵਿੱਚ ਸੱਸ ਸਹੁਰੇ ਦਾ ਦਰਜਾ ਮਾਂ ਪਿਉ ਵਾਲਾ ਸੀ

ਤੀਜੇ ਪਹਿਰ ਨਿਰਮਲ ਦੀ ਅੱਖ ਲੱਗਣ ਸਾਰ ਹੀ ਉਹ ਅਤੀਤ ਦੇ ਪਲਾਂ ਵਿੱਚ ਪਹੁੰਚ ਗਿਆਮਾਪਿਆਂ ਦੀ ਇਕਲੌਤੀ ਔਲਾਦ ਹੋਣ ਕਰ ਕੇ ਕਿਸੇ ਕਿਸਮ ਦੀ ਰੋਕ ਟੋਕ ਦਾ ਸਵਾਲ ਹੀ ਨਹੀਂ ਸੀਕਿਹੜਾ ਐਬ ਸੀ, ਜਿਹੜਾ ਸਕੂਲ ਦੇ ਦਿਨਾਂ ਵਿੱਚ ਉਸ ਨੂੰ ਨਹੀਂ ਸੀ ਚਿੰਬੜਿਆ? ਮਾੜੀ ਸੰਗਤ, ਰੋਜ਼ ਉਲਾਂਭਾਬਾਪੂ ਸਰਵਣ ਸਿਹੁੰ ਆਪ ਭਾਵੇਂ ਅਨਪੜ੍ਹ ਸੀ, ਪਰ ਪੜ੍ਹਾਈ ਦੀ ਕਦਰ ਸੀਖ਼ਰਚਿਆਂ ਨੂੰ ਦਰਕਿਨਾਰ ਕਰਕੇ ਉਸਨੇ ਪਿੰਡ ਦੇ ਸਰਕਾਰੀ ਸਕੂਲ ਵਿੱਚੋਂ ਨਾਂ ਕਟਵਾ ਨਿਰਮਲ ਨੂੰ ਸ਼ਹਿਰ ਦੇ ਸਿਰਕੱਢ ਸਕੂਲ ਵਿੱਚ ਦਾਖਲ ਕਰਵਾ ਦਿੱਤਾ, ਜਿੱਥੇ ਹੋਸਟਲ ਦੀ ਸਹੂਲਤ ਵੀ ਸੀਸਕੂਲ ਦਾ ਡਸਿਪਲਨ ਵੀ ਚੰਗਾ ਸੀ ਤੇ ਪੜ੍ਹਾਈ ਵੀਪਰ ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ! ਸਕੂਲ ਵਿੱਚੋਂ ਕੋਈ ਨਾ ਕੋਈ ਸ਼ਿਕਾਇਤ ਘਰ ਪਹੁੰਚ ਹੀ ਜਾਂਦੀਟੀਚਰ ਵੀ ਰੋਜ਼ ਦੀਆਂ ਆਦਤਾਂ ਤੋਂ ਤੰਗ ਆ ਚੁੱਕੇ ਸਨਮਾਹੌਲ ਹੋਰ ਖਰਾਬ ਹੋਣ ਦੇ ਡਰੋਂ ਪ੍ਰਿੰਸੀਪਲ ਨੇ ਸਰਵਣ ਸਿੰਘ ਨੂੰ ਬੁਲਾ ਕੇ ਨਿਰਮਲ ਦਾ ਸਰਟੀਫਿਕੇਟ ਕੱਟ ਘਰ ਤੋਰ ਦਿੱਤਾਬਾਪੂ ਨੇ ਭਰੇ ਮਨ ਨਾਲ ਇਹ ਸਾਰਾ ਕੁਝ ਸਹਿ ਲਿਆ ਤੇ ਉਸ ਨੂੰ ਫਿਰ ਤੋਂ ਪਿੰਡ ਦੇ ਸਰਕਾਰੀ ਸਕੂਲ ਬਿਠਾ ਦਿੱਤਾ

ਰੁਲ ਖੁਲਲ਼ ਕੇ ਬਾਰ੍ਹਵੀਂ ਪਾਸ ਕਰ ਚੁੱਕੇ ਨਿਰਮਲ ਨੂੰ ਕਿਸੇ ਆਹਰੇ ਲਾਉਣ ਦੀ ਚਿੰਤਾ ਸਰਵਣ ਸਿਹੁੰ ਨੂੰ ਦਿਨ ਰਾਤ ਸਤਾਉਂਦੀ ਰਹਿੰਦੀਅਖੀਰ ਕਾਫੀ ਸੋਚ ਵਿਚਾਰ ਕਰ ਕੇ ਉਸਨੇ ਖੇਤ ਵਿੱਚ ਹੀ, ਘਰ ਦੇ ਨੇੜੇ ਪੋਲਟਰੀ ਫਾਰਮ ਖੋਲ੍ਹ ਦਿੱਤਾਆਲੇ ਦੁਆਲੇ ਹੋਰ ਕੋਈ ਫਾਰਮ ਵੀ ਨਹੀਂ ਸੀ ਤੇ ਆਮਦਨ ਵੀ ਚੰਗੀ ਸੀਕੰਮ ਮਿਹਨਤ ਮੰਗਦਾ ਸੀ, ਪਰ ਨਿਰਮਲ ਤੇ ਮਿਹਨਤ ਦਾ ਮੇਲ ਕਦੇ ਬਣਿਆ ਹੀ ਨਹੀਂ ਸੀ

ਬਾਪੂ, ਮੈਂ ਨੀ ਇਹ ਕੰਮ ਕਰ ਸਕਦਾ … ਮੁਰਗੀਖਾਨਾ ਸਾਰਾ ਦਿਨ ਮੁਸ਼ਕ ਮਾਰਦਾ ਰਹਿੰਦਾ … ਤੇ ਜਾਨਵਰਾਂ ਦੀ ਕੁਕ-ਕੁਕ ਅੱਡ ਕੰਨ ਪਾੜਦੀ ਰਹਿੰਦੀ ਆ …” ਨਿਰਮਲ ਨੇ ਆਪਣਾ ਫੈਸਲਾ ਸੁਣਾ ਦਿੱਤਾ

ਪੁੱਤ, ਤੇਰੇ ਕਰ ਕੇ ਤਾਂ ਇਹ ਕੰਮ ਸ਼ੁਰੂ ਕੀਤਾ ਸੀ … ਤੇਰੇ ਕੋਲ ਕੋਈ ਨੌਕਰੀ ਵੀ ਤਾਂ ਨੀ … ਤੇ ਇਹਨੂੰ ਵੇਚਣ ਨਾਲ ਘਾਟਾ ਵੀ ਮੋਟਾ ਪਊਗਾ … ਬਾਪੂ ਬੇਵੱਸ ਸੀ

ਮੈਂ ਕੇਸਰ ਨਾਲ ਸਲਾਹ ਕੀਤੀ ਐ … ਮੁਰਗੀਖ਼ਾਨਾ ਵੇਚ ਕੇ ਆਪਾਂ ਗਿਆਸਪੁਰੇ ਪਲਾਟ ਲੈ ਕੇ ਭਈਆਂ ਵਾਸਤੇ ਕਮਰੇ ਬਣਾਵਾਂਗੇ … ਕਿਰਾਇਆ ਵੀ ਚੰਗਾ ਤੇ ਵਿਹਲੇ ਦੇ ਵਿਹਲੇ …।”

ਜਿਵੇਂ ਤੇਰੀ ਮਰਜ਼ੀ ਪੁੱਤਰਾ … ਕੰਮ ਕੋਈ ਵੀ ਮਾੜਾ ਚੰਗਾ ਨੀ ਹੁੰਦਾ …” ਸਰਵਣ ਸਿਹੁੰ ਨੇ ਲਾਚਾਰੀ ਜ਼ਾਹਰ ਕੀਤੀ

ਨਿਰਮਲ ਨੂੰ ਰਤਨਦੀਪ ਵਿੱਚ ਹੂਬਹੂ ਆਪਣਾ ਅਕਸ ਦਿਸਦਾ। ‘ਮਾਂ ’ਤੇ ਧੀ, ਪਿਤਾ ’ਤੇ ਘੋੜਾ, ਬਹੁਤਾ ਨਹੀਂ ਤਾਂ ਥੋੜ੍ਹਾ ਥੋੜ੍ਹਾ’ ਓਹੀ ਚਾਲੇ! ਉਹ ਸੋਚ ਰਿਹਾ ਸੀ ਕਿ ਉਸਨੇ ਆਪ ਕਦੇ ਬਾਪੂ ਦੀ ਗੱਲ ਨੂੰ ਗੌਲਿਆ ਨਹੀਂ ਸੀਹੁਣ ਪੁੱਤ ਦੀ ਵੀ ਉਹੀ ਲੀਹ ਸੀ

ਰਾਤ ਅੱਧੀ ਬੀਤ ਚੁੱਕੀ ਸੀਅਚਾਨਕ ਗੇਟ ਖੜਕਿਆਕਰਮਜੀਤ ਖੋਲ੍ਹਣ ਗਈ

ਕਿਉਂ ਦਰਵਾਜ਼ੇ ਭੇੜੇ ਨੇ … ਚੋਰ ਪੈਂਦੇ ਨੇ … ਸਾਰੀ ਦੁਨੀਆਂ ਬਾਹਰ ਤੁਰੀ ਫਿਰਦੀ ਆ ਤੇ ਤੁਸੀਂ ਬੱਤੀਆਂ ਬੰਦ ਕਰ ਕੇ ਕੁੰਡੇ ਜਿੰਦੇ ਲਾਈ ਫਿਰਦੇ ਓਂ …” ਰਤਨਦੀਪ ਨਸ਼ੇ ਦੀ ਲੋਰ ਵਿੱਚ ਸੀਬਾਹਰ ਕੋਈ ਦੋਸਤ ਬੁਲੇਟ ਮੋਟਰਸਾਈਕਲ ਤੋਂ ਉਤਾਰਕੇ ਅੱਗੇ ਲੰਘ ਗਿਆ ਸੀ

ਨਿਰਮਲ ਦੀ ਅੱਖ ਖੁੱਲ੍ਹ ਗਈਰਤਨ ਨੂੰ ਪਲੋਸ ਕੇ ਮੰਜੇ ’ਤੇ ਪਾਇਆਕੱਪੜੇ ਫਟੇ ਹੋਏ, ਮੱਥੇ ’ਤੇ ਸੱਟ ਦੇ ਨਿਸ਼ਾਨਨਿਰਮਲ ਤੇ ਕਰਮਜੀਤ ਜ਼ਖ਼ਮ ਦੇਖ ਕੇ ਭਮੰਤਰ ਗਏਸੋਚਿਆ, ਇਸ ਵੇਲੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ, ਹਾਲਾਤ ਹੋਰ ਵਿਗੜਨਗੇ

ਨਿਰਮਲ ਨੂੰ ਬਾਕੀ ਰਾਤ ਨੀਂਦ ਨਾ ਆਈਉਹ ਮੂੰਹ ਹਨੇਰੇ ਉੱਠ ਕੇ ਸੈਰ ਕਰਨ ਚਲਾ ਗਿਆ ਪਰ ਸੋਚਾਂ ਨੇ ਖਹਿੜਾ ਨਾ ਛੱਡਿਆ। ‘ਕਿਵੇਂ ਸਮਝਾਈਏ … ਜਵਾਨ ਖੂਨ ਐ … ਗੁੱਸੇ ਵਿੱਚ ਕੋਈ ਅਨਹੋਣੀ ਨਾ ਵਾਪਰ ਜਾਵੇ … ਵਕਤ ਮਾੜਾ ਚੱਲ ਰਿਹਾ ਹੈ …’ ਸੋਚਾਂ ਦੀ ਲੜੀ ਉਦੋਂ ਟੁੱਟੀ, ਜਦੋਂ ਸੈਰ ਕਰਦੇ ਕੇਸਰ ਨੇ ਆਵਾਜ਼ ਮਾਰੀ, “ਨਿੰਮਿਆ, ਆ ਜਾ ਇੱਧਰ … ਕਿਹੜੇ ਫ਼ਿਕਰਾਂ ਨੇ ਘੇਰਿਆ ਹੋਇਐਂ?” ਕੇਸਰ ਸਹਿਕਾਰੀ ਬੈਂਕ ਵਿੱਚ ਨੌਕਰੀ ਕਰਦਾ ਸੀਨਾਲ ਦੇ ਪਿੰਡ ਤੋਂ ਸੀਔਖੇ ਸੌਖੇ ਵੇਲੇ ਕੇਸਰ ਦੀ ਸਲਾਹ ਮਨ ਨੂੰ ਠਰ੍ਹੰਮਾ ਦਿੰਦੀ ਸੀ

ਕਾਹਦਾ ਬਾਈ, ਮੁੰਡੇ ਨੇ ਸੁੱਕਣੇ ਪਾਏ ਹੋਏ ਆਂ … ਸੰਗਤ ਮਾੜੀ ਆ … ਮੈਂ ਸੋਚਦਾ ਸੀ ਜ਼ਮੀਨ ਗੁਜ਼ਾਰੇ ਜੋਗੀ ਹੈਗੀ … ਕਿਰਾਏ ਤੋਂ ਵੀ ਚਾਰ ਪੈਸੇ ਆ ਜਾਂਦੇ ਨੇ …।”

ਮਿੱਤਰਾ, ਅੱਜ ਕੱਲ੍ਹ ਦੀ ਮੁੰਡ੍ਹੀਰ ਨੂੰ ਇਨ੍ਹਾਂ ਚੀਜ਼ਾਂ ਦੀ ਕੋਈ ਕਦਰ ਨੀ … ਖਾਣ ਪੀਣ … ਐਸ਼ ਪ੍ਰਸਤੀ … ਨਸ਼ਾ ਪੱਤਾ … ਬੱਸ ਰੱਬ ਬਚਾਵੇ …” ਕੇਸਰ ਨੇ ਵਿੱਚੋਂ ਟੋਕਿਆ

ਮੈਂ ਸੋਚਦਾ ਸੀ ਕਿ ਘਰ ਦਾ ਕੰਮ ਸੰਭਾਲ ਲਵੇ … ਪਰ ਉਹਦੇ ਦਿਮਾਗ਼ ’ਚ ਬਾਹਰਲੇ ਮੁਲਕ ਵਾਲਾ ਕੀੜਾ ਵੜਿਆ ਹੋਇਆ ਐ … ਹਾਰ ਹੰਭ ਕੇ ਮੈਂ ਵੀ ਹਾਂ ਕਰਤੀ …” ਨਿਰਮਲ ਬੇਵਸੀ ਜ਼ਾਹਰ ਕਰ ਰਿਹਾ ਸੀ

ਬਾਹਰ ਚਲਿਆ ਜਾਊਗਾ ਤਾਂ ਚੰਗਾ ਰਹੂਗਾ … ਇੱਥੇ ਤਾਂ ਸਾਲਾ ਰੋਜ਼ ਦਾ ਨਵਾਂ ਸਿੜ੍ਹੀ ਸਿਆਪਾ … ਨਸ਼ਿਆਂ ਤੇ ਗੁੰਡਾਗਰਦੀ ਨੇ ਜਿਊਣਾ ਦੁੱਭਰ ਕੀਤਾ ਹੋਇਆ … ਰਹਿੰਦੀ ਖੂੰਹਦੀ ਕਸਰ ਆਹ ਚਿੱਟ-ਕੱਪੜੀਏ ਲੀਡਰਾਂ ਨੇ ਕੱਢੀ ਹੋਈ ਆ … ਪਹਿਲਾਂ ਮਛ੍ਹੋਰਾਂ ਨੂੰ ਵਰਤਦੇ ਨੇ, ਪਿੱਛੋਂ ਪੈਰ ਖਿੱਚ ਲੈਂਦੇ ਨੇ … ਅਖੇ, ਇਹ ਤਾਂ ਗੈਂਗਸਟਰ ਨੇ …” ਕੇਸਰ ਦੇ ਬੋਲਾਂ ਵਿੱਚ ਨਸੀਹਤ ਸੀ

ਹੋਰ ਸੁਣਾ, ਗਿਆਸਪੁਰੇ ਵਾਲੇ ਕੁਆਟਰਾਂ ਦਾ ਸਹੀ ਚੱਲੀ ਜਾਂਦਾ … ਟਾਈਮ ਸਿਰ ਮਿਲੀ ਜਾਂਦਾ ਕਿਰਾਇਆ?” ਕੇਸਰ ਨੇ ਅਗਲੀ ਗੱਲ ਤੋਰੀ

ਹਾਂ, ਠੀਕ ਹੈ … ਤੀਹ ਪੈਂਤੀ ਕਮਰੇ ਨੇ … ਰਾਮ ਕਿਸ਼ੋਰ ਯਾਦਵ ਨੂੰ ਪਲਾਟ ਵਿੱਚ ਇੱਕ ਦੁਕਾਨ ਬਣਾ ਕੇ ਦੇ ਦਿੱਤੀ ਸੀ … ਓਹੀ ਕਿਰਾਇਆ ’ਕੱਠਾ ਕਰਦਾ ਐ।”

ਚੰਗੀ ਗੱਲ ਐ … ਆਪਾਂ ਤੋਂ ਇਹ ਸਿਰਦਰਦੀ ਕਿੱਥੇ ਲਈ ਜਾਣੀ ਸੀ।”

ਕਿੰਨੇ ਭਈਏ ਨਵੇਂ ਆਏ, ਕਿੰਨੇ ਛੱਡ ਕੇ ਚਲੇ ਗਏ, ਓਹੀ ਜਾਣੇ … ਆਪਾਂ ਚੜ੍ਹੇ ਮਹੀਨੇ ਬੱਝਵੇਂ ਪੈਸੇ ਫੜ ਲਿਆਈਦੇ ਆ।”

ਚਲੋ, ਇਹ ਜੂਆ ਖੇਡਿਆ ਤਾਂ ਰਾਸ ਆ ਗਿਆ … ਪੋਲਟਰੀ ਤਾਂ ਘਾਟੇ ਵਾਲਾ ਸੌਦਾ ਹੋ ਗਿਆ ਹੁਣ … ਸਾਡੇ ਨਿਆਈਂ ਵਾਲੇ ਕਿੱਲੇ ਵਿੱਚੋਂ ਸੜਕ ਨਿਕਲ ਰਹੀ ਆ … ਮੁਆਵਜ਼ਾ ਮਿਲਣ ਵਾਲਾ … ਮੈਂ ਵੀ ਕੋਈ ਪਲਾਟ ਲੈ ਕੇ ਇਹੀ ਜਗਾੜ ਬਣਾਉਣ ਦਾ ਸੋਚਦਾਂ …” ਕੇਸਰ ਨੂੰ ਵੀ ਇਹ ਕੰਮ ਭਾਇਆ ਸੀ

ਨਿਰਮਲ ਦੇ ਘਰ ਵਾਪਸ ਆਉਣ ਤਕ ਰਤਨਦੀਪ ਸੁੱਤਾ ਹੋਇਆ ਸੀ, ਸ਼ਾਇਦ ਰਾਤ ਦਾ ਨਸ਼ਾ ਹਾਲੇ ਤਕ ਨਾ ਉੱਤਰਿਆ ਹੋਵੇ

ਕਰਮਜੀਤ, ਕਿਵੇਂ ਸਮਝਾਈਏ ਰਤਨ ਨੂੰ?” ਨਿਰਮਲ ਨੂੰ ਕੋਈ ਰਾਹ ਨਹੀਂ ਸੀ ਸੁੱਝ ਰਿਹਾ

ਮੈਂ ਸਹਿਜ ਸੁਭਾਅ ਗੱਲ ਕਰੂੰਗੀ … ਤੂੰ ਨਾ ਤੱਤਾ ਹੋਈਂ … ਟੈਮ ਹੱਥ ਨੀ ਆਉਂਦਾ” ਕਰਮਜੀਤ ਹਕੀਕਤ ਦੇ ਜ਼ਿਆਦਾ ਨੇੜੇ ਸੀ

ਮੈਂ ਕਾਹਨੂੰ ਬੋਲਣਾ … ਆਈਲੈਟਸ ਕਰ ਲਵੇ ਕੇਰਾਂ … ਹਰਮਨ ਨੂੰ ਕਹਾਂਗੇ, ਆਪੇ ਧਿਆਨ ਰੱਖੂਗੀ … ਸਿਆਣੀ ਧੀ ਐ।”

ਤੂੰ ਨਾਸ਼ਤਾ ਕਰ ਲੈ … ਫਿਰ ਪਿੰਡੋਂ ਜਾ ਕੇ ਬੇਬੇ ਬਾਪੂ ਨੂੰ ਲੈ ਆਵਾਂਗੇ … ਘਰ ਦਾ ਜਿੰਦਰਾ ਹੁੰਦੇ ਨੇ ਵਡੇਰੇ” ਕਰਮਜੀਤ ਦੀ ਸਿਆਣਪ ਨੇ ਨਿਰਮਲ ਨੂੰ ਕਾਇਲ ਕਰ ਦਿੱਤਾ ਸੀ

ਫ਼ੋਨ ਦੀ ਘੰਟੀ ਵੱਜੀਨੰਬਰ ਰਾਮ ਕਿਸ਼ੋਰ ਯਾਦਵ ਦਾ ਸੀਨਿਰਮਲ ਦਾ ਮੱਥਾ ਠਣਕਿਆਮਹੀਨੇ ਦਾ ਅੱਧ ਚੱਲ ਰਿਹਾ ਹੈ, ਪਹਿਲਾਂ ਕਦੇ ਕਾਲ ਨੀ ਕੀਤੀ ਉਹਨੇ … ਸੁੱਖ ਹੋਵੇ

ਸਰਦਾਰ ਜੀ, ਆਪ ਆ ਜਾਓ ਇੱਧਰ … ਪੁਲੀਸ ਨੇ ਰੇਡ ਕੀਤੀ ਆ ਕੁਆਟਰ ਪੇ …” ਉੱਧਰੋਂ ਆਵਾਜ਼ ਸੀ

ਕਿਆ ਬਾਤ ਹੋ ਗਈ … ਚਲੋ ਮੈਂ ਆ ਰਹਾ ਹੂੰ” ਅਣਕਿਆਸੀ ਚਿੰਤਾ ਅੱਗੇ ਆ ਖੜ੍ਹੀ

ਬਤਾ ਕੁਛ ਨਹੀਂ ਰਹੇ … ਗਾਲੀ ਪੇ ਗਾਲੀ ਨਿਕਾਲ ਰਹੇ ਹੈਂ ਪੁਲੀਸ ਵਾਲੇ … ਚਿਲਾ ਰਹੇ ਹੈਂ, ਮਾਲਕ ਕੋ ਬੁਲਾਓ।”

ਨਿਰਮਲ ਨੇ ਇਕੱਲੇ ਜਾਣਾ ਠੀਕ ਨਾ ਸਮਝਿਆ, ਮਤੇ ਕੋਈ ਅੜਬ ਥਾਣੇਦਾਰ ਬੇਇੱਜ਼ਤ ਕਰ ਦੇਵੇਕੇਸਰ ਨੂੰ ਫ਼ੋਨ ਕੀਤਾਉਹ ਕਿਤੇ ਵਾਂਢੇ ਚਲਾ ਗਿਆ ਸੀਕੌਂਸਲਰ ਯਾਦਵਿੰਦਰ ਨੂੰ ਨਾਲ ਲਿਆ ਤੇ ਗਿਆਸਪੁਰੇ ਪਹੁੰਚ ਗਏ

ਸਰਦਾਰਾ! ਇਹ ਕਮਰੇ ਤੇਰੇ ਨੇ?” ਥਾਣੇਦਾਰ ਕੜਕਿਆ

ਜੀ ਹਾਂ, ਕਿਰਾਏ ਵਾਸਤੇ ਬਣਾਏ ਨੇ …” ਨਿਰਮਲ ਹੱਥ ਜੋੜੀ ਖੜ੍ਹਾ ਸੀ

ਕਿੰਨੇ ਭਈਏ ਰਹਿੰਦੇ ਨੇ ਇੱਥੇ?

ਰਾਮ ਕਿਸ਼ੋਰ, ਕਿੰਨੇ ਕੁ ਕਿਰਾਏਦਾਰ ਨੇ?” ਨਿਰਮਲ ਅਣਜਾਣ ਸੀਰਾਮ ਕਿਸ਼ੋਰ ਚੁੱਪ

ਤੈਨੂੰ ਪਤਾ, ਇੱਥੇ ਕੀ ਕੀ ਕੰਮ ਹੁੰਦੇ ਨੇ? … ਪਸ਼ੂਆਂ ਵਾਂਗ ਲੋਕ ਤੂੜੇ ਪਏ ਨੇ ਕਮਰਿਆਂ ਵਿੱਚ … ਨਾ ਕੋਈ ਸੁੱਖ, ਨਾ ਸਹੂਲਤ …

ਇੱਕ ਟੂਟੀ, ਦੋ ਗੁਸਲਖਾਨੇ … ਬੱਸ … ਸਾਲਾ ਮੁਰਗੀ ਖ਼ਾਨਾ ਖੋਲ੍ਹਿਆ ਹੋਇਆ …” ਥਾਣੇਦਾਰ ਲਗਾਤਾਰ ਬੋਲੀ ਜਾ ਰਿਹਾ ਸੀ

ਸਰ, ਅੱਗੇ ਤੋਂ ਧਿਆਨ ਰੱਖਾਂਗੇ …” ਨਿਰਮਲ ਨੇ ਅਰਜੋਈ ਕੀਤੀ

ਕਿਰਾਇਆ ਜੇਬ ’ਚ ਪਾਓ ਤੇ ਗੱਲ ਖ਼ਤਮ … ਤੈਨੂੰ ਤਾਂ ਇਹ ਵੀ ਨੀ ਪਤਾ ਹੋਣਾ ਕਿ ਕੁਆਟਰਾਂ ‘ਚ ਚਕਲਾ ਚੱਲਦੈ …” ਪੁਲਸੀਏ ਨੇ ਡੰਡਾ ਧਰਤੀ ’ਤੇ ਮਾਰਿਆ

ਮੁਰਗੀ ਖ਼ਾਨੇ’ ਦਾ ਨਾਂ ਸੁਣ ਕੇ ਨਿਰਮਲ ਦੇ ਦਿਲੋ-ਦਿਮਾਗ਼ ’ਤੇ ਗਹਿਰ ਜਿਹੀ ਚੜ੍ਹ ਗਈ … ਬਦਬੂ … ਦੁਰਗੰਧ … ਸੜ੍ਹਾਂਦ …ਥਾਣੇਦਾਰ ਦੀ ਮਨਸ਼ਾ ਸਾਫ਼ ਸੀਨਿਰਮਲ ਨੇ ਯਾਦਵਿੰਦਰ ਨੂੰ ਇਸ਼ਾਰਾ ਕੀਤਾਨਵੇਂ ਨਵੇਂ ਨੇਤਾ ਬਣੇ ਕੌਂਸਲਰ ਨੇ ਰਾਜਨੀਤੀ ਦੀਆਂ ਸ਼ਤਰੰਜ ਚਾਲਾਂ ਸਿੱਖ ਲਈਆਂ ਸਨ

ਸੰਧੂ ਸਾਹਿਬ, ਇੱਧਰ ਆ ਜਾਓ … ਗੱਲ ਕਰਦੇ ਆਂ …” ਯਾਦਵਿੰਦਰ ਨੇ ਇੰਸਪੈਕਟਰ ਨੂੰ ਬੁਰਕੀ ਪਾਈ

ਕਾਹਦੀ ਗੱਲ ਕਰਨੀ ਆ … ਆਹ ਜਿਹੜੇ ਮੁੰਡੇ ਕੁੜੀਆਂ ਫੜੇ ਗਏ ਨੇ ਅੰਦਰੋਂ … ਇਨ੍ਹਾਂ ’ਤੇ ਤਾਂ ਕੇਸ ਪਊ ਹੀ ਪਊ … ਬੜੀਆਂ ਸ਼ਿਕਾਇਤਾਂ ਆਈਆਂ ਸਾਨੂੰ ਮੁਹੱਲੇ ਵਿੱਚੋਂ … ਬਈ ਇਹ ਬਦਚਲਣੀ ਦਾ ਅੱਡਾ ਬਣਿਆ ਹੋਇਆ ਹੈ …” ਥਾਣੇਦਾਰ ਕੋਈ ਲਿਹਾਜ਼ ਕਰਨ ਨੂੰ ਤਿਆਰ ਨਹੀਂ ਸੀ

ਸਰ, ਹਰ ਮਸਲੇ ਦਾ ਹੱਲ ਹੁੰਦਾ … ਮੈਂ ਥੋਡੀ.ਐੱਮ.ਐੱਲ. ਏ. ਸਾਹਿਬ ਨਾਲ ਵੀ ਗੱਲ ਕਰਾ ਦਿੰਨਾ … ਆ ਜੋ, ਅੰਦਰ ਬੈਠਦੇ ਆਂ …”ਅਗਲੀ ਚਾਲ ਨੇ ਅਸਰ ਦਿਖਾਇਆਐੱਮ.ਐੱਲ.ਏ. ਦੇ ਨਾਂ ’ਤੇ ਸੰਧੂ ਦੇ ਤੇਵਰ ਕੁਛ ਨਰਮ ਪੈ ਗਏ ਸਨਸੌਦਾ ਤੈਅ ਹੋ ਗਿਆ ਤੇ ਮਾਮਲਾ ਰਫਾ ਦਫਾ!

ਨਿਰਮਲ ਨੂੰ ਰਾਤ ਨੂੰ ਅੱਚਵੀ ਜਿਹੀ ਲੱਗੀ ਰਹੀਉਸ ਨੂੰ ਪਛਤਾਵਾ ਵੀ ਹੋਇਆ ਅਤੇ ਆਪਣੇ ਆਪ ’ਤੇ ਗੁੱਸਾ ਵੀ ਆਇਆ ਕਿ ਪੋਲਟਰੀ ਫਾਰਮ ਵੇਚਣ ਵੇਲੇ ਬਾਪੂ ਨੇ ਨਵੇਂ ਕੰਮ ਤੋਂ ਵਰਜਿਆ ਸੀ, “ਪੁੱਤ ਇਹ ਕੰਮ ਆਪਣੇ ਵੱਸ ਨੀ … ਬਹੁਤ ਖ਼ਜਾਲ਼ਤ ਹੈ ਇਹਦੇ ਵਿੱਚ … ਆਪਾਂ ਨੂੰ ਆਪਣੇ ਕੰਮ ਹੀ ਸੋਹੰਦੇ ਆ …” ਪੋਲਟਰੀ ਫਾਰਮ ਖ਼ਰੀਦਣ ਵਾਲਾ ਹੁਣ ਵੀ ਇਸ ਵਿੱਚੋਂ ਚੰਗੀ ਕਮਾਈ ਕਰ ਰਿਹਾ ਸੀਸੋਚਦੇ ਸੋਚਦੇ ਬੇਬੇ ਬਾਪੂ ਦਾ ਫਿਰ ਖਿਆਲ ਆਇਆ ਤੇ ਕੱਲ੍ਹ ਸਵੇਰੇ ਹੀ ਉਨ੍ਹਾਂ ਨੂੰ ਘਰ ਲਿਆਉਣ ਦੀ ਠਾਣ ਲਈ। ‘ਗੁਰੂ ਘਰ ਵਾਲੇ ਕਥਾਵਾਚਕ ਵੀ ਦੱਸਦੇ ਹੁੰਦੇ ਨੇ ਕਿ ਪੁਰਖਿਆਂ ਦੇ ਸਿਰ ’ਤੇ ਹੱਥ ਰੱਖਣ ਨਾਲ ਕਈ ਬਲਾਵਾਂ ਟਲ਼ ਜਾਂਦੀਆਂ ਨੇ’ ਸੁਵਿਚਾਰ ਨੇ ਥੋੜ੍ਹਾ ਠਰ੍ਹੰਮਾ ਦਿੱਤਾ ਤੇ ਗਹਿਰੀ ਨੀਂਦ ਆ ਗਈ

ਰਤਨਦੀਪ ਦਾ ਆਈਲੈਟਸ ਪਾਸ ਹੋ ਗਿਆ ਸੀਉਹ ਖੁਸ਼ੀ ਵਿੱਚ ਨੱਚਦਾ ਫਿਰਦਾ ਸੀ, “ਹੁਣ ਕੈਨੇਡਾ ਦੇ ਨਜ਼ਾਰੇ ਲਵਾਂਗੇ … ਮੌਜਾਂ ਹੀ ਮੌਜਾਂ” ਨਿਰਮਲ ਨੇ ਭਜਨੇ ਨੂੰ ਕਹਿ ਕੇ ਹਰਮਨ ਨੂੰ ਫ਼ੋਨ ਕਰ ਕੇ ਰਤਨ ਦੇ ਉਸ ਕੋਲ ਪਹੁੰਚਣ ਦਾ ਸੁਨੇਹਾ ਲਾ ਦਿੱਤਾਆਮ ਤੌਰ ’ਤੇ ਹਰਮਨ ਨੇ ਪਰਿਵਾਰ ਦਾ ਫ਼ੋਨ ਉਠਾਉਣਾ ਤਕਰੀਬਨ ਬੰਦ ਹੀ ਕਰ ਦਿੱਤਾ ਸੀਜਦੋਂ ਵੀ ਉਸ ਨੂੰ ਕਾਲ ਕਰਨੀ ਤਾਂ ਜਵਾਬ ਮਿਲਣਾ, “ਮੈਂ ਸੁੱਤੀ ਹੋਈ ਸੀ … ਮੈਂ ਜੌਬ ’ਤੇ ਪਹੁੰਚ ਕੇ ਹੀ ਗੱਲ ਕਰ ਸਕਦੀ ਹਾਂ” ਬਹੁਤੀ ਵਾਰੀ ਟਾਲ਼ਾ ਮਾਰਨ ਦੀ ਕੋਸ਼ਿਸ਼ ਕਰਨੀਵੀਡੀਓ ਕਾਲ ਤਾਂ ਉਸਨੇ ਮਨ੍ਹਾ ਹੀ ਕਰ ਦਿੱਤੀ ਹੋਈ ਸੀਭਜਨੇ ਦੇ ਟੱਬਰ ਵਾਸਤੇ ਇਹ ਨਵੀਂ ਚਿੰਤਾ ਉੱਭਰਨ ਲੱਗੀ ਸੀ। ‘ਐਨੀ ਬਿਜ਼ੀ ਹੋ ਗਈ ਕੰਮ ਵਿੱਚ? … ਪੜ੍ਹਾਈ ਔਖੀ ਤਾਂ ਨਹੀਂ? ਕੋਈ ਗੱਲ ਛੁਪਾ ਤਾਂ ਨਹੀਂ ਰਹੀ?’ ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਪਨਪਦੇਨਾਲ ਹੀ ਥੋੜ੍ਹੀ ਤਸੱਲੀ ਹੁੰਦੀ ਕਿ ਰਤਨ ਅਤੇ ਉਸਦੇ ਇਕੱਠੇ ਰਹਿਣ ਨਾਲ ਇੱਕ ਦੂਜੇ ਦਾ ਸਹਾਰਾ ਬਣਿਆ ਰਹੇਗਾ

ਨਿਰਮਲ ਅਤੇ ਕਰਮਜੀਤ ਭਰੇ ਮਨ ਨਾਲ ਰਤਨ ਨੂੰ ਦਿੱਲੀ ਹਵਾਈ ਅੱਡੇ ’ਤੇ ਛੱਡਣ ਗਏਅਨੇਕਾਂ ਤਰ੍ਹਾਂ ਦੀਆਂ ਚਿੰਤਾਵਾਂ ਅਤੇ ਸ਼ੰਕਾਵਾਂ ਨੇ ਮਨ ਬੋਝਲ ਕੀਤਾ ਹੋਇਆ ਸੀਰਤਨਦੀਪ ਵੀ ਸ਼ਾਇਦ ਕੁਝ ਅਗਾਊਂ ਦੇਖ ਰਿਹਾ ਸੀ, ਜਿੱਥੇ ਮਾਂ ਪਿਉ ਦੀ ਟੋਕ-ਟਕਾਈ ਜਾਂ ਨਸੀਹਤ ਨਹੀਂ ਸੀ ਲੱਭਣੀਅਸਲੀਅਤ ਦਾ ਸਾਹਮਣਾ ਕਰਨਾ ਹੀ ਪੈਣਾ ਸੀਇੱਕ ਨਵੀਂ ਜ਼ਿੰਮੇਵਾਰੀ ਦਾ ਅਹਿਸਾਸ-ਪੜ੍ਹਾਈ, ਕੰਮ ਲੱਭਣ ਦੀ ਟੈਨਸ਼ਨ, ਲੱਖਾਂ ਰੁਪਏ ਖਰਚ ਹੋਣ, ਨਵਾਂ ਮਾਹੌਲ ਮਨ ਮਸਤਕ ’ਤੇ ਦਸਤਕ ਦੇ ਰਹੇ ਸਨਦਿਲ ਵਿੱਚ ਆਇਆ, ਕਹਿ ਦਿਆਂ ‘ਮੈਂ ਨਹੀਂ ਜਾਣਾ ਕੈਨੇਡਾ’ ਪਰ ਬੀਤਿਆ ਸਮਾਂ ਹੱਥ ਨਹੀਂ ਆਉਂਦਾਜਦੋਂ ਤਕ ਸਮਝ ਆਉਂਦੀ ਹੈ, ਬਹੁਤ ਕੁਝ ਪਿੱਛੇ ਛੁੱਟ ਚੁੱਕਿਆ ਹੁੰਦਾ ਹੈ। ‘ਬਾਏ ਬਾਏ’ ਕੀਤੀਹੋਰਨਾਂ ਸੈਂਕੜੇ ਪੜ੍ਹਾਕੂਆਂ ਵਾਂਗ ਟਰਾਲੀ ’ਤੇ ਸਮਾਨ ਰੱਖਿਆ, ਐਂਟਰੀ ਲਈ ਅਤੇ ਚਿਹਰੇ ਅੱਖੋਂ ਓਝਲ ਹੁੰਦੇ ਗਏ

ਹਰਮਨ ਟੋਰਾਂਟੋ ਏਅਰਪੋਰਟ ’ਤੇ ਰਤਨ ਨੂੰ ਲੈਣ ਆਈ ਹੋਈ ਸੀਰਾਤ ਦੇ ਹਨੇਰੇ ਨੂੰ ਚੀਰਦੀਆਂ ਚਕਾਚੌਂਧ ਰੌਸ਼ਨੀਆਂ ਵਿੱਚ ਟੈਕਸੀ ਆਪਣੀ ਮੰਜ਼ਿਲ ਵੱਲ ਵਧ ਰਹੀ ਸੀਘੰਟੇ ਕੁ ਪਿੱਛੋਂ ਗੱਡੀ ਇੱਕ ਵੱਡੀ ਰਿਹਾਇਸ਼ੀ ਇਮਾਰਤ ਅੱਗੇ ਰੁਕੀਸਮਾਨ ਉਤਾਰਿਆ ਅਤੇ ਦੋ ਤਿੰਨ ਲੜਕਿਆਂ ਨੇ ਬੇਸਮੈਂਟ ਵਿੱਚ ਟਿਕਾ ਦਿੱਤਾਦੋਵੇਂ ਰਾਤੀਂ ਕਾਫ਼ੀ ਦੇਰ ਤਕ ਗੱਲਾਂ ਕਰਦੇ ਰਹੇਰਤਨ ਨੂੰ ਹਰਮਨ ਕੁਛ ਬਦਲੀ ਜਿਹੀ ਲੱਗੀਪਹਿਲਾਂ ਵਰਗਾ ਨਿੱਘ ਕਿਤੇ ਗੁਆਚਾ ਹੋਇਆਸਵੇਰੇ ਦੇਰ ਨਾਲ ਨੀਂਦ ਖੁੱਲ੍ਹੀਦੇਖਿਆ ਕਿ ਹਰਮਨ ਦਾ ਛੋਟੇ ਜਿਹੇ ਕਾਗਜ਼ ਦੇ ਟੁਕੜੇ ਤੇ ਲਿਖਿਆ ਮੈਸਜ ਉਸਦੇ ਸਿਰਹਾਣੇ ਪਿਆ ਸੀ, “ਨਾਸ਼ਤਾ ਬਣਾ ਕੇ ਫਰਿੱਜ ਵਿੱਚ ਰੱਖ ਦਿੱਤਾ ਹੈ, ਖਾ ਲੈਣਾ … ਕੰਮ ’ਤੇ ਜਾਣਾ ਜ਼ਰੂਰੀ ਹੈ

ਸਿਰਫ਼ ਰਤਨ ਹੀ ਕਮਰੇ ਵਿੱਚ ਸੀਬਾਕੀ ਜਣੇ ਚਲੇ ਗਏ ਸਨਬਿਸਤਰੇ ਖਿੰਡੇ ਪੁੰਡੇ, ਰਸੋਈ ਵਿੱਚ ਜੂਠੇ ਬਰਤਨਾਂ ਦਾ ਢੇਰ, ਇੱਕ ਕੋਨੇ ਵਿੱਚ ਦਾਰੂ ਦੀਆਂ ਖਾਲੀ ਬੋਤਲਾਂ …

ਹਫ਼ਤੇ ਕੁ ਬਾਅਦ ਸਵੇਰੇ ਰਤਨ ਅਤੇ ਇੱਕ ਪੜ੍ਹਾਕੂ ਮੁੰਡਾ ਗੋਮਾ ਹੀ ਕਮਰੇ ਵਿੱਚ ਸਨਗੋਮੇ ਦੀ ਅੱਜ ਕਲਾਸ ਨਹੀਂ ਸੀਉਸ ਨੂੰ ਅਜੇ ਤਕ ਕੋਈ ਨੌਕਰੀ ਵੀ ਨਹੀਂ ਮਿਲੀ ਸੀਗੱਲਾਂ ਦਾ ਝਾਕਾ ਖੁੱਲ੍ਹ ਗਿਆ

ਯਾਰ, ਤੂੰ ਪਿਛਲੇ ਪੰਜ ਛੇ ਮਹੀਨੇ ਤੋਂ ਇੱਥੇ ਦੇਖ ਰਿਹਾ ਹੈਂ … ਮਾਹੌਲ ਕਿਵੇਂ ਲੱਗਿਆ?” ਰਤਨ ਲਈ ਸਭ ਓਪਰਾ ਸੀ

ਤੇਰੇ ਸਾਹਮਣੇ ਆ ਬਾਈ … ਜਗ੍ਹਾ ਤਾਂ ਇੱਥੇ ਚਾਰ ਜਣਿਆਂ ਦੀ ਐ, ਪਰ ਅੱਠ ਰਹਿਨੇ ਆਂ … ਚਾਰ ਜਣੇ ਰਹਿਣ ਨਾਲ ਤਾਂ ਕਿਰਾਇਆ ਵੀ ਨਹੀਂ ਦੇ ਹੋਣਾ … ਉੱਪਰੋਂ ਕੰਮਾਂ ਦੀ ਤੰਗੀ ਐ …” ਗੋਮੇ ਨੇ ਅਸਲੀਅਤ ਸਾਹਮਣੇ ਲਿਆ ਧਰੀ

ਮੈਂ ਵੀ ਦੇਖ ਰਿਹਾਂ … ਭੁੰਜੇ ਗੱਦੇ ਲਾਏ ਹੋਏ … ਨਾ ਚੱਜ ਦਾ ਖਾਣਾ ਪੀਣਾ, ਨਾ ਰਹਿਣਾ … ਮੁੰਡੇ ਕੁੜੀਆਂ ’ਕੱਠੇ … ਦਾਰੂ … ਨਸ਼ਾ” ਰਤਨ ਦਾ ਮਨ ਦਹਿਲ ਗਿਆ

ਭਰਾਵਾ, ਸਾਰੇ ਤਾਂ ਇਸ ਤਰ੍ਹਾਂ ਦੇ ਨਹੀਂ ਹੁੰਦੇ … ਪਰ ਘਰ ਵਰਗੀ ਮੌਜ ਨੀ ਲੱਭਦੀ ਇੱਥੇ … ਘਰ ਦਿਆਂ ਨੂੰ ਦੱਸੀਦਾ ਬਈ ਸੌਖੇ ਆਂ … ਮਿੱਠੀ ਜੇਲ੍ਹ ਆ … ਵਾਪਸ ਜਾਣ ਨੂੰ ਦਿਲ ਤਾਂ ਬਥੇਰਾ ਕਰਦਾ ਹੈ, ਪਰ ਮੁੜੀਏ ਕਿਹੜੇ ਹੌਸਲੇ … ਲੱਖਾਂ ਦੇ ਕਰਜ਼ੇ ਲੈ ਕੇ ਤਾਂ ਆਏ ਹਾਂ …” ਗੋਮੇ ਦਾ ਮਨ ਵੀ ਓਦਰ ਗਿਆ

ਸੱਚੀਂ, ਮੈਨੂੰ ਤਾਂ ਇਹ ਬੇਸਮੈਂਟ ਸਾਲਾ ਮੁਰਗੀ ਖ਼ਾਨਾ ਈ ਲੱਗਿਆ … ਦਮ ਘੁੱਟਦਾ …।”

ਵੀਰੇ, ਹੁਣ ਤਾਂ ਇਸੇ ਨੂੰ ਫਾਈਵ ਸਟਾਰ ਸਮਝ … ਹੌਲ਼ੀ ਹੌਲ਼ੀ ਆਦਤ ਬਣ ਜੂਗੀ …।”

ਰਤਨ ਦਾ ਮਨ ਬੁਝਿਆ ਹੋਇਆ ਸੀਰਹਿ ਰਹਿ ਕੇ ਬਾਪੂ ਦੀਆਂ ਗੱਲਾਂ ਯਾਦ ਆ ਰਹੀਆਂ ਸਨ, “ਪੁੱਤ, ਆਪਣਾ ਇੱਥੇ ਹੀ ਕਨੇਡਾ, ਅਮਰੀਕਾ … ਉੱਥੇ ਵੀ ਮਿਹਨਤ ਮਜੂਰੀ ਕਰਨੀ ਪੈਂਦੀ ਆ … ਬੇਬੇ ਦੀਆਂ ਪੱਕੀਆਂ ਨੀ ਮਿਲਦੀਆਂ … ਬਰਗਰ ਪੀਜੇ ਵੀ ਪੰਜ ਸੱਤ ਦਿਨ ਹੀ ਚੰਗੇ ਲੱਗਦੇ ਨੇ … ਅਸੀਂ ਵੀ ਪਤਾ ਨੀ ਕਿੰਨੇ ਕੁ ਦਿਨ ਦੇ ਮਹਿਮਾਨ ਆਂ …” ਰਾਤ ਨੂੰ ਨੀਂਦ ਨਾ ਆਈਜੇ ਘੜੀ ਅੱਖ ਲੱਗੀ ਵੀ, ਤਾਂ ਦਾਦੇ ਦਾਦੀ ਦੀਆਂ ਕੰਬਦੀਆਂ ਕਲਾਈਆਂ, ਝੁਰੜੀਆਂ ਭਰੇ ਚਿਹਰੇ ਹੀ ਨਜ਼ਰੀਂ ਪਏ … ਸਬਰ, ਸੰਤੋਖ ਦੀ ਮੂਰਤ …

ਸੋਚਾਂ ਵਿੱਚ ਡੁੱਬੇ ਰਤਨਦੀਪ ਨੂੰ ਘਰ ਦੀ ਸਰਦਾਰੀ ਛੱਡ ਕੇ ਇੱਥੋਂ ਦੀ ਜ਼ਿੰਦਗੀ ਹੰਢਾਉਣ ਦੇ ਖਿਆਲ ਨੇ ਰਾਤੋ ਰਾਤ ਸੂਝਵਾਨ ਬਣਾ ਦਿੱਤਾਮਨ ਵਿੱਚ ਪੱਕੀ ਧਾਰ ਲਈ ‘ਵਾਪਸ ਹੀ ਜਾਣਾ ਹੈ’ ਲੋਕਾਂ ਦੇ ਤਾਹਨਿਆਂ ਮਿਹਣਿਆਂ ਦਾ ਜਵਾਬ ਦੇਣ ਲਈ ‘ਨਵਾਂ’ ਰਤਨਦੀਪ ਜਨਮ ਲਵੇਗਾਉੱਧਰ ਘਰ ਸੁੰਨਾ ਹੋਣ ਕਰ ਕੇ ਨਿਰਮਲ ਤੇ ਕਰਮਜੀਤ ਨੇ ਬੇਬੇ ਬਾਪੂ ਨੂੰ ਸ਼ਹਿਰ ਲੈ ਆਂਦਾਬਹੁਤ ਸਾਲਾਂ ਪਿੱਛੋਂ ਮਨ ਅੰਦਰੂਨੀ ਤ੍ਰਿਪਤੀ ਨਾਲ ਲਬਰੇਜ਼ ਹੋਇਆ ਸੀ, ਜਿਵੇਂ ਸਿਰ ’ਤੇ ਕੋਈ ਘਣਾ ਪ੍ਰਛਾਵਾਂ ਛਾ ਗਿਆ ਹੋਵੇ

ਸਰਘੀ ਵੇਲੇ ਦਰਵਾਜ਼ੇ ’ਤੇ ਠੱਕ ਠੱਕ ਹੋਈਬਾਪੂ ਸਰਵਣ ਸਿਹੁੰ ਦੀ ਗੁਰਦਵਾਰੇ ਭਾਈ ਜੀ ਦੇ ਵਾਕ ਲੈਣ ਨਾਲ ਹੀ ਨੀਂਦ ਖੁੱਲ੍ਹ ਗਈ ਸੀ। ‘ਐਸ ਵੇਲੇ ਕੌਣ ਹੋ ਸਕਦਾ ਹੈ?’ ਪਰਵਰਦਿਗਾਰ ਤੋਂ ਸੁੱਖ-ਸ਼ਾਂਤੀ ਦੀ ਦੁਆ ਮੰਗੀਗੇਟ ਖੋਲ੍ਹਿਆ ਤਾਂ ਖੁਸ਼ੀ ਅਤੇ ਚਿੰਤਾ ਦੇ ਰਲਵੇਂ ਪ੍ਰਛਾਵਿਆਂ ਨੇ ਮੱਥੇ ਦੀਆਂ ਲਕੀਰਾਂ ਹੋਰ ਗੂੜ੍ਹੀਆਂ ਕਰ ਦਿੱਤੀਆਂਨਿਰਮਲ ਅਤੇ ਕਰਮਜੀਤ ਵੀ ਕਿਸੇ ਅਚੰਭੇ ਵੱਸ ਰਤਨਦੀਪ ਵੱਲ ਬਿੱਟ ਬਿੱਟ ਵੇਖ ਰਹੇ ਸਨਮੂੰਹੋਂ ਸ਼ਬਦ ਨਹੀਂ ਸਨ ਨਿਕਲ ਰਹੇਕਰਮਜੀਤ ਨੇ ਲਾਡਲੇ ਨੂੰ ਛਾਤੀ ਨਾਲ ਘੁੱਟਿਆ, “ਮੇਰਾ ਪੁੱਤ!” ਸੁਣਨ ਦੀ ਦੇਰ ਸੀ ਕਿ ਰਤਨ ਦੀਆਂ ਅੱਖਾਂ ਨੇ ਹੰਝੂਆਂ ਦੀ ਝੜੀ ਲਗਾ ਦਿੱਤੀ

ਮੈਂ ਆਪਣੀਆਂ ਜੜ੍ਹਾਂ ਤੋਂ ਦੂਰ ਨਹੀਂ ਰਹਿ ਸਕਿਆ … ਮੈਨੂੰ ਮਾਫ਼ …” ਰਤਨਦੀਪ ਦਾ ਗੱਚ ਭਰਿਆ ਹੋਇਆ

ਤੂੰ ਸਾਡਾ ਸੁਪਨਾ ਏਂ, ਪੁੱਤਰਾ … ਸਾਡੇ ਕੱਲ੍ਹ ਦਾ ਵਾਰਸ …” ਨਿਰਮਲ ਭਾਵਨਾ ਵਿੱਚ ਵਹਿ ਗਿਆ

ਮੇਰਾ ਇੱਥੇ ਹੀ ਕੈਨੇਡਾ ਇਆ … ਹੁਣ ਮੈਂ ਇੱਥੇ ਰਹਿ ਕੇ ਹੀ ਕੰਮ ਕਰੂੰਗਾ।”

ਕੀ ਕੰਮ ਕਰੇਂਗਾ … ਮੁਰਗੀਖਾਨੇ ਦਾ?” ਸਰਵਣ ਸਿਹੁੰ ਨੇ ਹੱਥਾਂ ਵਿੱਚ ਰਤਨਦੀਪ ਦਾ ਚਿਹਰਾ ਲੈਂਦਿਆਂ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ

ਨਾ … ਨਾ … ਨਾ … ਮੁਰਗੀਖਾਨਾ ਨੀ … ਪੋਲਟਰੀ ਫਾਰਮ” ਰਤਨਦੀਪ ਦੀਆਂ ਬਾਛਾਂ ਖਿੜ ਗਈਆਂ

ਨਿਰਮਲ ਨੂੰ ਜਾਪਿਆ, ਜਿਵੇਂ ਬਾਪੂ ਖੇਤ ਵਾਲਾ ਸੰਘਣਾ ਬੋਹੜ ਹੋਵੇ … ਜੜ੍ਹਾਂ ਦੂਰ ਤਕ ਫੈਲੀਆਂ ਹੋਈਆਂ … ਰਿਸ਼ਤਿਆਂ ਦੀ ਮਿੱਟੀ ਨੂੰ ਖੁਰਨੋਂ ਬਚਾਉਂਦੀਆਂ …!

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

Jagjit S Lohatbaddi

Jagjit S Lohatbaddi

Phone: (91 - 89684 - 33500)
Email: (singh.jagjit0311@gmail.com)

More articles from this author