“ਸਰਦਾਰ ਜੀ … ਅਕੇਲੀ ਜਾਨ ਹੂੰ … ਪਤਾ ਨਹੀਂ ਅੱਲਾ ਤਾਲਾ ਕਾ ਕਬ ਬੁਲਾਵਾ ਆ ਜਾਏ …”
(4 ਜੂਨ 2025)
2008 ਵਿੱਚ ਮੇਰੀ ਬਦਲੀ ਲੁਧਿਆਣੇ ਤੋਂ ਵਡੋਦਰਾ ਦੀ ਹੋ ਗਈ ਸੀ। ਤਿੰਨ ਕੁ ਮਹੀਨਿਆਂ ਮਗਰੋਂ ਪਹਿਲੀ ਵਾਰ ਛੁੱਟੀ ਲੈ ਕੇ ਘਰ ਵਾਪਸ ਪਰਤਣਾ ਸੀ। ਦਫਤਰ ਦੇ ਸੇਵਾਦਾਰ ਵਿਜੈ ਨੇ ਗੁਜਰਾਤ ਦੀ ਖਾਣ-ਪੀਣ ਵਾਲੀ ਕੋਈ ਖਾਸ ਨਿਸ਼ਾਨੀ ਲਿਜਾਣ ਦੀ ਤਾਕੀਦ ਕੀਤੀ, “ਰਹਿਮਤ ਚੱਚਾ ਕੇ ਪਾਸ ਸਭ ਮਿਲ ਜਾਏਗਾ…।”
ਬੈਂਕ ਬਰਾਂਚ ਦੇ ਐਨ ਸਾਹਮਣੇ ਬਹੁ-ਮੰਜ਼ਲਾ ਬਿਲਡਿੰਗ ਦੀਆਂ ਪੌੜੀਆਂ ਹੀ ਰਹਿਮਤ ਚਾਚਾ ਦਾ ‘ਵਪਾਰਕ ਕੇਂਦਰ’ ਸੀ। ਖਾਖ਼ਰਾ, ਫ਼ਾਫੜਾ, ਸੇਵ, ਭਾਖ਼ਰਵੜੀ, ਚੂਨਮੂਨ, ਸੀਂਗ ਦਾਣਾ - ਕਿੰਨਾ ਕੁਝ। ਗਠੜੀ ਬੰਨ੍ਹੀ ਰਹਿਮਤ ਚਾਚਾ ਸਵੇਰੇ ਆ ਬੈਠਦਾ, ਸਮਾਨ ਖੁੱਲ੍ਹਾ ਛੱਡ ਨਮਾਜ਼ ਪੜ੍ਹਨ ਚਲਾ ਜਾਂਦਾ। ਚਿੱਟੀ ਜਾਲ਼ੀਦਾਰ ਟੋਪੀ, ਭੂਰਾ ਜਿਹਾ ਸਲਵਾਰ ਕੁੜਤਾ ਪਹਿਨੀ ਅੱਸੀਆਂ ਨੂੰ ਢੁੱਕਿਆ, ਚਾਚਾ ਗੁਜਰਾਤੀ-ਰਲਿਆ ਉਰਦੂ ਬੋਲਦਾ।
“ਅਸਲਾਮਾ ਲੇਕੁਮ, ਚਾਚਾ …।” ਮੈਂ ਮੁਖਾਤਿਬ ਹੋਇਆ।
“ਸਤਿ ਸ੍ਰੀ ਅਕਾਲ, ਸਰਦਾਰ ਜੀ … ਕੇਮ ਛੋ … ?” ਚਾਚਾ ਜਿਵੇਂ ਚਿਰਾਂ ਤੋਂ ਜਾਣੂ ਹੋਵੇ।
“ਮਜ਼ਾ ਮਾ…।” ਮੈਂ ਵੀ ਗੁਜਰਾਤੀ ਦੇ ਕੁਝ ਸ਼ਬਦ ਸਿੱਖ ਲਏ ਸਨ।
“ਆਪਕੋ ਦੂਸਰੇ ਬੈਗ ਸੇ ਸੀਂਗ (ਮੂੰਗਫ਼ਲੀ ਦਾਣਾ) ਨਿਕਾਲ ਕੇ ਦੇਤਾ ਹੂੰ … ਏਕ ਦਮ ਫ਼ਰੈੱਸ਼ …।” ਚਾਚੇ ਨੇ ਅਪਣੱਤ ਜਤਾਈ। ਸਿਲਸਿਲਾ ਚੱਲਦਾ ਰਿਹਾ।
ਵਿਜੈ ਦੱਸਦਾ ਸੀ, “ਵੱਡੀਆਂ ਦੁਕਾਨਾਂ ਵਾਲੇ ਚਾਚੇ ਨਾਲ ਖਾਰ ਖਾਂਦੇ ਨੇ … ਉਹ ਸਮਾਨ ਵਧੀਆ ਵੇਚਦਾ ਹੈ ਤੇ ਸਸਤਾ ਵੀ…।”
ਵਡੋਦਰਾ ਮੇਰੀ ਪੋਸਟਿੰਗ ਤਿੰਨ ਸਾਲ ਲਈ ਸੀ। ਸਮਾਂ ਪੂਰਾ ਹੋ ਗਿਆ। ਅੰਤਲੀ ਵਾਰ ਮੈਂ ਕੁਛ ਖ਼ਰੀਦੋ-ਫ਼ਰੋਖ਼ਤ ਲਈ ਫਿਰ ਚਾਚੇ ਕੋਲ ਜਾ ਪਹੁੰਚਿਆ। ਸਮਾਨ ਪੈਕ ਕਰਾ ਕੇ ਮੈਂ ਪੰਜ ਸੌ ਦਾ ਨੋਟ ਉਸਦੇ ਹੱਥ ਫੜਾ ਦਿੱਤਾ।
“ਸਰਦਾਰ ਜੀ … ਇੰਤਜ਼ਾਰ ਕੀਜੀਏ … ਮੈਂ ਪੜੋਸ ਕੀ ਦੁਕਾਨ ਸੇ ਬਕਾਇਆ ਲੇ ਕਰ ਆਪ ਕੋ ਲੌਟਾਤਾ ਹੂੰ …।”
“ਚੱਚਾ ਜਾਨ … ਆਪ ਪ੍ਰੇਸ਼ਾਨ ਮੱਤ ਹੋਂ … ਅਗਲੀ ਮਰਤਬਾ ਹਿਸਾਬ ਕਰ ਲੇਂਗੇ …।” ਮੈਂ ਜਲਦੀ ਵਿੱਚ ਸਾਂ।
ਕਈ ਸਾਲ ਲੰਘ ਗਏ। ਵਿਜੈ ਨਾਲ ਫ਼ੋਨ ’ਤੇ ਗੱਲਬਾਤ ਹੁੰਦੀ ਤਾਂ ਉਹ ਦੱਸਦਾ ਕਿ ਰਹਿਮਤ ਚਾਚਾ ਅਕਸਰ ਪੁੱਛਦਾ ਹੈ ਕਿ ਸਰਦਾਰ ਜੀ ਹੁਣ ਕਦੋਂ ਆਉਣਗੇ? ਮੈਂ ਵੀ ਉੱਥੇ ਬਿਤਾਏ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਉਦਾਸ ਹੋ ਜਾਂਦਾ।
ਅੱਠ ਸਾਲ ਪਿੱਛੋਂ ਇੱਕ ਵਕੀਲ ਦੋਸਤ ਦੇ ਪੁੱਤਰ ਦੇ ਵਿਆਹ ਤੇ ਵਡੋਦਰਾ ਜਾਣ ਦਾ ਸਬੱਬ ਬਣ ਗਿਆ। ਚਾਚੇ ਦੇ ਟਿਕਾਣੇ ’ਤੇ ਨਜ਼ਰ ਮਾਰੀ ਤਾਂ ਉਹ ਉੱਥੇ ਨਹੀਂ ਸੀ। ਵਿਜੈ ਦੱਸ ਰਿਹਾ ਸੀ, “ਚਾਚਾ ਅੱਜ ਕੱਲ੍ਹ ਇੱਧਰ ਨਹੀਂ ਆਉਂਦਾ … ਉਸਨੇ ਕੰਮ ਬੰਦ ਕਰ ਦਿੱਤਾ ਹੈ। …ਚਾਚੀ ਦੇ ਫ਼ੌਤ ਹੋਣ ਤੋਂ ਬਾਅਦ ਉਹ ਇਕੱਲਾ ਰਹਿ ਗਿਐ … ਨਜ਼ਰ ਵੀ ਕਮਜ਼ੋਰ ਹੋ ਗਈ ਹੈ … ਜ਼ਿਆਦਾ ਸਮਾਂ ਮਸੀਤੀਂ ਗੁਜ਼ਾਰਦੈ …।”
ਮਨ ਵਿੱਚ ਉਸ ਰੱਬੀ ਰੂਹ ਨੂੰ ਨਾ ਮਿਲ ਸਕਣ ਦਾ ਮੈਨੂੰ ਮਲਾਲ ਰਿਹਾ।
ਵਿਆਹ ਸਮਾਗਮ ਸੰਪੰਨ ਹੋਣ ’ਤੇ ਵਾਪਸ ਆਉਣ ਲਈ ਮੈਂ ਸਟੇਸ਼ਨ ’ਤੇ ਪਹੁੰਚ ਗੱਡੀ ਦੀ ਉਡੀਕ ਵਿੱਚ ਸਾਂ।
“ਸਰਦਾਰ ਜੀ …।” ਆਵਾਜ਼ ਜਾਣੀ ਪਛਾਣੀ ਲੱਗੀ। ਮੁੜ ਕੇ ਦੇਖਿਆ, ਰਹਿਮਤ ਚਾਚਾ ਡੰਗੋਰੀ ਫੜੀ ਸਾਹਮਣੇ ਖੜ੍ਹਾ ਸੀ। ਪਤਾ ਨਹੀਂ ਉਸ ਨੂੰ ਮੇਰੇ ਆਉਣ ਬਾਰੇ ਵਿਜੈ ਨੇ ਦੱਸਿਆ ਸੀ ਜਾਂ ਕਿਸੇ ਹੋਰ ਨੇ।
“ਯੇਹ ਲੋ … ਅਪਨਾ ਬਕਾਇਆ …।” ਰਹਿਮਤ ਚਾਚੇ ਨੇ ਜੇਬ ਵਿੱਚੋਂ ਦਸ ਰੁਪਏ ਦਾ ਨੋਟ ਕੱਢ ਕੇ ਮੇਰੇ ਵੱਲ ਵਧਾ ਦਿੱਤਾ।
“… ਚੱਚਾ … ਯੇਹ ਕਿਆ … ?” ਮੈਨੂੰ ਕੁਛ ਵੀ ਯਾਦ ਨਹੀਂ ਸੀ।
“ਸਰਦਾਰ ਜੀ … ਅਕੇਲੀ ਜਾਨ ਹੂੰ … ਪਤਾ ਨਹੀਂ ਅੱਲਾ ਤਾਲਾ ਕਾ ਕਬ ਬੁਲਾਵਾ ਆ ਜਾਏ … ਇਤਨੇ ਸਾਲੋਂ ਸੇ ਯੇਹ ਆਪਕੀ ਅਮਾਨਤ ਮੇਰੇ ਪਾਸ ਪੜ੍ਹੀ ਥੀ …।”
ਮੈਂ ਭਾਵੁਕ ਹੋ ਗਿਆ। ਚਾਚੇ ਦੇ ਚਿਹਰੇ ’ਤੇ ਖ਼ੁਦਾ ਦੀ ਰਹਿਮਤ ਦਾ ਨੂਰ ਸਪਸ਼ਟ ਦਿਖਾਈ ਦਿੱਤਾ ਅਤੇ ਦਸਾਂ ਦਾ ਉਹ ਨੋਟ ਮੈਂ ਪ੍ਰਸ਼ਾਦ ਸਮਝ ਕੇ ਆਪਣੀ ਜੇਬ ਵਿੱਚ ਪਾ ਲਿਆ।
ਗਾਰਡ ਨੇ ਝੰਡੀ ਦਿਖਾ ਕੇ ਟਰੇਨ ਦੇ ਚੱਲਣ ਦਾ ਇਸ਼ਾਰਾ ਕਰ ਦਿੱਤਾ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)