“ਰਾਤਰੀ ਕਲੱਬਾਂ, ਜੂਏਖ਼ਾਨਿਆਂ, ਹੁੱਕਾ ਬਾਰਾਂ ਨੇ ਕਾਲੀ ਰਾਤ ਨੂੰ ਸਿਖਰ ਦੁਪਹਿਰ ਬਣਾਇਆ ਹੋਇਆ ਹੈ। ਅਮੀਰਜ਼ਾਦੇ ਤੇ ...”
(11 ਦਸੰਬਰ 2024)
ਜਗਤ ਗੁਰੂ, ਅਕਾਲ ਰੂਪ ਬਾਬਾ ਨਾਨਕ ਦਾ ਮੁਤਬੱਰਕ ਫ਼ਰਮਾਨ ਐ:
ਅੰਮ੍ਰਿਤ ਵੇਲਾ ਸਚੁ ਨਾਉ
ਵਡਿਆਈ ਵੀਚਾਰ॥
ਇਹ ਮੁਕੱਦਸ ਕਥਨ ਆਪਣੇ ਵਿੱਚ ਸਮੁੰਦਰ ਸਮੋਈ ਬੈਠਾ ਹੈ। ਇਸ ਲਮਹੇਂ ਕੁਦਰਤ ਦੀ ਪਾਕ ਪਵਿੱਤਰ ਰੂਹ ਦੇ ਸਾਖਸ਼ਾਤ ਦਰਸ਼ਨ ਹੁੰਦੇ ਨੇ, ਸੰਗੀਤਕ ਲੈਆਂ ਉੱਠਦੀਆਂ ਨੇ ਕਾਇਨਾਤ ਵਿੱਚ, ਵਿਸਮਾਦ ਨਾਦ ਦਾ ਅਲੌਕਿਕ ਰਾਗ ਘੁਲਿਆ ਹੁੰਦਾ ਹੈ ਫ਼ਿਜ਼ਾ ਵਿੱਚ। ਇੱਕ ਅਜੀਬ ਲਰਜ਼ ਹੁੰਦੀ ਹੈ, ਆਲਾ ਦੁਆਲਾ ਮਹਿਕਦਾ ਹੈ, ਸਰਘੀ ਦੇ ਇਹ ਛਿਣ ਥੋੜ੍ਹ ਚਿਰੇ ਹੁੰਦੇ ਨੇ। ਸੁਗੰਧੀਆਂ ਨਾਲ ਭਰਪੂਰ ਚਾਰ ਚੁਫੇਰਾ ਇਉਂ ਲਗਦਾ ਹੈ, ਜਿਵੇਂ ਕਿਸੇ ਦੇਵ ਪੁਰਸ਼ ਨੇ ਆਪਣਾ ਕਲੀਆਂ ਭਰਿਆ ਪੱਲੂ, ਅੰਬਰ ਵਿੱਚ ਛੰਡ ਦਿੱਤਾ ਹੋਵੇ। ਫਜਰ ਦੇ ਇਹ ਪਲ ਰੂਹ ਨੂੰ ਸਰਸ਼ਾਰ, ਸ਼ਾਂਤ ਚਿੱਤ ਕਰ ਜਾਂਦੇ ਨੇ।
ਮਹਾਨ ਵੇਦਾਂ ਅਤੇ ਗ੍ਰੰਥਾਂ ਦੀ ਰਚਨਾ ਸਾਡੀ ਇਸ ਧਰਤੀ ’ਤੇ ਹੋਈ ਹੈ। ਗਿਆਨ ਦਾ ਅਥਾਹ ਸਾਗਰ ਸਮਾਇਆ ਹੋਇਆ ਹੈ ਇਨ੍ਹਾਂ ਸ੍ਰੋਤਾਂ ਵਿੱਚ। ਪਹਾੜਾਂ ਦੀਆਂ ਵਾਦੀਆਂ, ਦਰਿਆਵਾਂ ਦੇ ਰਮਣੀਕ ਕੰਢਿਆਂ ਅਤੇ ਲਰਜ਼ਦੇ ਝਰਨਿਆਂ ਦੀ ਲੈਅ ਵਿੱਚ ਢੇਰ ਸਾਰਾ ਅਮੀਰ ਸਾਹਿਤ ਸਿਰਜਿਆ ਗਿਆ ਹੈ। ਸਾਧੂ ਸੰਤ, ਰਿਸ਼ੀ ਮੁਨੀ, ਪੀਰ ਫ਼ਕੀਰ ਸ਼ਾਂਤੀ ਦੇ ਸ਼ੈਦਾਈ ਸਨ। ਗੁਫਾਵਾਂ ਅਤੇ ਜੰਗਲ਼ ਉਨ੍ਹਾਂ ਦੀ ਸ਼ਬਦੀ ਸਿਰਜਣਾ ਦੇ ਗਵਾਹ ਬਣਦੇ ਸਨ। ਸਾਡੇ ਸਮਿਆਂ ਵਿੱਚ ਵੀ ਨਾਵਲਕਾਰ ਨਾਨਕ ਸਿੰਘ ਅਤੇ ਖੁਸ਼ਵੰਤ ਸਿੰਘ ਖ਼ੂਬਸੂਰਤ ਘਾਟੀਆਂ ਵਿੱਚ ਬੈਠ ਕੇ ਹੀ ਆਪਣੀਆਂ ਸ਼ਾਬਦਿਕ ਕਲਾਕ੍ਰਿਤੀਆਂ ਵਿੱਚ ਰੰਗ ਭਰਦੇ ਸਨ। ਸ਼ਾਂਤ ਚਿੱਤ ਵਾਤਾਵਰਣ ਧਾਰਮਿਕ ਕਾਰਜਾਂ ਲਈ ਵੀ ਸਹਾਈ ਹੁੰਦਾ ਹੈ। ਬਿਰਤੀ ਜੁੜਦੀ ਹੈ। ਸਾਡੇ ਧਾਰਮਿਕ ਸਥਾਨਾਂ ਵਿਚਲੇ ਭੋਰੇ ਇਸੇ ਸ਼ਾਂਤੀ ਦਾ ਪ੍ਰਤੀਕ ਮੰਨੇ ਜਾਂਦੇ ਨੇ। ਅੰਮ੍ਰਿਤ ਵੇਲੇ ਦੀ ਤਾਜ਼ਗੀ ਵੀ ਸਿਰਜਣਾਤਮਕ ਚਿੰਨ੍ਹ ਬਣਦੀ ਹੈ। ਦਿਨ ਦੇ ਰੌਲੇ ਰੱਪੇ ਤੋਂ ਬੇਖ਼ਬਰ, ਮੰਦ ਭਾਵਨਾਵਾਂ ਤੋਂ ਰਹਿਤ, ਇਕਾਗਰਤਾ ਵਿੱਚ ਟਿਕੀ ਮਨ ਦੀ ਸਹਿਜ ਅਵਸਥਾ ਸ੍ਰਿਸ਼ਟੀ ਨਾਲ ਅਭੇਦ ਕਰ ਦਿੰਦੀ ਹੈ। ਕਹਿੰਦੇ ਨੇ, ਤਾਜ਼ੀ ਚਾਹ ਤੇ ਖਾਲੀ ਰਾਹ ਉਨ੍ਹਾਂ ਨੂੰ ਹੀ ਮਿਲਦੇ ਨੇ, ਜੋ ਸਵੇਰੇ ਜਲਦੀ ਜਾਗਦੇ ਨੇ।
ਪੰਜਾਬੀਆਂ ਲਈ ਪਹੁ-ਫੁਟਾਲਾ ਹਮੇਸ਼ਾ ਸ਼ਾਲੀਨਤਾ ਦਾ ਸੂਚਕ ਰਿਹਾ ਹੈ। ਪੁਰਖਿਆਂ ਦੀ ਜ਼ਿੰਦਗੀ ਵਿੱਚ ਇਹ ਬੰਦਗੀ ਦਾ ਸਮਾਂ ਹੁੰਦਾ ਸੀ, ਆਸਥਾ ਵਿੱਚ ਵੀ ਤੇ ਕਿਰਤ ਵਿੱਚ ਵੀ। ਮੂੰਹ ਹਨੇਰੇ ਜਾਗਣਾ, ਇਸ਼ਨਾਨ ਕਰ ਕੇ ਗੁਰੂ ਘਰ ਹਾਜ਼ਰੀ ਲਵਾਉਣੀ, ਦਿਨ ਦਾ ਸਵੱਲਾ ਸਫ਼ਰ ਸ਼ੁਰੂ ਕਰਨ ਦੀ ਪਿਰਤ ਬਣੀ ਹੋਈ ਸੀ। ਸਕਾਰਾਤਿਮਕ ਲਹਿਰਾਂ, ਮਸਤਕ ਵਿੱਚ ਸ਼ੁਭ ਕਰਮਨ ਦੀ ਦਸਤਕ ਦਿੰਦੀਆਂ ਸਨ। ਸਵਖਤੇ ਕੰਮ ਨਿਬੇੜ ਲੈਣੇ ਤਕੜੇ ਜੁੱਸੇ ਅਤੇ ਨਰੋਏ ਮਨ ਦਾ ਦਮ ਭਰਦੇ ਸਨ। ਬਲਦਾਂ ਦੀਆਂ ਜੋੜੀਆਂ ਦੀਆਂ ਖੜਕਦੀਆਂ ਟੱਲੀਆਂ, ਚਾਟੀਆਂ ਵਿੱਚ ਪਈਆਂ ਮਧਾਣੀਆਂ, ਧਾਰਾਂ ਕੱਢ ਕੇ ਅੰਮ੍ਰਿਤਮਈ ਦੁੱਧ ਦੀਆਂ ਭਰੀਆਂ ਵਲਟੋਹੀਆਂ ਪੰਜਾਬੀਆਂ ਦੇ ਅਮੀਰ ਵਿਰਸੇ ਦੀ ਨਿਸ਼ਾਨੀ ਸਨ। ਸਾਝਰੇ ਨਿਬੇੜਿਆ ਕੰਮ ਹਿਰਦੇ ਨੂੰ ਠੰਢਕ ਦਿੰਦਾ ਸੀ। ਲੇਟ ਲਤੀਫ਼ ਝੁਰਦੇ ਸਨ। ਤ੍ਰੀਮਤਾਂ ਦੀ ਆਮ ਕਹਾਵਤ ਸੀ: “ਰਾਤ ਦਾ ਕਮਾਇਆ, ਮੇਰੇ ਪੇਕਿਆਂ ਤੋਂ ਆਇਆ।”
ਸੂਰਜ ਦੀ ਟਿੱਕੀ ਨਿਕਲਣ ਤਕ ਅੱਧੇ ਖੇਤ ਦੇ ਕੱਢੇ ਸਿਆੜ ਰੂਹ ਨਸ਼ਿਆਂ ਦਿਆ ਕਰਦੇ ਸਨ। ਖੂਹ ਦਾ ਸੀਤਲ ਜਲ ਵੀ ਪੈਰਾਂ ਨੂੰ ਨਿੱਘ ਪ੍ਰਦਾਨ ਕਰਦਾ ਸੀ। ਆਲੇ ਦੁਆਲੇ ਝੂਮਦੀਆਂ ਹਰੀਆਂ ਕਚੂਰ ਫ਼ਸਲਾਂ ਦੇਖ ਚਿੱਤ ਵੀ ਲਹਿਰਾਉਂਦਾ ਸੀ। ਧੁੱਪ ਚੜ੍ਹਨ ਤੋਂ ਪਹਿਲਾਂ ਕੀਤੀ ਕਿਰਤ, ਇਨਸਾਨਾਂ ਅਤੇ ਜੀਵਾਂ ਨੂੰ ਕੁਝ ਪਲ ਰਾਹਤ ਨਸੀਬ ਕਰਾਉਂਦੀ ਸੀ। ਗੱਲ ਕੀ, ਅੰਮ੍ਰਿਤ ਵੇਲਾ ਮਨ ਅਤੇ ਤਨ ਦੇ ਸਕੂਨ ਦੀ ਪਵਿੱਤਰ ਦਾਤ ਹੋਇਆ ਕਰਦਾ ਸੀ:
ਚਿੜੀ ਚੂਕਦੀ ਨਾਲ ਜਾ ਤੁਰੇ ਪਾਂਧੀ,
ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੀ।
ਇਕਨਾ ਉੱਠ ਕੇ ਰਿੜਕਣਾ ਪਾ ਦਿੱਤਾ,
ਇੱਕ ਧੋਂਦੀਆਂ ਫਿਰਨ ਮਧਾਣੀਆਂ ਨੀ।
ਘਰ ਵਾਲ਼ੀਆਂ ਚੱਕੀਆਂ ਝੋਈਆਂ ਨੇ,
ਜਿਨ੍ਹਾਂ ਤੌਣਾ ਗੁੰਨ੍ਹ ਪਕਾਉਣੀਆਂ ਨੀ।
ਤੜਕਸਾਰ ਮਧਾਣੀਆਂ ਨਾਲ ਬੰਨ੍ਹੇ ਘੁੰਗਰੂਆਂ ਦੀ ਛਣ ਛਣ ਦੀ ਸੰਗੀਤਕ ਸੁਰਤਾਲ ਨੇ ਪ੍ਰਤੱਖਵਾਦ ਦੀ ਥਰਕ ਪੈਦਾ ਕਰਨੀ। ‘ਵਾਹਿਗੁਰੂ’ ਆਖ ਦੁੱਧ ਰਿੜਕਣਾ ਅਤੇ ਮੁੱਖੋਂ ਬਾਣੀ ਦਾ ਉਚਾਰਣ ਆਲੇ-ਦੁਆਲੇ ਨੂੰ ਧਾਰਮਿਕ ਰੰਗਤ ਵਿੱਚ ਰੰਗ ਦਿੰਦਾ ਸੀ। ਜਿੱਥੇ ਚੱਕੀ ਪੀਹਣਾ, ਰਿੜਕਣਾ ਅਤੇ ਸਾਗ ਚੀਰਨਾ ਕਸਰਤ ਦਾ ਸੰਜੋਗ ਬਣਦੇ ਸਨ, ਉੱਥੇ ਘਰ ਦਾ ਕੱਢੇ ਲੱਸੀ ਮੱਖਣ ਵੀ ਸੁਡੌਲ ਸਰੀਰਾਂ ਦੇ ਧਾਰਨੀ ਬਣਦੇ ਸਨ। ਸੁਭਾਅ ਖੁੱਲ੍ਹੇ ਡੁੱਲ੍ਹੇ ਹੋਣ ਕਰ ਕੇ ਆਂਢ ਗੁਆਂਢ ਵਿੱਚ ਵੰਡਿਆ ਦੁੱਧ ਘਿਉ ਚੰਗੇ ਰਿਸ਼ਤਿਆਂ ਦਾ ਜ਼ਾਮਨ ਵੀ ਬਣਦਾ ਸੀ। ਦੁੱਧ ਵੇਚਣਾ ਪੁੱਤ ਵੇਚਣ ਸਮਾਨ ਸਮਝਿਆ ਜਾਂਦਾ। ਘਰ ਘਰ ਆਵਾਜ਼ਾਂ ਉੱਠਦੀਆਂ:
ਦੁੱਧ ਰਿੜਕੇ ਝਾਂਜਰਾਂ ਵਾਲੀ,
ਕੈਂਠੇ ਵਾਲਾ ਧਾਰ ਕੱਢਦਾ।
ਲੱਸੀ ਦੇ ਛੰਨੇ ਅਤੇ ਕਾੜ੍ਹਨੀ ਦਾ ਦੁੱਧ ਗੱਭਰੂਆਂ ਅਤੇ ਮੁਟਿਆਰਾਂ ਦੇ ਰੂਪ ਨੂੰ ਦਿਨ ਚੜ੍ਹਦੇ ਦੀ ਲਾਲੀ ਪ੍ਰਦਾਨ ਕਰਦੇ ਸਨ। ਇਹ ਅੰਮ੍ਰਿਤ ਵੇਲੇ ਦੀਆਂ ਦਾਤਾਂ ਦੀ ਹੀ ਕਰਾਮਾਤ ਸੀ। ਇਹੀ ਸੁੱਘੜ ਸੁਆਣੀਆਂ ਅਤੇ ਗੁਣਵੰਤੀ ਪੰਜਾਬਣਾਂ ਦੀ ਪਛਾਣ ਸੀ। ਸਾਝਰੇ ਦੀ ਕੀਤੀ ਕਿਰਤ ਕਮਾਈ, ਘਰੋਂ ਆਏ ਭੱਤੇ ਦਾ ਸਵਾਦ ਦੂਣਾ ਕਰ ਦਿੰਦੀ ਸੀ।
ਡਾਕਟਰ ਦਲੀਪ ਕੌਰ ਟਿਵਾਣਾ ਦੱਸਦੇ ਹੁੰਦੇ ਸਨ ਕਿ ਜਦੋਂ ਤਕ ਵਿਦਿਆਰਥੀ ਕਲਾਸ ਵਿੱਚ ਆ ਕੇ ਹਾਜ਼ਰੀ ਲਵਾਉਂਦੇ ਨੇ, ਉਦੋਂ ਤਕ ਮੈਂ ਆਪਣੇ ਪੂਰੇ ਦਿਨ ਦਾ ਕਾਰਜ ਨਿਬੇੜ ਚੁੱਕੀ ਹੁੰਦੀ ਹਾਂ। ਇਹ ਹੁੰਦੀ ਹੈ ਅੰਮ੍ਰਿਤ ਵੇਲੇ ਜਾਗਣ ਦੀ ਬਰਕਤ! ਸ਼ਾਂਤਮਈ ਸਮੇਂ ਦੀਆਂ ‘ਪਾਜ਼ਿਟਿਵ ਵਾਈਬਜ਼’ ਦਿਨ ਭਰ ਲਈ ਤਾਜ਼ਗੀ ਬਖ਼ਸ਼ਦੀਆਂ ਨੇ। ਸ਼ਾਇਰ ਅਮਰ ‘ਸੂਫ਼ੀ’ ਵੀ ਇਸ ਸੰਗੀਤਕ ਕ੍ਰਿਸ਼ਮੇਂ ਦੀ ਤਹਿ ਵਿੱਚ ਜਾਂਦੈ:
ਸਦੇਹਾਂ ਉੱਠ ਖੜ੍ਹਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ,
ਕਟੋਰੇ ਚਾਹ ਦੇ ਫੜਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਹਨੇਰੀ ਰਾਤ ਦੇ ਵਿੱਚ ਟਿਮਟਿਮਾਉਂਦੇ, ਲਗਦੇ ਪਿਆਰੇ,
ਟਟਹਿਣੇ ਭੱਜ ਕੇ ਫੜਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਇਹ ਜ਼ਮਾਨਾ, ਇਹ ਅੰਮ੍ਰਿਤੀ ਬੂੰਦਾਂ ਕਿੱਧਰ ਅਲੋਪ ਹੋ ਗਈਆਂ? ਇਨ੍ਹਾਂ ਦੀ ਪਵਿੱਤਰਤਾ, ਇਕਾਗਰਤਾ ਕਿਵੇਂ ਭੰਗ ਹੋ ਗਈ? ਕਿਉਂ ਚੌਵੀ ਘੰਟਿਆਂ ਦਾ ਕਾਲ-ਚੱਕਰ ਵੀ ਸੁੰਗੜ ਜਿਹਾ ਗਿਆ ਹੈ? ਕਾਰਨ ਸਾਫ਼ ਹੈ ਕਿ ਸਾਡੀ ਆਪਣੀ ਮਾਨਸਿਕ ਸ਼ਾਂਤੀ ਗੁਆਚ ਗਈ ਹੈ। ਦੈਵੀ ਸ਼ਕਤੀਆਂ ਦੇ ਇਸ ਬੰਦਗੀ ਵੇਲੇ ਨੂੰ ਅਸੀਂ ਵਿਸਾਰ ਦਿੱਤਾ ਹੈ। ਗਲੈਮਰ, ਚਕਾਚੌਂਧ ਨੇ ਸਾਨੂੰ ਸਕੂਨ ਦੇ ਪਹਿਰ ਭੁਲਾ ਛੱਡੇ ਨੇ। ਆਮ ਕਹਾਵਤ ਹੈ ਕਿ ਵੱਡੇ ਮਹਾਨਗਰ ਕਦੇ ਸੌਂਦੇ ਨਹੀਂ। ਮਨੁੱਖ ਮਸ਼ੀਨੀ ਪੁਰਜ਼ਾ ਬਣ ਗਿਆ ਹੈ। ਤਾਂਘ ਅਤੇ ਤਮ੍ਹਾਂ ਨੇ ਨੀਂਦ ਉਡਾ ਛੱਡੀ ਹੈ। ਆਮ ਘਰਾਂ ਦੀ ਰਵਾਇਤ ਹੈ ਕਿ ਅੱਧੀ ਰਾਤ ਤੋਂ ਪਹਿਲਾਂ ਬੱਤੀਆਂ ਨਹੀਂ ਬੁਝਦੀਆਂ। ‘ਜਲਦੀ ਸੌਣਾ ਤੇ ਜਲਦੀ ਜਾਗਣਾ ਮਨੁੱਖ ਨੂੰ ਸਿਹਤਮੰਦ, ਮਾਲਦਾਰ ਅਤੇ ਬੁੱਧੀਮਾਨ ਬਣਾਉਂਦ ਹੈ’ ਦੀ ਸਿੱਖਿਆ ਕੋਈ ਇਤਿਹਾਸ ਦਾ ਫਟਿਆ, ਪੁਰਾਣਾ ਪੰਨਾ ਜਾਪਦਾ ਹੈ। ਇਸ ਵਿਰਾਸਤ ਨੂੰ ਸੰਭਾਲਣ ਵਾਲੇ ਟਾਵੇਂ ਟੱਲੇ ਹੀ ਮਿਲਦੇ ਹਨ।
ਬਿਜਲਈ ਯੁਗ ਨੇ ਮਨੁੱਖਾ ਜ਼ਿੰਦਗੀ ਵਿੱਚ ਤਰਥੱਲੀ ਜਿਹੀ ਮਚਾ ਛੱਡੀ ਹੈ। ਦੇਰ ਰਾਤ ਦੇ ਟੈਲੀਵੀਜ਼ਨ ਧਾਰਾਵਾਹਿਕਾਂ ਦੀ ਉਤਸੁਕਤਾ ਅਤੇ ਲਲ੍ਹਕ, ਨੀਂਦ ਦੇ ਨਾਲ ਮਾਨਸਿਕ ਸਕੂਨ ਵਿੱਚ ਵੀ ਖ਼ਲਲ ਪਾ ਦਿੰਦੀ ਹੈ। ਸਮੇਂ ਦੀ ਕਸਵੱਟੀ ਤੋਂ ਧਿਆਨ ਭਟਕ ਜਾਂਦਾ ਹੈ। ਇਨ੍ਹਾਂ ਲੜੀਵਾਰਾਂ ਵਿੱਚ ਨੈਤਿਕਤਾ ਨੂੰ ਲੀਰੋ ਲੀਰ ਕਰਨ ਦੀ ਸਮਰੱਥਾ ਤਾਂ ਜ਼ਰੂਰ ਹੁੰਦੀ ਹੈ, ਪਰ ਕਿਸੇ ਰੱਬੀ ਸੁਨੇਹੜੇ ਦੀ ਤਵੱਕੋ ਨਹੀਂ। ਨਤੀਜਾ ਇਹ ਹੁੰਦਾ ਹੈ ਕਿ ਅਣਭੋਲ ਮਨ ਦੇਰ ਰਾਤ ਤਕ ਇਨ੍ਹਾਂ ਸ਼ਗੂਫ਼ਿਆਂ ਵਿੱਚ ਪਰਚੇ ਰਹਿੰਦੇ ਨੇ ਅਤੇ ਸੁਬ੍ਹਾ ਸਕੂਲ ਦੀ ਵੈਨ ਆਉਣ ਤਕ ਉਨ੍ਹਾਂ ਦੀਆਂ ਅੱਖਾਂ ਉਂਨੀਂਦਰੇ ਨਾਲ ਭਰੀਆਂ ਹੁੰਦੀਆਂ ਨੇ। ਕਿੱਥੋਂ ਲੱਭਣਗੇ ਅੰਮ੍ਰਿਤਮਈ ਪਲ?
ਰਾਤਰੀ ਕਲੱਬਾਂ, ਜੂਏਖ਼ਾਨਿਆਂ, ਹੁੱਕਾ ਬਾਰਾਂ ਨੇ ਕਾਲੀ ਰਾਤ ਨੂੰ ਸਿਖਰ ਦੁਪਹਿਰ ਬਣਾਇਆ ਹੋਇਆ ਹੈ। ਅਮੀਰਜ਼ਾਦੇ ਤੇ ਵਿਗੜੈਲ ਕਾਕੇ ਕਾਕੀਆਂ, ਇੱਥੋਂ ਹੀ ਖੁਨਾਮੀ ਦੇ ਬੀਜ ਲੈ ਕੇ ਤੁਰਦੇ ਨੇ। ਸਮਾਜ ਦੇ ਇਹ ਅਖੌਤੀ ਸਤਿਕਾਰਤ ਸ਼ਹਿਜ਼ਾਦੇ ਰਾਤਾਂ ਦੇ ਹਨੇਰੇ ਨੂੰ ਹੋਰ ਗੂੜ੍ਹਾ ਕਰਦੇ ਹਨ। ਅਸਲ ਵਿੱਚ ਇਨ੍ਹਾਂ ਦੀ ‘ਸੂਹੀ ਸਵੇਰ’ ਰਾਤ ਨੂੰ ਹੀ ਸ਼ੁਰੂ ਹੁੰਦੀ ਹੈ। ਸਮਾਜਿਕ ਸੰਗਠਨਾਂ ਦੀ ਆੜ ਵਿੱਚ ਇਹ ਅੱਡੇ ਇੱਕ ਅਜਿਹੇ ਨਾਪਾਕ ਗਠਜੋੜ ਨੂੰ ਜਨਮ ਦਿੰਦੇ ਹਨ, ਜਿਹੜਾ ਤਾਕਤਵਰ ਹੁੰਦਾ ਹੈ ਅਤੇ ਸਮਾਜ ਨੂੰ ਕੰਡਿਆਲ਼ੀਆਂ ਰਾਹਾਂ ’ਤੇ ਤੁਰਨ ਦਾ ਮਾਰਗ ਦਰਸਾਉਂਦਾ ਹੈ। ਇੱਕ ਸੱਜਣ ਨੇ ਆਪਣੇ ਕਿਸੇ ‘ਅਮੀਰ’ ਰਿਸ਼ਤੇਦਾਰ ਬਾਰੇ ਦੱਸਿਆ ਕਿ ਉਹ ਪਾਵਨ ਨਵਰਾਤਰਿਆਂ ਦੇ ਕੁਝ ਦਿਨ ਛੱਡ ਕੇ ਤਕਰੀਬਨ ਤਿੰਨ ਸੌ ਪਚਵੰਜਾ ਦਿਨ ਬਿਨਾਂ ਨਾਗਾ ਨਾਈਟ ਕਲੱਬ ਜਾਂਦਾ ਹੈ ਤੇ ਕੌੜੇ ਘੁੱਟ ਭਰਦੈ। ਅੰਮ੍ਰਿਤ ਵੇਲੇ ਦੇ ਦਰਸ਼ਨ ਕੀਤੇ ਤਾਂ ਮੁੱਦਤਾਂ ਹੋ ਗਈਆਂ!
ਪਹੁ ਫੁਟਾਲਾ ਵੀ ਹੁਣ ਕਈ ਵਾਰੀ ਗਲ ਘੋਟੂ ਜਿਹਾ ਲਗਦਾ ਹੈ। ਗੱਡੀਆਂ ਦੇ ਹਾਰਨ, ਹਵਾ ਵਿਚਲਾ ਪ੍ਰਦੂਸ਼ਣ ਅਤੇ ਧਾਰਮਿਕ ਸਥਾਨਾਂ ਦੇ ਧੂਤੂ ਪ੍ਰਕਿਰਤੀ ਦੇ ਰੰਗ ਵਿੱਚ ਵਿਘਨ ਪਾਉਂਦੇ ਨੇ। ਸੰਗੀਤਮਈ ਲਹਿਰਾਂ, ਸ਼ੋਰ ਸ਼ਰਾਬੇ ਹੇਠ ਦਮ ਘੁੱਟਦੀਆਂ ਪ੍ਰਤੀਤ ਹੁੰਦੀਆਂ ਨੇ। ਵਗਦੀ ਪੌਣ ਦੀ ਰਵਾਨਗੀ, ਵਗਦੇ ਪਾਣੀਆਂ ਦੀ ਲੈਅ - ਜਿਵੇਂ ਕਿਸੇ ਨੇ ਸਾਡੇ ਕੋਲੋਂ ਖੋਹ ਲਏ ਹੋਣ। ਚੜ੍ਹਦੇ ਸੂਰਜ ਦੀ ਲਾਲੀ ਵੀ ਧੁਆਂਖੀ ਜਿਹੀ ਜਾਪਦੀ ਹੈ। ਸਾਡੇ ਰਹਿਬਰਾਂ ਨੇ ਕੁਦਰਤ ਨੂੰ ਸਾਂਭਣ ਦਾ ਹੋਕਾ ਦਿੱਤਾ, ਪਰ ਧਰਮੀ ਅਡੰਬਰਾਂ ਨੇ ਇਸ ਨੂੰ ਜ਼ਹਿਰੀਲਾ ਬਣਾਉਣ ਦੀ ਕੋਈ ਕਸਰ ਨਹੀਂ ਛੱਡੀ। ਅੰਮ੍ਰਿਤ ਵੇਲੇ ਦੇ ਚੀਰ ਹਰਨ ’ਤੇ ਸ਼ਾਇਰ ਤ੍ਰੈਲੋਚਨ ਲੋਚੀ ਸਾਨੂੰ ਸ਼ੀਸ਼ਾ ਦਿਖਾਉਂਦਾ ਹੈ:
ਭਾਈ ਜੀ ਦੀ ਆਵਾਜ਼
ਸਪੀਕਰ ਵਿੱਚੋਂ ਗੂੰਜੀ ਹੈ।
ਪੰਡਿਤ ਜੀ ਨੇ ਸੰਖ ਵਜਾਇਆ
ਉੱਚੀ ਉੱਚੀ ਟੱਲ ਖੜਕਾਏ ਨੇ।
ਮੁੱਲਾਂ ਜੀ ਦੀ ਬਾਂਗ
ਦੂਰ ਤਕ ਮਾਰ ਕਰ ਗਈ ਹੈ।
ਅੰਮ੍ਰਿਤ ਵੇਲਾ
ਕਿੱਡਾ ਸ਼ਾਂਤ, ਕਿੱਡਾ ਦਿਲਕਸ਼ ਸੀ,
ਇਹਨਾਂ ਭਲੇ ਮਾਣਸਾਂ ਦੇ
ਜਾਗਣ ਤੋਂ ਪਹਿਲਾਂ!!!
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5520)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)