“ਪੰਜਾਬੀਆਂ ਦੀ ਬੇਗਾਨੇ ਮੁਲਕਾਂ ਨੂੰ ਅੰਨ੍ਹੇਵਾਹ ਹਿਜਰਤ ਵੀ ਇਨ੍ਹਾਂ ਦੁਸ਼ਵਾਰੀਆਂ ਦੀ ਹੀ ਗਾਥਾ ਹੈ। ਜ਼ਰੂਰੀ ਨਹੀਂ ਕਿ ਸਭ ਨੇ ...”
(27 ਜੂਨ 2024)
ਇਸ ਸਮੇਂ ਪਾਠਕ: 330.
ਅਜ਼ਲ ਤੋਂ ਮਨੁੱਖ ਭਟਕਣਾ ਦਾ ਸ਼ਿਕਾਰ ਰਿਹਾ ਹੈ। ਕਿਸੇ ਸੁਪਨ ਦੇਸ਼ ਦੀ ਮ੍ਰਿਗ-ਤ੍ਰਿਸ਼ਨਾ ਚਕਾਚੌਂਧ ਕਰਦੀ ਹੈ ਮਨੁੱਖ ਨੂੰ। ਚੁਰਾਸੀ ਲੱਖ ਜੂਨਾਂ ਵਿੱਚੋਂ ਸਭ ਤੋਂ ਉਮਦਾ ਪ੍ਰਾਣੀ ਹੋਣ ’ਤੇ ਵੀ ਸਕੂਨ ਉਸਦੀ ਗ੍ਰਿਫ਼ਤ ਵਿੱਚ ਟਿਕਦਾ ਨਹੀਂ। ਸ਼ਾਇਦ ਇਹ ਉਸਦੀ ਹੋਣੀ ਹੈ! ਕਦੇ ਆਪਣਿਆਂ ਕਰਕੇ, ਕਦੇ ਬਿਗਾਨਿਆਂ ਕਰਕੇ ਉਹ ਮੱਕੜਜਾਲ ਦੇ ਤਾਣੇ ਬਾਣੇ ਵਿੱਚੋਂ ਰਾਹ ਭਾਲਣ ਵਿੱਚ ਨਿਹੱਥਾ ਲੱਗਦਾ ਹੈ, ਅੱਕੀਂ ਪਲਾਹੀਂ ਹੱਥ ਮਾਰਦਾ ਹੈ, ਹਵਾ ਤੇ ਪਾਣੀ ਮੁੱਠੀ ਵਿੱਚ ਨਹੀਂ ਸਮਾਉਂਦੇ। ‘ਆਪਣੀ ਧਰਤੀ’ ਦੀ ਭਾਲ ਉਸ ਨੂੰ ਜੰਗਲ਼ ਬੀਆਬਾਨਾਂ ਵਿੱਚ ਨਾਚ ਨਚਾਉਂਦੀ ਹੈ। ਆਕਾਸ਼ੀ ਉਡਾਰੀਆਂ ਤੇ ਪਾਤਾਲੀਂ ਚੁੱਭੀਆਂ ਉਸਦੀ ਹੋਂਦ ਨੂੰ ਹਲੂਣਾ ਦਿੰਦੀਆਂ ਨੇ। ਆਪਣੀਆਂ ਜੜ੍ਹਾਂ ਦੀ ਤਲਾਸ਼ ਉਸ ਨੂੰ ਟੱਪਰੀਵਾਸ ਬਣਾ ਦਿੰਦੀ ਹੈ। ਬਾਬਾ ਫ਼ਰੀਦ ਜੀ ਦਾ ਮੁਕੱਦਸ ਕਥਨ ਹੈ:
ਫ਼ਰੀਦਾ ਰੁਤਿ ਫਿਰੀ ਵਣੁ ਕੰਬਿਆ ਪੱਤ ਝੜੇ ਝੜ ਪਾਹਿ॥
ਚਾਰੇ ਕੁੰਡਾ ਢੂੰਢੀਆਂ ਰਹਣ ਕਿਥਾਊ ਨਾਹਿ॥
ਨੋਬਲ ਸਾਹਿਤ ਪੁਰਸਕਾਰ ਵਿਜੇਤਾ (2021) ਅਬਦੁਲ ਰਜ਼ਾਕ ਗੁਰਨਾਹ ਆਪਣੇ ਨਾਵਲ ‘ਦੀ ਪੈਰਾਡਾਈਜ਼’ ਵਿੱਚ ਮਨੁੱਖ ਦੀ ਇਸ ਘੁੰਮਣਘੇਰੀ ਨੂੰ ਪਰਿਭਾਸ਼ਿਤ ਕਰਦਾ ਹੈ: “ਇਹ ਪਲੈਨੇਟ ਕੀ ਹੈ, ਇੱਕ ਘੁੰਮਦਾ ਹੋਇਆ ਗੋਲ਼ਾ। ਮਨੁੱਖ ਤਾਂ ਇੱਕ ਯਾਤਰੀ ਹੈ। ਪੂਰੀ ਦੁਨੀਆਂ ਵਿੱਚ ਮਨੁੱਖ ਦੇ ਦੁੱਖਾਂ ਦੀ ਕੋਈ ਨਵੀਂ ਪਰਿਭਾਸ਼ਾ ਨਹੀਂ ਹੈ। ਮਨੁੱਖ ਇਸ ਗੋਲ਼ੇ ਤੇ’ ਘੁੰਮਦਾ ਹੋਇਆ ਪੁਨਰਜਨਮ ਤੇ ਵਰਤਮਾਨ ਵਿਚਕਾਰ ਲਟਕਦਾ ਹੋਇਆ ਇੱਕ ਗੋਲ਼ਾ ਹੀ ਤਾਂ ਹੈ।” ਮਨੁੱਖ ਦੀ ਯਥਾਰਥ ਹੋਣੀ ਦਾ ਇਹ ਚਿੱਤਰ, ਉਸਦੇ ਸਮਕਾਲੀ ਰਾਜਨੀਤਕ, ਆਰਥਿਕ, ਸੱਭਿਆਚਾਰਕ ਅਤੇ ਸਮਾਜਿਕ ਇਤਿਹਾਸ ਦੀ ਪਟਕਥਾ ਬਿਆਨ ਕਰਦਾ ਹੈ। ਆਪਣੀ ਜੰਮਣ ਭੋਏਂ ਨੂੰ ਛੱਡ ਕੇ ਕਿਸੇ ਬਿਗਾਨੀ ਧਰਤੀ ਉੱਤੇ ਵਸਣ ਦਾ ਸੁਪਨਾ ਮਨੁੱਖ ਦੀ ਨੀਂਦ ਵੀਰਾਨ ਕਰ ਦਿੰਦਾ ਹੈ। ਜ਼ਰੂਰੀ ਨਹੀਂ ਕਿ ਖ਼ਾਨਾ-ਬਦੋਸ਼ ਹੋਣਾ ਬੰਦੇ ਦਾ ਆਪਣਾ ਸੰਕਲਪ ਹੋਵੇ, ਓਪਰਿਆਂ ਦੁਆਰਾ ਵਿਛਾਈਆਂ ਕੰਡਿਆਲ਼ੀਆਂ ਤਾਰਾਂ ’ਤੇ ਤੁਰਦਿਆਂ ਉਸਦੇ ਪੈਰਾਂ ਦੇ ਛਾਲੇ ਵੀ ਉਸਦੀ ਭਾਵੀ ਦੀ ਕਥਾ ਬਿਆਨ ਕਰਦੇ ਨੇ।
ਘਰੋਂ ਬੇਘਰ ਹੋਇਆ ਮਨੁੱਖ ਨਵੀਂਆਂ ਠਾਹਰਾਂ ਦੀ ਭਾਲ ਵਿੱਚ ਪਤਾ ਨੀ ਕਿੰਨੇ ਕੁ ਮਲ੍ਹੇ ਝਾੜੀਆਂ ਗਾਹੁੰਦਾ ਹੈ। ਉਜਾੜੇ ਦਾ ਸੇਕ ਉਸ ਨੂੰ ਉਮਰ ਭਰ ਵਿੰਨ੍ਹਦਾ ਰਹਿੰਦਾ। ਆਪਣੀ ਜਨਮ ਭੂਮੀ ਤੋਂ ਵਿਛੜਨ ਦਾ ਹੇਰਵਾ ਉਸ ਨੂੰ ਚੈਨ ਨਹੀਂ ਲੈਣ ਦਿੰਦਾ। ਆਪਣੀ ਮਿੱਟੀ ਤੋਂ ਉੱਜੜਨ ਦਾ ਇਹ ਮੰਜ਼ਰ ਉੰਨੀਵੀਂ ਸਦੀ ਵਿੱਚ ਅਮਰੀਕਾ ਨੇ ਦੇਖਿਆ, ਜਦੋਂ ਇੱਥੋਂ ਦੇ ਮੂਲ ਵਾਸੀਆਂ ਨੂੰ ਜ਼ਬਰਦਸਤੀ ਇੱਕ ਦਰਿਆ ਤੋਂ ਪਾਰ ਦੇਸ਼-ਨਿਕਾਲਾ ਦਿੱਤਾ ਗਿਆ। ਇਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ। ਆਸਟਰੇਲੀਆ ਵਿੱਚ ਤਾਂ ਮੂਲ ਵਾਸੀਆਂ ਨੂੰ ਸਿੱਧਾ ਮੌਤ ਦੀ ਨੀਂਦ ਸੁਲਾ ਦਿੱਤਾ ਗਿਆ ਸੀ। ਦੂਜੀ ਵਿਸ਼ਵ ਜੰਗ ਤੋਂ ਬਾਅਦ ਇਜ਼ਰਾਈਲ ਨੂੰ ਤਾਂ ਆਪਣਾ ਘਰ ਮਿਲ ਗਿਆ, ਪਰ ਫ਼ਲਸਤੀਨੀ ਅਜੇ ਵੀ ਦਰ ਦਰ ਭਟਕ ਰਹੇ ਨੇ। ਗਾਜ਼ਾ ਪੱਟੀ ਵਿੱਚ ਮਨੁੱਖੀ ਨਸਲਕੁਸ਼ੀ ਜਾਰੀ ਹੈ। ਇਨਸਾਨੀਅਤ ਦੇ ਘਾਣ ਦੀ ਇਹ ਦਾਸਤਾਨ ਹਾਲੇ ਤਕ ਵੀ ਧਰਮ ਅਤੇ ਧਰਤ ਦੀ ਲੜਾਈ ਹੈ … ਅਮਨ ਖ਼ਤਰੇ ਵਿੱਚ ਤੇ ਜ਼ਿੰਦਗੀ ਚੱਕੀ ਦੇ ਪੁੜਾਂ ਵਿਚਾਲੇ। ਫ਼ਲਸਤੀਨੀ ਕਵੀ ਮਹਿਮੂਦ ਦਰਵੇਸ਼ ਇਸ ਦਰਦ-ਏ-ਦਿਲ ਨੂੰ ਬਿਆਨ ਕਰਦਾ ਹੈ:
ਇਸ ਹਵਾ ਵਿੱਚ ਹੁਣ ਸਾਹ ਲੈਣਾ
ਮੁਸ਼ਕਿਲ ਹੈ
ਇਹ ਧੂੰਏਂ ਭਰੀ ਧੂੜ
ਮੇਰੀ ਧਰਤੀ ਮਾਂ ਨੂੰ ਖਾ ਜਾਵੇਗੀ।
ਮੈਂ ਦੇਖਦਾ ਹੀ ਰਹਾਂਗਾ ਕੀ?
ਲੱਖਾਂ ਸ਼ਰਨਾਰਥੀ ਸੀਰੀਆ-ਇਰਾਕ ਦੇ ਬਾਰਡਰ ’ਤੇ ਵੱਡੀਆਂ ਤਾਕਤਾਂ ਦੁਆਰਾ ਝੋਕੀ ਲੜਾਈ ਦੀ ਅੱਗ ਦਾ ਖੂੰਖਾਰ ਮੰਜ਼ਰ ਦੇਖ ਰਹੇ ਨੇ। ਵਿਲਕਦੇ ਮਾਸੂਮਾਂ ਨੂੰ ਅਤਿ ਕਠੋਰ ਮੌਸਮ ਵਿੱਚ ਬਾਹਵਾਂ ਵਿੱਚ ਭਰੀ ਬੈਠੀਆਂ ਮਾਂਵਾਂ ਰੱਬ ਨੂੰ ਰੋਸ ਜ਼ਾਹਰ ਕਰ ਰਹੀਆਂ ਹਨ। ਖੁੱਲ੍ਹੇ ਅਸਮਾਨ ਹੇਠ ਕੋਈ ਘਰ ਬਾਰ ਨਜ਼ਰੀਂ ਨਹੀਂ ਪੈਂਦਾ। ਰੋਹਿੰਗੀਆ ਮੁਸਲਮਾਨਾਂ ਕੋਲ ਪੂਰੇ ਬ੍ਰਹਿਮੰਡ ਵਿੱਚ ਸਿਰ ਲੁਕਾਉਣ ਲਈ ਕੋਈ ਠਾਹਰ ਨਹੀਂ। ਮਿਆਂਮਾਰ ਵਿੱਚੋਂ ਜਬਰੀ ਧੱਕੇ ਗਏ ਇਨ੍ਹਾਂ ਰੱਬ ਦੇ ਬੰਦਿਆਂ ਲਈ ਕਿਸੇ ਨੇ ਹਾਅ ਦਾ ਨਾਅਰਾ ਨਹੀਂ ਮਾਰਿਆ। ਹਿੰਦੁਸਤਾਨ ਦੀਆਂ ਨਜ਼ਰਾਂ ਵਿੱਚ ਇਹ ਮਨੁੱਖ ਜਾਤੀ, ਧਾੜਵੀ ਤੇ ਜਰਾਇਮ ਪੇਸ਼ਾ ਲੋਕ ਹਨ, ਜਿਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਵੈਸੇ ਵੀ ਇਹ ‘ਗ਼ੈਰ ਮਜ਼੍ਹਬ’ ਨਾਲ ਸੰਬੰਧਤ ਹਨ। ਡੂੰਘੇ ਸਾਗਰਾਂ ਵਿੱਚ ਠੱਲ੍ਹੀਆਂ ਇਨ੍ਹਾਂ ਦੀਆਂ ਕਿਸ਼ਤੀਆਂ ਨੂੰ ਤਣ ਪੱਤਣ ਨਸੀਬ ਨਹੀਂ। ਕਿਸ ਤਰ੍ਹਾਂ ਦੀ ਦੁਨੀਆਂ ਵਿੱਚ ਜੀ ਰਹੇ ਹਾਂ ਅਸੀਂ, ਜਿੱਥੇ ਇਹ ਟੱਪਰੀਵਾਸ ਆਪਣੀ ਮੌਤ ਨੂੰ ਦਸਤਕ ਦਿੰਦਿਆਂ ਦੇਖ ਰਹੇ ਨੇ? ਮਾਨਵਤਾ ਸਾਡੇ ਧਰਮਾਂ ਵਿੱਚੋਂ ਮਨਫ਼ੀ ਹੋ ਚੁੱਕੀ ਹੈ। ਬੰਗਲਾਦੇਸ਼ ਵਿੱਚ ਆਰਜ਼ੀ ਤੌਰ ’ਤੇ ਬਣੇ ਬਦਨੁਮਾ ਕੈਂਪਾਂ ਵਿੱਚ ਕਰਾਹੁੰਦੀਆਂ ਇਹ ਰੂਹਾਂ ਆਪਣੀ ਕਿਸਮਤ ਉੱਤੇ ਝੋਰਾ ਹੀ ਕਰ ਸਕਦੀਆਂ ਹਨ।
ਨਵਾਂ ਸੰਕਟ ਰੂਸ ਅਤੇ ਯੂਰਪੀ ਸੰਘ ਵਿੱਚ ਵਿਸਫੋਟਕ ਹੋ ਰਿਹਾ ਹੈ। ਯੁਕਰੇਨ ਨਾਲ ਯੁੱਧ ਵਿੱਚ ਮਨੁੱਖਤਾ ਪਿਸ ਰਹੀ ਹੈ ਅਤੇ ਦੋ ਸਾਲ ਤੋਂ ਇਸ ਵਿੱਚ ਕੋਈ ਕਮੀ ਆਉਣ ਦੀ ਸੰਭਾਵਨਾ ਵੀ ਦਿਖਾਈ ਨਹੀਂ ਦੇ ਰਹੀ। ਸ਼ਰਨਾਰਥੀ ਵੱਖ ਵੱਖ ਵਿਦੇਸ਼ੀ ਧਰਤੀਆਂ ’ਤੇ ਪਨਾਹ ਲੈਣ ਲਈ ਮਜਬੂਰ ਹਨ। ਬੇਲਾਰੂਸ ਅਤੇ ਪੋਲੈਂਡ ਦੀਆਂ ਹੱਦਾਂ ’ਤੇ ਚਾਰ ਹਜ਼ਾਰ ਸ਼ਰਨਾਰਥੀ, ਜੋ ਇਰਾਕ ਅਤੇ ਅਫ਼ਗ਼ਾਨਿਸਤਾਨ ਤੋਂ ਹਨ, ਬਰਫ਼ ਜੰਮੇ ਜੰਗਲ਼ ਵਿੱਚ ਕੁਦਰਤ ਦੀਆਂ ਕਰੋਪੀਆਂ ਅਤੇ ਫ਼ੌਜੀ ਵਰਦੀਆਂ ਵਿੱਚ ਘਿਰੇ ਹੋਏ ਹਨ। ਜਾਨਾਂ ਜੋਖਮ ਵਿੱਚ ਪਾਈ ਬੈਠੇ ਇਨ੍ਹਾਂ ‘ਅਣਚਾਹੇ’ ਲੋਕਾਂ ਨੂੰ ਧਰਤੀ ਵੀ ਵਿਹਲ ਨਹੀਂ ਦੇ ਰਹੀ। ਹਥਿਆਰਾਂ ’ਤੇ ਅਰਬਾਂ ਡਾਲਰਾਂ ਦੀਆਂ ਨੁਮਾਇਸ਼ਾਂ ਲਾਉਂਦੇ ਇਨ੍ਹਾਂ ਮੁਲਕਾਂ ਲਈ, ਬੇਵਸੀ ਕੋਈ ਨਮੋਸ਼ੀ ਨਹੀਂ ਬਣਦੀ। ਅਫਗਾਨਿਸਤਾਨ ਵਿੱਚ ਤਾਲੀਬਾਨੀ ਸਰਕਾਰ ਬਣਨ ਨਾਲ ਘੱਟ ਗਿਣਤੀਆਂ ਦੀ ਜ਼ਿੰਦਗੀ ਦਾਅ ’ਤੇ ਲੱਗੀ ਹੈ ਅਤੇ ਉਹ ਬਿਗਾਨੀਆਂ ਧਰਤੀਆਂ ’ਤੇ ਸ਼ਰਨ ਲੈਣ ਲਈ ਅਰਜ਼ੋਈਆਂ ਕਰ ਰਹੇ ਨੇ। ਸਦੀਆਂ ਤੋਂ ਅਮਰੀਕੀ ਅਰਥਚਾਰੇ ਵਿੱਚ ਚੋਖਾ ਯੋਗਦਾਨ ਪਾਉਣ ਵਾਲੇ ਸਿੱਖ, ਨਸਲੀ ਗੋਰਿਆਂ ਨੂੰ ‘ਓਸਾਮਾ ਬਿਨ ਲਾਦੇਨ’ ਦਾ ਹੀ ਰੂਪ ਦਿਸਦੇ ਨੇ। ਯੂਗਾਂਡਾ ਦੀ ਜਲਾਵਤਨੀ ਅਜੇ ਤਕ ਭਾਰਤੀਆਂ ਨੂੰ ਭੁਚੱਕੇ ਪਾ ਰਹੀ ਹੈ।
ਸੁਲਤਾਨ ਬਾਹੂ ਮਨੁੱਖ ਨੂੰ ਉੱਡਣਹਾਰੇ ਕਹਿੰਦਾ ਹੈ:
ਤਾੜੀ ਮਾਰ ਉਡਾ ਨਾ ਬਾਹੂ
ਅਸੀਂ ਆਪੇ ਉੱਡਣਹਾਰੇ ਹੂ।
ਪਰਵਾਸ ਉਡਾਰੀ ਮਨੁੱਖ ਦਾ ਕਿਰਦਾਰ ਰਿਹਾ ਹੈ, ਪਰ ਦੁਖਦਾਈ ਹਾਲਾਤ ਵਿੱਚ ਚੋਗੇ ਦੀ ਭਾਲ ਨੂੰ ਨਿਕਲਣਾ ਮੂਲੋਂ ਗਵਾਰਾ ਨਹੀਂ। ਘਰੋਂ ਬੇਘਰ ਹੋਣਾ ਜ਼ਿੰਦਗੀ ਦੀਆਂ ਦੁਖਦ ਘੜੀਆਂ ਨੂੰ ਉਜਾਗਰ ਕਰਦਾ ਹੈ। ਮਨੁੱਖੀ ਮਨ ਦੀ ਕਿਸੇ ਅੰਦਰਲੀ ਨੁੱਕਰੇ ਬੈਠਾ ਸ਼ੈਤਾਨ ਬਹੁਤ ਵਾਰੀ ਬਲੀ ਲੈਣਾ ਲੋਚਦਾ ਹੈ। ਸੰਤਾਲੀ ਦਾ ਸਰਾਪ ਵੀ ਇਸੇ ਕੜੀ ਦਾ ਹਿੱਸਾ ਸੀ। ਪੀਰਾਂ ਫ਼ਕੀਰਾਂ ਦੀ ਧਰਤੀ ਨੂੰ ਇਹ ਕਿਹੜੀ ਬਦਅਸੀਸ ਸੀ ਕਿ ਸਦੀਆਂ ਤੋਂ ਇੱਕ ਦੂਜੇ ਦੇ ਸਾਹਾਂ ਵਿੱਚ ਜਿਉਂਦੇ, ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਬਣ ਗਏ? ਕੱਲ੍ਹ ਤਕ ਇਕੱਠੇ ਬੈਠੇ ਧੂਣੀਆਂ ਦੀ ਅੱਗ ਸੇਕਦੇ, ਪਿੜਾਂ ਵਿੱਚ ਨੱਚਦੇ, ਬਾਘੀਆਂ ਪਾਉਂਦੇ ਕਿਹੜੀ ਕੁਲੱਛਣੀ ਘੜੀ ਦਾ ਸ਼ਿਕਾਰ ਹੋ ਗਏ? ਫਿਰਕੂ ਹਨੇਰੀ ਵਿੱਚ ਪੱਤਿਆਂ ਵਾਂਗ ਬਿਖਰੇ ਪੰਜਾਬੀਆਂ ਦੀ ਗਿਣਤੀ ਦਸ ਲੱਖ ਦੱਸਦੇ ਨੇ! ਉਜਾੜੇ ਦਾ ਸ਼ਿਕਾਰ ਹੋਣ ਵਾਲੇ ਚੜ੍ਹਦੇ ਪੰਜਾਬ ਦੇ ਲੋਕ 43 ਲੱਖ ਸਨ, ਜਦੋਂ ਕਿ ਲਹਿੰਦੇ ਪੰਜਾਬੀਆਂ ਦੀ ਇਹ ਨਫ਼ਰੀ 38 ਲੱਖ ਸੀ। ਉੱਘਾ ਚਿੰਤਕ ਤੇ ਕਵੀ ਅਮਰਜੀਤ ਚੰਦਨ ‘47 ਦੇ ਗੁਨਾਹਾਂ ਦਾ ਲੇਖਾ?’ ਵਿੱਚ ਲਿਖਦਾ ਹੈ: ਪੰਜਾਬ ਦੀ ਵੰਡ ਵੇਲੇ 7-10 ਲੱਖ ਲੋਕ ਵੱਢੇ ਗਏ ਸਨ; ਇੱਕ ਲੱਖ ਔਰਤਾਂ ਉਧਾਲੀਆਂ ਗਈਆਂ। ਇਹ ਕੰਮ ਕਿਸੇ ਬਾਹਰਲੇ ਨੇ ਨਹੀਂ ਸੀ ਕੀਤਾ; ਅਸੀਂ ਖ਼ੁਦ ਕੀਤਾ ਸੀ! ਇਹ ਲੇਖਾ ਕੌਣ ਦੇਵੇਗਾ? ਗੱਡਿਆਂ ਉੱਤੇ, ਰੇਲਾਂ ਵਿੱਚ, ਪੈਦਲ, ਭੁੱਖ ਨਾਲ ਵਿਲਕਦੇ ਬੱਚਿਆਂ ਲਈ ਮਾਂਵਾਂ ਦੀ ਗੋਦ ਦਾ ਅਣਕਿਆਸਿਆ ਸਫ਼ਰ, ਅਣਪਛਾਤੀਆਂ ਰਾਹਾਂ ਉੱਤੇ ਚੱਲਦੇ ਕਾਫ਼ਲੇ ਆਪਣੀ ਹੋਣੀ ਉੱਤੇ ਸ਼ਿਕਨ ਕਰਦੇ ਨਜ਼ਰ ਆਉਂਦੇ ਸਨ।
ਮਜ਼ਹਰ ਤਿਰਮਜ਼ੀ ਦੇ ਸ਼ਬਦ ਨੇ: ਵੰਡ ਵੇਲੇ ਦੇ ਪੰਜਾਬੀਆਂ ਦੀ ਪੁਸ਼ਤ ਦੀਆਂ ਉਮਰਾਂ ਪੱਬਾਂ ਭਾਰ ਲੰਘੀਆਂ ਅਤੇ ਉਨ੍ਹਾਂ ਦੇ ਸੂਹੇ ਗੁਲਾਬਾਂ ਦੇ ਮੌਸਮਾਂ ਵਿੱਚ ਕਾਲੇ ਫੁੱਲ ਖਿੜੇ। ਸਾਡੇ ਕੰਨਾਂ ਨੇ ਹੁਣ ਕਦੇ ਦਰਗਾਹਾਂ ਵਿੱਚੋਂ ਉੱਠਦੀਆਂ ਸੂਫ਼ੀ ਸ਼ਾਇਰਾਂ ਦੀਆਂ ਸੱਦਾਂ ਨਹੀਂ ਸੁਣਨੀਆਂ; ਲਹਿੰਦੇ ਪੰਜਾਬ ਦੇ ਪਿੰਡਾਂ ਵਿੱਚ ਗੁਰਦੁਆਰੇ ਤੇ ਮੰਦਰ ਹਮੇਸ਼ਾ ਲਈ ਖਾਮੋਸ਼ ਹੋ ਗਏ ਹਨ।
ਹਿਊ ਆਫ ਸੇਂਟ ਵਿਕਟਰ ਲਿਖਦਾ ਹੈ: “ਉਹ ਲੋਕ ਹਾਲੇ ਬਚਪਨੇ ਵਿੱਚ ਜਿਉਂਦੇ ਨੇ, ਜਿਹੜੇ ਸਿਰਫ ਆਪਣੀ ਜੰਮਣ-ਭੋਏਂ ਨੂੰ ਹੀ ਪਿਆਰ ਕਰਦੇ ਨੇ। ਉਹ ਸਿਆਣੇ ਹੋ ਚੁੱਕੇ ਨੇ, ਜਿਹੜੇ ਸਾਰੀਆਂ ਥਾਵਾਂ ਨੂੰ ਹੀ ਆਪਣੀ ਜਨਮ ਭੂਮੀ ਸਮਝਦੇ ਨੇ। ਪਰ ਪਾਰਖੂ ਉਹ ਨੇ, ਜਿਨ੍ਹਾਂ ਜਾਣ ਲਿਆ ਹੈ ਕਿ ਸਾਰੀਆਂ ਥਾਵਾਂ ਹੀ ਬੇਗਾਨੀਆਂ ਨੇ।”
ਪੱਤਰਕਾਰ ਜੈਸਿਕਾ ਬਰੁਡਰ ਨੇ ਉਮਰ ਦੀ ਢਲਦੀ ਸ਼ਾਮ ਨੂੰ ਢੁੱਕੇ ਅਤੇ ਅਮਰੀਕਾ ਅੰਦਰ ਟੱਪਰੀਵਾਸਾਂ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਬਜ਼ੁਰਗਾਂ ’ਤੇ ਇੱਕ ਕਿਤਾਬ ਲਿਖੀ ਹੈ ‘ਨੋਮੈਡਲੈਂਡ: ਸਰਵਿੰਗ ਅਮੈਰਿਕਾ ਇਨ ਦੀ ਟਵੰਟੀ ਫ਼ਸਟ ਸੈਂਚਰੀ’, ਜਿਸ ਉੱਪਰ ਚੀਨੀ ਮੂਲ ਦੀ ਫਿਲਮ ਨਿਰਦੇਸ਼ਕ ਕਲੋਈ ਚਾਓ ਨੇ ਫਿਲਮ ਬਣਾਈ ਹੈ। ਸੱਠਾਂ ਵਰ੍ਹਿਆਂ ਨੂੰ ਟੱਪ ਚੁੱਕੀ ਪਾਤਰ ‘ਫਰਨ’, ਜਿਪਸਮ ਪਲਾਂਟ ਬੰਦ ਹੋਣ ਕਰਕੇ ਬੇਰੁਜ਼ਗਾਰ ਹੋ ਗਈ ਹੈ। ਆਪਣੀ ਵੈਨ ਹੀ ਉਸਦਾ ਘਰ ਹੈ। ਸਾਰੀ ਉਮਰ ਸਰਮਾਏਦਾਰੀ ਨਿਜ਼ਾਮ ਦਾ ਮਸ਼ੀਨੀ ਪੁਰਜ਼ਾ ਬਣ ਕੇ ਕੰਮ ਕਰਨ ਦੇ ਬਾਵਜੂਦ ਉਸ ਦੇ ਸਿਰ ’ਤੇ ਛੱਤ ਨਹੀਂ। ਇਸ ਤਰ੍ਹਾਂ ਦੇ ਕਈ ਲੋਕ ਹਨ, ਜੋ ਵੈਗਨਾਂ ਵਿੱਚ ਜ਼ਿੰਦਗੀ ਬਸ਼ਰ ਕਰਨ ਲਈ ਮਜਬੂਰ ਹਨ। ਉਹ ਕਹਿੰਦੀ ਹੈ, “ਮੇਰੇ ਕੋਲ ਮਕਾਨ ਨਹੀਂ, ਪਰ ਘਰ ਏ।”
ਫਰਨ ਨੂੰ ਇੱਕ ਥਾਂ ਨਾਲ ਬੱਝਣਾ ਚੰਗਾ ਵੀ ਨਹੀਂ ਲਗਦਾ। ਫਿਲਮ ਦਾ ਇੱਕ ਹੋਰ ਪਾਤਰ ਬੌਬ ਵੇਲਜ਼ ਵੀ ਸਿਸਟਮ ਦਾ ਪਾਜ ਉਘਾੜਦਾ ਹੈ, “ਸਾਡੀ ਹਾਲਤ ਉਸ ਬਲਦ ਜਿਹੀ ਹੈ, ਜਿਹੜਾ ਸਾਰੀ ਉਮਰ ਬਿਨਾਂ ਕੋਈ ਸ਼ਿਕਵਾ ਕੀਤਿਆਂ ਕੰਮ ਕਰਦਾ ਹੈ ਤੇ ਮਰਨ ਕਿਨਾਰੇ ਪਹੁੰਚਦਿਆਂ ਉਸ ਨੂੰ ਅਵਾਰਾ ਪਸ਼ੂਆਂ ਵਾਂਗ ਧੱਕੇ ਖਾਣ ਲਈ ਛੱਡ ਦਿੱਤਾ ਜਾਂਦਾ ਹੈ।”
ਪੰਜਾਬੀਆਂ ਦੀ ਬੇਗਾਨੇ ਮੁਲਕਾਂ ਨੂੰ ਅੰਨ੍ਹੇਵਾਹ ਹਿਜਰਤ ਵੀ ਇਨ੍ਹਾਂ ਦੁਸ਼ਵਾਰੀਆਂ ਦੀ ਹੀ ਗਾਥਾ ਹੈ। ਜ਼ਰੂਰੀ ਨਹੀਂ ਕਿ ਸਭ ਨੇ ਕਿਸੇ ਮਜਬੂਰੀ ਵੱਸ ਹੀ ਪਰਵਾਸ ਕੀਤਾ ਹੋਵੇ, ਪਰ ਬਹੁਤਾਤ ਅਜਿਹੀਆਂ ਕਹਾਣੀਆਂ ਦੀ ਹੀ ਹੈ। ਦੁਨੀਆਂ ਦੇ ਤਕਰੀਬਨ ਡੇਢ ਸੌ ਮੁਲਕਾਂ ਵਿੱਚ ਪੰਜਾਬੀਆਂ ਨੇ ਆਪਣੇ ਘਰ ਬਾਰ ਤਿਆਗ ਕੇ ਨਵੀਂ ਧਰਤੀ ’ਤੇ ਪੈਰ ਰੱਖਿਆ ਹੈ, ਪਰ ਅਜੋਕੀ ਪੀੜ੍ਹੀ ਨੂੰ ਛੱਡ ਕੇ, ਹਰ ਛਿਣ ਦਿਲ ਆਪਣੀ ਮਿੱਟੀ ਲਈ ਧੜਕਦਾ ਹੈ। ਗਾਹੇ ਬਗਾਹੇ ਜਨਮ ਭੂਮੀ ਤੋਂ ਆਏ ਲੋਕਾਂ ਤੋਂ ਪਿੰਡਾਂ ਦਾ ਹਾਲ ਪੁੱਛਣ ਨੂੰ ਦਿਲ ਤਰਸਦਾ ਰਹਿੰਦਾ ਹੈ। ਤ੍ਰਾਸਦੀ ਇਹ ਹੈ ਕਿ ਮਾਪੇ ਵੱਡੇ ਕਰਜ਼ੇ ਲੈ ਕੇ ਬੱਚਿਆਂ ਨੂੰ ਨਸ਼ੇ, ਭੈੜੀ ਸੰਗਤ ਅਤੇ ਬੇਰੁਜ਼ਗਾਰੀ ਤੋਂ ਓਹਲੇ ਕਰ ਕਹੇ ਨੇ। ਵਿਦੇਸ਼ੀਂ ਵੀ ਮਾਹੌਲ ਸਾਜ਼ਗਾਰ ਨਹੀਂ ਅਤੇ ਸ਼ੋਸ਼ਣ ਮੂੰਹ ਅੱਡੀ ਖੜ੍ਹਾ ਮਿਲਦਾ ਹੈ। ਆਪਣੀ ਧਰਤ ਨਾ ਹੋਣ ਦੇ ਬਾਵਜੂਦ ਵੀ ਮਿੱਠੀ ਜੇਲ੍ਹ ਜਾਨ ਦਾ ਖੌਅ ਬਣਦੀ ਹੈ। ਸ਼ਾਇਰ ਮਲਵਿੰਦਰ ਓਪਰੀ ਧਰਤੀ ’ਤੇ ਬੈਠਾ ‘ਸਵੈ’ ਦਾ ਲੇਖਾ ਜੋਖਾ ਕਰਦਾ ਹੈ:
ਅੱਜ ਕੱਲ੍ਹ ਮੈਂ
ਆਪਣੇ ਪੁੱਤ ਦੇ ਦੇਸ਼ ਵਿੱਚ ਰਹਿ ਰਿਹਾ ਹਾਂ
ਆਪਣੇ ਪੁੱਤ ਦੇ ਘਰ ਵਿੱਚ ਠਹਿਰਿਆ ਹਾਂ
**
ਇਸ ਦੇਸ਼ ਵਿੱਚ
ਖ਼ੁਸ਼ ਹੋਣ ਦੇ ਬਹੁਤ ਸਾਰੇ ਸਬੱਬ ਹਨ।
ਪਰ ਮੈਂ ਉਦਾਸ ਹਾਂ।
**
ਮੈਂ ਆਪਣੀ ‘ਮੈਂ’ ’ਚੋਂ
ਆਪਣਾ ਸਵੈ ਮਨਫ਼ੀ ਕਿਵੇਂ ਕਰ ਦੇਵਾਂ!
ਅੰਤਿਕਾ: ਕੈਨੇਡਾ ਵਿਚਲੇ ਵਾਲਮਾਰਟ ਸਟੋਰ ’ਤੇ ਫ਼ੈਸਲਾਬਾਦ (ਪਾਕਿਸਤਾਨ) ਦਾ ਸੇਲਜ਼ਮੈਨ, ਜਮਸ਼ੇਰ ਰਾਣਾ ਅਜੇ ਵੀ ਹਿੰਦੁਸਤਾਨੀ ਪਿੰਡ ਦੀ ਮਿੱਟੀ ਦਾ ਮੋਹ ਸਾਂਭੀ ਬੈਠਾ ਹੈ। ਵੰਡ ਹੋਈ ਤਾਂ ਰਹਿਣ ਬਸੇਰਾ ਛੱਡਣਾ ਪਿਆ। ਫ਼ੈਸਲਾਬਾਦ ਵੱਸ ਕੇ ਵੀ ਉਦਰੇਵੇਂ ਨੇ ਸਾਥ ਨਹੀਂ ਛੱਡਿਆ। ਸੱਤ ਸਮੁੰਦਰੋਂ ਪਾਰ ਤੀਜੀ ਧਰਤੀ ਆ ਕਬੂਲੀ। ਅਮੀਰ ਮੁਲਕ ਦੀਆਂ ਸੁਖ ਸਹੂਲਤਾਂ ਮਾਣਦਾ ਹੋਇਆ ਵੀ, ਖ਼ਾਨਾ-ਬਦੋਸ਼ ਸਮਝਦਾ ਹੈ ਆਪਣੇ ਆਪ ਨੂੰ। ਹੰਝੂ ਰੋਕ ਕੇ ਦੱਸਦਾ ਹੈ:
ਉੱਜੜ ਗਿਆਂ ਦਾ ਦੇਸ ਨਾ ਕੋਈ
ਮਰਿਆਂ ਦੀ ਨਾ ਥਾਂ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5086)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)