“ਸਮੇਂ ਦਾ ਗੇੜ ਹੈ ਕਿ ਮਨੁੱਖ ਦੇ ਭੁੱਲਣਹਾਰਾ ਹੋਣ ਦੇ ਬਾਵਜੂਦ ਵੀ ਅਤੀਤ ਦੇ ਪਰਛਾਵੇਂ ...”
(25 ਅਗਸਤ 2023)
ਲਹਿੰਦੇ ਪੰਜਾਬ ਦੇ ਅਜ਼ੀਮ ਸ਼ਾਇਰ ਅਫ਼ਜ਼ਲ ਅਹਿਸਨ ਰੰਧਾਵਾ ਦੀਆਂ ‘ਪੰਜਾਬ ਦੀ ਵਾਰ’ ਵਿੱਚ ਖ਼ੂਬਸੂਰਤ ਸਤਰਾਂ:
ਅਸੀਂ ਪੰਜਾਬੀ
ਇੱਕ ਤਾਰੀਖ਼ ਗੁਆਚੀ ਹੋਈ ਸਦੀਆਂ ਦੀ,
ਇੱਕ ਮੁਕੱਦਸ ਪੋਥੀ ਦੇ
ਖਿੱਲਰੇ ਹੋਏ ਵਰਕੇ,
’ਵਾ ਵਿੱਚ ਉਡਦੇ ਫਿਰਦੇ ਵਰਕਿਆਂ ਉੱਤੇ
ਜਗਦੇ ਬਲਦੇ ਅੱਖਰ।
ਇੱਕ ਤਵਾਰੀਖੀ ਸਾਰ ਹੈ। ਹਵਾ ਵਿਚਲੇ ਤ੍ਰਿਸ਼ੰਕੂ ਕਣ। ਰੂੰ ਦੇ ਫੰਬੇ, ਪੌਣ ਦੇ ਝੰਬੇ ਹੋਏ। ਅਤੀਤ ਅਤੇ ਮੁਸਤਕਬਿਲ - ਦੋਹਾਂ ਤੋਂ ਬੇਜ਼ਾਰ। ਅਗਾੜੀ ਕਦਮ ਦੀ ਲੋਚਦੇ ਹਾਂ ਤਾਂ ਅਛੋਪਲੇ ਜਿਹੇ ਪਿਛੋਕੜ ਨਾਲ ਆ ਰਲਦਾ ਹੈ। ਸਮੇਂ ਦਾ ਗੇੜ ਹੈ ਕਿ ਮਨੁੱਖ ਦੇ ਭੁੱਲਣਹਾਰਾ ਹੋਣ ਦੇ ਬਾਵਜੂਦ ਵੀ ਅਤੀਤ ਦੇ ਪਰਛਾਵੇਂ ਸਾਹਮਣੇ ਜਿੰਨ ਬਣ ਕੇ ਰਾਹ ਰੋਕ ਲੈਂਦੇ ਨੇ। ਅਜੇ ਤਕ ਹੇਰਵਾ ਤੇ ਉਦਾਸੀ, ਮਨ ਵਿੱਚ ਸਾਂਭੀ ਬੈਠੇ ਹਾਂ। ਕਿਹੜੀ ਸਰਾਪੀ ਘੜੀ ਨੇ ਵਸਦੇ ਰਸਦੇ ਘਰਾਂ ਵਿੱਚ ਵੈਣ ਪੁਆਏ ਸਨ? ਕੀ ਕਰਨੀ ਸੀ ਐਹੋ ਜਿਹੀ ਆਜ਼ਾਦੀ? ਪੈਲੀਆਂ ਵਿੱਚ ਢੋਲੇ ਗਾਉਂਦੇ, ਪਿੜਾਂ ਵਿੱਚ ਨੱਚਦੇ ਭਰਾ ਕਿਉਂ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਹੋ ਗਏ? ਪਿੰਡ ਦੀਆਂ ਧੀਆਂ ਧਿਆਣੀਆਂ ਨੂੰ ‘ਸਾਂਝੀਆਂ’ ਕਹਿਣ ਵਾਲੇ ਕਿਵੇਂ ਵਹਿਸ਼ੀਪੁਣੇ ਦੇ ਸਾਨ੍ਹ ਬਣ ਬੈਠੇ? ਇਹ ਅਣਮਨੁੱਖੀ ਵਰਤਾਰਾ ਅਜੇ ਤਕ ਵੀ ਪਾਣੀ ਦਾ ਘੁੱਟ ਸੰਘੋਂ ਥੱਲੇ ਨਹੀਂ ਉੱਤਰਨ ਦਿੰਦਾ। ਦੁਸ਼ਮਣਾਂ ਦੀ ਚਾਲ ਦੇ ਚੱਕਰਵਿਊ ਵਿੱਚ ਫਸ ਕੇ ਅਸੀਂ ਆਪਣੀ ਹੋਣੀ ਲਿਖੀ। ਫ਼ੈਜ਼ ਅਹਿਮਦ ਫ਼ੈਜ਼ ਇਸੇ ਅਣਹੋਣੀ ਦਾ ਉਲਾਂਭਾ ਦਿੰਦਾ ਹੈ:
ਕਿਸੇ ਬੀਜਿਆ ਏ, ਤੁਸਾਂ ਵੱਢਣਾ ਏ
ਕਿਸੇ ਕੀਤੀਆਂ ਨੇ, ਤੁਸਾਂ ਵਰਤਣਾ ਏ
ਆਪੇ ਵੇਲੇ ਸਿਰ ਪੁੱਛਣਾ ਗਿੱਛਣਾ ਸੀ
ਹੁਣ ਕਿਸ ਦਿਨ ਥੀਂ ਹਿਸਾਬ ਮੰਗੋ।
ਜ਼ਖ਼ਮ ਅਜੇ ਵੀ ਅੱਲੇ ਨੇ, ਥੋੜ੍ਹੀ ਜਿਹੀ ਚੀਸ ਨਾਲ ਟਸ ਟਸ ਕਰਨ ਲੱਗਦੇ ਨੇ। ਨੌਹਾਂ ਨਾਲ਼ੋਂ ਮਾਸ ਵੱਖ ਕਰਨਾ ਸੌਖਾ ਹੈ ਭਲਾ? ਧਰਤੀ ਵੰਡੀ, ਅਸਮਾਨ ਵੰਡਿਆ, ਪਰਿਵਾਰ ਵੀ ਵੰਡੇ ਗਏ। ਕਿਧਰੇ ਕੋਈ ਦਲੀਪ ਸਿੰਘ, ਗੁਲਾਮ ਕਾਦਿਰ ਬਣ ਗਿਆ, ਤਾਂ ਕਦੇ ਕੋਈ ਨੂਰਾਂ, ਹਰਨਾਮ ਕੌਰ ਵਿੱਚ ਬਦਲੀ ਗਈ - ਸਭ ਪੱਤਰਿਆਂ ’ਤੇ ਦਰਜ ਹੈ। ਅੱਜ ਵੀ ਅੰਮ੍ਰਿਤਾ ਪ੍ਰੀਤਮ, ਵਾਰਿਸ ਸ਼ਾਹ ਨੂੰ ਕਬਰਾਂ ਵਿੱਚੋਂ ਹਲੂਣਾ ਦੇ ਕੇ ‘ਬੇਲੇ ਵਿਚਲੀਆਂ ਲਾਸ਼ਾਂ’ ਤੇ ‘ਲਹੂ ਦੀ ਭਰੀ ਚਨਾਬ’ ਦੇਖਣ ਦਾ ਨਿਹੋਰਾ ਦਿੰਦੀ ਹੈ। ਪੌਣੀ ਸਦੀ ਬੀਤ ਚੁੱਕਣ ਦੇ ਬਾਵਜੂਦ ਵੀ ਇਸ ਘੱਲੂਘਾਰੇ ਦੇ ਡਰਾਉਣੇ ਸੁਪਨੇ ਅੱਖਾਂ ਵਿੱਚ ਤੈਰਦੇ ਨੇ। ਵੰਡ ਨੇ ਪੰਜਾਬ ਦੀ ਆਤਮਾ ਨੂੰ ਵਲੂੰਧਰਿਆ। ਕਰਤਾਰਪੁਰ ਸਾਹਿਬ ਦਾ ਲਾਂਘਾ ਦੁਬਾਰਾ ਖੁੱਲ੍ਹਣ ਤੇ 75 ਸਾਲਾਂ ਬਾਅਦ ਅਚਾਨਕ ਮਿਲੇ ਸਰਦਾਰ ਗੋਪਾਲ ਸਿੰਘ ਤੇ ਚੌਧਰੀ ਬਸ਼ੀਰ ਅਹਿਮਦ ਦੀਆਂ ਅੱਖਾਂ ਵਿੱਚੋਂ ਤਿਪ ਤਿਪ ਵਗਦੇ ਹੰਝੂ, ਵਹਿਸ਼ੀਪੁਣੇ ਦੇ ਦਾਗਾਂ ਨੂੰ ਧੋ ਰਹੇ ਸਨ। ਵੰਡ ਦੀਆਂ ਕੌੜੀਆਂ ਯਾਦਾਂ ਨੂੰ ਸਾਂਭਣ ਦੇ ਆਹਰੇ ਲੱਗੇਸਾਂਵਲ ਧਾਮੀ ਦੇ ਪਾਤਰ ਵੀ ਇਹੀ ਬੋਲਦੇ ਨੇ, “ਜਿਨ੍ਹਾਂ ਆਪਣੀਆਂ ਜੰਮਣ ਭੋਆਂ ਦੇ ਸਿਰ ਤੋਂ ਲਹੂ ਦੇ ਰਿਸ਼ਤੇ ਵਾਰ ਦਿੱਤੇ, ਉਨ੍ਹਾਂ ਦਾ ਦੁੱਖ ਤੈਨੂੰ ਪਤਾ ਜਾਂ ਮੈਨੂੰ ਪਤਾ। ਸਾਡੇ ਦਿਲਾਂ ਦੀਆਂ ਹੋਰ ਕੋਈ ਨਹੀਂ ਜਾਣ ਸਕਦਾ।”
ਅਸੀਂ ਅਜੇ ਵੀ ਕੋਈ ਸਬਕ ਨਹੀਂ ਸਿੱਖਿਆ, ਇਨ੍ਹਾਂ ਕਾਲੇ ਦਿਨਾਂ ਤੋਂ, ਹੁਕਮਰਾਨਾਂ ਦੇ ਜ਼ਹਿਰੀਲੇ ਬੋਲਾਂ ਨੂੰ ਆਪਣੀ ਤਕਦੀਰ ਸਮਝਦੇ ਹਾਂ। ਤਿੰਨ ਜੰਗਾਂ ਦਾ ਸਹਾਰਾ ਲੈ ਚੁੱਕੇ ਹਾਂ, ਪਰ ਲੋਕ ਮਨਾਂ ਵਿੱਚੋਂ ਅਜੇ ਵੀ ਭਾਈਚਾਰਾ ਮਨਫ਼ੀ ਨਹੀਂ ਹੋਇਆ। ਇਨਕਲਾਬੀ ਕਵੀ ਪਾਸ਼ 1971 ਦੀ ਜੰਗ ਦੇ ਪ੍ਰਭਾਵ ਦੱਸਦਾ ਹੈ:
ਨਾ ਅਸੀਂ ਜਿੱਤੀ ਜੰਗ ਤੇ ਨਾ ਹਾਰੇ ਪਾਕੀ
ਇਹ ਤਾਂ ਪਾਪੀ ਪੇਟ ਸਨ, ਜੋ ਪੁਤਲੀਆਂ ਬਣ ਨੱਚੇ।
ਹੁਣ ਵੀ ਜ਼ਹਿਰੀ ਨਾਗ ਡੱਸਣ ਨੂੰ ਫਿਰਦੇ ਨੇ। ਅਸੀਂ ਵੀ ਭੁੱਲ ਜਾਂਦੇ ਹਾਂ ਕਿ ਕੰਡਿਆਲ਼ੀਆਂ ਤਾਰਾਂ ਸਾਡਾ ਰਸਤਾ ਨਹੀਂ ਰੋਕ ਸਕੀਆਂ। ਦਰਿਆ ਜ਼ਰੂਰ ਵੰਡੇ ਗਏ ਨੇ, ਪਰ ਦਿਲ ਨਹੀਂ ਵੰਡੇ ਗਏ। ਉੱਧਰਲੇ ਪੰਜਾਬ ਦਾ ਉੱਚ ਦੁਮਾਲੜਾ ਸ਼ਾਇਰ ਬਾਬਾ ਨਜ਼ਮੀ ਵੀ ਇਹੀ ਪਾਠ ਪੜ੍ਹਾਉਂਦਾ ਹੈ:
ਮਸਜਿਦ ਮੇਰੀ ਤੂੰ ਕਿਉਂ ਢਾਹਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ
ਆ ਜਾ ਦੋਵੇਂ ਬਹਿ ਕੇ ਪੜ੍ਹੀਏ, ਇੱਕ ਦੂਜੇ ਦੇ ਅੰਦਰ ਨੂੰ।
ਸਦੀਆਂ ਵਾਂਗ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ
ਲਹੂ ਤੇ ਤੇਰਾ ਮੇਰਾ ਲੱਗਣਾ, ਤੇਰੇ ਮੇਰੇ ਖ਼ੰਜਰ ਨੂੰ।
ਤੂੰ ਬਿਸਮਿੱਲਾ ਪੜ੍ਹ ਕੇ ਮੈਨੂੰ, ਨਾਨਕ ਦਾ ਪ੍ਰਸ਼ਾਦ ਫੜਾ
ਮੈਂ ਨਾਨਕ ਦੀ ਬਾਣੀ ਪੜ੍ਹ ਕੇ, ਦਿਆਂ ਹੁਸੈਨੀ ਲੰਗਰ ਨੂੰ।
ਸਾਡੇ ਸਿੰਗਾਂ ਫਸਦਿਆਂ ਰਹਿਣਾ, ਖੁਰਲੀ ਢਹਿੰਦੀ ਰਹਿਣੀ ਏ
ਜਿੰਨਾ ਤੀਕਰ ਨੱਥ ਨਾ ਪਾਈਏ, ਨਫ਼ਰਤ ਵਾਲੇ ਡੰਗਰ ਨੂੰ।
ਦਿੱਲੀ ਅਤੇ ਲਾਹੌਰ ਸਦੀਆਂ ਤੋਂ ਸਲਤਨਤਾਂ ਦੇ ਮਰਕਜ਼ ਨੇ। ਬਹੁਤ ਕੁਝ ਸਾਂਝਾ ਹੈ। ਹਿੰਦੁਸਤਾਨੀ ਬਰ੍ਹੇ-ਸਗੀਰ ਵਿੱਚ ਮੁਗਲ ਇਮਾਰਤਸਾਜ਼ੀ ਦੀ ਖ਼ੂਬਸੂਰਤ ਕਲਾ ਦਾ ਨਮੂਨਾ ਮਿਲਦਾ ਹੈ। ਦਿੱਲੀ ਵਿੱਚ ਜਿੱਥੇ ਸ਼ਾਹ ਜਹਾਂ ਨੇ ਲਾਲ ਕਿਲੇ ਦੇ ਐੱਨ ਸਾਹਮਣੇ ਵਿਸ਼ਾਲ ਜਾਮਾ ਮਸਜਿਦ ਦੀ ਇਬਾਦਤਗਾਹ ਦਾ ਨਿਰਮਾਣ ਕਰਾਇਆ, ਉੱਥੇ ਉਸਦੇ ਪੁੱਤਰ ਔਰੰਗਜ਼ੇਬ ਨੇ ਲਾਹੌਰ ਵਿਚਲੇ ਕਿਲੇ ਦੇ ਆਲਮਗੀਰੀ ਦਰਵਾਜ਼ੇ ਦੇ ਠੀਕ ਉਲਟ ਸਿਜਦਾਗਾਹ ਬਾਦਸ਼ਾਹੀ ਮਸਜਿਦ ਦੀ ਤਾਮੀਰ ਕੀਤੀ। ਲਾਲ ਕਿਲੇ ਅਤੇ ਜਾਮਾ ਮਸਜਿਦ ਵਾਂਗ ਹੀ, ਲਾਹੌਰ ਦਾ ਇਹ ਉਪਾਸਨਾ ਸਥਾਨ ਲਾਲ ਰੇਤਲੇ ਪੱਥਰ ਦਾ ਬਣਿਆ ਹੈ। ਰਾਵੀ ਅਤੇ ਯਮੁਨਾ ਨੇ ਬਹੁਤ ਰੰਗ ਦੇਖੇ ਨੇ ਜ਼ਮਾਨੇ ਦੇ। ਅਡੋਲ ਚਿੱਤ, ਮੁਲਕਾਂ ਦੀ ਅਦਲਾ ਬਦਲੀ ਕਰਦੇ ਲੱਖਾਂ ਉਦਾਸ ਚਿਹਰਿਆਂ ਦੀਆਂ ਆਹਾਂ ਨੂੰ ਸੁਣਿਆ ਹੈ। ਇਹ ਲਾਹੌਰ ਹੀ ਸੀ, ਜਿੱਥੇ 1929 ਵਿੱਚ ਪੰਡਿਤ ਨਹਿਰੂ ਨੇ ਰਾਵੀ ਦੇ ਕੰਢੇ ਤਿਰੰਗਾ ਲਹਿਰਾ ਕੇ ਅੰਗਰੇਜ਼ਾਂ ਕੋਲੋਂ ‘ਪੂਰਨ ਆਜ਼ਾਦੀ’ ਦੀ ਮੰਗ ਕੀਤੀ ਸੀ। ਇੱਥੇ ਹੀ ਮੁਸਲਿਮ ਲੀਗ ਨੇ ਮੁਸਲਮਾਨਾਂ ਲਈ ਵੱਖਰੇ ਮੁਲਕ ਦਾ ਮਤਾ ਰੱਖ ਕੇ ਪਾਕਿਸਤਾਨ ਦੀ ਨੀਂਹ ਰੱਖੀ ਸੀ।
ਲਾਹੌਰ ਅਤੇ ਦਿੱਲੀ ਸਿੱਖਾਂ ਖ਼ਿਲਾਫ਼ ਸਾਜ਼ਿਸ਼ਾਂ ਦੇ ਵੀ ਕੇਂਦਰ ਬਿੰਦੂ ਰਹੇ ਨੇ ਅਤੇ ਦੋਹਾਂ ਨੇ ਹੀ ਰੱਜ ਕੇ ਕਹਿਰ ਵਰਤਾਇਆ ਹੈ। ਜਿੱਥੇ 1606 ਈਸਵੀ ਦੇ ਹਾੜ੍ਹ ਮਹੀਨੇ, ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਨੂੰ ਲਾਹੌਰ ਵਿੱਚ ਅਸਹਿ ਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ, ਉੱਥੇ ਦਿੱਲੀ ਨੇ ਵੀ ਘੱਟ ਨਹੀਂ ਗੁਜ਼ਾਰੀ। ਔਰੰਗਜ਼ੇਬ ਨੇ ਜ਼ੁਲਮ ਦੀ ਇੰਤਹਾ ਕਰਦੇ ਹੋਏ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਵਿੱਚ ਸ਼ਹੀਦ ਕਰਕੇ ਸਿੱਖ ਸ਼ਹੀਦੀਆਂ ਦੀ ਦਾਸਤਾਨ ਨੂੰ ਅੱਗੇ ਤੋਰਿਆ। ਦਿੱਲੀ ਦਰਬਾਰ ਦਾ 1984 ਦਾ ਵਰਤਾਰਾ ਨਾ ਭੁੱਲ ਯੋਗ ਅਤੇ ਨਾ ਬਖ਼ਸ਼ਣਯੋਗ ਹੈ। ਸਮੇਂ ਸਮੇਂ ’ਤੇ ਦਿੱਲੀ ਸਲਤਨਤ ਨੇ ਸਿੱਖਾਂ ਦੇ ਡਾਢੇ ਇਮਤਿਹਾਨ ਲਏ ਨੇ। ਤਾਜ਼ਾ ਮਿਸਾਲ ਕਿਸਾਨ ਅੰਦੋਲਨ ਦੀ ਹੈ, ਜਿੱਥੇ ਸੱਤ ਸੌ ਤੋਂ ਵੱਧ ਸ਼ਹਾਦਤਾਂ ਨੇ ਨਵਾਂ ਇਤਿਹਾਸ ਲਿਖਿਆ ਹੈ। ਲੂੰਹਦੀਆਂ ਗਰਮੀਆਂ ਅਤੇ ਖਰ੍ਹਵੀਆਂ ਸਰਦੀਆਂ ਨੇ ਸਬਰ, ਸਿਦਕ, ਸਿਰੜ ਦੀ ਰੱਜ ਕੇ ਪਰਖ ਕੀਤੀ ਹੈ। ਜੇ ਅਠਾਰਵੀਂ ਸਦੀ ਦੇ ਅਖੀਰ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ’ਤੇ ਕੇਸਰੀ ਨਿਸ਼ਾਨ ਲਹਿਰਾਏ ਸਨ, ਤਾਂ ਸਰਦਾਰ ਬਘੇਲ ਸਿੰਘ ਅਤੇ ਕਿਸਾਨਾਂ ਨੇ ਵੀਹ ਵੇਰਾਂ ਦਿੱਲੀ ਨੂੰ ਵੀ ਚਿੱਤ ਕੀਤਾ ਹੈ। ਇਹ ਪੰਜਾਬੀਆਂ ਦੀ ਫ਼ਿਤਰਤ ਰਹੀ ਐ, ਪੰਜਾਬੀਆਂ ਦਾ ਸੁਭਾਅ ਰਿਹਾ ਹੈ:
ਤੇਰੀ ਹਿੱਕ ਉੱਤੇ ਲਿਖ ਜ਼ਿੰਦਾਬਾਦ ਚੱਲਿਆ
ਤੈਨੂੰ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ।
ਪੰਜਾਬੀਆਂ ਦੀ ਲਾਹੌਰ ਨਾਲ ਭਾਵੁਕ ਸਾਂਝ ਹੈ। ਵਡੇਰੇ ਦੱਸਦੇ ਸਨ, ਜੀਹਨੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਹੀ ਨਹੀਂ। ਸਾਂਝੇ ਪੰਜਾਬ ਦੀ ਰਾਜਧਾਨੀ ਇਤਿਹਾਸ ਲੁਕੋਈ ਬੈਠੀ ਹੈ ਆਪਣੇ ਦਾਮਨ ਵਿੱਚ। ਕਦੇ ਪੰਜਾਬ ਦੇ ਤਾਜ ਵਿੱਚ ਜੜਿਆ ਹੀਰੇ ਦਾ ਨਗ ਸੀ, ਰਾਵੀ ਕੰਢੇ ਵਸਦਾ ਇਹ ਸ਼ਹਿਰ। ਇਤਫ਼ਾਕ ਹੈ ਕਿ ਅੰਮ੍ਰਿਤਸਰ ਦਾ ਜਨਮ ਲਾਹੌਰ ਵਿੱਚ ਹੋਇਆ ਅਤੇ ਲਾਹੌਰ ਦਾ ਅੰਮ੍ਰਿਤਸਰ ਵਿੱਚ! ਸੱਚ ਹੀ ਤਾਂ ਹੈ ਕਿ ਅੰਮ੍ਰਿਤਸਰ ਦੇ ਬਾਨੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 1534 ਈਸਵੀ ਨੂੰ ਅੰਦਰੂਨ ਲਾਹੌਰ ਵਿੱਚ ਹੋਇਆ ਸੀ। ਦੂਜੇ ਪਾਸੇ ਲਵ ਅਤੇ ਕੁਛ ਦਾ ਜਨਮ ਰਾਮਾਇਣ ਦੇ ਰਚੇਤਾ, ਭਗਵਾਨ ਵਾਲਮੀਕਿ ਦੇ ਆਸ਼ਰਮ ਵਿੱਚ ਹੋਇਆ, ਜੋ ਅੰਮ੍ਰਿਤਸਰ ਤੋਂ ਗਿਆਰਾਂ ਕਿਲੋਮੀਟਰ ’ਤੇ ਸਥਿਤ ਹੈ। ਕਿਹਾ ਜਾਂਦਾ ਹੈ, ਲਵ ਨੇ ਹੀ ਲਵਪੁਰ ਦੀ ਸਥਾਪਨਾ ਕੀਤੀ ਸੀ, ਜਿਸਦਾ ਨਾਂ ਬਾਅਦ ਵਿੱਚ ਲਾਹੌਰ ਪੈ ਗਿਆ। ਚਹੁੰ ਵਰਨਾਂ ਦੇ ਸਾਂਝੇ ਹਰਿਮੰਦਰ ਸਾਹਿਬ ਦੀ ਬੁਨਿਆਦ ਰੱਖ ਕੇ ਸਾਂਈ ਮੀਆਂ ਮੀਰ ਨੇ ਲਾਹੌਰ ਅਤੇ ਅੰਮ੍ਰਿਤਸਰ ਨੂੰ ਉਮਰਾਂ ਦੇ ਬੰਧਨ ਵਿੱਚ ਬੰਨ੍ਹ ਦਿੱਤਾ।
ਲਾਹੌਰ ਨੇ ਇਤਿਹਾਸ ਦੇਖਿਆ ਹੈ। ਜਿੱਥੇ ਜ਼ੁਲਮ ਦੀ ਇੰਤਹਾ ਸਮੇਂ ਗੁਰੂ ਨਾਨਕ ਨੇ ‘ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ’ ਕਹਿ ਕੇ ਵਹਿਸ਼ੀਪੁਣੇ ਦਾ ਉਲੇਖ ਕੀਤਾ ਸੀ, ਉੱਥੇ ਗੁਰੂ ਅਮਰ ਦਾਸ ਜੀ ਨੇ ‘ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ’ ਦੇ ਫਰਮਾਨ ਨਾਲ ਇਸਦੀ ਸ਼ਾਨ ਬਹਾਲ ਕੀਤੀ ਸੀ। ਓਹੀ ਲਾਹੌਰ ਸ਼ਹਿਰ, ਜਿੱਥੇ ਬਾਬਰ ਦੇ ਹਮਲੇ ਸਮੇਂ ਲਗਾਤਾਰ ਸਵਾ ਪਹਿਰ (ਲਗਭਗ ਚਾਰ ਘੰਟੇ) ਕਹਿਰ ਵਰਤਿਆ ਸੀ, ਕਤਲੋਗਾਰਤ ਹੋਈ ਤੇ ਜ਼ੁਲਮ ਦਾ ਨੰਗਾ ਨਾਚ ਹੋਇਆ ਸੀ, ਉਸੇ ਲਾਹੌਰ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਬਾਅਦ, ਜਦੋਂ ਗੁਰਬਾਣੀ ਅੰਮ੍ਰਿਤ ਦੀ ਵਰਖਾ ਆਰੰਭ ਹੋ ਗਈ, ਤਾਂ ਓਹੀ ਸ਼ਹਿਰ ‘ਜਹਰੁ ਕਹਰੁ’ ਤੋਂ ਬਦਲ ਕੇ ‘ਅੰਮ੍ਰਿਤ ਸਰੁ ਸਿਫਤੀ ਦਾ ਘਰੁ’ ਭਾਵ ਨਾਮ ਬਾਣੀ ਅਤੇ ਸਾਧ ਸੰਗਤ ਦੇ ਸਰੋਵਰ ਵਿੱਚ ਤਬਦੀਲ ਹੋ ਗਿਆ ਸੀ।
ਦਿੱਲੀ ਅਤੇ ਲਾਹੌਰ ਦੇ ਮਿਲਣ ਦੀ ਤਾਂਘ ਦੇਸ਼ ਵਾਸੀਆਂ ਦੇ ਹਿਰਦਿਆਂ ’ਤੇ ਉੱਕਰੀ ਹੋਈ ਹੈ। ‘ਖੁੱਲ੍ਹੇ ਦਰਸ਼ਨ ਦੀਦਾਰਿਆਂ’ ਦੀ ਅਰਜ਼ੋਈ ਸਾਡੀ ਅਰਦਾਸ ਦਾ ਹਿੱਸਾ ਹੈ। ਵਿੱਛੜੇ ਗੁਰਧਾਮਾਂ ਦੇ ਦਰਸ਼ਨਾਂ ਦੀ ਤੜਪ ਪੰਜਾਬੀਆਂ ਦੇ ਦਿਲੀਂ ਵਸੀ ਹੋਈ ਹੈ। ਸਰਬੱਤ ਦਾ ਭਲਾ ਮੰਗਣ ਵਾਲੀ ਇਹ ਕੌਮ, ਹਮੇਸ਼ਾ ਵੰਡੀ ਗਈ ਧਰਤੀ ਦਾ ਇੱਕ ਮਿੱਕ ਹੋਣਾ ਲੋਚਦੀ ਹੈ। ਸਰਬਜੀਤ ਜੱਸ ਦੀਆਂ ਸਤਰਾਂ ਇਸੇ ਹੇਰਵੇ ਦੀ ਗਵਾਹੀ ਭਰਦੀਆਂ ਨੇ:
ਰਹਿਣ ਦਿੱਲੀ ਤੇ ਲਾਹੌਰ ਸਦਾ ਵਸਦੇ,
ਕਹਿੰਦਾ ਨਨਕਾਣਾ ਗੱਜ ਕੇ।
ਪੰਜਾਬੀਆਂ ਦੀਆਂ ਸਦੀਆਂ ਪੁਰਾਣੀਆਂ ਸਾਂਝਾਂ ਤੋੜ ਕੇ ਇੱਕ ਤੋਂ ਦੋ ਪੰਜਾਬ ਬਣਾ ਦਿੱਤੇ ਗਏ, ਪਰ ਸਾਡੇ ਸੱਭਿਆਚਾਰ ਅਤੇ ਰਸਮਾਂ ਰਿਵਾਜਾਂ ਵਿੱਚੋਂ ਲਾਹੌਰ ਨੂੰ ਅਲਹਿਦਾ ਨਹੀਂ ਕੀਤਾ ਜਾ ਸਕਿਆ। ਅੱਜ ਵੀ ਸ਼ਗਨਾਂ ਦੇ ਦਿਨੀਂ ਲਾਹੌਰ ਮਨਾਂ ਵਿੱਚ ਵਸਦਾ ਨਜ਼ਰੀਂ ਪੈਂਦਾ ਹੈ:
ਵੇ ਲਾਹੌਰੋਂ ਮਾਲਣ ਆਈ ਵੀਰਾ,
ਤੇਰਾ ਸਿਹਰਾ ਗੁੰਦ ਲਿਆਈ ਵੀਰਾ।
ਤੇਰੇ ਸਿਹਰੇ ਦਾ ਕੀ ਮੁੱਲ ਵੀਰਾ,
ਇੱਕ ਲੱਖ ਤੇ ਡੇਢ ਹਜ਼ਾਰ ਭੈਣੇ …।
ਮੁਟਿਆਰਾਂ ਦੇ ਜਜ਼ਬਿਆਂ ਵਿੱਚ ਵੀ ਲਾਹੌਰ ਦੀ ਗੂੰਜ ਪੈਂਦੀ ਹੈ:
ਊਠਾਂ ਵਾਲਿਓ, ਊਠ ਲੱਦੇ ਵੇ ਲਾਹੌਰ ਨੂੰ,
’ਕੱਲੀ ਕੱਤਾਂ ਵੇ ਘਰ ਘੱਲਿਓ ਮੇਰੇ ਭੌਰ ਨੂੰ।
ਪੰਜਾਬੀ ਦੇ ਪ੍ਰਬੁੱਧ ਸ਼ਾਇਰ ਪ੍ਰੋ. ਮੋਹਨ ਸਿੰਘ ਉੱਤੇ ਵੀ ਲਾਹੌਰ ਅਤੇ ਲਾਹੌਰਨਾਂ ਦਾ ਜਾਦੂ ਸਿਰ ਚੜ੍ਹ ਬੋਲਿਆ। ‘ਸਾਵੇ ਪੱਤਰ’ ਦੀ ਤਸਦੀਕ ਹੈ:
ਫੁੱਟੀ ਪਹੁ ਮੂੰਹ ਝਾਖਰਾ ਆਣ ਹੋਇਆ,
ਤਾਂਘ ਨੈਣੀਆਂ ਅੱਖੀਆਂ ਮੱਲੀਆਂ ਨੇ।
ਤ੍ਰੇਲ ਮੋਤੀਆਂ ਦੀ ਮੂੰਹ-ਵਿਖਾਈ ਲੈ ਕੇ,
ਚਾਏ ਘੁੰਡ ਸ਼ਰਮਾਕਲਾਂ ਕਲੀਆਂ ਨੇ।
ਸੱਕ ਮਲਦੀਆਂ, ਰਾਵੀ ਦੇ ਪੱਤਣਾਂ ਨੂੰ,
ਅੱਗ ਲਾਣ ਲਾਹੌਰਨਾਂ ਚੱਲੀਆਂ ਨੇ।
ਪੰਜਾਬੀ ਗੱਭਰੂਆਂ ਦੇ ਸਿਰ ਲਾਹੌਰ ਦੇ ਹੁਸਨ ਦਾ ਭੂਤ ਅੱਜ ਵੀ ਸਵਾਰ ਹੈ:
ਜੰਞਾਂ ਜਾਂਦੀਆਂ ਜੇ ਹੁੰਦੀਆਂ ਲਾਹੌਰ ਨੂੰ,
ਮੁੰਡੇ ਚੰਡੀਗੜ੍ਹ ਗੇੜੀਆਂ ਕਿਉਂ ਮਾਰਦੇ!
ਪਿਆਰ ਦੀਆਂ ਗੰਢਾਂ ਪੀਡੀਆਂ ਹੋਣ ਦੀ ਦੁਆ ਕਰਦੇ ਨੇ ਅਵਾਮ, ਦੋਹਾਂ ਮੁਲਕਾਂ ਦੇ। ਕਿਉਂਕਿ ਵਾਹਗੇ ਦੇ ਦੋਹੀਂ ਪਾਸੀਂ ਦਿਲ ਧੜਕਦੇ ਨੇ। ਮੁਹੱਬਤ ਦੀ ਠੰਢੀ ਹਵਾ ਦੇ ਵਗਣ ਦੀ ਆਸ ਦਿਲੀਂ ਲਈ ਬੈਠੇ ਨੇ। ਅੱਜ ਵੀ ਸਰਹੱਦ ਉੱਤੇ ਮੋਮਬੱਤੀਆਂ ਤੇ ਚਿਰਾਗ਼ ਜਗਾਉਣ ਵਾਲੇ ਰੂਹਾਂ ਦੇ ਮੇਲ ਨੂੰ ਰੁਸ਼ਨਾਉਣ ਦਾ ਹੁੰਗਾਰਾ ਭਰਦੇ ਨੇ। ਸਾਂਝੇ ਸੱਭਿਆਚਾਰ ਦੀ ਸੁੱਖ ਮੰਗਦੇ ਨੇ। ਆਪਣੀ ਜੰਮਣ ਭੋਏਂ ਦੀ ਮਿੱਟੀ ਮੱਥੇ ’ਤੇ ਲਾਉਣ ਨੂੰ ਵਡਭਾਗਾ ਸਮਝਦੇ ਨੇ। ਅੰਦਰੋਂ ਹੂਕ ਉੱਠਦੀ ਐ:
ਮਿਟ ਜਾਣ ਹੱਦਾਂ ਬੰਨੇ, ਗੱਡੀ ਜਾਵੇ ਸ਼ੂਕਦੀ,
ਵੇਚ ਦੇਈਏ ਤੋਪਾਂ, ਲੋੜ ਪਵੇ ਨਾ ਬੰਦੂਕ ਦੀ।
ਬੜਾ ਮੁੱਲ ਤਾਰਿਆ ਏ, ਲੀਡਰਾਂ ਦੀ ਟੌਹਰ ਦਾ,
ਕਰੀਂ ਕਿਤੇ ਮੇਲ ਰੱਬਾ, ਦਿੱਲੀ ਤੇ ਲਾਹੌਰ ਦਾ!!
ਆਮੀਨ!!!
**
ਹਲਕਾ ਫੁਲਕਾ:
ਪਾਕਿਸਤਾਨੋਂ ਵਾਪਸ ਆ ਕੇ ਗਾਇਕ ਕਲਾਕਾਰ ਹਰਭਜਨ ਮਾਨ ਦੱਸਦਾ ਸੀ ਕਿ ਪੰਜਾਬੀਆਂ ਨੂੰ ਬਾਰਡਰ ਨਹੀਂ ਵੰਡ ਸਕਿਆ। ਪਤੰਦਰ ਓਧਰਲੇ ਵੀ ਆਪਣਿਆਂ ਆਂਗੂੰ ਹੀ ਘੜੁੱਕਿਆਂ ਵਿੱਚ ਪੈਟਰੋਲ ਦੀ ਥਾਂ ਮਿੱਟੀ ਦਾ ਤੇਲ ਪਾ ਕੇ ਧੂੰਏਂ ਦੀ ਲਾਟ ਮਾਰਦੇ ਨੇ। ਮੈਨੂੰ ਯਾਦ ਆਇਆ ਕਿ ਪ੍ਰਦੂਸ਼ਿਤ ਸ਼ਹਿਰਾਂ ਦੀ ਅੰਤਰਰਾਸ਼ਟਰੀ ਤਾਜ਼ਾ ਦਰਜਾਬੰਦੀ ਮੁਤਾਬਕ, ਦੁਨੀਆਂ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਦਿੱਲੀ ਪਹਿਲੇ ਅਤੇ ਲਾਹੌਰ ਦੂਜੇ ਨੰਬਰ ’ਤੇ ਆਇਆ ਹੈ। ਸਾਂਝ ਇੱਥੇ ਵੀ ਗੂੜ੍ਹੀ ਹੈ। ਜੈ ਹੋ!!!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4175)
(ਸਰੋਕਾਰ ਨਾਲ ਸੰਪਰਕ ਲਈ: (