“ਢਾਈ ਤਿੰਨ ਘੰਟੇ ਇਕੱਠੇ ਬਿਤਾਉਣ ਤੋਂ ਬਾਅਦ ਪਾਲੀ ਨੇ ਉਨ੍ਹਾਂ ਤੋਂ ਸਕੂਲ ਨਾ ਜਾਣ ਦੀ ਵਜਾਹ ...”
(9 ਅਪਰੈਲ 2025)
ਸਾਲ 1979 ਦਾ ਅਖੀਰਲਾ ਦਿਨ ਸੀ। ਵੱਡੇ ਦਿਨਾਂ ਦੀਆਂ ਛੁੱਟੀਆਂ ਕੱਟਣ ਪਿੱਛੋਂ ਅਸੀਂ ਵਾਪਸ ਪੰਜਾਬੀ ਯੂਨੀਵਰਸਿਟੀ ਹੋਸਟਲ ਵਿੱਚ ਪਹੁੰਚ ਗਏ। ਅਗਲੇ ਦਿਨ ਸ਼ੈਕਸਪੀਅਰ ਦੇ ‘ਕਿੰਗ ਲੀਅਰ’ ਨਾਲ ਵਾਹ ਪੈਣਾ ਸੀ। ਮਾਪਿਆਂ ਵੱਲੋਂ ਫੀਸਾਂ ਭਰਨ ਲਈ ਦਿੱਤੇ ਨੋਟਾਂ ਨਾਲ ‘ਅਮੀਰਾਂ’ ਵਾਲਾ ਅਹਿਸਾਸ ਹੋ ਰਿਹਾ ਸੀ। ਸਮੇਂ ਨਵੇਂ ਸਾਲ ਨੂੰ ‘ਖ਼ੁਸ਼-ਆਮਦੀਦ’ ਕਹਿੰਦਿਆਂ ਪੰਜਾਂ ਵਿੱਚੋਂ ਇੱਕ ਦੋਸਤ ਨੇ ਅਗਲੇ ਦਿਨ ਸ਼ਿਮਲਾ ਗੇੜੀ ਦਾ ਪ੍ਰਸਤਾਵ ਰੱਖ ਦਿੱਤਾ, ਜੋ ਸਰਬਸੰਮਤੀ ਨਾਲ ਪਾਸ ਹੋ ਗਿਆ।
ਸਵੇਰ ਹੋਈ। ਕੜਕਵੀਂ ਠੰਢ, ਉੱਪਰੋਂ ਕਿਣਮਿਣ। ਪਟਿਆਲਾ ਹੀ ‘ਸ਼ਿਮਲਾ’ ਬਣਿਆ ਹੋਇਆ ਸੀ। ਖੈਰ, ਸ਼ਾਮਾਂ ਤਕ ‘ਪਹਾੜਾਂ ਦੀ ਰਾਣੀ’ ਦੇ ਜਾ ਦਰਸ਼ਨ ਕੀਤੇ। ਰਾਤ ਭਰ ਹਲਕੀ ਹਲਕੀ ਬਰਫਬਾਰੀ ਹੁੰਦੀ ਰਹੀ। ਸੁਬ੍ਹਾ ਨਾਸ਼ਤਾ ਪਾਣੀ ਕਰਨ ਤੋਂ ਬਾਅਦ ਅਸੀਂ ਟਹਿਲਣ ਲਈ ‘ਰਿੱਜ’ ’ਤੇ ਪਹੁੰਚ ਗਏ। ਸੈਲਾਨੀਆਂ ਦੀ ਵੱਡੀ ਭੀੜ ਮੌਸਮ ਦਾ ਲੁਤਫ਼ ਉਠਾ ਰਹੀ ਸੀ। ਬੱਚੇ ਇੱਕ ਦੂਜੇ ਉੱਤੇ ਬਰਫ਼ ਦੇ ਗੋਲ਼ੇ ਵਰ੍ਹਾ ਰਹੇ ਸਨ।
ਮਾਲ ਰੋਡ ਦੀ ਚਹਿਲ-ਕਦਮੀ ਮਗਰੋਂ ਸਾਡੀ ਜਾਖੂ ਬਜਰੰਗ-ਬਲੀ ਦੇ ਮੰਦਰ ਵਿੱਚ ਨਤਮਸਤਕ ਹੋਣ ਦੀ ਯੋਜਨਾ ਸੀ। ਟੱਕਾ ਬੈਂਚ ਨੇੜਿਓਂ ਜਿਉਂ ਹੀ ‘ਓਕਓਵਰ’ ਦੇ ਰਸਤੇ ਚੜ੍ਹਾਈ ਸ਼ੁਰੂ ਕੀਤੀ ਤਾਂ ‘ਇੱਕ ਕਦਮ ਅੱਗੇ, ਦੋ ਕਦਮ ਪਿੱਛੇ’ ਵਾਲੀ ਸਥਿਤੀ ਬਣ ਗਈ। ਸ਼ੀਸ਼ੇ ਵਰਗੀ ਬਰਫ਼ ਉੱਤੇ ਲੋਹੜਿਆਂ ਦਾ ਫਿਸਲਣ ਸੀ। ਥੱਕ ਹਾਰ ਕੇ ਇੱਕ ਬੈਂਚ ਉੱਪਰ ਬੈਠ ਗਏ। ਕੋਈ ਖ਼ਤਰਾ ਮੁੱਲ ਲੈਣਾ ਠੀਕ ਨਾ ਸਮਝਿਆ।
ਗਰਮ ਚਾਹ ਦੀਆਂ ਚੁਸਕੀਆਂ ਭਰਦਿਆਂ ਸਾਡੀ ਨਜ਼ਰ ਸਾਹਮਣੇ ਦੋ ਮਾਸੂਮ ਬੱਚਿਆਂ ’ਤੇ ਪਈ। ਸੋਚਿਆ, ਸ਼ਾਇਦ ਇਹ ਸਕੂਲ ਦੀਆਂ ਛੁੱਟੀਆਂ ਦਾ ਅਨੰਦ ਮਾਣ ਰਹੇ ਹੋਣ! ਉਹ ਨੇੜੇ ਆਏ ਤਾਂ ਅੱਧੋਰਾਣੇ ਕੱਪੜਿਆਂ ਵਿੱਚ ਠੁਰ-ਠੁਰ ਕਰ ਰਹੇ ਸਨ। ਸਾਡੇ ਕੋਲ ਆ ਕੇ ਉਨ੍ਹਾਂ ਨੇ ਹੱਥ ਦੀਆਂ ਉਂਗਲਾਂ ਦਾ ਪ੍ਹੌਂਚਾ ਜਿਹਾ ਬਣਾ ਕੇ ਆਪਣੇ ਮੂੰਹ ਵੱਲ ਕੀਤਾ। ਇਹ ਇਸ਼ਾਰਾ ਸੀ ਉਨ੍ਹਾਂ ਦੇ ਭੁੱਖੇ ਹੋਣ ਦਾ। ਅਸੀਂ ਸਨੇਹ ਨਾਲ ਕੋਲ ਬਿਠਾ ਕੇ ਚਾਹ ਪਿਲਾਈ। ਜਦੋਂ ਥੋੜ੍ਹਾ ਸਹਿਜ ਹੋਏ ਤਾਂ ਪ੍ਰਦੀਪ ਨੇ ਉਨ੍ਹਾਂ ਦੇ ਸਕੂਲ ਅਤੇ ਕਲਾਸ ਬਾਰੇ ਜਾਣਨਾ ਚਾਹਿਆ। ਸੁਣ ਕੇ ਸਾਨੂੰ ਡਾਢਾ ਸਦਮਾ ਲੱਗਾ ਕਿ ਉਹ ਸਕੂਲ ਕਦੇ ਗਏ ਹੀ ਨਹੀਂ ਸਨ। 7-8 ਸਾਲ ਦੇ ਮਦਨ ਅਤੇ ਮਨੋਜ - ਇੱਕ ਸੰਜੌਲੀ ਤੋਂ, ਦੂਜਾ ਕੁੱਪਵੀ ਤੋਂ - ਭੀਖ ਮੰਗਣ ਦੇ ਰਾਹ ਪਏ ਹੋਏ!
ਗੱਲਾਂ ਕਰਦਿਆਂ ਉਨ੍ਹਾਂ ਜਾਣ ਲਿਆ ਕਿ ਅਸੀਂ ਜਾਖੂ ਜਾਣਾ ਹੈ। ਇਕਦਮ ਉਨ੍ਹਾਂ ਸਾਨੂੰ ਕਿਸੇ ਦੂਸਰੇ ਰਸਤੇ ਤੋਂ ਲਿਜਾਣ ਦੀ ਪੇਸ਼ਕਸ਼ ਕਰ ਦਿੱਤੀ, ਜੋ ਥੋੜ੍ਹਾ ਲੰਮਾ ਪਰ ਸੁਰੱਖਿਅਤ ਸੀ। ‘ਅੰਨ੍ਹਾ ਕੀ ਭਾਲੇ, ਦੋ ਅੱਖਾਂ!’ ਹੁਣ ਉਹ ਸਾਡੇ ‘ਗਾਈਡ’ ਬਣ ਕੇ ਅੱਗੇ ਅੱਗੇ ਚੱਲ ਰਹੇ ਸਨ। ਕੁਦਰਤ ਨਾਲ ਸੰਵਾਦ ਰਚਾਉਂਦੇ, ਅਸੀਂ ਘੰਟੇ ਕੁ ਪਿੱਛੋਂ ਮੰਦਰ ਦੇ ਦੁਆਰ ’ਤੇ ਪਹੁੰਚ ਗਏ। ਹੁਣ ਨਾ ਉਨ੍ਹਾਂ ਨੂੰ ਅਤੇ ਨਾ ਹੀ ਸਾਨੂੰ ਕੋਈ ਓਪਰਾਪਣ ਲੱਗ ਰਿਹਾ ਸੀ।
ਢਾਈ ਤਿੰਨ ਘੰਟੇ ਇਕੱਠੇ ਬਿਤਾਉਣ ਤੋਂ ਬਾਅਦ ਪਾਲੀ ਨੇ ਉਨ੍ਹਾਂ ਤੋਂ ਸਕੂਲ ਨਾ ਜਾਣ ਦੀ ਵਜਾਹ ਪੁੱਛੀ। ਗਰੀਬੀ ਸਾਹਮਣੇ ਆ ਖਲੋਤੀ ਸੀ। ਮਦਨ ਦਾ ਪਿਤਾ ਕਿਸੇ ਸਕੂਟਰ ਮੁਰੰਮਤ ਦੀ ਦੁਕਾਨ ’ਤੇ ਨੌਕਰੀ ਕਰਦਾ ਸੀ ਅਤੇ ਮਨੋਜ ਦਾ ਪਿਤਾ ਪੈਟਰੋਲ ਪੰਪ ’ਤੇ! ਨਿਰਾਸ਼ਤਾ ਦੇ ਆਲਮ ਵਿੱਚ ਅਸੀਂ ਉਨ੍ਹਾਂ ਨੂੰ ਸਕੂਲ ਜਾਣ ਲਈ ਪ੍ਰੇਰਿਆ। ਜਾਪਿਆ, ਜਿਵੇਂ ਉਹ ਸਾਡੀਆਂ ਗੱਲਾਂ ਧਿਆਨ ਨਾਲ ਸੁਣ ਰਹੇ ਹੋਣ।
ਵਾਪਸ ‘ਰਿੱਜ’ ’ਤੇ ਆਏ ਤਾਂ ਫੋਟੋਗ੍ਰਾਫਰਾਂ ਨੇ ਘੇਰ ਲਿਆ, “ਸਰ … ਏਕ ਪਿਕਚਰ ਕਰਵਾ ਲਓ … ਪਲੀਜ਼ …” ਕੈਮਰੇ ਨੇ ਕਲਿੱਕ ਕੀਤਾ ਤਾਂ ਇੱਕ ਕਾਲੀ-ਚਿੱਟੀ ਤਸਵੀਰ ਸਾਡੇ ਸਾਹਮਣੇ ਆ ਗਈ - ਪੰਜ ਅਸੀਂ, ਦੋ ਉਹ! ਫੋਟੋ ਦੀ ਇੱਕ ਕਾਪੀ ਮਦਨ ਅਤੇ ਮਨੋਜ ਨੂੰ ਵੀ ਦੇ ਦਿੱਤੀ। ਵਿਦਾਈ ਲੈਣ ਵੇਲੇ ਜਦੋਂ ਅਸੀਂ 10-10 ਰੁਪਏ ਉਨ੍ਹਾਂ ਦੀਆਂ ਜੇਬਾਂ ਵਿੱਚ ਪਾਏ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਜਿਵੇਂ ਸੂਰਜ ਲਿਸ਼ਕ ਰਿਹਾ ਹੋਵੇ। ਸ਼ਾਇਦ ਇਹ ਉਨ੍ਹਾਂ ਦੀ ‘ਅਸਲ ਕਮਾਈ’ ਸੀ। ...
ਕਈ ਸਾਲ ਬੀਤ ਗਏ। ਦੋਸਤਾਂ ਸੰਗ ਬਿਤਾਏ ਉਹ ਪਲ ਚੇਤਿਆਂ ਵਿੱਚ ਵਸੇ ਰਹੇ। ਸਾਲ 2018 ਦੀਆਂ ਗਰਮੀਆਂ ਵਿੱਚ ਬੱਚਿਆਂ ਨਾਲ ਸ਼ਿਮਲੇ ਜਾਣ ਦਾ ਸਬੱਬ ਬਣ ਗਿਆ। ਇੱਕ ਦਿਨ ਉੱਥੇ ਰੁਕਣ ਤੋਂ ਬਾਅਦ ਨਾਰਕੰਡਾ ਜਾਣ ਦੀ ਤਜਵੀਜ਼ ਸੀ। ਟੈਕਸੀ ਅਤੇ ਹੋਟਲ ਦੀ ਜਾਣਕਾਰੀ ਲਈ ਮੈਂ ਮਾਲ ਰੋਡ ’ਤੇ ‘ਟੂਰ ਐਂਡ ਟਰੈਵਲਜ’ ਵਾਲੀ ਦੁਕਾਨ ਅੰਦਰ ਜਾ ਵੜਿਆ। ਦਾਖਲ ਹੁੰਦਿਆਂ ਹੀ ਖੱਬੇ ਪਾਸੇ ਦੀ ਦੀਵਾਰ ’ਤੇ ਲੱਗੇ ਨੋਟਿਸ ਬੋਰਡ ਉੱਤੇ ਦੇਖਣਯੋਗ ਥਾਂਵਾਂ ਦੇ ਅਨੇਕਾਂ ਰੰਗਦਾਰ ਚਿੱਤਰ, ਨਕਸ਼ੇ ਅਤੇ ਰੂਟ ਪਲਾਨ ਚੇਪੇ ਹੋਏ ਸਨ। ਮਿਡਲ ਵਿੱਚ ਲੱਗੀ ਇੱਕ ਕਾਲ਼ੀ ਚਿੱਟੀ ਤਸਵੀਰ ’ਤੇ ਨਜ਼ਰ ਪਈ ਤਾਂ ਮੈਂ ਇਕਦਮ ਮੈਂ ਚੌਂਕ ਗਿਆ। ਇਹ ਉਹੀ ਫ਼ੋਟੋ ਸੀ, ਰਿੱਜ ਵਾਲੀ - 1980 ਦੇ ਨਵੇਂ ਸਾਲ ਦੀ! ਕਿੰਨਾ ਚਿਰ ਮੈਂ ਮਾਲਕ ਦੇ ਚਿਹਰੇ ਵੱਲ ਟਿਕਟਿਕੀ ਲਗਾ ਕੇ ਦੇਖਦਾ ਰਿਹਾ। ਪਛਾਣਾਂ ਬਦਲ ਗਈਆਂ ਸਨ। ਉਹ ਮਦਨ ਸੀ!
ਨਮ ਅੱਖਾਂ ਨਾਲ ਝੁਕ ਕੇ ਉਸਨੇ ਮੈਨੂੰ ਕਲਾਵੇ ਵਿੱਚ ਲੈ ਲਿਆ। “ਸਰ … ਅਸੀਂ ਉਸੇ ਦਿਨ ਭੀਖ ਮੰਗਣ ਤੋਂ ਤੌਬਾ ਕਰਕੇ ਸਕੂਲ ਜਾਣ ਦੀ ਠਾਣ ਲਈ ਸੀ … ਮਾਪਿਆਂ ਨੂੰ ਮਨਾ ਲਿਆ ਕਿ ਪੜ੍ਹਾਈ ਦੇ ਨਾਲ ਨਾਲ ਕੰਮ ਵੀ ਕਰਾਂਗੇ … ਮੈਂ ਸਕੂਲ ਤੋਂ ਪਿੱਛੋਂ ਪਿਤਾ ਜੀ ਨਾਲ ਦੁਕਾਨ ’ਤੇ ਕੰਮ ਕਰਾਉਂਦਾ … ਤੇ ਮਨੋਜ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਅਖ਼ਬਾਰ ਵੰਡਣ ਦਾ ਕੰਮ ਮੁਕਾ ਲੈਂਦਾ … ਹੁਣ ਅਸੀਂ ਦੋਵੇਂ ਗਰੈਜੂਏਟ ਆਂ …।” ਮੈਂ ਅਚੰਭੇ ਵੱਸ ਮਦਨ ਦੀਆਂ ਗੱਲਾਂ ਸੁਣ ਰਿਹਾ ਸਾਂ।
“… ਉਹ ਦਿਨ ਤੇ ਆਹ ਦਿਨ … ਹੁਣ ਅਸੀਂ ਦੋਵੇਂ ‘ਐੱਮ ਐਂਡ ਐੱਮ ਟਰੈਵਲਜ਼’ ਦੇ ਪਾਰਟਨਰ ਹਾਂ … ਮੈਂ ਇੱਥੇ ਏਜੰਸੀ ਦਾ ਕੰਮ ਦੇਖਦਾਂ ਤੇ ਮਨੋਜ ਰਜਿਸਟਰਡ ਟੂਰ ਉਪਰੇਟਰ ਐ … ਔਹ ਦੇਖੋ … ਆਪਣੀ ਉਹੀ ਫ਼ੋਟੋਗਰਾਫ … ਜਦੋਂ ਅਸੀਂ ਤੁਹਾਡੇ ਪਹਿਲੇ ‘ਗਾਈਡ’ ਬਣੇ ਸੀ …।”
ਮੈਂ ਦੇਖਿਆ, ਉਸਦੀਆਂ ਅੱਖਾਂ ਵਿੱਚ ਫਿਰ ਇੱਕ ਅਜੀਬ ਚਮਕ ਸੀ।
ਅੱਖ ਦੇ ਫੋਰ ਵਿੱਚ ਚਾਰ ਦਹਾਕਿਆਂ ਦਾ ਸਫ਼ਰ ਅੱਖਾਂ ਥਾਣੀਂ ਲੰਘ ਗਿਆ। ਮਦਨ ਉਸ ਦਿਨ ਨੂੰ ਯਾਦ ਕਰਕੇ ਅਹਿਸਾਨ ਜਤਾ ਰਿਹਾ ਸੀ, ਪਰ ਮੈਂ ਉਨ੍ਹਾਂ ਮਾਸੂਮ ਪਰਿੰਦਿਆਂ ਦੀ ਉਚੇਰੀ ਉਡਾਣ ਦਾ ਅਹਿਸਾਸ ਕਰਕੇ ਫ਼ਖਰ ਮਹਿਸੂਸ ਰਿਹਾ ਸਾਂ!
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (