Jagjit S Lohatbaddi 7“ਲਿਖਣਾ ਆਪਣੇ ਆਪ ਨੂੰ ਸੰਕਟ ਵਿੱਚ ਪਾਉਣਾ ਹੁੰਦਾ ਹੈ, ਪਰ ਇਹੀ ਤਾਂ ਲਿਖਤ ਦਾ ਮੀਰੀ ਖ਼ਾਸਾ ਹੈ ...”
(31 ਮਾਰਚ 2026)


ਲਿਖਣਾ ਸੂਖ਼ਮ ਕਲਾ ਹੈ
। ਸੂਖ਼ਮ ਕਲਾਵਾਂ ਵਿੱਚ ਮਨ ਦਾ ਠਹਿਰਾਅ ਹੁੰਦਾ ਹੈ, ਤਾਂਘ ਹੁੰਦੀ ਹੈ, ਜਜ਼ਬਾ ਹੁੰਦਾ ਹੈ, ਨਿੱਘ ਹੁੰਦਾ ਹੈ, ਅਹਿਸਾਸ ਹੁੰਦਾ ਹੈ। ਅਰਮਾਨਾਂ ਦਾ ਜਮਾਵੜਾ ਹੁੰਦਾ ਹੈ, ਮਿਲਾਵਟ ਰਹਿਤ ਆਪੇ ਦਾ ਪ੍ਰਗਟਾਅ ਹੁੰਦਾ ਹੈ। ਲੇਖਣੀ ਲੇਖਕ ਦੇ ਵਗਦੇ ਸਾਹਾਂ ਦੀ ਨਿਰੰਤਰਤਾ ਵਰਗੀ ਹੁੰਦੀ ਹੈ, ਨਿਰਮਲ ਨੀਰ ਵਾਂਗ। ਚਸ਼ਮਿਆਂ ਵਰਗਾ ਸੰਗੀਤ ਕੰਨੀਂ ਪੈਂਦਾ ਹੈ , ਦਰਿਆਵਾਂ ਦੇ ਵਹਿਣਾਂ ਜਿਹੀ ਰਵਾਨੀ ਨਜ਼ਰ ਆਉਂਦੀ ਹੈ। ਜ਼ਿੰਦਗੀ ਧੜਕਦੀ ਹੈ, ਆਪੇ ਨਾਲ ਸੰਵਾਦ ਰਚਾਉਂਦੀ ਹੈ।

ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਇਸੇ ਸ਼ੀਸ਼ੇ ਵਿੱਚੋਂ ਸਮਿਆਂ ਦਾ ਚਿਹਰਾ-ਮੁਹਰਾ ਨਜ਼ਰ ਆਉਂਦਾ ਹੈ ਤੇ ਲੇਖਕ ਦਾ ਪ੍ਰਤਿਬਿੰਬ ਬਣਦਾ ਹੈ। ਸੁਚੱਜੇ ਸ਼ਬਦ ਜ਼ਿੰਦਗੀ ਦੀ ਸਾਰਥਿਕਤਾ ਦਾ ਸਾਰ ਬਣ ਜਾਂਦੇ ਹਨ। ਪਾਕ ਵਿਚਾਰਾਂ ਦੇ ਵਿਸ਼ਾਲ ਭੰਡਾਰ ਵਿੱਚੋਂ ਚੁਣੇ ਸ਼ਬਦ, ਸੁੱਚੇ ਮੋਤੀਆਂ ਵਰਗੇ ਹੁੰਦੇ ਹਨ, ਨਿਰੇ ਚੌਵੀ ਕੈਰਟ, ਮੁਲੰਮੇ ਤੋਂ ਨਿਰਲੇਪ। ਇਨ੍ਹਾਂ ਦੀ ਚਮਕ ਕਦੇ ਫਿੱਕੀ ਨਹੀਂ ਪੈਂਦੀ। ਗਹਿਰਾਈ ਮਨ ਦੀਆਂ ਡੂੰਘੀਆਂ ਤਹਿਆਂ ਤਕ ਸਮਾ ਜਾਂਦੀ ਹੈ। ਸਿਆਣੇ ਕਹਿੰਦੇ ਨੇ, ਖ਼ੂਬਸੂਰਤ ਲਿਖਤਾਂ ਰਸਤੇ ਰੁਸ਼ਨਾਉਂਦੀਆਂ ਹਨ। ਕੋਰੀ ਸਲੇਟ ’ਤੇ ਪਾਕ ਪਵਿੱਤਰ ਸ਼ਬਦ ਹੀ ਸੋਂਹਦੇ ਹਨ, ਮਨ ਪਲੀਤ ਨਹੀਂ ਹੁੰਦੇ।

ਗੁਰੂ ਨਾਨਕ ਦੇਵ ਜੀ ਨੇ ਸਚਾਈ ਦੇ ਮਾਰਗ ਨੂੰ ਸਰਬੋਤਮ ਦੱਸਿਆ ਹੈ- ਮੁਬਾਰਕ ਹਨ ਉਹ ਕਾਗਜ਼ ਅਤੇ ਕਲਮ; ਮੁਬਾਰਕ ਹਨ ਉਹ ਦਵਾਤ ਅਤੇ ਸਿਆਹੀ ਅਤੇ ਹੇ ਨਾਨਕ! ਉਹ ਲਿਖਾਰੀ ਵੀ ਧਨ ਹੈ, ਜਿਸਨੇ ਸੱਚੇ ਮਾਰਗ ਤੇ ਚੱਲ ਕੇ ਅਕਾਲ ਪੁਰਖ ਦੀ ਸਿਫਤ ਨੂੰ ਸਲਾਹਿਆ ਹੈ:

ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ॥
ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ॥

ਬਹੁਤ ਵੱਡੀ ਵਡਿਆਈ ਬਖ਼ਸ਼ੀ ਹੈ, ਲਿਖਾਰੀ ਨੂੰ। ਇਹ ਇੱਕ ਦੈਵੀ ਸ਼ਕਤੀ ਹੈ, ਜੋ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ। ਲੇਖਣੀ ਨੈਤਿਕ ਕਦਰਾਂ ਕੀਮਤਾਂ ਦੀ ਮੁਦਈ ਹੁੰਦੀ ਹੈ, ਸਚਾਈ ਪ੍ਰਤੀ ਵਚਨਵੱਧਤਾ… ਸਹੀ ਤੇ ਸੁਚੱਜੀ ਦਿਸ਼ਾ ਦੇਣ ਵਾਲੀ। ਆਮ ਲੋਕਾਂ ਦੇ ਦੁੱਖਾਂ ਸੁੱਖਾਂ ਦੀ ਗੱਲ ਕਰਨੀ ਲੇਖਕ ਦਾ ਮੁਢਲਾ ਫਰਜ਼ ਗਿਣਿਆ ਜਾਂਦਾ ਹੈ। ਉਨ੍ਹਾਂ ਦੇ ਹਾਵ-ਭਾਵ, ਹਉਕੇ-ਹਾਵੇ, ਅਸੀਸਾਂ-ਦੁਰਸੀਸਾਂ ਲਿਖਤ ਦਾ ਨਿੱਗਰ ਸਰਮਾਇਆ ਬਣਦੀਆਂ ਹਨ। ਸ਼ਬਦ ਭਰਮ ਪੈਦਾ ਨਾ ਕਰਨ, ਸਮਾਜਿਕ ਵੰਡੀਆਂ ਨਾ ਪਾਉਣ, ਸਮਤੋਲ ਹੋਵੇ, ਤਰਕ ਹੋਵੇ। ਅੰਨ੍ਹੀ ਸ਼ਰਧਾ ਰਸਤੇ ਤੋਂ ਭਟਕਾ ਦਿੰਦੀ ਹੈ। ਲਿਖਣਾ ਤੁਹਾਨੂੰ ਪੜ੍ਹਨ ਦੇ ਰਸਤੇ ਤੋਰਦਾ ਹੈ ਅਤੇ ਪੜ੍ਹਾਈ ਦੀ ਕੋਈ ਸੀਮਾ ਨਹੀਂ। ਇਸੇ ਲਈ ਕਿਹਾ ਜਾਂਦਾ ਹੈ ਕਿ ਕਿਤਾਬਾਂ ਦੇ ਮੇਲਿਆਂ ’ਤੇ ਜਾਣ ਵਾਲੇ ਕਦੇ ਕੁੰਭ ’ਤੇ ਨਹੀਂ ਜਾਂਦੇ।

ਅੱਖਰ ਤੇਜ਼ ਹਥਿਆਰ ਹੁੰਦੇ ਹਨ। 2022 ਦੀ ਸਾਹਿਤ ਦੀ ਨੋਬਲ ਪੁਰਸਕਾਰ ਵਿਜੇਤਾ ਫਰਾਂਸੀਸੀ ਲੇਖਕਾ ਐਨੀ ਅਰਨੌ ਦਾ ਕਥਨ ਹੈ: “ਸਾਹਿਤ ਸਾਵੇ ਪੱਤਰਾਂ ਦੀ ਕਥਾ ਨਹੀਂ ਹੁੰਦਾ। ਇਹ ਮਹਿਜ਼ ਕਵਿਤਾ ਕਹਾਣੀ ਵੀ ਨਹੀਂ ਹੈ। ਇਸਦੀ ਭਾਸ਼ਾ ਚਾਕੂ ਵਾਂਗ ਇੱਕ ਨਸ਼ਤਰ ਤੋਂ ਵੀ ਜ਼ਿਆਦਾ ਧਾਰਦਾਰ ਹੈ।” ਸਮੇਂ ਦੇ ਹਾਕਮ ਲੇਖਣੀਆਂ ਤੋਂ ਅਕਸਰ ਡਰਦੇ ਹਨ। ਉਲਟ-ਰੁਖ ਪਰਵਾਜ਼ ਭਰਨਾ, ਜੋਖ਼ਮ ਬਣ ਜਾਂਦਾ ਹੈ ਤੇ ਕਈ ਵਾਰ ਲੋਕਾਂ ਦੀ ਬਾਤ ਪਾਉਣ ਵਾਲੇ ਹੁਕਮਰਾਨਾਂ ਦੇ ਕਹਿਰ ਦੇ ਪਾਤਰ ਬਣ ਜਾਂਦੇ ਹਨ। ਲਿਖਣਾ ਆਪਣੇ ਆਪ ਨੂੰ ਸੰਕਟ ਵਿੱਚ ਪਾਉਣਾ ਹੁੰਦਾ ਹੈ, ਪਰ ਇਹੀ ਤਾਂ ਲਿਖਤ ਦਾ ਮੀਰੀ ਖ਼ਾਸਾ ਹੈ। ਨਾਜ਼ੀ ਜ਼ੁਲਮ ਦਾ ਸ਼ਿਕਾਰ 15 ਸਾਲ ਦੀ ਉਮਰ ਵਿੱਚ ਫ਼ੌਤ ਹੋਈ ਯਹੂਦੀ ਕੁੜੀ ਐਨ ਫਰੈਂਕ ਆਪਣੀ ‘ਦਿ ਡਾਇਰੀ ਆਫ ਏ ਯੰਗ ਗਰਲ’ ਵਿੱਚ ਹਠ ਦੀ ਮਿਸਾਲ ਪੇਸ਼ ਕਰਦੀ ਹੈ, “ਜਦੋਂ ਮੈਂ ਲਿਖਦੀ ਹਾਂ, ਸਭ ਕੁਝ ਪਾਸੇ ਹਟ ਜਾਂਦਾ ਹੈ। ਮੇਰੀ ਉਦਾਸੀ ਦੂਰ ਹੋ ਜਾਂਦੀ ਹੈ ਤੇ ਮੇਰੇ ਹੌਸਲੇ ਦਾ ਪੁਨਰ-ਜਨਮ ਹੋ ਜਾਂਦਾ ਹੈ।”

ਪ੍ਰਚੰਡ ਲਿਖਤ ਲੇਖਕ ਦੀ ਅਮੀਰੀ ਦਾ ਸਬੱਬ ਬਣਦੀ ਹੈ। ਆਮ ਲੋਕਾਂ ਦੇ ਅੰਦਰਲੇ ਮਨਾਂ ਦੀ ਕਹਾਣੀ ਕਹਿਣ ਲਈ ਪਤਾਲਾਂ ਤਕ ਚੁੱਭੀ ਲਾਉਣੀ ਪੈਂਦੀ ਹੈ। ਲੇਖਣੀ ‘ਥਰੀ ਡੀ’ ਮੂਵੀ ਵਰਗੀ ਹੋਣੀ ਚਾਹੀਦੀ ਹੈ, ਜਿਸ ਵਿੱਚ ਪਾਠਕ ਜਾਂ ਸਰੋਤਾ ਇੰਨਾ ਖੁੱਭ ਜਾਵੇ ਕਿ ਇਹ ਉਸਨੂੰ ਆਪਣੀ ਕਹਾਣੀ ਲੱਗੇ ਅਤੇ ਪਾਤਰਾਂ ਵਿੱਚ ਉਸਨੂੰ ਆਪਣਾ ਕਿਰਦਾਰ ਦਿਸੇ। ਬਾਰੀਕੀ ਨਾਲ ਜੇ ਮਨੁੱਖੀ ਮਨ ਦੀਆਂ ਅੰਦਰਲੀਆਂ ਪਰਤਾਂ ਹੀ ਨਾ ਫਰੋਲੀਆਂ ਗਈਆਂ ਤੇ ਹਿਰਦਾ ਨਾ ਟੁੰਬਿਆ ਗਿਆ ਤਾਂ ਲਿਖਤ ਵਿੱਚੋਂ ਕੁਝ ਗੁਆਚਿਆ ਜਾਪੇਗਾ, ਕੁਝ ਅਧੂਰਾ ਲੱਗੇਗਾ। ਪਾਤਰ ਤੁਹਾਡੇ ਆਲੇ ਦੁਆਲੇ, ਤੁਹਾਡੇ ਜ਼ਿਹਨ ਵਿੱਚ ਦਸਤਕ ਦੇ ਰਹੇ ਹੁੰਦੇ ਹਨ। ਜੇ ਉਨ੍ਹਾਂ ਦੇ ਵਲਵਲੇ, ਉਨ੍ਹਾਂ ਦੀਆਂ ਉਮੰਗਾਂ, ਉਨ੍ਹਾਂ ਦੀ ਧੜਕਣ ਨੂੰ ਕਾਗਜ਼ ’ਤੇ ਨਾ ਉਤਾਰਿਆ ਗਿਆ ਤਾਂ ਸਭ ਬੇਜਾਨ ਲੱਗੇਗਾ। ਲਿਖਤ ਪੜ੍ਹਦਿਆਂ ਜੇ ਸ਼ਬਦਾਂ ਨਾਲ ਬਣਾਈ ਦੁਨੀਆਂ ਜਿਊਂਦੀ ਜਾਗਦੀ, ਅੰਗੜਾਈਆਂ ਭਰਦੀ ਨਾ ਲੱਗੀ ਤਾਂ ਰਚਨਾ ਨੀਰਸ ਲੱਗੇਗੀ, ਨਿਰਾਸ ਕਰੇਗੀ। ਕਾਰਜ-ਰਤ ਹੋਣ ਵੇਲੇ ਲੇਖਕ ਇਉਂ ਹੋਵੇ, ਜਿਵੇਂ ਅੱਖਾਂ ’ਤੇ ਇਨਸਾਫ ਦੀ ਪੱਟੀ ਬੰਨ੍ਹੀ ਹੋਵੇ। ਕੋਈ ਧਿਰ ਪ੍ਰਭਾਵਿਤ ਨਾ ਕਰਦੀ ਹੋਵੇ। ਨਿੱਜ ਲਈ ਕੋਈ ਥਾਂ ਨਹੀਂ ਹੁੰਦੀ। ਜਾਤ, ਗੋਤ, ਰੰਗ, ਭੇਦ ਦਾ ਕੋਈ ਪ੍ਰਛਾਵਾਂ ਨਹੀਂ ਪੈਂਦਾ। ਕੋਈ ਵਲਗਣ ਨਹੀਂ ਹੁੰਦੀ। ਕੋਈ ਉਲਾਰੂ ਬਿਰਤੀ ਨਹੀਂ ਹੁੰਦੀ। ਸਿਰਫ ਅਤੇ ਸਿਰਫ ਕੁਦਰਤੀ ਰੰਗਾਂ ਨੂੰ ਚਿਤਰਿਆ ਹੋਵੇ।

ਨਾਮੀ ਵਾਰਤਾਕਾਰ ਜਸਬੀਰ ਭੁੱਲਰ, ਲੇਖਕ ਦੇ ਕਿਰਦਾਰ ’ਤੇ ਝਾਤੀ ਮਾਰਦੇ ਹੋਏ ਲਿਖਦਾ ਹੈ, “ਲੇਖਕ ਦਾ ਕੰਮ ਤਾਂ ਧੂਣੀ ਰਮਾ ਕੇ ਇਕਾਂਤ ਵਿੱਚ ਬੈਠੇ ਰਿਸ਼ੀ ਦੇ ਤਪ ਵਰਗਾ ਹੈ। ਲੇਖਕ ਦਾ ਤਪ ਉਮਰ ਭਰ ਦਾ ਹੈ। ਲੇਖਕ ਦੀ ਪ੍ਰਸਿੱਧੀ ਸੀਮਿਤ ਹੁੰਦੀ ਹੈ। ਉਹ ਪ੍ਰਸਿੱਧੀ ਉਹਨੂੰ ਮਿਲਦੀ ਵੀ ਪਛੜਕੇ ਹੈ। ਪਰ ਲੇਖਕ ਦੀ ਪ੍ਰਸਿੱਧੀ ਦੀ ਉਮਰ ਬਹੁਤ ਲੰਮੀ ਹੁੰਦੀ ਹੈ ਕਿਉਂਕਿ ਉਸਦੀ ਕਿਤਾਬ ਨੇ ਵਰ੍ਹਿਆਂ ਤਕ ਜਿਊਂਦੇ ਰਹਿਣਾ ਹੁੰਦਾ ਹੈ। ਸਾਹਾਂ ਵਾਲੇ ਸ਼ਬਦ ਮਰਦੇ ਨਹੀਂ ਹੁੰਦੇ।”

ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਲੇਖਕ ਦੀ ਉਮਰ ਉਸਦੀਆਂ ਲਿਖਤਾਂ ਤੋਂ ਗਿਣੀ ਜਾਂਦੀ ਹੈ। ਦਮਦਾਰ ਲਿਖਤਾਂ ਕਦੇ ਚੇਤਿਆਂ ਵਿੱਚੋਂ ਵਿੱਸਰਦੀਆਂ ਨਹੀਂ ਅਤੇ ਲਿਖਾਰੀ ਸਾਲਾਂ ਬੱਧੀ ਇਨ੍ਹਾਂ ਯਾਦਾਂ ਸਹਾਰੇ ਜੀਵਤ ਰਹਿੰਦਾ ਹੈ। ਸਮੇਂ ਦੇ ਨਾਲ ਨਾਲ ਸਾਹਿਤ ਵੀ ਚਲਦਾ ਹੈ, ਨਿਰੰਤਰ ਚਲਦਾ ਹੈ। ਖ਼ੂਬਸੂਰਤੀ ਇਸ ਵਿੱਚ ਹੈ ਕਿ ਦੋਵੇਂ ਇੱਕ ਦੂਜੇ ਦੇ ਪੂਰਕ ਹਨ… ਲੰਬੀ ਰੇਸ ਦੇ ਘੋੜੇ। ਸਰਪੱਟ ਦੌੜਦੇ ਹਨ ਅਤੇ ਸਮੇਂ ਦੀ ਹਿੱਕ ਤੇ ਪੈੜਾਂ ਦੇ ਨਿਸ਼ਾਨ ਬਣਦੇ ਜਾਂਦੇ ਹਨ। ਨਿਸ਼ਾਨਦੇਹੀ ਮਨੁੱਖਤਾ ਨੇ ਕਰਨੀ ਹੁੰਦੀ ਹੈ। ਸ਼ਬਦਾਂ ਦੇ ਆਰ-ਪਾਰ ਦੇਖਣਾ ਪੈਂਦਾ ਹੈ। ਵਿਸ਼ਵ ਪ੍ਰਸਿੱਧ ਤਾਰਾ ਵਿਗਿਆਨੀ ਤੇ ਲੇਖਕ ਕਾਰਲ ਸੇਗਨ ਦਾ ਦਾਅਵਾ ਹੈ ਕਿ ਲਿਖਤ ਉੱਤੇ ਨਜ਼ਰ ਮਾਰਦੇ ਹੀ ਤੁਸੀਂ ਇੱਕ ਦੂਸਰੇ ਵਿਅਕਤੀ ਦੇ ਦਿਮਾਗ਼ ਵਿੱਚ ਚਲੇ ਜਾਂਦੇ ਹੋ, ਭਾਵੇਂ ਉਹ ਹਜ਼ਾਰਾਂ ਸਾਲ ਪਹਿਲਾਂ ਮਰ ਚੁੱਕਾ ਹੋਵੇ। ਸ਼ਤਾਬਦੀਆਂ ਬੀਤ ਜਾਣ ’ਤੇ ਵੀ ਲੇਖਕ ਆਪਣੇ ਮਨ ਮਸਤਕ ਤੋਂ ਸਪਸ਼ਟ ਅਤੇ ਚੁੱਪ-ਚਾਪ ਗੱਲਾਂ ਕਰ ਰਿਹਾ ਹੁੰਦਾ ਹੈ। ਉਹ ਸਿੱਧਾ ਤੁਹਾਡੇ ਨਾਲ ਵਾਰਤਾਲਾਪ ਕਰਦਾ ਹੈ। ਲਿਖਣ ਕਲਾ ਸ਼ਾਇਦ ਮਨੁੱਖ ਦੀ ਸਭ ਤੋਂ ਮਹਾਨ ਖੋਜ ਹੈ ਜੋ ਇੱਕ ਦੂਜੇ ਤੋਂ ਅਣਜਾਣ ਦੋ ਵੱਖਰੇ ਯੁਗਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਇੱਕ ਡੋਰ ਵਿੱਚ ਪ੍ਰੋ ਦਿੰਦੀ ਹੈ।

ਲਿਖਣਾ ਜ਼ਿੰਦਗੀ ਦੀਆਂ ਤਰੰਗਾਂ ਨੂੰ ਤਰੋਤਾਜ਼ਾ ਰੱਖਦਾ ਹੈ। ਮਨ ਦਾ ਚਾਅ ਹੁੰਦਾ ਹੈ… ਤਣਾਅ ਮੁਕਤ ਹੋਣ ਦਾ ਜ਼ਰੀਆ… ਢੇਰ ਸਾਰਾ ਸਕੂਨ। ਖੁਸ਼ੀਆਂ ਦੇ ਪਲ ਨੇੜੇ ਢੁਕਦੇ ਨੇ, ਚਿੱਤ ਹੁਲਾਸ ਵਿੱਚ ਤਾਰੀਆਂ ਲਾਉਂਦਾ ਹੈ। ਸ਼ਬਦਾਂ ਨਾਲ ਇੱਕ ਨਵੀਂ ਦੁਨੀਆਂ ਦੀ ਸਿਰਜਣਾ ਹੋ ਜਾਂਦੀ ਹੈ, ਕਿਸੇ ਮੌਜ ਦਾ ਸਿਖਰ। ਅਰਮਾਨਾਂ ਦੀ ਤ੍ਰਿਪਤੀ ਨਵੇਂ ਦਿਸਹੱਦੇ ਖੋਲ੍ਹ ਦਿੰਦੀ ਹੈ। ਐੱਨ ਫਰੈਂਕ ਲਿਖਣ ਕਲਾ ਨੂੰ ਅੰਦਰਲੇ ਮਨ ਨੂੰ ਪਰਿਪੂਰਨ ਕਰਨ ਦਾ ਸਾਧਨ ਮੰਨਦੀ ਹੈ: “ਮੈਨੂੰ ਲਿਖਣ ਦੀ ਤਾਂਘ ਰਹਿੰਦੀ ਹੈ, ਪਰ ਉਸ ਤੋਂ ਵੀ ਵੱਡੀ ਤਾਂਘ ਹੁੰਦੀ ਹੈ ਦਿਲ ਵਿਚਲੇ ਡੂੰਘੇ ਦੱਬੇ ਪਏ ਜਜ਼ਬਾਤਾਂ ਨੂੰ ਬਾਹਰ ਲਿਆਉਣ ਦੀ।” ਲੇਖਕ ਦੀ ਭਟਕਣਾ, ਉਸਨੂੰ ਅਣਛੋਹੀਆਂ, ਕੁਆਰੀਆਂ ਧਰਤੀਆਂ ਦੇ ਪਰੀ ਦੇਸ਼ ਲੈ ਜਾਂਦੀ ਹੈ, ਜਿੱਥੇ ਕਿਸੇ ਗੰਧਲੇਪਣ ਦਾ ਰੌਂ ਨਹੀਂ ਹੁੰਦਾ, ਕਿਸੇ ਬਦਇਖਲਾਕੀ ਦਾ ਪਹਿਰਾ ਨਹੀਂ ਹੁੰਦਾ। ਬੇਰੋਕ ਵਗਦੀ ਸਵੱਛ ਪੌਣ ਉਸਦੀ ਕਲਪਨਾ ਨੂੰ ਨਵੀਂਆਂ ਬੁਲੰਦੀਆਂ ’ਤੇ ਲੈ ਜਾਂਦੀ ਹੈ।

ਲਿਖਤਾਂ ਦੀ ਸਮਾਜ ਨੂੰ ਕੀ ਦੇਣ ਹੈ? ਕੀ ਲੇਖਕ ਨੇ ਸਮਾਜ ਦੀ ਨਬਜ਼ ’ਤੇ ਹੱਥ ਰੱਖਿਆ ਹੈ? ਕੀ ਕਿਸੇ ਹਾਸ਼ੀਏ ਤੋਂ ਧੱਕੇ ਮਨੁੱਖ ਦੀ ਬਾਂਹ ਫੜੀ ਹੈ? ਕੀ ਤੁਹਾਡੀਆਂ ਕ੍ਰਿਤਾਂ ਤੁਹਾਨੂੰ ਰੁਖ਼ਸਤ ਹੋਣ ਤੋਂ ਬਾਅਦ ਵੀ ਜ਼ਿੰਦਾ ਰੱਖਣਗੀਆਂ? ਅਜੋਕੇ ਸਮਿਆਂ ਦੀ ਸ਼ਿਕਾਇਤ ਹੈ ਕਿ ਲਿਖਣਾ ਵੀ ਦੂਸਰੇ ਧੰਦਿਆਂ ਵਾਂਗ ਇੱਕ ਵਪਾਰ ਬਣ ਗਿਆ ਹੈ। ਇੰਨਾ ਕੁਲੀਨ ਕਿੱਤਾ ਆਪਣੇ ਫਰਜ਼ਾਂ ਤੋਂ ਮੁਨਕਰ ਹੁੰਦਾ ਜਾਪਦਾ ਹੈ। ਸ਼ਬਦਾਂ ਵਿੱਚ ਮਿਲਾਵਟ, ਬਲੈਕਮੇਲਿੰਗ, ਲੱਚਰਤਾ ਅਤੇ ਗੰਧਲੇਪਣ ਨੇ ਬਹੁਤਾਤ ਲੇਖਕਾਂ ਨੂੰ ਰਸਤੇ ਤੋਂ ਭਟਕਾ ਦਿੱਤਾ ਹੈ। ਹੁਕਮਰਾਨਾਂ ਦੇ ਗਾਏ ਜਾਂਦੇ ਸੋਹਿਲਿਆਂ ਨੇ ‘ਸਾਹਿਤਕ ਮਰਾਸੀ’ ਦਾ ਟੈਗ ਲਵਾ ਦਿੱਤਾ ਹੈ। ਚੰਦ ਸਿੱਕਿਆਂ ਦੀ ਟੁਣਕਾਰ ਨੇ ਆਪਣੇ ਮੂਲ ਨਾਲੋਂ ਨਿਖੇੜਨ ਦਾ ਕਾਰਜ ਕੀਤਾ ਹੈ। ਲਿਖਤਾਂ ਵਿੱਚੋਂ ਧਨ ਦੌਲਤ ਦੀ ਮ੍ਰਿਗ ਤ੍ਰਿਸ਼ਨਾ ਦੀ ਬੂ ਆਉਣ ਲੱਗ ਪਈ ਹੈ। ਸਾਹਿਤਕ ਇਨਾਮ ਹਥਿਆਉਣ ਦੀ ਹੋੜ ਵਿੱਚ ਚਰਿੱਤਰ ਦਾ ਦਾਅ ’ਤੇ ਲੱਗਣਾ ਕਿਸੇ ਭ੍ਰਿਸ਼ਟ ਮੱਕੜਜਾਲ਼ ਦੀ ਸ਼ਾਹਦੀ ਭਰਦਾ ਹੈ। ਜਸਬੀਰ ਭੁੱਲਰ ਦੀ ‘ਖਿੱਦੋ’ ਨੇ ਬਹੁਤ ਸਾਰੇ ਪਾਤਰ ਹਮਾਮ ਵਿੱਚ ਨੰਗੇ ਕਰ ਦਿੱਤੇ ਹਨ। ਅਨੈਤਿਕ ਗੱਠਜੋੜ ਅਤੇ ਗੈਰ-ਇਖਲਾਕੀ ਕਦਰਾਂ ਕੀਮਤਾਂ ਨੇ ਅਕਸ ਧੁੰਦਲਾ ਕਰ ਦਿੱਤਾ ਹੈ। ਸਮਾਜ ਲਿਖਤਾਂ ਵਿੱਚੋਂ ਸੇਧ ਭਾਲਦਾ ਹੈ, ਪਰ ਲੇਖਕਾਂ ਨੂੰ ਸੇਧ ਕਿੱਥੋਂ ਮਿਲੇਗੀ? ਆਲਾ ਦੁਆਲਾ ਉਨ੍ਹਾਂ ਨੂੰ ਬਹੁਤ ਨੇੜਿਉਂ ਨੀਝ ਲਾ ਕੇ ਦੇਖ ਰਿਹਾ ਹੁੰਦਾ ਹੈ। ਜਦੋਂ ਵਕਤ ਇਨਸਾਫ ਕਰਦਾ ਹੈ ਤਾਂ ਕਿਸੇ ਲਿਹਾਜ਼ ਦੀ ਗੁੰਜਾਇਸ਼ ਨਹੀਂ ਰਹਿੰਦੀ। ਸਆਦਤ ਹਸਨ ਮੰਟੋ ਦੇ ਸ਼ਬਦ ਖੁਰਦਰੇ ਪਰ ਸੱਚੇ ਹਨ: “ਜਦੋਂ ਤਵਾਇਫ ਵਿਕਦੀ ਹੈ ਤਾਂ ਉਹ ਆਪਣਾ ਜਿਸਮ ਵੇਚਦੀ ਹੈ; ਪਰ ਜਦੋਂ ਕਲਮ ਵਿਕਦੀ ਹੈ ਤਾਂ ਸੱਭਿਆਚਾਰ ਵਿਕਦਾ ਹੈ।” ‘ਦਾ ਸੈਵਨ ਮੂਨਜ ਆਫ ਮਾਲੀ ਅਲਮੇਡਾ’ ਦੇ ਬੁੱਕਰ ਪੁਰਸਕਾਰ ਵਿਜੇਤਾ ਸ੍ਰੀਲੰਕਾਈ ਲੇਖਕ ਸੇਹਾਨ ਕਰੁਣਾਤਿਲਕਾ ਦਾ ਇੱਕ ਨਿਸੰਗ ਵਾਕ ਹੈ: “ਇਹ ਤੁਹਾਡੀ ਬੇਬਾਕੀ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਲੇਖਕ ਦੇ ਤੌਰ ’ਤੇ ਅਜ਼ਾਦੀ ਨਾਲ ਜਿਊਣਾ ਹੈ ਜਾਂ ਇੱਕ ਪਾਲਤੂ ਅਤੇ ਫਾਲਤੂ ਆਦਮੀ ਵਜੋਂ; ਜੋ ਸਿਰਫ ਜਿਊਂਦਾ ਤੇ ਉਮਰ ਭੋਗ ਕੇ ਇਸ ਜਹਾਨ ਤੋਂ ਰੁਖ਼ਸਤ ਹੋ ਜਾਂਦਾ ਹੈ।”

ਲੋਕਾਈ ਲਈ ਲੇਖਕ ਇੱਕ ਉੱਚ ਪਾਏਦਾਨ ’ਤੇ ਖੜ੍ਹਾ ਉਹ ਰਹਿਬਰ ਹੁੰਦਾ ਹੈ, ਜੋ ਆਪਣੀਆਂ ਲਿਖਤਾਂ ਦੀਆਂ ਰਿਸ਼ਮਾਂ ਨਾਲ ਚਾਨਣ ਵੰਡਦਾ ਹੈ। ਉਸਦਾ ਧਰਾਤਲ ਬੁਲੰਦ ਹੁੰਦਾ ਹੈ। ਆਪਣਾ ਭਾਈਚਾਰਾ ਉਸਨੂੰ ਇੱਕ ਆਦਰਸ਼ ਵਜੋਂ ਵਿਚਰਦਾ ਦੇਖਣ ਦੀ ਤਵੱਕੋ ਰੱਖਦਾ ਹੈ। ਇਸ ਅਟੁੱਟ ਵਿਸ਼ਵਾਸ ਵਿੱਚ ਕੋਈ ਮਹੀਨ ਠੇਸ ਵੀ ਬੁਨਿਆਦ ਨੂੰ ਜਰਜ਼ਰਾ ਕਰ ਸਕਦੀ ਹੈ। ਸੋ ਲੇਖਕ ਲਈ ਇਸ ਸ਼ਰੀਫਾਨਾ ਸਥਾਨ ਨੂੰ ਸਥਾਪਿਤ ਰੱਖਣਾ ਵੱਡੀ ਵੰਗਾਰ ਹੈ। ਨੋਬਲ ਸਾਹਿਤਕਾਰ ਅਬਦੁਲ ਰਜ਼ਾਕ ਗੁਰਨਾਹ ਨੇ ਇੱਕ ਲੀਕ ਖਿੱਚੀ ਹੈ: “ਅਸੀਂ ਸਾਰੇ ਲਿਖਣ ਅਤੇ ਸੋਚਣ ਵਾਲੇ ਸਿਰਫ ਅੱਖਰਾਂ ਦਾ ਮਾਇਆ-ਜਾਲ ਦੇਖ ਰਹੇ ਹਾਂ, ਜਦੋਂ ਕਿ ਸਾਨੂੰ ਵੇਖਣਾ ਇਹ ਚਾਹੀਦਾ ਹੈ ਕਿ ਅਸੀਂ ਜ਼ਿੰਦਗੀ ਦੇ ਇੰਦਰਧਨੁਸ਼ੀ ਰੰਗਾਂ ਵਿੱਚ ਹੋਰ ਇਜ਼ਾਫ਼ਾ ਕਰ ਸਕੀਏ।” ਡਾ. ਸੁਰਜੀਤ ਪਾਤਰ ਦੇ ਸ਼ਬਦਾਂ ਦੀ ਤਸਵੀਰ:

ਇਹ ਜੁ ਰੰਗਾਂ ਵਿੱਚ ਚਿਤਰੇ ਨੇ, ਖੁਰ ਜਾਣਗੇ
ਇਹ ਜੁ ਮਰਮਰ ਵਿੱਚ ਉੱਕਰੇ ਨੇ
, ਮਿਟ ਜਾਣਗੇ
ਬਲਦੇ ਹੱਥਾਂ ਨੇ ਜਿਹੜੇ
, ਹਵਾ ਵਿੱਚ ਲਿਖੇ
ਹਰਫ ਉਹੀ ਹਮੇਸ਼ਾ ਲਿਖੇ ਜਾਣਗੇ!!!

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Jagjit S Lohatbaddi

Jagjit S Lohatbaddi

Phone: (91 - 89684 - 33500)
Email: (singh.jagjit0311@gmail.com)

More articles from this author