“ਕੁਲਹਿਣੇ ਸਮੇਂ ਨੇ ਪਿੱਛਾ ਨਹੀਂ ਛੱਡਿਆ। ਲੜਕੀ ਬਾਰਾਂ ਸਾਲ ਦੀ ਹੋ ਕੇ ਗੁਜ਼ਰ …”
(10 ਜੂਨ 2026)
ਲੂੰਹਦੀ ਤਪਸ਼ ਹੋਵੇ ਜਾਂ ਹੱਡ-ਚੀਰਵੀਂ ਠੰਢ, ਉਹ ਬਿਨਾਂ ਨਾਗਾ ਹਾਜ਼ਰ ਹੁੰਦਾ। ਸਾਈਕਲ ਰੇੜ੍ਹੇ ਦੀ ਕਾਠੀ ਉੱਤੇ ਘੰਟਿਆਂ ਬੱਧੀ ਬੈਠਾ। ਨਜ਼ਰ ਪਛਾਣਨੋਂ ਇਨਕਾਰੀ, ਪਰ ਇਰਾਦਾ ਪਹਾੜ ਜਿੱਡਾ। ਉਮਰ ਦੇ 88 ਵਰ੍ਹੇ ਪਾਰ ਕਰ ਕੇ ਵੀ ਜ਼ਿੰਦਗੀ ਨੂੰ ਵੰਗਾਰ ਰਿਹਾ, “ਹੋਰ ਇਮਤਿਹਾਨ ਲੈ ਲੈ … ਸੈਂਕੜਾ ਪੂਰਾ ਕਰੂੰ।”
ਪਿਛਲੇ ਬਾਰਾਂ ਕੁ ਸਾਲਾਂ ਤੋਂ ਟਰੈਫਿਕ ਲਾਈਟਾਂ ਵਾਲੇ ਚੌਂਕ ਨੇੜੇ ਬਾਪੂ ਮੱਘਰ ਸਿਹੁੰ ਸਵਖਤੇ ਹੀ ਆਪਣਾ ਅੱਡਾ ਆ ਮੱਲਦਾ। ਰੇੜ੍ਹੇ ਉੱਤੇ ਛੋਟਾ ਜਿਹਾ ਫੱਟਾ ਲਟਕਦਾ ਰਹਿੰਦਾ, “ਇੱਥੇ ਫਟੇ ਪੁਰਾਣੇ ਨੋਟ ਬਦਲੇ ਜਾਂਦੇ ਹਨ।”
ਗੱਲ ਵੱਢੇ-ਟੁੱਕੇ ਨੋਟਾਂ ਦੇ ਬਦਲਣ ਤੋਂ ਚੱਲੀ, “ਅਸਾਂ ਦਾ ਜਨਮ ਬਲੋਚਿਸਤਾਨ ਵਿੱਚ ਹੋਇਆ ਸੀ … ਯਾਰ੍ਹਾਂ ਵਰ੍ਹਿਆਂ ਦਾ ਸਾਂ ਜਦੋਂ ਵੰਡ ਹੋਈ। ਪਿੰਡ ਤੁਰਨਾਲ ਛੱਡਣਾ ਪਿਆ। ਕੋਈ ਢਾਈ ਹਜ਼ਾਰ ਮੀਲ ਦੂਰ ਸੀ ਲਾਹੌਰ ਤੋਂ। ਜ਼ਿਲ੍ਹਾ ਕੈਂਬਲਪੁਰ ਪੈਂਦਾ ਸੀ।”
ਮੈਂ ਦੇਖਿਆ ਬਾਪੂ ਦਾ ਚਿਹਰਾ ਜ਼ਿੰਦਗੀ ਦੇ ਪਰੋਸੇ ਫੱਟਾਂ ਦੇ ਹਾਲੇ ਵੀ ਤਾਜ਼ਾ ਹੋਣ ਦੀ ਗਵਾਹੀ ਭਰ ਰਿਹਾ ਸੀ, “ਅਜੇ ਵੀ ਸੁਪਨਿਆਂ ਵਿੱਚ ਪਿੰਡ ਵਾਲਾ ਢਾਰਾ ਦਿਖਾਈ ਦਿੰਦੈ …।”
ਰੇੜ੍ਹੇ ਉੱਤੇ ਹੋਰ ਵੀ ਕਿੰਨਾ ਹੀ ਨਿਕ ਸੁਕ ਰੱਖਿਆ ਹੋਇਆ ਸੀ- ਰੁਮਾਲ, ਜੁਰਾਬਾਂ, ਦਸਤਾਨੇ, ਪਟਕੇ …।
“ਐਸ ਉਮਰੇ ਵੀ ਰੁੱਖੇ ਮੌਸਮਾਂ ਨਾਲ ਆਢਾ?” ਮੈਂ ਸਹਿਜੇ ਹੀ ਪੁੱਛ ਬੈਠਿਆ।
“ਖੌਰੇ ਅਸਾਂ ਬਲੋਚੀਆਂ ਨੂੰ ਕੁਦਰਤ ਨੇ ਜਾਣ ਬੁੱਝ ਕੇ ਕਠੋਰ ਬਣਾਇਐ …। ਜੰਮਦਿਆਂ ਹੀ ਗੁੜ੍ਹਤੀ ਭੀੜਾਂ-ਸ੍ਹੀੜਾਂ ਨਾਲ ਮੱਥਾ ਲਾਉਣ ਦੀ ਮਿਲਦੀ ਏ …। ਘਰੋਂ ਬੇਘਰ ਹੋਏ, ਝੱਖੜਾਂ ਥੀਂ ਹੁੰਦੇ ਹਿੰਦੁਸਤਾਨ ਪਹੁੰਚੇ। ਤੰਬੂਆਂ ਵਿੱਚ ਰਾਤੀਂ ਕੱਟੀਆਂ …।”
ਬਾਪੂ ਦੀਆਂ ਯਾਦਾਂ ਵਿੱਚ ਸਭ ਤਾਜ਼ਾ ਸੀ, ਜਿਵੇਂ ਕੱਲ੍ਹ ਦੀਆਂ ਬਾਤਾਂ ਹੋਣ!
“ਮਾਂ ਪੇ ਕੱਟ ਵੱਢ ਵਿੱਚ ਹੀ ਕਿਧਰੇ ਅਲੋਪ ਹੋ ਗਏ …। ਹੁਣ ਤੇ ਚੰਗੀ ਤਰ੍ਹਾਂ ਉਨ੍ਹਾਂ ਦੀਆਂ ਸ਼ਕਲਾਂ ਵੀ ਨਹੀਂ ਯਾਦ। ਇੱਧਰ ਆ ਕੱਪੜੇ ਦੀ ਫੇਰੀ ਲਾਈ … ਪੰਦਰਾਂ ਸਾਲ। ਸਬਜ਼ੀ ਵੇਚੀ, ਰਿਕਸ਼ਾ ਚਲਾਇਆ, ਪੜ੍ਹਾਈ ਜੂ ਪੱਲੇ ਕੋ ਨਾ ਸੀ।”
ਗੱਲਾਂ ਕਰਦੇ ਮੱਘਰ ਸਿਹੁੰ ਦੀ ਜ਼ੁਬਾਨ ਥਿਰਕ ਰਹੀ ਸੀ ਤੇ ਹੱਥਾਂ ਵਿੱਚ ਕੰਬਣੀ ਸੀ।
“ਆਹ ਲਓ ਕੁਝ ਫਟੇ ਪੁਰਾਣੇ ਨੋਟ … ਬਦਲੇ ਵਿੱਚ ਜੋ ਮਿਲੇਗਾ, ਮੈਂ ਬਾਅਦ ਵਿੱਚ ਤੁਹਾਡੇ ਕੋਲੋਂ ਲੈ ਲਵਾਂਗਾ …।” ਮੈਂ ਬਾਪੂ ਦਾ ਧਿਆਨ ਵੰਡਾਉਣ ਦੀ ਕੋਸ਼ਿਸ਼ ਕੀਤੀ।
“ਮੱਘਰ ਸਿੰਘ ਕਿਸੇ ਦਾ ਉਧਾਰ ਨਹੀਂ ਰੱਖਦਾ …।” ਉਸਦੇ ਬੋਲ ਖਰ੍ਹਵੇ ਹੋ ਗਏ ਸਨ।
ਗੱਲਬਾਤ ਦੀ ਲੜੀ ਟੁੱਟਣ ਦੇ ਡਰੋਂ ਮੈਂ ਉਸਨੂੰ ਫਿਰ ਅਸਲ ਮੁੱਦੇ ’ਤੇ ਮੋੜਨਾ ਚਾਹੁੰਦਾ ਸੀ, “ਔਲਾਦ ਦਾ ਸੁਖ ਨਸੀਬ ਨਹੀਂ ਹੋਇਆ?”
ਬਾਪੂ ਦੇ ਕਾਲਜੇ ਵਿੱਚੋਂ ਜਿਵੇਂ ਰੁੱਗ ਭਰਿਆ ਗਿਆ ਹੋਵੇ ਪਰ ਉਸਨੇ ਚਿਹਰੇ ਉੱਤੇ ਕੋਈ ਸ਼ਿਕਨ ਨਹੀਂ ਆਉਣ ਦਿੱਤਾ, “ਕੁਲਹਿਣੇ ਸਮੇਂ ਨੇ ਪਿੱਛਾ ਨਹੀਂ ਛੱਡਿਆ। ਲੜਕੀ ਬਾਰਾਂ ਸਾਲ ਦੀ ਹੋ ਕੇ ਗੁਜ਼ਰ ਗਈ …। ਵੱਡਾ ਲੜਕਾ ਨਿੱਤ ਦਾ ਸ਼ਰਾਬੀ … ਛੋਟਾ ਜੁਆਰੀ। ਲਾਜਪਤ ਨਗਰ ਦੋ ਕਮਰਿਆਂ ਦਾ ਘਰ ਖਰੀਦਿਆ ਸੀ … ਵਿਕ ਗਿਆ। ਦੋਵੇਂ ਜਹਾਨੋਂ ਕੂਚ ਕਰ ਗਏ …।” ਦਰਦ-ਭਿੰਨੀ ਵਾਰਤਾ ਨੇ ਮਾਹੌਲ ਗਮਗੀਨ ਕਰ ਦਿੱਤਾ। ਪਰ ਬਾਪੂ ਦੀ ਜਿਵੇਂ ਸਹਿਜ-ਮਤੇ ਇਸ ਤ੍ਰਾਸਦੀ ਨੂੰ ਜਰਨ ਦੀ ਆਦਤ ਬਣ ਗਈ ਹੋਵੇ।
“ਜ਼ਿੰਦਗੀ ਨੇ ਬਹੁਤ ਜ਼ਖਮ ਦਿੱਤੇ, ਕਦੇ ਗਿਲਾ ਨਹੀਂ ਹੋਇਆ?” ਮੈਂ ਬਾਪੂ ਦੀ ਜ਼ਿੰਦਗੀ ਦੀ ਢਲਦੀ ਸ਼ਾਮ ਵੱਲ ਦੇਖ ਅਗਲਾ ਸਵਾਲ ਕੀਤਾ।
“ਜੇ ਚੰਗੇ ਦਿਨ ਨਹੀਂ ਰਹੇ ਤਾਂ ਮਾੜੇ ਵੀ ਨਹੀਂ ਰਹਿਣੇ। ਦੋਂਹ ਵੇਲਿਆਂ ਦੀ ਰੋਟੀ ਮਿਲੀ ਜਾਂਦੀ ਏ …। ਝੋਰਾ ਕਿਸ ਗੱਲ ਦਾ ਕਰਨਾ ਸੂ …।”
ਹਨੇਰਾ ਪਸਰਨ ਲੱਗਿਆ ਤਾਂ ਮੱਘਰ ਸਿਹੁੰ ਨੇ ਰੇੜ੍ਹੇ ਦਾ ਮੂੰਹ ਮੋੜ ਲਿਆ। ਮੈਂ ਨਾਲ ਦੀ ਫੜੀ ਵਾਲੇ ਰਾਜੂ ਨੂੰ ਬਾਪੂ ਦੀ ‘ਚੜ੍ਹਦੀ ਕਲਾ’ ਦਾ ਰਾਜ਼ ਪੁੱਛਿਆ।
“… ਦਾਰ ਜੀ ਨੇ ਅਜੇ ਮੰਜੇ ’ਤੇ ਪਏ ਅਪਾਹਜ ਪੋਤੇ ਦਾ ਕਰਜ਼ਾ ਉਤਾਰਨੈ ਸ਼ਾਇਦ …।” ਦੱਸਣ ਸਾਰ ਰਾਜੂ ਦੀਆਂ ਅੱਖਾਂ ਵਿੱਚੋਂ ਹੰਝੂ ਟਪਕ ਪਏ।
ਹੌਲੀ ਹੌਲੀ ਕਦਮਾਂ ਨਾਲ ਘਰ ਵੱਲ ਤੁਰੇ ਜਾਂਦੇ ਬਾਪੂ ਮੱਘਰ ਸਿਹੁੰ ਵੱਲ ਦੇਖ ਮੈਂ ਸੋਚ ਰਿਹਾ ਸੀ ਕਿ ਸਾਡਾ ਪੁਰਾਣਿਕ ਕਥਾਵਾਂ ਵਾਲਾ ‘ਧਰਤੀ ਹੇਠਲਾ ਬਲਦ’ ਇੰਨਾ ਭਾਰ ਚੁੱਕ ਸਕਦਾ ਹੈ ਕਿ ਨਹੀਂ?
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































