“ਦਾਜ ਵਿੱਚ ਦੇਣ ਵਾਲੇ ਕੀਮਤੀ ਸੂਟ, ਗਹਿਣੇ ਗੱਟੇ ਸਭ ਕੁਝ ਪਾਣੀ ਰੋੜ ਕੇ...”
(6 ਨਵੰਬਰ 2025)
ਸਵੇਰ ਦਾ ਦ੍ਰਿਸ਼
ਅਗਸਤ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਅੱਧ ਤਕ ਪੰਜਾਬੀਆਂ ਨੂੰ ਹੜ੍ਹਾਂ ਦੇ ਕਹਿਰ ਨੇ ਬੁਰੀ ਤਰ੍ਹਾਂ ਝੰਬ ਦਿੱਤਾ। ਪੁੱਤਾਂ ਵਾਂਗ ਪਾਲੀਆਂ ਫਸਲਾਂ ਹੜ੍ਹਾਂ ਦੇ ਪਾਣੀ ਨਾਲ ਢਹਿ ਢੇਰੀ ਹੋ ਗਈਆਂ। ਪਸ਼ੂ ਧਨ ਦਾ ਵੀ ਬੇਪਨਾਹ ਨੁਕਸਾਨ ਹੋਇਆ। ਕਿਰਸਾਨ, ਕਿਰਤੀ ਵਰਗ, ਦੁਕਾਨਦਾਰ ਹਰ ਤਬਕਾ ਹੀ ਇਨ੍ਹਾਂ ਹੜ੍ਹਾਂ ਕਾਰਨ ਘਰੋਂ ਬੇਘਰ ਹੋ ਗਏ। ਬਹੁਤ ਸਾਰੇ ਪੰਜਾਬੀਆਂ ਨੇ ਰੇਤ ਦੀਆਂ ਬੋਰੀਆਂ ਭਰ ਕੇ ਪਾਣੀ ਦੇ ਵਹਾਅ ਨੂੰ ਠੱਲ੍ਹਣ ਦੀ ਕੋਸ਼ਿਸ਼ ਕੀਤੀ। ਇੰਜ ਪਾਣੀ ਦੇ ਆਪ ਮੁਹਾਰੇ ਵਹਿੰਦੇ ਪਾਣੀ ਨਾਲ ਮੱਥਾ ਲਾ ਕੇ ਆਈ ਮੁਸੀਬਤ ਦਾ ਸਾਹਮਣਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਰਹੇ। ਇਸ ਦੁੱਖ ਦੀ ਘੜੀ ਵਿੱਚ ਪੰਜਾਬੀ ਇੱਕ ਦੂਜੇ ਦੀ ਮਦਦ ਵਿੱਚ ਜੁਟੇ ਰਹੇ। ਗੁਆਂਢੀ ਪ੍ਰਾਂਤਾਂ ਤੋਂ ਵੀ ਲੋਕ ਟਰੱਕਾਂ, ਟਰਾਲੀਆਂ ਅਤੇ ਹੋਰ ਸਾਧਨਾਂ ਰਾਹੀਂ ਰਾਹਤ ਸਮੱਗਰੀ ਲੈ ਕੇ ਆਏ। ਪਾਣੀ ਵਿੱਚ ਘਿਰੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਪਹੁੰਚਾਇਆ। ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਵੀ ਕੀਤਾ। ਸਮਾਜ ਸੇਵੀ ਸੰਸਥਾਵਾਂ, ਕਾਰ ਸੇਵਾ ਵਾਲੇ ਭਲੇ ਪੁਰਸ਼, ਹੋਰ ਪਰਉਪਕਾਰੀ ਲੋਕ, ਫੌਜ ਦੇ ਜਵਾਨ, ਪੁਲਿਸ ਪ੍ਰਸ਼ਾਸਨ ਸਭ ਹੜ੍ਹ ਪੀੜਿਤਾਂ ਦੀ ਹਰ ਸੰਭਵ ਮਦਦ ਕਰ ਰਹੇ ਸਨ। ਉਹਨਾਂ ਦੇ ਕੰਮ ਆਉਣ ਦੇ ਜਜ਼ਬੇ, ਜਾਨ ਦੀ ਪਰਵਾਹ ਨਾ ਕਰਦਿਆਂ ਸ਼ੂਕਦੇ ਪਾਣੀ ਵਿੱਚ ਤੈਰ ਕੇ ਪਾਣੀ ਵਿੱਚ ਘਿਰੇ ਲੋਕਾਂ ਨੂੰ ਸੁਰੱਖਿਅਤ ਕੱਢਣ ਅਤੇ ਉਹਨਾਂ ਲਈ ਲੰਗਰ ਪਾਣੀ ਦੇ ਪ੍ਰਬੰਧ ਕਰਨ ਤੋਂ ਮਹਿਸੂਸ ਹੁੰਦਾ ਸੀ ਕਿ ਪੰਜਾਬ ਟੁੱਟਿਆ ਨਹੀਂ, ਜੁਟਿਆ ਹੋਇਆ ਹੈ।
ਕੁਝ ਅਖੌਤੀ ਸਮਾਜ ਸੇਵਕਾਂ ਨੇ ਇਸ ਦੁੱਖ ਦੀ ਘੜੀ ਵਿੱਚ ਹੜ੍ਹ ਪੀੜਿਤਾਂ ਨੂੰ ਥੋੜ੍ਹਾ ਮੋਟਾ ਸਮਾਨ ਵੰਡਣ ਵੇਲੇ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਪਾ ਕੇ ਆਪਣੇ ਮਹਾਨ ਪੁਰਉਕਾਰੀ ਹੋਣ ਦਾ ਢੰਡੋਰਾ ਵੀ ਪਿੱਟਿਆ। ਉਸ ਵੇਲੇ ਮਦਦ ਲੈਣ ਵਾਲਿਆਂ ਦੀ ਮਾਨਸਿਕਤਾ ਇਸ ਤਰ੍ਹਾਂ ਦੀ ਸੀ:
ਕਿਲੋ ਖੰਡ ਤੇ ਕਿਲੋ ਆਟਾ, ਸਾਡੇ ਹੱਥ ਫੜਾ ਕੇ।
ਅੰਨ ਦਾਤਾ ਉਹ ਬਣ ਜਾਂਦੇ ਨੇ ਇੱਕ ਫੋਟੋ ਖਿਚਵਾ ਕੇ।
ਸਿਆਸੀ ਲੋਕਾਂ ਨੇ ਰਾਸ਼ਨ ਵਾਲੇ ਥੈਲਿਆਂ ’ਤੇ ਆਪਣੀ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਵਾਲੀ ਫੋਟੋ ਲਾ ਕੇ ਰਾਸ਼ਨ ਵੰਡਦਿਆਂ ਪੀੜੋ ਪੀੜ ਹੋਏ ਲੋਕਾਂ ਤੋਂ ਸਿਆਸੀ ਲਾਹਾ ਲੈਣ ਵਿੱਚ ਕੋਈ ਕਸਰ ਨਹੀਂ ਛੱਡੀ। ਅਜਿਹੀ ਸਥਿਤੀ ਵਿੱਚ ਨੌਜਵਾਨਾਂ ਦੇ ਕਾਫਲੇ ਕਿਸ਼ਤੀਆਂ ਵਿੱਚ ਲੋੜੀਂਦਾ ਸਮਾਨ ਧਰਕੇ ਹੜ੍ਹਾਂ ਦੀ ਮਾਰ ਹੇਠ ਆਏ ਘਰਾਂ ਵਿੱਚ ਪਹੁੰਚ ਰਹੇ ਸਨ। ਅੱਠ ਨੌਂ ਫੁੱਟ ਪਾਣੀ ਵਿੱਚ ਘਿਰੇ ਲੋਕਾਂ ਨੇ ਛੱਤ ’ਤੇ ਆਸਰਾ ਲਿਆ ਹੋਇਆ ਸੀ, ਜਾਂ ਫਿਰ ਕਈਆਂ ਦਾ ਛੱਤ ’ਤੇ ਪਾਇਆ ਚੁਬਾਰਾ ਉਹਨਾਂ ਲਈ ਢੋਈ ਬਣਿਆ। ਅਜਿਹੇ ਹੀ ਪਾਣੀ ਵਿੱਚ ਘਿਰੇ ਇੱਕ ਘਰ ਵਿੱਚ ਨੌਜਵਾਨ ਕਿਸ਼ਤੀ ਰਾਹੀਂ ਪੁੱਜ ਗਏ। ਉਸ ਘਰ ਵਿੱਚ ਬਜ਼ੁਰਗ ਮਰਦ, ਔਰਤ ਅਤੇ ਉਹਨਾਂ ਦੀ ਜਵਾਨ ਧੀ ਆਸਵੰਦ ਨਜ਼ਰਾਂ ਨਾਲ ਆਲੇ ਦੁਆਲੇ ਵੱਲ ਦੇਖ ਰਹੇ ਸਨ। ਉਨ੍ਹਾਂ ਦੇ ਚਿਹਰਿਆਂ ’ਤੇ ਚਿੰਤਾ ਦੇ ਨਿਸ਼ਾਨ ਸਨ। ਪੰਜ ਛੇ ਜਵਾਨਾਂ ਦਾ ਕਾਫਲਾ ਲੋੜੀਂਦਾ ਰਾਸ਼ਨ ਲੈ ਕੇ ਉਹਨਾਂ ਕੋਲ ਪੁੱਜ ਗਿਆ। ਨੌਜਵਾਨਾਂ ਨੇ ਉਹਨਾਂ ਨੂੰ ਹੌਸਲਾ ਦਿੰਦਿਆਂ ਕਿਹਾ, “ਫਿਕਰ ਕਰਨ ਨਾਲ ਕੁਝ ਨਹੀਂ ਬਣਨਾ। ਹੌਸਲਾ ਰੱਖੋ, ਮੁਸੀਬਤਾਂ ਬੰਦਿਆਂ ’ਤੇ ਹੀ ਆਉਂਦੀਆਂ ਨੇ। ਇਸਦਾ ਹੱਲ ਵੀ ਆਪਾਂ ਰਲਮਿਲ ਕੇ ਹੀ ਕਰਨਾ ਹੈ। ਪਾਣੀ ਦਾ ਸੁਭਾਅ ਹੈ ਕਿ ਜਿਸ ਤੇਜ਼ੀ ਨਾਲ ਚੜ੍ਹਦਾ ਹੈ, ਉਸੇ ਤੇਜ਼ੀ ਨਾਲ ਉੱਤਰਦਾ ਵੀ ਹੈ। ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਮੁਸੀਬਤਾਂ ਨਾਲ ਆਢਾ ਲਾਉਣਾ ਵੀ ਸਿਖਾਇਆ ਹੈ ਅਤੇ ਬਲ ਵੀ ਬਖਸ਼ਿਆ ਹੈ। ਥੋਨੂੰ ਜਿਹੜੀ ਚੀਜ਼ ਦੀ ਹੋਰ ਲੋੜ ਹੈ, ਉਹ ਸਾਨੂੰ ਦੱਸੋ, ਅਸੀਂ ਹੁਣੇ ਹੀ ਦੁਹਰਾ ਗੇੜਾ ਲਾਕੇ ਤੁਹਾਨੂੰ ਪਹੁੰਚਾ ਦਿੰਦੇ ਹਾਂ। ਹਾਲ ਦੀ ਘੜੀ ਇਹ ਸਮਾਨ ਤਾਂ ਰੱਖੋ।”
ਨੌਜਵਾਨਾਂ ਦੇ ਹਮਦਰਦੀ ਭਰੇ ਬੋਲ ਸੁਣ ਕੇ ਜਵਾਨ ਕੁੜੀ ਭੁੱਬੀਂ ਰੋ ਪਈ। ਉਸਨੇ ਹਟਕੋਰੇ ਭਰਦਿਆਂ ਕਿਹਾ, “ਵੀਰੋ, ਮੇਰੇ ਮਾਂ ਬਾਪ ਨੇ ਤਿਣਕਾ ਤਿਣਕਾ ਜੋੜ ਕੇ ਮੇਰੇ ਦਾਜ ਦਾ ਸਮਾਨ ਇਕੱਠਾ ਕੀਤਾ ਸੀ। ਸਾਰਾ ਕੁਝ ਹੀ ਪਾਣੀ ਵਿੱਚ ਰੁੜ੍ਹ ਗਿਆ।” ਫਿਰ ਘਰ ਦੇ ਬਜ਼ੁਰਗ ਨੇ ਨੈਣਾਂ ਦੇ ਕੋਇਆਂ ਵਿੱਚ ਵਹਿੰਦੇ ਖੂਨ ਦੇ ਅੱਥਰੂ ਪੂੰਝਦਿਆਂ ਕਿਹਾ, “ਮੇਰੀ ਧੀ ਮੰਗੀ ਹੋਈ ਹੈ। ਦੇਣ ਲੈਣ ਦਾ ਸਮਾਨ ਅਤੇ ਕੁੜੀ ਨੂੰ ਦਾਜ ਵਿੱਚ ਦੇਣ ਵਾਲੇ ਕੀਮਤੀ ਸੂਟ, ਗਹਿਣੇ ਗੱਟੇ ਸਭ ਕੁਝ ਪਾਣੀ ਰੋੜ ਕੇ ਲੈ ਗਿਆ। ਹੁਣ ਕੁੜੀ ਦੇ ਹੱਥ ਪੀਲੇ ਕਰਨ ਦੀ ਚਿੰਤਾ ਵੱਢ ਵੱਢ ਖਾ ਰਹੀ ਹੈ।”
ਬਜ਼ੁਰਗ ਅਤੇ ਕੁੜੀ ਦੀ ਦਰਦ ਭਰੀ ਵਿਥਿਆ ਸੁਣ ਕੇ ਨੌਜਵਾਨਾਂ ਨੇ ਇੱਕ ਦੂਜੇ ਵੱਲ ਦੇਖਿਆ ਅਤੇ ਫਿਰ ਨਜ਼ਰਾਂ ਰਾਹੀਂ ਹੀ ਸਹਿਮਤੀ ਹੋਣ ਤੋਂ ਬਾਅਦ ਕੁੜੀ ਦੇ ਸਿਰ ਤੇ ਹੱਥ ਰੱਖ ਕੇ ਕਿਹਾ, “ਫਿਕਰ ਨਾ ਕਰ ਭੈਣੇ, ਤੇਰੇ ਵੀਰ ਸਾਹਮਣੇ ਖੜ੍ਹੇ ਨੇ। ਅਸੀਂ ਧੂਮਧਾਮ ਨਾਲ ਕਰਾਂਗੇ ਤੇਰਾ ਵਿਆਹ। ਗਹਿਣਾ ਗੱਟਾ, ਦਾਜ ਦਾ ਸਮਾਨ, ਬਰਾਤ ਦੀ ਸੇਵਾ ਸਭ ਕੁਝ ਸਾਡੀ ਜ਼ਿੰਮੇਵਾਰੀ ਹੈ।”
ਫਿਰ ਬਜ਼ੁਰਗ ਮਰਦ ਅਤੇ ਔਰਤ ਨੂੰ ਹੌਸਲਾ ਦਿੰਦਿਆਂ ਕਿਹਾ, “ਪਾਣੀ ਉੱਤਰਨ ਤੋਂ ਬਾਅਦ ਵਿਆਹ ਦੀ ਤਰੀਕ ਰੱਖ ਲਵੋ। ਅਸੀਂ ਹਫਤਾ ਪਹਿਲਾ ਆ ਕੇ ਸਾਰੀਆਂ ਤਿਆਰੀਆਂ ਆਪ ਕਰਾਂਗੇ। ਆਪਣੀ ਭੈਣ ਦੀ ਡੋਲੀ ਵੀ ਅਸੀਂ ਵਿਦਾਅ ਕਰਾਂਗੇ।”
ਫਿਰ ਉਹਨਾਂ ਨੇ ਕਾਗਜ਼ ’ਤੇ ਆਪਣਾ ਪਤਾ ਅਤੇ ਮੋਬਾਇਲ ਨੰਬਰ ਲਿਖ ਕੇ ਉਹਨਾਂ ਨੂੰ ਦਿੰਦਿਆਂ ਕਿਹਾ, “ਅਸੀਂ ਛੇਤੀ ਹੀ ਫਿਰ ਗੇੜਾ ਮਾਰਾਂਗੇ। ਤੁਸੀਂ ਬਿਲਕੁਲ ਨਹੀਂ ਡੋਲਣਾ।”
ਇਹ ਸੁਣਦਿਆਂ ਹੀ ਬਜ਼ੁਰਗ ਜੋੜੇ ਦੇ ਨਾਲ ਨਾਲ ਕੁੜੀ ਦੇ ਚਿਹਰੇ ਤੇ ਵੀ ਮੁਸਕਰਾਹਟ ਆ ਗਈ। ਆਦਰ ਨਾਲ ਹੱਥ ਜੋੜਨ ਤੋਂ ਬਾਅਦ ਨੌਜਵਾਨ ਕਿਸ਼ਤੀ ਵਿੱਚ ਬੈਠ ਗਏ। ਬਜ਼ੁਰਗ ਜੋੜਾ ਮਹਿਸੂਸ ਕਰ ਰਿਹਾ ਸੀ ਜਿਵੇਂ ਪਾਣੀ ਵਿੱਚ ਘਿਰੇ ਘਰ ਵਿੱਚ ਹੁਣੇ ਹੁਣੇ ਰੱਬ ਬਹੁੜਿਆ ਹੋਵੇ।
ਕੁੜੀ ਡਾਢੇ ਹੀ ਮੋਹ ਨਾਲ ਕਿਸ਼ਤੀ ਵਿੱਚ ਬੈਠੇ ਆਪਣੇ ਵੀਰਾਂ ਵੱਲ ਦੇਖ ਰਹੀ ਸੀ।
ਕਿਸ਼ਤੀ ਵਿੱਚ ਬੈਠਾ ਨੌਜਵਾਨਾਂ ਦਾ ਕਾਫਲਾ ਹੌਸਲੇ, ਵਿਸ਼ਵਾਸ ਅਤੇ ਹਿੰਮਤ ਨਾਲ ਕਿਸੇ ਹੋਰ ਹੜ੍ਹ ਪੀੜਿਤ ਦੇ ਘਰ ਵੱਲ ਵਧ ਰਿਹਾ ਸੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (