“ਅਗਲੇ ਦਿਨ ਪਿੰਡ ਦੀ ਫਿਰਨੀ ਦੇ ਚਾਰੇ ਖੂੰਜਿਆਂ ’ਤੇ ਬੋਰਡ ਲਾ ਦਿੱਤੇ ਗਏ ...ਵੋਟਾਂ ਮੰਗਣ ਵਾਲੇ ...”
(18 ਦਸੰਬਰ 2021)
ਪਿੰਡ ਦੀ ਸੱਥ ਵਿੱਚ ਬੈਠੇ ਬਜ਼ੁਰਗ ਵੱਖ ਵੱਖ ਪਾਰਟੀਆਂ ਵੱਲੋਂ ਚੋਣਾਂ ਸਮੇਂ ਕੀਤੇ ਦਾਅਵੇ ਅਤੇ ਵਾਅਦਿਆਂ ਸਬੰਧੀ ਚਰਚਾ ਕਰ ਰਹੇ ਸਨ। ਕੀਤੇ ਐਲਾਨਾਂ ਅਨੁਸਾਰ ਕੋਈ ਇੱਕ ਪਾਰਟੀ ਨੂੰ ਵਧੀਆ ਕਹਿੰਦਾ ਸੀ ਅਤੇ ਦੂਜਾ ਦੂਸਰੀ ਪਾਰਟੀ ਨੂੰ। ਇੱਕ ਬਜ਼ੁਰਗ ਚਟਖਾਰੇ ਲੈਂਦਿਆਂ ਕਹਿ ਰਿਹਾ ਸੀ, “ਊਂ ਇਹ ਵੱਡੇ ਖੱਬੀ ਖਾਨ ਜਦੋਂ ਵੋਟਾਂ ਪਿੱਛੇ ਲੇਲ੍ਹੜੀਆਂ ਕੱਢਦੇ ਨੇ, ਜਵਾਕਾਂ ਦੀਆਂ ਨਲੀਆਂ ਪੂੰਝਣ ਤਕ ਜਾਂਦੇ ਨੇ। ਬਾਣ ਵਾਲੇ ਮੰਜੇ ’ਤੇ ਬਹਿ ਕੇ ਹਮਦਰਦੀ ਜਿਤਾਉਂਦੇ ਨੇ। ਬੁੜ੍ਹੀਆਂ ਦੇ ਪੈਰੀਂ ਹੱਥ ਲਾਉਣ ਲੱਗਿਆਂ ਪੈਰਾਂ ’ਤੇ ਡਿਗਣ ਤਕ ਜਾਂਦੇ ਨੇ ਤਾਂ ਨਜ਼ਾਰਾ ਜਿਹਾ ਆ ਜਾਂਦਾ ਹੈ। ਫਸਲੀ ਬਟੇਰਿਆਂ ਦੀ ਤਰ੍ਹਾਂ ਵੋਟਾਂ ਵੇਲੇ ਹੀ ਗੇੜਾ ਮਾਰਦੇ ਨੇ, ਊਂ ਤਾਂ ਹਰਲ ਹਰਲ ਕਰਦੀਆਂ ਇਨ੍ਹਾਂ ਦੀਆਂ ਸਰਕਾਰੀ ਗੱਡੀਆਂ ਲੋਕਾਂ ’ਤੇ ਧੂੜ ਪਾਉਂਦੀਆਂ ਫਿਰਦੀਆਂ ਰਹਿੰਦੀਆਂ ਨੇ। ਕਿਸੇ ਨੂੰ ਡੇਲਿਆਂ ਵੱਟੇ ਨਹੀਂ ਸਿਆਣਦੇ।”
ਇੱਕ ਹੋਰ ਬਜ਼ੁਰਗ ਨੇ ਆਪਣੇ ਝੁਰੜੀਆਂ ਭਰੇ ਚਿਹਰੇ ’ਤੇ ਹੱਥ ਫੇਰਦਿਆਂ ਨਿਰਾਸ਼ ਜਿਹਾ ਹੋ ਕੇ ਕਿਹਾ, “ਮੈਂ ਆਪਣੇ 16 ਜਮਾਤਾਂ ਪਾਸ ਪੋਤੇ ਲਈ ਕੋਈ ਛੋਟੀ ਮੋਟੀ ਨੌਕਰੀ ਦਿਵਾਉਣ ਵਾਸਤੇ ਐੱਮ.ਐੱਲ.ਏ. ਦੀ ਕੋਠੀ 5-6 ਵਾਰ ਕੁੱਤੇ ਭਕਾਈ ਕੀਤੀ ਐ। ਕਈ ਵਾਰ ਤਾਂ ਸੰਤਰੀ ਕਹਿ ਦਿੰਦੇ, ਬਈ ਸਾਹਿਬ ਚੰਡੀਗੜ੍ਹ ਗਿਆ ਹੋਇਆ ਹੈ। ਦੋ ਵਾਰ ਕੋਠੀ ਵਿੱਚ ਹੈਗਾ ਸੀ, ਪਰ ਸੰਤਰੀ ਨੇ ਅੰਦਰ ਨਹੀਂ ਜਾਣ ਦਿੱਤਾ। ਕਹਿੰਦਾ, ਅੰਦਰ ਮੀਟਿੰਗ ਚੱਲਦੀ ਐ, ਮਿਲਣ ਤੋਂ ਰੋਕਿਆ ਹੋਇਆ ਹੈ। ਹੁਣ ਸੁਣਿਆ ਹੈ ਬਈ ਕੋਠੀ ਵਿੱਚ ਲੋਕਾਂ ਵਾਸਤੇ ਲੰਗਰ ਲਾਇਆ ਹੋਇਆ ਹੈ। ਆਇਆਂ-ਗਿਆਂ ਨੂੰ ਹੱਥ ਜੋੜ ਕੇ ਕੰਮ ਧੰਦੇ ਬਾਰੇ ਪੁੱਛ ਕੇ ਖੇਖਣ ਜਿਹੇ ਕਰਦਾ ਹੈ। ਜਿਹੜਾ ਵਲੈਤੀ ਕੁੱਤਾ ਲੋਕਾਂ ਨੂੰ ਭੋਕਣ ਵਾਸਤੇ ਰੱਖਿਆ ਹੋਇਆ ਸੀ, ਉਹ ਵੀ ਹੁਣ ਕੋਠੀ ਦੇ ਪਿਛਲੇ ਪਾਸੇ ਬੰਨ੍ਹਣ ਲੱਗ ਗਿਆ। ਕਹਿੰਦਾ ਕਿਤੇ ਵੋਟਰ ਨਾ ਨਰਾਜ਼ ਹੋ ਜਾਣ।”
ਫਿਰ ਇੱਕ ਹੋਰ ਬਜ਼ੁਰਗ ਨੇ ਗੱਲ ਛੇੜੀ, “ਪਿਛਲੇ ਸਾਲ ਕਰੋਨਾ ਮਹਾਂਮਾਰੀ ਵਿੱਚ ਕੋਈ ਬਹੁੜਿਐ ਆ ਕੇ? ਪੁੱਛਿਐ ਕਿਸੇ ਲੀਡਰ ਨੇ ਆਪਣਾ ਹਾਲ? ਕਿੰਨੇ ਲੋਕ ਰੋਜ਼ੀ-ਰੋਟੀ ਵਾਸਤੇ ਤਰਸਦੇ ਰਹੇ ਨੇ? ਜਿਹੜੇ ਵਿਚਾਰੇ ਹਰ ਰੋਜ਼ ਕਮਾ ਕੇ ਚੁੱਲ੍ਹਾ ਬਾਲਦੇ ਸੀ, ਉਨ੍ਹਾਂ ਦੇ ਕੰਮ ਧੰਦੇ ਛੁੱਟ ਗਏ। ਪਿੰਡਾਂ ਤੇ ਸ਼ਹਿਰਾਂ ਵਿੱਚ ਸੁੰਨ ਪਈ ਹੋਈ ਸੀ। ਭਲੇ ਲੋਕਾਂ ਨੇ ਤਾਂ ਲੰਗਰ ਦਾ ਪ੍ਰਬੰਧ ਕੀਤਾ ਹੈ ਪਰ ਇਹ ਆਪਣੀਆਂ ਸਰਕਾਰੀ ਗੱਡੀਆਂ ਦੇ ਹੂਟਰ ਮਾਰਦੇ ਚੰਡੀਗੜ੍ਹ ਅਤੇ ਹੋਰ ਸ਼ਹਿਰਾਂ ਦੇ ਗੇੜੇ ਤਾਂ ਮਾਰਦੇ ਰਹੇ ਨੇ, ਕਿਸੇ ਗਰੀਬ-ਗੁਰਬੇ ਦੀ ਸਾਰ ਨਹੀਂ ਲਈ। ਭਲਾ ਜਿਹੜੇ ਦੁੱਖ ਵੇਲੇ ਨਾ ਬਹੁੜਨ, ਇਹੋ ਜਿਹੇ ਲੀਡਰਾਂ ਤੋਂ ਤਾਂ ਊਂਈਂ ਚੰਗੇ।” ਬਜ਼ੁਰਗ ਦੇ ਅੱਕੇ ਹੋਏ ਸ਼ਬਦਾਂ ਦੀ ਹੋਰਾਂ ਨੇ ਵੀ ਹਾਮੀ ਭਰੀ।
ਸੱਥ ਵਿੱਚ ਇੱਕ ਪੜ੍ਹਿਆ-ਲਿਖਿਆ ਚੰਨਣ ਸਿੰਘ ਨਾਂ ਦਾ ਬਜ਼ੁਰਗ ਵੀ ਬੈਠਾ ਸੀ, ਜਿਹਨੇ ਜਵਾਨੀ ਪਹਿਰੇ ਫੌਜ ਦੀ ਨੌਕਰੀ ਕਰਨ ਉਪਰੰਤ ਸ਼ਹਿਰ ਦੇ ਬੈਂਕ ਵਿੱਚ ਵੀ ਨੌਕਰੀ ਕੀਤੀ ਸੀ। ਦੁਨਿਆਵੀ ਉਤਰਾ ਚੜ੍ਹਾਅ ਅਤੇ ਸਿਆਸੀ ਲੋਕਾਂ ਦੇ ਦਾਅ ਪੇਚਾਂ ਤੋਂ ਉਹ ਕਾਫੀ ਵਾਕਫ ਸੀ। ਉਸ ਨੇ ਆਪਣਾ ਗਲਾ ਸਾਫ ਕਰਦਿਆਂ ਗੰਭੀਰ ਹੋ ਕੇ ਕਿਹਾ, “ਦੇਸ਼ ਨੂੰ ਆਜ਼ਾਦ ਹੋਇਆਂ 75 ਸਾਲ ਹੋ ਗਏ ਨੇ। ਆਜ਼ਾਦੀ ਪ੍ਰਾਪਤ ਕਰਨ ਲਈ ਕੁਰਬਾਨੀਆਂ ਦੇਣ ਵਿੱਚ ਪੰਜਾਬੀ ਸਭ ਤੋਂ ਮੁਹਰੇ ਰਹੇ ਨੇ। ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਵਰਗਿਆਂ ਨੇ ਹੱਸ ਕੇ ਫਾਂਸੀ ਦਾ ਰੱਸਾ ਚੁੰਮਿਆ। ਇਹੋ ਜਿਹੇ ਸ਼ੇਰਾਂ ਨੇ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਕੱਢ ਕੇ ਗੁਲਾਮੀ ਦੀਆਂ ਜ਼ੰਜੀਰਾਂ ਤੋੜੀਆਂ। ਮਾੜੀ ਜਿਹੀ ਨਜ਼ਰ ਮਾਰੋ, ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਰਾਜ-ਭਾਗ ਸੋਂਪਦੇ ਹਾਂ, ਉਨ੍ਹਾਂ ਦੇ ਖਾਨਦਾਨ ਵਿੱਚੋਂ ਕਿਸੇ ਨੇ ਦੇਸ਼ ਲਈ ਕੁਰਬਾਨੀ ਦਿੱਤੀ? ਸਭ ਲੋਟੂ ਇਕੱਠੇ ਹੋਏ ਨੇ। ਹੁਣ ਤਾਂ ਸਾਰੀਆਂ ਪਾਰਟੀਆਂ ਹੀ ਟਿਕਟ ਉਨ੍ਹਾਂ ਨੂੰ ਦਿੰਦੀਆਂ ਨੇ ਜਿਹੜੇ ਪਾਰਟੀ ਨੂੰ ਕਰੋੜਾਂ ਰੁਪਏ ਚੋਣ ਫੰਡ ਦੇਣ ਅਤੇ ਲਾਰਿਆਂ, ਵਾਅਦਿਆਂ ਅਤੇ ਨਿੱਕ-ਸੁੱਕ ਜਿਹਾ ਦੇ ਕੇ ਲੋਕਾਂ ਨੂੰ ਮਗਰ ਲਾ ਕੇ ਵੋਟਾਂ ਬਟੋਰਨ ਵਿੱਚ ਮਾਹਰ ਹੋਣ।”
ਬਜ਼ੁਰਗ ਦੀਆਂ ਗਲਾਂ ਸੁਣ ਕੇ ਆਲੇ-ਦੁਆਲਿਉਂ ਹੋਰ ਲੋਕ ਵੀ ਆ ਗਏ। ਦੋ ਚਾਰ ਪੜ੍ਹੇ ਲਿਖੇ ਨੌਜਵਾਨ ਮੁੰਡਿਆਂ ਵੱਲ ਇਸ਼ਾਰਾ ਕਰਦਿਆਂ ਚੰਨਣ ਸਿੰਘ ਨੇ ਗੱਲ ਨੂੰ ਅਗਾਂਹ ਤੋਰਿਆ, “ਸਾਡੇ ਨੌਜਵਾਨ ਮੁੰਡੇ-ਕੁੜੀਆਂ ਦਾ ਤਾਂ ਪੰਜਾਬ ਨਾਲ ਹੁਣ ਮੋਹ ਨਹੀਂ ਰਿਹਾ। ਹਰ ਸਾਲ 70-80 ਹਜ਼ਾਰ ਕੁੜੀਆਂ ਅਤੇ ਮੁੰਡੇ ਜਹਾਜ਼ਾਂ ’ਤੇ ਚੜ੍ਹ ਕੇ ਦੂਜੇ ਦੇਸ਼ਾਂ ਨੂੰ ਜਾ ਰਹੇ ਨੇ। ਇੱਕ ਮੁੰਡੇ ਦੇ ਭੇਜਣ ਤੇ 15-20 ਲੱਖ ਰੁਪਇਆ ਖਰਚ ਹੋ ਰਿਹਾ ਹੈ। ਤੁਸੀਂ ਅੰਦਾਜ਼ਾ ਲਾ ਲਵੋ, ਪੰਜਾਬ ਦਾ ਅਰਬਾਂ ਰੁਪਇਆ ਦੂਜੇ ਦੇਸ਼ਾਂ ਨੂੰ ਜਾ ਰਿਹਾ ਹੈ। ਸਾਡੇ ਮੁੰਡੇ-ਕੁੜੀਆਂ ਦੂਜੇ ਦੇਸ਼ਾਂ ਵਿੱਚ ਕੰਮ ਕਰਕੇ ਉਨ੍ਹਾਂ ਦੇਸ਼ਾਂ ਦੀ ਉੱਨਤੀ ਵਿੱਚ ਹਿੱਸਾ ਪਾ ਰਹੇ ਨੇ। ਇੱਧਰ ਅਸੀਂ ਖੁੰਗਲ ਹੁੰਦੇ ਜਾ ਰਹੇ ਹਾਂ। ਜਿਹੜੇ ਮੁੰਡੇ ਬਾਕੀ ਬਚ ਗਏ, ਉਹ ਨਸ਼ਿਆਂ ਦੀ ਦਲਦਲ ਵਿੱਚ ਧਸੇ ਪਏ ਨੇ। ਨਸ਼ਾ ਵੇਚਣ ਵਾਲੇ ਚਾਂਗਰਾਂ ਮਾਰਦੇ ਫਿਰਦੇ ਨੇ। ਇਨ੍ਹਾਂ ਨੂੰ ਕੋਈ ਹੱਥ ਨਹੀਂ ਪਾਉਂਦਾ। ਹੱਥ ਪਾਊਗਾ ਕੌਣ? ਲੀਡਰਾਂ ਦੀ ਛਤਰ ਛਾਇਆ ਹੇਠ ਤਾਂ ਇਹ ਧੰਦਾ ਚਲਦੈ।” ਬਜ਼ੁਰਗ ਨੇ ਹੌਕਾ ਭਰਕੇ ਗੱਲ ਨੂੰ ਅਗਾਂਹ ਤੋਰਿਆ, “ਆਲੇ-ਦੁਆਲੇ ਨਿਗ੍ਹਾ ਮਾਰ ਲਵੋ, ਲੀਡਰਾਂ ਦੀਆਂ ਕੋਠੀਆਂ ਵਿੱਚ ਤਾਂ ਗਲੀਚੇ ਵਿਛੇ ਨੇ, ਮਹਾਤੜਾਂ-ਤੁਮਾਤੜਾਂ ਦੇ ਘਰੇ ਵਿਛੇ ਨੇ ਸੱਥਰ।”
ਸੱਥ ਵਿੱਚ ਸੰਨ੍ਹਾਟਾ ਜਿਹਾ ਛਾ ਗਿਆ। ਸਾਰਿਆਂ ਦੇ ਚਿਹਰੇ ਗੰਭੀਰ ਹੋ ਗਏ। ਸਮੁੱਚੇ ਪੰਜਾਬ ਦਾ ਉਦਾਸ ਚਿਹਰਾ ਉਨ੍ਹਾਂ ਦੇ ਸਾਹਮਣੇ ਆ ਗਿਆ। ਉਸ ਚੇਤੰਨ ਬਜ਼ੁਰਗ ਨੇ ਗੱਲ ਦੀ ਤੰਦ ਨੂੰ ਜੋੜਦਿਆਂ ਕਿਹਾ, “ਤੁਹਾਨੂੰ ਛੋਟੀ ਜਿਹੀ ਕਹਾਣੀ ਸੁਣਾਉਂਦਾ ਹਾਂ। ਕਿਸੇ ਪਿੰਡ ਵਿੱਚ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ। ਦੋ ਦਿਨਾਂ ਤਕ ਬਰਾਤ ਆਉਣੀ ਸੀ। ਘਰ ਮੇਲ-ਗੇਲ ਆਇਆ ਹੋਇਆ ਸੀ। ਰਾਤ ਨੂੰ ਵਿਆਹ ਵਾਲੇ ਘਰ ਡਾਕੂ ਆ ਗਏ। ਬੰਦੂਕ ਦੀ ਨੋਕ ’ਤੇ ਵਿਆਹ ਵਾਲੀ ਕੁੜੀ ਦੇ ਗਹਿਣੇ, ਨਗਦ ਰਾਸ਼ੀ ਅਤੇ ਹੋਰ ਕੀਮਤੀ ਸਮਾਨ ਲੁੱਟ ਲਿਆ। ਜਾਣ ਵੇਲੇ ਡਾਕੂਆਂ ਨੇ ਵਿਆਹੁਲੀ ਕੁੜੀ ਦਾ ਸਿਰ ਪਲੋਸ ਕੇ ਉਸ ਨੂੰ 500 ਰੁਪਏ ਸ਼ਗਨ ਵਜੋਂ ਦੇ ਦਿੱਤੇ। ਸਵੇਰ ਵੇਲੇ ਜਦੋਂ ਪੁਲਿਸ ਪਹੁੰਚੀ ਤਾਂ ਘਰ ਦੇ ਜੀਅ ਕਹਿ ਰਹੇ ਸਨ, “ਡਾਕੂ ਭਾਵੇਂ ਗਹਿਣੇ ਗੱਟੇ ਲੁੱਟ ਕੇ ਲੈ ਗਏ, ਪਰ ਚੰਗੇ ਬਹੁਤ ਸਨ। ਜਾਣ ਲੱਗਿਆਂ ਕੁੜੀ ਨੂੰ 500 ਰੁਪਏ ਸ਼ਗਨ ਦੇ ਕੇ ਗਏ ਨੇ।” ਇਹੀ ਹਾਲ ਸਾਡਾ ਹੈ। ਇਹ ਲੀਡਰ ਪੰਜ ਸਾਲ ਸਾਨੂੰ ਲੁੱਟਦੇ ਨੇ। ਵੋਟਾਂ ਵੇਲੇ ਸ਼ਰਾਬਾਂ, ਭੁੱਕੀ, ਸਿਲਾਈ ਮਸ਼ੀਨਾਂ, ਭਾਂਡੇ, ਸਿਲੰਡਰ, ਆਟਾ-ਦਾਲ ਅਤੇ ਪੰਜ-ਚਾਰ ਸੌ ਰੁਪਏ ਨਗ਼ਦ ਦੇ ਕੇ ਸਾਨੂੰ ਮਗਰ ਲਾ ਲੈਂਦੇ ਨੇ। ਅਸੀਂ ਇਨ੍ਹਾਂ ਨੂੰ ਵੋਟਾਂ ਪਾ ਕੇ ਲੁੱਟਣ ਦਾ ਲਾਇਸੰਸ ਦੇ ਦਿੰਦੇ ਹਾਂ।”
ਰਾਤ ਨੂੰ ਪਿੰਡ ਦਾ ਭਰਵਾਂ ਇਕੱਠ ਹੋਇਆ। ਨੌਜਵਾਨ ਵਰਗ, ਔਰਤਾਂ ਅਤੇ ਮਰਦਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਚੰਨਣ ਸਿੰਘ ਨੂੰ ਵਿਚਾਲੇ ਬਿਠਾ ਕੇ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਸ਼ੁਰੂ ਹੋ ਗਿਆ। ਇਕੱਠ ਵਿੱਚ ਪਹਿਲਾਂ ਹੀ ਇਹ ਗੱਲ ਤੈਅ ਹੋ ਗਈ ਕਿ ਫੈਸਲਾ ਪਿੰਡ ਦੀ ਧੜੇਬੰਦੀ ਤੋਂ ਉੱਪਰ ਉੱਠ ਕੇ ਲੋਕ ਹਿਤ ਵਿੱਚ ਕੀਤਾ ਜਾਵੇਗਾ। ਜਦੋਂ ਲੋਕਾਂ ਨੇ ਉਸ ਸਿਆਣੇ ਬਜ਼ੁਰਗ ਚੰਨਣ ਸਿੰਘ ਨੂੰ ਆਪਣੀ ਗੱਲ ਰੱਖਣ ਲਈ ਕਿਹਾ ਤਾਂ ਉਸ ਨੇ ਆਪਣੀ ਚਿੱਟੀ ਦਾਹੜੀ ਤੇ ਹੱਥ ਫੇਰਦਿਆਂ ਗਲਾ ਸਾਫ ਕਰਦਿਆਂ ਕਿਹਾ, “32 ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਇਤਿਹਾਸਕ ਘੋਲ ਤੁਹਾਡੇ ਸਾਹਮਣੇ ਹੈ। ਕਿਸਾਨ ਘੋਲ ਨੇ ਸਾਬਤ ਕਰ ਦਿੱਤੈ ਬਈ ਸਾਡੇ ਚੁਣੇ ਹੋਏ ਲੋਕ ਵੱਡੇ ਨਹੀਂ, ਚੁਣਨ ਵਾਲੇ ਵੱਡੇ ਨੇ। ਜੇਕਰ ਲੋਕਾਂ ਵਿੱਚ ਏਕਾ ਹੋਵੇ ਤਾਂ ਇਨ੍ਹਾਂ ਸਿਆਸੀ ਲੋਕਾਂ ਦੀਆਂ ਆਪ ਹੁਦਰੀਆਂ ਨੂੰ ਨੱਥ ਪਾਈ ਜਾ ਸਕਦੀ ਹੈ। ਲੋਕ-ਰੋਹ ਅਤੇ ਲੋਕਾਂ ਦੇ ਏਕੇ ਸਾਹਮਣੇ ਇਨ੍ਹਾਂ ਸਿਆਸੀ ਬੰਦਿਆਂ ਦੇ ਬਣਾਏ ਕਾਨੂੰਨਾਂ ਨੂੰ ਵੀ ਰੱਦ ਕਰਵਾਇਆ ਜਾ ਸਕਦਾ ਹੈ। ਕਿਸਾਨ ਅੰਦੋਲਨ ਜਿੱਥੇ ਲੋਕਾਂ ਦੇ ਏਕੇ ਕਾਰਨ ਸਫਲ ਰਿਹਾ ਹੈ, ਉੱਥੇ ਹੀ ਇਸ ਕਰਕੇ ਵੀ ਜਿੱਤ ਦੇ ਝੰਡੇ ਗੱਡੇ ਗਏ ਨੇ ਕਿ ਕਿਸਾਨ ਆਗੂਆਂ ਨੇ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੇੜੇ ਨਹੀਂ ਫਟਕਣ ਦਿੱਤੇ। ਜੇ ਕਿਤੇ ਉਹ ਵਿੱਚ ਵੜ ਜਾਂਦੇ ਤਾਂ ਉਨ੍ਹਾਂ ਨੇ ਸਿਆਸੀ ਲਾਹਾ ਲੈਣ ਲਈ ਅੰਦੋਲਨ ਨੂੰ ਤਾਰਪੀਡੋ ਕਰ ਦੇਣਾ ਸੀ। ਹੁਣ ਵੋਟਾਂ ਵੇਲੇ ਵੀ ਅਸੀਂ ਇਨ੍ਹਾਂ ਦੀਆਂ ਲੁੰਬੜ ਚਾਲਾਂ ਵਿੱਚ ਆ ਕੇ ਮੁਫਤਖੋਰੇ ਨਾ ਬਣੀਏ। ਇਨ੍ਹਾਂ ਨੂੰ ਪੁੱਛੀਏ ਕਿ ਕੁਝ ਸਾਲਾਂ ਵਿੱਚ ਹੀ ਸੈਂਕੜੇ ਕੀਲੇ ਜ਼ਮੀਨ, ਪਟਰੌਲ ਪੰਪ, ਵੱਡੇ ਸ਼ਹਿਰਾਂ ਵਿੱਚ ਕੋਠੀਆਂ, ਫੈਕਟਰੀਆਂ, ਬੱਸਾਂ ਦਾ ਕਾਰੋਬਾਰ, ਕੇਬਲ ਕਾਰੋਬਾਰ ਦੇ ਧੰਦੇ ਅਮਰ ਬੇਲ ਦੀ ਤਰ੍ਹਾਂ ਕਿਵੇਂ ਵਧੇ ਫੁੱਲੇ? ਜਿਹੜੇ ਕਰੋੜਾਂ ਰੁਪਏ ਹੁਣ ਵੋਟਾਂ ’ਤੇ ਖਰਚ ਕਰੋਂਗੇ, ਉਹ ਪੈਸਾ ਕਿੱਥੋਂ ਆਊ? ਪਹਿਲਾਂ ਜਿਹੜੇ ਚੋਣਾਂ ਸਮੇਂ ਵਾਅਦੇ ਕੀਤੇ ਸੀ, ਉਨ੍ਹਾਂ ਦਾ ਕੀ ਬਣਿਆ? ਲੋਕਾਂ ਦੀ ਕਿੰਨੀ ਕੁ ਸਾਰ ਲਈ ਐ? ਇਹ ਸਵਾਲ ਪੁੱਛਣ ਦੇ ਨਾਲ ਨਾਲ ਇਹ ਵੀ ਪੁੱਛੋ ਕਿ ਜਿਹੜੇ ਵੱਡੇ ਵੱਡੇ ਰਿਆਇਤਾਂ ਦੇ ਐਲਾਨ ਹੁਣ ਕਰ ਰਹੇ ਹੋਂ, ਇਹ ਪਹਿਲਾਂ ਕਿਉਂ ਨਾ ਕੀਤੇ? ਇਨ੍ਹਾਂ ਵਾਸਤੇ ਪੈਸਾ ਕਿੱਥੋਂ ਆਊ, ਪੰਜਾਬ ਤਾਂ ਪਹਿਲਾਂ ਹੀ ਤਿੰਨ ਲੱਖ ਕਰੋੜ ਦਾ ਕਰਜ਼ਈ ਐ?”
ਲੋਕਾਂ ਦੇ ਚਿਹਰਿਆਂ ਤੇ ਸੁਚੇਤ ਹੋਣ ਦੇ ਚਿੰਨ੍ਹ ਉੱਭਰ ਆਏ ਸਨ। ਆਪਸ ਵਿੱਚ ਵਿਚਾਰ ਵਟਾਂਦਰਾ ਕਰਕੇ ਲੋਕ ਉੱਠ ਖੜੋਤੇ। ਅਗਲੇ ਦਿਨ ਪਿੰਡ ਦੀ ਫਿਰਨੀ ਦੇ ਚਾਰੇ ਖੂੰਜਿਆਂ ’ਤੇ ਬੋਰਡ ਲਾ ਦਿੱਤੇ ਗਏ, ਜਿਨ੍ਹਾਂ ਉੱਪਰ ਲਿਖਿਆ ਸੀ, “ਵੋਟਾਂ ਮੰਗਣ ਵਾਲੇ ਪਿਛਲੀਆਂ ਵੋਟਾਂ ਸਮੇਂ ਆਪਣੀ ਆਪਣੀ ਪਾਰਟੀ ਦੇ ਚੋਣ ਮੈਨੀਫੈਸਟੋ ਦੀ ਕਾਪੀ ਨਾਲ ਲੈ ਕੇ ਆਉਣ ਅਤੇ ਪਿੰਡ ਦੇ ਇਕੱਠ ਵਿੱਚ ਦੱਸਣ ਕਿ ਉਨ੍ਹਾਂ ਨੇ ਉਹ ਵਾਅਦੇ ਕਿੰਨੇ ਕੁ ਨਿਭਾਏ ਹਨ? ਪੈਸੇ ਅਤੇ ਤੋਹਫੇ ਵੰਡਣ ਵਾਲੇ ਆਗੂਆਂ ਨੂੰ ਪਿੰਡ ਵਾਸੀਆਂ ਵੱਲੋਂ ‘ਸ਼ਗਨ’ ਪਾਇਆ ਜਾਵੇਗਾ। ਪਿੰਡ ਵਾਲੇ ਵਿਕਾਊ ਨਹੀਂ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3213)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)