MohanSharma8ਇਸੇ ਤਰ੍ਹਾਂ ਹੀ ਇੱਕ ਹੋਰ ਸਮਾਜ ਸੇਵਕ ਹਰਮਨ ਸਿੱਧੂ ਨੇ ਰਾਸ਼ਟਰੀ ਅਤੇ ਰਾਜ ਮਾਰਗਾਂ ’ਤੇ ਖੁੱਲ੍ਹੇ ਸ਼ਰਾਬ ਦੇ ਠੇਕਿਆਂ ...
(19 ਅਪਰੈਲ 2024)
ਇਸ ਸਮੇਂ ਪਾਠਕ: 145.


ਨਸ਼ਿਆਂ ਕਾਰਨ ਲੋਕਾਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਹੋ ਗਈ ਹੈ
ਪੰਜਾਬ ਦੇ ਪਿੰਡੇ ’ਤੇ ਪਈ ਨਸ਼ਿਆਂ ਰੂਪੀ ਗਰਦ ਨੇ ਰੰਗਲੇ ਪੰਜਾਬ ਦੀ ਵਿਲੱਖਣਤਾ ਨੂੰ ਹੀ ਗ੍ਰਹਿਣ ਲਾ ਦਿੱਤਾ ਹੈਪੰਜਾਬ ਦੀ ਅੰਦਾਜ਼ਨ ਤਿੰਨ ਕਰੋੜ ਦੀ ਆਬਾਦੀ ਵਿੱਚੋਂ 68.84% ਲੋਕ ਪਿੰਡਾਂ ਵਿੱਚ ਰਹਿੰਦੇ ਹਨਪਿੰਡਾਂ ਵਿੱਚ ਥਾਂ ਥਾਂ ਖੁੱਲ੍ਹੇ ਸ਼ਰਾਬ ਦੇ ਠੇਕਿਆਂ ਨੇ ਜਿੱਥੇ ਲੋਕਾਂ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਖੋਰਾ ਲਾਇਆ ਹੈ, ਉੱਥੇ ਹੀ ਲੁੱਟਾਂ-ਖੋਹਾਂ, ਠੱਗੀਆਂ, ਨਜਾਇਜ਼ ਕਬਜ਼ਿਆਂ, ਬਲਾਤਕਾਰਾਂ, ਕਤਲ ਅਤੇ ਘਰਾਂ ਅੰਦਰ ਬੈਠਿਆਂ ’ਤੇ ਹੀ ਚੱਲ ਰਹੇ ਹਥਿਆਰਾਂ ਨੇ ਪੰਜਾਬੀਆਂ ਨੂੰ ਹਿੰਸਕ, ਝੂਠੇ ਅਤੇ ਸ਼ਰਾਰਤੀ ਬਣਾਕੇ ਰੱਖ ਦਿੱਤਾ ਹੈਸ਼ਰਾਬ ਕਾਰਨ ਹੀ ਜਿੱਥੇ ਕਿਰਤੀਆਂ ਦੇ ਹੱਕਾਂ ਉੱਤੇ ਦਿਨ ਦਿਹਾੜੇ ਡਾਕਾ ਪੈ ਰਿਹਾ ਹੈ, ਉੱਥੇ ਹੀ ਘਰਾਂ ਵਿੱਚ ਸੱਥਰਾਂ ’ਤੇ ਇਹ ਸਵਾਲ ਵੀ ਧੁਖ ਰਹੇ ਹਨ ਕਿ ਇਹ ਕਿਹੋ ਜਿਹਾ ਵਿਕਾਸ ਹੈ ਜਿਸਨੇ ਮਨੁੱਖੀ ਚੈਨ ਖੋਹ ਕੇ ਲੋਰੀਆਂ ਨੂੰ ਵਿਰਲਾਪ ਵਿੱਚ ਅਤੇ ਕਹਿਕਹਿਆਂ ਨੂੰ ਕੀਰਨਿਆਂ ਵਿੱਚ ਬਦਲ ਦਿੱਤਾ ਹੈਪਿੰਡਾਂ ਵਿੱਚ ਹਰ ਰੋਜ਼ ਅੰਦਾਜ਼ਨ 2-3 ਨਸ਼ਈਆਂ ਦੇ ਸਿਵੇ ਬਲਣੇ, 18-20 ਰੋਜ਼ਾਨਾ ਤਲਾਕ ਦੇ ਕੇਸ ਦਰਜ ਹੋਣੇ, ਰੋਜ਼ਾਨਾ ਔਸਤਨ 16 ਦੁਰਘਟਨਾਵਾਂ ਵਿੱਚੋਂ 11 ਮੌਤਾਂ ਹੋਣੀਆਂ ਅਤੇ 18-20 ਮਾਪਿਆਂ ਦਾ ਆਪਣੀ ਔਲਾਦ ਨੂੰ ਚੱਲ-ਅਚੱਲ ਜਾਇਦਾਦਾਂ ਤੋਂ ਬੇਦਖ਼ਲ ਕਰਨ ਦੀਆਂ ਖਬਰਾਂ ਨਾਲ ਉਦਾਸ ਪੰਜਾਬ ਦੀ ਤਸਵੀਰ ਸਾਡੇ ਸਾਹਮਣੇ ਆ ਜਾਂਦੀ ਹੈਦੁਨੀਆਂ ਨੂੰ ਜੀਣ-ਥੀਣ ਦਾ ਚੱਜ ਸਿਖਾਉਣ ਵਾਲਾ ਇਹ ਖਿੱਤਾ ਅੱਜ ਨੈਤਿਕਤਾ, ਸਦਾਚਾਰ, ਉੱਚ ਆਦਰਸ਼, ਸਹਿਣਸ਼ੀਲਤਾ ਅਤੇ ਸ਼ਰਾਫ਼ਤ ਤੋਂ ਸੱਖਣਾ ਨਜ਼ਰ ਆ ਰਿਹਾ ਹੈਸ਼ਰਾਬ ਦੀ ਅਧਿਕ ਵਰਤੋਂ ਕਾਰਨ ਹੀ ਬਹੁਤ ਸਾਰੇ ਪੰਜਾਬੀ ਨਕਾਰਾ, ਨਿਕੰਮੇ, ਲਾਪ੍ਰਵਾਹ, ਵਹਿਸ਼ੀ, ਕਮਜ਼ੋਰ ਅਤੇ ਮਾਨਸਿਕ ਤਣਾਅ ਦਾ ਸ਼ਿਕਾਰ ਹੋਣ ਦੇ ਨਾਲ ਨਾਲ ਊਰਜਾ ਅਤੇ ਰਚਨਾਤਮਿਕ ਪ੍ਰਤਿਭਾ ਨੂੰ ਵੀ ਨਸ਼ਟ ਕਰ ਰਹੇ ਹਨਸ਼ਰਾਬ ਕਾਰਨ ਹੀ ਸ਼ਰਾਬੀਆਂ ਵੱਲੋਂ ਪਤਨੀਆਂ ’ਤੇ ਹੋ ਰਹੇ ਤਸ਼ੱਦਦਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈਅੰਦਾਜ਼ਨ 84% ਸ਼ਰਾਬੀਆਂ ਦੀਆਂ ਪਤਨੀਆਂ ਵਿਧਵਾਵਾਂ ਵਰਗਾ ਜੀਵਨ ਬਤੀਤ ਕਰਦੀਆਂ ਆਪਣੇ ਆਪ ਨੂੰ ਨਾ ਜਿਉਂਦਿਆਂ ਵਿੱਚ ਅਤੇ ਨਾ ਹੀ ਮਰਿਆਂ ਵਿੱਚ ਸ਼ਾਮਲ ਸਮਝਦੀਆਂ ਹਨ

ਦੂਜੇ ਪਾਸੇ ਸ਼ਰਾਬ ਨਾਲ ਜੁੜੇ ਸਨਅਤੀ ਘਰਾਣਿਆਂ ਨੇ ਔਰਤ ਨੂੰ ਇੱਕ ਵਸਤੂ ਵਜੋਂ ਪ੍ਰਯੋਗ ਕਰਕੇ ਇਸ਼ਤਿਹਾਰਬਾਜ਼ੀ ਰਾਹੀਂ ਉਸਦਾ ਚੀਰ ਹਰਨ ਕੀਤਾ ਹੈ‘ਪੰਜਾਬਣ ਰਸ ਭਰੀ’, ‘ਹੀਰ ਸੌਂਫੀ’, ‘ਜਲਵਾ’ ਆਦਿ ਸ਼ਰਾਬ ਦੀਆਂ ਬੋਤਲਾਂ ਦੇ ਨਾਂ ਰੱਖਕੇ ਉਨ੍ਹਾਂ ਨੇ ਔਰਤ ਦਾ ਮਜ਼ਾਕ ਉਡਾਇਆ ਹੈ ਜਿਹੜੀ ਔਰਤ ਨਸ਼ਿਆਂ ਕਾਰਨ ਸਿਵਿਆਂ ਦੇ ਰਾਹ ਪਏ ਪੁੱਤ ਦੀ ਚਿੰਤਾ ਵਿੱਚ ਪਿੰਜਰ ਹੋ ਗਈ ਹੈਸੱਜ ਵਿਆਹੀ ਦੁਖਿਆਰੀ ਕੁੜੀ ਸ਼ਰਾਬੀ ਪਤੀ ਤੋਂ ਪੋਟਾ ਪੋਟਾ ਦੁਖੀ ਹੋ ਕੇ ਸਿਰਜੇ ਸੁਪਨਿਆਂ ਦੀ ਮੌਤ ਵਿਰਾਨ ਅੱਖਾਂ ਨਾਲ ਵੇਖ ਰਹੀ ਹੈ ਭਲਾ ਉਸ ਔਰਤ ਦੀ ਸ਼ਰਾਬ ਸਨਅਤ ਵੱਲੋਂ ਨੁਮਾਇਸ਼ ਲਗਾਕੇ ਉਸ ਨਾਲ ਕੋਝਾ ਮਜ਼ਾਕ ਨਹੀਂ ਕੀਤਾ ਜਾ ਰਿਹਾ? ਸ਼ਰਾਬ ਅਤੇ ਹੋਰ ਮਾਰੂ ਨਸ਼ਿਆਂ ਕਾਰਨ ਬਲਾਤਕਾਰ ਦੀਆਂ ਵਾਰਦਾਤਾਂ ਵਿੱਚ 33%, ਅਗਵਾ ਅਤੇ ਉਧਾਲਣ ਦੀਆਂ ਵਾਰਦਾਤਾਂ ਵਿੱਚ 18%, ਲੁੱਟਾਂ ਖੋਹਾਂ ਵਿੱਚ 27%, ਸੰਨ੍ਹ ਲਾਉਣ ਦੀਆਂ ਘਟਨਾਵਾਂ ਵਿੱਚ 21% ਦਾ ਵਾਧਾ ਹੋਣਾ ਬਹੁਤ ਹੀ ਚਿੰਤਾ ਵਾਲੀ ਗੱਲ ਹੈ ਪਿਛਲੇ ਸਤਾਰਾਂ ਸਾਲਾਂ ਵਿੱਚ ਬੀਅਰ ਦੀ ਖਪਤ ਵਿੱਚ 209%, ਅੰਗਰੇਜ਼ੀ ਸ਼ਰਾਬ ਦੀ ਖਪਤ ਵਿੱਚ 147% ਅਤੇ ਦੇਸੀ ਸ਼ਰਾਬ ਦੀ ਖਪਤ ਵਿੱਚ 97% ਦਾ ਵਾਧਾ ਹੋਣਾ ਪੰਜਾਬ ਦੀ ‘ਤਰੱਕੀ’ ਦੀ ਮੂੰਹ ਬੋਲਦੀ ਤਸਵੀਰ ਹੈਸ਼ਰਾਬ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਨਸ਼ਾ ਹੈਸ਼ਰਾਬ ਦੀ ਖਪਤ ਰਾਹੀਂ 10 ਹਜ਼ਾਰ ਕਰੋੜ ਰੁਪਇਆ ਇਕੱਠਾ ਕਰਕੇ ਉਸ ਪੈਸੇ ਰਾਹੀਂ ਪੰਜਾਬ ਦੇ ਵਿਕਾਸ ਦਾ ਦਾਅਵਾ ਕਰਨਾ ਹਾਸੋਹੀਣੀ ਗੱਲ ਹੈ

ਦਰਅਸਲ ਸ਼ਰਾਬ ਕਾਰਨ ਪਿੰਡਾਂ ਦੀ ਹਾਲਤ ਇਸ ਤਰ੍ਹਾਂ ਦੀ ਬਣੀ ਹੋਈ ਹੈ:

ਪਿੰਡਾਂ ਵਿੱਚ ਰਹੇ ਨਾ ਏਕੇ
ਥਾਂ ਥਾਂ, ਗਲੀ ਗਲੀ ਵਿੱਚ ਠੇਕੇ
ਬੰਦਾ ਜਿਹੜੇ ਪਾਸੇ ਵੇਖੇ
ਰੰਗ ਗੁਲਾਬੀ ਹੁੰਦਾ ਹੈ

ਹੁਣ ਤਾਂ ਆਥਣ ਵੇਲੇ
ਸਾਰਾ ਪਿੰਡ ਸ਼ਰਾਬੀ ਹੁੰਦਾ ਹੈ

ਸ਼ਰਾਬ ਕਾਰਨ ਲੋਕਾਂ ਦੀ ਤਰਸਯੋਗ ਹਾਲਤ ਨੂੰ ਵੇਖਕੇ ਸੰਗਰੂਰ ਦੀਆਂ ਚਾਰ ਸਮਾਜ ਸੇਵੀ ਸ਼ਖਸੀਅਤਾਂ ਅੱਗੇ ਆਈਆਂਇਨ੍ਹਾਂ ਸ਼ਖਸੀਅਤਾਂ ਵਿੱਚ ਡਾ. ਏ.ਐੱਸ. ਮਾਨ, ਮੋਹਨ ਸ਼ਰਮਾ, ਬਲਦੇਵ ਸਿੰਘ ਗੋਸਲ ਅਤੇ ਪ੍ਰਹਿਲਾਦ ਸਿੰਘ ਸ਼ਾਮਲ ਹਨਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 40 ਏ ਅਧੀਨ ਉਨ੍ਹਾਂ ਵੱਲੋਂ ਪੰਜਾਬ ਦੀਆਂ ਪੰਚਾਇਤਾਂ ਨੂੰ ਪ੍ਰੇਰਨਾ ਦੇ ਕੇ ਆਪਣੇ ਆਪਣੇ ਪਿੰਡ ਵਿੱਚ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਲਈ ਮਤੇ ਪਵਾਉਣੇ ਸ਼ੁਰੂ ਕਰ ਦਿੱਤੇਉਨ੍ਹਾਂ ਵੱਲੋਂ ਸ਼ਰਾਬ ਦੇ ਠੇਕਿਆਂ ਵਿਰੁੱਧ ਮਤੇ ਪਵਾਉਣ ਦੀ ਲਹਿਰ ਸਮੁੱਚੇ ਪੰਜਾਬ ਵਿੱਚ ਫੈਲ ਗਈਆਬਕਾਰੀ ਵਿਭਾਗ ਨੂੰ ਉਨ੍ਹਾਂ ਦਾ ਇਹ ਸਾਰਥਿਕ ਉਪਰਾਲਾ ਵਿਹੁ ਵਾਂਗ ਲੱਗਿਆਆਬਕਾਰੀ ਕਮਿਸ਼ਨਰ ਵੱਲੋਂ ਮਤੇ ਪਾਉਣ ਵਾਲੀਆਂ ਪੰਚਾਇਤਾਂ ਨੂੰ ਚੰਡੀਗੜ੍ਹ ਆਪਣੇ ਦਫਤਰ ਵਿੱਚ ਬੁਲਾਕੇ ਮਤੇ ਵਾਪਸ ਲੈਣ ਦੇ ਨਾਲ ਨਾਲ ਮਤਿਆਂ ਵਿੱਚ ਕੋਈ ਨਾ ਕੋਈ ਨੁਕਸ ਕੱਢ ਕੇ ਮਤੇ ਰੱਦ ਕਰਨੇ ਸ਼ੁਰੂ ਕਰ ਦਿੱਤੇਫਿਰ ਵੀ ਇਹ ਸਿਰੜੀ ਯੋਧੇ ਪੰਜਾਬ ਦੇ 632 ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਵਿੱਚ ਸਫਲ ਹੋ ਗਏ ਸਨਇਸ ਸੰਬੰਧ ਵਿੱਚ ਉਨ੍ਹਾਂ ਨੂੰ ਹਾਈ ਕੋਰਟ ਦੀ ਸ਼ਰਨ ਵੀ ਲੈਣੀ ਪਈਪਰ ਦੂਜੇ ਪਾਸੇ ਜਿਹੜੇ ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਬੰਦ ਹੋਏ, ਉਨ੍ਹਾਂ ਪਿੰਡਾਂ ਵਿੱਚ ਨੇੜੇ ਤੇੜੇ ਪਿੰਡਾਂ ਨਾਲ ਸੰਬੰਧਿਤ ਸ਼ਰਾਬ ਦੇ ਠੇਕੇਦਾਰਾਂ ਨੇ ਵੇਲੇ ਕੁਵੇਲੇ ਸ਼ਰਾਬ ਦੀ ਸਪਲਾਈ ਸ਼ੁਰੂ ਕਰ ਦਿੱਤੀਹਰਿਆਣੇ ਵਿੱਚੋਂ 800 ਰੁਪਏ ਪ੍ਰਤੀ ਸ਼ਰਾਬ ਦੀ ਪੇਟੀ ਲਿਆਕੇ 1000 ਰੁਪਏ ਪ੍ਰਤੀ ਪੇਟੀ ਵੀ ਬਲੈਕ ਵਿੱਚ ਵਿਕਣੀ ਸ਼ੁਰੂ ਹੋ ਗਈਸਰਕਾਰ ਵੱਲੋਂ ਬਲੈਕ ਵਿੱਚ ਵਿਕਦੀ ਸ਼ਰਾਬ ਨੂੰ ਨਾ ਰੋਕਣ ਕਾਰਨ ਠੇਕੇ ਬੰਦ ਕਰਨ ਵਾਲੀ ਮੁਹਿੰਮ ਦਮ ਤੋੜ ਗਈ

ਇਸ ਤਰ੍ਹਾਂ ਹੀ ਇੱਕ ਹੋਰ ਸਮਾਜ ਸੇਵਕ ਹਰਮਨ ਸਿੱਧੂ ਨੇ ਰਾਸ਼ਟਰੀ ਅਤੇ ਰਾਜ ਮਾਰਗਾਂ ’ਤੇ ਖੁੱਲ੍ਹੇ ਸ਼ਰਾਬ ਦੇ ਠੇਕਿਆਂ ਵਿਰੁੱਧ ਹਾਈ ਕੋਰਟ ਦਾ ਸਹਾਰਾ ਲੈਂਦਿਆਂ ਦਲੀਲ ਦਿੱਤੀ ਕਿ ਇਸ ਨਾਲ ਦੁਰਘਟਨਾਵਾਂ ਵਿੱਚ ਵਾਧਾ ਹੁੰਦਾ ਹੈਹਾਈਕੋਰਟ ਨੇ ਸ਼ਰਾਬ ਦੇ ਠੇਕੇ ਰਾਸ਼ਟਰੀ ਅਤੇ ਰਾਜ ਮਾਰਗਾਂ ਤੋਂ ਦੂਰ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇਰਾਸ਼ਟਰੀ ਮਾਰਗਾਂ ’ਤੇ ਤਾਂ ਇਨ੍ਹਾਂ ਹੁਕਮਾਂ ਦੀ ਪਾਲਣਾ ਹੋ ਗਈ ਪਰ ਪੰਜਾਬ ਦੇ ਰਾਜ ਮਾਰਗਾਂ ’ਤੇ ਬਹੁਤ ਸਾਰੇ ਠੇਕੇ ਫਿਰ ਵੀ ਖੁੱਲ੍ਹੇ ਰਹੇਸ਼੍ਰੀ ਸਿੱਧੂ ਵੱਲੋਂ ਰਿਵਾਈਜ਼ਡ ਪਟੀਸ਼ਨ ਪਾਉਣ ’ਤੇ 30.11.2015 ਨੂੰ ਮਾਣਯੋਗ ਅਦਾਲਤ ਵੱਲੋਂ ਇਹ ਕਹਿ ਕੇ ਸਰਕਾਰ ਨੂੰ ਫਿਟਕਾਰ ਲਾਈ ਕਿ ਜੇਕਰ ਸਰਕਾਰ ਨੂੰ ਸ਼ਰਾਬ ਰਾਹੀਂ ਮਾਲੀਆ ਉਗਰਾਹੁਣ ਦਾ ਲਾਲਚ ਹੈ ਤਾਂ ਫਿਰ ਸਕੱਤਰੇਤ ਵਿੱਚ ਵੀ ਸ਼ਰਾਬ ਦਾ ਠੇਕਾ ਖੋਲ੍ਹ ਦਿੱਤਾ ਜਾਵੇ

ਪੰਜਾਬ ਦੀਆਂ ਹਰ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਿੱਥੇ ਵਾਅਦੇ ਅਤੇ ਦਾਅਵਿਆਂ ਦੀ ਗੱਲ ਕਰਕੇ ਸਿਆਸੀ ਆਗੂ ਤਰ੍ਹਾਂ ਤਰ੍ਹਾਂ ਦੇ ਸ਼ਬਜ਼ਬਾਗ ਵਿਖਾਉਂਦੇ ਹਨ ਉੱਥੇ ਹੀ ਵੋਟਰਾਂ ਨੂੰ ਭਰਮਾਉਣ ਲਈ ਨਸ਼ੇ, ਖਾਸ ਕਰਕੇ ਸ਼ਰਾਬ ਦੀਆਂ ਪੇਟੀਆਂ ਪਿੰਡ ਦੇ ਮੋਹਤਬਰ ਵਿਅਕਤੀਆਂ ਦੇ ਘਰ ਪਹਿਲਾਂ ਹੀ ਰੱਖ ਦਿੱਤੀਆਂ ਜਾਂਦੀਆਂ ਹਨਪੰਜਾਬ ਦੇ 12581 ਪਿੰਡਾਂ ਵਿੱਚ ਮੁਫ਼ਤ ਦੀ ਵੰਡੀ ਇਸ ਸ਼ਰਾਬ ਕਾਰਨ ਜੇਕਰ ਇੱਕ ਪਿੰਡ ਵਿੱਚ 25 ਨਵੇਂ ਸ਼ਰਾਬੀ ਪੈਦਾ ਹੋ ਜਾਣ ਤਾਂ ਅੰਦਾਜ਼ਨ ਤਿੰਨ ਲੱਖ ਨਵੇਂ ਨਸ਼ਈਆਂ ਦੀ ਫੌਜ ਖੜ੍ਹੀ ਹੋ ਜਾਵੇਗੀਅਠਾਰਵੀਂ ਲੋਕ ਸਭਾ ਦੀਆਂ ਹੋ ਰਹੀਆਂ ਚੋਣਾਂ ਵਿੱਚ ਸੂਝਵਾਨ ਅਤੇ ਸੁਚੇਤ ਲੋਕਾਂ ਨੇ ਇਸ ਨਾਅਰੇ ਰਾਹੀਂ ਅਵਾਜ਼ ਬੁਲੰਦ ਕੀਤੀ ਹੈ:

ਨਾ ਲਉ ਬੋਤਲ, ਨਾ ਲਉ ਨੋਟ,
ਚੰਗੇ ਲੋਕਾਂ ਨੂੰ ਪਾਵੋ ਵੋਟ

ਰਾਜਨੀਤਿਕ ਲੋਕਾਂ ਨੂੰ ਗੰਭੀਰ ਹੋ ਕੇ ਇਹ ਵੀ ਸੋਚਣਾ ਚਾਹੀਦਾ ਹੈ ਕਿ ਵਿਕਾਸ ਨਿਰਾ ਗਲੀਆਂ ਨਾਲੀਆਂ, ਦਰਵਾਜ਼ੇ, ਸੜਕਾਂ, ਪੁਲ, ਫਲਾਈਓਵਰ ਬਣਾਉਣ ਨਾਲ ਨਹੀਂ ਹੁੰਦਾ, ਜੇਕਰ ਇਸਦੀ ਵਰਤੋਂ ਕਰਨ ਵਾਲੇ ਹੀ ਨਸ਼ਿਆਂ ਕਾਰਨ ਸਿਵਿਆਂ ਦੇ ਰਾਹ ਪੈ ਗਏ, ਫਿਰ ਭਲਾ ਅਜਿਹੇ ਵਿਕਾਸ ਦੀ ਅਹਿਮੀਅਤ ਹੀ ਕੀ ਹੈ? ਬਹੁ-ਪੱਖੀ ਅਤੇ ਬਹੁ-ਪਰਤੀ ਸਮੱਸਿਆਵਾਂ ਵਿੱਚ ਘਿਰੇ ਪੰਜਾਬ ਦੀ ਸਥਿਤੀ ਇਸ ਤਰ੍ਹਾਂ ਦੀ ਹੈ ਜਿਵੇਂ ਗੁਬਾਰਾ ਅਣਗਿਣਤ ਸੂਈਆਂ ਦੀ ਨੋਕ ’ਤੇ ਟਿਕਿਆ ਹੋਇਆ ਹੋਵੇਸਾਨੂੰ ਗੰਭੀਰ ਹੋਕੇ ਚਿੰਤਨ ਕਰਨ ਦੀ ਲੋੜ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ 1801 ਤੋਂ 1839 ਤਕ ਰਾਜ ਕਰਦਿਆਂ ਪ੍ਰਾਂਤ ਦਾ ਸਰਵਪੱਖੀ ਵਿਕਾਸ ਕੀਤਾਭਲਾ ਉਨ੍ਹਾਂ ਵੱਲੋਂ ਸ਼ਰਾਬ ਦੇ ਠੇਕੇ ਖੋਲ੍ਹਕੇ ਪੰਜਾਬ ਦਾ ਵਿਕਾਸ ਕੀਤਾ ਗਿਆ ਸੀ? ਜੇਕਰ ਗੁਜਰਾਤ, ਮਨੀਪੁਰ, ਮਿਜ਼ੋਰਮ, ਨਾਗਾਲੈਂਡ, ਬਿਹਾਰ, ਕੇਂਦਰ ਸ਼ਾਸਤ ਪ੍ਰਦੇਸ਼ ਲਕਸ਼ਦੀਪ ਵਿੱਚ ਪੂਰਨ ਸ਼ਰਾਬ ਬੰਦੀ ਹੋ ਸਕਦੀ ਹੈ ਤਾਂ ਪੰਜਾਬ ਵਿੱਚ ਕਿਉਂ ਨਹੀਂ?

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4899)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author