“ਕਾਰਾਂ ਦਾ ਕਾਫ਼ਲਾ ਅੰਦਰ ਪਹੁੰਚ ਗਿਆ। ਅਧਿਕਾਰੀਆਂ ਦੇ ਨਸ਼ਈ ਮਰੀਜ਼ਾਂ ਵਾਲੇ ਵਾਰਡ ਵਿੱਚ ਜਾਣ ਤੋਂ ਪਹਿਲਾਂ ...”
(2 ਮਈ 2022)
ਮਹਿਮਾਨ: 113.
ਨਸ਼ਈ ਵਿਅਕਤੀ ਜ਼ਿੰਦਗੀ ਦੇ ਖਲਨਾਇਕ ਨਹੀਂ ਪੀੜਤ ਹਨ। ਜੇਕਰ ਨਸ਼ਈ ਨੂੰ ਪੀੜਤ ਸਮਝ ਕੇ ਉਸਦੇ ਨਸ਼ੇ ਵਿੱਚ ਧਸਣ ਦੇ ਮੂਲ ਕਾਰਨਾਂ ’ਤੇ ਗੌਰ ਕੀਤਾ ਜਾਵੇ ਤਾਂ ਨਸ਼ਈ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਜਾ ਸਕਦਾ ਹੈ। ਪਰ ਦਰਅਸਲ ਨਸ਼ਾ ਛੁਡਾਊ ਕੇਂਦਰਾਂ ਵਿੱਚ ਕੁੱਟ-ਮਾਰ, ਗਾਲੀ-ਗਲੋਚ ਜਾ ਜ਼ਲੀਲ ਕਰਕਟ ਦੀ ਵਰਤੋਂ ਕਰਕੇ ਨਸ਼ਈ ਮਰੀਜ਼ ਤੋਂ ਤਬਾ ਕਰਵਾਈ ਜਾਂਦੀ ਹੈ ਕਿ ਉਹ ਭਵਿੱਖ ਵਿਚ ਨਸ਼ਾ ਨਹੀਂ ਕਰੇਗਾ। ਅਜਿਹੇ ਕੇਂਦਰਾਂ ਵਿੱਚ ਨਸ਼ਈ ਨੌਜਵਾਨ ਮਜਬੂਰੀ ਵੱਸ ਫਸਿਆ ਮਾਰ ਖਾਂਦਾ ਹੈ ਪਰ ਅੰਦਰੋਂ ਉਹ ਮਾਪਿਆਂ ਅਤੇ ਉਸ ਦੀ ਜਾਣ ਪਹਿਚਾਣ ਵਾਲਿਆਂ ਪ੍ਰਤੀ ਜ਼ਹਿਰ ਉਗਲਦਾ ਰਹਿੰਦਾ ਹੈ, ਜਿਨ੍ਹਾਂ ਨੇ ਉਸ ਨੂੰ ਤਸੀਹਾ ਕੇਂਦਰ ਵਿੱਚ ਭੇਜਿਆ ਹੁੰਦਾ ਹੈ।
ਨਸ਼ਾ ਛੁਡਾਊ ਕੇਂਦਰ ਦੇ ਮੁਖੀ ਹੋਣ ਦੇ ਨਾਤੇ ਮੈਂ ਮਹਿਸੂਸ ਕੀਤਾ ਹੈ ਕਿ ਧੱਕੇ ਨਾਲ ਜਾਂ ਡਾਂਗ ਸੋਟੇ ਨਾਲ ਕਿਸੇ ਨਸ਼ਈ ਨੂੰ ਮੁੱਖ ਧਾਰਾ ਵਿੱਚ ਨਹੀਂ ਲਿਆਂਦਾ ਜਾ ਸਕਦਾ। ਦਰਅਸਲ ਨਸ਼ਈ ਨੌਜਵਾਨ ਸੁੱਕੇ ਖੂਹ ਦੇ ਵਾਸੀ ਹੁੰਦੇ ਨੇ। ਸੁੱਕੇ ਖੂਹ ਵਿੱਚ ਡਿਗ ਕੇ ਉਹ ਬਾਹਰ ਆਉਣ ਲਈ ਹੱਥ ਪੈਰ ਮਾਰਦੇ ਨੇ। ਹਰ ਹੀਲਾ ਵਰਤਦੇ ਵੀ ਨੇ ਪਰ ਉਨ੍ਹਾਂ ਦੀਆਂ ਟਪੂਸੀਆਂ ਸੁੱਕੇ ਖੂਹ ਵਿੱਚੋਂ ਨਿਕਲਣ ਲਈ ਸਹਾਈ ਨਹੀਂ ਹੁੰਦੀਆ। ਕਿਸੇ ਵੀ ਨਸ਼ਈ ਦਾ ਆਪਣੀ ਮਰਜ਼ੀ ਨਾਲ ਦਾਖਲ ਹੋਣਾ ਇਹ ਸੰਕੇਤ ਹੈ ਕਿ ਉਹ ਸੁੱਕੇ ਖੂਹ ਵਿੱਚੋਂ ਨਿਕਲਣਾ ਚਾਹੁੰਦਾ ਹੈ। ਅਜਿਹੇ ਨਸ਼ਈ ਮਰੀਜ਼ ਨੂੰ ਹੱਲਾਸ਼ੇਰੀ ਅਤੇ ਯੋਗ ਅਗਵਾਈ ਨਾਲ ਸੁੱਕੇ ਖੂਹ ਵਿੱਚੋਂ ਕੱਢਣਾ ਕੋਈ ਬਾਹਲਾ ਔਖਾ ਨਹੀਂ। ਹਾਂ, ਸੁਹਿਰਦ ਦੁਵੱਲੇ ਯਤਨਾਂ ਦੀ ਲੋੜ ਹੈ। ਸੁੱਕੇ ਖੂਹ ਦੇ ਵਾਸੀਆਂ ਨੂੰ ਬਾਹਰ ਕੱਢਣ ਲਈ ਖੂਹ ਅੰਦਰ ਲੱਜ ਸੁੱਟ ਕੇ ਉਨ੍ਹਾਂ ਨੂੰ ਹੌਸਲਾ ਦਿੰਦੇ ਹੋਏ ਇਹ ਪ੍ਰੇਰਨਾ ਦੇਣ ਦੀ ਲੋੜ ਹੈ ਕਿ ਲੱਜ ਨੂੰ ਘੁੱਟ ਕੇ ਫੜ ਲਵੋ। ਜੇਕਰ ਸੁੱਕੇ ਖੂਹ ਦੇ ਵਾਸੀ ਦ੍ਰਿੜ੍ਹ ਸੰਕਲਪ ਨਾਲ ਲੱਜ ਨੂੰ ਘੁੱਟ ਕੇ ਫੜਨਗੇ ਅਤੇ ਬਾਹਰਲੇ ਸੁਹਿਰਦ ਹੋ ਕੇ ਪੂਰੀ ਸ਼ਕਤੀ ਨਾਲ ਉਨ੍ਹਾਂ ਨੂੰ ਬਾਹਰ ਕੱਢਣ ਲਈ ਯਤਨਸ਼ੀਲ ਹੋਣਗੇ ਤਾਂ ਸੁੱਕੇ ਖੂਹ ਦੇ ਵਾਸੀ, ਨਸ਼ਈ ਨੌਜਵਾਨ ਬਾਹਰ ਨਿਕਲ ਕੇ ਮੁੱਖ ਧਾਰਾ ਵਿੱਚ ਆ ਜਾਣਗੇ। ਪਰ ਜੇਕਰ ਨਸ਼ਈਆਂ ਦਾ ਦ੍ਰਿੜ੍ਹ ਸੰਕਲਪ ਅਲੋਪ ਹੈ ਅਤੇ ਬਾਹਰ ਕੱਢਣ ਵਾਲੇ ਸੁਹਿਰਦ ਨਹੀਂ ਤਾਂ ਨਸ਼ਈਆਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੈ।
ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਜਾਂ ਫਿਰ ਸਰਕਾਰ ਤੋਂ ਮਾਣਤਾ ਪ੍ਰਾਪਤ ਨਸ਼ਾ ਛੁਡਾਊ ਕੇਂਦਰਾਂ ਵਿੱਚ ਨਸ਼ਾ ਛੱਡਣ ਵਾਲੀਆਂ ਗੋਲੀਆਂ ਦੇ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਪੰਜਾਬ ਵਿੱਚ ਅੰਦਾਜ਼ਨ 5 ਲੱਖ 74 ਹਜ਼ਾਰ ਨਸ਼ਈਆਂ ਨੂੰ ਜੀਭ ਤੇ ਰੱਖਣ ਵਾਲੀਆਂ ਗੋਲੀਆਂ ਦੇ ਕੇ ਨਸ਼ਾ ਮੁਕਤ ਸਮਾਜ ਸਿਰਜਣ ਦਾ ਭਰਮ ਪਾਲਿਆ ਜਾ ਰਿਹਾ ਹੈ। ਜੇਕਰ ਨਸ਼ਈਆਂ ਨੂੰ ਸਟਾਕ ਖਤਮ ਹੋਣ ਕਾਰਨ ਇੱਕ ਦਿਨ ਵੀ ਉਹ ਦਵਾਈ (ਜੀਭ ’ਤੇ ਰੱਖਣ ਵਾਲੀ ਗੋਲੀ) ਨਾ ਮਿਲੇ ਤਾਂ ਉਹ ਹਸਪਤਾਲ ਦੇ ਬਾਹਰ ਖੌਰੂ ਪਾਉਣ ਲੱਗ ਜਾਂਦੇ ਹਨ। ਕਈ ਥਾਂਵਾਂ ’ਤੇ ਤਾਂ ਨਸ਼ਈਆ ਨੇ ਰੋਸ ਵਜੋਂ ਰੋਡ ਜਾਮ ਵੀ ਕੀਤਾ ਹੈ ਅਤੇ ਪੁਲਿਸ ਵਾਲਿਆਂ ਨੂੰ ਤੋੜ ਨਾਲ ਪੀੜਤ ਨਸ਼ਈਆਂ ਨੂੰ ਸਮਝਾਉਂਦਿਆਂ ਕਹਿਣਾ ਪਿਆ, “ਪਤੰਦਰੋ, ਨੌਕਰੀਆਂ ਲਈ, ਕਿਸੇ ਦੁਰਘਟਨਾ ਦੇ ਮੁਆਵਜ਼ੇ ਲਈ ਜਾਂ ਸਰਕਾਰ ਤੋਂ ਕੋਈ ਮੰਗ ਮਨਵਾਉਣ ਲਈ ਤਾਂ ਰੋਡ ਜਾਮ ਜਾਂ ਰੋਸ ਧਰਨੇ ਦਿੱਤੇ ਜਾਂਦੇ ਨੇ ਪਰ ਨਸ਼ਿਆਂ ਦੀਆਂ ਗੋਲੀਆਂ ਲਈ ਰੋਡ ਜਾਮ ਕਰਨਾ, ਇਹ ਤਾਂ ਨਵੀਂ ਗੱਲ ਹੀ ਧਿਆਨ ਵਿਚ ਆਈ ਹੈ।” ਪੁਲਿਸ ਵਾਲਿਆਂ ਵਲੋਂ ਸਮਝਾ-ਬੁਝਾ ਕੇ ਅਤੇ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਉਨ੍ਹਾਂ ਦਾ ਜਾਮ ਖੱਲ੍ਹਵਾਉਣਾ ਪਿਆ ਸੀ।
ਦਰਅਸਲ ਇਹ ਗੋਲੀਆਂ ਉਨ੍ਹਾਂ ਦਾ ਸਰੀਰਕ ਇਲਾਜ ਤਾਂ ਹਨ, ਮਾਨਸਿਕ ਇਲਾਜ ਨਹੀਂ। ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਦੁਆ ਅਤੇ ਦਵਾਈ ਦਾ ਸੁਮੇਲ ਹੋਣਾ ਜ਼ਰੂਰੀ ਹੈ। ਜੇਕਰ ਉਨ੍ਹਾਂ ਨੂੰ ਧਰਮ, ਸਾਹਿਤ, ਕਿਰਤ ਅਤੇ ਖੇਡਾਂ ਨਾਲ ਜੋੜ ਕੇ ਉਨ੍ਹਾਂ ਅੰਦਰ ਜ਼ਿੰਦਗੀ ਜਿਊਣ ਦਾ ਚਾਅ ਭਰਨ ਦਾ ਯਤਨ ਕੀਤਾ ਜਾਵੇ ਤਾਂ ਉਹ ਦ੍ਰਿੜ੍ਹ ਸੰਕਲਪ ਨਾਲ ਨਸ਼ਾ ਰਹਿਤ ਜੀਵਨ ਬਤੀਤ ਕਰਨ ਲਈ ਯਤਨਸ਼ੀਲ ਹੋਵੇਗਾ। ਪਰ ਅਜਿਹੇ ਯਤਨ ਨਹੀਂ ਹੋ ਰਹੇ। ਯਤਨ ਇਸ ਤਰ੍ਹਾਂ ਦੇ ਹੋ ਰਹੇ ਹਨ ਕਿ ਬੂਟਾ ਸੁੱਕ ਰਿਹਾ ਹੈ ਅਤੇ ਸਪਰੇਅ ਪੱਤਿਆਂ ’ਤੇ ਕੀਤਾ ਜਾ ਰਿਹਾ ਹੈ। ਛੱਤ ਚੋਅ ਰਹੀ ਹੈ ਪਰ ਫਰਸ਼ ਸਾਫ ਕੀਤਾ ਜਾ ਰਿਹਾ ਹੈ। ਰਜ਼ਾਈ ਫਟੀ ਹੋਈ ਹੈ ਪਰ ਉੱਪਰ ਸ਼ਨੀਲ ਦਾ ਗਿਲਾਫ ਚੜ੍ਹਾਇਆ ਜਾ ਰਿਹਾ ਹੈ। ਖੰਡਰ ਹਵੇਲੀ ਨੂੰ ਰੰਗ ਰੋਗਨ ਕਰਕੇ ‘ਰੰਗਲੀ ਹਵੇਲੀ’ ਲਿਖ ਕੇ ਭਰਮਾਇਆ ਜਾ ਰਿਹਾ ਹੈ। ਨੌਜਵਾਨਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਉਪਰੰਤ ਮੁੜ ਵਸੇਬੇ ਵੱਲ ਵੀ ਕੋਈ ਯਤਨ ਨਹੀਂ ਕੀਤੇ ਜਾ ਰਹੇ।
ਗੱਲ 5-7 ਸਾਲ ਪੁਰਾਣੀ ਹੈ। ਮੈਂ ਆਪਣੀ ਕਰਮ ਭੂਮੀ (ਰੈੱਡ ਕਰਾਸ ਨਸ਼ਾ ਛਡਾਊ ਕਦਰ, ਸੰਗਰੂਰ) ਵਿਚ ਸਵੇਰ ਸਵਰ ਦਾਖਲ ਹੋਇਆ ਹੀ ਸਾਂ ਕਿ ਸੁਨੇਹਾ ਮਿਲਿਆ, ਸੰਗਰੂਰ ਦੇ ਰੈੱਸਟ ਹਾਊਸ ਵਿੱਚ ਨਸ਼ਿਆਂ ਦੀ ਰੋਕਥਾਮ ਸਬੰਧੀ ਜ਼ਰੂਰੀ ਮੀਟਿੰਗ ਹੈ, ਤੁਰੰਤ ਪਹੁੰਚੋ। ਹੁਕਮ ਦੀ ਪਾਲਣਾ ਕਰਦਾ ਹੋਇਆ ਮੈਂ ਪਹੁੰਚ ਗਿਆ। ਮੀਟਿੰਗ ਹਾਲ ਵਿੱਚ ਕਮਿਸ਼ਨਰ ਪਟਿਆਲਾ ਡਵੀਜ਼ਨ, ਡਿਪਟੀ ਕਮਿਸ਼ਨਰ ਸੰਗਰੂਰ, ਐੱਸ.ਐੱਸ.ਪੀ. ਸੰਗਰੂਰ ਅਤੇ ਸੀ.ਐੱਮ.ਓ. ਸੰਗਰੂਰ ਬੈਠੇ ਸਨ। ਕੁਝ ਹੋਰ ਅਧਿਕਾਰੀ ਵੀ ਸ਼ਾਮਲ ਸਨ। ਨਸ਼ਿਆਂ ਸਬਧੀ ਖੁੱਲ੍ਹ ਕੇ ਵਿਚਾਰ ਵਟਾਂਦਰਾ ਹੋ ਰਿਹਾ ਸੀ। ਮੈਂ ਉਨ੍ਹਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਨਿਰੋਲ ਨਸ਼ਾ ਛੱਡਣ ਵਾਲੀਆਂ ਗੋਲੀਆਂ ਦੇ ਗੱਫੇ ਨਸ਼ਈ ਨੌਜਵਾਨਾਂ ਨੂੰ ਨਸ਼ਾ ਮੁਕਤ ਨਹੀਂ ਕਰਨਗੇ। ਇਸਦੇ ਲਈ ਸਾਨੂੰ ਹੋਰ ਵੀ ਉਪਰਾਲੇ ਕਰਨੇ ਪੈਣਗੇ ਅਤੇ ਨਾਲ ਹੀ ਮੈਂ ਬੇਨਤੀ ਕੀਤੀ ਕਿ ਤੁਸੀਂ ਉਸ ਨਸ਼ਾ ਛੁਡਾਊ ਕੇਂਦਰ ਦੀ ਵਿਜ਼ਿਟ ਕਰੋ, ਜਿੱਥੇ ਮੈਂ ਮੁੱਖ ਸੇਵਾਦਾਰ ਵਜੋਂ ਸੇਵਾ ਕਰ ਰਿਹਾ ਹਾਂ। ਡਿਪਟੀ ਕਮਿਸ਼ਨਰ ਦੇ ਕਹਿਣ ’ਤੇ ਸਾਰਿਆਂ ਨੇ ਨਸ਼ਾ ਛੁਡਾਊ ਕੇਂਦਰ ਵੱਲ ਕੂਚ ਕਰ ਦਿੱਤਾ। ਸਚਾਈ ਇਹ ਹੈ ਕਿ ਮੈਨੂੰ ਤਾਂ ਸੰਸਥਾ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸੂਚਿਤ ਕਰਨ ਦਾ ਮੌਕਾ ਵੀ ਨਹੀਂ ਮਿਲਿਆ। ਕਾਰਾਂ ਦਾ ਕਾਫ਼ਲਾ ਅੰਦਰ ਪਹੁੰਚ ਗਿਆ। ਅਧਿਕਾਰੀਆਂ ਦੇ ਨਸ਼ਈ ਮਰੀਜ਼ਾਂ ਵਾਲੇ ਵਾਰਡ ਵਿੱਚ ਜਾਣ ਤੋਂ ਪਹਿਲਾਂ ਮੈਂ ਉਨ੍ਹਾਂ ਦਾ ਧਿਆਨ ਸੂਚਨਾ ਬੋਰਡ ’ਤੇ ਲੱਗੇ ਨੋਟਿਸ ਵੱਲ ਦਿਵਾਇਆ, ਜਿਸ ਉੱਪਰ ਹਰ ਰੋਜ਼ ਦੀ ਕਾਰਗੁਜ਼ਾਰੀ ਦਾ ਟਾਈਮ ਟੇਬਲ ਲੱਗਿਆ ਹੋਇਆ ਸੀ। ਉਸ ਟਾਈਮ ਟੇਬਲ ਵਿੱਚ ਦਾਖਲ ਨਸ਼ਈ ਮਰੀਜ਼ਾਂ ਵੱਲੋਂ ਪ੍ਰਭੂ ਸਿਮਰਨ, ਮੋਮਬਤੀਆਂ ਬਣਾਉਣ, ਯੋਗਾ ਮੈਡੀਟੇਸ਼ਨ, ਕਾਊਂਸਲਿੰਗ, ਉਸਾਰੂ ਸਾਹਿਤ ਪੜ੍ਹਨ ਆਦਿ ਲਈ ਸਮਾਂ ਨਿਸ਼ਚਿਤ ਕੀਤਾ ਹੋਇਆ ਸੀ। ਵਾਰਡ ਵਿੱਚ ਅਧਿਕਾਰੀ ਦਾਖਲ ਹੋ ਗਏ। ਉਸ ਵੇਲੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 15 ਕੁ ਨੌਜਵਾਨ ਦਾਖਲ ਸਨ ਅਤੇ ਅੰਦਾਜ਼ਨ ਸਾਰੇ ਹੀ ਨਸ਼ਾ ਮੁਕਤ ਹੋਣ ਲਈ ਯਤਨਸ਼ੀਲ ਵੀ ਸਨ। ਉਸ ਵੇਲੇ ਉਹ ਅਖ਼ਬਾਰ ਪੜ੍ਹਨ ਦੇ ਨਾਲ ਨਾਲ ਸਾਹਿਤ ਅਧਿਅਨ ਵੀ ਕਰ ਰਹੇ ਸਨ। ਉਨ੍ਹਾਂ ਦੇ ਹੱਥਾਂ ਵਿੱਚ ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਭਗਤ ਪੂਰਨ ਸਿੰਘ, ਨਰਿੰਦਰ ਸਿੰਘ ਕਪੂਰ ਅਤੇ ਹੋਰ ਲੇਖਕਾਂ ਦੀਆਂ ਪੁਸਤਕਾਂ ਫੜੀਆਂ ਹੋਈਆਂ ਸਨ। ਸਬੰਧਤ ਪੁਸਤਕਾਂ ਸਬੰਧੀ ਅਤੇ ਹੋਰ ਗਤੀਵਿਧੀਆਂ ਸਬੰਧੀ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ ਹੀ ਵਿਸਥਾਰ ਪੂਰਵਕ ਜਾਣਕਾਰੀ ਪ੍ਰਾਪਤ ਕੀਤੀ। ਉਸ ਸਮੇਂ ਦੇ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਉਨ੍ਹਾਂ ਦੇ ਦ੍ਰਿੜ੍ਹ ਸਕਲਪ ਨੂੰ ਪਰਖ਼ਣ ਲਈ ਕਿਹਾ, “ਜੇ ਤੁਹਾਡੇ ਵਿੱਚੋਂ ਕੋਈ ਇਹ ਨਸ਼ਾ ਛੁਡਾਊ ਕੇਂਦਰ ਛੱਡ ਕੇ ਘਰ ਜਾਣਾ ਚਾਹੁੰਦਾ ਹੈ ਤਾਂ ਚਲੇ ਜਾਵੇ। ਗੇਟ ਖੋਲ੍ਹ ਦਿੰਦੇ ਹਾਂ।”
ਨੌਜਵਾਨਾਂ ਨੇ ਇੱਕ ਸੁਰ ਹੋ ਕੇ ਹੌਸਲੇ ਨਾਲ ਜਵਾਬ ਦਿੱਤਾ, “ਨਹੀਂ ਜੀ, ਜੇ ਅਸੀਂ ਇਉਂ ਜਾਣਾ ਹੁੰਦਾ, ਫਿਰ ਅਸੀਂ ਦਾਖਲ ਹੀ ਕਾਹਨੂੰ ਹੁੰਦੇ?” ਅਧਿਕਾਰੀ ਨੇ ਮੁਸਕਰਾਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ।
ਜਾਣ ਲੱਗਿਆਂ ਸੀਨੀਅਰ ਅਧਿਕਾਰੀ ਨੇ ਮੇਰੇ ਨਾਲ ਹੱਥ ਮਿਲਾਉਂਦਿਆਂ ਕਿਹਾ, “ਤੁਹਾਡੇ ਇਸ ਨੇਕ ਕਾਰਜ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ, ਉੰਨੀ ਥੋੜ੍ਹੀ ਹੈ।”
ਇਹ ਸ਼ਬਦ ਮੇਰੇ ਅਤੇ ਸਟਾਫ ਲਈ ਅਨਮੋਲ ਤੱਹਫ਼ਾ ਸਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3541)
(ਸਰੋਕਾਰ ਨਾਲ ਸੰਪਰਕ ਲਈ: