“ਸਾਰੇ ਦਫਤਰ ਵਿੱਚ ਇੱਕ ਤੁਫਾਨ ਜਿਹਾ ਆ ਗਿਆ। ਤਰ੍ਹਾਂ ਤਰ੍ਹਾਂ ਦੇ ਦੂਸ਼ਨ ...”
(5 ਮਾਰਚ 2021)
(ਸ਼ਬਦ: 1480)
ਜ਼ਿੰਦਗੀ ਦੇ ਰਾਹ ’ਤੇ ਚੱਲਦਿਆਂ ਤੂੰ ਮੈਂਨੂੰ ਪੈਰ ਪੈਰ ’ਤੇ ਚੇਤੇ ਆਇਆ ਹੈਂ। ਤੇਰੀ ਹੋਂਦ ਦੇ ਹਰ ਪਲ ਝਉਲੇ ਪੈਂਦੇ ਰਹੇ ਨੇ। ਪਰ ਮੈਂ ਜ਼ਿੰਦਗੀ ਵਿੱਚ ਆਏ ਇਸ ਮਾਰੂ ਤੂਫਾਨ ਸਾਹਵੇਂ ਵੀ ਅਡੋਲ ਤੁਰਦੀ ਰਹੀ ਹਾਂ। ਮੈਂਨੂੰ ਪਤਾ ਹੈ, ਮੇਰੇ ਥਿੜਕ ਜਾਣ ਜਾਂ ਘਬਰਾ ਕੇ ਐਵੇਂ ਡਗਮਗਾ ਜਾਣ ਨਾਲ ਆਪਣੇ ਬੱਚਿਆਂ ਦੀ ਜ਼ਿੰਦਗੀ ’ਤੇ ਬੁਰਾ ਅਸਰ ਪੈਣਾ ਸੀ। ਮੇਰੀ ਕੋਸ਼ਿਸ਼ ਰਹੀ ਹੈ ਕਿ ਮੈਂ ਹਮੇਸ਼ਾ ਆਪਣੇ ਬੱਚਿਆਂ ਨੂੰ ਮੁਸਕਰਾ ਕੇ ਮਿਲਾਂ ਤਾਂ ਜੋ ਮੇਰੀ ਮੁਸਕਰਾਹਟ ਦਾ ਅਸਰ ਬੱਚਿਆਂ ਦੇ ਮਨਾਂ ’ਤੇ ਪਵੇ। ਉਂਜ ਵੀ ਤੂੰ ਅਕਸਰ ਕਿਹਾ ਕਰਦਾ ਸੀ, “ਜ਼ਿੰਦਗੀ ਦਾ ਵਹਿਣ ਨਿਰੰਤਰ ਵਹਿਣਾ ਚਾਹੀਦਾ ਹੈ। ਇਹਦੀ ਖੜੋਤ ਨਾਲ ਤਾਂ ਜਿੱਦਾਂ ਪਾਣੀ ਦੇ ਇੱਕ ਥਾਂ ਰੁਕ ਜਾਣ ਨਾਲ ਦੁਰਗੰਧ ਮਾਰਦੀ ਹੈ, ਐਦਾਂ ਹੀ ਜ਼ਿੰਦਗੀ ਵਿੱਚ ਵੀ ਬਦਬੋ ਹੀ ਆਵੇਗੀ। ਬੱਸ ਹਿੰਮਤ ਨਾਲ ਅੱਗੇ ਵਧਦੇ ਚਲੋ। ... ਹੁਣ ਪ੍ਰੀਤਮ! ਮੈਂ ਤੇਰੇ ਇਨ੍ਹਾਂ ਬੋਲਾਂ ਨੂੰ ਹੂ-ਬ-ਹੂ ਪੁਗਾ ਰਹੀ ਹਾਂ।
ਤੂੰ ਟਹਿਕਦੇ ਦੋ ਫੁੱਲ ਆਪਣੇ ਵਿਹੜੇ ਵਿੱਚ ਛੱਡ ਕੇ ਸਦਾ ਲਈ ਇਸ ਦੁਨੀਆਂ ਵਿੱਚੋਂ ਚਲਾ ਗਿਆ। ਫੁੱਲ ਦਰਅਸਲ ਮਾਲੀ ਦੀ ਸਰਪ੍ਰਸਤੀ ਹੇਠ ਹੀ ਚੰਗੀ ਤਰ੍ਹਾਂ ਖਿੜ ਸਕਦੇ ਨੇ। ਤੇਰੀ ਮੌਤ ਨੇ ਇੱਕ ਵਾਰ ਤਾਂ ਮੈਂਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾ। ਦੋਨਾਂ ਬੱਚਿਆਂ ਦੇ ਕੁਮਲਾਏ ਚਿਹਰਿਆਂ ਵੱਲ ਜਦੋਂ ਮੈਂ ਵੇਖਦੀ, ਮੇਰੀ ਧਾਹ ਨਿਕਲ ਜਾਂਦੀ। ਅੱਖਾਂ ਵਿੱਚੋਂ ਆਪ-ਮੁਹਾਰੇ ਹੰਝੂ ਵਹਿਣ ਲੱਗ ਜਾਂਦੇ। ਦਿਲ ਵਿੱਚ ਪੈਂਦੇ ਹੌਲਾਂ ਨੂੰ ਕਿਹੜੇ ਧਰਵਾਸਾਂ ਦਾ ਠੁੰਮਣਾ ਦਿੰਦੀ?
ਬੱਚਿਆਂ ਦੀਆਂ ਉਦਾਸ ਨਜ਼ਰਾਂ ਮੇਰੇ ਕੋਲੋਂ ਪੁੱਛਦੀਆਂ, “ਮੰਮੀ, ਭਾਪਾ ਜੀ ਕਿੱਥੇ ਗਏ ਨੇ?” ਤੇ ਮੈਂ ਹੌਕਾ ਭਰ ਕੇ ਉਨ੍ਹਾਂ ਨੂੰ ਛਾਤੀ ਨਾਲ ਲਾ ਲੈਂਦੀ। ਤੇਰੀ ਅਣਹੋਂਦ ਤੋਂ ਬਾਅਦ ਮੈਂ ਇਹ ਬੁਰੀ ਤਰ੍ਹਾਂ ਅਨੁਭਵ ਕੀਤਾ ਹੈ ਕਿ ਔਰਤ ਨੂੰ ਪੈਰ ਪੈਰ ’ਤੇ ਆਪਣੇ ਮਰਦ ਦੇ ਸਹਾਰੇ ਦੀ ਲੋੜ ਹੈ। ਨਹੀਂ ਤਾਂ ਇਸ ਦੁਨੀਆਂ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਉਹ ਇਕੱਲੀ ਔਰਤ ਨੂੰ ਉਂਜ ਹੀ ਨਿਗਲ ਜਾਵੇ। ਜਦੋਂ ਮੈਂ ਤੇਰੇ ਨਾਲ ਬਾਜ਼ਾਰ ਜਾਂਦੀ ਹੁੰਦੀ ਸਾਂ, ਕਿੱਦਾਂ ਲੋਕ ਤੇਰੇ ਉੱਚ ਅਹੁਦੇ ਨੂੰ ਮੁੱਖ ਰੱਖ ਕੇ ਤੈਨੂੰ ਝੁਕ ਝੁਕ ਸਲਾਮਾਂ ਮਾਰਦੇ ਸਨ। ਤੇ ਫਿਰ ਉਹੀ ਲੋਕ ਮੇਰੇ ਵੱਲ ਲਲਚਾਈਆਂ ਨਜ਼ਰਾਂ ਨਾਲ ਵੇਖਦੇ ਰਹੇ। ਇੱਥੋਂ ਤਕ ਕਿ ਤੇਰੇ ਦਫਤਰ ਦੇ ਚਪੜਾਸੀ ਵੀ। ਆਪਣੀ ਹਵਸ ਪੂਰਤੀ ਲਈ ਉਨ੍ਹਾਂ ਨੇ ਕੋਝੇ ਤੋਂ ਕੋਝੇ ਹਥਿਆਰ ਵਰਤਣ ਦੀ ਕੋਸ਼ਿਸ਼ ਕੀਤੀ। ਪਰ ਮੇਰਾ ਸਿਦਕ, ਤੇਰੇ ਵੱਲੋਂ ਮਿਲਿਆ ਰੱਜਵਾਂ ਪਿਆਰ, ਬੱਚਿਆਂ ਦਾ ਮੋਹ ਤੇ ਮੇਰਾ ਜੇਰਾ, ਮੈਂ ਕਿਸੇ ਨੂੰ ਵੀ ਲਾਗੇ ਨਹੀਂ ਫਟਕਣ ਦਿੱਤਾ।
ਤੇਰੀ ਮੌਤ ਤੋਂ ਕੁਝ ਹੀ ਦਿਨਾਂ ਬਾਅਦ ਆਪਣਾ ਓਹੀ ਗਵਾਂਢੀ ਆਇਆ। ਆਉਂਦਿਆਂ ਹੀ ਮੰਜੇ ’ਤੇ ਬੈਠ ਗਿਆ। ਫੇਰ ਮੇਰੇ ਚਿਹਰੇ ’ਤੇ ਨਜ਼ਰਾਂ ਗੱਡ ਕੇ ਕਹਿਣ ਲੱਗਾ, “ਭਾਬੀ ਜੀ, (ਇਹ ਤੇਰੀ ਮੌਤ ਤੋਂ ਪਹਿਲਾਂ ਮੈਂਨੂੰ ਬੀਬੀ ਜੀ ਕਿਹਾ ਕਰਦਾ ਸੀ।) ਐਵੇਂ ਕਿਸੇ ਗੱਲ ਨੂੰ ਚਿੱਤ ’ਤੇ ਨਾ ਲਾਈਂ। ਕੋਈ ਵੀ ਕੰਮ ਹੋਵੇ, ਹਾਜ਼ਰ ਆਂ। ਫਿਰ ਖਚਰੀ ਜਿਹੀ ਹਾਸੀ ਹੱਸ ਕੇ ਕਹਿਣ ਲੱਗਾ, “ਬੱਸ, ਕਦੇ ਕਦਾਈਂ ਹੱਸ ਕੇ ਬੋਲ ਪਿਆ ਕਰ। ਪਰ ਮੇਰੇ ਮੱਥੇ ਦੀਆਂ ਤਿਊੜੀਆਂ ਵੇਖ ਕੇ ਉਹਦਾ ਫਿਰ ਕਦੇ ਅਜਿਹੀ ਗੱਲ ਕਰਨ ਦਾ ਹੌਸਲਾ ਨਹੀਂ ਪਿਆ।
ਦੋਨਾਂ ਬੱਚਿਆਂ ਨੂੰ ਮੈਂ ਕਦੇ ਡੋਲਣ ਨਹੀਂ ਦਿੱਤਾ। ਇਨ੍ਹਾਂ ਵਿੱਚੋਂ ਹੀ ਮੈਂ ਤੈਨੂੰ ਵੇਖਦੀ ਰਹੀ ਹਾਂ। ਮੇਰਾ ਆਪਣਾ ਵਿਸ਼ਵਾਸ ਰਿਹਾ ਹੈ ਕਿ ਇਨ੍ਹਾਂ ਦੀ ਸੁਚੱਜੀ ਜ਼ਿੰਦਗੀ ਬਣਨ ਨਾਲ ਹੀ ਤੇਰੀ ਆਤਮਾ ਨੂੰ ਸ਼ਾਂਤੀ ਮਿਲ ਸਕਦੀ ਹੈ।
ਤੂੰ ਆਪਣੀ ਨੌਕਰੀ ਸਮੇਂ ਪੂਰਾ ਇਮਾਨਦਾਰ ਰਿਹਾ। ਬੱਸ, ਤਨਖਾਹ ਨਾਲ ਆਪਣਾ ਘਰ ਦਾ ਗੁਜ਼ਾਰਾ ਚਲਦਾ ਰਿਹਾ। ਉਂਜ ਤੇਰੇ ਨਾਲ ਦੇ ਅਫਸਰਾਂ ਨੇ ਤਾਂ ਚੰਗੀਆਂ ਕੋਠੀਆਂ ਪਾ ਲਈਆਂ ਸਨ। ਬੈਂਕ ਬੈਲੇਂਸ ਵੀ ਵਾਹਵਾ ਸੀ। ਪਰ ਤੂੰ ਮੈਂਨੂੰ ਅਕਸਰ ਹੀ ਕਿਹਾ ਕਰਦਾ, “ਪੈਸਿਆਂ ਦੀ ਨਜਾਇਜ਼ ਤਰੀਕਿਆਂ ਨਾਲ ਪ੍ਰਾਪਤੀ ਮਨ ਦੀ ਸ਼ਾਂਤੀ ਗੁਆ ਦਿੰਦੀ ਹੈ। ਘੱਟ ਤੋਂ ਘੱਟ ਮੈਂ ਇਹ ਨਹੀਂ ਕਰ ਸਕਦਾ। ਇਸੇ ਕਾਰਨ ਤੇਰੀ ਮੌਤ ਵੇਲੇ ਘਰ ਵਿੱਚ ਥੋੜ੍ਹਾ ਮੋਟਾ ਪੈਸਾ ਹੀ ਸੀ ਜਾਂ ਮੇਰੇ ਵਿਆਹ ਵੇਲੇ ਦੇ ਗਹਿਣੇ ਸਨ।
ਤੇਰੀ ਮੌਤ ਤੋਂ ਬਾਅਦ ਮੈਂਨੂੰ ਤੇਰੇ ਦਫਤਰ ਵਿੱਚ ਹੀ ਨੌਕਰੀ ਮਿਲ ਗਈ। ਨੌਕਰੀ ਕੀ! ਜਿਹੜੇ ਦਫਤਰ ਦਾ ਤੂੰ ਉੱਚ ਅਫਸਰ ਸੀ, ਮੈਂ ਉਸੇ ਦਫਤਰ ਵਿੱਚ ਕਲਰਕ ਲੱਗ ਗਈ। ਘਰ ਦੇ ਖਰਚ ਨੂੰ ਚਲਾਉਣ ਲਈ ਮੈਂਨੂੰ ਇਹ ਨੌਕਰੀ ਕਰਨੀ ਪਈ। ਘਰੋਂ ਤੇਰੇ ਮਾਤਾ ਪਿਤਾ ਨੂੰ ਵੀ ਦੇਖ ਭਾਲ ਲਈ ਮੈਂ ਆਪਣੇ ਕੋਲ ਲੈ ਆਈ। ਉਨ੍ਹਾਂ ਕੋਲ ਹੋਰ ਰਹਿੰਦਾ ਵੀ ਕੌਣ। ਇਸ ਸਦਮੇ ਦਾ ਉਨ੍ਹਾਂ ਉੱਤੇ ਵੀ ਬਹੁਤ ਹੀ ਮਾਰੂ ਅਸਰ ਹੋਇਆ। ਬੱਸ ਦੋਨੋਂ ਹੀ ਹੱਡੀਆਂ ਦੀ ਮੁੱਠ ਬਣ ਕੇ ਰਹਿ ਗਏ।
ਹਾਂ, ਮੈਂ ਆਪਣੀ ਨੌਕਰੀ ਦਾ ਜ਼ਿਕਰ ਕਰਦੀ ਸਾਂ। ਇਹ ਕਲਰਕੀ ਲਈ ਵੀ ਮੇਰੇ ’ਤੇ ਕਈਆਂ ਨੇ ਅਹਿਸਾਨ ਜਿਤਾਇਆ। - ਨੌਕਰੀ ਕਿਹੜਾ ਧਰੀ ਪਈ ਐ। ਇਹ ਤਾਂ ਮੈਂ ਆਪ ਜਾ ਕੇ ਹੈੱਡ ਆਫਿਸ ਵਿੱਚੋਂ ਆਡਰ ਕਰਵਾ ਕੇ ਲਿਆਇਆਂ। - ਪਹਿਲੇ ਦਿਨ ਹੀ ਦਫਤਰ ਦਾ ਹੈੱਡ ਕਲਰਕ ਦਿਵੇਦੀ ਮੈਂਨੂੰ ਦੱਸ ਰਿਹਾ ਸੀ।
ਇਹ ਦੋਨੋਂ ਬੱਚੇ ਪੈਰ ਪੈਰ ’ਤੇ ਮੇਰਾ ਸਹਾਰਾ ਬਣੇ ਰਹੇ ਨੇ। ਇਨ੍ਹਾਂ ਦਾ ਭਵਿੱਖ ਚੰਗੇਰਾ ਬਣਾਉਣ ਲਈ ਮੈਂ ਹਰ ਸੰਭਵ ਕੋਸ਼ਿਸ਼ ਕਰਦੀ ਰਹੀ ਹਾਂ। ਬੱਸ ਹੋਏ ਗੱਭਰੂ ਮੇਰੇ ਲਾਲ! ਫਿਰ ਮੈਂਨੂੰ ਕਾਹਦੀ ਚਿੰਤਾ। ਇੰਜ ਮਨ ਨੂੰ ਧਰਵਾਸਾ ਦੇ ਕੇ ਮੈਂ ਹਰ ਮੁਸ਼ਕਲ ਨੂੰ ਬੜੇ ਜਿਗਰੇ ਨਾਲ ਹੱਲ ਕਰਦੀ ਰਹੀ।
ਤੇਰੇ ਯਾਦ ਹੋਵੇਗਾ, ਆਪਣੇ ਘਰ ਦਫਤਰ ਦਾ ਸੁਪਰਡੈਂਟ ਕਦੇ ਕਦੇ ਆ ਜਾਂਦਾ ਸੀ। ਕਿਦਾਂ ਉਹ ਵਾਰ ਵਾਰ ਤੇਰੇ ਮੂਹਰੇ ਹੱਥ ਜੋੜਦਾ ਰਹਿੰਦਾ। ਤੇਰੇ ਹੁੰਦਿਆਂ ਘਰ ਕਦੇ ਕੁਰਸੀ ’ਤੇ ਨਹੀਂ ਸੀ ਬੈਠਦਾ। ਬੱਸ, ਖੜ੍ਹਾ ਹੋ ਕੇ ਹੀ ਹਰ ਗੱਲ ਹੱਥ ਜੋੜ ਕੇ ‘ਅੱਛਾ ਜੀ’ ‘ਸਤਿ ਬਚਨ ਜੀ’ ਕਰਦਾ ਰਹਿੰਦਾ। ਤੇਰੇ ਕਾਰਨ ਉਹ ਮੇਰੀ ਵੀ ਬਹੁਤ ਇੱਜ਼ਤ ਕਰਦਾ ਸੀ। ਤੇ ਫਿਰ ਸਮੇਂ ਦੇ ਅਜੀਬ ਰੰਗ! ਉਹ ਚਤਰਥ ਮੇਰਾ ਅਫਸਰ ਬਣ ਗਿਆ। ਹਾਂ, ਫਿਰ ਜਿਵੇਂ ਉਹ ਹੱਥ ਜੋੜਨੇ ਬਿਲਕੁਲ ਹੀ ਭੁੱਲ ਗਿਆ ਹੋਵੇ। ਉਫ! ਹਰ ਰੋਜ਼ ਸੇਵੇਰੇ ਡਿਊਟੀ ’ਤੇ ਹਾਜ਼ਰ ਹੋਣ ਵੇਲੇ ਮੈਂਨੂੰ ਹੀ ਉਸ ਨੂੰ ਹੱਥ ਜੋੜ ਕੇ ‘ਨਮਸਤੇ’ ਕਹਿਣੀ ਪੈਂਦੀ।
ਤੇਰੇ ਮਾਪਿਆਂ ਦੀ ਮੈਂ ਆਪਣੇ ਮਾਪਿਆਂ ਵਾਂਗ ਤਨੋਂ ਮਨੋਂ ਸੇਵਾ ਕੀਤੀ। ਪਰ ਤੇਰੀ ਮੌਤ ਦਾ ਉਨ੍ਹਾਂ ਨੂੰ ਗਹਿਰਾ ਸਦਮਾ ਲੱਗ ਗਿਆ ਸੀ। ਹਰ ਵੇਲੇ ਚੁੱਪ ਜਿਹੇ ਰਹਿੰਦੇ। ਸਮੇਂ ਦੀ ਥੋੜ੍ਹੀ-ਥੋੜ੍ਹੀ ਵਿੱਥ ਨਾਲ ਉਹ ਵੀ ਤੇਰੇ ਕੋਲ ਆ ਗਏ। ਬੱਚੇ ਉਨ੍ਹਾਂ ਨਾਲ ਕਾਫੀ ਪਰਚੇ ਰਹਿੰਦੇ ਸਨ। ਇੱਕ ਵਾਰ ਫਿਰ ਮੈਂ ਇਨ੍ਹਾਂ ਮੌਤਾਂ ਨਾਲ ਹਿੱਲ ਜਿਹੀ ਗਈ। ਕਦੇ ਉਹ ਮੈਂਨੂੰ ਦਿਲਾਸਾ ਦਿਆ ਕਰਦੇ ਸਨ ਤੇ ਕਦੇ ਮੈਂ ਉਨ੍ਹਾਂ ਨੂੰ। ਪਰ ਹੁਣ ਇਸ ਹੁੰਗਾਰੇ ਤੋਂ ਵੀ ਵਾਂਝੀ ਹੋ ਗਈ।
ਹਾਂ, ਮੈਂ ਚਤਰਥ ਦੀ ਗੱਲ ਕਰ ਰਹੀ ਸਾਂ। ਉਹਨੇ ਇੱਕ ਦਿਨ ਮੈਂਨੂੰ ਆਪਣੀ ਕੈਬਿਨ ਵਿੱਚ ਬੁਲਾ ਲਿਆ। “ਬੈਠੋ ਮੈਡਮ।” ਉਹਨੇ ਇੱਕ ਕੁਰਸੀ ਵੱਲ ਇਸ਼ਾਰਾ ਕਰਦਿਆਂ ਬੜੀ ਨਿਮਰਤਾ ਨਾਲ ਕਿਹਾ। ਮੈਂ ਕੁਰਸੀ ’ਤੇ ਬੈਠ ਗਈ।
“ਕੀ ਕਰ ਰਹੇ ਸੀ? ਉਹਨੇ ਮੇਰੇ ਵੱਲ ਵੇਖਦਿਆਂ ਕਿਹਾ।
“ਜੀ ਉਹ ਹੈੱਡ ਆਫਿਸ ਵਾਲਿਆਂ ਨੇ ਬਜਟ ਸਬੰਧੀ ਸੂਚਨਾ ਮੰਗੀ ਹੈ। ਉਹ ਤਿਆਰ ਕਰ ਰਹੀ ਸਾਂ।”
“ਮਾਰੋ ਗੋਲੀ, ਇਹੋ ਜਿਹੇ ਕੰਮ ਨੂੰ। ਸਾਡੇ ਹੁੰਦਿਆਂ ਤੁਹਾਨੂੰ ਐਵੇਂ ਟੱਕਰਾਂ ਮਾਰਨ ਦੀ ਲੋੜ ਨਹੀਂ। ਤੁਸੀਂ ਰੈਸਟ ਕਰਿਆ ਕਰੋ।” ਤੇ ਫਿਰ ਸਿਗਰਟ ਦਾ ਧੂੰਆਂ ਮੇਰੇ ਵੱਲ ਛੱਡਦਿਆਂ ਕਹਿਣ ਲੱਗਾ, “ਤੁਹਾਡੀ ਸਾਲਾਨਾ ਰਿਪੋਰਟ ਭੇਜਣੀ ਹੈ। ਦੱਸੋ ਕਿਸ ਤਰ੍ਹਾਂ ਲਿਖਾਂ? ਤੁਹਾਡਾ ਕਨਫਰਮ ਹੋਣਾ ਵੀ ਇਸ ਰਿਪੋਰਟ ’ਤੇ ਹੀ ਨਿਰਭਰ ਕਰਦਾ ਹੈ।”
ਤੇ ਮੈਂ ਬਿਨਾਂ ਕਿਸੇ ਝਿਜਕ ਤੋਂ ਕਿਹਾ, “ਚਤਰਥ ਸਾਹਿਬ, ਮੈਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾ ਰਹੀ ਹਾਂ। ਬੱਸ, ਮੇਰੇ ਕੰਮ ਅਨੁਸਾਰ ਹੀ ਮੇਰੀ ਰਿਪੋਰਟ ਭੇਜ ਦਿਓ। ਤੁਹਾਡੀ ਬੜੀ ਮੇਹਰਬਾਨੀ।”
“ਫਿਰ ਕੰਮ ਨੂੰ ਫੜ ਲਿਆ? ਮੈਂ ਕਹਿੰਨਾ ਤੁਸੀਂ ਦਫਤਰ ਵਿੱਚ ਆ ਕੇ ਡੱਕਾ ਦੂਹਰਾ ਨਾ ਕਰੋ। ਮੌਜਾਂ ਲੁੱਟੋ। ਕਿਹੜਾ ਪੁਛਦੈ ਕੰਮ ਨੂੰ। ਤੁਹਾਡੀ ਰਿਪੋਰਟ ਸ਼ਾਨਦਾਰ ਲਿਖ ਸਕਦਾ ਹਾਂ ਜੇ ਤੁਸੀਂ ...।”
“ਹਾਂ, ਹਾਂ, ਦੱਸੋ?” ਮੈਂ ਧੜਕਦੇ ਦਿਲ ਨਾਲ ਪੁੱਛਿਆ।
“ਬੱਸ ਇੱਕ ਰਾ?”
ਪਤਾ ਨਹੀਂ ਮੇਰੇ ਵਿੱਚ ਐਨੀ ਹਿੰਮਤ ਕਿੱਥੋਂ ਆ ਗਈ। ਝਟਪਟ ਇੱਕ ਕਰਾਰਾ ਥੱਪੜ ਮੈਂ ਉਹਦੀ ਗੱਲ੍ਹ ’ਤੇ ਜੜ ਦਿੱਤਾ, “ਹਰਾਮਜ਼ਾਦੇ! ਉਨ੍ਹਾਂ ਦੇ ਹੁੰਦਿਆਂ ਤੂੰ ਕੁੱਤੇ ਵਾਂਗ ਪੂਛ ਹਿਲਾਉਂਦਾ ਅੱਗੇ ਪਿੱਛੇ ਫਿਰਦਾ ਸੀ। ਤੇ ਹੁਣ ਮੈਂਨੂੰ ਐਨੀ ਗਿਰੀ ਹੋਈ ਸਮਝਦਾ ਹੈਂ। ਖਬਰਦਾਰ! ...” ਸਾਰੇ ਦਫਤਰ ਵਿੱਚ ਇੱਕ ਤੁਫਾਨ ਜਿਹਾ ਆ ਗਿਆ। ਤਰ੍ਹਾਂ ਤਰ੍ਹਾਂ ਦੇ ਦੂਸ਼ਨ ਮੇਰੇ ’ਤੇ ਲੱਗੇ। ਲੋਕਾਂ ਨੇ ਗੱਲਾਂ ਬਣਾਈਆਂ। ਮੈਂਨੂੰ ਚਰਿੱਤਰਹੀਣ ਕਿਹਾ ਗਿਆ। ਪਰ ਮੈਂ ਕੋਈ ਪਰਵਾਹ ਨਹੀਂ ਕੀਤੀ।
ਹਾਂ, ਮੈਂ ਥੋੜ੍ਹਾ ਜਿਹਾ ਜ਼ਿਕਰ ਆਪਣੇ ਰਿਸ਼ਤੇਦਾਰਾਂ ਦਾ ਵੀ ਕਰ ਦਿਆਂ। ਮੇਰੇ ਪ੍ਰੀਤਮ! ਇਸ ਔਕੜ ਦੇ ਸਮੇਂ ਕੋਈ ਵੀ ਸਾਡੇ ਕੋਲ ਨਹੀਂ ਬਹੁੜਿਆ। ਬੱਸ, ਜਿਸ ਨੂੰ ਵੀ ਮਿਲਦੀ, ਉਹ ਪਹਿਲਾਂ ਆਪਣੀ ਕਬੀਲਦਾਰੀ ਦੇ ਰੋਣੇ ਸ਼ੁਰੂ ਕਰ ਦਿੰਦਾ। ਉਨ੍ਹਾਂ ਨੂੰ ਹਮੇਸ਼ਾ ਡਰ ਰਹਿੰਦਾ ਕਿ ਕਿਤੇ ਪੈਸੇ ਦਾ ਸਵਾਲ ਨਾ ਪਾ ਦੇਵੇ।
ਇੱਕ ਵਾਰ ਚਾਹਿਆ ਕਿ ਮੈਂ ਨਿੱਤ ਦੀਆਂ ਇਹ ਨੋਕਾਂ ਝੋਕਾਂ ਤੋਂ ਖਹਿੜਾ ਛੁਡਵਾ ਕੇ ਨੌਕਰੀ ਤੋਂ ਅਸਤੀਫਾ ਦੇ ਦਿਆਂ। ਪਰ ਫਿਰ ਸਮਝਿਆ ਕਿ ਇਸ ਤਰ੍ਹਾਂ ਕਰਨਾ ਬੁਜ਼ਦਿਲੀ ਹੈ ਅਤੇ ਮੈਂ ਬੁਜ਼ਦਿਲੀ ਨੂੰ ਗਲ ਨਾਲ ਲਾ ਕੇ ਜ਼ਿੰਦਗੀ ਦਾ ਸਫਰ ਤੈਅ ਨਹੀਂ ਸਾਂ ਕਰਨਾ ਚਾਹੁੰਦੀ। ਬੜੀ ਦ੍ਰਿੜ੍ਹਤਾ ਨਾਲ ਨੌਕਰੀ ਕਰਦੀ ਰਹੀ। ਉਸ ਤੋਂ ਪਿੱਛੋਂ ਕਿਸੇ ਦੀ ਵੀ ਮੇਰੀ ਸ਼ਾਨ ਦੇ ਖਿਲਾਫ਼ ਕੋਈ ਸ਼ਬਦ ਕਹਿਣ ਦੀ ਹਿੰਮਤ ਨਹੀਂ ਪਈ।
ਹਾਂ ਪ੍ਰੀਤਮ! ਆਪਣੇ ਦੋਨੋਂ ਲਾਲ ਬਹੁਤ ਹੀ ਗੁਣਵਾਨ ਨਿਕਲੇ ਨੇ। ਉਨ੍ਹਾਂ ਨੇ ਮੈਂਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਦੋਨੋਂ ਹੀ ਪੜ੍ਹਾਈ ਵਿੱਚ ਵਜ਼ੀਫਾ ਲੈਂਦੇ ਰਹੇ ਨੇ। ਕੇਵਲ ਨੇ ਹੁਣ ਬੀਏ ਦੇ ਪਰਚੇ ਦਿੱਤੇ ਨੇ ਤੇ ਰਾਜਨ ਐਮਬੀਬੀਐੱਸ ਕਰਕੇ ਆ ਗਿਆ ਹੈ। ਉਹਦਾ ਨਤੀਜਾ ਪਰਸੋਂ ਹੀ ਆਇਆ ਹੈ। ਉਹ ਯੂਨੀਵਰਸਿਟੀ ਵਿੱਚੋਂ ਪਹਿਲੇ ਨੰਬਰ ’ਤੇ ਰਿਹਾ ਹੈ। ਨਤੀਜਾ ਸੁਣਨ ਤੋਂ ਬਾਅਦ ਉਹ ਮੇਰੇ ਗੱਲ ਨਾਲ ਚਿੰਬੜ ਗਿਆ।
“ਮੰਮੀ ਜੀ! ਤੁਹਾਡੇ ਅਸ਼ੀਰਵਾਦ ਕਰਕੇ ਹੀ ਮੈਂ ਇਹ ਪੁਜ਼ੀਸ਼ਨ ਲਈ ਹੈ।”
“ਚੰਗਾ ਰਾਜਨ! ਜਾ ਬੇਟਾ, ਮੰਦਰ ਮੱਥਾ ਟੇਕ ਆ।” ਮੈਂ ਉਸ ਦੀ ਪਿੱਠ ਪਲੋਸਦਿਆਂ ਕਿਹਾ।
ਤੇ ਰਾਜਨ ਮੇਰੇ ਪੈਰਾਂ ਵਿੱਚ ਡਿਗ ਪਿਆ। “ਮੰਮੀ ਜੀ! ਮੰਦਰ ਜਾ ਕੇ ਕੀ ਕਰਾਂਗਾ। ਦੇਵੀ ਤਾਂ ਮੇਰੇ ਸਾਹਮਣੇ ਖੜ੍ਹੀ ਹੈ।” ਉਹਦੀਆਂ ਅੱਖਾਂ ਵਿੱਚ ਛਮ-ਛਮ ਹੰਝੂ ਵਹਿ ਰਹੇ ਸਨ।
ਮੈਂ ਆਪਣੇ ਰਾਜਨ ਨੂੰ ਪੈਰਾਂ ਵਿੱਚੋਂ ਚੁੱਕ ਕੇ ਛਾਤੀ ਨਾਲ ਲਾ ਲਿਆ। ਫਿਰ ਉਹਦੇ ਚਿਹਰੇ ਵਲ ਵੇਖਿਆ। ਮੈਂਨੂੰ ਉਹਦੇ ਚਿਹਰੇ ਵਿੱਚੋਂ ਤੇਰਾ ਝਉਲਾ ਪਿਆ। ਉਹਦਾ ਮੱਥਾ ਚੁੰਮ ਕੇ ਪਾਗਲਾਂ ਵਾਂਗ ਮੈਂ ਉਹਨੂੰ ਘੁੱਟ ਘੁੱਟ ਕੇ ਪਿਆਰ ਕਰਨ ਲੱਗ ਪਈ। ਜਿਦਾਂ ਉਹ ਰਾਜਨ ਨਾ ਹੋਵੇ, ਤੂੰ ਹੋਵੇਂ। ਫਿਰ ਮੇਰਾ ਗੱਚ ਭਰ ਆਇਆ। ਛਮ-ਛਮ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਪਏ।
ਰਾਜਨ ਗੁੰਮ ਸੁੰਮ ਹੈਰਾਨ ਹੋ ਕੇ ਮੇਰੇ ਵਿੰਹਦਾ ਰਿਹਾ, ਵਿੰਹਦਾ ਰਿਹਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2621)
(ਸਰੋਕਾਰ ਨਾਲ ਸੰਪਰਕ ਲਈ: