“ਮੈਂ ਤਰਲੇ ਵਜੋਂ ਕਿਹਾ ਕਿ ਸਰ ਮੈਂ ਤੁਹਾਡਾ ਨਾਂ ਲੈ ਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਮਿਲ ਲਵਾਂ? ਉਨ੍ਹਾਂ ਨੇ ਇਸ ਗੱਲ ਤੋਂ ਵੀ ...”
(20 ਜੁਲਾਈ 2022)
ਮਹਿਮਾਨ: 877.
ਸਾਲ 1992 ਤੋਂ 2006 ਤਕ ਮੈਨੂੰ ਸੀਨੀਅਰ ਜ਼ਿਲ੍ਹਾ ਬੱਚਤ ਅਧਿਕਾਰੀ ਵਜੋਂ ਸੇਵਾ ਨਿਭਾਉਂਦਿਆਂ ਅਨੇਕਾਂ ਸਕੂਨ ਦੇਣ ਵਾਲੀਆਂ ਅਤੇ ਪੀੜਤ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ। ਉਂਜ ਲੋੜਵੰਦਾਂ ਦੇ ਅੱਥਰੂ ਪੂੰਝਣੇ, ਡਿਪਟੀ ਕਮਿਸ਼ਨਰ ਨੂੰ ਮਿਲਣ ਵਾਲੇ ਵਿਅਕਤੀਆਂ ਦੀ ਲੰਬੀ ਕਤਾਰ ਵਿੱਚ ਅਪਾਹਜ ਵਿਅਕਤੀਆਂ ਵੱਲੋਂ ਵੀਲ ਚੇਅਰ ਜਾਂ ਟ੍ਰਾਈ ਸਾਇਕਲ ਪ੍ਰਾਪਤ ਕਰਨ ਲਈ ਅਰਜ਼ੀਆਂ, ਵਿਧਵਾ ਔਰਤਾਂ ਦੀਆਂ ਸਿਲਾਈ ਮਸ਼ੀਨਾਂ ਦੀਆਂ ਮੰਗਾਂ ਜਾਂ ਹੋਰ ਆਰਥਿਕ ਮਦਦ ਪ੍ਰਾਪਤ ਕਰਨ ਵਾਲਿਆਂ ’ਤੇ ਜਦੋਂ ਨਜ਼ਰ ਪੈਂਦੀ ਤਾਂ ਮੈਂ ਉਨ੍ਹਾਂ ਕੋਲੋਂ ਅਰਜ਼ੀਆਂ ਫੜ ਕੇ ਉਨ੍ਹਾਂ ਨੂੰ ਨੇੜੇ ਪਏ ਬੈਂਚਾਂ ’ਤੇ ਬੈਠਣ ਲਈ ਕਹਿ ਦਿੰਦਾ। ਇੰਜ ਹੀ ਹੋਰ ਪੀੜਤ ਔਰਤਾਂ ਦੇ ਦੁੱਖ ਪੁੱਛ ਕੇ ਉਹ ਅਰਜ਼ੀਆਂ ਵੀ ਦੂਜੀਆਂ ਅਰਜ਼ੀਆਂ ਵਿੱਚ ਸ਼ਾਮਲ ਕਰਕੇ ਮੈਂ ਆਪਣੇ ਦਫ਼ਤਰੀ ਕੰਮ ਵਾਲੀਆਂ ਫਾਇਲਾਂ ਦਾ ਨਿਪਟਾਰਾ ਕਰਵਾਉਣ ਦੇ ਨਾਲ-ਨਾਲ ਇਕੱਠੀਆਂ ਕੀਤੀਆਂ ਲੋੜਵੰਦਾਂ ਦੀਆਂ ਅਰਜ਼ੀਆਂ ’ਤੇ ਵੀ ਉਨ੍ਹਾਂ ਦੀ ਮਨਜ਼ੂਰੀ ਦੇ ਹੁਕਮ ਕਰਵਾ ਕੇ ਉਨ੍ਹਾਂ ਨੂੰ ਦੇ ਦਿੰਦਾ ਸਾਂ।
ਇੰਜ ਪੰਜਵੇਂ-ਸੱਤਵੇਂ ਦਿਨ ਜਦੋਂ ਵੀ ਮੇਰਾ ਡਿਪਟੀ ਕਮਿਸ਼ਨਰ ਦੇ ਦਫਤਰ ਵਿੱਚ ਗੇੜਾ ਲੱਗਦਾ ਤਾਂ ਇਹ ‘ਨੇਕ ਕਾਰਜ’ ਮੇਰੇ ਅਹਿਮ ਕੰਮਾਂ ਦਾ ਹਿੱਸਾ ਹੁੰਦਾ ਸੀ। ਲੋੜਵੰਦ ਲੋਕਾਂ ਨੂੰ ਜਦੋਂ ਉਨ੍ਹਾਂ ਦੀਆਂ ਅਰਜ਼ੀਆਂ ’ਤੇ ਡਿਪਟੀ ਕਮਿਸ਼ਨਰ ਦੇ ਹੁਕਮ ਕਰਵਾਉਣ ਉਪਰੰਤ ਅਰਜ਼ੀਆਂ ਫੜਾਉਂਦਾ ਤਾਂ ਸਬੰਧਤ ਦਫਤਰ ਵਿੱਚ ਜਾਣ ਦੀ ਅਗਵਾਈ ਵੀ ਕਰਦਾ ਸਾਂ। ਉਨ੍ਹਾਂ ਦੇ ਚਿਹਰਿਆਂ ’ਤੇ ਸਕੂਨ ਅਤੇ ਸ਼ੁਕਰਾਨੇ ਭਰੀਆਂ ਨਜ਼ਰਾਂ ਦੇਖ ਕੇ ਤਸੱਲੀ ਹੁੰਦੀ ਕਿ ਇਨ੍ਹਾਂ ਨੂੰ ਖੱਜਲ-ਖੁਆਰੀ ਤੋਂ ਬਚਣ ਲਈ ਮੈਂ ਇੱਕ ਸਾਧਨ ਬਣਿਆ ਹਾਂ। ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਇਹ ਪਤਾ ਸੀ ਕਿ ਭਲੇ ਦੇ ਕੰਮ ਕਰਨਾ ਇਹਦੀ ਜ਼ਿੰਦਗੀ ਦਾ ਹਿੱਸਾ ਹੈ। ਕਈ ਫੌੜ੍ਹੀਆਂ ’ਤੇ ਤੁਰਨ ਵਾਲਿਆਂ ਨੂੰ ਸਕੂਟਰ ਜਾਂ ਕਾਰ ’ਤੇ ਬਿਠਾ ਕੇ ਉਨ੍ਹਾਂ ਦਾ ਕੰਮ ਕਰਵਾਉਣ ਲਈ ਆਪ ਵੀ ਸਬੰਧਤ ਦਫਤਰ ਵਿੱਚ ਲੈ ਜਾਂਦਾ ਸੀ। ਕਤਾਰ ਵਿੱਚ ਖੜ੍ਹੇ ਲੋਕਾਂ ਨੇ ਮੇਰੀ ਪਛਾਣ ‘ਅਰਜ਼ੀਆਂ ਫੜਨ ਵਾਲਾ ਭਾਈ’ ਵਜੋਂ ਵੀ ਬਣਾ ਦਿੱਤੀ ਸੀ।
ਇਹ ਗੱਲ ਸਾਲ 1996 ਦੇ ਨੇੜੇ-ਤੇੜੇ ਦੀ ਹੈ। ਉਨ੍ਹਾਂ ਦਿਨਾਂ ਵਿੱਚ ਅਧਿਆਪਕਾਂ ਦੀ ਭਰਤੀ ਜ਼ਿਲ੍ਹਾ ਪੱਧਰ ’ਤੇ ਜ਼ਿਲ੍ਹਾ ਚੋਣ ਕਮੇਟੀ ਬਣਾ ਕੇ ਕੀਤੀ ਜਾਣੀ ਸੀ। ਚੋਣ ਕਮੇਟੀ ਦਾ ਮੁਖੀ ਸਬੰਧਤ ਜ਼ਿਲ੍ਹੇ ਦਾ ਜ਼ਿਲ੍ਹਾ ਸਿੱਖਿਆ ਅਫਸਰ ਬਣਾਇਆ ਗਿਆ ਸੀ। ਜ਼ਿਲ੍ਹਾ ਸੈਨਿਕ ਵੈੱਲਫੇਅਰ ਅਫਸਰ, ਜ਼ਿਲ੍ਹਾ ਭਲਾਈ ਅਫਸਰ ਅਤੇ ਡਿਪਟੀ ਕਮਿਸ਼ਨਰ ਦਾ ਨੁਮਾਇੰਦਾ ਉਸ ਕਮੇਟੀ ਦੇ ਮੈਂਬਰ ਸਨ। ਇੰਟਰਵਿਊ ਸ਼ੁਰੂ ਹੋਣ ਵਿੱਚ ਦੋ ਦਿਨ ਬਾਕੀ ਰਹਿੰਦੇ ਸਨ। ਸ਼ਾਮ ਨੂੰ ਜਦੋਂ ਮੈਂ ਡਿਊਟੀ ਨਿਭਾਉਣ ਉਪਰੰਤ ਘਰ ਗਿਆ ਤਾਂ ਦੂਜੇ ਮਹੱਲੇ ਦੀ ਵਿਧਵਾ ਔਰਤ ਅਤੇ ਉਸ ਦਾ ਬੀ.ਐੱਡ ਪਾਸ ਮੁੰਡਾ ਮੇਰੀ ਪਤਨੀ ਕੋਲ ਬੈਠੇ ਸਨ। ਮੈਂ ਵੀ ਉਨ੍ਹਾਂ ਕੋਲ ਬੈਠ ਗਿਆ। ਪਤਨੀ ਨੇ ਪਾਣੀ ਦਾ ਗਿਲਾਸ ਦਿੰਦਿਆਂ ਔਰਤ ਅਤੇ ਮੁੰਡੇ ਵੱਲ ਵਿਹੰਦਿਆਂ ਕਿਹਾ, “ਇਹ ਵਿਚਾਰੀ ਵਿਧਵਾ ਔਰਤ ਹੈ। ਇਹਦੇ ਪਤੀ ਨੂੰ ਗ਼ੁਜ਼ਰਿਆਂ ਪੰਜ ਸਾਲ ਹੋ ਗਏ ਨੇ। ਵਿਚਾਰੀ ਨੇ ਖੇਤਾਂ ਵਿੱਚ ਬੱਲੀਆਂ ਚੁਗ-ਚੁਗ ਕੇ ਅਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਮੁੰਡੇ ਨੂੰ ਪੜ੍ਹਾਇਆ ਹੈ। ਪਰਸੋਂ ਨੂੰ ਇੰਟਰਵਿਊ ਹੈ, ਇਨ੍ਹਾਂ ਵਿਚਾਰਿਆਂ ਦੀ ਬਾਂਹ ਫੜ੍ਹੋ।”
ਜੀਵਨ ਸਾਥਣ ਚਾਹ ਵੀ ਬਣਾ ਲਿਆਈ। ਚਾਹ ਦਾ ਘੁੱਟ ਭਰਦਿਆਂ ਮੈਂ ਉਨ੍ਹਾਂ ਨੂੰ ਹੌਸਲਾ ਦਿੰਦਿਆਂ ਕਿਹਾ, “ਮੈਂ ਤੁਹਾਡੀ ਜਿੰਨੀ ਵੀ ਮਦਦ ਹੋ ਸਕੀ, ਜ਼ਰੂਰ ਕਰਾਂਗਾ। ਤੁਸੀਂ ਮਾਂ-ਪੁੱਤ ਦੋਨੋਂ ਹੀ ਸ਼ਾਮੀ ਪੰਜ ਵਜੇ ਮੇਰੇ ਦਫਤਰ ਆ ਜਾਇਓ। ਤੁਹਾਨੂੰ ਡਿਪਟੀ ਕਮਿਸ਼ਨਰ ਸਾਹਿਬ ਕੋਲ ਲਿਜਾ ਕੇ ਮੈਂ ਮਦਦ ਲਈ ਬੇਨਤੀ ਕਰਾਂਗਾ।” ਇੱਕ ਅਧਿਕਾਰੀ ਹੋਣ ਦੇ ਨਾਤੇ ਮੈਨੂੰ ਪਤਾ ਸੀ ਕਿ ਡਿਪਟੀ ਕਮਿਸ਼ਨਰ ਤਕਰੀਬਨ ਸਾਢੇ ਕੁ ਪੰਜ ਵਜੇ ਆਪਣੇ ਕੈਂਪ ਆਫਿਸ ਵਿੱਚ ਮਿਲ ਜਾਂਦੇ ਸਨ। ਪੰਜ ਵਜੇ ਤੋਂ ਪਹਿਲਾਂ ਹੀ ਮਾਂ ਪੁੱਤ ਮੇਰੇ ਦਫਤਰ ਵਿੱਚ ਆ ਗਏ। ਡਿਪਟੀ ਕਮਿਸਨਰ ਸਾਹਿਬ ਤੋਂ ਟੈਲੀਫੋਨ ’ਤੇ ਮਿਲਣ ਦਾ ਸਮਾਂ ਮੰਗਿਆ ਤਾਂ ਉਨ੍ਹਾਂ ਨੇ ਛੇ ਕੁ ਵਜੇ ਆਉਣ ਦਾ ਆਦੇਸ਼ ਦੇ ਦਿੱਤਾ। ਮਿਥੇ ਸਮੇਂ ’ਤੇ ਮਾਂ-ਪੁੱਤ ਨੂੰ ਲੈ ਕੇ ਮੈਂ ਡਿਪਟੀ ਕਮਿਸ਼ਨਰ ਦੀ ਕੋਠੀ ਚਲਾ ਗਿਆ ਅਤੇ ਮਿਲਦਿਆਂ ਹੀ ਉਸ ਵਿਧਵਾ ਔਰਤ ਦੀ ਦੁੱਖ ਭਰੀ ਕਹਾਣੀ ਦੱਸ ਕੇ ਮੈਂ ਬੇਨਤੀ ਕੀਤੀ ਕਿ ਇਸ ਲੜਕੇ ਦੀ ਅਧਿਆਪਕ ਵਜੋਂ ਪਰਸੋਂ ਨੂੰ ਇੰਟਰਵਿਊ ਹੈ, ਕਿਰਪਾ ਕਰਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਚੋਣ ਲਈ ਮਦਦ ਕਰਨ ਵਾਸਤੇ ਕਹਿ ਦਿਉ। ਮੁੰਡੇ ਦੇ ਵੇਰਵੇ ਵਾਲੀ ਸਲਿੱਪ ਜਦੋਂ ਮੈਂ ਉਨ੍ਹਾਂ ਨੂੰ ਫੜਾਉਣ ਲੱਗਿਆ ਤਾਂ ਉਨ੍ਹਾਂ ਨੇ ਫੜੀ ਨਹੀਂ। ਉਂਜ ਔਰਤ ਵੱਲ ਵਿਹੰਦਿਆਂ ਹਮਦਰਦੀ ਭਰੇ ਸ਼ਬਦਾਂ ਨਾਲ ਕਿਹਾ, “ਕੋਈ ਨ੍ਹੀ ਬੀਬੀ, ਜ਼ਰੂਰ ਕਰਾਂਗਾ ਤੁਹਾਡੀ ਮਦਦ।”
ਮੈਂ ਢੀਠ ਜਿਹਾ ਹੋ ਕੇ ਫਿਰ ਮੁੰਡੇ ਦੇ ਵੇਰਵੇ ਵਾਲੀ ਸਲਿੱਪ ਡਿਪਟੀ ਕਮਿਸ਼ਨਰ ਨੂੰ ਫੜਾਉਣੀ ਚਾਹੀ, ਪਰ ਉਨ੍ਹਾਂ ਨੇ ਫਿਰ ਸਲਿੱਪ ਵੱਲ ਧਿਆਨ ਹੀ ਨਹੀਂ ਦਿੱਤਾ। ਅਖੀਰ ਨੂੰ ਮੈਂ ਤਰਲੇ ਵਜੋਂ ਕਿਹਾ ਕਿ ਸਰ ਮੈਂ ਤੁਹਾਡਾ ਨਾਂ ਲੈ ਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਮਿਲ ਲਵਾਂ? ਉਨ੍ਹਾਂ ਨੇ ਇਸ ਗੱਲ ਤੋਂ ਵੀ ਕੋਰਾ ਜਵਾਬ ਦੇ ਦਿੱਤਾ। ਉਂਜ ਗੱਲ ਕਰਦਿਆਂ ਉਹ ਰੁੱਖੇ ਨਹੀਂ ਹੋਏ, ਸਗੋਂ ਗੱਲਬਾਤ ਵਿੱਚ ਹਮਦਰਦੀ ਦੇ ਪ੍ਰਗਟਾਵੇ ਦੀ ਝਲਕ ਮਿਲਦੀ ਸੀ। ਮੈਂ ਹੈਰਾਨ ਅਤੇ ਪਰੇਸ਼ਾਨ ਸੀ ਕਿ ਡਿਪਟੀ ਕਮਿਸ਼ਨਰ ਸਾਹਿਬ ਮਦਦ ਲਈ ਤਾਂ ਕਹਿ ਰਹੇ ਨੇ, ਪਰ ਜਿਸਦੀ ਮਦਦ ਕਰਨੀ ਹੈ ਉਹਦੇ ਵੇਰਵੇ ਇਨ੍ਹਾਂ ਕੋਲ ਨਹੀਂ ਹਨ। ਫਿਰ ਭਲਾ ਮਦਦ ਕਿੰਜ ਕਰਨਗੇ? ਮੈਂ ਨਿਰਾਸ਼ ਜਿਹਾ ਹੋ ਕੇ ਕੋਠੀ ਵਿੱਚੋਂ ਵਾਪਸ ਆ ਗਿਆ। ਮੁੰਡੇ ਨੂੰ ਹੌਸਲਾ ਦਿੰਦਿਆਂ ਕਿਹਾ, “ਕਾਕਾ, ਇੰਟਰਵਿਊ ਵਿੱਚ ਡੋਲੀਂ ਨਾ। ਵਿਸ਼ਵਾਸ ਨਾਲ ਸਵਾਲਾਂ ਦੇ ਜਵਾਬ ਦੇ ਦੇਈਂ। ਪਰਮਾਤਮਾ ਭਲੀ ਕਰੇਗਾ।”
ਮੁੰਡੇ ਦੇ ਮੋਢੇ ’ਤੇ ਹੱਥ ਧਰਦਿਆਂ ਮੈਂ ਮਾਈ ਨੂੰ ਵੀ ਹੱਥ ਜੋੜ ਦਿੱਤੇ। ਉਂਜ ਉਸ ਰਾਤ ਮੈਨੂੰ ਚੱਜ ਨਾਲ ਨੀਂਦ ਨਹੀਂ ਨਾ ਆਈ। ਵਿਧਵਾ ਔਰਤ ਦੇ ਪੁੱਤ ਦੀ ਜ਼ਿੰਦਗੀ ਲਈ ਕੀਤੇ ਸੰਘਰਸ਼ ਅਤੇ ਸਾਊ ਪੁੱਤ ਦੇ ਅਧਿਆਪਕ ਬਣ ਕੇ ਮਾਂ ਦੇ ਦੁੱਖ ਦੂਰ ਕਰਨ ਵਾਲੇ ਸੰਕਲਪ ਨੂੰ ਖੋਰਾ ਲੱਗਣ ਦੇ ਡਰ ਨਾਲ ਮੈਂ ਆਪ ਵੀ ਚਿੰਤਾ ਵਿੱਚ ਸੀ। ਇਹ ਚਿੰਤਾ ਵੀ ਵੱਢ-ਵੱਢ ਖਾ ਰਹੀ ਸੀ ਕਿ ਮੈਂ ਇਨ੍ਹਾਂ ਦੀ ਮਦਦ ਕਿੰਜ ਕਰਾਂ? ਅਗਲੇ ਦਿਨ ਨੌਂ ਕੁ ਵਜੇ ਮੈਂ ਆਪਣੇ ਦਫਤਰ ਪੁੱਜ ਗਿਆ। ਅੱਧੇ ਕੁ ਘੰਟੇ ਬਾਅਦ ਹੀ ਡੀ.ਸੀ. ਦਫਤਰ ਦਾ ਚਪੜਾਸੀ ਮੇਰੇ ਦਫਤਰ ਵਿੱਚ ਆਇਆ ਅਤੇ ਇੱਕ ਲਿਫਾਫਾ, ਜਿਸ ਉੱਪਰ ਮੇਰਾ ਨਾਂ ਅਤੇ ਅਹੁਦਾ ਲਿਖਿਆ ਹੋਇਆ ਸੀ, ਮੈਨੂੰ ਦੇ ਗਿਆ। ਧੜਕਦੇ ਦਿਲ ਨਾਲ ਮੈਂ ਲਿਫਾਫਾ ਖੋਲ੍ਹਿਆ। ਡਿਪਟੀ ਕਮਿਸ਼ਨਰ ਵੱਲੋਂ ਦਫਤਰੀ ਹੁਕਮ ਸਨ ਕਿ ਅਧਿਆਪਕਾਂ ਦੀ ਚੋਣ ਕਮੇਟੀ ਵਿੱਚ ਮੇਰੇ ਨੁਮਾਇੰਦੇ ਵਜੋਂ ਤੁਹਾਨੂੰ ਚੋਣ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਜਾਂਦਾ ਹੈ। ਮੇਰੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਅੱਥਰੂ ਛੱਲਕ ਪਏ। ਕੁਝ ਸਮੇਂ ਬਾਅਦ ਹੀ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਉਨ੍ਹਾਂ ਵੱਲੋਂ ਮੇਰੇ ਉੱਪਰ ਪ੍ਰਗਟਾਏ ਗਏ ਵਿਸ਼ਵਾਸ ਲਈ ਧੰਨਵਾਦ ਕਰਨ ਗਿਆ। ਮੇਰੇ ਧੰਨਵਾਦੀ ਸ਼ਬਦਾਂ ਦੇ ਪ੍ਰਤੀਕਰਮ ਵਜੋਂ ਉਨ੍ਹਾਂ ਦਾ ਜਵਾਬ ਸੀ, “ਜਿਹੜਾ ਅਧਿਕਾਰੀ ਮੇਰੇ ਦਫਤਰ ਦੇ ਅੱਗੇ ਖੜੋਤੇ ਪੀੜਤਾਂ ਲਈ ਦੂਜੇ-ਤੀਜੇ ਦਿਨ ਮੇਰੇ ਕੋਲ ਆ ਕੇ ਬੇਨਤੀ ਕਰਦਾ ਹੈ, ਉਹ ਅਧਿਆਪਕਾਂ ਦੀ ਚੋਣ ਸਮੇਂ ਵੀ ਕੋਈ ਬੇਇਨਸਾਫੀ ਨਹੀਂ ਕਰੇਗਾ। ਥੋਡੀ ਨਿਯੁਕਤੀ ਦੇ ਹੁਕਮ ਮੈਂ ਕੱਲ੍ਹ ਸ਼ਾਮੀ ਤੁਹਾਡੇ ਆਉਣ ਤੋਂ ਪਹਿਲਾਂ ਕਰ ਚੁੱਕਿਆ ਸੀ। ਹੁਣ ਇੱਕ ਮਾਈ ਨਹੀਂ ਅਜਿਹੀਆਂ ਹੋਰ ਮਾਈਆਂ ਦੀਆਂ ਅਸੀਸਾਂ ਵੀ ਪ੍ਰਾਪਤ ਕਰੋ।”
ਚੋਣ ਸਮੇਂ ਅਜਿਹਾ ਹਰ ਸੰਭਵ ਯਤਨ ਮੇਰੇ ਵੱਲੋਂ ਕੀਤਾ ਵੀ ਗਿਆ। ਜਿੱਥੇ ਮੈਰਿਟ ਦਾ ਪੂਰਾ ਧਿਆਨ ਰੱਖਿਆ ਗਿਆ, ਉੱਥੇ ਚਿਹਰਿਆਂ ’ਤੇ ਗੁਰਬਤ, ਭਟਕਣ, ਬੇਵਸੀ ਅਤੇ ਓਵਰ ਏਜ ਹੋਣ ਵਾਲਿਆਂ ਵੱਲ ਵੀ ਉਚੇਚਾ ਧਿਆਨ ਦਿੱਤਾ ਗਿਆ। ਤਿੰਨ ਕੁ ਮਹੀਨਿਆਂ ਬਾਅਦ ਸਿਲੈਕਸ਼ਨ ਲਿਸਟ ਅਖ਼ਬਾਰਾਂ ਵਿੱਚ ਛਪ ਗਈ। ਵਿਧਵਾ ਔਰਤ ਦੇ ਪੁੱਤ ਦੀ ਸਿਲੈਕਸ਼ਨ ਹੋ ਗਈ ਸੀ। ਨਤੀਜਾ ਵੇਖਣ ਉਪਰੰਤ ਮਾਂ-ਪੁੱਤ ਨੇ ਸਵੇਰੇ-ਸਵੇਰੇ ਮੇਰੇ ਦਰ ’ਤੇ ਦਸਤਕ ਦਿੱਤੀ। ਉਨ੍ਹਾਂ ਦੇ ਚਿਹਰਿਆਂ ’ਤੇ ਤੈਰਦੀ ਨਿਰਛਲ ਮੁਸਕਰਾਹਟ ਤੋਂ ਲੱਗਦਾ ਸੀ ਕਿ ਜਿਵੇਂ ਇਸ ਮੁਸਕਰਾਹਟ ਨੇ ਬੜੀ ਦੇਰ ਬਾਅਦ ਉਨ੍ਹਾਂ ਦੇ ਉਦਾਸ ਚਿਹਰਿਆਂ ’ਤੇ ਰੌਣਕ ਲਾਈ ਹੋਵੇ। ਮਾਈ ਨੇ ਮਠਿਆਈ ਦਾ ਡੱਬਾ ਮੇਰੇ ਵੱਲ ਵਧਾਇਆ। ਮੈਂ ਮੁਬਾਰਕਾਂ ਦਿੰਦਿਆਂ ਬਰਫੀ ਦਾ ਪੀਸ ਚੁੱਕ ਕੇ ਪਹਿਲਾਂ ਜਦੋਂ ਮਾਈਂ ਦਾ ਮੂੰਹ ਮਿੱਠਾ ਕਰਵਾਇਆ ਤਾਂ ਉਹਦੀਆਂ ਅੱਖਾਂ ਵਿੱਚ ਛਮ-ਛਮ ਅੱਥਰੂ ਵਹਿ ਰਹੇ ਸਨ।
“ਜਿਊਂਦਾ ਰਹਿ ਪੁੱਤ … …।” ਕਹਿੰਦਿਆਂ ਉਹਨੇ ਦੋਹਾਂ ਹੱਥਾ ਨਾਲ ਮੇਰਾ ਮੋਢਾ ਪਲੋਸਣ ਉਪਰੰਤ ਅਸੀਸਾਂ ਦਾ ਮੀਂਹ ਵਰ੍ਹਾ ਦਿੱਤਾ। ਅਸੀਸਾਂ ਦੇ ਮੀਂਹ ਵਿੱਚ ਭਿੱਜਦਿਆਂ ਮੈਂ ਆਪਣੇ ਆਪ ਨੂੰ ਮੁਖ਼ਾਤਿਬ ਸੀ, “ਇਹੋ ਜਿਹੀਆਂ ਅਸੀਸਾਂ ਭਾਗਾਂ ਵਾਲਿਆਂ ਦੇ ਹਿੱਸੇ ਆਉਂਦੀਆਂ ਨੇ।”
ਹੁਣ ਵੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੇ ਨਾਲ ਨਾਲ ਪਰਿਵਾਰਕ ਸੁਖ ਇਹੋ ਜਿਹੀਆਂ ਅਸੀਸਾਂ ਕਾਰਨ ਹੀ ਸੰਭਵ ਹੋਇਆ ਹੈ। ਹਾਂ, ਉਸ ਵੇਲੇ ਦੇ ਡਿਪਟੀ ਕਮਿਸ਼ਨਰ ਦਾ ਨਾਂ ਸ਼੍ਰੀ ਟੀ.ਆਰ. ਸਾਰੰਗਲ ਸੀ ਤੇ ਅੱਜ ਕੱਲ੍ਹ ਮੁੱਖ ਸਕੱਤਰ ਪੰਜਾਬ ਸਰਕਾਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3697)
(ਸਰੋਕਾਰ ਨਾਲ ਸੰਪਰਕ ਲਈ: