“ਤਾੜੀਆਂ ਦੀ ਗੂੰਜ ਵਿੱਚ ਥਾਣੇਦਾਰ ਨੇ ਜਦੋਂ ਨੌਜਵਾਨ ਦੇ ਗਲ ਵਿੱਚ ਹਾਰ ...”
(11 ਜਨਵਰੀ 2025)
ਰਾਜ ਸੱਤਾ ’ਤੇ ਕਾਬਜ਼ ਸਿਆਸੀ ਆਗੂ, ਪੁਲਿਸ ਵਿਭਾਗ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਜਿਸ ਤਰੀਕੇ ਨਾਲ ਪੰਜਾਬ ਦੇ ਨਸ਼ਿਆਂ ਦਾ ਲੱਕ ਤੋੜਨ, ਨਸ਼ਈਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਅਤੇ ਨਸ਼ੇ ਦੀ ਬਰਾਮਦਗੀ ਦਾ ਦਾਅਵਾ ਕਰਦੇ ਹਨ, ਦਰਅਸਲ ਜ਼ਮੀਨੀ ਪੱਧਰ ’ਤੇ ਪੁਜ਼ੀਸ਼ਨ ਇਸ ਤੋਂ ਬਿਲਕੁਲ ਵੱਖਰੀ ਹੈ। ਇਸ ਵੇਲੇ ਨਾ ਤਾਂ ਨਸ਼ਿਆਂ ਕਾਰਨ ਮੌਤਾਂ ਦੇ ਅੰਕੜਿਆਂ ਨੂੰ ਠੱਲ੍ਹ ਪਈ ਹੈ ਅਤੇ ਨਾ ਹੀ ਲੁੱਟਾਂ ਖੋਹਾਂ ਖਟੀਆਂ ਹਨ। ਪੈਦਲ ਚਲਦੀਆਂ ਸਵਾਰੀਆਂ ਨੂੰ ਜਿੱਥੇ ਹਰ ਸਮੇਂ ਨਸ਼ੇੜੀਆਂ ਦੇ ਜਾਨ ਲੇਵਾ ਹਮਲੇ ਦਾ ਡਰ ਬਣਿਆ ਰਹਿੰਦਾ ਹੈ, ਉੱਥੇ ਹੀ ਰਿਕਸ਼ੇ ’ਤੇ ਬੈਠੀ ਸਵਾਰੀ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀ। ਝਪਟਮਾਰ ਪਲਾਂ ਵਿੱਚ ਹੀ ਪਰਸ, ਕੰਨਾਂ ਦੀਆਂ ਵਾਲੀਆਂ, ਮੋਬਾਇਲ ਆਦਿ ਖੋਹ ਕੇ ਰਫੂ ਚੱਕਰ ਹੋ ਜਾਂਦੇ ਹਨ। ਅਜਿਹੇ ਦਿਲ ਕੰਬਾਊ ਹਾਦਸਿਆਂ ਵਿੱਚ ਬਹੁਤ ਸਾਰੀਆਂ ਔਰਤਾਂ ਅਤੇ ਮਰਦ ਗੰਭੀਰ ਜ਼ਖ਼ਮੀ ਹੋਏ ਹਨ ਅਤੇ ਕਈ ਮੌਤ ਦਾ ਸ਼ਿਕਾਰ ਵੀ। ਵਾਰਦਾਤ ਪਿੱਛੋਂ ਪੁਲਿਸ ਆਲੇ ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਘਾਲਦੀ ਹੋਈ ‘ਦੋਸ਼ੀਆਂ’ ਨੂੰ ਛੇਤੀ ਫੜਨ ਦਾ ਦਾਅਵਾ ਕਰ ਦਿੰਦੀ ਹੈ। ਹੁਣ ਤਾਂ ਇਹ ਨੌਬਤ ਵੀ ਆ ਗਈ ਹੈ ਕਿ ਕਈ ਥਾਵਾਂ ਤੇ ਜਦੋਂ ਤਸਕਰਾਂ ਦੇ ਘਰ ਪੁਲਿਸ ਪਾਰਟੀ ਰੇਡ ਕਰਦੀ ਹੈ ਤਾਂ ਇਸਦੀ ਸੂਚਨਾ ਉਨ੍ਹਾਂ ਕੋਲ ਪਹਿਲਾਂ ਹੀ ਪੁੱਜ ਜਾਂਦੀ ਹੈ ਅਤੇ ਉਹ ਡਾਂਗਾਂ, ਤਲਵਾਰਾਂ, ਰੋੜੇ, ਵੱਟੇ ਅਤੇ ਹੋਰ ਸਮਾਨ ਇਕੱਠਾ ਕਰਕੇ ਪੁਲਿਸ ਪਾਰਟੀ ਦਾ ‘ਸਵਾਗਤ’ ਕਰਨ ਲਈ ਤਿਆਰ-ਬਰ-ਤਿਆਰ ਹੋ ਜਾਂਦੇ ਹਨ। ਮੁਕਾਬਲੇ ਲਈ ਘਰ ਦੀਆਂ ਔਰਤਾਂ ਵੀ ਪਿੱਛੇ ਨਹੀਂ ਰਹਿੰਦੀਆਂ। ਅਜਿਹੇ ਕਈ ਹਾਦਸਿਆਂ ਵਿੱਚ ਤਸਕਰਾਂ ਨੇ ਆਪਣੇ ਸਾਥੀਆਂ ਨਾਲ ਮਿਲਕੇ ਕਈ ਥਾਵਾਂ ’ਤੇ ਡਟਵਾਂ ਮੁਕਾਬਲਾ ਕਰਦਿਆਂ ਪੁਲਿਸ ਕਰਮਚਾਰੀਆਂ ਦੀਆਂ ਵਰਦੀਆਂ ਵੀ ਪਾੜੀਆਂ, ਸੱਟਾਂ ਵੀ ਮਾਰੀਆਂ ਅਤੇ ਮੁੱਠ-ਭੇੜ ਵਿੱਚ ਲੱਤਾਂ ਬਾਹਾਂ ਵੀ ਤੋੜੀਆਂ। ਅਜਿਹੀ ਸਥਿਤੀ ਵਿੱਚ ਸਹਿਮੇ ਲੋਕ ਸੋਚਦੇ ਹਨ ਕਿ ਜੇਕਰ ਪੁਲਿਸ ਕਰਮਚਾਰੀ ਹੀ ਤਸਕਰਾਂ ਤੋਂ ਸੁਰੱਖਿਅਤ ਨਹੀਂ, ਫਿਰ ਦੁਖੀ ਹੋਏ ਲੋਕ ਕਿੱਧਰ ਨੂੰ ਜਾਣ?
ਪੰਜਾਬ ਵਿੱਚ ਕਈ ਥਾਈਂ ਨਸ਼ਾ ਵਿਰੋਧੀ ਫਰੰਟ ਬਣੇ ਹੋਏ ਹਨ। ਉਨ੍ਹਾਂ ਆਗੂਆਂ ’ਤੇ ਵੀ ਕਈ ਨਸ਼ੇ ਦੇ ਤਸਕਰਾਂ ਨੇ ਜਾਨ ਲੇਵਾ ਹਮਲੇ ਕੀਤੇ ਹਨ। ਜਦੋਂ ਇਸ ਸੰਬੰਧ ਵਿੱਚ ਥਾਣੇ ਇਤਲਾਹ ਦਿੱਤੀ ਜਾਂਦੀ ਹੈ ਤਾਂ ਉਹ ਮੌਕੇ ’ਤੇ ਨਹੀਂ ਪਹੁੰਚਦੇ। ਘੰਟਾ-ਦੋ ਘੰਟੇ ਦੇਰ ਨਾਲ ਪੁੱਜਣ ’ਤੇ ਜਦੋਂ ਪੁਲਿਸ ਕਰਮਚਾਰੀ ਪੁੱਜਦੇ ਹਨ ਤਾਂ ਲੋਕਾਂ ਦੇ ਰੋਹ ਦਾ ਬੇਵਸੀ ਨਾਲ ਜਵਾਬ ਦਿੰਦਿਆਂ ਕਹਿੰਦੇ ਹਨ, “ਸਾਨੂੰ ਕਿਹੜਾ ਸਾਹ ਲੈਣਾ ਮਿਲਦਾ ਹੈ। ਧਰਨੇ, ਮੁਜ਼ਾਹਰੇ, ਰਸਤਾ ਜਾਮ, ਵੀ.ਆਈ. ਪੀ. ਸੁਰੱਖਿਆ ਕਾਰਨ ਥਾਣਿਆਂ ਵਿੱਚ ਨਫਰੀ ਬਹੁਤ ਘੱਟ ਹੁੰਦੀ ਹੈ। ਇਸੇ ਕਰਕੇ …।” ਲੋਕ ਫਿਰ ਨਿਹੋਰਾ ਮਾਰਦਿਆਂ ਕਹਿੰਦੇ ਹਨ, “ਇੱਕ ਵੀ.ਆਈ.ਪੀ. ਦੀ ਸੁਰੱਖਿਆ ਨਾਲੋਂ ਲੋਕਾਂ ਦੀ ਸੁਰੱਖਿਆ ਕਿਤੇ ਜ਼ਰੂਰੀ ਹੈ।”
ਇੱਕ ਦਿਨ ਨਸ਼ਾ ਛਡਾਊ ਕੇਂਦਰ ਦੇ ਦਫਤਰ ਵਿੱਚ ਬੈਠਾ ਸੀ। ਦੋ ਪੁਲਿਸ ਕਰਮਚਾਰੀ ਇੱਕ ਨੌਜਵਾਨ ਨੂੰ ਲੈਕੇ ਆ ਗਏ। ਨੌਜਵਾਨ ਹੱਥਕੜੀਆਂ ਵਿੱਚ ਜਕੜਿਆ ਹੋਇਆ ਸੀ। ਉਸਦੇ ਮਾਂ-ਬਾਪ ਪਿੱਛੇ ਖੜੋਤੇ ਸਨ। ਉਨ੍ਹਾਂ ਦੇ ਚਿਹਰਿਆਂ ’ਤੇ ਘੋਰ ਚਿੰਤਾ ਦੇ ਚਿੰਨ੍ਹ ਸਨ। ਅੱਕੇ ਹੋਏ ਹੌਲਦਾਰ ਨੇ ਉਸ ਮੁੰਡੇ ਵੱਲ ਘੂਰਕੇ ਵਿਹੰਦਿਆਂ ਕਿਹਾ, “ਇਸ ਕੁੱਤੇ ਨੇ ਅੱਤ ਚੁੱਕ ਰੱਖੀ ਹੈ। ਨਸ਼ਿਆਂ ਕਾਰਨ ਚੋਰੀਆਂ, ਠੱਗੀਆਂ, ਲੁੱਟਾਂ-ਖੋਹਾਂ … ਬੱਸ ਜੀ, ਇਸਨੇ ਕੋਈ ਕਸਰ ਨਹੀਂ ਛੱਡੀ। ਬਾਰ੍ਹਵੀਂ ਵਿੱਚ ਪੜ੍ਹਦਿਆਂ ਇਹ ਪੁੱਠੇ ਕੰਮ ਵਿੱਚ ਪੈ ਗਿਆ। ਦੋ ਦਿਨ ਅਸੀਂ ਇਹਨੂੰ ਥਾਣੇ ਵਿੱਚ ਰੱਖਿਐ। ਥਾਣੇਦਾਰ ਭਲਾ ਮਾਣਸ ਐ। ਕਹਿੰਦਾ, “ਕੇਸ ਕਾਹਨੂੰ ਪਾਉਣੈ, ਇਹਦੀ ਜ਼ਿੰਦਗੀ ਰੁਲ਼ ਜਾਵੇਗੀ। ਥੋਡੇ ਕੋਲ ਭੇਜਿਐ, ਇਹਦਾ ਨਸ਼ਾ ਛੁਡਵਾਉਣ ਲਈ।”
ਉਨ੍ਹਾਂ ਦੀ ਗੱਲ ਸੁਣਦਿਆਂ ਮੈਂ ਮੁੰਡੇ ਦੇ ਮਾਪਿਆਂ ਵੱਲ ਨਜ਼ਰ ਮਾਰੀ। ਉਨ੍ਹਾਂ ਦੀਆਂ ਅੱਖਾਂ ਵਿੱਚ ਪਰਲ ਪਰਲ ਵਹਿੰਦੇ ਅੱਥਰੂ ਆਪਣੇ ਦਰਦ ਦਾ ਖਾਮੋਸ਼ੀ ਨਾਲ ਪ੍ਰਗਟਾਵਾ ਕਰ ਰਹੇ ਸਨ। ਮੁੰਡੇ ਤੋਂ ਇਲਾਜ ਕਰਵਾਉਣ ਲਈ ਸਹਿਮਤੀ ਪੁੱਛੀ। ਉਸਦੇ ਹਾਂ ਵਿੱਚ ਸਿਰ ਹਿਲਾਉਣ ਤੋਂ ਬਾਅਦ ਪੁਲਿਸ ਕਰਮਚਾਰੀਆਂ ਨੂੰ ਉਸਦੀ ਹੱਥਕੜੀ ਖੋਲ੍ਹਣ ਲਈ ਕਿਹਾ ਗਿਆ। ਸੰਬੰਧਿਤ ਪੇਪਰਾਂ ’ਤੇ ਹਸਤਾਖਰ ਕਰਵਾਉਣ ਉਪਰੰਤ ਮਾਪਿਆਂ ਨੂੰ ਹੌਸਲਾ ਦਿੰਦਿਆਂ ਮੈਂ ਕਿਹਾ, “ਫਿਕਰ ਨਾ ਕਰੋ, ਇਹਨੂੰ ਠੀਕ ਕਰਨ ਲਈ ਪੂਰੀ ਕੋਸ਼ਿਸ਼ ਕਰਾਂਗੇ। ਬੱਸ, ਤੁਸੀਂ ਵਾਰ ਵਾਰ ਇੱਥੇ ਗੇੜਾ ਨਾ ਮਾਰਿਉ। ਟੈਲੀਫੋਨ ’ਤੇ ਹੀ ਇਸ ਸੰਬੰਧੀ ਪੁੱਛਦੇ ਰਹਿਣਾ। ਜਦੋਂ ਅਸੀਂ ਬੁਲਾਇਆ, ਉਸ ਸਮੇਂ ਜ਼ਰੂਰ ਆ ਜਾਣਾ।”
ਇਹੋ ਸੁਨੇਹਾ ਮੈਂ ਪੁਲਿਸ ਕਰਮਚਾਰੀਆਂ ਨੂੰ ਵੀ ਦੇ ਦਿੱਤਾ।
ਨਿੱਜੀ ਅਨੁਭਵ ਦੇ ਅਧਾਰ ’ਤੇ ਲਿਖ ਰਿਹਾ ਹਾਂ ਕਿ ਅੰਦਾਜ਼ਨ ਦਸ ਕੁ ਦਿਨ ਨਸ਼ਈ ਮਰੀਜ਼ ਨਸ਼ਾ ਛੱਡਣ ਵੇਲੇ ਤੋੜ ਦਾ ਸ਼ਿਕਾਰ ਹੁੰਦਾ ਹੈ। ਉਸ ਵੇਲੇ ਉਸ ਦੀ ਖਾਸ ਦੇਖ-ਭਾਲ ਦੇ ਨਾਲ ਨਾਲ ਦਵਾਈ ਦੇਣ ਦੀ ਲੋੜ ਹੁੰਦੀ ਹੈ। ਉਹ ਨੌਜਵਾਨ ਵੀ ਕੁਝ ਪੁਲਿਸ ਦੀ ਕੁੱਟਮਾਰ ਅਤੇ ਨਸ਼ਿਆਂ ਦੀ ਤੋੜ ਕਾਰਨ ਹੀ ਤੰਗ ਹੋਇਆ। ਡੇਢ ਕੁ ਹਫਤੇ ਬਾਅਦ ਨਸ਼ਾ ਰਹਿਤ ਹੋਣ ਦੇ ਚਿੰਨ੍ਹ ਸ਼ੁਰੂ ਹੋ ਗਏ। ਅਜਿਹੀ ਸਥਿਤੀ ਵਿੱਚ ਹੀ ਮਰੀਜ਼ ਨਾਲ ਚੰਗੀ ਤਰ੍ਹਾਂ ਗੱਲਬਾਤ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਤਾਂ ਉਸ ਦੇ ਹਿੱਸੇ ਹੌਸਲਾ, ਪਿਆਰ ਅਤੇ ਦਵਾਈ ਆਉਣੀ ਚਾਹੀਦੀ ਹੈ।
ਉਸ ਨੌਜਵਾਨ ਨੇ ਹੋਰਾਂ ਸਾਥੀਆਂ ਨਾਲ ਘੁਲਣਾ-ਮਿਲਣਾ ਸ਼ੁਰੂ ਕਰ ਦਿੱਤਾ। ਪਿਛਲੇ ਕੀਤੇ ਗੁਨਾਹਾਂ ’ਤੇ ਉਹ ਪਸ਼ਚਾਤਾਪ ਵੀ ਕਰਨ ਲੱਗ ਪਿਆ। ਇੱਕ ਦਿਨ ਭਰੇ ਮਨ ਨਾਲ ਉਸਨੇ ਦੱਸਿਆ, “ਜਦੋਂ ਜੀ, ਨਸ਼ੇ ਦੀ ਤੋੜ ਲੱਗੀ ਹੋਵੇ, ਉਦੋਂ ਕੋਈ ਚੰਗਾ ਮਾੜਾ ਨਹੀਂ ਸੁੱਝਦਾ। ਨਸ਼ੇ ਦੀ ਤੋੜ ਵਿੱਚ ਮਾਂ-ਬਾਪ ਤੋਂ ਪੈਸੇ ਮੰਗਣ ਤੇ ਜਦੋਂ ਅਨ੍ਹਾਂ ਨੇ ਪੈਸੇ ਦੇਣ ਤੋਂ ਹੱਥ ਖੜ੍ਹੇ ਕਰ ਦਿੱਤੇ, ਫਿਰ ਮੈਂ ਮਾਪਿਆਂ ਨੂੰ ਕਈ ਵਾਰ ਬੁਰੀ ਤਰ੍ਹਾਂ ਕੁੱਟਿਆ ਵੀ। ਫਿਰ ਮੈਂ ਆਪਣਾ ਗੈਂਗ ਬਣਾ ਲਿਆ। ਲੁੱਟਾਂ ਖੋਹਾਂ, ਬਦਮਾਸ਼ੀਆਂ, ਚੋਰੀਆਂ, ਨਸ਼ੇ ਵੇਚਣੇ ਸਾਡਾ ਰੋਜ਼ ਦਾ ਕੰਮ ਸੀ। ਕਈ ਪੁਲਿਸ ਵਾਲੇ ਵੀ ਅੜੇ-ਥੁੜੇ ਵੇਲੇ ਸਾਡੇ ਕੋਲੋਂ ਨਸ਼ੇ ਦੀ ਮੰਗ ਕਰਦੇ ਸਨ। ਛਾਪਾ ਮਾਰਨ ਵੇਲੇ ਸਾਨੂੰ ਪਹਿਲਾਂ ਇਤਲਾਹ ਵੀ ਦੇ ਦਿੰਦੇ। ਸੱਚ ਮੰਨਿਉ ਸਰ, ਰੋਜ਼ ਤਲੀ ’ਤੇ ਜਾਨ ਰੱਖਕੇ ਤੁਰੇ ਫਿਰਦੇ ਸੀ। ਕੋਈ ਰਿਸ਼ਤੇਦਾਰ ਮੂੰਹ ਨਹੀਂ ਸੀ ਲਾਉਂਦਾ। ਵਿਆਹੀ ਵਰੀ ਭੈਣ ਨੇ ਵੀ ਮੈਨੂੰ ਕਹਿ ਦਿੱਤਾ ਸੀ ਕਿ ਇਨ੍ਹਾਂ ਕਰਤੂਤਾਂ ਕਰਕੇ ਸਾਡਾ ਘਰ ਖਰਾਬ ਨਾ ਕਰੀਂ, ਇੱਥੇ ਆਉਣ ਦੀ ਲੋੜ ਨਹੀਂ। ਥੋਡੇ ਅੱਗੇ ਝੂਠ ਨਹੀਂ ਬੋਲਦਾ, ਜੇ ਤੁਹਾਡੀ ਸ਼ਰਨ ਵਿੱਚ ਨਾ ਆਉਂਦਾ ਤਾਂ ਕੰਧ ’ਤੇ ਲੱਗੀ ਮੇਰੀ ਫੋਟੋ ਤੇ ਹਾਰ ਪਾਇਆ ਹੁੰਦਾ।”
ਉਸ ਨੌਜਵਾਨ ਦੀਆਂ ਅੱਖਾਂ ਵਿੱਚੋਂ ਵਹਿੰਦੇ ਅੱਥਰੂ ਉਸਦੇ ਸੱਚਾ ਹੋਣ ਦੀ ਗਵਾਹੀ ਭਰ ਰਹੇ ਸਨ। ਦਰਅਸਲ ਨਸ਼ਾ ਕਰਨ ਵਾਲੇ ਜ਼ਿੰਦਗੀ ਦੇ ਖਲਨਾਇਕ ਨਹੀਂ, ਪੀੜਤ ਹਨ। ਕੁੱਟਮਾਰ, ਸਰੀਰਕ ਤਸੀਹੇ, ਜ਼ਲਾਲਤ ਇਨ੍ਹਾਂ ਦਾ ਇਲਾਜ ਨਹੀਂ। ਜੇਕਰ ਅਜਿਹਾ ਸੰਭਵ ਹੁੰਦਾ ਤਾਂ ਥਾਣੇ ਜਾਂ ਜੇਲ੍ਹਾਂ ਵਿੱਚੋਂ ਨਸ਼ਈ ਚੰਗੇ ਬੰਦੇ ਬਣਕੇ ਨਿਕਲਦੇ। ਅਸੀਂ ਦਾਖਲ ਨਸ਼ਈ ਨੌਜਵਾਨ ਨੂੰ ਵੀ ਪੀੜਤ ਨੌਜਵਾਨ ਸਮਝਕੇ ਉਸ ਨੂੰ ਧਰਮ, ਸਾਹਿਤ ਅਤੇ ਕਿਰਤ ਦੇ ਸੰਕਲਪ ਨਾਲ ਜੋੜ ਕੇ ਜ਼ਿੰਦਗੀ ਦੇ ਸਹੀ ਮਾਰਗ ’ਤੇ ਤੁਰਨ ਦਾ ਸੁਨੇਹਾ ਦਿੱਤਾ। ਸਿਮਰਨ ਹਮੇਸ਼ਾ ਉਸਦੇ ਕੋਲ ਹੁੰਦਾ ਸੀ ਅਤੇ ਸਮੇਂ ਸਮੇਂ ਸਿਰ ਇਕਾਂਤ ਵਿੱਚ ਬੈਠ ਕੇ ਪਾਠ ਕਰਦਾ ਰਹਿੰਦਾ। ਉਸਾਰੂ ਸਾਹਿਤ ਅਧਿਐਨ ਲਈ ਨਸ਼ਾ ਛਡਾਊ ਕੇਂਦਰ ਵਿੱਚ ਸਥਾਪਿਤ ਲਾਇਬਰੇਰੀ ਵਿੱਚੋਂ ਉਹ ਕਿਤਾਬਾਂ ਕਢਵਾ ਕੇ ਪੜ੍ਹਦਾ ਰਹਿੰਦਾ। ਕਿਰਤ ਦਾ ਸੰਕਲਪ ਵੀ ਉਹਦੇ ਅੰਗ-ਸੰਗ ਸੀ। ਬੂਟਿਆਂ ਦੀ ਸੰਭਾਲ, ਕੈਂਪਸ ਦੀ ਸਾਫ ਸਫਾਈ ਜਿਹੇ ਕਾਰਜਾਂ ਵਿੱਚ ਵੀ ਉਹ ਰੁੱਝਿਆ ਰਹਿੰਦਾ। ਸਾਰੇ ਦਾਖਲ ਨਸ਼ਈ ਮਰੀਜ਼ਾਂ ਨੂੰ ਰੋਟੀ ਵਰਤਾਉਣ ਉਪਰੰਤ ਉਹ ਆਪ ਰੋਟੀ ਖਾਂਦਾ ਸੀ। ਦਾਖਲ ਹੋਣ ਸਮੇਂ ਉਹਦੇ ਚਿਹਰੇ ’ਤੇ ਉੱਕਰੀਆਂ ਖੂੰਖਾਰ ਰੇਖਾਵਾਂ ਅਲੋਪ ਹੋ ਚੁੱਕੀਆਂ ਸਨ। ਇੱਕ ਸਾਊ ਅਤੇ ਨੇਕ ਨੌਜਵਾਨ ਦੀ ਸ਼ਖਸੀਅਤ ਉੱਭਰ ਕੇ ਸਾਹਮਣੇ ਆ ਰਹੀ ਸੀ।
ਫਿਰ ਇੱਕ ਦਿਨ ਯੋਗਾ ਕਰਵਾਉਣ ਵੇਲੇ ਮੈਂ ਉਸ ਨੂੰ ਮੁਖਾਤਿਬ ਹੋ ਕੇ ਕਿਹਾ, “ਇਸ ਚੰਗੇ ਮਾਰਗ ’ਤੇ ਚੱਲਦਾ ਰਹਿ, ਤੇਰੇ ਨਾਲ ਵਾਅਦਾ ਹੈ ਕਿ ਜਿਹੜੇ ਥਾਣੇ ਵਿੱਚੋਂ ਤੈਨੂੰ ਹੱਥਕੜੀ ਲਾਕੇ ਲਿਆਂਦਾ ਗਿਆ ਸੀ, ਉਸੇ ਥਾਣੇ ਦਾ ਥਾਣੇਦਾਰ ਤੇਰੇ ਗੱਲ ਵਿੱਚ ਹਾਰ ਪਾ ਕੇ ਤੈਨੂੰ ਆਪਣੀ ਗੱਡੀ ਵਿੱਚ ਬਿਠਾਕੇ ਤੇਰੇ ਘਰ ਛੱਡਕੇ ਆਵੇਗਾ। ਤੇਰੇ ਮਾਂ ਬਾਪ ਨੂੰ ਵੀ ਸੱਦਾਂਗਾ। ਤੈਨੂੰ ਮਿਲਣ ਉਪਰੰਤ ਉਨ੍ਹਾਂ ਦੀਆਂ ਅੱਖਾਂ ਵਿੱਚ ਅੱਥਰੂ ਨਹੀਂ, ਸਗੋਂ ਚਿਹਰੇ ’ਤੇ ਮੁਸਕਰਾਹਟ ਹੋਵੇਗੀ।”
ਉਸਨੇ ਵਾਅਦਾ ਕੀਤਾ ਕਿ ਉਹ ਹੁਣ ਨੇਕੀ ਦੇ ਰਾਹ ’ਤੇ ਚੱਲ ਕੇ ਵਧੀਆ ਜ਼ਿੰਦਗੀ ਬਤੀਤ ਕਰੇਗਾ। ਆਪਣੇ ਮਾਪਿਆਂ ਦੀ ਸੇਵਾ ਵੀ ਕਰੇਗਾ।
ਚੰਗੀ ਤਰ੍ਹਾਂ ਠੀਕ ਹੋਣ ਉਪਰੰਤ ਉਸਦੇ ਮਾਪਿਆਂ ਨੂੰ ਆਉਣ ਲਈ ਸੁਨੇਹਾ ਦਿੱਤਾ ਅਤੇ ਨਾਲ ਹੀ ਥਾਣੇਦਾਰ ਨੂੰ ਵੀ ਬੇਨਤੀ ਕੀਤੀ ਕਿ ਇਹਨੂੰ ਲੈਣ ਲਈ ਤੁਸੀਂ ਆਪ ਆਵੋ। ਨਿਸ਼ਚਿਤ ਦਿਨ ਥਾਣੇਦਾਰ ਨਸ਼ਾ ਛਡਾਊ ਕੇਂਦਰ ਵਿੱਚ ਪੁੱਜ ਗਿਆ। ਮਾਪੇ ਵੀ ਆ ਗਏ। ਮਾਪਿਆਂ ਨਾਲ ਮੁੰਡੇ ਦੀ ਭੈਣ ਅਤੇ ਭਣੋਈਆ ਵੀ ਆਏ ਸਨ। ਅੰਦਾਜ਼ਨ ਡੇਢ ਕੁ ਮਹੀਨੇ ਬਾਅਦ ਮਾਪਿਆਂ ਨੇ ਆਪਣੇ ਇਕਲੌਤੇ ਪੁੱਤ ਨੂੰ ਮਿਲਣਾ ਸੀ। ਸ਼ਹਿਰ ਦੀਆਂ ਕੁਝ ਨਾਮਵਰ ਸ਼ਖਸੀਅਤਾਂ ਵੀ ਬੁਲਾਈਆਂ ਗਈਆਂ। ਮੁੰਡੇ ਨੂੰ ਵਿਦਾਅ ਕਰਨ ਲਈ ਇੱਕ ਸੰਖੇਪ ਕਿਹਾ ਸਮਾਗਮ ਕੀਤਾ ਗਿਆ। ਤੰਦਰੁਸਤ ਨਸ਼ਾ ਰਹਿਤ ਨੌਜਵਾਨ ਜਦੋਂ ਆਪਣੇ ਮਾਪਿਆਂ ਦੇ ਪੈਰਾਂ ਵਿੱਚ ਝੁਕਿਆ ਤਾਂ ਮਾਂ ਬਾਪ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅੱਥਰੂ ਸਨ। ਇਕਲੌਤੀ ਭੈਣ ਵਾਰ ਵਾਰ ਆਪਣੇ ਵੀਰ ਦਾ ਮੱਥਾ ਚੁੰਮ ਰਹੀ ਸੀ। ਨਾਲ ਖੜ੍ਹਾ ਭਣੋਈਆ ਵੀ ਉਸ ਨੂੰ ਬੁੱਕਲ ਵਿੱਚ ਲੈ ਰਿਹਾ ਸੀ।
ਤਾੜੀਆਂ ਦੀ ਗੂੰਜ ਵਿੱਚ ਥਾਣੇਦਾਰ ਨੇ ਜਦੋਂ ਨੌਜਵਾਨ ਦੇ ਗਲ ਵਿੱਚ ਹਾਰ ਪਾਕੇ ਮੁਸਕਰਾਉਂਦਿਆਂ ਕਿਹਾ, “ਸੱਚੀਂ, ਹੁਣ ਤੂੰ ਹੀਰੋ ਲੱਗਦੈਂ। ਮੇਰੇ ਵਾਲੀ ਗੱਡੀ ਵਿੱਚ ਬੈਠ, ਤੈਨੂੰ ਘਰ ਛੱਡ ਕੇ ਆਵਾਂ।”
ਬਾਹਰੋਂ ਆਈਆਂ ਸ਼ਖਸੀਅਤਾਂ ਨੇ ਵੀ ਉਸਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਜਾਣ ਲੱਗਿਆਂ ਉਸਦੀ ਭੈਣ ਨੇ ਪ੍ਰਗਟਾਵਾ ਕੀਤਾ ਕਿ ਇੱਕ ਵਾਰ ਘਰ ਜਾਣ ਤੋਂ ਬਾਅਦ ਮੈਂ ਇਸ ਨੂੰ ਆਪ ਨਾਲ ਲੈ ਜਾਵਾਂਗੀ। ਮੇਰੇ ਪਤੀ ਰਾਜ ਮਿਸਤਰੀ ਨੇ। ਉਨ੍ਹਾਂ ਕੋਲੋਂ ਕੰਮ ਸਿੱਖ ਲਵੇਗਾ। ਪੁਰਾਣੀ ਸੰਗਤ ਤੋਂ ਵੀ ਖਹਿੜਾ ਛੁੱਟੂ।”
ਗੱਲ ਵਿੱਚ ਹਾਰ ਪਾਈ ਜੇਤੂ ਨਜ਼ਰਾਂ ਨਾਲ ਉਹ ਨੌਜਵਾਨ ਥਾਣੇਦਾਰ ਦੀ ਜੀਪ ਵੱਲ ਵਧ ਰਿਹਾ ਸੀ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5607)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)