MohanSharma7ਝਰਨੇ ਵਾਂਗ ਨਿਰੰਤਰ ਵਹਿੰਦੀ ਜ਼ਿੰਦਗੀ ਵਿਚ ਆਈ ਖੜੋਤ ਛੱਪੜ ਵਰਗਾ ਰੂਪ ...
(18 ਸਤੰਬਰ 2018)

 

ਜ਼ਿੰਦਗੀ ਦੇ ਨਿਰੰਤਰ ਵਹਾਅ ਲਈ ਠਹਿਰਾਉ ਵੀ ਅਤਿਅੰਤ ਜਰੂਰੀ ਹੈਪਰ ਇਹ ਠਹਿਰਾਉ ਜੇਕਰ ਥੋੜ੍ਹ-ਚਿਰਾ ਹੈ ਅਤੇ ਅਗਾਂਹ ਸਫ਼ਰ ’ਤੇ ਜਾਣ ਲਈ ਠਹਿਰਾਉ ਸਮੇਂ ਵੀ ਤੀਵਰ ਇੱਛਾ, ਲਗਨ ਅਤੇ ਦ੍ਰਿੜ ਸੰਕਲਪ ਅੰਗ-ਸੰਗ ਹੈ ਤਾਂ ਮੰਜ਼ਲ ’ਤੇ ਸਹਿਜੇ ਹੀ ਪੁੱਜਿਆ ਜਾ ਸਕਦਾ ਹੈਪਰ ਜੇਕਰ ‘ਦੋ ਕੋਹ ਨਹੀਂ ਤੁਰੀ ਤੇ ਬਾਬਾ ਤਿਹਾਈ’ ਵਾਲੀ ਕਹਾਵਤ ਅਨੁਸਾਰ ਜ਼ਿੰਦਗੀ ਦੇ ਸਫ਼ਰ ਵਿਚ ਥੋੜ੍ਹਾ ਜਿਹਾ ਤੁਰਨ ਤੋਂ ਬਾਅਦ ਆਰਾਮ ਕਰਨ ਦੀ ਸੋਚ ਨਾਲ ਸਫ਼ਰ ਕੀਤਾ ਜਾਵੇ ਤਾਂ ਮੰਜ਼ਿਲ ਤੈਅ ਕਰਨ ਵਾਲੇ ਸੰਕਲਪ ਨੂੰ ਖੋਰਾ ਜਿਹਾ ਲੱਗ ਜਾਂਦਾ ਹੈਜਿੱਦਾਂ ਇਬਾਰਤ ਵਿਚ ਥਾਂ-ਥਾਂ ਲੱਗੇ ਕੌਮੇ ਅਤੇ ਫੁੱਲ ਸਟਾਪ ਚੰਗੀ ਇਬਾਰਤ ਦਾ ਮੂੰਹ ਮੱਥਾ ਹੀ ਬਿਗਾੜ ਦਿੰਦੇ ਹਨ, ਇੱਦਾਂ ਹੀ ਬੋਝਲ ਕਦਮਾਂ ਨਾਲ ਥਾਂ-ਥਾਂ ਰੁਕਣ ਵਾਲੇ ਜ਼ਿੰਦਗੀ ਦੀ ਦੌੜ ਵਿਚ ਫਾਡੀ ਰਹਿ ਜਾਂਦੇ ਹਨਅਜਿਹਾ ਵਰਤਾਰਾ ਜਦੋਂ ਨਿੱਜ ਦੀ ਥਾਂ ਸਮੂਹ ਨਾਲ ਜੁੜਿਆ ਹੋਵੇ ਤਾਂ ਸਮਾਜ ਵਿਚ ਵੀ ਸੁਸਤੀ ਅਤੇ ਅਵੇਸਲਾਪਣ ਆ ਜਾਂਦਾ ਹੈਝਰਨੇ ਵਾਂਗ ਨਿਰੰਤਰ ਵਹਿੰਦੀ ਜ਼ਿੰਦਗੀ ਵਿਚ ਆਈ ਖੜੋਤ ਛੱਪੜ ਵਰਗਾ ਰੂਪ ਧਾਰਨ ਕਰ ਲੈਂਦੀ ਹੈਛੱਪੜ, ਜਿਸ ਵਿੱਚ ਖੜੋਤਾ ਬਦਬੂ ਮਾਰਦਾ ਹੈ

ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਵੀ ਇਸ ਤਰ੍ਹਾਂ ਹੀ ਹੁੰਦਾ ਹੈ5-6 ਦਿਨ ਕੰਮ ਕਰਨ ਤੋਂ ਬਾਅਦ ਹਫ਼ਤੇ ਦਾ ਆਖ਼ਰੀ ਦਿਨ ਐਤਵਾਰ ਆਰਾਮ ਕਰਨ ਦੇ ਨਾਲ-ਨਾਲ, ਘਰ ਦੇ ਜ਼ਰੂਰੀ ਕੰਮ ਕਰਨ ਲਈ, ਬੱਚਿਆਂ ਦੀਆਂ ਮਾਨਸਿਕ ਲੋੜਾਂ ਦੀ ਪੂਰਤੀ ਲਈ ਅਤੇ ਆਇਆਂ-ਗਿਆਂ ਦੀ ਆਉ-ਭਗਤ ਦੇ ਲੇਖੇ ਲਾ ਕੇ ਸਕੂਨ ਜਿਹਾ ਮਿਲਦਾ ਹੈਪਰ ਜੇਕਰ ਐਤਵਾਰ ਦੇ ਨਾਲ 3-4 ਹੋਰ ਸਰਕਾਰੀ ਛੁੱਟੀਆਂ ਜੁੜ ਜਾਣ ਤਾਂ ਕਰਮਚਾਰੀ/ਅਧਿਕਾਰੀ ਦਾ ਰੁਖ ਮੰਜੇ ਵੱਲ ਹੋ ਜਾਂਦਾ ਹੈ ਅਤੇ ਮੰਜੇ ਨਾਲ ਪਾਈ ਜ਼ਿਆਦਾ ਸਾਂਝ ਕਿਰਤ-ਸੰਕਲਪ ਨੂੰ ਖੋਰਾ ਲਾਉਂਦੀ ਹੈ‘ਵਿਹਲਾ ਮਨ, ਸ਼ੈਤਾਨੀਆਂ ਦੀ ਜੜ੍ਹ’ ਅਨੁਸਾਰ ਬੰਦਾ ਕਬੀਲਦਾਰੀ ਦੇ ਕੰਮ ਨਬੇੜਨ ਦੀ ਥਾਂ ਐਸ਼-ਪ੍ਰਸਤੀ ਦੇ ਨਾਂ ਹੇਠ ਅਜਿਹੇ ਕਰਮ ਕਰਦਾ ਹੈ, ਜਿਹੜੇ ਸ਼ੈਤਾਨੀਅਤ ਨੂੰ ਜਨਮ ਦਿੰਦੇ ਹਨਕਿਸੇ ਵਿਦਵਾਨ ਦੇ ਬੋਲ ਹਨ, ‘ਬੰਦਾ ਕੰਮ ਕਰਦਾ ਲੋਹਾ, ਬਹਿ ਗਿਆ ਤਾਂ ਗੋਹਾ, ਪੈ ਗਿਆ ਤਾਂ ਮੋਇਆ।’

ਸਰਕਾਰੀ ਦਫ਼ਤਰਾਂ ਵਿਚ ਪੰਜ ਦਿਨ ਦਾ ਹਫ਼ਤਾ ਹੁੰਦਾ ਹੈਜਦੋਂ ਦੋ-ਤਿੰਨ ਸਰਕਾਰੀ ਛੁੱਟੀਆਂ ਇਕੱਠੀਆਂ ਆ ਜਾਂਦੀਆਂ ਹਨ ਤਾਂ ਮੁਲਾਜ਼ਮ ਆਪਣੀਆਂ ਅਖ਼ਤਿਆਰੀ ਛੁੱਟੀਆਂ ਵਿੱਚੋਂ ਇੱਕ-ਦੋ ਛੁੱਟੀਆਂ ‘ਜਰੂਰੀ ਕੰਮ’ ਦੱਸ ਕੇ ਲੈ ਲੈਂਦੇ ਹਨ ਅਤੇ ਪੂਰਾ ਹਫ਼ਤਾ ਦਫਤਰ ਨਹੀਂ ਜਾਂਦੇਇਸ ਨਾਲ ਪ੍ਰਸ਼ਾਸਨਿਕ ਕੰਮਾਂ ਵਿਚ ਖੜੋਤ ਆ ਜਾਂਦੀ ਹੈਭਾਵੇਂ ਸਬੰਧਤ ਅਧਿਕਾਰੀ ਦਫਤਰ ਵਿਚ ਬੈਠਾ ਹੋਵੇ ਪਰ ਸਬੰਧਤ ਕੰਮ ਵਾਲਾ ਕਰਮਚਾਰੀ ਛੁੱਟੀ ’ਤੇ ਹੋਣ ਕਾਰਨ ਦੂਰ-ਦੁਰਾਡੇ ਤੋਂ ਆਪਣੇ ਕੰਮ ਲਈ ਆਇਆ ਵਿਅਕਤੀ ਇਸ ਕਰਕੇ ਨਿਰਾਸ਼ ਹੋ ਕੇ ਪਰਤਦਾ ਹੈ ਕਿ ਸਬੰਧਤ ਫਾਈਲ ਵਾਲਾ ਕਰਮਚਾਰੀ ਛੁੱਟੀ ’ਤੇ ਹੁੰਦਾ ਹੈਅਜਿਹੀ ਖੱਜਲ-ਖੁਆਰੀ ਦਾ ਪਬਲਿਕ ਨੂੰ ਉਦੋਂ ਵੀ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਕਿਸੇ ‘ਆਗੂ’ ਦੀ ਮੌਤ ਦੇ ਸੋਗ ਵਿਚ ਸਾਰੇ ਸਰਕਾਰੀ ਦਫ਼ਤਰ ਅਤੇ ਵਿੱਦਿਅਕ ਅਦਾਰਿਆਂ ਵਿਚ ਛੁੱਟੀ ਕੀਤੀ ਜਾਂਦੀ ਹੈਛੁੱਟੀ ਕਿਸੇ ਆਗੂ ਦੀ ਮੌਤ ਦੇ ਸੋਗ ਵਜੋਂ ਕੀਤੀ ਹੁੰਦੀ ਹੈ, ਪਰ ਵਿਦਿਆਰਥੀ, ਅਧਿਆਪਕ ਅਤੇ ਦਫਤਰੀ ਅਮਲੇ ਦੇ ਕਰਮਚਾਰੀ ਛੁੱਟੀ ਹੋਣ ਕਾਰਨ ਖੁਸ਼ੀ ਵਿਚ ਘਰ ਨੂੰ ਜਾ ਰਹੇ ਹੁੰਦੇ ਹਨਹਾਂ, ਸੋਗ ਦੀ ਗੱਲ ਉਨ੍ਹਾਂ ਲਈ ਹੁੰਦੀ ਹੈ ਜੋ 20-25 ਕਿਲੋਮੀਟਰ ਤੋਂ ਆਪਣਾ ਕੰਮ-ਕਾਰ ਛੱਡ ਕੇ ਦਫ਼ਤਰਾਂ ਵਿਚ ਪਹੁੰਚਦੇ ਹਨ ਪਰ ਅਗਾਂਹ ਭਾਂਅ-ਭਾਂਅ ਕਰਦੇ ਦਫਤਰ ਉਨ੍ਹਾਂ ਦੀ ਉਦਾਸੀ ਵਿਚ ਢੇਰ ਵਾਧਾ ਕਰਦੇ ਹਨਉਹ ਅਗਲੇ ਦਿਨ ਦੀ ਆਸ ’ਤੇ ਬੋਝਲ ਕਦਮੀ ਬੱਸ ਅੱਡੇ ਵੱਲ ਜਾ ਰਹੇ ਹੁੰਦੇ ਹਨਪਰ ਅਗਲੇ ਦਿਨ ਕਰਮਚਾਰੀ ਨੇ ਇਸ ਸੋਗ ਵਾਲੀ ਛੁੱਟੀ ਨਾਲ ਦੂਜੀ ਅਚਨਚੇਤ ਛੁੱਟੀ ਲਈ ਹੁੰਦੀ ਹੈਅਜਿਹੀ ਸਥਿਤੀ ਵਿਚ ਸੰਬਧਤ ਵਿਅਕਤੀਆਂ ’ਤੇ ਕੀ ਬੀਤਦੀ ਹੈ, ਇਹ ਉਹੀ ਜਾਣਦੇ ਹਨ

ਦੂਜੇ ਪਾਸੇ ਵਿਦਿਆਰਥੀਆਂ ਤੋਂ ਘਰਾਂ ਵਿਚ ਜਦੋਂ ਮਾਪੇ ਛੇਤੀ ਛੁੱਟੀ ਹੋਣ ਦਾ ਕਾਰਨ ਪੁੱਛਦੇ ਹਨ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ, ‘ਕੋਈ ਲੀਡਰ ਮਰ ਗਿਆ ਹੈ।’ ‘ਕੌਣ ਮਰ ਗਿਆ? ਦੇਸ਼ ਜਾਂ ਪ੍ਰਾਂਤ ਲਈ ਉਸ ਨੇ ਕੀ ਕੀਤਾ ਸੀ?’ ਅਜਿਹੇ ਸਵਾਲਾਂ ਦਾ ਉਹ ਜਵਾਬ ਨਹੀਂ ਦੇ ਸਕਦੇਜਵਾਬ ਦੇਣ ਵੀ ਕਿੱਦਾਂ? ਉਨ੍ਹਾਂ ਨੂੰ ਕਿਹੜਾ ਅਧਿਆਪਕਾਂ ਨੇ ਦੱਸਿਆ ਹੁੰਦਾ ਹੈਸਿਧਾਂਤਕ ਤੌਰ ’ਤੇ ਚਾਹੀਦਾ ਤਾਂ ਇਹ ਹੈ ਕਿ ਜਦੋਂ ਵੀ ਕਿਸੇ ਆਗੂ ਦੀ ਮੌਤ ਹੁੰਦੀ ਹੈ ਤਾਂ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਇਕੱਠੇ ਕਰਕੇ ਵਿਛੋੜਾ ਦੇਣ ਵਾਲੀ ਸ਼ਖ਼ਸੀਅਤ ਸਬੰਧੀ ਜਾਣੂ ਕਰਵਾਇਆ ਜਾਵੇਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਵੀ ਦਿੱਤੀ ਜਾਵੇਪਰ ਅਜਿਹਾ ਕੁਝ ਨਹੀਂ ਹੁੰਦਾਭਾਰਤ ਦੇ ਮਰਹੂਮ ਰਾਸ਼ਟਰਪਤੀ ਸ਼੍ਰੀ ਅਬਦੁਲ ਕਲਾਮ ਜੀ ਨੇ ਆਪਣੀ ਅੰਤਿਮ ਇੱਛਾ ਸਬੰਧੀ ਲਿਖਿਆ ਸੀ ਕਿ ਮੇਰੀ ਮੌਤ ਤੇ ਛੁੱਟੀ ਨਾ ਕੀਤੀ ਜਾਵੇ ਅਤੇ ਉਸ ਦਿਨ ਹੋਰ ਜ਼ਿਆਦਾ ਲਗਨ ਅਤੇ ਮਿਹਨਤ ਨਾਲ ਕੰਮ ਕਰਕੇ ਮੈਂਨੂੰ ਸ਼ਰਧਾਂਜਲੀ ਦਿੱਤੀ ਜਾਵੇਪਰ ਕਿੱਥੇ? ਉਨ੍ਹਾਂ ਦੀ ਮੌਤ ਉਪਰੰਤ ਇਕ ਵਾਰ ਤਾਂ ਦਫ਼ਤਰ ਅਤੇ ਵਿੱਦਿਅਕ ਅਦਾਰੇ ਬੰਦ ਹੋ ਗਏ ਸਨਪਰ ਉਨ੍ਹਾਂ ਦੀ ਅੰਤਿਮ ਇੱਛਾ ਦੀ ਕਦਰ ਕਰਦਿਆਂ ਸਰਕਾਰ ਨੇ ਦਫ਼ਤਰ ਅਤੇ ਵਿੱਦਿਅਕ ਅਦਾਰੇ ਖੁੱਲ੍ਹੇ ਰੱਖਣ ਦਾ ਆਦੇਸ਼ ਜ਼ਰੂਰ ਦਿੱਤਾ ਸੀਸਰਕਾਰ ਦੇ ਆਦੇਸ਼ ’ਤੇ ਅੱਧ-ਪਚੱਧ ਹੀ ਅਸਰ ਹੋਇਆ ਸੀ, ਕਿਉਂਕਿ ਵਿੱਦਿਅਕ ਅਦਾਰਿਆਂ ਅਤੇ ਸਰਕਾਰੀ ਕਰਮਚਾਰੀਆਂ ਨੇ ਪਹਿਲਾਂ ਜਾਰੀ ‘ਸ਼ਾਨਦਾਰ ਪਰੰਪਰਾ’ ’ਤੇ ਅਮਲ ਕਰਦਿਆਂ ਘਰ ਵੱਲ ਚਾਲੇ ਪਾ ਦਿੱਤੇ ਸਨ

ਮਹਾਂਪੁਰਸ਼ਾਂ ਅਤੇ ਵੱਡੇ ਆਗੂਆਂ ਦੇ ਜਨਮ ਦਿਨ/ਬਰਸੀ ’ਤੇ ਛੁੱਟੀ ਕਰਨਾ ਹਰ ਸਰਕਾਰ ਦਾ ਅਖ਼ਤਿਆਰੀ ਵਿਸ਼ਾ ਹੈਪੰਜਾਬ ਵਿਚ ਇਹ ਰਵਾਇਤ ਹੀ ਹੋ ਗਈ ਹੈ ਕਿ ਕਿਸੇ ਵੀ ਮਹਾਂਪੁਰਸ਼ ਦੇ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਜਲੂਸ ਵਿਚ ਸ਼ਾਮਲ ਹੋਣ ਲਈ ਸਰਕਾਰੀ ਦਫ਼ਤਰਾਂ ਅਤੇ ਵਿੱਦਿਅਕ ਅਦਾਰਿਆਂ ਨੂੰ ਅੱਧੀ ਛੁੱਟੀ ਕਰ ਦਿੱਤੀ ਜਾਂਦੀ ਹੈਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਸ ਮੰਤਵ ਲਈ ਅੱਧੀ ਛੁੱਟੀ ਕੀਤੀ ਜਾਂਦੀ ਹੈ, ਉਸ ਮੰਤਵ ਦੀ ਪੂਰਤੀ ਲਈ 1% ਕਰਮਚਾਰੀ/ਵਿਦਿਆਰਥੀ/ਅਧਿਕਾਰੀ ਵੀ ਜਲੂਸ ਵਿਚ ਸ਼ਾਮਲ ਨਹੀਂ ਹੁੰਦੇਫਿਰ ਭਲਾ ਅਜਿਹੀ ਛੁੱਟੀ ਕਰਨ ਦਾ ਅਰਥ ਕੀ ਰਹਿ ਜਾਂਦਾ ਹੈ? ਸੰਗਰੂਰ ਦੇ ਸਾਇੰਟਿਫਿਕ ਅਵੇਅਰਨੈੱਸ ਐਂਡ ਸੋਸ਼ਲ ਵੈਲਫੇਅਰ ਫੋਰਮ ਨੇ ਕੁੱਝ ਸਮਾਂ ਪਹਿਲਾਂ ਹੀ ਇਨ੍ਹਾਂ ਬੇਲੋੜੀਆਂ ਛੁੱਟੀਆਂ ਸਬੰਧੀ ਸੈਮੀਨਾਰ ਕਰਕੇ ਮੰਗ ਕੀਤੀ ਸੀ ਕਿ ਮਹਾਂਪੁਰਸ਼ਾਂ ਅਤੇ ਵੱਡੇ ਆਗੂਆਂ ਦੇ ਜਨਮ ਦਿਨ ਜਾਂ ਬਰਸੀ ਸਮੇਂ ਛੁੱਟੀ ਨਾ ਕੀਤੀ ਜਾਵੇ, ਸਗੋਂ ਉਹ ਦਿਨ ਵਿੱਦਿਅਕ ਸੰਸਥਾਵਾਂ ਅਤੇ ਦਫ਼ਤਰਾਂ ਵਿਚ ਮਨਾਏ ਜਾਣ ਅਤੇ ਉਨ੍ਹਾਂ ਦੇ ਜੀਵਨ ਸਬੰਧੀ ਦੱਸ ਕੇ ਉਨ੍ਹਾਂ ਦੇ ਪਦ-ਚਿੰਨ੍ਹਾਂ ’ਤੇ ਚੱਲਣ ਦਾ ਸੁਨੇਹਾ ਦਿੱਤਾ ਜਾਵੇਹੁਣ ਤਾਂ ਜੇਕਰ ਬਹੁਤ ਸਾਰੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਹੋਰ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਅਤੇ ਮਹਾਂਪੁਰਸ਼ਾਂ ਦੇ ਉਪਦੇਸ਼ਾਂ ਸਬੰਧੀ ਪੁੱਛਿਆ ਜਾਵੇ ਤਾਂ ਉਹ ਮੁਤਰ-ਮੁਤਰ ਝਾਕਣ ਲੱਗ ਜਾਂਦੇ ਹਨਹਾਂ, ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਸਾਰੇ ਸਾਲ ਵਿਚ ਹੋਣ ਵਾਲੀਆਂ ਛੁੱਟੀਆਂ ਦੀ ਸੂਚੀ ਮੂੰਹ-ਜ਼ਬਾਨੀ ਯਾਦ ਹੁੰਦੀ ਹੈਕਰਮਯੋਗੀ, ਸਟੇਟ ਐਵਾਰਡੀ ਅਧਿਆਪਕ ਦੇਵੀ ਦਿਆਲ, ਜੋ ਹਿਸਾਬ ਦਾ ਅਧਿਆਪਕ ਹੈ, ਨੇ ਪ੍ਰਗਟਾਵਾ ਕੀਤਾ ਕਿ ਜਦੋਂ ਵੀ ਕੋਈ ਹਿਸਾਬ ਦਾ ਨਵਾਂ ਫਾਰਮੂਲਾ ਸਮਝਾਇਆ ਜਾਂਦਾ ਹੈ ਤਾਂ ਅਗਾਂਹ ਕੋਈ ਨਾ ਕੋਈ ਛੁੱਟੀ ਦੀ ਸੂਚਨਾ ਪਹੁੰਚ ਜਾਂਦੀ ਹੈ ਅਤੇ ਵਿਦਿਆਰਥੀ ਉਹ ਫਾਰਮੂਲਾ ਭੁੱਲ ਜਾਂਦੇ ਹਨਫਿਰ ਸਕੂਲ ਆ ਕੇ ਮੁੱਢ ਤੋਂ ਉਹੀ ਕੰਮ ਫਿਰ ਦੁਹਰਾਇਆ ਜਾਂਦਾ ਹੈ, ਜਿਸ ਨਾਲ ਪਹਿਲਾਂ ਕੀਤੀ ਮਿਹਨਤ ਅਜਾਈਂ ਜਾਂਦੀ ਹੈ

ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਵਿਚ ਛੁੱਟੀਆਂ ਦੀ ਭਰਮਾਰ ਹੈਸਰਕਾਰੀ ਦਫ਼ਤਰਾਂ ਵਿਚ 52 ਐਤਵਾਰ, 52ਸ਼ਨੀਵਾਰ, 40 ਤੋਂ ਜ਼ਿਆਦਾ ਗਜ਼ਟਡ ਛੁੱਟੀਆਂ, 15-20 ਅਚਨਚੇਤ ਛੁੱਟੀਆਂ ਅਤੇ ਉੱਪਰੋਂ ਕਿਸੇ ਆਗੂ ਦੀ ਮੌਤ ’ਤੇ ਛੁੱਟੀ ਦੇ ਐਲਾਨ ਨਾਲ ਸਰਕਾਰੀ ਦਫਤਰ ਅੰਦਾਜ਼ਨ 220 ਕੁ ਦਿਨ ਖੁੱਲ੍ਹੇ ਰਹਿੰਦੇ ਹਨਇਹੀ ਹਾਲ ਸਰਕਾਰੀ ਸਕੂਲਾਂ ਦਾ ਵੀ ਹੈਬਿਨਾਂ ਸ਼ੱਕ ਛੁੱਟੀਆਂ ਦੇ ਰੁਝਾਨ ਨੇ ਪ੍ਰਸ਼ਾਸਨ ਨੂੰ ਲੰਗੜਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੁਸਤ ਕਰ ਦਿੱਤਾ ਹੈਇਸ ਪੱਖ ਨੂੰ ਗੰਭੀਰਤਾ ਨਾਲ ਲੈਂਦਿਆਂ ਯੂ.ਪੀ. ਸਰਕਾਰ ਨੇ ਰਾਜਨੀਤਕ ਅਤੇ ਧਾਰਮਿਕ ਸਖ਼ਸ਼ੀਅਤਾਂ ਦੇ ਜਨਮ ਦਿਨ ਅਤੇ ਬਰਸੀ ਦੇ ਮੌਕੇ ’ਤੇ ਛੁੱਟੀਆਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈਸਰਕਾਰ ਵੱਲੋਂ ਆਦੇਸ਼ ਦਿੱਤਾ ਗਿਆ ਹੈ ਕਿ ਉਸ ਦਿਨ ਦੀ ਮਹੱਤਤਾ ਸਬੰਧੀ ਵਿੱਦਿਅਕ ਸੰਸਥਾਵਾਂ ਅਤੇ ਦਫ਼ਤਰਾਂ ਵਿਚ ਸਮਾਗਮ ਆਯੋਜਿਤ ਕੀਤੇ ਜਾਣਦਿੱਲੀ ਸਰਕਾਰ ਨੇ ਵੀ ਅਜਿਹੀਆਂ ਛੁੱਟੀਆਂ ਰੱਦ ਕਰਕੇ ਯੂ.ਪੀ. ਪੈਟਰਨ ’ਤੇ ਹੀ ਅਮਲ ਕਰਨ ਲਈ ਕਦਮ ਚੁੱਕੇ ਹਨਪੰਜਾਬ ਵਿਚ ਵੀ ਜੇਕਰ ਗਜ਼ਟਿਡ ਛੁੱਟੀਆਂ ਜਾਂ ਐਨ ਮੌਕੇ ’ਤੇ ਛੁੱਟੀ ਕਰਨ ਦੇ ਰੁਝਾਨ ਨੂੰ ਖਤਮ ਕਰਕੇ ਅਧਿਆਪਕਾਂ, ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਅਖ਼ਤਿਆਰੀ ਛੁੱਟੀਆਂ ਵਿਚ ਹੋਰ ਵਾਧਾ ਕਰਕੇ ਉਨ੍ਹਾਂ ਨੂੰ ਲੋੜ ਅਨੁਸਾਰ ਲੈਣ ਦਾ ਅਧਿਕਾਰ ਦਿੱਤਾ ਜਾਵੇ ਤਾਂ ਇਸ ਤਰ੍ਹਾਂ ਨਾਲ ਸਾਰੇ ਦਫ਼ਤਰ ਅਤੇ ਵਿੱਦਿਅਕ ਅਦਾਰੇ ਬੰਦ ਨਹੀਂ ਹੋਣਗੇਯੂ.ਪੀ. ਸਰਕਾਰ ਦੇ ਪੈਟਰਨ ’ਤੇ ਸਬੰਧਤ ਸਖ਼ਸ਼ੀਅਤ ਦਾ ਜਨਮ ਦਿਨ ਜਾਂ ਸ਼ਹੀਦੀ ਦਿਨ ਮਨਾ ਕੇ ਜੇਕਰ ਵਿਦਿਆਰਥੀਆਂ ਨੂੰ ਉਨ੍ਹਾਂ ਸ਼ਖ਼ਸੀਅਤਾਂ ਦੀਆਂ ਸਮਾਜ, ਪ੍ਰਾਂਤ ਅਤੇ ਦੇਸ਼ ਪ੍ਰਤੀ ਕੀਤੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆ ਜਾਵੇ ਤਾਂ ਵਿਦਿਆਰਥੀਆਂ ਦਾ ਮਨੋਬਲ ਤਕੜਾ ਹੋਣ ਦੇ ਨਾਲ-ਨਾਲ ਦ੍ਰਿੜ ਇੱਛਾ ਸ਼ਕਤੀ, ਕੁੱਝ ਕਰਨ ਦਾ ਜਜ਼ਬਾ ਅਤੇ ਸਮੇਂ ਦੀ ਸਹੀ ਵਰਤੋਂ ਕਰਨ ਜਿਹੇ ਗੁਣ ਪੈਦਾ ਹੋਣਗੇਕਿਤਾਬੀ ਪੜ੍ਹਾਈ ਦੇ ਨਾਲ-ਨਾਲ ਜੇਕਰ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਜ਼ਿੰਦਗੀ ਦੀ ਪੜ੍ਹਾਈ ਦਾ ਗਿਆਨ ਦਿੱਤਾ ਜਾਵੇ ਤਾਂ ਉਹ ਨਸ਼ਿਆਂ, ਖੁਦਕੁਸ਼ੀਆਂ, ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਕੇ ਦੇਸ਼ ਉਸਾਰੀ ਵਿਚ ਆਪਣਾ ਯੋਗਦਾਨ ਪਾ ਸਕਣਗੇ ਅਤੇ ਨਾਲ ਹੀ ਪਬਲਿਕ ਵੀ ਦਫਤਰੀ ਖੱਜਲ-ਖੁਆਰੀ ਤੋਂ ਕਿਸੇ ਹੱਦ ਤੱਕ ਸੁਰਖਰੂ ਹੋ ਜਾਵੇਗੀ

*****

(1311)

ਇਨਸਾਨ ਦੀ ਜ਼ਿੰਦਗੀ ਦੀ ਕੀਮਤ

HakamSinghNews3

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author