MohanSharma8ਸਵੇਰੇ ਸਾਨੂੰ ਚਾਰ ਵਜੇ ਸੀਟੀ ਮਾਰ ਕੇ ਉਠਾਇਆ ਜਾਂਦਾ ਹੈ। ਜਿਹੜਾ ਸੀਟੀ ਦੀ ਆਵਾਜ਼ ਨਾਲ ਨਹੀਂ ...
(28 ਮਾਰਚ 2028)


ਨਸ਼ਿਆਂ ਦੇ ਪ੍ਰਕੋਪ ਕਾਰਨ ਬਹੁਤ ਸਾਰੇ ਘਰਾਂ ਦੇ ਚੁੱਲ੍ਹੇ ਠੰਢੇ ਹੋਏ ਹਨ। ਅਨੇਕਾਂ ਘਰਾਂ ਵਿੱਚ ਤਿੜਕੇ ਰਿਸ਼ਤਿਆਂ ਕਾਰਨ ਪਰਿਵਾਰਕ ਜੀਵਨ ਖੇਰੂੰ ਖੇਰੂੰ ਹੋਇਆ ਹੈ। ਬਹੁਤ ਸਾਰੇ ਘਰਾਂ ਵਿੱਚ ਨਸ਼ਿਆਂ ਦੀ ਮਾਰੂ ਹਨੇਰੀ ਕਾਰਨ ਆਰਥਿਕ
, ਮਾਨਸਿਕ ਅਤੇ ਸਰੀਰਕ ਤੌਰ ’ਤੇ ਖੁੰਘਲ ਹੋਏ ਮਾਪੇ ਬੇਵਸੀ ਦਾ ਜੀਵਨ ਬਤੀਤ ਕਰ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿੱਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਵਜੋਂ ਸੇਵਾ ਕਰਦਿਆਂ ਇਸ ਸੰਤਾਪ ਨੂੰ ਮੈਂ ਬੜਾ ਨੇੜਿਉਂ ਹੋ ਕੇ ਦੇਖਿਆ ਹੈ। ਮੇਰੇ ਸਮਰਪਿਤ ਭਾਵਨਾ ਨਾਲ ਕੰਮ ਕਰਨ ਕਰਕੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ਸਿਰ ਪ੍ਰਸ਼ੰਸਾ ਦੇ ਬੋਲ ਵੀ ਮੇਰੇ ਹਿੱਸੇ ਆਉਂਦੇ ਰਹੇ ਹਨ। ਡਿਪਟੀ ਕਮਿਸ਼ਨਰ ਵੱਲੋਂ ਲਿਖਤੀ ਆਦੇਸ਼ ਮਿਲਿਆ ਕਿ ਜ਼ਿਲ੍ਹੇ ਵਿੱਚ ਖੁੱਲ੍ਹੇ ਨਸ਼ਾ ਛੁਡਾਊ ਕੇਂਦਰਾਂ ਦੀ ਸਮੇਂ ਸਮੇਂ ਸਿਰ ਚੈਕਿੰਗ ਕਰਨ ਉਪਰੰਤ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਜਾਵੇ। ਇਨ੍ਹਾਂ ਹੁਕਮਾਂ ਦੀ ਕਾਪੀ ਜ਼ਿਲ੍ਹੇ ਵਿੱਚ ਖੁੱਲ੍ਹੇ ਨਸ਼ਾ ਛੁਡਾਊ ਕੇਂਦਰਾਂ ਦੇ ਮੁਖੀਆਂ ਨੂੰ ਸੂਚਨਾ ਹਿਤ ਭੇਜੀ ਗਈ। ਆਦੇਸ਼ ਦੀ ਪਾਲਣਾ ਕਰਦਿਆਂ ਆਪਣੇ ਦੋ ਕਰਮਚਾਰੀਆਂ ਨੂੰ ਨਾਲ ਲੈ ਕੇ ਮੈਂ ਮਲੇਰਕੋਟਲਾ ਅਤੇ ਨਾਭਾ ਦੇ ਵਿਚਕਾਰ ਖੁੱਲ੍ਹੇ ਪ੍ਰਾਇਵੇਟ ਨਸ਼ਾ ਛੁਡਾਊ ਕੇਂਦਰ ਤੇ ਅਚਨਚੇਤ ਨਿਰੀਖਣ ਕਰਨ ਲਈ ਪਹੁੰਚ ਗਿਆ। ਗੇਟ ਦੇ ਅੰਦਰ ਵੜਦਿਆਂ ਇਨਕੁਆਰੀ ਦਫਤਰ ਵਿੱਚ ਇੱਕ ਨੌਜਵਾਨ ਬੈਠਾ ਸੀ। ਮੇਰੀ ਸ਼ਕਲ ਤੋਂ ਉਹ ਵਾਕਫ਼ ਨਹੀਂ ਸੀ। ਉਸ ਨੇ ਮੇਰੇ ’ਤੇ ਪਹਿਲਾਂ ਸਵਾਲ ਦਾਗ਼ਿਆ, “ਨਸ਼ਈ ਨੂੰ ਚੁੱਕ ਕੇ ਲਿਆਉਣੈ?” ਮੇਰੇ ਹਾਂ ਵਿੱਚ ਜਵਾਬ ਦੇਣ ’ਤੇ ਉਸ ਨੇ ਰਜਿਸਟਰ ਖੋਲ੍ਹਿਆ ਅਤੇ ਮੇਰੇ ਵੱਲ ਵਿਹੰਦਿਆਂ ਕਿਹਾ, “ਲਿਖਾਉ ਐਡਰੈਸ?” ਮੈਂ ਅਣਜਾਣ ਜਿਹਾ ਬਣਕੇ ਕਿਹਾ, “ਇਲਾਜ ਕਰਵਾਉਣ ਦਾ ਖਰਚ ਕਿੰਨਾ ਕੁ ਆਊ?” ਉਸ ਨੇ ਖਰਚ ਦਾ ਵੇਰਵਾ ਦੱਸਦਿਆਂ ਕਿਹਾ, “ਮੁੰਡੇ ਨੂੰ ਗੱਡੀ ’ਤੇ ਲਿਆਉਣ ਦਾ ਖਰਚਾ ਅੱਠ ਹਜ਼ਾਰ ਰੁਪਏ ਹੋਵੇਗਾ ਅਤੇ ਇਸ ਤੋਂ ਬਿਨਾਂ ਵੀਹ ਹਜ਼ਾਰ ਰੁਪਏ ਹਰ ਮਹੀਨੇ ਦੇਣਾ ਪਊਗਾ।” ਮੇਰੇ ਇਹ ਪੁੱਛਣ ’ਤੇ ਕਿ ਕਿੰਨੇ ਕੁ ਮਹੀਨਿਆਂ ਵਿੱਚ ਮੁੰਡਾ ਨਸ਼ਾ ਛੱਡ ਜਾਵੇਗਾ? ਉਹਦਾ ਜਵਾਬ ਸੀ ਕਿ ਘੱਟ ਤੋਂ ਘੱਟ ਛੇ ਮਹੀਨੇ ਤਾਂ ਲੱਗਣਗੇ ਹੀ, ਜ਼ਿਆਦਾ ਸਮਾਂ ਵੀ ਲੱਗ ਸਕਦਾ ਹੈ।” ਉਹਦੇ ਕੋਲੋਂ ਐਨੀਂ ਕੁ ਪੁੱਛਗਿੱਛ ਕਰਨ ਉਪਰੰਤ ਮੈਂ ਉਸ ਨੂੰ ਸੈਂਟਰ ਦੇ ਮਾਲਕ ਨੂੰ ਮਿਲਣ ਸਬੰਧੀ ਕਿਹਾ ਅਤੇ ਨਾਲ ਹੀ ਆਪਣਾ ਥਹੁ-ਪਤਾ ਅਤੇ ਆਉਣ ਦਾ ਮੰਤਵ ਵੀ ਦੱਸ ਦਿੱਤਾ। ਮੇਰਾ ਨਾਂ ਸੁਣਦਿਆਂ ਹੀ ਉਹਦੇ ਚਿਹਰੇ ’ਤੇ ਪਿਲੱਤਣ ਜਿਹੀ ਛਾ ਗਈ। ਰਜਿਸਟਰ ਇੱਕ ਪਾਸੇ ਰੱਖ ਕੇ ਛੇਤੀ ਨਾਲ ਉਹ ਅੰਦਰੋਂ ਮਾਲਕ ਨੂੰ ਬੁਲਾ ਲਿਆਇਆ।

ਮਾਲਕ ਮੈਨੂੰ ਅੰਦਰ ਬਣੇ ਆਲੀਸ਼ਾਨ ਦਫਤਰ ਵਿੱਚ ਲੈ ਗਿਆ। ਉਸ ਦੀ ਆਉ ਭਗਤ ਦੀ ਗੱਲ ਨੂੰ ਵਿੱਚੋਂ ਹੀ ਕੱਟਦਿਆਂ ਮੈਂ ਉਸ ਨੂੰ ਦਾਖ਼ਲ ਨਸ਼ਾ ਛੱਡ ਰਹੇ ਮਰੀਜ਼ਾਂ ਨੂੰ ਮਿਲਾਉਣ ਲਈ ਕਿਹਾ। ਉਸਦਾ ਫਿਰ ਨਿਮਰਤਾ ਨਾਲ ਜਵਾਬ ਸੀ, “ਪਹਿਲਾਂ ਚਾਹ ਪਾਣੀ ਪੀ ਲਈਏ, ਫਿਰ ਦਾਖ਼ਲ ਮੁੰਡਿਆਂ ਨੂੰ ਵੀ ਮਿਲ ਲੈਣਾ।” ਪਰ ਮੈਂ ਉਸ ਦੀ ਚਾਹ ਪਾਣੀ ਦੀ ਗੱਲ ਨੂੰ ਅਣਗੌਲਿਆ ਕਰਕੇ ਦਾਖ਼ਲ ਮੁੰਡਿਆਂ ਕੋਲ ਜਾਣ ਦੀ ਗੱਲ ’ਤੇ ਬਜ਼ਿੱਦ ਰਿਹਾ। ਉਹ ਮਜਬੂਰੀ ਵੱਸ ਮੇਰੇ ਅੱਗੇ-ਅੱਗੇ ਚੱਲ ਪਿਆ।

ਮਾਲਕ ਨੇ ਦਫਤਰ ਹੇਠਾਂ ਇੱਕ ਭੋਰਾ ਟਾਈਪ ਕਮਰਾ ਬਣਾਇਆ ਹੋਇਆ ਸੀ। ਪੌੜੀਆਂ ਉੱਤਰ ਕੇ ਮੈਨੂੰ ਉੱਥੇ ਲਿਜਾਇਆ ਗਿਆ। ਮੇਰੇ ਕਰਮਚਾਰੀ ਵੀ ਨਾਲ ਹੀ ਆ ਗਏ। ਅੰਤਾਂ ਦੀ ਗਰਮੀ ਅਤੇ ਹੁੰਮਸ ਵਾਲੇ ਕਮਰੇ ਵਿੱਚ ਅੰਦਾਜ਼ਨ 50 ਮੁੰਡੇ ਫਰਸ਼ ਉੱਤੇ ਗੋਲ ਚੱਕਰ ਵਿੱਚ ਬੈਠੇ ਸਨ। ਉੱਪਰ ਇੱਕ ਪੱਖਾ ਚੱਲ ਰਿਹਾ ਸੀ। ਨੌਜਵਾਨਾਂ ਦੇ ਚਿਹਰਿਆਂ ਵੱਲ ਵੇਖਿਆ, ਉਨ੍ਹਾਂ ਦੇ ਚਿਹਰਿਆਂ ’ਤੇ ਡਰ, ਪ੍ਰੇਸ਼ਾਨੀ, ਪੀੜ, ਉਨੀਂਦਰਾ ਅਤੇ ਭੁੱਖ ਦੇ ਚਿੰਨ੍ਹ ਆਸਾਨੀ ਨਾਲ ਵੇਖੇ ਜਾ ਸਕਦੇ ਸਨ। ਸੈਂਟਰ ਦੇ ਮਾਲਕ ਵੱਲੋਂ ਕੀਤੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਨੂੰ ਇੱਕ-ਦੂਜੇ ਨਾਲ ਗੱਲ ਕਰਨ ਦੀ ਆਗਿਆ ਨਹੀਂ ਸੀ। ਬੱਸ, ਬਿਟਰ-ਬਿਟਰ ਛੱਤ ਵੱਲ ਵੇਖਣਾ ਹੀ ਉਨ੍ਹਾਂ ਦਾ ਨਸੀਬ ਬਣ ਚੁੱਕਿਆ ਸੀ। ਪੌੜੀਆਂ ਵਿੱਚ ਇੱਕ ਹੱਟਾ-ਕੱਟਾ ਵਿਅਕਤੀ ਡਾਂਗ ਲੈ ਕੇ ਖੜ੍ਹਾ ਪਹਿਰੇਦਾਰੀ ਕਰ ਰਿਹਾ ਸੀ।

ਕੁਰਸੀ ’ਤੇ ਬੈਠਣ ਉਪਰੰਤ ਜਦੋਂ ਮੈਂ ਉਨ੍ਹਾਂ ਮੁੰਡਿਆਂ ਨੂੰ ਉੱਚੀ ਆਵਾਜ਼ ਵਿੱਚ ਪਿਆਰ ਨਾਲ ਪੁੱਛਿਆ, “ਕੀ ਹਾਲ ਹੈ ਜਵਾਨੋ ਤੁਹਾਡਾ?” ਉਨ੍ਹਾਂ ਵੱਲੋਂ ਕੋਈ ਜਵਾਬ ਨਾ ਆਇਆ। ਮੇਰਾ ਦੂਜਾ ਪ੍ਰਸ਼ਨ ਸੀ, “ਰੋਟੀ ਖਾ ਲਈ ਤੁਸੀਂ?” ਉਨ੍ਹਾਂ ਨੇ ਪਹਿਲਾਂ ਮਾਲਕ ਵੱਲ ਵੇਖਿਆ ਅਤੇ ਫਿਰ ਬੁਝੇ ਜਿਹੇ ਮਨ ਨਾਲ ਨਾ ਵਿੱਚ ਸਿਰ ਹਿਲਾ ਦਿੱਤਾ। ਮਾਲਕ ਨੂੰ ਮੈਂ ਤੁਰੰਤ ਆਦੇਸ਼ ਦਿੱਤਾ, “ਪਹਿਲਾਂ ਇਨ੍ਹਾਂ ਮੁੰਡਿਆਂ ਨੂੰ ਰੋਟੀ ਖਵਾਉ, ਫਿਰ ਕਰਾਂਗੇ ਅਗਲੀ ਗੱਲ।” ਛੇਤੀ-ਛੇਤੀ ਰੋਟੀ ਦਾ ਪ੍ਰਬੰਧ ਕੀਤਾ ਗਿਆ। ਮਾਲਕ ਨੇ ਫਿਰ ਤਰਲੇ ਜਿਹੇ ਨਾਲ ਕਿਹਾ, “ਇਹ ਜਿੰਨੀ ਦੇਰ ਰੋਟੀ ਖਾਂਦੇ ਨੇ, ਉੰਨੀ ਦੇਰ ਆਪਾਂ ਦਫਤਰ ਵਿੱਚ ਬਹਿ ਕੇ ਚਾਹ ਪਾਣੀ ਪੀ ਲੈਨੇ ਆਂ।” ਮੇਰਾ ਬੇਰੁਖੀ ਜਿਹੀ ਨਾਲ ਨਾਂਹ ਵਿੱਚ ਦਿੱਤਾ ਜਵਾਬ ਸੁਣ ਕੇ ਉਹ ਚੁੱਪ ਕਰ ਗਿਆ।

ਰੋਟੀ ਪਹਿਲਾਂ ਹੀ ਬਣੀ ਹੋਈ ਸੀ। ਵਰਤਾਉਣ ਲਈ ਚਾਰ-ਪੰਜ ਵਿਅਕਤੀ ਆ ਗਏ। ਮੁੰਡੇ ਆਪਣੇ ਆਪਣੇ ਭਾਂਡੇ ਲੈ ਕੇ ਲਾਈਨ ਵਿੱਚ ਖੜ੍ਹ ਗਏ। ਇੱਕ ਵਿਅਕਤੀ ਨੇ ਆਪਣਾ ਰਜਿਸਟਰ ਖੋਲ੍ਹਿਆ, ਉਸ ਉੱਪਰ ਹਰ ਇੱਕ ਦੀਆਂ ਰੋਟੀਆਂ ਖਾਣ ਦਾ ਵੇਰਵਾ ਦਰਜ ਸੀ। ਮੁੰਡਾ ਥਾਲੀ ਲੈ ਕੇ ਰਜਿਸਟਰ ਵਾਲੇ ਕੋਲ ਖੜੋ ਜਾਂਦਾ ਅਤੇ ਉਹ ਪੜ੍ਹ ਕੇ ਨਾਲ ਵਾਲੇ ਨੂੰ ਰੋਟੀਆਂ ਦੀ ਗਿਣਤੀ ਦੱਸ ਦਿੰਦਾ। ਨਾਲ ਵਾਲਾ ਓਨੀਆਂ ਰੋਟੀਆਂ ਉਸ ਦੀ ਥਾਲੀ ਵਿੱਚ ਸੁੱਟ ਦਿੰਦਾ ਅਤੇ ਨਾਲ ਖੜ੍ਹਾ ਦੂਜਾ ਵਿਅਕਤੀ ਬਾਲਟੀ ਵਿੱਚੋਂ ਭਰ ਕੇ ਦਾਲ ਦੀਆਂ ਇੱਕ-ਦੋ ਕੜਛੀਆਂ ਪਾਈ ਜਾਂਦਾ। ਦਾਲ ਵੀ ਡਬਕਲ ਪਾਣੀ ਜਿਹਾ ਸੀ। ਥਾਲੀ ਵਿੱਚ ਦਾਲ ਅਤੇ ਰੋਟੀ ਪਵਾ ਕੇ ਉਹ ਕਤਾਰ ਵਿੱਚ ਬੈਠ ਗਏ। ਪਰ ਉਨ੍ਹਾਂ ਨੇ ਰੋਟੀ ਖਾਣੀ ਸ਼ੁਰੂ ਨਹੀਂ ਸੀ ਕੀਤੀ। ਜਦੋਂ ਸਾਰਿਆਂ ਨੂੰ ਰੋਟੀ ਵਰਤਾਈ ਗਈ ਤਾਂ ਵਰਤਾਉਣ ਵਾਲਿਆਂ ਵਿੱਚੋਂ ਇੱਕ ਦੇ ਇਸ਼ਾਰੇ ਉਪਰੰਤ ਉਨ੍ਹਾਂ ਨੇ ਰੋਟੀ ਖਾਣੀ ਸ਼ੁਰੂ ਕਰ ਦਿੱਤੀ। ਰੋਟੀ ਲੈ ਕੇ ਜਾਣ ਸਮੇਂ ਮੈਂ ਸਾਰਿਆਂ ਵੱਲ ਗਹੁ ਨਾਲ ਵੇਖ ਰਿਹਾ ਸੀ, ਉਨ੍ਹਾਂ ਵਿੱਚੋਂ ਦੋ ਮੁੰਡੇ ਲੰਗੜਾਕੇ ਚੱਲ ਰਹੇ ਸਨ।

ਰੋਟੀ ਖਾਣ ਉਪਰੰਤ ਮੈਂ ਮਾਲਕ ਅਤੇ ਉਸਦੇ ਬੰਦਿਆਂ ਨੂੰ ਉੱਥੋਂ ਜਾਣ ਲਈ ਕਿਹਾ ਤਾਂ ਜੋ ਮੈਂ ਦਾਖ਼ਲ ਨਸ਼ਈ ਨੌਜਵਾਨਾਂ ਨਾਲ ਖੁੱਲ੍ਹ ਕੇ ਗੱਲਾਂ ਕਰ ਸਕਾਂ। ਨੌਜਵਾਨਾਂ ਨੂੰ ਮੁਖ਼ਾਤਿਬ ਹੁੰਦਿਆਂ ਮੈਂ ਉਨ੍ਹਾਂ ਨੂੰ ਬੇਟਾ ਕਹਿ ਕੇ ਸੰਬੋਧਨ ਕੀਤਾ। ਜਦੋਂ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਸਾਹਮਣੇ ਬੈਠਾ ਸਾਡਾ ਹਮਦਰਦ ਹੈ ਤਾਂ ਉਨ੍ਹਾਂ ਦੇ ਸਬਰ ਦਾ ਪੈਮਾਨਾ ਛਲਕ ਉੱਠਿਆ। ਉਨ੍ਹਾਂ ਵਿੱਚੋਂ ਇੱਕ ਨੌਜਵਾਨ ਖੜ੍ਹਾ ਹੋਇਆ ਅਤੇ ਭਰੇ ਮੰਨ ਨਾਲ ਬੋਲਿਆ, “ਸਰ, ਮੈਂ ਗ੍ਰੈਜੂਏਟ ਹਾਂ। ਠੀਕ ਹੈ ਕਿ ਮੇਰੇ ਵਰਗੇ ਇਨ੍ਹਾਂ ਸਾਰਿਆਂ ਨੇ ਨਸ਼ੇ ਦੀ ਦਲਦਲ ਵਿੱਚ ਧਸ ਕੇ ਭਾਰੀ ਗ਼ਲਤੀ ਕੀਤੀ ਹੈ ਪਰ ਕੀ ਇਸ ਤਰ੍ਹਾਂ ਜ਼ਲੀਲ ਹੋ ਕੇ ਅਸੀਂ ਨਸ਼ਾ ਛੱਡ ਦੇਵਾਂਗੇ? ਸਾਨੂੰ ਇੱਕ ਦੂਜੇ ਨਾਲ ਗੱਲ ਕਰਨ ਦੀ ਸਖ਼ਤ ਮਨਾਹੀ ਹੈ। ਬੱਸ, ਇੱਕ-ਦੂਜੇ ਦੇ ਨਾਂ ਤੋਂ ਤਾਂ ਅਸੀਂ ਜਾਣੂ ਹਾਂ, ਪਰ ਇੱਕਾ-ਦੂਜੇ ਦੇ ਥਹੁ ਠਿਕਾਣੇ ਦਾ ਕੋਈ ਪਤਾ ਨਹੀਂ। ਤੁਸੀਂ ਸਾਨੂੰ ਰੋਟੀ ਖਾਂਦਿਆਂ ਦੇਖਿਆ ਹੈ। ਸਾਡੇ ਕੋਲੋਂ ਪਹਿਲਾਂ ਪੁੱਛ ਲਿਆ ਜਾਂਦਾ ਹੈ ਕਿ ਕਿੰਨੀਆਂ ਰੋਟੀਆਂ ਖਾਣੀਆਂ ਨੇ। ਜੇ ਅੱਧੀ ਰੋਟੀ ਛੱਡ ਦਿੱਤੀ ਫਿਰ ਵੀ ਕੁੱਟ ਮਾਰ ਅਤੇ ਜੇਕਰ ਜ਼ਿਆਦਾ ਭੁੱਖ ਕਾਰਨ ਇੱਕ-ਅੱਧੀ ਰੋਟੀ ਹੋਰ ਮੰਗ ਲਈ ਫਿਰ ਵੀ ਛਿੱਤਰ … …।” ਮੁੰਡਾ ਇੱਕੋ ਸਾਹੇ ਸਾਰਿਆਂ ਦੀ ਦੁੱਖ ਤਕਲੀਫ ਸਾਂਝੀ ਕਰੀ ਜਾ ਰਿਹਾ ਸੀ, “ਸਵੇਰੇ ਸਾਨੂੰ ਚਾਰ ਵਜੇ ਸੀਟੀ ਮਾਰ ਕੇ ਉਠਾਇਆ ਜਾਂਦਾ ਹੈ। ਜਿਹੜਾ ਸੀਟੀ ਦੀ ਆਵਾਜ਼ ਨਾਲ ਨਹੀਂ ਉੱਠਦਾ, ਉਹਨੂੰ ਡਾਂਗਾਂ ਮਾਰ ਕੇ ਉਠਾਇਆ ਜਾਂਦਾ ਹੈ। ਬਾਅਦ ਵਿੱਚ ਫਰੈਸ਼ ਹੋਣ, ਪੇਸ਼ਟ ਕਰਨ ਅਤੇ ਨਹਾਉਣ ਲਈ ਕੁੱਲ ਸੱਤ ਮਿੰਟ ਦਿੱਤੇ ਜਾਂਦੇ ਹਨ। ਇਨ੍ਹਾਂ ਸੱਤ ਮਿੰਟਾਂ ਵਿੱਚ ਹੀ ਸਾਰਾ ਕੰਮ ਨਿਬੇੜਨਾ ਹੁੰਦਾ ਹੈ। ਦਰਵਾਜਿਆਂ ਤੋਂ ਬਿਨਾਂ ਬਣੀਆਂ ਲੈਟਰਿਨਾਂ ਵਿੱਚ ਇੱਕ ਮੁੰਡਾ ਫਰੈਸ਼ ਹੋਣ ਲਈ ਬੈਠਾ ਹੁੰਦਾ ਹੈ ਅਤੇ ਦੂਜਾ ਉਹਦੇ ਸਿਰਹਾਣੇ ਖੜ੍ਹਾ ਉਹਨੂੰ ਹੁਝਾਂ ਮਾਰ ਰਿਹਾ ਹੁੰਦਾ ਹੈ ਕਿ ਛੇਤੀ ਉੱਠ, ਹੁਣ ਮੇਰੀ ਵਾਰੀ ਐ। ਹੋਰ ਅਨਰਥ ਵੇਖੋ ਜੀ, ਜਿਹੜਾ ਸੱਤ ਮਿੰਟ ਤੋਂ ਜ਼ਿਆਦਾ ਸਮਾਂ ਲਾਉਂਦੈ, ਉਹਨੂੰ ਕਰੜੀ ਸਜ਼ਾ ਦਿੱਤੀ ਜਾਂਦੀ ਹੈ …।” ਉਸ ਮੁੰਡੇ ਦੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਅੱਥਰੂ ਵਹਿਣ ਲੱਗੇ। ਦੂਜੇ ਮੁੰਡੇ ਵੀ ਰੋਣ ਹਾਕੀ ਹਾਲਤ ਵਿੱਚ ਬੈਠੇ ਸਨ। ਉਸ ਨੇ ਹਊਕਾ ਭਰ ਕੇ ਗੱਲ ਨੂੰ ਅਗਾਂਹ ਤੋਰਿਆ, “ਇਹ ਜਿਹੜੇ ਦੋ ਮੁੰਡੇ ਲੰਗ ਮਾਰ ਕੇ ਤੁਰਦੇ ਨੇ, ਇਨ੍ਹਾਂ ਤੋਂ ਕੱਲ੍ਹ ਸੱਤ ਮਿੰਟਾਂ ਵਿੱਚ ਨਹਾਉਣ-ਧੋਣ ਦਾ ਕੰਮ ਨਹੀਂ ਨਿੱਬੜਿਆ। ਇਨ੍ਹਾਂ ਨੂੰ ਪਹਿਲਾਂ ਲੈਟਰਿਨ ਵਾਲੀ ਜਗ੍ਹਾ ’ਤੇ ਬਿਠਾ ਕੇ ਚਾਹ ਅਤੇ ਬਰੈੱਡ ਖਾਣ ਨੂੰ ਮਜਬੂਰ ਕੀਤਾ ਅਤੇ ਫਿਰ ਛੱਲੀਆਂ ਵਾਂਗ ਕੁੱਟਿਆ। ਛੋਟੀ-ਛੋਟੀ ਗਲਤੀ ਤੇ ਡੰਡਾ ਪਰੇਡ, ਘੰਟਾ-ਘੰਟਾ ਕੰਧ ਵੱਲ ਮੂੰਹ ਕਰਕ ਬਿਠਾਉਣਾ, ਡੱਡੂ ਟਪੂਸੀਆਂ ਮਰਵਾਉਣੀਆਂ ਜਾਂ ਫਿਰ ਖੰਡ ਅਤੇ ਚਾਹ ਰਲਾ ਕੇ ਦੇਣ ਉਪਰੰਤ ਉਸ ਨੂੰ ਅਲੱਗ-ਅਲੱਗ ਕਰਨ ਦਾ ਹੁਕਮ ਦੇਣ ਜਿਹੀਆਂ ਸਜ਼ਾਵਾਂ ਅਸੀਂ ਰੋਜ਼ ਭੁਗਤਦੇ ਹਾਂ। ਕਦੇ ਮਾਪਿਆਂ ਨੂੰ ਕੋਸਦੇ ਹਾਂ ਅਤੇ ਕਦੇ … … ” ਇਸ ਤੋਂ ਅਗਾਂਹ ਉਸ ਤੋਂ ਬੋਲਿਆ ਨਾ ਗਿਆ। ਕਮਰੇ ਵਿੱਚ ਸੋਗੀ ਹਵਾ ਪਸਰ ਗਈ ਸੀ। ਸਾਰੇ ਹੀ ਇੱਕ ਅਵਾਜ਼ ਵਿੱਚ ਕਹਿ ਰਹੇ ਸਨ ਕਿ ਸਾਨੂੰ ਇੱਥੇ ਆਇਆਂ 2-3 ਮਹੀਨੇ ਹੋ ਗਏ ਨੇ। ਜੇ ਅਸੀਂ ਇੰਨਾ ਚਿਰ ਇੱਥੇ ਨਸ਼ੇ ਤੋਂ ਬਿਨਾਂ ਰਹਿ ਸਕਦੇ ਹਾਂ ਤਾਂ ਬਾਹਰ ਵੀ ਨਸ਼ੇ ਵੱਲ ਮੂੰਹ ਨਹੀਂ ਕਰਾਂਗੇ। ਪਰ ਸਾਨੂੰ ਇਸ ਨਰਕ ਵਿੱਚੋਂ ਕੱਢੋ। ਉਨ੍ਹਾਂ ਨੌਜਵਾਨਾਂ ਨੂੰ ਹੌਸਲਾ ਦੇ ਕੇ ਮੈਂ ਬਾਹਰ ਆ ਗਿਆ। ਮਾਲਕ ਨੂੰ ਭਵਿੱਖ ਵਿੱਚ ਦਾਖ਼ਲ ਨੌਜਵਾਨਾਂ ਨੂੰ ਤਸੀਹੇ ਨਾ ਦੇਣ ਅਤੇ ਉਨ੍ਹਾਂ ਦੀ ਖਾਧ-ਖੁਰਾਕ ਦਾ ਵਿਸ਼ੇਸ਼ ਧਿਆਨ ਦੇਣ ਦੀ ਚਿਤਾਵਨੀ ਦੇ ਕੇ ਵਾਪਸ ਆ ਗਿਆ।

ਰਾਹ ਵਿੱਚ ਆਉਂਦਿਆਂ ਮੈਂ ਗੰਭੀਰ ਹੋ ਕੇ ਸੋਚ ਰਿਹਾ ਸੀ, “ਜਵਾਨੀ ਦਾ ਪ੍ਰਵਾਹ ਤਾਂ ਹੜ੍ਹਾਂ ਦੇ ਪਾਣੀ ਵਰਗਾ ਹੁੰਦਾ ਹੈ। ਹੜ੍ਹਾਂ ਦੇ ਪਾਣੀ ਦੀ ਜੇਕਰ ਵਿਉਂਤਬੰਦੀ ਕਰਕੇ ਉਸ ਪਾਣੀ ਨੂੰ ਰਜਬਾਹਿਆਂ, ਨਾਲਿਆਂ ਅਤੇ ਨਦੀਆਂ ਵਿੱਚ ਪਾਇਆ ਜਾਵੇ ਤਾਂ ਉਸ ਪਾਣੀ ਤੋਂ ਸਿੰਜਾਈ ਦੇ ਨਾਲ-ਨਾਲ ਹੋਰ ਬਹੁ ਮੰਤਵੀ ਕੰਮ ਲਏ ਜਾ ਸਕਦੇ ਨੇ। ਪਰ ਜੇਕਰ ਇੰਜ ਨਾ ਕੀਤਾ ਜਾਵੇ ਤਾਂ ਉਹ ਹੜ੍ਹਾਂ ਦਾ ਪਾਣੀ ਫਸਲਾਂ ਅਤੇ ਘਰਾਂ ਦਾ ਉਜਾੜਾ ਕਰ ਦੇਵੇਗਾ। ਜਵਾਨੀ ਦਾ ਪ੍ਰਵਾਹ ਇੰਜ ਦੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਮਿਲੇ ਤਸੀਹਿਆਂ ਕਾਰਨ ਵਿਦਰੋਹੀ ਰੁਖ ਧਾਰਨ ਕਰਕੇ ਮਾਪਿਆਂ ਅਤੇ ਸਮਾਜ ਦਾ ਬੇਪਨਾਹ ਨੁਕਸਾਨ ਕਰੇਗਾ।”

ਉਸੇ ਦਿਨ ਮੈਂ ਸ਼ਾਮ ਨੂੰ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਉਸ ਤਸੀਹਾ ਕੇਂਦਰ ਦੀ ਵਿਸਥਾਰਿਤ ਰਿਪੋਰਟ ਲਿਖ ਕੇ ਦੇ ਦਿੱਤੀ। ਅਗਲੇ ਦਿਨ ਡਿਪਟੀ ਕਮਿਸ਼ਨਰ ਨੇ ਡਿਊਟੀ ਮੈਜੀਸਟਰੇਟ ਭੇਜ ਕੇ ਉਸ ਕੇਂਦਰ ਨੂੰ ਸੀਲ ਕਰਕੇ ਦਾਖ਼ਲ ਨੌਜਵਾਨਾਂ ਨੂੰ ਮਾਪਿਆਂ ਦੇ ਸਪੁਰਦ ਕਰ ਦਿੱਤਾ।

ਖੁੰਬਾਂ ਵਾਂਗ ਖੋਲ੍ਹੇ ਅਜਿਹੇ ਅਨੇਕਾਂ ਨਸ਼ਾ ਛੁਡਾਊ ਕੇਂਦਰ ਸਮਾਜ, ਪ੍ਰਾਂਤ ਅਤੇ ਪੀੜਤ ਮਾਪਿਆਂ ਲਈ ਘਾਤਕ ਹਨ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3876)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author