MohanSharma8ਇੱਕ ਸਿਆਣੀ ਕੁੜੀ ਨੇ ਉੱਚੀ ਆਵਾਜ਼ ਵਿੱਚ ਆਪਣੀਆਂ ਹਾਣਨਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਆਉ ਆਪਾਂ ਸਹੁੰ ਖਾਈਏ ...
(14 ਜੂਨ 2023)


MohanSharmaBookA1ਪਿਛਲੇ ਅੰਦਾਜ਼ਨ 20 ਵਰ੍ਹਿਆਂ ਤੋਂ ਮੈਂ ਸੰਗਰੂਰ ਦੇ ਸ਼ਿਵ ਸੰਕਰ ਬਿਰਧ ਆਸ਼ਰਮ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾ ਰਿਹਾ ਹਾਂ। ਆਸ਼ਰਮ ਵਿੱਚ ਜ਼ਿਆਦਾ ਗਿਣਤੀ ਉਨ੍ਹਾਂ ਆਸ਼ਰਿਤ ਬਜ਼ੁਰਗਾਂ ਦੀ ਹੈ, ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈ। ਮੈਂ ਨਿੱਜੀ ਤੌਰ ’ਤੇ ਅਨੁਭਵ ਕੀਤਾ ਹੈ ਕਿ ਬਿਰਧ ਆਸ਼ਰਮ ਸਮਾਜ ਦੇ ਮੱਥੇ ਉੱਤੇ ਧੱਬਾ ਹਨ। ਇਹ ਆਸ਼ਰਮ ਸਾਡੇ ਸੰਸਕਾਰਾਂ ਦਾ ਬੁਰੀ ਤਰ੍ਹਾਂ ਜਨਾਜ਼ਾ ਕੱਢ ਰਹੇ ਹਨ। ਧਾਰਮਿਕ ਗ੍ਰੰਥਾਂ, ਗੁਰੂਆਂ ਅਤੇ ਦਾਰਸ਼ਨਿਕਾਂ ਦਾ ਕਥਨ ਹੈ ਕਿ ਜਿਨ੍ਹਾਂ ਦੇ ਘਰਾਂ ਵਿੱਚ ਬਜ਼ੁਰਗ ਹਨ, ਉਨ੍ਹਾਂ ਲਈ ਮਾਤਾ ਪਿਤਾ ਦੇ ਚਰਨ ਹੀ ਤੀਰਥ ਸਥਾਨ ਹਨ ਅਤੇ ਉਨ੍ਹਾਂ ਨੂੰ ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਜਾਣ ਦੀ ਥਾਂ ਮਾਤਾ-ਪਿਤਾ ਦੀ ਸੇਵਾ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ। ਦਰਅਸਲ, ਪਦਾਰਥਕ ਦੌੜ ਵਿੱਚ ਰਿਸ਼ਤੇ ਪਾਣੀ ਨਾਲੋਂ ਵੀ ਪਤਲੇ ਹੋ ਗਏ ਹਨ ਅਤੇ ਪਦਾਰਥਕ ਦੌੜ ਦੀ ਮਾਰ ਦਾ ਸਭ ਤੋਂ ਮਾਰੂ ਅਸਰ ਬਜ਼ੁਰਗਾਂ ਉੱਤੇ ਪਿਆ ਹੈ। ਬਜ਼ੁਰਗ, ਜਿਨ੍ਹਾਂ ਨੇ ਪੈਰਾਂ ਨੂੰ ਟਾਇਰ ਅਤੇ ਸਿਰ ਨੂੰ ਗੱਡਾ ਬਣਾ ਕੇ ਗ੍ਰਹਿਸਥੀ ਜੀਵਨ ਦਾ ਧਰਮ ਨਿਭਾਉਂਦਿਆਂ ਆਪਣੀ ਔਲਾਦ ਦੀ ਹਰ ਇੱਛਾ ਪੂਰੀ ਕਰਨ ਦਾ ਹਰ ਸੰਭਵ ਯਤਨ ਕੀਤਾ। ਇੰਜ ਕਰਦਿਆਂ ਉਨ੍ਹਾਂ ਨੇ ਆਪਣੀਆਂ ਇੱਛਾਵਾਂ, ਰੀਝਾਂ ਅਤੇ ਸਰੀਰਕ ਲੋੜਾਂ ਨੂੰ ਇੱਕ ਪਾਸੇ ਰੱਖਦਿਆਂ ਜੀਵਨ-ਤਪੱਸਿਆ ਕਰਦਿਆਂ ਇਸ ਸੋਚ ਨੂੰ ਅੱਗੇ ਰੱਖਿਆ, “ਬੱਸ, ਹੋਏ ਮੇਰੇ ਪੁੱਤ ਗੱਭਰੂ। ਫਿਰ ਤਾਂ ਇਨ੍ਹਾਂ ਦੇ ਸਿਰ ’ਤੇ ਐਸ਼ ਕਰਨੀ ਹੈ।”

ਵਿਤੋਂ ਬਾਹਰ ਹੋ ਕੇ ਮਾਪੇ ਆਪਣੇ ਪੁੱਤਾਂ ਦਾ ਵਿਆਹ ਵੀ ਕਰਦੇ ਹਨ। ਪਰ ਵਿਆਹ ਤੋਂ ਬਾਅਦ ਪੁੱਤ ਕਬੂਤਰ ਵਾਂਗ ਅੱਖਾਂ ਮੀਚ ਲੈਂਦੇ ਹਨ। ਨੂੰਹ ਦੀ ਸੱਸ ਸਹੁਰੇ ਨਾਲ ਨਹੀਂ ਬਣਦੀ ਅਤੇ ਪੁੱਤ ਆਪਣੀ ਪਤਨੀ ਦਾ ਪੱਖ ਪੂਰਦਾ ਹੈ। ਪੁੱਤ ਅਤੇ ਮਾਂ-ਬਾਪ ਵਿਚਕਾਰ ਸੰਵਾਦ ਵੀ ਟੁੱਟ ਜਾਂਦਾ ਹੈ ਅਤੇ ਗੱਲ ਕੀਤਿਆਂ ਵੀ ਕਈ ਕਈ ਦਿਨ ਲੰਘ ਜਾਂਦੇ ਹਨ। ਗੱਲ ਹੁੰਦੀ ਵੀ ਹੈ ਤਾਂ ਪੁੱਤ ਦੀ ਹਾਂ-ਹੂੰ ਤੋਂ ਅਗਾਂਹ ਗੱਲ ਅਗਾਂਹ ਨਹੀਂ ਤੁਰਦੀ। ਮਾਂ-ਬਾਪ ਦੀ ਇਹ ਇੱਛਾ ਹੁੰਦੀ ਹੈ ਕਿ ਪੁੱਤ ਸਾਡੇ ਕੋਲ ਬੈਠੇ। ਦੁੱਖ-ਸੁਖ ਦੀਆਂ ਗੱਲਾਂ ਕਰੇ। ਕਦੇ ਸਾਨੂੰ ਰਿਸ਼ਤੇਦਾਰਾਂ ਕੋਲ ਘੁੰਮਾਉਣ ਲਈ ਲੈ ਕੇ ਜਾਵੇ। ਸਾਡੀ ਦਵਾ-ਦਾਰੂ ਸਬੰਧੀ ਪੁੱਛੇ। ਪਰ ਕਿੱਥੇ? ਵਿਚਾਰੇ ਬਜ਼ੁਰਗ ਆਪਣੀਆਂ ਰੀਝਾਂ ਨੂੰ ਛਿੱਕਲੀ ਪਾ ਕੇ ਦਿਨ ਕਟੀ ਕਰੀ ਜਾਂਦੇ ਨੇ। ਭਲਾ ਅਜਿਹੇ ਦਮ ਘੋਟੂ ਅਤੇ ਨਿਰਾਦਰ ਭਰੇ ਮਾਹੌਲ ਵਿੱਚ ਉਹ ਕਿੰਨਾ ਚਿਰ ਗੁਜ਼ਾਰਨ? ਫਿਰ ਬੇਬਸੀ ਵਿੱਚ ਉਨ੍ਹਾਂ ਦੇ ਪੈਰ ਪਹਿਲਾਂ ਬਜ਼ਾਰ ਵੱਲ ਨੂੰ ਅਤੇ ਫਿਰ ਬਿਰਧ ਆਸ਼ਰਮਾਂ ਵੱਲ ਨੂੰ ਹੋ ਜਾਂਦੇ ਹਨ।

ਸਾਡੇ ਕੋਲ ਬਜ਼ੁਰਗਾਂ ਨੂੰ ਬਿਨਾਂ ਕੋਈ ਜ਼ਿਆਦਾ ਪੁੱਛ ਪੜਤਾਲ ਤੋਂ ਪਹਿਲੀ ਸਟੇਜ ’ਤੇ ਖਾਣਾ ਅਤੇ ਰਹਿਣ-ਸਹਿਣ ਦਾ ਪ੍ਰਬੰਧ ਕਰ ਦਿੱਤਾ ਜਾਂਦਾ ਹੈ। ਫਿਰ ਉਨ੍ਹਾਂ ਕੋਲੋਂ ਥਹੁ-ਟਿਕਾਣਾ ਪੁੱਛ ਕੇ ਪੁੱਤਾਂ ਅਤੇ ਨੂੰਹਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਬਿਰਧ ਆਸ਼ਰਮ ਵਿੱਚ ਪੁੱਜਣ ਲਈ ਕਿਹਾ ਜਾਂਦਾ ਹੈ। ਦੋਨਾਂ ਧਿਰਾਂ ਨੂੰ ਇਕੱਠਿਆਂ ਬਿਠਾਉਣ ਉਪਰੰਤ ਬਜ਼ੁਰਗਾਂ ਵੱਲੋਂ ਆਸ਼ਰਮ ਵਿੱਚ ਢੋਈ ਲੈਣ ਦੇ ਕਾਰਨਾਂ ਸਬੰਧੀ ਪੁੱਛਿਆ ਜਾਂਦਾ ਹੈ। ਬਜ਼ੁਰਗ ਬਹੁਤ ਵਾਰ ਖੂਨ ਦੇ ਅੱਥਰੂ ਕੇਰਦਿਆਂ ਪੁੱਤ ਵੱਲੋਂ ਬੇਰੁਖ਼ੀ, ਨੂੰਹ ਵੱਲੋਂ ਮਿਹਣਿਆਂ ਦੇ ਤਿੱਖੇ ਤੀਰਾਂ ਦਾ ਵਰਨਣ ਕਰਦਿਆਂ ਆਪਣੇ ਦੁੱਖ ਦੱਸਦੇ ਹਨ। ਉਸ ਵੇਲੇ ਉਨ੍ਹਾਂ ਦੀ ਸਥਿਤੀ ਇਸ ਤਰ੍ਹਾਂ ਦੀ ਹੁੰਦੀ ਹੈ:

ਮਰਨ ਤੋਂ ਪਿੱਛੋਂ ਯਾਦ ਕਰੋਂਗੇ, ਮੈਨੂੰ ਕੀ?
ਮੂਰਤ ਅੱਗੇ ਫੁੱਲ ਧਰੋਂਗੇ, ਮੈਨੂੰ ਕੀ?
ਸਾਰੀ ਉਮਰੇ ਸੁੱਕੇ ਟੁੱਕਰ ਖਾਧੇ ਮੈਂ,
ਲਾਸ਼ ਦੇ ਮੂੰਹ ਵਿੱਚ ਘਿਓ ਧਰੋਂਗੇ, ਮੈਨੂੰ ਕੀ?
ਤੁਸੀਂ ਬਜ਼ੁਰਗਾਂ ਨੂੰ ਜਿਸ ਮੌਤੇ ਮਾਰੋਂਗੇ,
ਓਸੇ ਮੌਤੇ ਆਪ ਮਰੋਂਗੇ, ਮੈਨੂੰ ਕੀ?

ਅਜਿਹੀ ਸਥਿਤੀ ਵਿੱਚ ਉਨ੍ਹਾਂ ਦੀ ਘਰ ਵਾਪਸੀ ਲਈ ਹਰ ਸੰਭਵ ਯਤਨ ਕੀਤਾ ਜਾਂਦਾ ਹੈ। ਇਸ ਸਬੰਧੀ ਬਜ਼ੁਰਗਾਂ ਦੀ ਦੇਖ-ਭਾਲ ਲਈ ਬਣੇ ਕਾਨੂੰਨ ਦਾ ਡਰਾਵਾ ਅਤੇ ਜਾਂ ਫਿਰ ਸਮਾਜਿਕ ਨਮੋਸ਼ੀ ਦਾ ਜ਼ਿਕਰ ਕਰਕੇ ਬਜ਼ੁਰਗਾਂ ਦੀ ਸਤਿਕਾਰ ਨਾਲ ਘਰ ਵਾਪਸੀ ਕਰਵਾਉਣ ਵਿੱਚ ਅਸੀਂ ਬਹੁਤ ਵਾਰ ਸਫਲ ਵੀ ਹੋ ਜਾਂਦੇ ਹਾਂ। ਆਸ਼ਰਿਤ ਬਜ਼ੁਰਗਾਂ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਬੁਢਾਪਾ ਪੈਨਸ਼ਨ ਲੱਗੀ ਹੋਈ ਹੈ ਅਤੇ ਉਹ ਇਸ ਬਹਾਨੇ ਹੀ ਵੱਖ-ਵੱਖ ਥਾਵਾਂ ਤੋਂ ਪੈਨਸ਼ਨ ਲੈਣ ਦੀ ਆੜ ਵਿੱਚ ਘੁੰਮ ਵੀ ਆਉਂਦੇ ਹਨ। ਉਨ੍ਹਾਂ ਦੀ ਇਹ ਪੈਨਸ਼ਨ ਉਨ੍ਹਾਂ ਦੀਆਂ ਨਿੱਜੀ ਲੋੜਾਂ ਪੂਰੀਆਂ ਕਰਨ ਲਈ ਹੈ। ਆਸ਼ਰਮ ਨਾਲ ਉਨ੍ਹਾਂ ਦੀ ਪੈਨਸ਼ਨ ਦਾ ਕੋਈ ਸਬੰਧ ਨਹੀਂ। ਰੋਟੀ-ਪਾਣੀ, ਰਹਿਣ-ਸਹਿਣ, ਪਹਿਨਣ ਲਈ ਕੱਪੜੇ ਅਤੇ ਦਵਾਈ-ਬੂਟੀ ਆਦਿ ਦਾ ਖਰਚ ਆਸ਼ਰਮ ਵੱਲੋਂ ਕੀਤਾ ਜਾਂਦਾ ਹੈ। ਇਸ ਵੇਲੇ ਅੰਦਾਜ਼ਨ 15ਕੁ ਉਹ ਬਜ਼ੁਰਗ ਹਨ, ਜਿਨ੍ਹਾਂ ਦਾ ਹੋਰ ਕੋਈ ਸਹਾਰਾ ਨਹੀਂ। ਇੱਕ-ਦੋ ਬਜ਼ੁਰਗਾਂ ਦੀਆਂ ਵਿਆਹੀਆਂ ਵਰ੍ਹੀਆਂ ਧੀਆਂ ਹਨ, ਪਰ ਉਹ ਧੀਆਂ ਕੋਲ ਰਹਿਣ ਨਾਲੋਂ ਆਸ਼ਰਮ ਵਿੱਚ ਰਹਿਣ ਨੂੰ ਤਰਜੀਹ ਦਿੰਦੇ ਹਨ। ਅਜਿਹੇ ਬਿਰਧਾਂ ਲਈ ਬਿਰਧ ਆਸ਼ਰਮਾਂ ਦਾ ਹੋਣਾ ਅਤਿਅੰਤ ਜ਼ਰੂਰੀ ਵੀ ਹੈ। ਪੰਜਾਬ ਵਿੱਚ ਕੁਝ ਬਿਰਧ ਆਸ਼ਰਮਾਂ ਨੂੰ ਸਰਕਾਰ ਗ੍ਰਾਂਟ ਵੀ ਦਿੰਦੀ ਹੈ। ਪਰ ਕੁਝ ਆਸ਼ਰਮ ਲੋਕਾਂ ਦੇ ਭਰਵੇਂ ਸਹਿਯੋਗ ਨਾਲ ਚੱਲ ਰਹੇ ਹਨ, ਇਸ ਸੋਚ ਨਾਲ ਕਿ ਆਪਣੇ ਲਈ ਮੰਗਣ ਵਾਲਾ ਭਿਖਾਰੀ ਅਤੇ ਹੋਰਾਂ ਲਈ ਮੰਗ ਕੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ ਦਾਤਾ ਕਹਾਉਂਦਾ ਹੈ। ਅਸੀਂ ਸਮੂਹਿਕ ਰੂਪ ਵਿੱਚ ਆਸ਼ਰਮ ਦੇ ਟਰੱਸਟੀ ਦਾਨ ਦੇ ਰੂਪ ਵਿੱਚ ਲੋਕਾਂ ਅੱਗੇ ਹੱਥ ਟੱਢ ਕੇ ਆਸ਼ਰਮ ਨੂੰ ਸਫਲਤਾ ਪੂਰਵਕ ਚਲਾ ਰਹੇ ਹਾਂ। ਅਕਸਰ ਜ਼ਿਲ੍ਹਾ ਅਤੇ ਜ਼ਿਲ੍ਹੇ ਤੋਂ ਬਾਹਰ ਦੀਆਂ ਸੰਸਥਾਵਾਂ ਦੇ ਵਿਦਿਆਰਥੀ ਇਸ ਆਸ਼ਰਮ ਵਿੱਚ ਬਜ਼ੁਰਗਾਂ ਨੂੰ ਮਿਲਣ ਵੀ ਆ ਜਾਂਦੇ ਹਨ। ਬਹੁਤ ਸਾਰੇ ਵਿਅਕਤੀ ਆਪਣਾ ਜਨਮ ਦਿਨ ਜਾਂ ਵਿਆਹ ਦੀ ਸਾਲਗਿਰਾਹ ਬਿਰਧ ਆਸ਼ਰਮ ਦੇ ਬਜ਼ੁਰਗਾਂ ਨੂੰ ਖਾਣਾ ਖੁਆ ਕੇ ਮਨਾਉਂਦੇ ਹਨ।

ਪਿਛਲੇ ਦਿਨੀਂ ਸਾਹਿਬਜ਼ਾਦਾ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ, ਮਲੇਰਕੋਟਲਾ ਦੀਆਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਆਪਣੀਆਂ ਅਧਿਆਪਕਾਵਾਂ ਨਾਲ ਬਿਰਧ ਆਸ਼ਰਮ ਵਿੱਚ ਆਈਆਂ। ਉਹ ਆਪਣੇ ਨਾਲ ਆਟਾ, ਦਾਲਾਂ, ਸਾਬਣ, ਬਿਸਕੁਟ ਅਤੇ ਹੋਰ ਖਾਣ ਪੀਣ ਦਾ ਸਮਾਨ ਲੈ ਕੇ ਆਈਆਂ ਸਨ। ਬਜ਼ੁਰਗਾਂ ਨੂੰ ਉਹ ਬੜੇ ਤਿਹੁ ਨਾਲ ਮਿਲੀਆਂ। ਉਨ੍ਹਾਂ ਨਾਲ ਦੁੱਖ-ਸੁਖ ਦੀਆਂ ਗੱਲਾਂ ਕੀਤੀਆਂ। ਆਸ਼ਰਮ ਵਿੱਚ ਆਉਣ ਦੀ ਸਥਿਤੀ ਤੋਂ ਜਾਣੂ ਹੋਈਆਂ। ਆਪਣੀ ਵਿੱਥਿਆ ਦੱਸਦਿਆਂ ਜਿੱਥੇ ਬਜ਼ੁਰਗਾਂ ਦੇ ਅੱਥਰੂ ਵਹਿ ਰਹੇ ਸਨ, ਉੱਥੇ ਵਿਦਿਆਰਥਣਾਂ ਧੀਆਂ ਦੇ ਰੂਪ ਵਿੱਚ ਚੁੰਨੀ ਦੇ ਲੜ ਨਾਲ ਉਨ੍ਹਾਂ ਦੇ ਅੱਥਰੂ ਪੂੰਝ ਰਹੀਆਂ ਸਨ। ਦੋਨਾਂ ਪਾਸਿਆਂ ਤੋਂ ਵਹਿੰਦੇ ਅੱਥਰੂਆਂ ਨੇ ਮਾਹੌਲ ਨੂੰ ਬਹੁਤ ਹੀ ਭਾਵੁਕ ਅਤੇ ਗਮਗੀਨ ਕਰ ਦਿੱਤਾ ਸੀ। ਉਨ੍ਹਾਂ ਕੁੜੀਆਂ ਵਿੱਚੋਂ ਹੀ ਇੱਕ ਸਿਆਣੀ ਕੁੜੀ ਨੇ ਉੱਚੀ ਆਵਾਜ਼ ਵਿੱਚ ਆਪਣੀਆਂ ਹਾਣਨਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਆਉ ਆਪਾਂ ਸਹੁੰ ਖਾਈਏ ਕਿ ਘਰਾਂ ਵਿੱਚ ਆਪਣੇ ਮਾਤਾ ਪਿਤਾ ਨੂੰ ਬਣਦਾ ਸਤਿਕਾਰ ਦੇਣ ਦੇ ਨਾਲ-ਨਾਲ ਦੂਜੇ ਘਰ ਜਾ ਕੇ ਵੀ ਸੱਸ-ਸਹੁਰੇ ਨੂੰ ਮਾਤਾ ਪਿਤਾ ਦਾ ਦਰਜਾ ਦੇਵਾਂਗੀਆਂ ਅਤੇ ਉਨ੍ਹਾਂ ਨੂੰ ਕਿਸੇ ਬਿਰਧ ਆਸ਼ਰਮ ਦਾ ਸਹਾਰਾ ਨਹੀਂ ਬਣਨ ਦੇਵਾਂਗੀਆਂ।”

ਸਾਰੀਆਂ ਕੁੜੀਆਂ ਨੇ ਸਹਿਮਤੀ ਵਿੱਚ ਸਿਰ ਹਿਲਾਇਆ। ਜਾਣ ਵੇਲੇ ਬਜ਼ੁਰਗਾਂ ਦੇ ਹੱਥ ਆਸ਼ੀਰਵਾਦ ਦੇ ਰੂਪ ਵਿੱਚ ਕੁੜੀਆਂ ਦੇ ਸਿਰਾਂ ਉੱਤੇ ਸਨ। ਬਜ਼ੁਰਗਾਂ ਨੇ ਆਪਣੇ ਆਪਣੇ ਬੋਝੇ ਵਿੱਚੋਂ ਕੁਝ ਰੁਪਏ ਕੱਢ ਕੇ ਕੁੜੀਆਂ ਦੀਆਂ ਤਲੀਆਂ ’ਤੇ ਰੱਖ ਦਿੱਤੇ। ਕੁੜੀਆਂ ਵੱਲੋਂ ਪੈਸੇ ਮੋੜਨ ਦੀ ਜਿੱਦ ’ਤੇ ਕੁਝ ਬਜ਼ੁਰਗਾਂ ਨੇ ਦਰਦ ਭਰੀ ਆਵਾਜ਼ ਵਿੱਚ ਕਿਹਾ, “ਥੋਨੂੰ ਨਹੀਂ ਪਤਾ ਧੀਓ, ਬਾਬਲ ਦੇ ਘਰੋਂ ਧੀਆਂ ਖਾਲੀ ਹੱਥ ਨਹੀਂ ਜਾਂਦੀਆਂ ਹੁੰਦੀਆਂ।”

ਬਜ਼ੁਰਗਾਂ ਦੇ ਅਸੀਸਾਂ ਲਈ ਅਤੇ ਕੁੜੀਆਂ ਦੇ ਦੁਆਵਾਂ ਲਈ ਉੱਠੇ ਹੱਥਾਂ ਦੇ ਵਰ੍ਹਦੇ ਮੀਂਹ ਵਿੱਚ ਅਸੀਂ ਸਾਰੇ ਹੀ ਭਿੱਜ ਰਹੇ ਸੀ।

 *****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4031)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author