MohanSharma7ਸਰਮਾਏਦਾਰ ਉਹਦੇ ਦੁਆਲੇ ਨੋਟਾਂ ਨਾਲ ਭਰੇ ਬਰੀਫਕੇਸ ਚੁੱਕੀ ਫਿਰਦੇ ਰਹੇ ਪਰ ਉਸਨੇ ...
(5 ਨਵੰਬਰ 2020)

 

HemRajMittal3ਸਮਾਜ ਵਿੱਚ 90 ਫੀਸਦੀ ਤੋਂ ਜ਼ਿਆਦਾ ਵਿਅਕਤੀਆਂ ਦਾ ਜੀਵਨ ਨਿੱਜ ਤੋਂ ਨਿੱਜ ਤਕ ਸੀਮਤ ਹੈਭਾਵੇਂ ਉਹ ਵਿਉਪਾਰੀ ਤਬਕੇ ਨਾਲ ਜੁੜਿਆ ਹੋਇਆ ਹੈ, ਨੌਕਰੀ ਪੇਸ਼ਾ ਹੈ ਜਾਂ ਕਿਸੇ ਹੋਰ ਕਿਤੇ ਨਾਲ ਸਬੰਧਤ ਹੈ, ਸਭ ਪਦਾਰਥਕ ਦੌੜ ਵਿੱਚ ਇੱਕ ਦੂਜੇ ਤੋਂ ਅਗਾਂਹ ਲੰਘਣ ਦੀ ਕੋਸ਼ਿਸ਼ ਵਿੱਚ ਹਨਖੁਦਗਰਜ਼ੀ, ਲੋਭ, ਸਵਾਰਥ ਅਤੇ ਹੰਕਾਰ ਹਮੇਸ਼ਾ ਉਨ੍ਹਾਂ ਦੇ ਅੰਗ-ਸੰਗ ਰਹਿੰਦਾ ਹੈਫੁੱਲੀ ਜੇਬ, ਆਲੀਸ਼ਾਨ ਕੋਠੀ, ਕੋਠੀ ਵਿੱਚ ਸੁਖ ਸੁਵਿਧਾਵਾਂ ਕਾਰਨ ਉਨ੍ਹਾਂ ਦਾ ਦਿਮਾਗ ਸੱਤਵੇਂ ਆਸਮਾਨ ’ਤੇ ਪੁੱਜਿਆ ਹੁੰਦਾ ਹੈ ਅਤੇ ਉਹ ਬੰਦੇ ਨੂੰ ਬੰਦਾ ਨਹੀਂ ਸਮਝਦੇਰਿਸ਼ਤੇਦਾਰਾਂ ਤੋਂ ਵੀ ਉਹ ਇਸ ਕਾਰਨ ਵਿੱਥ ਬਣਾਕੇ ਰੱਖਦੇ ਹਨ ਕਿ ਉਨ੍ਹਾਂ ਦਾ ਜੀਵਨ ਪੱਧਰ ਉਨ੍ਹਾਂ ਨਾਲ ਮੇਚ ਨਹੀਂ ਖਾਂਦਾ ਅਤੇ ਉਹ ਐਵੇਂ ਉਨ੍ਹਾਂ ਕੋਲ ਨਿੱਤ ਆਪਣੀਆਂ ਜੀਵਨ-ਲੋੜਾਂ ਪੂਰੀਆਂ ਕਰਨ ਲਈ ਖੜ੍ਹੇ ਨਾ ਰਹਿਣਬੱਸ ਵੱਡੇ ਲੋਕਾਂ ਦੇ ਸੰਪਰਕ ਵਿੱਚ ਰਹਿਣਾ, ਉਨ੍ਹਾਂ ਨਾਲ ਹਾਸਾ-ਠੱਠਾ ਕਰਨਾ, ਉੱਚੀ ਉੱਚੀ ਮਸਨੂਈ ਹਾਸੇ ਦੀ ਗੁੰਜਵੀਂ ਆਵਾਜ਼, ਫੁਕਰਾਪਣ, ਅਤੇ ਥੋਥੀਆਂ ਜਿਹੀਆਂ ਗੱਲਾਂ ਨਾਲ ਉਹ ਆਪਣੀ ਹਉਮੈ ਨੂੰ ਪੱਠੇ ਪਾਉਣ ਵਿੱਚ ਮਾਣ ਮਹਿਸੂਸ ਕਰਦੇ ਨੇਪਰਿਵਾਰ ਦੇ ਦੂਜੇ ਮੈਂਬਰਾਂ ਤੇ ਪਰਿਵਾਰਕ ਮੁਖੀ ਦਾ ਰੁਤਬਾ ਭਾਰੂ ਹੁੰਦਾ ਹੈ ਅਤੇ ਉਹ ਵੀ ਤਿਹੁ ਤੋਂ ਸੱਖਣੇ ਹਉਮੈ ਦੀ ਦੁਨੀਆਂ ਵਿੱਚ ਰਹਿੰਦੇ ਹਨ

ਸਿਆਸਤਦਾਨਾਂ ਦਾ ਤਾਂ ਕਹਿਣਾ ਹੀ ਕੀ! ਸਿਆਸਤ ਵਿੱਚ ਕਦਮ ਰੱਖਣ ਵਾਲਿਆਂ ਸਬੰਧੀ ਮੈਕਸ ਓ ਹੈਲ ਲਿਖਦਾ ਹੈ, “ਵਕੀਲ ਬਣਨ ਲਈ ਵਕਾਲਤ ਦੀ ਪੜ੍ਹਾਈ ਕਰਨੀ ਪੈਂਦੀ ਹੈ, ਡਾਕਟਰ ਬਣਨ ਲਈ ਮੈਡੀਕਲ ਪੜ੍ਹਾਈ ਕਰਨੀ ਜ਼ਰੂਰੀ ਹੈਪਰ ਸਿਆਸਤਦਾਨਾਂ ਨੂੰ ਸਿਰਫ ਅਤੇ ਸਿਰਫ ਆਪਣੇ ਹਿਤ ਦੀ ਪੂਰਤੀ ਕਰਨ ਦੀ ਜਾਂਚ ਹੋਣੀ ਚਾਹੀਦੀ ਹੈ।” ਆਪਣੇ ਹਿਤ ਦੀ ਪੂਰਤੀ ਲਈ ਉਹ ਆਪਣਿਆਂ ਨੂੰ ਠਿੱਬੀ ਲਾਉਣ ਤੋਂ ਸੰਕੋਚ ਨਹੀਂ ਕਰਦੇਜਿਉਂ ਜਿਉਂ ਆਮਦਨੀ ਵਿੱਚ ਨਿਰੰਤਰ ਵਾਧਾ ਹੁੰਦਾ ਰਹਿੰਦਾ ਹੈ, ਤਿਉਂ ਤਿਉਂ ਉਨ੍ਹਾਂ ਦੇ ਪੈਰ ਧਰਤੀ ਤੋਂ ਉੱਪਰ ਉੱਠਣੇ ਸ਼ੁਰੂ ਹੋ ਜਾਂਦੇ ਨੇਚਾਣਕਿਆ ਨੇ ਲਿਖਿਆ ਹੈ, “ਧਰਤੀ ਤੋਂ ਉੱਖੜਿਆ ਵਿਅਕਤੀ ਖਤਰਨਾਕ ਹੁੰਦਾ ਹੈ ਅਤੇ ਉਨ੍ਹਾਂ ਉੱਪਰ ਭਰੋਸਾ ਨਹੀਂ ਕੀਤਾ ਜਾ ਸਕਦਾ।” ਸੱਚਮੁੱਚ ਸਿਆਸਤਦਾਨ ਤਾਂ ਗੱਲਾਂ ਗੱਲਾਂ ਵਿੱਚ ਉੱਥੇ ਵੀ ਪੁਲ ਉਸਾਰ ਦਿੰਦੇ ਨੇ ਜਿੱਥੇ ਨੇੜੇ ਤੇੜੇ ਕੋਈ ਨਦੀ, ਰਜਵਾਹਾ ਜਾਂ ਨਾਲਾ ਨਹੀਂ ਹੁੰਦਾ ਅਤੇ ਲੋਕ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਕੇ ਉਨ੍ਹਾਂ ਨੂੰ ਆਪਣੇ ਹਮਦਰਦ ਅਤੇ ਰਹਿਨੁਮਾ ਸਮਝਦੇ ਹਨਲੋਕਾਂ ਦੀ ਮਾਨਸਿਕਤਾ ਹੀ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਉਹ ਅੜੇ-ਥੁੜੇ ਉਨ੍ਹਾਂ ਨੂੰ ਮੰਝਧਾਰ ਵਿੱਚ ਫਸੀ ਬੇੜੀ ਕੱਢਣ ਦੇ ਕਾਬਲ ਸਮਝਦੇ ਹਨਸਿਆਸਤਦਾਨ ਆਟਾ-ਦਾਲ, ਧਾਰਮਿਕ ਅਸਥਾਨਾਂ ਦੀ ਮੁਫ਼ਤ ਯਾਤਰਾ, ਮੁਫ਼ਤ ਪਾਣੀ, ਬਿਜਲੀ, ਸਿਲਾਈ ਮਸ਼ੀਨਾਂ, ਭਾਂਡੇ, ਲੈਪਟਾਪ, ਸਾਈਕਲ ਆਦਿ ਵਸਤੂਆਂ ਦਾ ਚੋਗਾ ਪਾ ਕੇ ਜਿੱਥੇ ਵੋਟ ਬੈਂਕ ਨੂੰ ਪੱਕਾ ਕਰਦੇ ਹਨ, ਉੱਥੇ ਹੀ ਸਿਰਹੀਣੇ ਲੋਕਾਂ ਦੀ ਜਮਾਤ ਪੈਦਾ ਕਰਕੇ ਉਨ੍ਹਾਂ ਨੂੰ ‘ਕੀ’ ਅਤੇ ‘ਕਿਉਂ’ ਦੀ ਸੋਚ ਤੋਂ ਸੱਖਣਾ ਕਰ ਦਿੰਦੇ ਹਨਥਾਣੇ ਵਿੱਚ ਜਾਂ ਕਿਸੇ ਹੋਰ ਦਫਤਰ ਵਿੱਚ ਇਸ ਤਰ੍ਹਾਂ ਦਾ ਟੈਲੀਫੋਨ ਕਰਕੇ, “ਮੇਰਾ ਖਾਸ ਬੰਦਾ ਹੈ, ਇਸਦਾ ਪੂਰਾ ਧਿਆਨ ਰੱਖਣਾ” ਟੈਲੀਫੋਨ ਸੁਣਨ ਵਾਲਾ ਤੇ ਕੋਲ ਖੜ੍ਹਾ ਵਿਅਕਤੀ ਉਸ ਵੇਲੇ ਆਪਣੇ ਆਪ ਨੂੰ ‘ਖੱਬੀ ਖਾਨ’ ਸਮਝਣ ਲੱਗ ਜਾਂਦਾ ਹੈ ਅਤੇ ਦੂਜੇ ਪਾਸੇ ਸਿਆਸਤਦਾਨ ਸਾਲਾਂ ਵਿੱਚ ਹੀ ਅਥਾਹ ਜ਼ਮੀਨਾਂ, ਪਟਰੌਲ ਪੰਪ, ਬੱਸਾਂ ਦਾ ਕਾਰੋਬਾਰ, ਕੇਬਲ ਕਾਰੋਬਾਰ ਅਤੇ ਸਨਅਤੀ ਕਾਰੋਬਾਰ ਵਿੱਚ ਢੇਰ ਵਾਧਾ ਕਰ ਲੈਂਦਾ ਹੈਲੈਂਡ ਮਾਫੀਆ, ਟਰਾਂਸਪੋਰਟ ਮਾਫੀਆ, ਵਜੀਫਾ ਮਾਫੀਆ, ਰੇਤ ਮਾਫੀਆ ਅਤੇ ਇਹੋ ਜਿਹੇ ਹੋਰ ਅਨੇਕਾਂ ਮਾਫੀਏ ਸਿਆਸਤਦਾਨ ਦੇ ਨਾਂ ਨਾਲ ਜੁੜਦੇ ਰਹਿੰਦੇ ਹਨਵਰਤਮਾਨ ਸਿਆਸਤ ਵਿੱਚ ਤਾਂ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਜਿਵੇਂ ਕੋਈ ਦਿਨ ਨਿਸ਼ਚਿਤ ਹੋਵੇ ਕਿ ਛੇਤੀ ਛੇਤੀ ਦੇਸ਼ ਨੂੰ ਜਿੰਨਾ ਲੁੱਟਿਆ ਜਾ ਸਕਦਾ ਹੈ, ਲੁੱਟ ਲਵੋਦਰਅਸਲ ਦੇਸ਼ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ ਲੋਕਾਂ ਕਾਰਨ ਗਰੀਬ ਨਹੀਂ, ਇਨ੍ਹਾਂ ਲੋਟੂ ਸਿਆਸਤਦਾਨਾਂ ਕਾਰਨ ਗਰੀਬ ਹੈ

ਪਰ ਕੀ ਭਾਰਤੀ ਸਿਆਸਤ ਵਿੱਚ ਲੁੱਟ-ਖਸੁੱਟ ਹੀ ਭਾਰੂ ਹੈ? ਕੀ ਸਾਰੇ ਸਿਆਸਤਦਾਨਾਂ ਦੀ ਹੀ ਜ਼ਮੀਰ ਦਾਗੀ ਹੈ? ਕੀ ਅਜਿਹੇ ਸਿਆਸਤਦਾਨ ਵੀ ਹਨ ਜਿਹੜੇ ਲੋਕਾਂ ਦੇ ਅਸਲੀ ਸ਼ਬਦਾਂ ਵਿੱਚ ਸੇਵਕ ਬਣੇ ਅਤੇ ਆਪਣੇ ਨਿੱਜ ਨੂੰ ਤਿਲਾਂਜਲੀ ਦੇ ਕੇ ਜੀਵਨ ਸਮੂਹ ਨੂੰ ਸਮਰਪਤ ਕੀਤਾ? ਘੁੱਪ ਹਨੇਰੇ ਵਿੱਚ ਲਟ ਲਟ ਬਲਦੇ ਦੀਵੇ ਵਰਗਾ ਸੀ ਹੇਮ ਰਾਜ ਮਿੱਤਲਗਰਮੀਆਂ ਵਿੱਚ ਕੁੜਤਾ ਪਜਾਮਾ, ਕਰੀਮ ਰੰਗ ਦੀ ਪੱਗ ਅਤੇ ਪੈਰੀਂ ਖੱਲ ਦੀ ਜੁੱਤੀ ਉਹਦਾ ਪਹਿਰਾਵਾ ਸੀ ਅਤੇ ਸਿਆਲ ਵਿੱਚ ਇੱਕੋ ਕੋਟ ਠੰਢ ਤੋਂ ਬਚਣ ਲਈ ਉਹਦੀ ਢਾਲ ਬਣਿਆਕਾਲਜ ਦੀ ਜ਼ਿੰਦਗੀ ਵਿੱਚ ਹੀ ਉਹਨੂੰ ਦੇਸ਼ ਭਗਤੀ ਦੀ ਗੁੜ੍ਹਤੀ ਮਿਲ ਗਈ ਅਤੇ ਲਾਹੌਰ ਕਾਲਜ ਵਿੱਚ ਪੜ੍ਹਾਈ ਕਰਦਿਆਂ ਉਹਦੀਆਂ ਅੰਗਰੇਜ਼ੀ ਹਕੂਮਤ ਵਿਰੁੱਧ ਆਪਣੇ ਦੇਸ਼ ਭਗਤ ਸਾਥੀਆਂ ਨਾਲ ਕੀਤੀਆਂ ਮੀਟਿੰਗਾਂ ਦੀ ਸੂਹ ਅੰਗਰੇਜ਼ ਸਰਕਾਰ ਨੂੰ ਮਿਲਣ ਕਾਰਨ ਉਸ ਨੂੰ ਲਾਹੌਰ ਛੱਡਣਾ ਪਿਆ ਅਤੇ ਗਰੈਜੂਏਸ਼ਨ ਫਰੀਦਕੋਟ ਕਾਲਜ ਤੋਂ ਕੀਤੀਇੱਥੇ ਹੀ ਉਹ ਪਰਜਾ ਮੰਡਲ ਲਹਿਰ ਨਾਲ ਜੁੜਕੇ ਕਿਰਤੀ ਵਰਗ ਦੇ ਹੱਕਾਂ ਲਈ ਜੂਝਦਾ ਰਿਹਾ6 ਬੇਟੀਆਂ ਅਤੇ ਇੱਕ ਬੇਟੇ ਦਾ ਪਿਤਾ ਹੋਣ ਕਾਰਨ ਗ੍ਰਹਿਸਥੀ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਹ ਮਾਰਕੀਟ ਕਮੇਟੀ ਦੇ ਸਕੱਤਰ ਦੀ ਸੇਵਾ ਨਿਭਾਉਣ ਉਪਰੰਤ ਅਧਿਆਪਕ ਬਣ ਗਿਆਵਿਦਿਆਰਥੀ ਵਰਗ ਵਿੱਚ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਅਤੇ ਇਮਾਨਦਾਰੀ ਦਾ ਪਾਠ ਪੜ੍ਹਾਉਣਾ ਉਹਦਾ ਨਿੱਤ ਨੇਮ ਰਿਹਾ1972 ਤੋਂ 1977 ਤਕ ਉਹ ਐੱਸ.ਐੱਸ. ਬੋਰਡ ਦਾ ਚੇਅਰਮੈਨ ਬਣਿਆਚੇਅਰਮੈਨ ਬਣਕੇ ਵੀ ਉਸਨੇ ਸਾਦਗੀ, ਨਿਮਰਤਾ ਅਤੇ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆਉਹੀ ਪਹਿਰਾਵਾ ਉਹਦੇ ਅੰਗ-ਸੰਗ ਰਿਹਾਸਰਕਾਰੀ ਰਿਹਾਇਸ਼ ਤੋਂ ਦਫਤਰ ਉਹ ਸਾਇਕਲ ’ਤੇ ਆਉਂਦਾ ਸੀਆਪਣੇ ਸਮੇਂ ਵਿੱਚ ਉਸਨੇ 54000 ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ, ਜਿਨ੍ਹਾਂ ਵਿੱਚ ਨਾਇਬ ਤਹਿਸੀਲਦਾਰ, ਏ.ਐੱਸ.ਆਈ, ਫੂਡ ਸਪਲਾਈ ਇੰਸਪੈਕਟਰਾਂ ਦੀਆਂ ਅਸਾਮੀਆਂ ਵੀ ਸ਼ਾਮਲ ਸਨਉਸਨੇ ਆਪਣੀ ਜ਼ਮੀਰ ਨੂੰ ਦਾਗੀ ਨਹੀਂ ਹੋਣ ਦਿੱਤਾਸਰਮਾਏਦਾਰ ਉਹਦੇ ਦੁਆਲੇ ਨੋਟਾਂ ਨਾਲ ਭਰੇ ਬਰੀਫਕੇਸ ਚੁੱਕੀ ਫਿਰਦੇ ਰਹੇ ਪਰ ਉਸਨੇ ਸਿਫਾਰਸ਼ ਅਤੇ ਰਿਸ਼ਵਤ ਨੂੰ ਦਰਕਿਨਾਰ ਕਰਕੇ ਨਿਰੋਲ ਮੈਰਿਟ ’ਤੇ ਪੋਸਟਾਂ ਭਰੀਆਂਉਸ ਸਮੇਂ ਹੀ ਆਪਣੀ ਧੀ ਦਾ ਵਿਆਹ ਕਰਨ ਲਈ ਉਸਨੇ ਆਪਣੀ ਜੱਦੀ ਜ਼ਮੀਨ ਦਾ ਟੋਟਾ ਵੀ ਵੇਚਿਆਪਰ ਮਜ਼ਾਲ ਹੈ ਕਿਸੇ ਸਾਹਵੇਂ ਹੱਥ ਟੱਡਿਆ ਹੋਵੇ ਇੱਥੇ ਹੀ ਬੱਸ ਨਹੀਂ, ਉਸ ਵੱਲੋਂ ਮੁੱਖ ਮੰਤਰੀ ਨੂੰ ਬੇਨਤੀ ਕਰਕੇ 31.03.1977 ਨੂੰ ਇੱਕ ਸਾਲ ਦੀ ਸੇਵਾ ਪੂਰੀ ਕਰਨ ਵਾਲੇ ਅੰਦਾਜ਼ਨ ਇੱਕ ਲੱਖ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਵਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਅਤੇ ਨਾਲ ਹੀ ਉਸ ਵੇਲੇ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਕੇ ਹੁਕਮ ਜਾਰੀ ਕਰਵਾਏ ਕਿ ਅਧਿਕਾਰੀ ਆਪਣੀ ਪੱਧਰ ’ਤੇ ਖਾਲੀ ਆਸਾਮੀ ਭਰ ਸਕਦੇ ਹਨਇੰਜ ਬੇਰੁਜ਼ਗਾਰਾਂ ਨੂੰ ਸੜਕਾਂ ਤੋਂ ਰੁਲਣ ਤੋਂ ਬਚਾਉਣ ਲਈ ਹੇਮ ਰਾਜ ਮਿੱਤਲ ਉਨ੍ਹਾਂ ਲਈ ਮਸੀਹਾ ਬਣਿਆਬਠਿੰਡੇ ਦਾ ਟੀਚਰਜ਼ ਹੋਮ ਜਿਹੜਾ ਇਸ ਵੇਲੇ ਸਮਾਜਿਕ, ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਕਰਕੇ ਜਾਣਿਆ ਜਾਂਦਾ ਹੈ, ਦੀ ਉਸਾਰੀ ਵਿੱਚ ਹੇਮ ਰਾਜ ਮਿੱਤਲ ਦਾ ਵਿਸ਼ੇਸ਼ ਯੋਗਦਾਨ ਹੈ

1977 ਵਿੱਚ ਜਦੋਂ ਐੱਸ.ਐੱਸ. ਬੋਰਡ ਭੰਗ ਹੋਇਆ ਤਾਂ ਉਸ ਵੇਲੇ ਉਹੀ ਪੁਰਾਣੇ ਕੱਪੜੇ, ਪੁਰਾਣਾ ਸਾਈਕਲ ਅਤੇ ਆਰਥਿਕ ਮੰਦਹਾਲੀ ਉਹਦੇ ਅੰਗ-ਸੰਗ ਸੀਅਜਿਹੀ ਸਥਿਤੀ ਵਿੱਚ ਉਹ ਵਾਪਸ ਆਪਣੇ ਜੱਦੀ ਕਸਬੇ ਗੋਨੇਆਣਾ ਵਿਖੇ ਆ ਗਿਆ ਐੱਸ.ਐੱਸ.ਬੋਰਡ ਦੇ ਵਕਾਰੀ ਰੁਤਬੇ ਤੋਂ ਹਟਕੇ ਉਸਨੇ ਬੈਂਕ ਤੋਂ ਕਰਜ਼ਾ ਲੈ ਕੇ ਗੋਨੇਆਣਾ ਮੰਡੀ ਵਿੱਚ ਆਟੇ ਦੀ ਚੱਕੀ ਲਾ ਲਈਲੱਖਾਂ ਨੂੰ ਰੁਜ਼ਗਾਰ ਦੇਣ ਵਾਲਾ ਹੇਮ ਰਾਜ ਮਿੱਤਲ ਉੱਥੇ ਲੋਕਾਂ ਦਾ ਆਟਾ ਪੀਂਹਦਾ ਰਿਹਾ ਭਲਾ, ਅਜਿਹੇ ਕਿੰਨੇ ਕੁ ਸਿਆਸਤਦਾਨਾਂ ਦੀ ਹੋਰ ਉਦਾਹਰਣ ਮਿਲੇਗੀ ਜਿਨ੍ਹਾਂ ਨੇ ਲੋਕਾਈ ਦੇ ਠੰਢੇ ਚੁੱਲ੍ਹਿਆਂ ਵਿੱਚ ਲਟ ਲਟ ਅੱਗ ਬਾਲਕੇ ਰੋਟੀਆਂ ਨਾਲ ਛਾਬਾ ਭਰਿਆ ਹੋਵੇ? ਜਿਸਨੇ ਬੇਰੁਜ਼ਗਾਰੀ ਦੇ ਝੰਬੇ ਪਏ ਨੌਜਵਾਨਾਂ ਨੂੰ ਬਿਨਾਂ ਕਿਸੇ ਸਿਫਾਰਸ਼ ਅਤੇ ਰਿਸ਼ਵਤ ਦੇ ਰੁਜ਼ਗਾਰ ਦਿੱਤਾ ਹੋਵੇ ਅਤੇ ਆਪਣੇ ਅੰਤਲੇ ਸਮੇਂ ਵਿੱਚ ਆਟੇ ਦੀ ਚੱਕੀ ਲਾ ਕੇ ਪਰਿਵਾਰ ਲਈ ਰੋਟੀ ਦਾ ਜੁਗਾੜ ਕੀਤਾ ਹੋਵੇ? ਦਰਅਸਲ ਅਜਿਹੇ ਵਿਅਕਤੀ ਹੀ ਖੰਭੇ ਤੇ ਜਗਦੀਆਂ ਟਿਊਬਾਂ ਵਰਗੇ ਹੁੰਦੇ ਹਨ, ਜਿਹੜੇ ਸਫ਼ਰ ਦਾ ਫਾਸਲਾ ਤਾਂ ਘੱਟ ਨਹੀਂ ਕਰਦੇ ਪਰ ਸਫਰ ਨੂੰ ਸੁਖਾਲਾ ਜ਼ਰੂਰ ਬਣਾ ਦਿੰਦੇ ਹਨ

18 ਸਤੰਬਰ 2020 ਨੂੰ 95 ਸਾਲਾਂ ਦੀ ਉਮਰ ਵਿੱਚ ਦੱਬੇ-ਕੁਚਲੇ ਅਤੇ ਲੋੜਵੰਦਾਂ ਦਾ ਮਸੀਹਾ ਸਵਰਗ ਸਿਧਾਰ ਗਿਆਉਨ੍ਹਾਂ ਦੀ ਮੌਤ ’ਤੇ ਉਨ੍ਹਾਂ ਦਾ ਇੱਕ ਹਮਉਮਰ ਬਜ਼ੁਰਗ ਖੂਨ ਦੇ ਅੱਥਰੂ ਕੇਰਦਿਆਂ ਕਹਿ ਰਿਹਾ ਸੀ, “ਪੰਜਾਬ ਵਿੱਚ ਹੇਮ ਰਾਜ ਮਿੱਤਲ ਦੇ ਕੱਦ ਦਾ ਕੋਈ ਸਿਆਸਤਦਾਨ ਨਜ਼ਰ ਨਹੀਂ ਆਉਂਦਾ।” ਜਦੋਂ ਵੱਖ ਵੱਖ ਅਖਬਾਰਾਂ ਦੇ ਪ੍ਰਤੀਨਿਧੀਆਂ ਨੇ ਹੇਮ ਰਾਜ ਮਿੱਤਲ ਦੀ ਮੌਤ ’ਤੇ ਉਸਦੇ ਪੁੱਤਰ ਰਵਿੰਦਰ ਮਿੱਤਲ ਦਾ ਪ੍ਰਤੀਕਰਮ ਜਾਣਨਾ ਚਾਹਿਆ ਤਾਂ ਉਹਦਾ ਜਵਾਬ ਸੀ, “ਮੈਂ ਅਤੇ ਮੇਰੀਆਂ ਭੈਣਾਂ ਨੂੰ ਇਸ ਗੱਲ ਦਾ ਫਖ਼ਰ ਹੈ ਕਿ ਹੇਮ ਰਾਜ ਮਿੱਤਲ ਸਾਡਾ ਆਦਰਸ਼ ਪਿਤਾ ਸੀ ਅਤੇ ਲੋਕਾਂ ਦਾ ਸੱਚਾ ਸੁੱਚਾ ਹਮਦਰਦ।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2407)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author