“ਜਦੋਂ ਉਹ ਅੱਧਾ ਘੰਟਾ ਇੰਤਜ਼ਾਰ ਕਰਾਉਣ ਤੋਂ ਬਾਅਦ ਵੀ ਨਾ ਆਇਆ ਤਾਂ ...”
(1 ਜੁਲਾਈ 2020)
ਪੁਲਿਸ ਵਾਲਿਆਂ ਦਾ ਜਦੋਂ ਕਦੇ ਜ਼ਿਕਰ ਛਿੜਦਾ ਹੈ ਤਾਂ ਅਕਸਰ ਕਿਹਾ ਜਾਂਦਾ ਹੈ, “ਨਾ ਇਨਸੇ ਦੋਸਤੀ ਅੱਛੀ, ਨਾ ਇਨਸੇ ਦੁਸ਼ਮਣੀ ਅੱਛੀ।” ਉਂਜ ਵੀ ਥਾਣੇ ਕਚਹਿਰੀ ਜਾਂ ਹਸਪਤਾਲ ਦਾ ਰੁਖ ਕੋਈ ਵਕਤ ਦਾ ਮਾਰਿਆ ਹੀ ਕਰਦਾ ਹੈ।
ਇੱਕ ਪੁਲਿਸ ਅਧਿਕਾਰੀ ਨਾਲ ਮੇਰਾ ਵਾਹ ਕੁਝ ਸਮਾਂ ਪਹਿਲਾਂ ਉਦੋਂ ਪਿਆ ਜਦੋਂ ਮੈਂਨੂੰ ਆਪਣੇ ਨਜ਼ਦੀਕੀ ਦੋਸਤ ਨੇ ਆਪਣੇ ਘਰ ਵਿਖੇ ਅਖੰਡ ਪਾਠ ਦੇ ਭੋਗ ਸਮੇਂ ਬੁਲਾਇਆ। ਮੱਥਾ ਟੇਕਣ ਉਪਰੰਤ ਸੰਗਤ ਵਿੱਚ ਮੈਂ ਵੀ ਬਹਿ ਗਿਆ। ਆਲੇ ਦੁਆਲੇ ਨਜ਼ਰ ਮਾਰੀ, ਇਲਾਕੇ ਦਾ ਮੰਤਰੀ, ਸਿਆਸੀ ਅਤੇ ਧਾਰਮਿਕ ਆਗੂ, ਇਲਾਕੇ ਦੀਆਂ ਹੋਰ ਮੁਹਤਬਰ ਸ਼ਖ਼ਸੀਅਤਾਂ ਅਤੇ ਪੁਲਿਸ ਅਧਿਕਾਰੀ ਵੀ ਆਏ ਹੋਏ ਸਨ। ਪਾਠ ਦੀ ਸਮਾਪਤੀ ਉਪਰੰਤ ਮੇਰੇ ਦੋਸਤ ਨੇ ਹੌਲੀ ਜਿਹੇ ਮੇਰੇ ਕੋਲ ਆ ਕੇ ਕਿਹਾ, “ਪਰਿਵਾਰ ਵਲੋਂ ਤੁਸੀਂ ਆਈ ਸੰਗਤ ਦਾ ਧੰਨਵਾਦ ਕਰ ਦੇਵੋ।”
ਮੇਰੇ ਮਾਈਕ ਸੰਭਾਲਣ ਤੋਂ ਪਹਿਲਾਂ ਇੱਕ ਸੱਜਣ ਨੇ ਮੇਰਾ ਨਾਂ ਲੈ ਕੇ ਧੰਨਵਾਦੀ ਸ਼ਬਦ ਕਹਿਣ ਲਈ ਸੱਦਾ ਦੇ ਦਿੱਤਾ। ਸੀਮਤ ਸ਼ਬਦਾਂ ਵਿੱਚ ਧੰਨਵਾਦੀ ਸ਼ਬਦ ਕਹਿ ਕੇ ਮੈਂ ਆਈ ਸੰਗਤ ਨੂੰ ਲੰਗਰ ਛਕਣ ਦੀ ਬੇਨਤੀ ਕਰ ਦਿੱਤੀ। ਦੇਗ ਲੈਣ ਉਪਰੰਤ ਜਦੋਂ ਮੈਂ ਲੰਗਰ ਵਾਲੀ ਜਗ੍ਹਾ ਵੱਲ ਵੱਧ ਰਿਹਾ ਸਾਂ ਤਾਂ ਮੇਰੇ ਅੱਗੇ ਜਾ ਰਹੇ ਡੀ.ਐੱਸ.ਪੀ. ਨੇ ਮੇਰੇ ਵੱਲ ਵਿਹੰਦਿਆਂ ਕਿਹਾ, “ਮੋਹਨ ਸ਼ਰਮਾ ਥੋਡਾ ਨਾਂ ਐਂ?”
ਮੇਰੇ ਹਾਂ ਵਿੱਚ ਜਵਾਬ ਦੇਣ ਤੇ ਉਹਦੇ ਅਗਲੇ ਬੋਲ ਸਨ, “ਖਾਣੇ ਤੋਂ ਬਾਅਦ ਮੈਂ ਥੋੜ੍ਹਾ ਚਿਰ ਮੰਤਰੀ ਜੀ ਨਾਲ ਇੱਕ ਕੇਸ ਡਿਸਕਸ ਕਰਨੈ। ਓਦੂੰ ਪਿੱਛੋਂ ਮੈਂ ਥੋਨੂੰ ਮਿਲਣਾ ਹੈ। ਮੇਰੀ ਉਡੀਕ ਕਰ ਲਿਉ।”
ਹੁਣ ਪੁਲਿਸ ਅਧਿਕਾਰੀ ਦੇ ਮਿਲਣ ਦੇ ਅਰਥਾਂ ਵਿੱਚ ਮੈਂ ਉਲਝ ਗਿਆ। ਉਹਦੇ ਬੋਲਾਂ ਵਿੱਚ ਨਾ ਤਾਂ ਪੁਲਿਸ ਅਧਿਕਾਰੀ ਵਾਲਾ ਰੋਅਬ ਹੀ ਝਲਕਦਾ ਸੀ ਅਤੇ ਨਾ ਹੀ ਸਾਊ ਵਿਅਕਤੀ ਵਾਲੀ ਨਿਮਰਤਾ। ਤਰ੍ਹਾਂ-ਤਰ੍ਹਾਂ ਦੇ ਅੰਦਾਜ਼ੇ ਲਾਉਂਦਿਆਂ ਮੈਂ ਚੱਜ ਨਾਲ ‘ਲੰਗਰ’ ਵੀ ਨਹੀਂ ਛਕਿਆ। ਛਕਦਾ ਵੀ ਕਿਵੇਂ? ਮਨ ਤਾਂ ਉੱਜੜੀਆਂ ਖੁੱਡਾਂ ਵਿੱਚ ਭਟਕਦਿਆਂ ਪੁਲਿਸ ਅਧਿਕਾਰੀ ਦੀ ਮਿਲਣੀ ਦੇ ਅਰਥਾਂ ਵਿੱਚ ਉਲਝਿਆ ਪਿਆ ਸੀ। ਪਿਛਲੇ ਦੋਂਹ ਕੁ ਮਹੀਨਿਆਂ ਦੀ ਕਾਰਗੁਜ਼ਾਰੀ ਦੀ ਤਸਵੀਰ ਸਾਹਮਣੇ ਲਿਆਂਦੀ। ਕਿਸੇ ਨਾਲ ਬੋਲ-ਬੁਲਾਰਾ, ਆਪਣੇ ਕਰਮ-ਖੇਤਰਾਂ ਵਿੱਚ ਹੋਈ ਕੋਈ ਢਿੱਲ-ਮੱਠ, ਕੋਈ ਹੋਰ ਗੱਲ ...। ਆਕਾਸ਼ ਪਤਾਲ ਛਾਣ ਮਾਰਿਆ, ਪਰ ਕੋਈ ਸਿਰਾ ਨਹੀਂ ਲੱਭਿਆ। ਮੇਰਾ ਸਾਰਾ ਸਰੀਰ ਨਜ਼ਰ ਬਣਕੇ ਪੁਲਿਸ ਅਧਿਕਾਰੀ ਦੀ ਇੰਤਜ਼ਾਰ ਕਰ ਰਿਹਾ ਸੀ। ਜਦੋਂ ਉਹ ਅੱਧਾ ਘੰਟਾ ਇੰਤਜ਼ਾਰ ਕਰਾਉਣ ਤੋਂ ਬਾਅਦ ਵੀ ਨਾ ਆਇਆ ਤਾਂ ਮੈਂ ਆਪਣੇ ਘਰ ਦਾ ਰੁਖ ਕਰ ਲਿਆ।
ਘਰ ਆ ਕੇ ਵੀ ਮੈਂ ਤਰ੍ਹਾਂ-ਤਰ੍ਹਾਂ ਦੇ ਸਵਾਲਾਂ ਵਿੱਚ ਘਿਰਿਆ ਰਿਹਾ। ਆਖ਼ਰ ਉਸਦਾ ਮੋਬਾਇਲ ਨੰਬਰ ਆਲੇ ਦੁਆਲਿਉਂ ਲੈ ਕੇ ਮੈਂ ਉਸ ਨੂੰ ਫੋਨ ਤੇ ਨਿਮਰਤਾ ਸਹਿਤ ਕਿਹਾ, “ਮੈਂ ਉੱਥੇ ਤੁਹਾਡਾ ਅੱਧਾ ਘੰਟਾ ਇੰਤਜ਼ਾਰ ਕਰਦਾ ਰਿਹਾ। ਪਰ ਤੁਸੀਂ ...।”
“ਹੁਣ ਕਿੱਥੇ ਹੋ ਤੁਸੀਂ?” ਉਸਨੇ ਮੇਰੀ ਗੱਲ ਕੱਟਦਿਆਂ ਕਿਹਾ।
“ਆਪਣੇ ਘਰ।” ਮੈਂ ਸੰਖੇਪ ਜਿਹਾ ਜਵਾਬ ਦਿੱਤਾ। ਉਸਨੇ ਮੇਰੇ ਕੋਲੋਂ ਘਰ ਦਾ ਪਤਾ ਪੁੱਛ ਕੇ ਕਿਹਾ, “ਬੱਸ, ਪੰਜ-ਸੱਤ ਮਿੰਟਾਂ ਵਿੱਚ ਮੈਂ ਤੁਹਾਡੇ ਘਰ ਹੀ ਆ ਰਿਹਾਂ।”
ਉਸਦੇ ਘਰ ਆਉਣ ਵਾਲੀ ਗੱਲ ਨਾਲ ਇੱਕ ਸਕੂਨ ਤਾਂ ਮਿਲਿਆ ਕਿ ਕੋਈ ਗੰਭੀਰ ਗੱਲ ਨਹੀਂ। ਖੈਰ, ਥੋੜ੍ਹੀ ਦੇਰ ਬਾਅਦ ਉਹ ਸਾਡੇ ਘਰ ਆ ਗਿਆ। ਲਾਮ-ਨਸ਼ਕਰ ਨੂੰ ਉਸਨੇ ਬਾਹਰ ਹੀ ਰੁਕਣ ਦਾ ਆਦੇਸ਼ ਦਿੱਤਾ। ਅਸੀਂ ਡਰਾਇੰਗ ਰੂਮ ਵਿੱਚ ਆਹਮੋ-ਸਾਹਮਣੇ ਬੈਠ ਗਏ। ਚਾਹ ਦਾ ਘੁੱਟ ਭਰਦਿਆਂ ਉਸਨੇ ਕਿਹਾ, “ਦਰਅਸਲ, ਦੋ ਹਫ਼ਤੇ ਪਹਿਲਾਂ ਮੈਂ ਅਖ਼ਬਾਰ ਵਿੱਚ ਤੁਹਾਡਾ ਆਰਟੀਕਲ ‘ਗੁਰਬਤ ਦੇ ਖੰਭਾਂ ਨਾਲ ਪਰਵਾਜ਼’ ਪੜ੍ਹਿਆ ਸੀ। ਬਹੁਤ ਪ੍ਰਭਾਵਿਤ ਕੀਤਾ ਮੈਂਨੂੰ ਉਸਨੇ। ਫਿਰ ਇਸ ਹਫ਼ਤੇ ਟੀ.ਵੀ. ਤੇ ‘ਗੱਲਾਂ ਤੇ ਗੀਤ’ ਪ੍ਰੋਗਰਾਮ ਵਿੱਚ ਵੀ ਤੁਹਾਨੂੰ ਸੁਣਿਆ। ਮੇਰਾ ਦਿਲ ਕਰਦਾ ਸੀ ਤੁਹਾਨੂੰ ਮਿਲਾਂ। ਬੱਸ ਇਸੇ ਲਈ ...।”
ਮੈਂ ਆਪਣੀ ਉਤਸੁਕਤਾ ਅਤੇ ਸਾਹਾਂ ਦੀ ਤੇਜ਼ ਰਫ਼ਤਾਰ ’ਤੇ ਕਾਬੂ ਪਾਉਂਦਿਆਂ ਮੁਸਕਰਾ ਕੇ ਕਿਹਾ, “ਬਹੁਤ ਚੰਗਾ ਲੱਗਿਆ ਹੈ ਤੁਹਾਡਾ ਮਿਲਣਾ। ਪਰ ਜੇਕਰ ਮੈਂਨੂੰ ਉੱਥੇ ਥੋੜ੍ਹਾ ਜਿਹਾ ਇਸ਼ਾਰਾ ਕਰ ਦਿੰਦੇ ਤਾਂ ...। ਮੈਂ ਤਾਂ ਹੋਰ ਹੀ ਅਰਥ ਕੱਢਦਾ ਰਿਹਾ।”
ਨਾਹਰ ਸਿੰਘ ਨਾਂ ਦਾ ਉਹ ਪੁਲਿਸ ਅਧਿਕਾਰੀ ਜਾਣ ਲੱਗਿਆਂ ਅਪਣੱਤ ਨਾਲ ਮੇਰੇ ਮੋਢੇ ’ਤੇ ਹੱਥ ਧਰਦਿਆਂ ਕਹਿਣ ਲੱਗਾ, “ਤੁਸੀਂ ਬਿਰਧ ਆਸ਼ਰਮ ਵਿੱਚ ਵੀ ਸੇਵਾ ਕਰ ਰਹੇ ਹੋਂ ਅਤੇ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਪੂਰੀ ਵਾਹ ਲਾ ਰਹੇ ਹੋਂ। ਹੋਰ ਵੀ ਲੋਕ ਭਲਾਈ ਦੇ ਕੰਮਾਂ ਵਿੱਚ ਜੁਟੇ ਰਹਿੰਦੇ ਹੋਂ। ਮੇਰੇ ਲਾਇਕ ਕੋਈ ਵੀ ਸੇਵਾ ਹੋਵੇ, ਨਿਰਸੰਕੋਚ ਦੱਸਣਾ।”
ਗੇਟ ’ਤੇ ਵਿਦਾਅ ਹੋਣ ਵੇਲੇ ਜਦੋਂ ਉਹ ਅਪਣੱਤ ਨਾਲ ਜੱਫ਼ੀ ਪਾ ਕੇ ਮਿਲਿਆ ਤਾਂ ਉਹਦੀ ਵਰਦੀ ਤੇ ਲਟਕਦਾ ਪਿਸਤੌਲ ਮੈਂਨੂੰ ਇੰਜ ਲੱਗਦਾ ਸੀ ਜਿਵੇਂ ਬੰਸਰੀ ਲਟਕਦੀ ਹੋਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2227)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)