MohanSharma8ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਸ ਨੂੰ ਵਿਦਾਅ ਕਰਦਿਆਂ ਖੁੱਲ੍ਹੀ ਜੀਪ ਵਿੱਚ ਉਸ ਉੱਪਰ ਫੁੱਲਾਂ ਦੀ ਵਰਖਾ ਕੀਤੀ ਅਤੇ ...
(12 ਨਵੰਬਰ 2023)
ਇਸ ਸਮੇਂ ਪਾਠਕ: 85.


1960 ਦੇ ਨੇੜੇ-ਤੇੜੇ ਪੰਜਾਬ ਦੀ ਭਾਰਗੋ ਵਜ਼ਾਰਤ ਵਿੱਚ ਗਿਆਨੀ ਕਰਤਾਰ ਸਿੰਘ ਮਾਲ ਅਤੇ ਵਿਕਾਸ ਮੰਤਰੀ ਸਨ। ਵਕੀਲ ਹੁੰਦਿਆਂ ਉਹ ਹਉਮੈਂ
, ਬੇਈਮਾਨੀ, ਲੋਭ-ਲਾਲਚ ਅਤੇ ਤਲਖ਼-ਕਲਾਮੀ ਤੋਂ ਕੋਹਾਂ ਦੂਰ ਰਹੇ। ਨਿੱਜੀ ਹਿਤਾਂ ਦੀ ਥਾਂ ਲੋਕ-ਹਿਤਾਂ ਨੂੰ ਹਮੇਸ਼ਾ ਹੀ ਤਰਜੀਹ ਦਿੱਤੀ। ਮੰਤਰੀ ਹੁੰਦਿਆਂ ਵੀ ਉਹ ਸਾਦੇ ਪਹਿਰਾਵੇ ਵਿੱਚ ਸਾਦਗੀ ਭਰਿਆ ਜੀਵਨ ਬਤੀਤ ਕਰਦੇ ਸਨ। ਉਸ ਸਮੇਂ ਅਨਾਜ ਉਤਪਾਦਨ ਵਿੱਚ ਪੰਜਾਬ ਪਛੜੇ ਸੂਬਿਆਂ ਵਿੱਚ ਸ਼ਾਮਲ ਸੀ। ਦਫਤਰ ਵਿੱਚ ਬੈਠਿਆਂ ਗਿਆਨੀ ਕਰਤਾਰ ਸਿੰਘ ਨੂੰ ਪਤਾ ਲੱਗਿਆ ਕਿ ਖੇਤੀ ਵਿਗਿਆਨੀ ਡਾ. ਦਿਲਬਾਗ ਸਿੰਘ ਕਾਲਕਟ ਨੇ ਕਣਕ ਅਤੇ ਬਾਜਰੇ ਦੇ ਨਵੇਂ ਬੀਜ ਦੀ ਖੋਜ ਕੀਤੀ ਹੈ ਅਤੇ ਉਸ ਵੱਲੋਂ ਨਵੇਂ ਬੀਜਾਂ ਦੀ ਖੋਜ ਨਾਲ ਪੈਦਾਵਾਰ ਵਿੱਚ ਬਹੁਤ ਵਾਧਾ ਹੋਵੇਗਾ। ਗਿਆਨੀ ਕਰਤਾਰ ਸਿੰਘ ਇਹ ਸੁਣਕੇ ਗਦ-ਗਦ ਹੋ ਗਏ ਅਤੇ ਤੁਰੰਤ ਹੀ ਚੰਡੀਗੜ੍ਹ ਤੋਂ ਖੇਤੀ ਵਿਗਿਆਨੀ ਕਾਲਕਟ ਨੂੰ ਹੱਲਾਸ਼ੇਰੀ ਦੇਣ ਲਈ ਲੁਧਿਆਣੇ ਉਸਦੇ ਨਿਵਾਸ ਅਸਥਾਨ ਵੱਲ ਚਾਲੇ ਪਾ ਦਿੱਤੇ। ਆਪਣੇ ਨਾਲ ਦੋ ਐੱਮ.ਐੱਲ.ਏ. ਵੀ ਲੈ ਗਏ। ਉਨ੍ਹਾਂ ਦਿਨਾਂ ਵਿੱਚ ਅੱਜ ਵਾਂਗ ਮੰਤਰੀ ਦੀ ਗੱਡੀ ਅੱਗੇ ਜਿਪਸੀਆਂ ਅਤੇ ਪੁਲਿਸ ਦਾ ਲਸ਼ਕਰ ਨਹੀਂ ਸੀ ਹੁੰਦਾ।

ਬਿਨਾਂ ਕਿਸੇ ਗੰਨਮੈਨ ਤੋਂ ਗਿਆਨੀ ਕਰਤਾਰ ਸਿੰਘ ਕਾਲਕਟ ਦੇ ਘਰ ਪਹੁੰਚ ਗਏ। ਕਾਲਕਟ ਦੀ ਪਤਨੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਸ ਸਮੇਂ ਖੇਤੀ ਵਿਗਿਆਨੀ ਕਾਲਕਟ ਘਰ ਨਹੀਂ ਸਨ। ਉਹ ਆਪਣੀ ਖੋਜ ਕਾਰਨ ਲੈਬੋਰਟਰੀ ਵਿੱਚ ਰੁੱਝੇ ਹੋਏ ਸਨ। ਕਾਲਕਟ ਦੀ ਪਤਨੀ ਨੇ ਪਤੀ ਨਾਲ ਸੰਪਰਕ ਕਰਕੇ ਉਸ ਨੂੰ ਮੰਤਰੀ ਦੀ ਆਮਦ ਸਬੰਧੀ ਦੱਸਿਆ। ਕਾਲਕਟ ਦਾ ਜਵਾਬ ਸੀ ਕਿ ਉਹ ਆਪਣਾ ਖ਼ੋਜ ਕਾਰਜ ਅਧਵਾਟੇ ਛੱਡ ਕੇ ਨਹੀਂ ਆ ਸਕਦਾ। ਸ਼ਾਮ ਨੂੰ ਛੇ ਵਜੇ ਤੋਂ ਬਾਅਦ ਹੀ ਘਰ ਆਵਾਂਗਾ। ਉਸਦੀ ਪਤਨੀ ਆਪਣੇ ਪਤੀ ਦੇ ਕੰਮ ਕਰਨ ਦੀ ਲਗਨ, ਮਿਹਨਤ ਅਤੇ ਦਿਆਨਤਦਾਰੀ ਤੋਂ ਭਲੀਂਭਾਂਤ ਜਾਣੂ ਸੀ। ਉਸ ਨੇ ਆਪਣੇ ਪਤੀ ਦੇ ਰੁਝੇਵੇਂ ਦਾ ਜ਼ਿਕਰ ਕਰਦਿਆਂ ਬੇਨਤੀ ਕੀਤੀ ਕਿ ਉਹ ਕੰਮ ਵਿੱਚ ਰੁੱਝੇ ਹੋਣ ਕਾਰਨ ਆ ਨਹੀਂ ਸਕਦੇ ਅਤੇ ਸ਼ਾਮੀ ਛੇ ਵਜੇ ਘਰ ਆਉਣਗੇ। ਮੰਤਰੀ ਜੀ ਉਸ ਦੀ ਕੰਮ ਪ੍ਰਤੀ ਸਮਰਪਤ ਭਾਵਨਾ ਵੇਖ ਕੇ ਅਸ਼-ਅਸ਼ ਕਰ ਉੱਠੇ ਅਤੇ ਉਸਦੀ ਪਤਨੀ ਨੂੰ ਕਿਹਾ, “ਉਸ ਕਰਮਯੋਗੀ ਇਨਸਾਨ ਦੇ ਕੰਮ ਵਿੱਚ ਰੁਕਾਵਟ ਨਹੀਂ ਪਾਉਣੀ, ਅਸੀਂ ਛੇ ਵਜੇ ਦੁਬਾਰਾ ਆਵਾਂਗੇ।”

ਮਿਹਨਤੀ ਅਧਿਕਾਰੀ ਸ਼ਾਮੀ ਘਰ ਪਹੁੰਚਿਆ। ਉਸ ਤੋਂ ਕੁਝ ਸਮੇਂ ਬਾਅਦ ਹੀ ਗਿਆਨੀ ਕਰਤਾਰ ਸਿੰਘ ਆਪਣੇ ਸਾਥੀਆਂ ਨਾਲ ਪਹੁੰਚ ਗਏ। ਕਾਲਕਟ ਦੀ ਪਿੱਠ ਥਾਪੜਦਿਆਂ ਮੰਤਰੀ ਨੇ ਕਿਹਾ, “ਕਣਕ ਅਤੇ ਬਾਜਰੇ ਦੇ ਨਵੇਂ ਬੀਜਾਂ ਦੀ ਖੋਜ ਲਈ ਪੰਜਾਬ ਸਰਕਾਰ ਵੱਲੋਂ ਬਹੁਤ ਬਹੁਤ ਧੰਨਵਾਦ। ਪੰਜਾਬ ਵਾਸੀ ਤੁਹਾਡੇ ਇਸ ਨੇਕ ਕਾਰਜ ਲਈ ਹਮੇਸ਼ਾ ਤੁਹਾਨੂੰ ਯਾਦ ਰੱਖਣਗੇ। ਇੰਜ ਹੀ ਡਟੇ ਰਹੋ, ਅਸੀਂ ਤੁਹਾਡੀ ਪਿੱਠ ’ਤੇ ਹਾਂ।” ਕਾਲਕਟ ਨੇ ਗਿਆਨੀ ਕਰਤਾਰ ਸਿੰਘ ਦੀ ਆਮਦ ਅਤੇ ਉਨ੍ਹਾਂ ਵੱਲੋਂ ਦਿੱਤੀ ਹੱਲਾਸ਼ੇਰੀ ਨੂੰ ਆਪਣੀ ਜ਼ਿੰਦਗੀ ਵਿੱਚ ਪ੍ਰਾਪਤ ਬੇਹਤਰੀਨ ਐਵਾਰਡ ਮੰਨਿਆ ਸੀ।

ਪਰ ਹੁਣ ਵਰਤਮਾਨ ਸਿਆਸਤ ਨੇ ਕਰਵਟ ਬਦਲੀ ਹੈ। ਸਿਆਸੀ ਆਗੂ ਵੋਟਾਂ ਸਮੇਂ ਲੋਕਾਂ ਦੇ ਪੈਰਾਂ ਵਿੱਚ ਅਤੇ ਵੋਟਾਂ ਪੈਣ ਉਪਰੰਤ ਗਰੀਬ ਜਨਤਾ ਜੇਤੂ ਉਮੀਦਵਾਰਾਂ ਦੇ ਪੈਰਾਂ ਵਿੱਚ ਪੈਂਦੀ ਹੈ। ਵੋਟਾਂ ਪੈਣ ਤਕ ਉਹ ਵੋਟਰਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਬਜ਼ਬਾਗਾਂ ਵਿੱਚ ਉਲਝਾਈ ਰੱਖਦੇ ਹਨ, ਪਰ ਵੋਟਾਂ ਪੈਣ ਤੋਂ ਅਗਲੇ ਦਿਨ ਹੀ ਆਗੂ ਸੈਰ ਲਈ ਪਹਾੜੀਆਂ ’ਤੇ ਅਤੇ ਮਜ਼ਦੂਰ ਪੇਟ ਦੀ ਅੱਗ ਬੁਝਾਉਣ ਲਈ ਦਿਹਾੜੀਆਂ ’ਤੇ ਚਲੇ ਜਾਂਦੇ ਹਨ। ਜਿਸ ਦੇਸ਼ ਦੀ ਸੰਸਦ ਵਿੱਚ 40% ਤੋਂ ਜ਼ਿਆਦਾ ਸਾਂਸਦਾਂ ਦਾ ਕਿਰਦਾਰ ਵੱਖ ਵੱਖ ਜੁਰਮਾਂ ਕਾਰਨ ਦਾਗ਼ੀ ਹੋਵੇ ਅਤੇ ਸੂਬਿਆਂ ਦੀਆਂ ਸਰਕਾਰਾਂ ਵਿੱਚ ਵੀ ਅਜਿਹੇ ‘ਰਹਿਨੁਮਾ’ ਘੁਸਪੈਠ ਕਰ ਗਏ ਹੋਣ, ਉੱਥੇ ਲੋਕ ਹਿਤਾਂ ਦੀ ਰਾਖੀ ’ਤੇ ਪ੍ਰਸ਼ਨ ਚਿੰਨ੍ਹ ਲੱਗ ਹੀ ਜਾਂਦਾ ਹੈ ਅਤੇ ਮਾਨਵੀ ਕਦਰਾਂ ਕੀਮਤਾਂ ਦੀ ਵੀ ਜੱਖਣਾ ਪੱਟੀ ਜਾਂਦੀ ਹੈ। ਅਜਿਹੀਆਂ ਅਨੇਕਾਂ ਉਦਾਹਰਣਾਂ ਸਾਹਮਣੇ ਹਨ ਜਿੱਥੇ ਇਮਾਨਦਾਰ, ਲਗਨ ਅਤੇ ਮਿਹਨਤ ਨਾਲ ਕੰਮ ਕਰਨ ਵਾਲੇ ਅਧਿਕਾਰੀ ਸਿਆਸੀ ਆਗੂਆਂ ਨੂੰ ਰਾਸ ਨਹੀਂ ਆਏ। ਉਨ੍ਹਾਂ ਨੂੰ ਉਨ੍ਹਾਂ ਦੀ ਨੇਕ ਨੀਤੀ ਅਤੇ ਸਮਰਪਤ ਭਾਵਨਾ ਦਾ ਇਨਾਮ ਕਿਸੇ ਨੁਕਰੇ ਲਾ ਕੇ ਜਾਂ ਫਿਰ ਦੂਰ ਦੁਰਾਡੇ ਬਦਲੀ ਕਰਕੇ ਦਿੱਤਾ ਜਾਂਦਾ ਹੈ। ਕਈ ਅਧਿਕਾਰੀ ਅਤੇ ਕਰਮਚਾਰੀ ਤਾਂ ਇਸ ਕਰੋਪੀ ਦਾ ਸ਼ਿਕਾਰ ਹੋ ਕੇ ਟੱਪਰੀਵਾਸਾਂ ਵਾਂਗ ਇੱਕ ਥਾਂ ਤੋਂ ਦੂਜੀ ਥਾਂ ’ਤੇ ਬਦਲੀਆਂ ਕਾਰਨ ਪਰਕਰਮਾ ਕਰਦੇ ਹੋਏ ਹੰਭੇ ਪਏ ਹਨ। ਫਿਰ ਵੀ ਉਨ੍ਹਾਂ ਨੇ ਆਪਣੀ ਜ਼ਮੀਰ ਨੂੰ ਦਾਗ਼ੀ ਨਹੀਂ ਹੋਣ ਦਿੱਤਾ। ‘ਸ਼ੁਕਰਾਨਾ’ ਅਤੇ ‘ਹਰਜ਼ਾਨਾ’ ਦੇਣ ਲਈ ਨਾ ਹੀ ਉਹ ਆਪ ਕਤਾਰ ਵਿੱਚ ਖੜੋਤੇ ਅਤੇ ਨਾ ਹੀ ਆਪਣੇ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਅਜਿਹਾ ਕਰਨ ਦਿੱਤਾ।

ਪਿਛਲੇ ਦਿਨੀਂ ਇੱਕ ਵਿਧਾਇਕ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਜ਼ਿਲ੍ਹਾ ਅਧਿਕਾਰੀ ਨੂੰ ਚੈਲਿੰਜ ਕਰਦਿਆਂ ਸ਼ਰੇਆਮ ਧਮਕੀਆਂ ਦਿੱਤੀਆਂ। ਸੋਸ਼ਲ ਮੀਡੀਆ ’ਤੇ ਜਿਹੜੀ ਭਾਸ਼ਾ ਉਸਨੇ ਉਸ ਅਧਿਕਾਰੀ ਪ੍ਰਤੀ ਵਰਤੀ ਉਹ ਚੁਣੇ ਹੋਏ ਨੁਮਾਇੰਦੇ ਦੇ ਮੇਚ ਦੀ ਨਹੀਂ ਸੀ। ਉਸ ਭਾਸ਼ਾ ਵਿੱਚ ਤਾਂ ਹਉਮੈਂ, ਸੱਤਾ ਦਾ ਨਸ਼ਾ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਅਣਹੋਂਦ ਦਾ ਪ੍ਰਗਟਾਵਾ ਸੀ। ਇੰਜ ਲੱਗਦਾ ਸੀ ਜਿਵੇਂ ਉਹ ਲੋਕਾਂ ਦਾ ਪ੍ਰਤੀਨਿਧ ਨਹੀਂ, ਸਗੋਂ ਇੱਕ ਲੜਾਕੂ ਆਪਣੇ ਦੁਸ਼ਮਣ ਨੂੰ ਯੁੱਧ ਦੇ ਮੈਦਾਨ ਵਿੱਚ ਆਉਣ ਲਈ ਵੰਗਾਰ ਰਿਹਾ ਹੋਵੇ। ਸੱਤਾ ਦੇ ਹੰਕਾਰ ਦੇ ਨਾਲ ਨਾਲ ਇੰਜ ਵੀ ਲੱਗਦਾ ਸੀ ਜਿਵੇਂ ਰਾਜਸੀ ਆਗੂ ਲੋਕ ਹਿਤਾਂ ਦੀ ਥਾਂ ਨਿੱਜੀ ਹਿਤਾਂ ਦੀ ਰਾਖੀ ਲਈ ਦਹਾੜ ਰਿਹਾ ਹੋਵੇ। ਆਖ਼ਰ ਆਗੂ ਨੇ ਰਾਜਸੀ ਤਾਕਤ ਦੇ ਬਲਬੂਤੇ ਨਾਲ ਉਸਦੀ ਬਦਲੀ ਕਰਵਾ ਦਿੱਤੀ। ਰਾਜਸੀ ਆਗੂ ਦੀ ਕਰੋਪੀ ਦਾ ਸ਼ਿਕਾਰ ਹੋਏ ਅਧਿਕਾਰੀ ਦੀ ਬਦਲੀ ਉਪਰੰਤ ਉਸਦੇ ਅਧੀਨ ਕੰਮ ਕਰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਸ ਨੂੰ ਵਿਦਾਅ ਕਰਦਿਆਂ ਖੁੱਲ੍ਹੀ ਜੀਪ ਵਿੱਚ ਉਸ ਉੱਪਰ ਫੁੱਲਾਂ ਦੀ ਵਰਖਾ ਕੀਤੀ ਅਤੇ ਅਥਾਹ ਸਤਿਕਾਰ ਦਾ ਪ੍ਰਗਟਾਵਾ ਕਰਦਿਆਂ ਇੱਕ ਖਾਮੋਸ਼ ਸੁਨੇਹੇ ਰਾਹੀਂ ਰਾਜਸੀ ਆਗੂ ਪ੍ਰਤੀ ਨਰਾਜ਼ਗੀ ਪ੍ਰਗਟ ਕਰਦਿਆਂ ਸੁਨੇਹਾ ਦਿੱਤਾ ਕਿ ਲੋਕਾਂ ਅਤੇ ਕਰਮਚਾਰੀਆਂ ਦੇ ਦਿਲਾਂ ਵਿੱਚ ਵਸੇ ਅਧਿਕਾਰੀ ਦੀ ਬਦਲੀ ਤਾਂ ਕੀਤੀ ਜਾ ਸਕਦੀ ਹੈ, ਪਰ ਉਸਦੀ ਨੇਕ ਨੀਤੀ, ਮਿਹਨਤ, ਲਗਨ, ਤਪੱਸਿਆ ਅਤੇ ਇਮਾਨਦਾਰ ਸੋਚ ਉੱਤੇ ਡਾਕਾ ਨਹੀਂ ਮਾਰਿਆ ਜਾ ਸਕਦਾ ਅਤੇ ਅਜਿਹੇ ਅਧਿਕਾਰੀ ਲੋਕਾਂ ਅਤੇ ਕਰਮਚਾਰੀਆਂ ਦੇ ਦਿਲਾਂ ’ਤੇ ਰਾਜ ਕਰਦੇ ਰਹਿਣਗੇ। ਇਨ੍ਹਾਂ ਵਿਲੱਖਣ ਅਤੇ ਯਾਦਗਾਰੀ ਵਿਦਾਇਗੀ ਪਲਾਂ ਨੇ ਖੌਫ਼ ਦੀ ਦਿਵਾਰ ਖੜ੍ਹੀ ਕਰਨ ਵਾਲੇ ਰਾਜਸੀ ਆਗੂ ਨੂੰ ਇਸ ਤਰ੍ਹਾਂ ਦਾ ਸੁਨੇਹਾ ਵੀ ਦਿੱਤਾ:

ਬੁਲੰਦੀਆਂ ਦੇਰ ਤਕ ਕਿਸ ਸ਼ਖਸ ਕੇ ਹਿੱਸੇ ਮੇਂ ਰਹਿਤੀ ਹੈ

ਬਹੁਤ ਊਂਚੀ ਇਮਾਰਤ ਹਰ ਘੜੀ ਖਤਰੇ ਮੇਂ ਰਹਿਤੀ ਹੈ।

ਦੇਸ਼ ਵਿੱਚ ਸਿਆਸਤ ਦਾ ਸ਼ੁਧੀਕਰਨ ਬਹੁਤ ਜ਼ਰੂਰੀ ਹੈ। ਦਰਅਸਲ ਦੇਸ਼ ਨੂੰ ਉਨ੍ਹਾਂ ਰਾਜਨੀਤਕ ਆਗੂਆਂ ਦੀ ਲੋੜ ਹੈ ਜੋ ਭਾਰਤੀ ਨਾਗਰਿਕਾਂ ਨੂੰ ਉਹ ਕੁਝ ਦੇਣ ਜਿਸਦੇ ਉਹ ਹੱਕਦਾਰ ਹਨ। ਪਿਛਲੇ 76 ਸਾਲਾਂ ਵਿੱਚ ਸੜਿਹਾਂਦ ਮਾਰਦੀ ਸਿਆਸਤ ਤੋਂ ਲੋਕ ਅੱਕੇ ਪਏ ਹਨ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4470)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author