“ਨਸ਼ਿਆਂ ਕਾਰਨ ਅਜਿਹੀ ਦਰਦਨਾਕ ਸਥਿਤੀ ’ਤੇ ਚਿੰਤਾ ਦਾ ਪ੍ਰਗਟਾਵਾ ਕਰਨ ਦੀ ਥਾਂ ਪੰਜਾਬ ਨੂੰ ਅਫੀਮ ਜਿਹੇ ...”
(4 ਅਪਰੈਲ 2024)
ਇਸ ਸਮੇਂ ਪਾਠਕ: 200.
ਪੰਜਾਬ ਵਿਧਾਨ ਸਭਾ ਦੇ ਬੱਜਟ ਸੈਸ਼ਨ ਵਿੱਚ ਸਨੌਰ ਹਲਕੇ ਨਾਲ ਸੰਬੰਧਿਤ ਰਾਜ ਸਤਾ ਦੀ ਪਾਰਟੀ ਦੇ ਵਿਧਾਇਕ ਨੇ ਪ੍ਰਸ਼ਨ ਪੁੱਛ ਕੇ ਪੰਜਾਬ ਦੇ ਨਸ਼ੇੜੀਆਂ ਤੋਂ ਹਮਦਰਦੀ ਪ੍ਰਾਪਤ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ। ਉਸਦਾ ਪ੍ਰਸ਼ਨ ਸੀ ਕਿ ਕੀ ਪੰਜਾਬ ਵਿੱਚ ਅਫੀਮ ਦੀ ਖੇਤੀ ਸ਼ੁਰੂ ਕਰਨ ਦੀ ਪੰਜਾਬ ਸਰਕਾਰ ਵੱਲੋਂ ਕੋਈ ਤਜਵੀਜ਼ ਹੈ? ਉਸਦੇ ਇਸ ਪ੍ਰਸ਼ਨ ’ਤੇ ਸਦਨ ਦੇ ਮੈਂਬਰ ਖੁੱਲ੍ਹਕੇ ਹੱਸੇ। ਸਪੀਕਰ ਸਾਹਿਬ ਨੇ ਮੁਸਕਰਾਉਂਦਿਆਂ ਖੇਤੀਬਾੜੀ ਮੰਤਰੀ ਨੂੰ ਵਿਧਾਇਕ ਦੇ ‘ਉਸਾਰੂ’ ਅਤੇ ‘ਲੋਕ ਹਿਤ’ ਵਾਲੇ ਪ੍ਰਸ਼ਨ ਦਾ ਜਵਾਬ ਦੇਣ ਲਈ ਕਿਹਾ। ਮੰਤਰੀ ਨੇ ਸਪਸ਼ਟ ਕਰ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਹਾਲ ਦੀ ਘੜੀ ਅਜਿਹੀ ਕੋਈ ਤਜਵੀਜ਼ ਨਹੀਂ ਹੈ। ਸਦਨ ਵਿੱਚ ਇਸ ਸਵਾਲ-ਜਵਾਬ ’ਤੇ ਸੂਝਵਾਨ ਪੰਜਾਬੀਆਂ ਨੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਸਦਨ ਵਿੱਚ ਵਿਧਾਇਕ ਦਾ ਇਹ ਪ੍ਰਸ਼ਨ ਨਸ਼ਿਆਂ ਕਾਰਨ ਸਿਵਿਆਂ ਦੀ ਪ੍ਰਚੰਡ ਹੋਈ ਹਵਾ ਨੂੰ ਮੱਠਾ ਕਰਨ ਦਾ ਯਤਨ ਨਹੀਂ ਸੀ, ਸਗੋਂ ਇਸ ਤਰ੍ਹਾਂ ਦਾ ਕੋਝਾ ਯਤਨ ਸੀ, ਜਿਵੇਂ ਕੁਹਾੜਾ ਦਰਖ਼ਤ ਦੀ ਸੁੱਖਸਾਂਦ ਪੁੱਛਣ ਦਾ ਨਾਟਕ ਕਰ ਰਿਹਾ ਹੋਵੇ। ਕਿੰਨਾ ਚੰਗਾ ਹੁੰਦਾ ਜੇਕਰ ਵਿਧਾਇਕ ਪੰਜਾਬ ਵਿੱਚ ਬੇਰਾਂ ਵਾਂਗ ਝੜ ਰਹੀ ਜਵਾਨੀ ਦੀ ਚਿੰਤਾ ਦਾ ਪ੍ਰਗਟਾਵਾ ਕਰਦਾ, ਮੁੱਖ ਮੰਤਰੀ ਨੂੰ 2022 ਦੀਆਂ ਚੋਣਾਂ ਵਿੱਚ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਨਸ਼ਾ ਖਤਮ ਕਰਨ ਦਾ ਵਾਅਦਾ ਚੇਤੇ ਕਰਵਾਉਂਦਾ। ਸਿਵਿਆਂ ਅੰਦਰ ਨਸ਼ਿਆਂ ਕਾਰਨ ਵਧ ਰਹੀ ਭੀੜ ਨੂੰ ਠੱਲ੍ਹ ਪਾਉਣ ਲਈ ਕੋਈ ਠੋਸ ਸੁਝਾਅ ਦਿੰਦਾ। ਵਿਧਾਇਕ ਇਹ ਵੀ ਭੁੱਲ਼ ਗਿਆ ਕਿ ਨਸ਼ਿਆਂ ਨੂੰ ਉਤਸ਼ਾਹਿਤ ਕਰਨਾ, ਰੱਖਿਆ ਕਰਨੀ, ਨਸ਼ਿਆਂ ਦੇ ਸਾਧਨ ਉਪਲਬਧ ਕਰਵਾਉਣੇ, ਇਹ ਕੰਮ ਤੱਥ, ਤਰਕ ਅਤੇ ਮਾਨਵੀ ਕਦਰਾਂ ਕੀਮਤਾਂ ਦੇ ਅਧਾਰ ’ਤੇ ਅਨੈਤਿਕ ਕਾਰਜ ਹੈ। ਇਸ ਵੇਲੇ ਤਾਂ ਸਥਿਤੀ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਕਿਸਾਨ ਨੂੰ ਡੀ.ਏ.ਵੀ.ਪੀ. ਦੀ ਘਾਟ ਹੋ ਸਕਦੀ ਹੈ, ਪਰ ਨਸ਼ੇ ਦੀ ਨਹੀਂ। ਇੱਕ ਨਸ਼ਾ ਮੁਕਤ ਹੋਏ ਨੌਜਵਾਨ ਨੇ ਲੋਕਾਂ ਦੇ ਇੱਕ ਭਰਵੇਂ ਇਕੱਠ ਵਿੱਚ ਇਹ ਪ੍ਰਗਟਾਵਾ ਕੀਤਾ ਸੀ, “ਘਰ ਵਿੱਚ ਰੋਟੀ ਪਕਾਉਣ ਲਈ ਦੁਕਾਨ ਤੋਂ ਆਟਾ ਲਿਆਉਣ ਵਿੱਚ ਦੇਰ ਲੱਗ ਸਕਦੀ ਹੈ ਪਰ ਨਸ਼ੇ ਦੀ ਤਾਂ ਟੈਲੀਫੋਨ ਕਰਨ ਨਾਲ ਹੀ ਹੋਮ ਡਲਿਵਰੀ ਹੋ ਜਾਂਦੀ ਹੈ।”
ਇਸ ਵੇਲੇ ਪੰਜਾਬ ਦੇ ਬਜ਼ੁਰਗਾਂ ਦੀ ਚਿੱਟੀ ਦਾਹੜੀ ਹੰਝੂਆਂ ਨਾਲ ਭਰੀ ਹੋਈ ਹੈ। ਕਿਤੇ ਨਸ਼ੇ ਵਿੱਚ ਓਵਰਡੋਜ਼ ਦਾ ਟੀਕਾ, ਕਿਤੇ ਦਿਲ ਦੇ ਨੇੜੇ ਟੀਕਾ ਲਾਉਣ ਦੀ ਕੋਸ਼ਿਸ਼, ਕਿਤੇ ਝਾੜੀਆਂ ਵਿੱਚ ਫਸੀ ਨਸ਼ਈ ਦੀ ਲਾਸ਼, ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਪੱਥਰਾਂ ਨੂੰ ਵੀ ਰੁਆਉਣ ਵਾਲੀਆਂ ਫੋਟੋਆਂ, ਸਦਾ ਲਈ ਸੌਂ ਚੁੱਕੇ ਬਾਪ ਨੂੰ ਚਿੰਬੜਿਆ ਮਾਸੂਮ ਬੱਚਾ ਜਦੋਂ ਬਾਪ ਨੂੰ ਹਲੂਣ ਕੇ ਇੰਜ ਕਹਿੰਦਾ ਹੈ, “ਭਾਪਾ, ਮੈਨੂੰ ਸਕੂਲ ਛੱਡ ਆਓ” ਤਾਂ ਵੇਖਣ ਵਾਲਿਆਂ ਦੀਆਂ ਵੀ ਭੁੱਬਾਂ ਨਿਕਲ ਜਾਂਦੀਆਂ ਨੇ। ਅਣਵਿਆਹੇ ਇਕਲੌਤੇ ਮ੍ਰਿਤਕ ਵੀਰ ਦੇ ਮੱਥੇ ’ਤੇ ਸਿਹਰਾ ਬੰਨ੍ਹਦੀ ਭੈਣ ਖੂਨ ਦੇ ਅੱਥਰੂ ਕੇਰਦੀ ਹੈ। ਵਿਹੜੇ ਵਿੱਚ ਵਿਛੇ ਸੱਥਰ ’ਤੇ ਇਹ ਪ੍ਰਸ਼ਨ ਧੁਖ ਰਹੇ ਨੇ ਕਿ ਇਹ ਕਿਹੋ ਜਿਹਾ ਵਿਕਾਸ ਹੈ, ਜਿਸਨੇ ਜਵਾਨੀ ਹੀ ਨਿਗਲ ਲਈ ਹੈ। ਨਸ਼ਿਆਂ ਕਾਰਨ ਅਜਿਹੀ ਦਰਦਨਾਕ ਸਥਿਤੀ ’ਤੇ ਚਿੰਤਾ ਦਾ ਪ੍ਰਗਟਾਵਾ ਕਰਨ ਦੀ ਥਾਂ ਪੰਜਾਬ ਨੂੰ ਅਫੀਮ ਜਿਹੇ ਇੱਕ ਹੋਰ ਤੋਹਫ਼ੇ ਦਾ ਜ਼ਿਕਰ ਪਵਿੱਤਰ ਸਦਨ ਵਿੱਚ ਕਰਨਾ ਪੰਜਾਬੀਆਂ ਦੇ ਜ਼ਖਮਾਂ ’ਤੇ ਲੂਣ ਛਿੜਕਣ ਦੀ ਤਰ੍ਹਾਂ ਹੈ।
ਦਰਅਸਲ ਪੋਸਤ ਦੀ ਖੇਤੀ ਰਾਹੀਂ ਅਫੀਮ ਤਿਆਰ ਕੀਤੀ ਜਾਂਦੀ ਹੈ। 1985 ਵਿੱਚ ਅਫੀਮ ਦੇ ਮਾਰੂ ਅਸਰਾਂ ਕਾਰਨ ਪੋਸਤ ਦੀ ਖੇਤੀ ਉੱਤੇ ਸਰਕਾਰ ਵੱਲੋਂ ਪਾਬੰਦੀ ਲਾ ਦਿੱਤੀ ਗਈ ਸੀ ਅਤੇ ਉਸ ਸਮੇਂ ਤੋਂ ਲਗਾਤਾਰ ਜਾਰੀ ਹੈ। ਇਸ ਵੇਲੇ ਉੱਤਰ ਪ੍ਰਦੇਸ, ਮੱਧ ਪ੍ਰਦੇਸ ਅਤੇ ਰਾਜਿਸਥਾਨ ਵਿੱਚ ਸਰਕਾਰ ਵੱਲੋਂ ਪੋਸਤ ਦੀ ਖੇਤੀ ਕਰਨ ਨੂੰ ਪ੍ਰਵਾਨਗੀ ਦਿੱਤੀ ਹੋਈ ਹੈ। ਪਾਬੰਦੀ ਦੇ ਬਾਵਜੂਦ ਪੰਜਾਬ ਵਿੱਚ ਚੋਰੀ ਛੁਪੇ ਪੋਸਤ ਦੀ ਖੇਤੀ ਕੀਤੀ ਜਾਂਦੀ ਹੈ। ਹਾਲਾਂ ਕੁਝ ਦਿਨ ਪਹਿਲਾਂ ਹੀ ਕਪੂਰਥਲਾ, ਸੰਗਰੂਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਪੋਸਤ ਦੀ ਨਜਾਇਜ਼ ਖੇਤੀ ਦੇ ਕਈ ਕੇਸ ਸਾਹਮਣੇ ਆਏ ਹਨ।
ਚੀਨ ਦੀ ਉਦਾਹਰਣ ਸਾਡੇ ਸਾਹਮਣੇ ਹੈ। ਉਸ ਦੇਸ਼ ਦੀ ਪਛਾਣ ‘ਚੀਨ ਅਫੀਮਚੀ’ ਵਜੋਂ ਬਣ ਗਈ ਸੀ। ਅਫੀਮ ਦਾ ਝੱਸ ਪੂਰਾ ਕਰਨ ਲਈ ਉੱਥੋਂ ਦੇ ਲੋਕ ਆਪਣੇ ਬੱਚੇ ਵੇਚਣ ਦੇ ਨਾਲ ਨਾਲ ਔਰਤਾਂ ਆਪਣੀ ਇੱਜ਼ਤ ਵੀ ਦਾਅ ’ਤੇ ਲਾ ਰਹੀਆਂ ਸਨ। ਉਸ ਦੇਸ਼ ਦੇ ਆਗੂ ਮਾਉਜ਼ੇਤੁੰਗ ਨੇ ਗੰਭੀਰ ਹੋ ਕੇ ਸੋਚਿਆ ਕਿ ਅਜਿਹੀ ਮਾੜੀ ਹਾਲਤ ਵਿੱਚ ਤਾਂ ਚੀਨ ਦੀਆਂ ਨਸਲਾਂ ਹੀ ਖਤਮ ਹੋ ਜਾਣਗੀਆਂ ਅਤੇ ਦੇਸ਼ ਅਤੇ ਵਿਦੇਸ਼ੀ ਤਾਕਤਾਂ ਕਬਜ਼ਾ ਕਰ ਲੈਣਗੀਆਂ। ਉਸਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ। ਦੇਸ਼ ਦੇ ਚੇਤੰਨ ਵਰਗ, ਸਮਾਜ ਸੇਵਕ, ਸਦਬੁੱਧੀ ਰਾਜਨੀਤਕ ਲੋਕਾਂ ਨੂੰ ਨਾਲ ਲੈ ਕੇ ਉਸਨੇ 1949 ਵਿੱਚ ਅਫੀਮ ਦੇ ਖਾਤਮੇ ਲਈ ਸੁਹਿਰਦ ਯਤਨ ਕੀਤੇ। ਨਸ਼ਈਆਂ ਦਾ ਸਰਕਾਰੀ ਤੌਰ ’ਤੇ ਮੁਫ਼ਤ ਇਲਾਜ ਕਰਵਾਇਆ। ਨਸ਼ੇ ਦੇ ਤਸਕਰਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਉਨ੍ਹਾਂ ਦੇ ਰੁਜ਼ਗਾਰ ਲਈ ਬਦਲਵਾਂ ਪ੍ਰਬੰਧ ਕੀਤਾ। ਜਿਹੜੇ ਤਸਕਰ ਫਿਰ ਵੀ ਤਸਕਰੀ ਦੇ ਧੰਦੇ ਤੋਂ ਨਾ ਹਟੇ, ਉਨ੍ਹਾਂ ਨੂੰ ਕਰੜੀਆਂ ਸਜ਼ਾਵਾਂ ਦੇ ਕੇ ਮੰਗ ਅਤੇ ਸਪਲਾਈ ਲਾਈਨ ਨੂੰ ਤੋੜਿਆ। 1949 ਤੋਂ 1951 ਤਕ ਚੱਲੀ ਇਸ ਜ਼ੋਰਦਾਰ ਮੁਹਿੰਮ ਉਪਰੰਤ ਚੀਨ ਅਫੀਮ ਮੁਕਤ ਹੋਇਆ। ਇਸ ਵੇਲੇ ਚੀਨ ਸੰਸਾਰ ਦੇ ਸਿਰਮੌਰ ਤਾਕਤਵਰ ਦੇਸ਼ਾਂ ਵਿੱਚ ਸ਼ਾਮਲ ਹੈ ਅਤੇ ਉਸਨੇ ਹਰ ਖੇਤਰ ਵਿੱਚ ਤਰੱਕੀ ਦੀਆਂ ਸਿਖਰਾਂ ਨੂੰ ਛੁਹਿਆ ਹੈ।
ਪੰਜਾਬ ਦਾ ਦੁਖਾਂਤਕ ਪੱਖ ਇਹ ਹੈ ਕਿ ਅਬਾਦੀ ਪੱਖੋਂ ਦੇਸ਼ ਦੀ ਕੁੱਲ ਆਬਾਦੀ ਦਾ 2.21% ਪੰਜਾਬ ਵਾਸੀ ਹਨ। ਪਰ ਓਵਰਡੋਜ਼ ਨਾਲ ਹੋਈਆਂ ਮੌਤਾਂ ਵਿੱਚ ਭਾਰਤ ਵਿੱਚ ਹੋਈਆਂ ਕੁੱਲ ਮੌਤਾਂ ਦਾ 22% ਇਕੱਲੇ ਪੰਜਾਬ ਦਾ ‘ਯੋਗਦਾਨ’ ਹੈ। ਇੱਕ ਸਰਵੇਖਣ ਅਨੁਸਾਰ ਸਾਡੇ ਨੌਜਵਾਨਾਂ ਦੇ ਵਿਦੇਸ਼ੀ ਰੁਝਾਨ ਦੇ ਕਾਰਨਾਂ ਵਿੱਚ 12.12% ਪਰਿਵਾਰਾਂ ਨੇ ਪੰਜਾਬ ਵਿੱਚ ਫੈਲੇ ਨਸ਼ਿਆਂ ਤੋਂ ਬਚਾਉਣ ਲਈ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣਾ ਸ਼ੁਰੂ ਕੀਤਾ ਹੈ। ਸੂਬੇ ਦੀਆਂ ਸਮਾਜਿਕ ਅਤੇ ਆਰਥਿਕ ਤੰਗੀਆਂ ਤੁਰਸ਼ੀਆਂ ਨੇ 18.19% ਪੰਜਾਬੀਆਂ ਨੂੰ ਵਿਦੇਸ਼ ਜਾਣ ਲਈ ਮਜਬੂਰ ਕੀਤਾ। ਪੰਜਾਬ ਵਿੱਚ ਵਧ ਰਹੇ ਅਪਰਾਧਾਂ ਤੋਂ ਦੁਖੀ ਹੋ ਕੇ 3.37% ਪੰਜਾਬ ਦੇ ਲੋਕਾਂ ਨੇ ਵਿਦੇਸ਼ ਦਾ ਰੁਖ ਇਖਤਿਆਰ ਕੀਤਾ। ਅਜਿਹੀ ਹਾਲਤ ਵਿੱਚ ਹਵਾਈ ਅੱਡਿਆਂ ’ਤੇ ਭੀੜ ਲਗਾਤਾਰ ਵਧ ਰਹੀ ਹੈ। ਇਸ ਵੇਲੇ ਜਵਾਨੀ ਦਾ ਤਿਹਰਾ ਘਾਣ ਹੋ ਰਿਹਾ ਹੈ। ਨਸ਼ਿਆਂ ਕਾਰਨ ਮੌਤਾਂ, ਜਵਾਨੀ ਤਸਕਰਾਂ ਦੀ ਝੋਲੀ ਵਿੱਚ ਅਤੇ ਜਾਂ ਫਿਰ ਪਰਵਾਸ। ਇਹ ਸਭ ਕੁਝ ਪੰਜਾਬ ਲਈ ਸ਼ੁਭ ਸ਼ਗਨ ਨਹੀਂ ਹਨ। ਵਿਸ਼ਵ ਬੈਂਕ ਵੱਲੋਂ ਜਿਨ੍ਹਾਂ ਦਸ ਸੂਬਿਆਂ ਨੂੰ ਵਿਕਾਸਸ਼ੀਲ ਮੰਨਿਆ ਗਿਆ ਹੈ, ਉਨ੍ਹਾਂ ਵਿੱਚੋਂ ਪੰਜਾਬ ਦਾ ਨਾਂ ਅਲੋਪ ਹੈ। ਇੱਕ ਹੋਰ ਸਰਵੇਖਣ ਅਨੁਸਾਰ ਪੰਜਾਬੀ ਨੌਜਵਾਨ ਕਿਰਤ ਸੱਭਿਆਚਾਰ ਅਤੇ ਹੋਰ ਉਸਾਰੂ ਕਾਰਜਾਂ ਵਿੱਚ ਦੇਸ਼ ਦੇ ਪਛੜੇ ਹੋਏ ਸੂਬਿਆਂ ਦੀ ਕਤਾਰ ਵਿੱਚ ਸ਼ਾਮਲ ਹਨ।
ਜਿੱਥੋਂ ਤਕ ਪੰਜਾਬ ਵਿੱਚ ਅਫੀਮ ਦੀ ਖੇਤੀ ਦਾ ਸਵਾਲ ਹੈ, ਪੰਜਾਬ ਵਿੱਚ ਸਰਕਾਰੀ ਹਸਪਤਾਲਾਂ ਦੇ ਓਟ ਸੈਂਟਰਾਂ ਵਿੱਚ ਨਸ਼ਈ ਮਰੀਜ਼ਾਂ ਨੂੰ ਬੁਪਰੀਨੌਰਫੀਨ (ਜੀਭ ਤੇ ਰੱਖਣ ਵਾਲੀ ਗੋਲੀ) ਮੁਫ਼ਤ ਦਿੱਤੀ ਜਾਂਦੀ ਹੈ। ਇਸ ਦਵਾਈ ਵਿੱਚ ਅਫੀਮ ਦਾ ਸੋਧਿਆ ਹੋਇਆ ਸਾਲਟ ਸ਼ਾਮਲ ਹੈ। ਇਸ ਦਵਾਈ ਦੀ ਵੰਡ ਲਈ 102 ਕਰੋੜ ਸਾਲਾਨਾ ਦਾ ਬੱਜਟ ਰੱਖਿਆ ਗਿਆ ਹੈ। ਗੋਲੀ ਲੈਣ ਲਈ ਓਟ ਸੈਂਟਰਾਂ ਵਿੱਚ ਨਸ਼ਈਆਂ ਦੀ ਭੀੜ ਲੱਗੀ ਰਹਿੰਦੀ ਹੈ। ਪਰ ਇਸ ਗੋਲੀ ਨਾਲ ਨਸ਼ਾ ਛੱਡਣ ਦਾ ਨਤੀਜਾ 1% ਹੈ। ਭਲਾ, ਜੇ ਰਿਉੜੀਆਂ ਦੀ ਤਰ੍ਹਾਂ ਅਫੀਮ ਤੋਂ ਕਿਤੇ ਜ਼ਿਆਦਾ ਮਾਤਰਾ ਵਾਲੀ ਗੋਲੀ ਲੈਕੇ ਪਰਨਾਲਾ ਉੱਥੇ ਦਾ ਉੱਥੇ ਹੀ ਹੈ, ਫਿਰ ਅਫੀਮ ਦੀ ਖੇਤੀ ਪੰਜਾਬ ਨੂੰ ਕਿੰਜ ਨਸ਼ਾ ਮੁਕਤ ਕਰੇਗੀ? ਇਹ ਸਵਾਲ ਸਮਝ ਤੋਂ ਬਾਹਰ ਹੈ। ਪੰਜਾਬ ਵਿੱਚ ਅਫੀਮ/ਪੋਸਤ ਦੀ ਬਲੈਕ ਵੱਡੇ ਪੱਧਰ ’ਤੇ ਜਾਰੀ ਹੈ। ਪਿਛਲੇ ਦਿਨੀਂ ਜਲੰਧਰ ਤੋਂ ਦੋ ਹਜ਼ਾਰ ਕਿਲੋ ਅਫੀਮ ਕੈਨੇਡਾ ਭੇਜਣ ਦੇ ਮਾਮਲੇ ਵਿੱਚ 9 ਕਰੋੜ ਰੁਪਏ ਦਾ ਦੇਣ ਲੈਣ ਸਾਹਮਣੇ ਆਇਆ ਹੈ। ਇਸ ਸੰਬੰਧ ਵਿੱਚ 30 ਬੈਂਕ ਖਾਤੇ ਵੀ ਸੀਲ ਕੀਤੇ ਗਏ ਹਨ।
ਕੁਝ ਸਮਾਂ ਪਹਿਲਾਂ ਮੁਕਤਸਰ ਤੋਂ ਰਾਜਿਸਥਾਨ ਦੇ ਫਲੌਂਦੀ ਇਲਾਕੇ ਤੋਂ ਅਫੀਮ/ਭੁੱਕੀ ਲਿਆਉਣ ਵਾਲੇ ਮਰਦਾਂ-ਔਰਤਾਂ ਨਾਲ ਭਰੀ ਬੱਸ ਫੜੀ ਗਈ ਸੀ। ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਇਸ ਬੱਸ ਦਾ ਨਾਂ ਹੀ ਨਸ਼ਈਆਂ ਨੇ ‘ਭੁੱਕੀ ਐਕਸਪ੍ਰੈੱਸ’ ਰੱਖਿਆ ਹੋਇਆ ਸੀ ਅਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਲੋਕ ਸੀਟ ਬੁੱਕ ਕਰਵਾਕੇ ਭੁੱਕੀ ਐਕਸਪ੍ਰੈੱਸ ਦੀ ਸਵਾਰੀ ਕਰਦੇ ਸਨ। ਇਵੇਂ ਹੀ ਬਠਿੰਡਾ ਤੋਂ ਜਾਖਲ ਨੂੰ ਜਾਂਦੀ ਟਰੇਨ ’ਤੇ ਚੜ੍ਹਕੇ ਲੋਕ ਹਰਿਆਣੇ ਤੋਂ ਸਸਤੀ ਸ਼ਰਾਬ ਲਿਆਉਣ ਲੱਗ ਪਏ ਸਨ ਅਤੇ ਟਰੇਨ ਦਾ ਨਾਂ ਵੀ ਨਸ਼ਈਆਂ ਨੇ ‘ਲਾਲ ਪਰੀ ਐਕਸਪ੍ਰੈੱਸ’ ਰੱਖ ਲਿਆ ਸੀ।
ਪੰਜਾਬ ਸਰਕਾਰ ਨੂੰ ਇਹ ਗੱਲ ਗੰਭੀਰ ਹੋ ਕੇ ਸੋਚਣੀ ਪਵੇਗੀ ਕਿ ਵਿਕਾਸ ਨਿਰਾ ਗਲੀਆਂ, ਨਾਲੀਆਂ, ਫਲਾਈਓਵਰ, ਸੜਕਾਂ ਜਾਂ ਪੁਲਾਂ ਦੀ ਉਸਾਰੀ ਨਾਲ ਨਹੀਂ ਹੁੰਦਾ। ਭਲਾ ਜੇ ਇਸਦੀ ਵਰਤੋਂ ਕਰਨ ਵਾਲੇ ਹੀ ਨਾ ਰਹੇ, ਫਿਰ ਇਹ ‘ਵਿਕਾਸ’ ਕਿਸ ਕੰਮ ਆਵੇਗਾ? ਅਫੀਮ, ਸ਼ਰਾਬ, ਚਿੱਟੇ ਦੀਆਂ ਪੁੜੀਆਂ ਅਤੇ ਹੋਰ ਮਾਰੂ ਨਸ਼ਿਆਂ ਦੀ ਸਪਲਾਈ ਲਾਈਨ ’ਤੇ ਬੁਰੀ ਤਰ੍ਹਾਂ ਸੱਟ ਮਾਰਕੇ ਹੀ ਜਵਾਨੀ ਦੇ ਘਾਣ ਨੂੰ ਬਚਾਇਆ ਜਾ ਸਕਦਾ ਹੈ। ਜੇਕਰ ਅਜਿਹਾ ਸੰਭਵ ਨਾ ਹੋਇਆ ਤਾਂ ਅਸੀਂ ਬੁਜ਼ਦਿਲਾਂ ਦੀ ਕਤਾਰ ਵਿੱਚ ਸ਼ਾਮਲ ਹੋਵਾਂਗੇ ਅਤੇ ਇਤਿਹਾਸ ਸਾਡੀ ਹੋਣੀ ’ਤੇ ਕੀਰਨੇ ਪਾਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4862)
(ਸਰੋਕਾਰ ਨਾਲ ਸੰਪਰਕ ਲਈ: (