MohanSharma8ਨਸ਼ਾ ਵਿਰੋਧੀ ਕਮੇਟੀ ਅਤੇ ਲੋਕਾਂ ਦੇ ਸਰਗਰਮ ਹੋਣ ਕਾਰਨ ਨਸ਼ਾ ਤਸਕਰ ਬੁਖਲਾਹਟ ਵਿੱਚ ...
(18 ਅਗਸਤ 2023)


ਪੰਜਾਬ ਇਸ ਸਮੇਂ ਬਹੁ ਪੱਖੀ ਅਤੇ ਬਹੁ ਪਰਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਕਿਸਾਨੀ ਸੰਕਟ
, ਬੇਰੁਜ਼ਗਾਰੀ, ਪਰਵਾਸ, ਰਿਸ਼ਵਤਖੋਰੀ ਅਤੇ ਮਹਿੰਗਾਈ ਦੇ ਨਾਲ-ਨਾਲ ਨਸ਼ਿਆਂ ਨੇ ਪੰਜਾਬੀਆਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਓਂ ਪਤਲੀ ਕਰ ਦਿੱਤੀ ਹੈ। 2 ਅਗਸਤ 2023 ਨੂੰ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਨੇ ਪੰਜਾਬ ਵਿੱਚ ਨਸ਼ਿਆਂ ਦੇ ਪ੍ਰਕੋਪ ਸਬੰਧੀ ਜੋ ਰਿਪੋਰਟ ਪੇਸ਼ ਕੀਤੀ, ਉਸ ਨੇ ਪੰਜਾਬੀਆਂ ਦੇ ਭਵਿੱਖ ’ਤੇ ਪ੍ਰਸ਼ਨ ਚਿੰਨ੍ਹ ਖੜ੍ਹਾ ਕਰ ਦਿੱਤਾ ਹੈ। ਸੁੰਨ ਕਰ ਦੇਣ ਵਾਲੀ ਰਿਪੋਰਟ ਵਿੱਚ ਪ੍ਰਗਟਾਵਾ ਕੀਤਾ ਗਿਆ ਹੈ ਕਿ 10 ਤੋਂ 17 ਸਾਲਾਂ ਦੀ ਆਯੂ ਦੇ ਅੰਦਾਜ਼ਨ 7 ਲੱਖ ਲੜਕੇ ਨਸ਼ੇ ਦੀ ਬੁਰੀ ਤਰ੍ਹਾਂ ਲਪੇਟ ਵਿੱਚ ਆ ਗਏ ਹਨ। 66 ਲੱਖ ਤੋਂ ਜ਼ਿਆਦਾ ਵਿਅਕਤੀ ਵੱਖ ਵੱਖ ਨਸ਼ਿਆਂ ਦੀ ਵਰਤੋਂ ਕਰਦੇ ਹੋਏ ਮਾਨਸਿਕ, ਸਰੀਰਕ, ਆਰਥਿਕ ਅਤੇ ਬੌਧਿਕ ਤੌਰ ’ਤੇ ਖਾਂਘੜ ਹੋ ਰਹੇ ਹਨ। ਹਰ ਰੋਜ਼ 144 ਅਪਰਾਧਕ ਮਾਮਲੇ, 2 ਕਾਤਲਾਨਾ ਹਮਲੇ, 20 ਚੋਰੀ ਦੀਆਂ ਵਾਰਦਾਤਾਂ, 2 ਦਿਨਾਂ ਵਿੱਚ 5 ਔਰਤਾਂ ਦਾ ਬਲਾਤਕਾਰ, ਚੇਨ ਝਪਟਮਾਰੀ, ਗੈਂਗਵਾਰਾਂ ਵੱਲੋਂ ਦਿਨ ਦਿਹਾੜੇ ਕਤਲ ਕਰਨ ਦੀਆਂ ਧਮਕੀਆਂ ਦੇ ਨਾਲ-ਨਾਲ ਉਨ੍ਹਾਂ ਨੂੰ ਸਮੇਂ ਸਮੇਂ ਸਿਰ ਅਮਲੀ ਜਾਮਾ ਦੇਣ ਦੇ ਨਾਲ-ਨਾਲ ਥਾਣਿਆਂ ਦੇ ਰੋਜ਼ਨਾਮਚੇ ਭਰੇ ਜਾ ਰਹੇ ਹਨ। ਪੰਜਾਬੀਆਂ ਅੰਦਰ ਖੌਫ਼ ਦੀਆਂ ਦਿਵਾਰਾਂ ਉਸਰਨ ਦੇ ਨਾਲ-ਨਾਲ ਸਿਵਿਆਂ ਦੀ ਅੱਗ ਹੋਰ ਪ੍ਰਚੰਢ ਹੋਣ ਨਾਲ ਹਰ ਪੰਜਾਬੀ ਬੇਵਸੀ ਦੀ ਹਾਲਤ ਵਿੱਚ ਕਦੇ ਘਰ ਅੰਦਰ ਪਸਰੇ ਸੰਨਾਟੇ ਕਾਰਨ ਅਸਮਾਨ ਵੱਲ ਵੇਖ ਲੈਂਦਾ ਹੈ, ਕਦੇ ਘੁਣ ਖਾਧੀਆਂ ਛੱਤਾਂ ਵੱਲ, ਕਦੇ ਹੱਡੀਆਂ ਦੀ ਮੁੱਠ ਬਣੀ ਪਤਨੀ ਵੱਲ ਅਤੇ ਕਦੇ ਰੀਝਾਂ ਤੇ ਛਿਕਲੀ ਪਾਈਂ ਧੀਆਂ ਵੱਲ! ਚੁੱਲ੍ਹਾ ਬਾਲਣ ਲਈ ਲੋੜੀਂਦਾ ਸਮਾਨ ਲਿਆਉਣ ਵਾਸਤੇ ਇਕੱਠੇ ਕੀਤੇ ਪੈਸੇ ਇਕਲੌਤਾ ਪੁੱਤ ਖੌਰੂ ਪਾ ਕੇ ਧੱਕੇ ਨਾਲ ਨਸ਼ੇ ਡੱਫਣ ਲਈ ਲੈ ਜਾਂਦਾ ਹੈ ਅਤੇ ਸਾਰਾ ਪਰਿਵਾਰ ਰੋਜ਼ ਦੇ ਇਸ ਖਲਜਗਣ ਤੋਂ ਪੋਟਾ ਪੋਟਾ ਦੁਖੀ ਹੈ।

ਇਹ ਕਹਾਣੀ ਇੱਕ ਘਰ ਦੀ ਨਹੀਂ, ਕਿਸੇ ਵਿਰਲੇ ਘਰ ਨੂੰ ਛੱਡ ਕੇ ਹਰ ਘਰ ਵਿੱਚ ਪੀੜਤ ਪਰਿਵਾਰ ਦਮ ਘੋਟੂ ਮਾਹੌਲ ਵਿੱਚ ਰਹਿ ਰਿਹਾ ਹੈ। ਕਿਤੇ ਨਸ਼ਈ ਦਾ ਬਾਪ ਨੂੰ ਕਤਲ ਕਰ ਦੇਣਾ, ਕਿਤੇ ਮਾਂ ਦੇ ਗਲ ਗੂਠਾ ਦੇ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਣਾ, ਕਿਤੇ ਨਸ਼ਈ ਲੜਕੇ ਵੱਲੋਂ ਘਰ ਦਾ ਕੀਮਤੀ ਸਮਾਨ ਕੌਡੀਆਂ ਦੇ ਭਾਅ ਵੇਚ ਕੇ ਨਸ਼ਾ ਡੱਫਣ ਕਾਰਨ ਪੋਟਾ ਪੋਟਾ ਦੁਖੀ ਬਾਪ, ਕਿਤੇ ਨਸ਼ਈ ਪੁੱਤ ਵੱਲੋਂ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਉਣ ’ਤੇ ਪੁਲਿਸ ਕਰਮਚਾਰੀ ਦਾ ਰੋਅਬ ਨਾਲ ਬਜ਼ੁਰਗ ਬਾਪ ਨੂੰ ਕਹਿਣਾ, “ਚੌਰਿਆ, ਕੱਲ੍ਹ ਤਕ ਮੁੰਡੇ ਨੂੰ ਥਾਣੇ ਪੇਸ਼ ਕਰ, ਨਹੀਂ ਫਿਰ ਸਾਰਾ ਟੱਬਰ ਅੰਦਰ ਕਰ ਦਿਆਂਗੇ।” ਗੁੰਮ-ਸੁੰਮ ਹੋਇਆ ਬਾਪ ਪੁਲਿਸ ਵਾਲਿਆਂ ਨੂੰ ਹੱਥ ਜੋੜ ਕੇ ਇਹ ਕਹਿੰਦਿਆਂ, “ਠੀਕ ਐ ਜੀ।” ਆਪਣੇ ਆਪ ਨੂੰ ਨਾ ਜਿਉਂਦਿਆਂ ਵਿੱਚ ਸਮਝਦਾ ਹੈ ਅਤੇ ਨਾ ਮਰਿਆਂ ਵਿੱਚ। ਦੂਜੇ ਪਾਸੇ ਇਕਲੌਤੇ ਨਸ਼ਈ ਪੁੱਤ ਦੀ ਮਾਂ ਕਾਲਜੇ ਤੇ ਹੱਥ ਰੱਖ ਕੇ ਸੋਚਦੀ ਹੈ, “ਸਵੇਰ ਦਾ ਭੁੱਖਣ ਭਾਣਾ ਘਰੋਂ ਨਿਕਲਿਆ ਹੈ, ਮੂੰਹ ਹਨੇਰਾ ਹੋ ਗਿਆ ਹੈ, ਹਾਲੇ ਤਕ ਘਰ ਨਹੀਂ ਬਹੁੜਿਐ। ਕਿਤੇ ਕੋਈ ਹੋਰ ਚੰਦਰਾ ਸੁਨੇਹਾ … …।” ਮਾਂ ਦੀਆਂ ਅੱਖਾਂ ਵਿੱਚੋਂ ਵਹਿੰਦੇ ਖੂਨ ਦੇ ਅੱਥਰੂ ਅਤੇ ਮਾਰੂ ਸੋਚਾਂ ਕਾਰਨ ਉਹਦਾ ਆਪਣਾ ਆਪ ਵਿੰਨ੍ਹਿਆ ਜਾਂਦਾ ਹੈ। ਅਜਿਹੀ ਸਥਿਤੀ ਹੁਣ ਬਹੁਤ ਸਾਰੇ ਘਰਾਂ ਦੀ ਬਣ ਗਈ ਹੈ।

ਦੂਜੇ ਪਾਸੇ ਨਸ਼ਾ ਵੇਚਣ ਵਾਲਿਆਂ ਦੀ ਚੜ੍ਹ ਮਚੀ ਪਈ ਹੈ। ਮਹਿੰਗੀ ਕਾਰ, ਵੱਡੀ ਕੋਠੀ, ਸੋਨੇ ਦੀਆਂ ਉਂਗਲਾਂ ਵਿੱਚ ਪਾਈਆਂ ਛਾਪਾਂ, ਗੱਲ ਵਿੱਚ ਪਾਈ ਸੋਨੇ ਦੀ ਚੈਨੀ ਅਤੇ ਨੋਟਾਂ ਨਾਲ ਭਰੀ ਜੇਬ ਕਾਰਨ ਉਹ ਆਪਣੇ ਆਪ ਨੂੰ ਖੱਬੀ ਖਾਨ ਸਮਝਦੇ ਹਨ। ਸੱਥ ਵਿੱਚ ਨਿੰਮੋਝੂਣੇ ਬੈਠੇ ਬਜ਼ੁਰਗ ਅਤੇ ਘਰਾਂ ਦੀਆਂ ਦੇਹਲੀਆਂ ’ਤੇ ਬੁੱਤ ਜਿਹੇ ਬਣੀਆਂ ਔਰਤਾਂ ਕੋਲ ਦੀ ਜਦੋਂ ਨਸ਼ੇ ਦੇ ਤਸਕਰਾਂ ਦੀ ਕਾਰ ਗੁਜ਼ਰਦੀ ਹੈ ਤਾਂ ਉਹ ਕਚੀਚੀਆਂ ਜ਼ਰੂਰ ਵੱਟਦੀਆਂ ਹਨ, ਪਰ ਨਸ਼ਾ ਵੇਚਣ ਵਾਲਿਆਂ ਦੀ ਥਾਣੇ ਅਤੇ ਅਸਰ ਰਸੂਖ ਵਾਲਿਆਂ ਨਾਲ ਪਹੁੰਚ ਕਰਕੇ ਉਹ ਹੌਕਾ ਭਰ ਕੇ ਸੋਚਦੀਆਂ ਹਨ, “ਖੋਟਾ ਸਿੱਕਾ ਆਪਣਾ, ਦੂਜਿਆਂ ਨੂੰ ਕੀ ਦੋਸ਼।” ਉਂਝ ਲੋਕ ਇਨ੍ਹਾਂ ਮਲਿਕ ਭਾਗੂਆਂ ਪ੍ਰਤੀ ਨਕੋ-ਨੱਕ ਨਫ਼ਰਤ ਨਾਲ ਜ਼ਰੂਰ ਭਰੇ ਪਏ ਹਨ।

ਨਸ਼ਿਆਂ ਕਾਰਨ ਪੋਟਾ ਪੋਟਾ ਦੁਖੀ ਲੋਕ ਪਿੰਡ ਦੇ ਸਰਪੰਚ ਕੋਲ ਜਾਂਦੇ ਹਨ। ਸਰਪੰਚ ਪੰਚਾਇਤ ਮੈਂਬਰਾਂ ਨੂੰ ਨਾਲ ਲੈ ਕੇ ਥਾਣੇ ਵਿੱਚ ਜਾ ਕੇ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ’ਤੇ ਸ਼ਿਕੰਜਾ ਕਸਨ ਲਈ ਦੁਹਾਈ ਪਾਉਂਦਾ ਹੈ। ਪਰ ਉਨ੍ਹਾਂ ਦੀ ਦੁਹਾਈ ਖਾਨਾ ਪੂਰਤੀ ਤਕ ਸੀਮਤ ਰਹਿ ਜਾਂਦੀ ਹੈ। ਦਰਅਸਲ ਜਦੋਂ ਮਾਲੀ ਦਗ਼ਾਬਾਜ਼ ਹੋ ਜਾਣ ਤਾਂ ਮਹਿਕਾਂ ਦੀ ਪੱਤ ਰੁਲ਼ ਜਾਂਦੀ ਹੈ ਅਤੇ ਜਦੋਂ ਦਰਬਾਨਾਂ ਦੀ ਅੱਖ ਚੋਰਾਂ ਨਾਲ ਮਿਲ ਜਾਵੇ ਤਾਂ ਜਾਨ ਅਤੇ ਮਾਲ ਸੁਰੱਖਿਅਤ ਨਹੀਂ ਰਹਿੰਦੇ। ਪੁਲਿਸ ਦੀਆਂ ਬਹੁਤ ਸਾਰੀਆਂ ਕਾਲੀਆਂ ਭੇਡਾਂ ਦੇ ਕਾਰਨ ਪੰਚਾਇਤਾਂ ਅਤੇ ਲੋਕਾਂ ਦੀ ਨਸ਼ਿਆਂ ਵਿਰੁੱਧ ਦੁਹਾਈ ਦਾ ਕੋਈ ਅਸਰ ਨਹੀਂ ਹੋਇਆ ਅਤੇ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਹੁੰਦੇ ਗਏ। ਚੋਣਾਂ ਸਮੇਂ ਸਿਆਸੀ ਆਗੂਆਂ ਦੇ ਕੀਤੇ ਵਾਅਦੇ ਅਤੇ ਦਾਅਵੇ ਵੀ ਖੋਖਲੇ ਹੀ ਸਾਬਤ ਹੋਏ। ਹਾਂ, ਕਦੇ-ਕਦੇ ਸਿਆਸੀ ਆਗੂਆਂ ਦੇ ਬਿਆਨ, “ਨਸ਼ਾ ਕਰਨ ਵਾਲਿਆਂ ਨੂੰ ਬਖ਼ਸ਼ਾਂਗੇ ਨਹੀਂ, ਸਭ ਸਲਾਖਾਂ ਪਿੱਛੇ ਹੋਣਗੇ।” ਜ਼ਰੂਰ ਸਾਹਮਣੇ ਆਉਂਦੇ ਰਹੇ।

ਆਖ਼ਰ ਅੱਕੇ ਹੋਏ ਲੋਕਾਂ ਨੇ ਆਪਣੇ ਆਪਣੇ ਪਿੰਡਾਂ ਵਿੱਚ ਨਸ਼ਾ ਤਸਕਰਾਂ ਨੂੰ ਠੀਕ ਰਾਹ ’ਤੇ ਲਿਆਉਣ ਲਈ ਦ੍ਰਿੜ੍ਹ ਇਰਾਦਾ ਕਰ ਲਿਆ। ਪਿੰਡ ਦੇ ਅਗਾਂਹਵਧੂ ਨੌਜਵਾਨ, ਕਿਸਾਨ-ਮਜ਼ਦੂਰ ਜਥੇਬੰਦੀਆਂ ਅਤੇ ਪੰਚਾਇਤਾਂ ਨੇ ਆਪਣੇ ਆਪਣੇ ਪਿੰਡ ਵਿੱਚ ਨਸ਼ਾ ਵਿਰੋਧੀ ਕਮੇਟੀਆਂ ਬਣਾ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਬੀੜਾ ਚੁੱਕ ਲਿਆ। ਅਜਿਹੀਆਂ ਨਸ਼ਾ ਵਿਰੋਧੀ ਕਮੇਟੀਆਂ ਹੋਂਦ ਵਿੱਚ ਆਉਣ ਦੇ ਸੰਕੇਤ ਉਸ ਸਮੇਂ ਹੀ ਸਾਹਮਣੇ ਆ ਗਏ ਸਨ, ਜਦੋਂ 21 ਜੁਲਾਈ 2023 ਨੂੰ ਮਾਲਵੇ ਦੇ ਸ਼ਹਿਰ ਮਾਨਸਾ ਵਿੱਚ ਪੰਜਾਬ ਦੇ ਵੱਖ ਵੱਖ ਪਿੰਡਾਂ ਤੋਂ ਆਏ ਦਸ ਹਜ਼ਾਰ ਤੋਂ ਵੀ ਜ਼ਿਆਦਾ ਲੋਕਾਂ ਨੇ ਸ਼ਰੇਆਮ ਨਸ਼ਾ ਤਸਕਰਾਂ ਅਤੇ ਪੁਲਿਸ ਦੀਆਂ ਬਹੁਤ ਸਾਰੀਆਂ ਕਾਲੀਆਂ ਭੇਡਾਂ ਦੀ ਮਿਲੀ ਭੁਗਤ ਦਾ ਖੁੱਲ੍ਹੇ ਤੌਰ ’ਤੇ ਪ੍ਰਗਟਾਵਾ ਕੀਤਾ ਅਤੇ ਨਾਲ ਹੀ ਇਹ ਗਿਲਾ ਵੀ ਕੀਤਾ ਗਿਆ ਕਿ ਸਿਆਸੀ ਸਰਪ੍ਰਸਤੀ ਤੋਂ ਬਿਨਾਂ ਅਜਿਹਾ ਕੁਝ ਸੰਭਵ ਹੀ ਨਹੀਂ। ਨਸ਼ੇ ਵਿਰੁੱਧ ਬੁਲੰਦ ਆਵਾਜ਼ ਉਠਾਉਣ ਵਾਲੇ ਪਰਮਿੰਦਰ ਝੋਟਾ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਵੀ ਉਸ ਸਮੇਂ ਹੀ ਉਠਾਈ ਗਈ।

ਮਾਲਵੇ ਤੋਂ ਉੱਠੀ ਇਹ ਚੰਗਿਆੜੀ ਹੁਣ ਭਾਂਬੜ ਦੇ ਰੂਪ ਵਿੱਚ ਮਾਲਵੇ ਦੇ ਬਹੁਤ ਸਾਰੇ ਪਿੰਡਾਂ ਦੇ ਨਾਲ ਨਾਲ ਮਾਝੇ ਅਤੇ ਦੁਆਬੇ ਦੇ ਇਲਾਕੇ ਵਿੱਚ ਫੈਲ ਗਈ ਹੈ। ਨਸ਼ਿਆਂ ਵਿਰੁੱਧ ਇਸ ਲੜਾਈ ਵਿੱਚ ਪੰਜਾਬ ਦੀਆਂ ਮੁਟਿਆਰਾਂ ਅਤੇ ਔਰਤਾਂ ਵੀ ਕੁੱਦ ਪਈਆਂ ਹਨ। ਭਰੇ ਪੀਤੇ ਲੋਕਾਂ ਨੂੰ ਹੁਣ ਐਨੀ ਸੂਝ ਆ ਗਈ ਹੈ ਕਿ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਹੋਰ ਤਬਦੀਲੀਆਂ ਲੋਕਾਂ ਵੱਲੋਂ ਲਿਆਂਦੀਆਂ ਜਾਂਦੀਆਂ ਹਨ ਅਤੇ ਲੋਕਾਂ ਦਾ ਏਕਾ ਸਮਾਜਿਕ ਦਬਾਅ, ਸਮਾਜਿਕ ਨਾਮੋਸ਼ੀ ਅਤੇ ਸਮਾਜਿਕ ਪਹਿਰੇਦਾਰੀ ਨਸ਼ੇ ਦੇ ਖ਼ਾਤਮੇ ਲਈ ਵਰਦਾਨ ਸਾਬਤ ਹੋਣਗੀਆਂ। ਉਨ੍ਹਾਂ ਨੇ ਸਰਬ ਸੰਮਤੀ ਨਾਲ ਹੇਠ ਲਿਖੇ ਫੈਸਲਿਆਂ ਨੂੰ ਤੁਰੰਤ ਅਮਲੀਜਾਮਾ ਵੀ ਪਹਿਨਾਉਣਾ ਸ਼ੁਰੂ ਕਰ ਦਿੱਤਾ ਹੈ:

ਆਪਣੇ-ਆਪਣੇ ਪਿੰਡ ਵਿੱਚ ਠੀਕਰੀ ਪਹਿਰਾ ਦੇ ਕੇ ਕਿਸੇ ਨਸ਼ਾ ਵੇਚਣ ਵਾਲੇ ਵਿਅਕਤੀ ਨੂੰ ਪਿੰਡ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਨਾ ਹੀ ਪਿੰਡ ਦੇ ਕਿਸੇ ਨਸ਼ਾ ਵੇਚਣ ਵਾਲੇ ਨੂੰ ਨਸ਼ੇ ਸਮੇਤ ਬਾਹਰ ਜਾਣ ਦਿੱਤਾ ਜਾਵੇਗਾ। ਇਸ ਤਰੀਕੇ ਨਾਲ ਸਪਲਾਈ ਲਾਇਨ ’ਤੇ ਸੱਟ ਮਾਰੀ ਜਾਵੇਗੀ। ਪਿੰਡ ਦੀ ਨਸ਼ਾ ਵਿਰੋਧੀ ਕਮੇਟੀ ਵੱਲੋਂ ਨਸ਼ਾ ਵੇਚਣ ਵਾਲਿਆਂ ਨੂੰ ਪਹਿਲਾਂ ਬੇਨਤੀ ਕਰਕੇ ਇਹ ਕੰਮ ਛੱਡਣ ਲਈ ਕੁਝ ਸਮਾਂ ਦਿੱਤਾ ਜਾਵੇਗਾ ਅਤੇ ਜੇਕਰ ਫਿਰ ਵੀ ਇਹ ਕੁੱਤਾ-ਕੰਮ ਨਹੀਂ ਛੱਡਦੇ ਤਾਂ ਉਨ੍ਹਾਂ ਨਾਲ ਪਿੰਡ ਵਾਲਿਆਂ ਦੀ ਰੋਟੀ-ਬੋਟੀ ਦੀ ਸਾਂਝ ਖ਼ਤਮ ਹੋ ਜਾਵੇਗੀ।

ਨਸ਼ਾ ਵੇਚਣ ਵਾਲੇ ਦੀਆਂ ਲਿਸਟਾਂ ਸਬੰਧਤ ਥਾਣੇ ਵਿੱਚ ਪਹੁੰਚਾ ਕੇ ਉਨ੍ਹਾਂ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਜਾਵੇਗਾ। ਨਿਸ਼ਚਿਤ ਸਮੇਂ ਤੋਂ ਬਾਅਦ ਜੇਕਰ ਉਹ ਪਹਿਲਾਂ ਵਾਂਗ ਕੋਈ ਕਾਰਵਾਈ ਨਹੀਂ ਕਰਦੇ ਤਾਂ ਥਾਣੇ ਦਾ ਘਿਰਾਓ ਕੀਤਾ ਜਾਵੇਗਾ।

ਨਸ਼ਾ ਵੇਚਣ ਵਾਲਿਆਂ ਦੀ ਗ੍ਰਿਫਤਾਰੀ ਉਪਰੰਤ ਉਸ ਦੀ ਪਿੰਡ ਵਾਲਿਆਂ ਵੱਲੋਂ ਜ਼ਮਾਨਤ ਨਹੀਂ ਕਰਵਾਈ ਜਾਵੇਗੀ।

ਜੇਕਰ ਪੁਲਿਸ ਪ੍ਰਸ਼ਾਸਨ ਕਿਸੇ ਕਮੇਟੀ ਮੈਂਬਰ ’ਤੇ ਕੇਸ ਪਾਉਂਦਾ ਹੈ ਤਾਂ ਸਾਰਾ ਪਿੰਡ ਉਸ ਦੇ ਨਾਲ ਡਟ ਕੇ ਖੜ੍ਹੇਗਾ ਅਤੇ ਕੇਸ ਦੀ ਪੈਰਵੀ ਵੀ ਪਿੰਡ ਵਾਲਿਆਂ ਵੱਲੋਂ ਕੀਤੀ ਜਾਵੇਗੀ।

ਨਸ਼ਾ ਵੇਚਣ ਵਾਲਿਆਂ ਉੱਤੇ ਕਤਲ ਜਾਂ ਇਰਾਦਾ ਕਤਲ ਦੀਆਂ ਧਾਰਾਵਾਂ ਲਾਈਆਂ ਜਾਣ, ਕਿਉਂਕਿ ਉਨ੍ਹਾਂ ਵੱਲੋਂ ਨਸ਼ੇ ਦੀ ਸਪਲਾਈ ਕਾਰਨ ਹੀ ਨੌਜਵਾਨਾਂ ਦੇ ਸਿਵੇ ਬਲਦੇ ਹਨ। ਸਿੱਧੇ ਰੂਪ ਵਿੱਚ ਉਹ ਜਵਾਨੀ ਦੇ ਕਾਤਲ ਹਨ।

ਨਸ਼ਾ ਕਰਨ ਵਾਲੇ ਪੀੜਤ ਹਨ। ਉਨ੍ਹਾਂ ਪੀੜਤਾਂ ਦਾ ਇਲਾਜ ਪਿੰਡ ਵਾਸੀਆਂ ਵੱਲੋਂ ਕਰਵਾ ਕੇ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਜਾਵੇਗਾ।

ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਕਿਸੇ ਸਿਆਸੀ ਵਿਅਕਤੀ ਦਾ ਹੱਥ ਠੋਕਾ ਨਹੀਂ ਬਨਣਗੇ।

ਨਸ਼ਾ ਵਿਰੋਧੀ ਕਮੇਟੀ ਅਤੇ ਲੋਕਾਂ ਦੇ ਸਰਗਰਮ ਹੋਣ ਕਾਰਨ ਨਸ਼ਾ ਤਸਕਰ ਬੁਖਲਾਹਟ ਵਿੱਚ ਆ ਗਏ ਹਨ। ਇਸ ਬੁਖਲਾਹਟ ਦੇ ਕਾਰਨ ਹੀ ਫਰੀਦਕੋਟ ਲਾਗੇ ਢਿਲਵਾਂ ਪਿੰਡ ਵਿੱਚ ਇੱਕ ਤਸਕਰ ਨੇ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰ ਹਰਭਗਵਾਨ ਸਿੰਘ ’ਤੇ ਗੋਲੀਆਂ ਚਲਾ ਕੇ ਉਸਦਾ ਕਤਲ ਕਰ ਦਿੱਤਾ ਅਤੇ ਇੱਕ ਹੋਰ ਪਿੰਡ ਤੁੰਗਵਾਲੀ ਵਿੱਚ ਵੀ ਕਮੇਟੀ ਦੇ ਮੈਂਬਰ ’ਤੇ ਤਲਵਾਰ ਨਾਲ ਜਾਨਲੇਵਾ ਹਮਲਾ ਕੀਤਾ। ਇਹ ਸਭ ਕੁਝ ਦੇ ਬਾਵਜੂਦ ਲੋਕ ਅੱਗੇ ਨਾਲੋਂ ਵੀ ਜ਼ਿਆਦਾ ਰੋਹ ਵਿੱਚ ਆ ਕੇ ਇੱਕਜੁੱਟ ਹੋ ਗਏ ਹਨ। ਦੋਸ਼ੀਆਂ ਨੂੰ ਪੁਲਿਸ ਵੱਲੋਂ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ। ਨਸ਼ਾ ਵਿਰੋਧੀ ਲਹਿਰ ਦੇ ਪਹਿਲੇ ਸ਼ਹੀਦ ਹਰਭਗਵਾਨ ਸਿੰਘ ਦੇ ਪਰਿਵਾਰ ਨੂੰ ਪ੍ਰਸ਼ਾਸਨ ਵੱਲੋਂ ਆਰਥਿਕ ਸਹਾਇਤਾ ਦੇਣ ਦੇ ਨਾਲ ਨਾਲ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਵੀ ਲੋਕ ਰੋਹ ਨੂੰ ਵੇਖਦਿਆਂ ਕੀਤਾ ਗਿਆ ਹੈ।

ਪਿੰਡਾਂ ਵਿੱਚ ਰੋਸ ਰੈਲੀਆਂ, ਡਾਂਗ ਮਾਰਚ ਅਤੇ ਨਸ਼ਿਆਂ ਵਿਰੁੱਧ ਗੂੰਜਦੇ ਨਾਅਰੇ ਜਾਗਰਤੀ ਦਾ ਸੁਨੇਹਾ ਦਿੰਦੇ ਹਨ। ਰੋਸ ਰੈਲੀਆਂ ਵਿੱਚ ਸਿਆਣੀਆਂ ਧੀਆਂ ਦੇ ਅਜਿਹੇ ਸੁਨੇਹੇ ਹਵਾ ਵਿੱਚ ਗੂੰਜਦੇ ਹਨ:

ਸਾਡੇ ਪਿੰਡ ਨਸ਼ਾ ਵੇਚਣ ਨਾ ਆਈਂ ਵੇ,
ਇੱਥੇ ਪਹਿਰਾ ਲਗਦਾ ਹੈ।
ਐਵੇਂ ਛਿੱਤਰ ਨਾ ਖਾ ਕੇ ਜਾਈਂ ਵੇ,
ਇੱਥੇ ਪਹਿਰਾ ਲਗਦਾ ਹੈ।

ਕਿਸੇ ਹੋਰ ਪਿੰਡ ਦੇ ਇਕੱਠ ਵਿੱਚ ਜਾਗਰੂਕ ਧੀਆਂ ਸਟੇਜ ’ਤੇ ਜਾ ਕੇ ਪੁੱਤ ਬਚਾਉਣ ਦਾ ਇੰਜ ਹੌਕਾ ਦਿੰਦੀਆਂ ਨੇ:

ਕਿਉਂ ਨਸ਼ਿਆਂ ਦੀ ਵਰਤੋਂ ਕਰਦੈਂ,
ਧਰਤੀ ਮਾਂ ਕਿਉਂ ਗਹਿਣੇ ਧਰਦੈਂ?
ਤੇਰੇ ਵਰਗੇ ਠੀਕ ਕਰਨ ਲਈ,
ਅਸਾਂ ਨੇ ਲਹਿਰ ਚਲਾਈ ਐ,
ਬਈ ਹੁਣ ਜਾਗੋ ਆਈ ਐ।
ਮੁੰਡਿਆ ਜਾਗ ਬਈ,
ਹੁਣ ਜਾਗੋ ਆਈ ਐ।

ਸ਼ਾਲਾ! ਇਹ ਜਾਗੋ ਦੀ ਲਾਟ ਲੋਕਾਂ ਦੇ ਮਨਾਂ ਅੰਦਰ ਬਲਦੀ ਰਹੇ ਅਤੇ ਨਸ਼ਾ ਤਸਕਰ ਇਹਦੇ ਸਾਹਮਣੇ ਢਹਿ ਢੇਰੀ ਹੋ ਜਾਣ। ਇੱਥੇ ਇਹ ਵੀ ਵਰਣਨਯੋਗ ਹੈ ਕਿ ਨਸ਼ਾ ਵਿਰੋਧੀ ਕਮੇਟੀਆਂ ਵੱਲੋਂ ਸਰਗਰਮ ਭੂਮਿਕਾ ਨਿਭਾਉਣ ਕਾਰਨ ਬਹੁਤ ਸਾਰੇ ਨਸ਼ਾ ਤਸਕਰ ਇਸ ਵੇਲੇ ਕੀਮਤੀ ਕਾਰਾਂ ਵਿੱਚ ‘ਮਾਲ’ ਸਪਲਾਈ ਕਰਨ ਦੀ ਥਾਂ ਘਰਾਂ ਵਿੱਚ ਬੈਠੇ ਹਨ। ਲੋਕਾਂ ਦੇ ਰੋਹ ਕਾਰਨ ਪੁਲਿਸ ਪ੍ਰਸ਼ਾਸਨ ਵੀ ਕੁਝ ਸਰਗਰਮ ਹੋਇਆ ਹੈ। ਪਰ ਰਾਜਸੱਤਾ ਨਾਲ ਸਬੰਧਤ ਆਗੂਆਂ ਦੀ ਖਾਮੋਸ਼ੀ ਲੋਕਾਂ ਨੂੰ ਰੜਕ ਰਹੀ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4160)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author