MohanSharma7ਉਸ ਨੇ ਮੇਰੀ ਗੱਲ ਨੂੰ ਕੱਟ ਕੇ ਨਿਮਰਤਾ ਨਾਲ ਕਿਹਾ, “ਮੈਂ ਜੀਥੋਨੂੰ ਇੱਕ ਅਰਜ਼ ਕਰਾਂ? ...
(20 ਅਪਰੈਲ 2017)

 

ਬਿਨਾਂ ਸ਼ੱਕ ਨਸ਼ਿਆਂ ਕਾਰਨ ਨੌਜਵਾਨ ਵਰਗ ਦੀਆਂ ਕਿਰਿਆਤਮਕ ਅਤੇ ਸਿਰਜਨਾਤਮਕ ਸ਼ਕਤੀਆਂ ਨੂੰ ਜੂੜ ਜਿਹਾ ਪੈ ਗਿਆ ਹੈ। ਨੌਜਵਾਨ ਵਰਗ ਦਾ ਵੱਡਾ ਹਿੱਸਾ ਨੈਤਿਕ ਕਦਰਾਂ ਕੀਮਤਾਂ ਨੂੰ ਮੁੱਢੋਂ ਵਿਸਾਰ ਕੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਖੋਖਲਾ ਹੋ ਕੇ ਸਿਵਿਆਂ ਦੇ ਰਾਹ ਪੈ ਗਿਆ ਹੈ। ਇੱਕ ਚੰਗੇ ਪਤੀ, ਚੰਗੇ ਪੁੱਤ, ਚੰਗੇ ਬਾਪ ਬਣਨ ਦੀ ਥਾਂ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਮੁੱਖ ਮਕਸਦ ਜਾਇਜ਼ ਨਾਜਾਇਜ਼ ਢੰਗ ਨਾਲ ਨਸ਼ਾ ਪ੍ਰਾਪਤ ਕਰਕੇ ਡੱਫਣ ਨੂੰ ਹੀ ਬਣਾਇਆ ਹੋਇਆ ਹੈ। ਬੱਚਿਆਂ ਦੇ ਚਿਹਰਿਆਂ ’ਤੇ ਫੈਲੀ ਉਦਾਸੀ ਦੀ ਪਰਤ, ਪਤਨੀਆਂ ਦੇ ਨੈਣਾਂ ਦੇ ਕੋਇਆਂ ਵਿੱਚੋਂ ਆਪ ਮੁਹਾਰੇ ਵਹਿੰਦੇ ਖੂਨ ਦੇ ਅੱਥਰੂ, ਬੇਬਸੀ ਅਤੇ ਨਿਰਾਸ਼ਤਾ ਦਾ ਬੁੱਤ ਬਣੇ ਮਾਂ-ਬਾਪ ਖਾਲੀ-ਖਾਲੀ ਨਜ਼ਰਾਂ ਨਾਲ ਅਸਮਾਨ ਵੱਲ ਵਿਹੰਦਿਆਂ ਭਰੇ ਮੰਨ ਨਾਲ ਸੋਚਦੇ ਹਨ, “ਕਿਹੜੇ ਗੁਨਾਹ ਦੀ ਸਜ਼ਾ ਸਾਨੂੰ ਮਿਲ ਰਹੀ ਹੈ? ਰੱਬਾ! ਐਦੂੰ ਤਾਂ ਚੁੱਕ ਲੈ ਸਾਨੂੰ। ਰੋਜ਼ ਦਾ ਕਜੀਆ ਕਲੇਸ਼, ਪੁੱਤ ਦੇ ਕੌੜੇ ਬੋਲ, ਨਸ਼ਾ ਪੀ ਕੇ ਭੜਥੂ ਪਾਉਣਾ, ਅਵਾ-ਤਵਾ ਬੋਲਣਾ, ਹੁਣ ਝੱਲਿਆ ਨਹੀਂ ਜਾਂਦਾ ਸਾਥੋਂ। ਰੋਗੀ ਕਰ ਦਿੱਤਾ ਹੈ ਸਾਨੂੰ ਇਸ ਕੁੱਤੇ ਨੇ ...।” ਅਜਿਹੀ ਹਾਲਤ ਹਰ ਉਸ ਘਰ ਦੀ ਹੁੰਦੀ ਹੈ ਜਿੱਥੇ ਨਸ਼ਿਆਂ ਦੇ ਪ੍ਰਕੋਪ ਨੇ ਦਰਿੰਦਗੀ ਦੇ ਪੈਰ ਪਸਾਰੇ ਹਨ। ਉਸ ਘਰ ਦੀ ਤਰਸਯੋਗ ਸਥਿਤੀ ਇਸ ਤਰ੍ਹਾਂ ਦੀ ਹੁੰਦੀ ਹੈ:

ਹੁਣ ਇਹ ਹਾਲਤ ਅਸਾਡੇ ਘਰ ਦੀ ਹੈ,
ਮੁਸਕਰਾਹਟ ਵੀ ਜ਼ਖ਼ਮ ਕਰਦੀ ਹੈ।”

ਇੱਦਾਂ ਦੀ ਹੀ ਇੱਕ ਪੀੜਤ ਔਰਤ ਆਪਣੇ ਪਤੀ ਨੂੰ ਨਾਲ ਲੈ ਕੇ ਨਸ਼ਾ ਛੁਡਾਊ ਕੇਂਦਰ ਵਿਚ ਆ ਗਈ। ਔਰਤ ਨਾਲ ਉਸ ਦੀ ਸੱਸ ਅਤੇ ਭਰਾ ਵੀ ਆਇਆ ਸੀ।

“ਦਾਖਲ ਕਰਵਾਉਣੈ ਜੀ ਇਹਨੂੰ।” ਔਰਤ ਨੇ ਆਪਣੇ ਪਤੀ ਵੱਲ ਇਸ਼ਾਰਾ ਕਰਦਿਆਂ ਕਿਹਾ। ਕਾਊਂਸਲਿੰਗ ਕਰਦਿਆਂ ਇਹ ਗੱਲ ਸਾਹਮਣੇ ਆਈ ਕਿ ਨਸ਼ਈ ਦੀ ਭੁੱਕੀ ਅਤੇ ਸ਼ਰਾਬ ਦੀ ਲਤ ਨੇ ਘਰ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਓਂ ਪਤਲੀ ਕਰ ਦਿੱਤੀ ਸੀ। ਪਤਨੀ ਦੀਆਂ ਟੂੰਮਾਂ, ਜ਼ਮੀਨ ਅਤੇ ਹੋਰ ਨਿਕ-ਸੁਕ ਉਹ ਨਸ਼ੇ ਦੇ ਲੇਖੇ ਲਾ ਚੁੱਕਿਆ ਸੀ। ਉਦਾਸ ਖ਼ਾਮੋਸ਼ੀ ਦੀ ਇਬਾਰਤ ਉਸ ਦੀ ਪੀੜਤ ਪਤਨੀ ਅਤੇ ਮਾਂ ਦੇ ਚਿਹਰੇ ’ਤੇ ਉੱਕਰੀ ਹੋਈ ਸੀ। ਉਸ ਦੀ ਪਤਨੀ ਦਾ ਭਰਾ ਵੀ ਦੁਖੀ ਭੈਣ ਕਾਰਨ ਪੀੜਤ ਲੱਗ ਰਿਹਾ ਸੀ। ਨਸ਼ਈ ਮਰੀਜ਼ ਨੂੰ ਜਦੋਂ ਮੁੱਖ ਧਾਰਾ ਵਿਚ ਆਉਣ ਲਈ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉਹ ਆਪਣੇ ਪੈਰਾਂ ’ਤੇ ਪਾਣੀ ਨਹੀਂ ਸੀ ਪੈਣ ਦੇ ਰਿਹਾ। ਆਪਣੇ ਆਪ ਨੂੰ ਬਹੁਤ ਵੱਡਾ ‘ਖੱਬੀ ਖਾਨ’ ਸਮਝਦਿਆਂ ਉਹ ਕਹੀਆਂ ਗੱਲਾਂ ਨੂੰ ਟਿੱਚ ਸਮਝ ਰਿਹਾ ਸੀ। ਫਿਰ ਵੀ ਸਮਝਾ ਬੁਝਾਅ ਕੇ ਉਸ ਨੂੰ ਨਸ਼ਾ ਮੁਕਤ ਕਰਨ ਲਈ ਦਾਖਲ ਕਰ ਲਿਆ। ਉਸ ਨੂੰ ਵਾਰਡ ਵਿਚ ਭੇਜ ਕੇ ਮੈਂ ਬਾਕੀ ਪਰਿਵਾਰ ਨੂੰ ਸੰਸਥਾ ਦੇ ਨਿਯਮ ਸਮਝਾਉਣ ਦੇ ਨਾਲ-ਨਾਲ ਸਹਿਯੋਗ ਦੇਣ ਲਈ ਵੀ ਕਹਿ ਰਿਹਾ ਸੀ। ਨਸ਼ਈ ਦੀ ਪਤਨੀ ਦੇ ਅੱਥਰੂ ਰੁਕ ਨਹੀਂ ਸੀ ਰਹੇ। ਆਪ ਮੁਹਾਰੇ ਵਹਿੰਦੇ ਅੱਥਰੂਆਂ ਨੂੰ ਚੁੰਨ੍ਹੀ ਦੇ ਲੜ ਨਾਲ ਪੁੰਝਦਿਆਂ ਉਸ ਨੇ ਮੇਰੀ ਗੱਲ ਨੂੰ ਕੱਟ ਕੇ ਨਿਮਰਤਾ ਨਾਲ ਕਿਹਾ, “ਮੈਂ ਜੀ, ਥੋਨੂੰ ਇੱਕ ਅਰਜ਼ ਕਰਾਂ?”

ਦੱਸ ਬੀਬੀ ...?” ਮੈਂ ਹਮਦਰਦੀ ਭਰੇ ਲਹਿਜ਼ੇ ਵਿਚ ਕਿਹਾ।

ਜੀ, ਮੈਂ ਤਾਂ ਅੱਕੀ ਪਈ ਹਾਂ। ਪੋਟਾ-ਪੋਟਾ ਦੁਖੀ ਹਾਂ ਆਪਣੇ ਘਰਵਾਲੇ ਦੀਆਂ ਕਰਤੂਤਾਂ ਕਾਰਨ। ਇੱਧਰੋਂ ਮੈਂ ਕਿਵੇਂ ਨਾ ਕਿਵੇਂ ਘਰ ਚਲਾਉਨੀ ਆਂ ਅਤੇ ਦੂਜੇ ਪਾਸੇ ਇਹਨੂੰ ਰਾਤ ਬਰਾਤੇ ਬਾਹਰ ਡਿੱਗੇ ਪਏ ਨੂੰ ਚੁੱਕ ਕੇ ਵੀ ਲੈਕੇ ਆਉਨੀ ਆਂ। ਕਦੇ-ਕਦੇ ਅੱਕ ਕੇ ਜੀਅ ਕਰਦੈ ਬਈ ਖੂਹ ਖਾਤਾ ਗੰਦਾ ਕਰਕੇ ਮਰ ਜਾਂ। ਫਿਰ ਜਵਾਕਾਂ ਵੱਲ ਦੇਖ ਕੇ ਮਰਿਆ ਵੀ ਨਹੀਂ ਜਾਂਦਾ। ਤੁਸੀਂ ਇਹਨੂੰ ਦਾਖ਼ਲ ਕਰ ਲਉ ਜੀ। ਜੇ ਥੋਡੇ ਕੋਲ ਇਲਾਜ ਕਰਵਾਉਂਦਿਆਂ ਇਹ ਮਰ ਜਾਂਦੈ ਤਾਂ ਸਾਨੂੰ ਦੱਸਣ ਦੀ ਲੋੜ ਨਹੀਂ। ਇਹਨੂੰ ਇੱਥੇ ਹੀ ਫੂਕ ਦਿਉ। ਲੱਕੜਾ ਦੇ ਪੈਸੇ ਅਸੀਂ ਦੇ ਦਿਆਂਗੇ। ਹੁਣ ਵੀ ਕਿਹੜਾ ਮੈਂ ਸੁਹਾਗਣ ਆਂ ...।”

ਉਹਦੇ ਕਹੇ ਬੋਲਾਂ ਨੇ ਮੈਨੂੰ ਸੁੰਨ ਜਿਹਾ ਕਰ ਦਿੱਤਾ। ਉਸ ਪੋਟਾ ਪੋਟਾ ਦੁਖੀ ਔਰਤ ਵਿੱਚੋਂ ਮੈਂ ਨਸ਼ਈਆਂ ਦੀਆਂ ਉਨ੍ਹਾਂ ਪਤਨੀਆਂ ਦੇ ਨਕਸ਼ ਵੇਖ ਰਿਹਾ ਸੀ, ਜਿਨ੍ਹਾਂ ਦੇ ਪਤੀਆਂ ਨੇ ਨਸ਼ਿਆਂ ਦੀ ਦਲਦਲ ਵਿਚ ਧਸ ਕੇ ਘਰ ਦੀ ਸੁੱਖ ਸ਼ਾਂਤੀ ਨੂੰ ਲਾਂਬੂ ਲਾ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਕਰਤੂਤਾਂ ਕਾਰਨ ਔਰਤਾਂ ਨਾ ਆਪਣੇ ਆਪ ਨੂੰ ਸੁਹਾਗਣਾਂ ਸਮਝਦੀਆਂ ਹਨ ਅਤੇ ਨਾ ਹੀ ਰੰਡੀਆਂ। ਕਰੂਏ ਦਾ ਵਰਤ ਰੱਖ ਕੇ ਪਤੀ ਦੀ ਤੰਦਰੁਸਤੀ ਅਤੇ ਲੰਬੀ ਉਮਰ ਦੀ ਕਾਮਨਾ ਕਰਨ ਵਾਲੀਆਂ ਔਰਤਾਂ ਨਸ਼ਿਆਂ ਦੀ ਮਾਰੂ ਹਨੇਰੀ ਵਿਚ ਘਿਰੀਆਂ ਹੋਈਆਂ ਕਿਸ ਤਰ੍ਹਾਂ ਦਾ ਸੰਤਾਪ ਭੋਗ ਰਹੀਆਂ ਹਨ?

*****

(674)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author