“ਮੈਡੀਕਲ ਵਿਦਿਆਰਥੀਆਂ, ਖਾਸ ਕਰਕੇ ਰੈਜ਼ੀਡੈਂਟ ਡਾਕਟਰਾਂ ਨਾਲ ਹੁੰਦੀਆਂ ਵਧੀਕੀਆਂ ਬਾਰੇ ਸਮਾਜ ਅਨਜਾਣ ਹੈ। ਇਨ੍ਹਾਂ ...”
(25 ਅਗਸਤ 2024)
ਬੀਤੀ 9 ਅਗਸਤ 2024 ਨੂੰ ਕੋਲਕਾਤਾ ਦੇ ਇੱਕ ਸਰਕਾਰੀ ਮੈਡੀਕਲ ਕਾਲਜ ਆਰ.ਜੀ. ਕਰ ਵਿੱਚ ਪੋਸਟ ਗ੍ਰੈਜੂਏਸ਼ਨ ਕਰ ਰਹੀ ਇੱਕ ਮਹਿਲਾ ਡਾਕਟਰ ਨਾਲ ਹੋਈ ਦਰਿੰਦਗੀ ਦੀ ਮੰਦਭਾਗੀ ਘਟਨਾ ਨੇ ਮੈਡੀਕਲ ਖੇਤਰ ਦੇ ਨਾਲ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਸ ਨੇ ਔਰਤਾਂ ਦੀ ਸੁਰੱਖਿਆ ਦੇ ਪ੍ਰਬੰਧਾਂ ਨੂੰ ਹਾਸ਼ੀਏ ’ਤੇ ਪਹੁੰਚੇ ਹੋਣ ਦੀ ਗਵਾਹੀ ਭਰੀ ਹੈ। ਇਹ ਰੈਜ਼ੀਡੈਂਟ ਡਾਕਟਰ ਲਗਾਤਾਰ ਡਿਉਟੀਆਂ ਕਰਦੇ ਰਹਿਣ ਕਾਰਨ ਮਾਨਸਿਕ ਸੰਤਾਪ ਭੋਗਦੇ ਹਨ ਅਤੇ ਅਕਸਰ ਅਜਿਹੀਆਂ ਦਿਲ ਕੰਬਾਊ ਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਰੈਜ਼ੀਡੈਂਟ ਡਾਕਟਰ ਵੀ 36 ਘੰਟਿਆਂ ਤੋਂ ਵੀ ਜ਼ਿਆਦਾ ਲੰਮੇ ਸਮੇਂ ਤੋਂ ਆਪਣੀ ਡਿਉਟੀ ’ਤੇ ਤਾਇਨਾਤ ਸੀ। ਆਪਣੇ ਜੂਨੀਅਰ ਡਾਕਟਰਾਂ ਨਾਲ ਉਸ ਨੇ ਰਾਤ ਦਾ ਖਾਣਾ ਖਾਧਾ ਤੇ ਆਪਣੇ ਮਰੀਜ਼ਾਂ ਤੋਂ ਵਿਹਲੇ ਹੋ ਕੇ ਉਹ ਕੁਝ ਸਮਾਂ ਸੈਮੀਨਾਰ ਹਾਲ ਵਿੱਚ ਅਰਾਮ ਕਰਨ ਲਈ ਗਈ ਸੀ, ਜਿੱਥੇ ਉਸ ਨਾਲ ਇਸ ਪੱਧਰ ਦੀ ਵਧੀਕੀ ਹੋਈ ਕਿ ਅਗਲੇ ਦਿਨ ਉਸ ਦੀ ਅਰਧ ਨਗਨ ਮ੍ਰਿਤਕ ਦੇਹ ਦੇਖਣ ਵਾਲਿਆਂ ਦਾ ਕਲੇਜਾ ਫਟ ਗਿਆ। ਪੋਸਟਮਾਰਟਮ ਦੀ ਰਿਪੋਰਟ ਆਈ, ਉਸ ਨੂੰ ਪੜ੍ਹ ਸੁਣ ਕੇ ਲੂੰ ਕੰਡੇ ਖੜ੍ਹੇ ਹੁੰਦੇ ਹਨ ਤੇ ਉਨ੍ਹਾਂ ਹੈਵਾਨਾਂ ਦੀ ਹੈਵਾਨੀਅਤ ਅੱਖਾਂ ਸਾਹਮਣੇ ਕਿਸੇ ਰੀਲ ਵਾਂਗ ਘੁੰਮ ਜਾਂਦੀ ਹੈ। ਇਸਦੇ ਵਿਰੋਧ ਵਿੱਚ ਦੇਸ਼ ਦੇ ਸਾਰੇ ਡਾਕਟਰ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ। ਐਮਰਜੈਂਸੀ ਸੇਵਾਵਾਂ ਤੋਂ ਬਿਨਾਂ ਬਾਕੀ ਸੇਵਾਵਾਂ ਠੱਪ ਹੋ ਗਈਆਂ ਸਨ। ਹੁਣ ਇਹ ਵੱਡਾ ਸਵਾਲ ਹੈ ਕਿ ਲੋਕਾਂ ਦੀ ਜਾਨ ਬਚਾਉਣ ਵਾਲੇ ਇਨ੍ਹਾਂ ਡਾਕਟਰਾਂ ਦੇ ਜਾਨ ਮਾਲ ਦੀ ਰਾਖੀ ਲਈ ਕੌਣ ਜ਼ਿੰਮੇਵਾਰ ਹੈ?
ਰੈਜ਼ੀਡੈਂਟ ਡਾਕਟਰ ਹਸਪਤਾਲਾਂ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਇਨ੍ਹਾਂ ਤੋਂ ਬਗੈਰ ਮਰੀਜ਼ਾਂ ਦੀ ਸੁਚੱਜੀ ਦੇਖਭਾਲ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਸੀਨੀਅਰ ਡਾਕਟਰ ਓ.ਪੀ.ਡੀ. ਸੇਵਾਵਾਂ ਦੇਣ ਨਾਲ ਪ੍ਰਬੰਧਕੀ ਕੰਮ ਦੇਖਦੇ ਹਨ, ਜਿਸ ਕਾਰਨ ਉਹ ਹਰ ਵੇਲੇ ਹਾਜ਼ਰ ਨਹੀਂ ਹੋ ਸਕਦੇ ਜਿਸ ਕਰਕੇ ਇਹ ਰੈਜ਼ੀਡੈਂਟ ਹਰ ਸਮੇਂ ਆਪਣੀ ਡਿਉਟੀ ’ਤੇ ਤਾਇਨਾਤ ਮਿਲਦੇ ਹਨ। ਮਰੀਜ਼ਾਂ ਦੇ ਰਿਸ਼ਤੇਦਾਰ ਅਕਸਰ ਇਨ੍ਹਾਂ ਨਾਲ ਖਹਿਬੜਦੇ ਹਨ। ਮਰਨ ਦੀ ਕਗਾਰ ’ਤੇ ਪਏ ਮਰੀਜ਼ ਨੂੰ ਨਾ ਬਚਾ ਸਕਣ ਕਰਕੇ ਆਮ ਤੌਰ ’ਤੇ ਲੋਕ ਇਨ੍ਹਾਂ ਨਾਲ ਗਾਲੀ-ਗਲੌਚ ਕਰਦੇ ਹਨ, ਮਾਰ ਕੁਟਾਈ ਤਕ ਕਰਦੇ ਹਨ। ਮਈ 2023 ਵਿੱਚ ਕੇਰਲ ਦੇ ਇੱਕ ਹਸਪਤਾਲ ਵਿੱਚ ਇਲਾਜ ਲਈ ਲਿਆਂਦੇ ਮਰੀਜ਼ ਨੇ ਉੱਥੇ ਤਾਇਨਾਤ ਮਹਿਲਾ ਡਾਕਟਰ ਵੰਦਨਾ ਦਾਸ ’ਤੇ ਨਸ਼ੇ ਦੀ ਹਾਲਤ ਵਿੱਚ ਜਾਨ ਲੇਵਾ ਹਮਲਾ ਕੀਤਾ ਸੀ। ਸਾਰੇ ਉਸ ਡਾਕਟਰ ਨੂੰ ਇਕੱਲਾ ਛੱਡ ਕੇ ਦੌੜ ਗਏ ਸਨ, ਜਿਸ ਕਾਰਨ ਡਾਕਟਰ ਗ਼ੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ ਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ ਸੀ। ਸਾਲ 2019 ਵਿੱਚ ਕੋਲਕਾਤਾ (ਕਲਕੱਤਾ) ਦੇ ਇੱਕ ਹਸਪਤਾਲ ਵਿੱਚ ਇੱਕ ਬਜ਼ੁਰਗ ਦੀ ਮੌਤ ਤੋਂ ਭੜਕੇ ਲੋਕਾਂ ਨੇ ਉੱਥੇ ਤਾਇਨਾਤ ਸਿਹਤ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ ਸੀ, ਜਿਸ ਕਾਰਨ ਇੱਕ ਡਾਕਟਰ ਦੇ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ ਸੀ ਤੇ ਦੂਜੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ। ਉਸ ਵਕਤ ਇਸ ਹੌਲਨਾਕ ਘਟਨਾ ਦੇ ਵਿਰੋਧ ਵਿੱਚ ਸਮੂਹ ਡਾਕਟਰ ਭਾਈਚਾਰੇ ਨੇ ਦੇਸ਼ ਵਿਆਪੀ ਹੜਤਾਲ ਕਰਕੇ ਰੋਸ ਪ੍ਰਗਟਾਇਆ ਸੀ।
ਮੈਡੀਕਲ ਵਿਦਿਆਰਥੀਆਂ, ਖਾਸ ਕਰਕੇ ਰੈਜ਼ੀਡੈਂਟ ਡਾਕਟਰਾਂ ਨਾਲ ਹੁੰਦੀਆਂ ਵਧੀਕੀਆਂ ਬਾਰੇ ਸਮਾਜ ਅਨਜਾਣ ਹੈ। ਇਨ੍ਹਾਂ ਦੁਆਰਾ ਭੋਗੇ ਜਾ ਰਹੇ ਮਾਨਸਿਕ ਸੰਤਾਪ ਨੂੰ ਕੋਈ ਸਮਝਣ ਲਈ ਤਿਆਰ ਨਹੀਂ ਹੈ। ਇਨ੍ਹਾਂ ਦੇ ਸੀਨੀਅਰ ਡਾਕਟਰ ਅਤੇ ਵਿਭਾਗ ਮੁਖੀ ਇਨ੍ਹਾਂ ਨੂੰ ਮਨੁੱਖ ਨਾ ਸਮਝ ਕੇ ਪਸ਼ੂਆਂ ਦੀ ਤਰ੍ਹਾਂ ਨਿਰੰਤਰ ਕੰਮ ਲੈਂਦੇ ਹਨ। ਇਨ੍ਹਾਂ ਦੀਆਂ ਮਜਬੂਰੀਆਂ ਦਾ ਲਾਹਾ ਲੈਣ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ। ਮਹਿਲਾ ਵਿਦਿਆਰਥੀਆਂ ਦਾ ਵਿਭਾਗ ਮੁਖੀ ਜਾਂ ਕਾਲਜ ਪ੍ਰਬੰਧਕ ਜਿਣਸੀ ਸ਼ੋਸ਼ਣ ਤਕ ਕਰਦੇ ਹਨ। ਮਨ੍ਹਾਂ ਕਰਨ ’ਤੇ ਜਬਰੀ ਫੇਲ ਕਰਨ ਜਾਂ ਹੋਰ ਮਾਨਸਿਕ ਸੰਤਾਪ ਦੇਣ ਵਾਲੀਆਂ ਗਤੀਵਿਧੀਆਂ ਉਨ੍ਹਾਂ ਅਖੌਤੀ ਸੀਨੀਅਰਾਂ ਵੱਲੋਂ ਇਨ੍ਹਾਂ ਨਾਲ ਕੀਤੀਆਂ ਜਾਂਦੀਆਂ ਹਨ। ਮੈਡੀਕਲ ਖੇਤਰ ਵਿੱਚ ਇਹ ਮੰਦਭਾਗਾ ਰੁਝਾਨ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਕਿ ਸੀਨੀਅਰ ਡਾਕਟਰਾਂ ਦੁਆਰਾ ਆਪਣੇ ਜੂਨੀਅਰ (ਰੈਜ਼ੀਡੈਂਟ) ਡਾਕਟਰਾਂ ਨੂੰ ਮਰੀਜ਼ਾਂ ਸਾਹਮਣੇ ਹੀ ਜ਼ਲੀਲ ਕਰਨਾ, ਜਿਸ ਕਾਰਨ ਕਈ ਵਾਰ ਉਹ ਇਹ ਸਭ ਕੁਝ ਨਾ ਸਹਿੰਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਤਕ ਕਰ ਲੈਂਦੇ ਹਨ। ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਇਨ੍ਹਾਂ ਦੁਆਰਾ 36-48 ਘੰਟੇ ਦੀ ਲਗਾਤਾਰ ਡਿਉਟੀ ਕਰਨਾ, ਅਰਾਮ ਕਰਨ ਜਾਂ ਕੁਝ ਸਮਾਂ ਬੈਠਣ ਲਈ ਕਮਰੇ ਤਕ ਦਾ ਪ੍ਰਬੰਧ ਨਾ ਹੋਣਾ, ਗਰਮੀਆਂ ਵਿੱਚ ਏਸੀ ਤਾਂ ਦੂਰ ਦੀ ਗੱਲ, ਪੱਖੇ ਵੀ ਤਸੱਲੀਬਖਸ਼ ਹਾਲਤ ਵਿੱਚ ਨਹੀਂ ਹੁੰਦੇ। ਖਾਣ ਦਾ ਕੋਈ ਸਮਾਂ ਨਹੀਂ ਹੁੰਦਾ, ਕਈ ਵਾਰ ਤਾਂ ਕੰਮ ਦੀ ਬਹੁਤਾਤ ਕਰਕੇ ਖਾਣਾ ਵੀ ਨਸੀਬ ਨਹੀਂ ਹੁੰਦਾ। ਇਸ ਤੋਂ ਮਾੜੀ ਹਾਲਤ ਮਹਿਲਾ ਰੈਜ਼ੀਡੈਂਟ ਡਾਕਟਰਾਂ ਦੀ ਹੁੰਦੀ ਹੈ। ਮਾਹਵਾਰੀ ਦੇ ਦਿਨਾਂ ਦੌਰਾਨ ਉਨ੍ਹਾਂ ਨੂੰ ਸੈਨੇਟਰੀ ਪੈਡ ਤਕ ਬਦਲਣ ਲਈ ਸਖਤ ਮੁਸ਼ੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਤਸੱਲੀਬਖਸ਼ ਹਾਲਤ ਵਾਲੇ ਗੁਸਲਖਾਨੇ ਉੱਥੇ ਮੌਜੂਦ ਹੀ ਨਹੀਂ ਹੁੰਦੇ। ਇੱਥੇ ਇਹ ਵੱਡਾ ਸਵਾਲ ਹੈ ਕਿ ਲੱਖਾਂ ਰੁਪਏ ਖਰਚ ਕੇ, ਦਿਨ ਰਾਤ ਪੜ੍ਹ ਕੇ, ਫਿਰ ਵੀ ਅਜਿਹੇ ਹਾਲਾਤ ਵਿੱਚ ਡਾਕਟਰ ਬਣਨ ਵਾਲੇ ਬੱਚੇ ਕਿਵੇਂ ਇੱਥੇ ਟਿਕਣਗੇ, ਉਹ ਵਿਦੇਸ਼ਾਂ ਵੱਲ ਉਡਾਰੀ ਕਿਉਂ ਨਹੀਂ ਮਾਰਨਗੇ?
‘ਨਵਭਾਰਤ ਟਾਈਮਜ਼’ ਵਿੱਚ ਛਪੀ ਰਿਪੋਰਟ ਅਨੁਸਾਰ ਪਿਛਲੇ ਦਿਨੀਂ ਨੈਸ਼ਨਲ ਮੈਡੀਕਲ ਕਮਿਸ਼ਨ ਦੁਆਰਾ ਬਣਾਈ 15 ਮੈਂਬਰੀ ਟਾਸਕ ਫੋਰਸ ਨੇ ਦੇਸ਼ ਦੇ 38 ਹਜ਼ਾਰ ਮੈਡੀਕਲ ਵਿਦਿਆਰਥੀਆਂ, ਅਧਿਆਪਕਾਂ ਤੋਂ ਆਨਲਾਈਨ ਸਰਵੇ ਤਹਿਤ ਜਾਣਕਾਰੀ ਇਕੱਠੀ ਕੀਤੀ ਅਤੇ 150 ਸਫਿਆਂ ਦੀ ਆਪਣੀ ਵਿਸਤ੍ਰਿਤ ਰਿਪੋਰਟ ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਸੌਂਪੀ ਹੈ। ਇਸ ਤਰ੍ਹਾਂ ਇਸ ਸਮੱਸਿਆ ਦੀ ਜੜ੍ਹ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਅਤੇ ਪੰਦਰਾਂ ਸੁਝਾਅ ਵੀ ਦਿੱਤੇ ਹਨ। ਉਕਤ ਰਿਪੋਰਟ ਵਿੱਚ ਸਾਡੇ ਦੇਸ਼ ਦੇ ਮੈਡੀਕਲ ਵਿਦਿਆਰਥੀਆਂ ਦਾ ਤਣਾਅ, ਡਿਪਰੈਸ਼ਨ, ਕੰਮ ਦਾ ਬੋਝ, ਸਮਾਜਿਕ ਜੀਵਨ ਦਾ ਪ੍ਰਭਾਵਿਤ ਹੋਣਾ ਅਤੇ ਆਤਮ ਹੱਤਿਆ ਕਰਨ ਬਾਰੇ ਸੋਚਣਾ ਜਾਂ ਕਰਨਾ ਆਦਿ ਬਾਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕੀਤਾ ਗਿਆ ਹੈ। ਸਮੱਸਿਆ ਇੰਨੀ ਗੰਭੀਰ ਹੈ ਕਿ ਉਕਤ ਵਿਦਿਆਰਥੀ ਆਤਮ ਹੱਤਿਆ ਕਰਨ ਦੀ ਹੱਦ ਤਕ ਪਹੁੰਚ ਰਹੇ ਹਨ। ਟਾਸਕ ਫੋਰਸ ਦੇ ਕਮੇਟੀ ਮੈਂਬਰ ਡਾ. ਯੋਗੇਂਦਰ ਮਲਿਕ ਦਾ ਮੰਨਣਾ ਹੈ ਕਿ ‘ਇਹ ਆਮ ਦੇਖਣ ਨੂੰ ਮਿਲ ਰਿਹਾ ਹੈ ਕਿ ਦੇਸ਼ ਦੇ ਮੈਡੀਕਲ ਵਿਦਿਆਰਥੀਆਂ ’ਤੇ ਤਣਾਅ, ਡਿਪਰੈਸ਼ਨ, ਐਂਗਜ਼ਾਇਟੀ (ਚਿੰਤਾ) ਆਦਿ ਉਨ੍ਹਾਂ ’ਤੇ ਭਾਰੀ ਪੈ ਰਹੀ ਹੈ ਜਿਸ ਕਾਰਨ ਮਾਨਸਿਕ ਰੂਪ ਵਿੱਚ ਅਗਰ ਬਿਮਾਰ ਵਿਦਿਆਰਥੀ ਡਾਕਟਰ ਬਣਨਗੇ, ਇਸਦਾ ਅਸਰ ਮਰੀਜ਼ਾਂ ਦੀ ਸਿਹਤ ’ਤੇ ਵੀ ਪਵੇਗਾ।’
ਇਸ ਅਧਿਐਨ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਸਾਡੇ ਦੇਸ਼ ਦੇ ਪੰਜਾਹ ਫ਼ੀਸਦੀ ਤੋਂ ਜ਼ਿਆਦਾ ਮੈਡੀਕਲ ਵਿਦਿਆਰਥੀ ਤਣਾਅ ਦੇ ਸ਼ਿਕਾਰ ਪਾਏ ਗਏ ਹਨ। ਦੱਖਣ ਭਾਰਤ ਵਿੱਚ ਕੀਤੇ ਅਧਿਐਨ ਅਨੁਸਾਰ 37 ਫ਼ੀਸਦੀ ਮੈਡੀਕਲ ਵਿਦਿਆਰਥੀ ਡਿਪਰੈਸ਼ਨ, 51 ਫ਼ੀਸਦੀ ਤਣਾਅ ਆਦਿ ਨਾਲ ਜੂਝ ਰਹੇ ਹਨ। ਨੈਸ਼ਨਲ ਕਰਾਈਮ ਰਿਕਾਰਡ ਬਿਉਰੋ ਦੇ ਅੰਕੜਿਆਂ ਅਨੁਸਾਰ ਪਿਛਲੇ ਪੰਜ ਸਾਲਾਂ ਦੌਰਾਨ ਦੇਸ਼ ਦੇ 122 ਮੈਡੀਕਲ ਵਿਦਿਆਰਥੀਆਂ ਨੇ ਆਤਮ ਹੱਤਿਆ ਕੀਤੀ ਹੈ। ਇਨ੍ਹਾਂ ਵਿੱਚੋਂ 64 ਵਿਦਿਆਰਥੀ ਅੰਡਰ ਗ੍ਰੈਜੂਏਟ ਅਤੇ 58 ਪੋਸਟ ਗ੍ਰੈਜੂਏਟ ਸਨ। ਇੱਕ ਅੰਦਾਜ਼ੇ ਮੁਤਾਬਕ ਹਰ ਸਾਲ ਦੇਸ਼ ਅੰਦਰ 25-26 ਮੈਡੀਕਲ ਵਿਦਿਆਰਥੀ/ਰੈਜ਼ੀਡੈਂਟ ਡਾਕਟਰ ਆਤਮ ਹੱਤਿਆ ਕਰਦੇ ਹਨ।
ਇਸੇ ਰਿਪੋਰਟ ਵਿੱਚ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਦੱਸਿਆ ਹੈ ਕਿ ਉਕਤ ਸੰਸਥਾ ਦੁਆਰਾ ਸਾਲ 2022 ਵਿੱਚ ਕੀਤੇ ਅਧਿਐਨ ਅਨੁਸਾਰ ਜਨਵਰੀ 2010 ਤੋਂ ਦਸੰਬਰ 2019 ਤਕ ਦੇਸ਼ ਦੇ ਮੈਡੀਕਲ ਪ੍ਰਬੰਧ ਵਿੱਚ ਕੁੱਲ 358 ਆਤਮ ਹੱਤਿਆ ਦੀਆਂ ਘਟਨਾਵਾਂ ਦਰਜ ਹੋਈਆਂ। ਇਸ ਵਿੱਚ 125 ਮੈਡੀਕਲ ਵਿਦਿਆਰਥੀ, 105 ਰੈਜ਼ੀਡੈਂਟ ਡਾਕਟਰ ਅਤੇ 128 ਫਿਜ਼ੀਸ਼ੀਅਨ ਸਨ।
ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਨੈਸ਼ਨਲ ਮੈਡੀਕਲ ਕਮਿਸ਼ਨ ਟਾਸਕ ਫੋਰਸ ਨੇ ਕੁਝ ਸੁਝਾਅ ਦਿੱਤੇ ਹਨ, ਜੋ ਦੇਸ਼ ਦੇ ਸਾਰੇ ਮੈਡੀਕਲ ਕਾਲਜਾਂ/ ਹਸਪਤਾਲਾਂ ਨੂੰ ਮੰਨਣੇ ਪੈਣਗੇ ਤਾਂ ਜੋ ਮੈਡੀਕਲ ਵਿਦਿਆਰਥੀਆਂ ਅਤੇ ਰੈਜ਼ੀਡੈਂਟ ਡਾਕਟਰਾਂ ਦੇ ਮਾਨਸਿਕ ਸੰਤਾਪ ਨੂੰ ਘਟਾਇਆ ਜਾ ਸਕੇ। ਸਭ ਤੋਂ ਪਹਿਲਾਂ ਰੈਜ਼ੀਡੈਂਟ ਡਾਕਟਰਾਂ ਦੀ ਡਿਉਟੀ ਹਫਤੇ ਵਿੱਚ 74 ਘੰਟੇ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਅਤੇ ਹਫਤਾਵਾਰੀ ਛੁੱਟੀ ਹੋਵੇ। ਸਾਲ ਵਿੱਚ ਇੱਕ ਵਾਰ ਦਸ ਦਿਨਾਂ ਦੀ ਇਕੱਠੀ ਛੁੱਟੀ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਸਕਣ। ਈ-ਸ਼ਿਕਾਇਤ ਪੋਰਟਲ, ਪ੍ਰੀਖਿਆ ਦਾ ਨਤੀਜਾ ਰੋਲ ਨੰਬਰ ਅਨੁਸਾਰ ਹੋਵੇ ਨਾ ਕਿ ਪੂਰੀ ਜਮਾਤ ਦਾ ਇਕੱਠਾ ਨਤੀਜਾ ਨੋਟਿਸ ਬੋਰਡ ’ਤੇ ਲਗਾਇਆ ਜਾਵੇ। ਸਪਲੀਮੈਂਟਰੀ ਇਮਤਿਹਾਨ ਦੀ ਸ਼ੁਰੂਆਤ ਹੋਵੇ, ਜਾਣ ਬੁੱਝ ਕੇ ਫੇਲ ਕਰਕੇ ਪੈਸੇ ਕਮਾਉਣ ਵਾਲੇ ਕਾਲਜਾਂ ਨੂੰ ਮੋਟਾ ਜੁਰਮਾਨਾ ਲਗਾਇਆ ਜਾਵੇ ਆਦਿ।
ਉਪਰੋਕਤ ਸੁਝਾਵਾਂ ਤੋਂ ਬਿਨਾਂ ਕਾਲਜ ਪ੍ਰਬੰਧਕ, ਸੀਨੀਅਰ ਡਾਕਟਰ ਅਤੇ ਵਿਭਾਗ ਮੁਖੀ ਅਨੁਸ਼ਾਸਨ ਦੇ ਨਾਮ ’ਤੇ ਇਨ੍ਹਾਂ ਜੂਨੀਅਰ ਡਾਕਟਰਾਂ ਦਾ ਮਾਨਸਿਕ ਜਾਂ ਸਰੀਰਕ ਸ਼ੋਸ਼ਣ ਨਾ ਕਰਨ। ਇਨ੍ਹਾਂ ਨੂੰ ਆਪਣੇ ਬੱਚਿਆਂ ਵਾਂਗ ਸਮਝਣ ਤੇ ਵਿਵਹਾਰ ਕਰਨ। ਸਗੋਂ ਇਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਆਪ ਅੱਗੇ ਆ ਕੇ ਹੱਲ ਕਰਨ ਨੂੰ ਤਰਜੀਹ ਦੇਣ। ਗਲਤੀ ਹੋਣ ’ਤੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਸਾਹਮਣੇ ਜ਼ਲੀਲ ਨਾ ਕੀਤਾ ਜਾਵੇ। ਸੀਨੀਅਰ ਤਾਂ ਬੋਲ ਕੇ ਚਲੇ ਜਾਂਦੇ ਹਨ ਪਰ ਉਸ ਰੈਜ਼ੀਡੈਂਟ ਡਾਕਟਰ ਨੇ ਤਾਂ ਲਗਾਤਾਰ ਉੱਥੇ ਡਿਉਟੀ ਕਰਨੀ ਹੁੰਦੀ ਹੈ। ਇਸਦਾ ਮਾੜਾ ਨਤੀਜਾ ਇਹ ਨਿਕਲਦਾ ਹੈ ਕਿ ਮੌਤ ਦੀ ਕਗਾਰ ’ਤੇ ਪਹੁੰਚੇ ਅਗਰ ਕਿਸੇ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਲੋਕ ਸਮਝਦੇ ਹਨ ਕਿ ਇਸ ਨਲਾਇਕ ਡਾਕਟਰ ਦੀ ਨਲਾਇਕੀ ਕਾਰਨ ਸਾਡੇ ਮਰੀਜ਼ ਦੀ ਮੌਤ ਹੋਈ ਹੈ। ਸਭ ਤੋਂ ਵੱਡੀ ਗੱਲ, ਸਾਰੇ ਰੈਜ਼ੀਡੈਂਟ ਡਾਕਟਰ ਆਪਣੀ ਏਕਤਾ ਕਾਇਮ ਕਰਨ। ਜੇਕਰ ਕਿਸੇ ਇੱਕ ਨਾਲ ਵੀ ਬੇਇਨਸਾਫੀ ਹੁੰਦੀ ਹੈ ਤਾਂ ਸਾਰੇ ਉਸ ਦਾ ਡਟ ਕੇ ਸਾਥ ਦੇਣ ਅਤੇ ਮੂੰਹ ਤੋੜ ਜਵਾਬ ਦੇਣ। ਫਿਰ ਹੀ ਇਹ ਵਧੀਕੀਆਂ ਖਤਮ ਹੋ ਸਕਦੀਆਂ ਹਨ, ਨਹੀਂ ਤਾਂ ਕਿਸੇ ਦੀ ਆਬਰੂ, ਮਾਣ ਸਨਮਾਨ ਇਸੇ ਤਰ੍ਹਾਂ ਰੁਲਦਾ ਰਹੇਗਾ। ਹੋਰਨਾਂ ਵਿਭਾਗਾਂ ਦੇ ਮੁਕਾਬਲੇ ਮੈਡੀਕਲ ਖੇਤਰ ਵਿੱਚ ਲੋਕ ਆਪਣੇ ਲੋਕਾਂ ਦੀ ਹਰ ਸੰਭਵ ਮਦਦ ਕਰਨ ਤੋਂ ਕਤਰਾਉਂਦੇ ਹਨ ਜੋ ਮੰਦਭਾਗਾ ਹੈ। ਅਗਰ ਇਹ ਰੈਜ਼ੀਡੈਂਟ ਡਾਕਟਰ ਆਪ ਹੀ ਮਾਨਸਿਕ ਰੂਪ ਵਿੱਚ ਤੰਦਰੁਸਤ ਨਹੀਂ ਹੋਣਗੇ ਤਾਂ ਮਰੀਜ਼ਾਂ ਨੂੰ ਤੰਦਰੁਸਤੀ ਦਾ ਵਰਦਾਨ ਕਿਸ ਤਰ੍ਹਾਂ ਦੇਣਗੇ?
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5245)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.