“ਗ਼ਰੀਬ ਲੋਕਾਂ ਦਾ ਨਾ ਤਾਂ ਸਰੀਰਕ ਵਿਕਾਸ ਹੁੰਦਾ ਹੈ ਤੇ ਨਾ ਹੀ ਮਾਨਸਿਕ, ਉਹ ਸਾਰੀ ਉਮਰ ਰੋਟੀ ਲਈ ਖਪਦੇ ਮਰ ਜਾਂਦੇ ਹਨ ...”
(30 ਅਕਤੂਬਰ 2024)
ਸਾਲ 2024 ਦੇ ਖੁਰਾਕ ਦਿਵਸ ਮੌਕੇ ‘ਕੰਨਸਰਨ ਵਰਲਡਵਾਈਡ’ ਅਤੇ ‘ਵੈਲਥਅੰਗਰਹਿਲਫੇ (Welthungerhilfe)’ ਨਾਮੀ ਦੋ ਸੰਸਥਾਵਾਂ ਨੇ ਮਿਲ ਕੇ ਭੁੱਖਮਰੀ ਸੂਚਕ ਅੰਕ 2024 ਜਾਰੀ ਕੀਤਾ ਹੈ, ਜੋ ਹਰ ਸਾਲ ਜਾਰੀ ਕੀਤਾ ਜਾਂਦਾ ਹੈ। ਇਸ ਅੰਦਰ 0-100 ਤਕ ਸਕੋਰ ਹੁੰਦਾ ਹੈ ਜੋ ਪੰਜ ਸ੍ਰੇਣੀਆਂ ’ਤੇ ਅਧਾਰਿਤ ਹੁੰਦਾ ਹੈ। ਇਨ੍ਹਾਂ ਦੇ ਅਧਾਰ ’ਤੇ ਹੀ ਭੁੱਖਮਰੀ ਸੂਚਕ ਅੰਕ ਤਿਆਰ ਕੀਤਾ ਜਾਂਦਾ ਹੈ। ਇਸ ਸਾਲ 127 ਦੇਸ਼ਾਂ ਦੀ ਸੂਚੀ ਵਿੱਚ ਭਾਰਤ ਨੂੰ 23.7 ਸਕੋਰ ਨਾਲ 105ਵੇਂ ਸਥਾਨ ’ਤੇ ‘ਗੰਭੀਰ ਸ਼੍ਰੇਣੀ’ ਵਿੱਚ ਰੱਖਿਆ ਗਿਆ ਹੈ। ਭਾਰਤ ਉਨ੍ਹਾਂ 42 ਦੇਸ਼ਾਂ ਦੀ ਸੂਚੀ ਵਿੱਚ ਸ਼ਾਮਿਲ ਹੈ, ਜਿਨ੍ਹਾਂ ਨੂੰ ਗੰਭੀਰ ਸ਼੍ਰੇਣੀ ਵਿੱਚ ਰੱਖਿਆ ਹੈ, ਇਸ ਵਿੱਚ ਪਾਕਿਸਤਾਨ, ਅਫਗਾਨਿਸਤਾਨ ਵੀ ਸ਼ਾਮਿਲ ਹਨ।
ਸਾਲ 2020 ਵਿੱਚ 17 ਮੁਲਕਾਂ ਦਾ ਸਕੋਰ 5 ਤੋਂ ਘੱਟ ਸੀ ਅਤੇ ਚਾਡ ਦੇਸ਼ 44.7 ਸਕੋਰ ਨਾਲ ਆਖ਼ਰੀ ਸਥਾਨ 107ਵੇਂ ’ਤੇ ਸੀ। ਸੰਸਾਰ ਦੇ 37 ਮੁਲਕ ਸਾਲ 2030 ਤਕ ਵੀ ਸਿਫਰ ਭੁੱਖਮਰੀ ਸੂਚਕ ਅੰਕ ਦੇ ਨਿਸ਼ਾਨੇ ਨੂੰ ਪ੍ਰਾਪਤ ਨਹੀਂ ਕਰ ਸਕਣਗੇ। ਇਸ ਰਿਪੋਰਟ ਅਨੁਸਾਰ ਵਿਸ਼ਵ ਦੇ 690 ਮਿਲੀਅਨ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ। ਦੁਨੀਆਂ ਦੇ 107 ਦੇਸ਼ਾਂ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਭਾਰਤ 94ਵੇਂ ਸਥਾਨ ’ਤੇ ਸੀ ਅਤੇ ਭੁੱਖਮਰੀ ਸੂਚਕ ਅੰਕ 27.7 ਸਕੋਰ ਨਾਲ ‘ਗੰਭੀਰ ਸਥਿਤੀ’ ਵਿੱਚ ਬਣਿਆ ਹੋਇਆ ਸੀ। ਨੇਪਾਲ, ਪਾਕਿਸਤਾਨ, ਬੰਗਲਾਦੇਸ਼ ਅਤੇ ਇੰਡੋਨੇਸ਼ੀਆ ਦੀ ਸਥਿਤੀ ਭਾਰਤ ਤੋਂ ਬਿਹਤਰ ਦਰਸਾਈ ਗਈ ਸੀ। ਇਸੇ ਤਰ੍ਹਾਂ ਇਸੇ ਸੂਚਕ ਅੰਕ ਅਨੁਸਾਰ ਸੰਸਾਰ ਦੇ 13 ਦੇਸ਼ ਅਜਿਹੇ ਵੀ ਹਨ ਜਿਨ੍ਹਾਂ ਦੀ ਸਥਿਤੀ ਭਾਰਤ ਤੋਂ ਵੀ ਮਾੜੀ ਸੀ।
ਭਾਰਤ ਦੀ 14 ਫ਼ੀਸਦੀ ਅਬਾਦੀ ਅਲਪਪੋਸ਼ਿਤ ਹੈ ਤੇ ਬੱਚੇ ਵੀ ਕੁਪੋਸ਼ਣ ਦਾ ਸ਼ਿਕਾਰ ਪਾਏ ਗਏ ਹਨ। ਬੱਚਿਆਂ ਦੇ ਕੁਪੋਸ਼ਣ ਦੇ ਚਾਰ ਮਾਪਦੰਡ ਹਨ। ਪਹਿਲਾ, ਬੱਚੇ ਦੀ ਲੰਬਾਈ ਦੇ ਅਨੁਪਾਤ ਵਿੱਚ ਵਜ਼ਨ ਦਾ ਘੱਟ ਹੋਣਾ। ਇਸ ਵਿੱਚ ਸਾਲ 2010-14 ਤਕ 15 ਫ਼ੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਸਨ ਜਦਕਿ 2015-19 ਤਕ ਇਹ ਅੰਕੜਾ 17.3 ਫੀਸਦੀ ਹੋ ਗਿਆ ਸੀ। ਦੂਜਾ ਮਾਪਦੰਡ, ਉਮਰ ਦੇ ਅਨੁਪਾਤ ਵਿੱਚ ਕੱਦ ਦਾ ਘੱਟ ਹੋਣਾ। ਤੀਜਾ ਮਾਪਦੰਡ, ਬੱਚਿਆਂ ਦੀ ਮੌਤ ਦਰ ਅਤੇ ਚੌਥਾ ਸੰਤੁਲਿਤ ਆਹਾਰ ਦੇ ਕਾਰਨ ਉਤਪੰਨ ਕੁਪੋਸ਼ਣ।
ਦੱਖਣੀ ਏਸ਼ੀਆ ਭੁੱਖਮਰੀ ਕਾਰਨ ਲੰਮੇ ਸਮੇਂ ਤੋਂ ਸੁਰਖੀਆਂ ਵਿੱਚ ਹੈ, ਜਿੱਥੇ ਔਰਤਾਂ ਅਤੇ ਬੱਚੇ ਵੱਡੀ ਸੰਖਿਆ ਵਿੱਚ ਕੁਪੋਸ਼ਣ ਦਾ ਸ਼ਿਕਾਰ ਹਨ ਅਤੇ ਭੁੱਖਮਰੀ ਅਤੇ ਪੌਸ਼ਟਿਕ ਆਹਾਰ ਦੀ ਅਣਹੋਂਦ ਕਾਰਨ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਮਰਨ ਲਈ ਮਜਬੂਰ ਹਨ। ਵਿਸ਼ਵ ਦੇ 79.5 ਕਰੋੜ ਲੋਕ ਕੁਪੋਸ਼ਣ ਦੇ ਸ਼ਿਕਾਰ ਹਨ। ਨੌ ਵਿਅਕਤੀਆਂ ਵਿੱਚੋਂ ਇੱਕ ਕੁਪੋਸ਼ਣ ਦਾ ਸ਼ਿਕਾਰ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਸਾਡੇ ਦੇਸ਼ ਦੀ 17.5 ਫ਼ੀਸਦੀ ਜਨਸੰਖਿਆ, ਭਾਵ 21 ਕਰੋੜ ਲੋਕ ਭੁੱਖਮਰੀ ਦੇ ਸ਼ਿਕਾਰ ਹਨ। ਇੱਕ ਅੰਦਾਜ਼ੇ ਮੁਤਾਬਕ ਭਾਰਤ ਵਿੱਚ ਵਿਸ਼ਵ ਦੀ ਸਭ ਤੋਂ ਜ਼ਿਆਦਾ ਭੁੱਖਮਰੀ ਹੈ ਅਤੇ ਦੁਨੀਆਂ ਦੀ ਕੁੱਲ ਭੁੱਖਮਰੀ ਨਾਲ ਪੀੜਿਤ ਅਬਾਦੀ ਦਾ 25 ਫ਼ੀਸਦੀ ਭਾਗ ਭਾਰਤ ਵਿੱਚ ਨਿਵਾਸ ਕਰਦਾ ਹੈ। ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਵਿੱਚ ਭਾਰਤ 19ਵੇਂ ਸਥਾਨ ’ਤੇ ਸੀ। ਵਿਸ਼ਵ ਬੈਂਕ ਅਨੁਸਾਰ ਦੁਨੀਆਂ ਦੇ 49 ਫ਼ੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ, ਜਿਨ੍ਹਾਂ ਵਿੱਚੋਂ 34 ਫੀਸਦੀ ਬੱਚੇ ਭਾਰਤ ਵਿੱਚ ਹਨ। ਯੂਨੀਸੈੱਫ ਦੀ ਤਾਜ਼ਾ ਰਿਪੋਰਟ ਅਨੁਸਾਰ 42 ਫ਼ੀਸਦੀ ਬੱਚੇ ਭਾਰਤ ਵਿੱਚ ਕੁਪੋਸ਼ਣ ਦਾ ਸ਼ਿਕਾਰ ਹਨ, ਜਿਨ੍ਹਾਂ ਦੀ ਉਮਰ ਪੰਜ ਸਾਲ ਤੋਂ ਘੱਟ ਹੈ।
ਹਰੀ ਕ੍ਰਾਂਤੀ ਦੀ ਆਮਦ ਨਾਲ ਸਾਡੇ ਮੁਲਕ ਵਿੱਚ ਅੰਨ ਦੇ ਉਤਪਾਦਨ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ ਜਿਸ ਨੇ ਦੇਸ਼ ਦੀ ਅੰਨ ਭੰਡਾਰਨ ਸਮਰੱਥਾ ਨੂੰ ਲਬਰੇਜ਼ ਕੀਤਾ ਹੈ। ਬੇਤਹਾਸ਼ਾ ਅੰਨ ਦੀ ਪੈਦਾਵਾਰ ਹੋਣ ਦੇ ਬਾਵਜੂਦ ਗ਼ਰੀਬੀ ਦੀ ਦਲਦਲ ਕਾਰਨ ਦੇਸ਼ ਦੇ ਕਈ ਕਰੋੜ ਦੇਸ਼ ਵਾਸੀਆਂ ਦੀ ਪਹੁੰਚ ਤੋਂ ਦੂਰ ਹੈ, ਜਿਸਦੀ ਗਵਾਹੀ ਦੇਸ਼ ਅੰਦਰ ਭੁੱਖਮਰੀ ਦੀਆਂ ਵਾਪਰਦੀਆਂ ਘਟਨਾਵਾਂ ਭਰਦੀਆਂ ਹਨ। ਪਿਛਲੇ ਕਈ ਸਾਲਾਂ ਤੋਂ ਅਸਮਾਨ ਥੱਲੇ ਭੰਡਾਰ ਕੀਤਾ ਅਨਾਜ ਸੜ ਰਿਹਾ ਹੈ ਜਾਂ ਇੰਝ ਕਹਿ ਲਉ ਕਿ ਅਨਾਜ ਭੰਡਾਰਨ ਲਈ ਜਗ੍ਹਾ ਦੀ ਕਮੀ ਹੈ। ਸੜਿਆ ਅਨਾਜ ਨਦੀਆਂ ਨਹਿਰਾਂ ਵਿੱਚ ਵਹਾਇਆ ਜਾ ਰਿਹਾ ਹੈ, ਜਿਸ ਨੇ ਜਲ ਜੀਵ ਜਗਤ ਲਈ ਨਵੇਂ ਖਤਰੇ ਪੈਦਾ ਕੀਤੇ ਹਨ। ਇਸ ਪੂਰੇ ਘਟਨਾਕ੍ਰਮ ਦਾ ਨੋਟਿਸ ਲੈਂਦਿਆਂ ਦੇਸ਼ ਦੀ ਸਰਵ ਉੱਚ ਅਦਾਲਤ ਨੇ ਸਰਕਾਰ ਤੋਂ ਪੁੱਛਿਆ ਸੀ ਕਿ ਸੜ ਰਿਹਾ ਅਨਾਜ ਸਸਤੇ ਦਰ ’ਤੇ ਗ਼ਰੀਬਾਂ ਨੂੰ ਕਿਉਂ ਨਹੀਂ ਵੰਡਿਆ ਜਾ ਰਿਹਾ ਹੈ। ਮਾਣਯੋਗ ਅਦਾਲਤ ਦੀ ਇਸ ਟਿੱਪਣੀ ਨੂੰ ਨਕਾਰਿਆ ਨਹੀਂ ਜਾ ਸਕਦਾ ਸੀ। ਬਾਅਦ ਵਿੱਚ ਚਾਹੇ ਰਾਸ਼ਨ ਨਾਲ ਸੰਬੰਧਿਤ ਕਈ ਸਕੀਮਾਂ ਸਰਕਾਰਾਂ ਨੇ ਲਾਗੂ ਕੀਤੀਆਂ ਹਨ, ਜੋ ਅਜੇ ਵੀ ਲੋੜਵੰਦਾਂ ਦੀ ਪਹੁੰਚ ਤੋਂ ਦੂਰ ਹਨ। ਅਗਰ ਉਹ ਉਨ੍ਹਾਂ ਲੋਕਾਂ ਤਕ ਪਹੁੰਚੀਆਂ ਹੁੰਦੀਆਂ ਤਾਂ ਭੁੱਖਮਰੀ ਵਾਲਾ ਧੱਬਾ ਦੇਸ਼ ਦੇ ਮੱਥੇ ਤੋਂ ਕਦੋਂ ਦਾ ਧੋਤਾ ਜਾ ਚੁੱਕਿਆ ਹੋਣਾ ਸੀ।
ਗ਼ਰੀਬੀ ਦੇ ਅਰਥ ਗ਼ੁਲਾਮੀ ਹਨ ਤੇ ਗ਼ੁਲਾਮੀ ਦੇ ਅਰਥ ਨਰਕ ਹੋ ਨਿੱਬੜਦੇ ਹਨ। ਗ਼ਰੀਬ ਲੋਕਾਂ ਦਾ ਨਾ ਤਾਂ ਸਰੀਰਕ ਵਿਕਾਸ ਹੁੰਦਾ ਹੈ ਤੇ ਨਾ ਹੀ ਮਾਨਸਿਕ। ਉਹ ਸਾਰੀ ਉਮਰ ਰੋਟੀ ਲਈ ਖਪਦੇ ਮਰ ਜਾਂਦੇ ਹਨ। ਗ਼ਰੀਬੀ ਨੂੰ ਭਾਵੇਂ ਧਰਮਾਂ ਨੇ ਸਲਾਹਿਆ ਹੈ ਪਰ ਅਸਲ ਵਿੱਚ ਇਹ ਬੜੀ ਖੌਫ਼ਨਾਕ ਹੈ। ਜਿਸ ਤਰ੍ਹਾਂ ਫਿਲਮਾਂ ਵਿੱਚ ਜੰਗਲ ਦੀ ਰਾਤ ਬੜੀ ਰਮਣੀਕ ਦਿਖਾਈ ਜਾਂਦੀ ਹੈ, ਉਂਝ ਜੰਗਲ ਦੀ ਰਾਤ ਬੜੀ ਭਿਆਨਕ ਹੁੰਦੀ ਹੈ। ਸਾਡੇ ਮੁਕਾਬਲੇ ਪੱਛਮ ਦੇ ਲੋਕ ਜ਼ਿਆਦਾ ਧਾਰਮਿਕ ਨਹੀਂ ਹਨ ਪਰ ਉੱਥੇ ਖੁਸ਼ਹਾਲੀ ਸਾਡੇ ਨਾਲੋਂ ਜ਼ਿਆਦਾ ਹੈ। ਭਾਰਤ ਇੱਕ ਧਾਰਮਿਕ ਦੇਸ਼ ਹੈ, ਜਿਸ ਕਰਕੇ ਲੋਕ ਭਾਵੁਕਤਾ ਦੀ ਪਕੜ ਹੇਠ ਹਨ। ਧਰਮਾਂ ਨੇ ਪੈਸੇ ਨੂੰ ਰੁਹਾਨੀਅਤ ਦੇ ਰਾਹ ਦਾ ਰੋੜਾ ਦੱਸਿਆ ਹੈ ਤੇ ਮਾਇਆ ਨਾਗਣੀ ਜਿਹੇ ਸ਼ਬਦਾਂ ਦਾ ਇੰਦਰਜਾਲ ਬੁਣਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗ਼ਰੀਬ ਦੇਸ਼ ਦੇ ਲੋਕਾਂ ਦੇ ਦੇਵਤੇ, ਸੰਤ ਮਹਾਪੁਰਸ਼ ਬੜੇ ਅਮੀਰ ਹਨ। ਲੋਕਾਂ ਨੂੰ ਗ਼ਰੀਬੀ ਉੱਤਮ ਦੱਸਦੇ ਹੋਏ ਰੱਬ ਨੂੰ ਮਿਲਣ ਦੀ ਪਹਿਲੀ ਪੌੜੀ ਦੱਸਣ ਵਾਲੇ ਬਾਬਿਆਂ ਦੀ ਖੁਦ ਦੀ ਪ੍ਰਤੀਦਿਨ ਕਮਾਈ ਲੱਖਾਂ ਰੁਪਏ ਹੈ ਤੇ ਠਾਠ ਵਾਲਾ ਜੀਵਨ ਜਿਉਂਦੇ ਹਨ। ਇੱਕ ਅੰਦਾਜ਼ੇ ਮੁਤਾਬਕ ਅਗਰ ਧਾਰਮਿਕ ਸਥਾਨਾਂ ਦੇ ਸਰਮਾਏ ਨੂੰ ਹੀ ਲੋਕ ਭਲਾਈ ਹਿਤ ਵਰਤ ਲਿਆ ਜਾਵੇ ਤਾਂ ਲੋਕਾਂ ਦੇ ਬੁਰੇ ਦਿਨ ਅਰਾਮ ਨਾਲ ਖਤਮ ਹੋ ਸਕਦੇ ਹਨ।
ਵਿਸ਼ਵ ਬੈਂਕ ਦੀ ਇੱਕ ਰਿਪੋਰਟ ਅਨੁਸਾਰ ਭਾਰਤ ਦੇ 32.7 ਫੀਸਦੀ ਲੋਕ ਅੰਤਰਰਾਸ਼ਟਰੀ ਗਰੀਬੀ ਰੇਖਾ ਤੋਂ ਹੇਠਾਂ ਹਨ। ਉਨ੍ਹਾਂ ਦਾ ਰੋਜ਼ਾਨਾ ਖਰਚ 1.25 ਡਾਲਰ ਹੈ ਅਤੇ 68.7 ਫੀਸਦੀ ਲੋਕਾਂ ਦਾ ਰੋਜ਼ਾਨਾ ਦਾ ਖਰਚ ਕੇਵਲ ਦੋ ਡਾਲਰ ਹੈ। ਦੁਨੀਆਂ ਦੇ ਇੱਕ ਚੌਥਾਈ ਗਰੀਬ ਲੋਕ ਭਾਰਤ ਵਿੱਚ ਹਨ। ਗਰੀਬੀ, ਭੁੱਖਮਰੀ ਤੋਂ ਤੰਗ ਆਕੇ ਲੋਕ ਹਰ ਤਰ੍ਹਾਂ ਦਾ ਕੰਮ ਕਰਨ ਲਈ ਮਜਬੂਰ ਹੋ ਜਾਂਦੇ ਹਨ ਜੋ ਉਨ੍ਹਾਂ ਨੂੰ ਲੋਕਾਂ ਦਾ ਗੁਲਾਮ ਬਣਾਉਂਦਾ ਹੈ। ਗਲੋਬਲ ਸਲੇਵਰੀ ਇੰਡੈਕਸ ਅਨੁਸਾਰ ਵਿਸ਼ਵ ਵਿੱਚ 4 ਕਰੋੜ 50 ਲੱਖ ਗੁਲਾਮ ਹਨ। ਦੁਨੀਆਂ ਦੇ 167 ਦੇਸ਼ਾਂ ਵਿੱਚ ਭਾਰਤ ਨੂੰ ਸਭ ਤੋਂ ਵੱਧ ਗੁਲਾਮਾਂ ਵਾਲਾ ਦੇਸ਼ ਐਲਾਨਿਆ ਗਿਆ ਹੈ। ਭਾਰਤ ਵਿੱਚ 1.83 ਕਰੋੜ ਲੋਕ ਗੁਲਾਮ ਹਨ। ਇਹ ਦੇਸ਼ ਦੀ ਕੁੱਲ ਅਬਾਦੀ ਦਾ 1.4 ਫੀਸਦੀ ਹੈ। ਦਾਸ ਪ੍ਰਥਾ ਨੂੰ ਖਤਮ ਕਰਨ ਲਈ ਐਕਟ 1976 ਹੋਂਦ ਵਿੱਚ ਆਇਆ।
ਧਾਰਮਿਕਤਾ ਹੋਣ ਦੇ ਬਾਵਜੂਦ ਗਰੀਬ ਲੋਕ ਭੁੱਖ, ਗਰਮੀ ਸਰਦੀ, ਇਲਾਜ ਤੋਂ ਬਿਨਾਂ ਮਰਨ ਲਈ ਮਜਬੂਰ ਹਨ। ਇਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਜ਼ਰ ਨਹੀਂ ਆਉਂਦਾ। ਗਰੀਬੀ ਮਿਟਾਉਣ ਦੇ ਨਾਅਰੇ ਲਗਾਉਣ ਵਾਲੇ ਖੁਦ ਮਿਟ ਗਏ ਪਰ ਇਸ ਦੈਂਤ ਨੂੰ ਨਹੀਂ ਮਾਰ ਸਕੇ। ਦੇਸ ਅੰਦਰ ਇੱਕ ਪਾਸੇ ਲੋਕ ਜ਼ਿਆਦਾ ਖਾਣ ਕਰਕੇ ਮੋਟਾਪਾ ਅਤੇ ਇਸ ਤੋਂ ਪੈਦਾ ਹੁੰਦੀਆਂ ਬਿਮਾਰੀਆਂ ਤੋਂ ਪ੍ਰੇਸ਼ਾਨ ਹਨ। ਇਸਦੇ ਇਲਾਜ ਲਈ ਕਸਰਤ ਜਾਂ ਹੋਰ ਤਰੀਕੇ ਅਪਣਾਉਂਦੇ ਹਨ। ਦੂਜੇ ਪਾਸੇ ਗਰੀਬ ਲੋਕ ਹਨ, ਜਿਨ੍ਹਾਂ ਨੂੰ ਖਾਣ ਨੂੰ ਪੂਰਾ ਖਾਣਾ ਵੀ ਨਸੀਬ ਨਹੀਂ ਹੁੰਦਾ। ਦੇਸ਼ ਅੰਦਰ ਇਹ ਬੜੀ ਹਾਸੋਹੀਣੀ ਸਥਿਤੀ ਹੈ। ਗਰੀਬੀ ਰੂਪੀ ਡਾਇਣ ਗਰੀਬ ਬੱਚਿਆਂ ਦੀ ਪੜ੍ਹਾਈ ਸ਼ਰੇਆਮ ਨਿਗਲ ਰਹੀ ਹੈ ਤੇ ਉਹ ਸੁਪਨੇ ਮਾਰ ਕੇ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਨ, ਜਿਸਦਾ ਗਵਾਹ ਰੋਜ਼ ਦੀਆਂ ਨਸ਼ਰ ਹੁੰਦੀਆਂ ਖਬਰਾਂ ਹਨ। ਸਾਡੇ ਅਮੀਰ ਅਤੇ ਹਮਦਰਦ ਲੋਕਾਂ ਦੀ ਜੁਰਅਤ ਨਹੀਂ ਪੈਂਦੀ ਕਿ ਗਰੀਬ ਬੱਚਿਆਂ ਨੂੰ ਉਨ੍ਹਾਂ ਦਾ ਹੱਕ ਦਿਵਾ ਸਕਣ।
ਸਾਡਾ ਦੇਸ ਵਿਕਾਸਸ਼ੀਲ ਦੇਸ਼ਾਂ ਦੀ ਕਤਾਰ ਵਿੱਚ ਹੈ ਤੇ ਵਿਕਸਿਤ ਦੇਸ਼ਾਂ ਦੇ ਬਰਾਬਰ ਜਾਣ ਲਈ ਤਤਪਰ ਹੈ। ਗਰੀਬੀ, ਭੁੱਖਮਰੀ, ਗੁਲਾਮੀ ਅਤੇ ਭ੍ਰਿਸ਼ਟਾਚਾਰ ਸਾਰੇ ਵਿਕਾਸਸ਼ੀਲ ਦੇਸ਼ਾਂ ਦੀ ਸਮੱਸਿਆ ਹੈ। ਇਨ੍ਹਾਂ ਦੇ ਹੱਲ ਲਈ ਸੂਝਵਾਨ ਨੇਤਾ, ਪ੍ਰਬੰਧਕ ਇਮਾਨਦਾਰੀ ਨਾਲ ਚੰਗੀਆਂ ਨੀਤੀਆਂ ਲਾਗੂ ਕਰਨ ਲਈ ਪੂਰੇ ਦੇਸ ਦੀ ਇੱਕਜੁਟਤਾ ਲਾਜ਼ਮੀ ਹੈ। ਸੋਨੇ ਦੀ ਚਿੜੀ ਇਸ ਦੇਸ ਨੂੰ ਵਿਦੇਸ਼ੀ ਹਮਲਾਵਰਾਂ ਅਤੇ ਇੱਥੋਂ ਦੇ ਭ੍ਰਿਸ਼ਟ ਹਾਕਮਾਂ ਨੇ ਨੋਚ ਨੋਚ ਖਾ ਲਿਆ, ਇਸ ਕਰਕੇ ਕੁਦਰਤੀ ਨਿਆਮਤਾਂ ਨਾਲ ਲਬਰੇਜ਼ ਹੋਣ ਦੇ ਬਾਵਜੂਦ ਦੇਸ ਦੇ ਲੋਕ ਗੁਰਬਤ ਦੇ ਦਿਨ ਕੱਟਣ ਲਈ ਮਜਬੂਰ ਹਨ। ਇੱਥੋਂ ਦੇ ਲੋਕਾਂ ਦੀ ਗਰੀਬੀ ਦਾ ਮੁੱਖ ਕਾਰਨ ਅਨਪੜ੍ਹਤਾ, ਬੇਰੁਜ਼ਗਾਰੀ, ਸਹੀ ਨੀਤੀਆਂ ਦੀ ਕਮੀ, ਸਰਕਾਰਾਂ ਦੀ ਕਮਜ਼ੋਰ ਇੱਛਾ ਸ਼ਕਤੀ, ਭ੍ਰਿਸ਼ਟਾਚਾਰ ਆਦਿ ਹੈ। ਭ੍ਰਿਸ਼ਟਾਚਾਰ ਕਾਰਨ ਦੇਸ ਦਾ ਅਰਬਾਂ ਰੁਪਇਆ ਵਿਦੇਸ਼ੀ ਬੈਕਾਂ ਵਿੱਚ ਜਮ੍ਹਾਂ ਪਿਆ ਹੈ ਤੇ ਹੁਣ ਵੀ ਜਮ੍ਹਾਂ ਹੋ ਰਿਹਾ ਹੈ ਜੋ ਕਾਲਾ ਧਨ ਹੋਣ ਕਾਰਨ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਦੇ ਅਹਿਮ ਦਿਨ ਕਾਲੇ ਕਰ ਰਿਹਾ ਹੈ।
ਪਿਛਲੇ ਸਮੇਂ ਦੌਰਾਨ ਸਾਡੇ ਰਾਜਨੀਤਕ ਨੇਤਾਵਾਂ ਦੇ ਬੇਤੁਕੇ ਬਿਆਨ ਸਨ ਕਿ ਲੋਕ ਦਿੱਲੀ ਵਿੱਚ ਪੰਜ ਰੁਪਏ ਵਿੱਚ ਰੱਜ ਕੇ ਰੋਟੀ ਖਾ ਸਕਦੇ ਹਨ। ਉਦੋਂ ਉਨ੍ਹਾਂ ਨੂੰ ਪੁੱਛ ਲਿਆ ਜਾਣਾ ਚਾਹੀਦਾ ਸੀ ਕਿ ਅਜਿਹੀ ਜਗ੍ਹਾ ਦਾ ਪਤਾ ਜਨਤਕ ਕਰੋ ਤਾਂ ਜੋ ਭੁੱਖਮਰੀ ਦੇ ਸ਼ਿਕਾਰ ਲੋਕ ਉੱਥੇ ਜਾਕੇ ਆਪਣਾ ਪੇਟ ਭਰ ਸਕਣ। ਬੀਤੇ ਸਮੇਂ ਦੌਰਾਨ ਮੀਡੀਆ ਵਿੱਚ ਨਸ਼ਰ ਇਸ ਸ਼ਰਮਨਾਕ ਅਤੇ ਦੁੱਖਭਰੀ ਖ਼ਬਰ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਕਿ ਭੁੱਖਮਰੀ ਨੇ ਤਿੰਨ ਮਾਸੂਮਾਂ ਦੀ ਬਲੀ ਲੈ ਲਈ ਹੈ। ਇਹ ਖ਼ਬਰ ਕੋਈ ਭਾਰਤ ਦੇ ਕਿਸੇ ਦੂਰ ਦੁਰਾਡੇ ਇਲਾਕੇ ਦੀ ਨਹੀਂ ਸਗੋਂ ਦੇਸ਼ ਦੀ ਰਾਜਧਾਨੀ ਦਿੱਲੀ ਦੀ ਸੀ ਅਤੇ ਉਪਰੋਕਤ ਬਿਆਨ ਦੇਣ ਵਾਲੇ ਨੇਤਾਵਾਂ ਦੀ ਕਰਮਭੂਮੀ ਸੰਸਦ ਦੇ ਬਿਲਕੁਲ ਨੇੜੇ ਪੈਂਦੀ ਜਗ੍ਹਾ ਦੀ, ਜਿੱਥੇ ਇੱਕ ਗ਼ਰੀਬ ਬਦਨਸੀਬ ਬਾਪ ਆਪਣੇ ਮਾਸੂਮ ਬੱਚਿਆਂ ਲਈ ਇੱਕ ਸਮੇਂ ਦਾ ਖਾਣਾ ਵੀ ਨਹੀਂ ਜੁਟਾ ਸਕਿਆ। ਰਿਕਸ਼ਾ ਚਾਲਕ ਇਹ ਬਾਪ ਲੁਟੇਰਿਆਂ ਦੀ ਲੁੱਟ ਦਾ ਸ਼ਿਕਾਰ ਹੋਣ ਤੋਂ ਬਾਅਦ ਆਪਣੇ ਪਰਿਵਾਰ ਲਈ ਰੋਟੀ ਦਾ ਪ੍ਰਬੰਧ ਕਰਨ ਲਈ ਨਿੱਕਲਿਆ ਸੀ ਪਰ ਵਾਪਸ ਨਹੀਂ ਪਰਤਿਆ। ਇਸੇ ਦੌਰਾਨ ਉਨ੍ਹਾਂ ਮਾਸੂਮਾਂ ਨੇ ਦਮ ਤੋੜਿਆ ਅਤੇ ਪੋਸਟਮਾਰਟਮ ਦੀ ਰਿਪੋਰਟ ਨੇ ਇਹ ਖੁਲਾਸਾ ਕੀਤਾ ਕਿ ਕਈ ਦਿਨਾਂ ਤੋਂ ਬੱਚਿਆਂ ਦੇ ਪੇਟ ਅੰਦਰ ਅੰਨ ਦਾ ਦਾਣਾ ਤਕ ਨਹੀਂ ਗਿਆ ਸੀ।
ਪਿਛਲੇ ਸਾਲ ਪੱਛਮੀ ਬੰਗਾਲ ਵਿੱਚ ਆਧਾਰ ਕਾਰਡ ਨਾ ਹੋਣ ਕਾਰਨ ਰਾਸ਼ਨ ਡਿਪੂ ਵਿੱਚੋਂ ਰਾਸ਼ਨ ਨਾ ਮਿਲਣ ਕਾਰਨ ਇੱਕ ਪਰਿਵਾਰ ਦੇ ਕਈ ਜੀਆਂ ਦੀ ਭੁੱਖਮਰੀ ਨਾਲ ਮੌਤ ਹੋ ਗਈ ਸੀ। ਹਰ ਰੋਜ਼ ਵਾਪਰ ਰਹੀਆਂ ਅਜਿਹੀਆਂ ਮੰਦਭਾਗੀ ਘਟਨਾਵਾਂ ਡਿਜਿਟਲ ਭਾਰਤ ਦਾ ਮੂੰਹ ਚਿੜਾਉਂਦੀਆਂ ਹਨ ਅਤੇ ਧਾਰਮਿਕ-ਸਮਾਜਿਕ ਸੰਸਥਾਵਾਂ ਨੂੰ ਬਹੁਤ ਵੱਡੀ ਵੰਗਾਰ ਪਾਉਂਦਿਆਂ ਚੁਣੌਤੀ ਦਿੰਦੀਆਂ ਹਨ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5403)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.