GurtejSingh7ਇਨ੍ਹਾਂ ਦੀ ਦਹਿਸ਼ਤ ਤੋਂ ਆਮ ਲੋਕ ਇਸ ਕਦਰ ਪ੍ਰੇਸ਼ਾਨ ਹਨ ਕਿ ਉਨ੍ਹਾਂ ਨੂੰ ਆਪਣਾ ਦੇਸ਼ ...
(18 ਫਰਬਰੀ 2018)

 

ਦੇਸ਼ ਵਿੱਚ ਫਿਰਕੂ ਤਾਕਤਾਂ ਦਿਨੋ ਦਿਨ ਮਜ਼ਬੂਤ ਹੋ ਰਹੀਆਂ ਹਨ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਡੂੰਘੀ ਚਿੰਤਾ ਦਾ ਵਿਸ਼ਾ ਹੈਹਰ ਦਿਨ ਇਨ੍ਹਾਂ ਅਖੌਤੀ ਦੇਸ਼ਭਗਤ ਸੰਗਠਨਾਂ ਦੁਆਰਾ ਕੀਤੀਆਂ ਅਣਮਨੁੱਖੀ ਵਾਰਦਾਤਾਂ ਮੀਡੀਆ ਵਿੱਚ ਸੁਰਖੀਆਂ ਦੇ ਰੂਪ ਵਿੱਚ ਨਸ਼ਰ ਹੁੰਦੀਆਂ ਹਨਇਨ੍ਹਾਂ ਦੀ ਦਹਿਸ਼ਤ ਤੋਂ ਆਮ ਲੋਕ ਇਸ ਕਦਰ ਪ੍ਰੇਸ਼ਾਨ ਹਨ ਕਿ ਉਨ੍ਹਾਂ ਨੂੰ ਆਪਣਾ ਦੇਸ਼ ਆਪਣਾ ਨਹੀਂ ਲੱਗਦਾ ਬਲਕਿ ਖੁਦ ਨੂੰ ਅਲੱਗ ਥਲੱਗ ਮਹਿਸੂਸ ਕਰਦੇ ਹਨਇਸ ਆਪੋ ਧਾਪੀ ਨੇ ਦੇਸ਼ ਨੂੰ ਅੰਦਰੂਨੀ ਅਰਾਜਿਕਤਾ ਦੇ ਮੋੜ ’ਤੇ ਲਿਆ ਖੜ੍ਹਾ ਕੀਤਾ ਹੈ ਜਿਸਨੇ ਮੁਲਕ ਦੇ ਦੁਸ਼ਮਣਾਂ ਨੂੰ ਮਹਿਸੂਸ ਕਰਾਇਆ ਹੈ ਕਿ ਇਸ ਆਧੁਨਿਕ ਯੁਗ ਵਿੱਚ ਵੀ ਅਸੀਂ ਭਾਰਤੀ ਆਪਣੀ ਪੁਰਾਣੀ ਰੂੜੀਵਾਦੀ ਮਾਨਸਿਕਤਾ ਨੂੰ ਨਹੀਂ ਤਿਆਗ ਸਕੇਅਜੋਕੇ ਯੁੱਗ ਵਿੱਚ ਵੀ ਪ੍ਰਾਂਤਵਾਦ, ਮੁਲਕਵਾਦ ਤੇ ਭਾਸ਼ਾ ਦੇ ਫਰਕ ਨੂੰ ਅਸੀਂ ਆਪਣੇ ਦਿਲੋ ਦਿਮਾਗ ਵਿੱਚੋਂ ਨਹੀਂ ਕੱਢ ਸਕੇਇਤਿਹਾਸ ਗਵਾਹ ਹੈ ਇਸ ਆਪਸੀ ਖਹਿਬਾਜ਼ੀ ਨੇ ਹੀ ਮੁਲਕ ਨੂੰ ਗੁਲਾਮੀ ਦੇ ਸੰਗਲਾਂ ਵਿੱਚ ਬੰਨ੍ਹਿਆ ਸੀ

13ਵੀਂ ਸਦੀ ਵਿੱਚ ਵਾਪਰੇ ਇਤਿਹਾਸਿਕ ਘਟਨਾਕ੍ਰਮ ਅਲਾਉਦੀਨ ਖਿਲਜੀ ਅਤੇ ਰਾਜਪੂਤ ਰਾਜੇ ਰਤਨ ਸਿੰਘ ਵਿਚਕਾਰ ਹੋਏ ਯੁੱਧ ਦਾ ਚਿਤਰਣ ਫਿਲਮਕਾਰ ਸੰਜੇ ਲੀਲਾ ਭੰਸਾਲੀ ਨੇ ਫਿਲਮ ਪਦਮਾਵਤ ਬਣਾ ਕੇ ਕੀਤਾ ਜਿਸਦਾ ਵਿਰੋਧ ਕਰਨੀ ਸੈਨਾ ਨੇ ਇਹ ਆਖ ਕੇ ਕੀਤਾ ਕਿ ਇਸ ਵਿੱਚ ਰਾਣੀ ਪਦਮਾਵਤੀ ਦੇ ਕਿਰਦਾਰ ਨਾਲ ਛੇੜਛਾੜ ਕੀਤੀ ਗਈ ਹੈਫਿਲਮ ਨੂੰ ਲੈ ਕੇ ਇਨ੍ਹਾਂ ਲੋਕਾਂ ਨੇ ਬੜਾ ਹੜਕੰਪ ਮਚਾਇਆ ਹੋਇਆ ਸੀ ਅਤੇ ਗੁਰੂਗ੍ਰਾਮ ਵਿੱਚ ਪ੍ਰਦਰਸ਼ਨਕਾਰੀਆਂ ਨੇ ਹੱਦਾਂ ਪਾਰ ਕਰਦਿਆਂ ਇੱਕ ਸਕੂਲ ਬੱਸ ਨੂੰ ਨਿਸ਼ਾਨਾ ਬਣਾਇਆ ਜਿਸ ਵਿੱਚ ਮਸਾਂ ਮਸਾਂ ਮਾਸੂਮਾਂ ਦੀ ਜਾਨ ਬਚੀ ਸੀ

23 ਸਤੰਬਰ 2017 ਨੂੰ ਹੋਏ ਹਮਲੇ ਵਿੱਚ ਬਿਹਾਰ ਰੈਜਮੈਂਟ ਦੇ 18 ਸੈਨਿਕ ਸ਼ਹੀਦ ਹੋ ਗਏ ਸਨਇਸ ਮੰਦਭਾਗੀ ਘਟਨਾ ਨੇ ਦੇਸ਼ ਵਾਸੀਆਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਸਨ ਤੇ ਜਵਾਬੀ ਕਾਰਵਾਈ ਵਿੱਚ ਭਾਰਤੀ ਫੌਜ ਨੇ ਸਰਜੀਕਲ ਸਟਰਾਈਕ ਆਪ੍ਰੇਸ਼ਨ ਕਰਕੇ ਪਾਕਿ ਦੇ ਮਕਬੂਜ਼ਾ ਕਸ਼ਮੀਰ ਵਿੱਚ ਅੱਤਵਾਦੀਆਂ ਦੇ ਕੈਂਪ ਨਸ਼ਟ ਕਰਕੇ ਪਾਕਿ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਸੀਇਸੇ ਦੌਰਾਨ ਊਧਵ ਠਾਕਰੇ ਦੀ ਸ਼ਿਵ ਸੈਨਾ ਅਤੇ ਰਾਜ ਠਾਕਰੇ ਦੀ ਮਹਾਰਾਸ਼ਟਰ ਨਵਨਿਰਮਾਣ ਸੈਨਾ(ਮਨਸੇ) ਨੇ ਸਾਡੇ ਮੁਲਕ ਦੀ ਫਿਲਮ ਸਨਅਤ ਵਿੱਚ ਕੰਮ ਕਰ ਰਹੇ ਪਾਕਿ ਕਲਾਕਾਰਾਂ ਦਾ ਬਾਈਕਾਟ ਕਰਨ ਲਈ ਗੁੰਡਾਗਰਦੀ ਰੂਪੀ ਪ੍ਰਦਰਸ਼ਨ ਕੀਤੇ ਸਨ ਜੋ ਇਨ੍ਹਾਂ ਦਾ ਆਪੇ ਈਜ਼ਾਦ ਕੀਤਾ ਫਾਰਮੂਲਾ ਹੈ

ਬੀਤੇ ਅਕਤੂਬਰ ਮਹੀਨੇ ਵਿੱਚ ਨਿਰਮਾਤਾ ਨਿਰਦੇਸ਼ਕ ਕਰਨ ਜੌਹਰ ਦੀ ਫਿਲਮ “ਐ ਦਿਲ ਹੈ ਮੁਸ਼ਕਿਲ” ਦੀ ਰਿਲੀਜ਼ ਨੂੰ ਲੈਕੇ ਪੂਰੇ ਮਹਾਰਾਸਟਰ ਵਿੱਚ ਖਾਸ ਕਰਕੇ ਮੁੰਬਈ ਵਿੱਚ ਆਪੂ ਬਣੇ ਦੇਸ਼ਭਗਤ ਸ਼ਿਵ ਸੈਨਾ ਅਤੇ ਮਨਸੇ (ਮਹਾਰਾਸ਼ਟਰ ਨਵਨਿਰਮਾਣ ਸੈਨਾ) ਦੇ ਕਾਰਕੁੰਨਾਂ ਨੇ ਹੰਗਾਮਾ ਖੜ੍ਹਾ ਕੀਤਾ ਹੋਇਆ ਸੀਇਸ ਫਿਲਮ ਵਿੱਚ ਪਾਕਿ ਕਲਾਕਾਰਾਂ ਨੇ ਵੀ ਕੰਮ ਕੀਤਾ ਹੈਦਰਅਸਲ ਪਾਕਿ ਸਬੰਧਾਂ ਨੂੰ ਲੈਕੇ ਇਹ ਕਾਰਕੁੰਨ ਫਿਲਮ ਨਿਰਮਾਤਾਵਾਂ ਨੂੰ ਪਾਕਿ ਕਲਾਕਾਰਾਂ ਦਾ ਬਾਈਕਾਟ ਕਰਨ ਦੀ ਮੰਗ ਹਿੱਕ ਦੇ ਜ਼ੋਰ ’ਤੇ ਮਨਵਾਉਣ ਲਈ ਅੜੇ ਹੋਏ ਸਨਇਸ ਜ਼ਿੱਦ ਨੂੰ ਪੂਰਾ ਕਰਨ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਵਿਚੋਲਾ ਬਣਕੇ ਫਿਲਮ ਨਿਰਮਾਤਾਵਾਂ ਅਤੇ ਇਨ੍ਹਾਂ ਵਿਚਕਾਰ ਪੰਜ ਕਰੋੜ ਰੁਪਏ ਦਾ ਗੁੰਡਾ ਟੈਕਸ ਅਦਾ ਕਰਵਾ ਕੇ ਸਮਝੌਤਾ ਕਰਵਾਇਆ ਸੀਉਂਝ ਪੰਜ ਕਰੋੜ ਰੁਪਏ ਦੀ ਇਹ ਰਾਸ਼ੀ ਫੌਜ ਰਾਹਤ ਕੋਸ਼ ਵਿੱਚ ਜਮ੍ਹਾਂ ਕਰਾਉਣ ਦਾ ਅਹਿਦ ਲਿਆ ਗਿਆ ਸੀ ਪਰ ਫੌਜ ਨੇ ਇਹ ਰਾਸ਼ੀ ਕਿਸੇ ਵੀ ਕੀਮਤ ’ਤੇ ਲੈਣ ਤੋਂ ਇਨਕਾਰ ਕਰ ਦਿੱਤਾ ਸੀਇਹ ਵੀ ਯਕੀਨੀ ਬਣਾਇਆ ਗਿਆ ਕਿ ਇਹ ਫਿਲਮ ਨਿਰਮਾਤਾ ਭਵਿੱਖ ਵਿੱਚ ਕਿਸੇ ਵੀ ਪਾਕਿ ਕਲਾਕਾਰ ਨੂੰ ਆਪਣੀਆਂ ਫਿਲਮਾਂ ਵਿੱਚ ਕੰਮ ਨਹੀਂ ਦੇਣਗੇਅਗਰ ਦੇਖਿਆ ਜਾਵੇ ਤਾਂ ਇਹ ਕਲਾਕਾਰ ਭਾਰਤ ਸਰਕਾਰ ਦੀ ਆਗਿਆ ਨਾਲ ਹੀ ਕੰਮ ਕਰਨ ਆਏ ਹਨ, ਬਕਾਇਦਾ ਵਰਕ ਪਰਮਿਟ ਲੈ ਕੇ ਫਿਰ ਇਹ ਲੋਕ ਕੌਣ ਹੁੰਦੇ ਹਨ ਜੋ ਉਨ੍ਹਾਂ ਕਲਾਕਾਰਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਦੀਆਂ ਧਮਕੀਆਂ ਦੇਣ

ਇਸ ਪੂਰੇ ਵਰਤਾਰੇ ਨੇ ਸੋਚਣ ’ਤੇ ਮਜਬੂਰ ਕੀਤਾ ਹੈ ਕਿ ਸਾਡੇ ਦੇਸ਼ ਵਿੱਚ ਲੋਕਰਾਜੀ ਕਦਰਾਂ ਕੀਮਤਾਂ ਕਿੱਥੇ ਹਨਕਾਨੂੰਨ ਨਾਂਅ ਦੀ ਵਸਤੂ ਸਾਡੇ ਮੁਲਕ ਵਿੱਚ ਹੈ ਵੀ ਜਾਂ ਫਿਰ ਦੇਸ਼ ਗੁੰਡਿਆਂ ਦੀ ਕਠਪੁਤਲੀ ਬਣ ਗਿਆ ਹੈਸ਼ਿਵ ਸੈਨਾ ਜਾਂ ਮਨਸੇ ਨੂੰ ਮਜ਼ਬੂਤ ਹੋਣ ਦਾ ਸਮਾਂ ਕਿਸਨੇ ਦਿੱਤਾ ਹੈ? ਅਤੇ ਮਨਮਾਨੀ ਰੋਕਣ ਲਈ ਪ੍ਰਸ਼ਾਸਨ ਬੇਵੱਸ ਕਿਉਂ ਰਿਹਾ ਹੈ? ਇਹ ਸੰਗਠਨ ਰਾਜਨੀਤਕ ਤੌਰ ’ਤੇ ਮਜ਼ਬੂਤ ਹੋਣ ਦੀ ਹੋੜ ਵਿੱਚ ਹਨਮਨਸੇ ਨੂੰ ਪਿਛਲੀਆਂ ਚੋਣਾਂ ਵਿੱਚ ਕੇਵਲ ਇੱਕ ਸੀਟ ਮਿਲੀ ਸੀ ਅਤੇ ਸ਼ਿਵ ਸੈਨਾ ਕੁਝ ਵੱਧ ਸੀਟਾਂ ਪ੍ਰਾਪਤ ਕਰ ਗਈ ਸੀਕੁਝ ਵੀ ਹੋਵੇ, ਕੋਈ ਵੀ ਸੰਵਿਧਾਨ ਤੋਂ ਉੱਪਰ ਨਹੀਂ ਹੋ ਸਕਦਾ ਫਿਰ ਇਹ ਕੌਣ ਹੁੰਦੇ ਹਨ ਜੋ ਅਜਿਹੇ ਫਤਵੇ ਜਾਰੀ ਕਰ ਸਕਣ ਅਤੇ ਸਮਝੌਤੇ ਕਰਨਸੂਬੇ ਦੇ ਮੁੱਖ ਮੰਤਰੀ ਨੂੰ ਚਾਹੀਦਾ ਸੀ ਕਿ ਉਹ ਇਨ੍ਹਾਂ ਨਾਲ ਸਖਤੀ ਨਾਲ ਨਜਿੱਠਦੇ ਪਰ ਉਹ ਤਾਂ ਝੁਕ ਕੇ ਵਿਚੋਲਗੀ ਕਰਨ ਲੱਗ ਪਏ ਸਨਵਿਚਾਰੇ ਫਿਲਮ ਨਿਰਮਾਤਾ ਬੇਵੱਸ ਸਨ ਉਨ੍ਹਾਂ ਦੇ ਕਰੋੜਾਂ ਰੁਪਏ ਫਿਲਮ ’ਤੇ ਲੱਗੇ ਸਨ ਜਿਸ ਕਾਰਨ ਉਹ ਅਜਿਹਾ ਕਰਨ ਲਈ ਮਜਬੂਰ ਸਨਉਨ੍ਹਾਂ ਦੇ ਨਾਲ ਸੈਂਕੜੇ ਲੋਕਾਂ ਦੀ ਉਪਜੀਵਕਾ ਵੀ ਤਾਂ ਜੁੜੀ ਹੋਈ ਹੈ ਜਿਨ੍ਹਾਂ ਦੇ ਸਹਿਯੋਗ ਨਾਲ ਫਿਲਮ ਦਾ ਨਿਰਮਾਣ ਪੂਰਾ ਹੋਇਆ ਸੀਇਨ੍ਹਾਂ ਦੇਸ਼ ਭਗਤਾਂ ਨੂੰ ਉਹ ਗਰੀਬ ਕਿਧਰੇ ਨਜ਼ਰ ਹੀ ਨਹੀਂ ਆਏ ਕਿਉਂਕਿ ਅਗਰ ਫਿਲਮ ਰਿਲੀਜ਼ ਨਾ ਹੁੰਦੀ ਤਾਂ ਇਨ੍ਹਾਂ ਦੇ ਮਿਹਨਤਾਨੇ ਦੀ ਅਦਾਇਗੀ ਮੁਸ਼ਕਿਲ ਹੋ ਜਾਂਦੀ

ਭਾਰਤ ਪਾਕਿ ਰਿਸ਼ਤੇ ਸਿਆਸਤਦਾਨਾਂ ਦੇ ਦੋਗਲੇ ਨਜ਼ਰੀਏ ਨੇ ਕਦੇ ਵੀ ਸੁਖਾਵੇਂ ਨਹੀਂ ਹੋਣ ਦਿੱਤੇਉਂਝ ਦੋਵਾਂ ਮੁਲਕਾਂ ਦੇ ਲੋਕ ਆਪਸੀ ਭਾਈਚਾਰਕ ਸਾਂਝ ਕਾਇਮ ਕਰਨ ਦੇ ਹੱਕ ਵਿੱਚ ਹਨਇਸ ਵਿੱਚ ਕਲਾ ਦੇ ਖੇਤਰ ਨਾਲ ਜੁੜੀਆਂ ਸਖਸ਼ੀਅਤਾਂ ਨੇ ਬਹੁਤ ਅਹਿਮ ਰੋਲ ਨਿਭਾਇਆ ਹੈਦੋਵਾਂ ਮੁਲਕਾਂ ਦੀ ਹੱਦ ਟੱਪ ਕੇ ਗੀਤ ਸੰਗੀਤ ਲੋਕਾਂ ਦੀ ਰਗ ਰਗ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਬੇਰੋਕ ਦੌੜਦਾ ਹੈਹੱਦਾਂ ਸਰਹੱਦਾਂ ਤੋਂ ਪਾਰ ਦਿਲਾਂ ਨੂੰ ਜੋੜਨ ਵਾਲੇ ਸੰਜੀਦਾ ਕਲਾਕਾਰਾਂ ਦੀ ਦੋਵੇਂ ਪਾਸੇ ਰੱਬ ਜਿੰਨੀ ਮਾਣਤਾ ਹੈਉੱਘੇ ਸੂਫੀ ਗਾਇਕ ਨੁਸਰਤ ਫਤਹਿ ਅਲੀ ਖਾਨ ਭਾਵੇਂ ਪਾਕਿਸਤਾਨੀ ਸਰਜ਼ਮੀਨ ਦੇ ਜੰਮਪਲ ਸਨ ਅਤੇ ਉਨ੍ਹਾਂ ਦਾ ਭਤੀਜਾ ਰਾਹਤ ਫਤਹਿ ਅਲੀ ਖਾਨ ਵੀ ਕਰਾਚੀ ਨਾਲ ਸਬੰਧ ਰੱਖਦਾ ਹੈ ਪਰ ਉਨ੍ਹਾਂ ਦੋਵਾਂ ਦੀ ਕਲਾ ਦੇ ਪੂਰੇ ਵਿਸ਼ਵ ਦੇ ਨਾਲ ਸਾਡੇ ਮੁਲਕ ਵਿੱਚ ਵੀ ਲੱਖਾਂ ਮੁਰੀਦ ਹਨਹੋਰ ਵੀ ਅਣਗਿਣਤ ਫਨਕਾਰਾਂ ਦੇ ਨਾਂਅ ਗਿਣੇ ਜਾ ਸਕਦੇ ਹਨ ਜੋ ਇੱਕੋ ਸਮੇਂ ਦੋਵਾਂ ਮੁਲਕਾਂ ਦੇ ਆਵਾਮ ਦੇ ਦਿਲਾਂ ’ਤੇ ਰਾਜ ਕਰਦੇ ਰਹੇ ਹਨ ਅਤੇ ਰਹਿੰਦੀ ਦੁਨੀਆਂ ਤੱਕ ਰਾਜ ਕਰਦੇ ਰਹਿਣਗੇ ਕਿਉਂ ਕਲਾ ਜਾਤ ਪਾਤ, ਰੰਗ ਰੂਪ, ਧਰਮ, ਹੱਦਾਂ ਸਰਹੱਦਾਂ ਤੋਂ ਪਾਰ ਦੇਖਣ ਦਾ ਹੌਸਲਾ ਜੁ ਰੱਖਦੀ ਹੈ

ਅਗਰ ਬੀਤੇ ’ਤੇ ਝਾਤ ਮਾਰੀਏ ਤਾਂ ਇਨ੍ਹਾਂ ਅਖੌਤੀ ਦੇਸ਼ ਭਗਤ ਸੰਗਠਨਾਂ ਦੀਆਂ ਘਿਨਾਉਣੀਆਂ ਕਰਤੂਤਾਂ ਲੂੰ ਕੰਡੇ ਖੜ੍ਹੇ ਕਰਦੀਆਂ ਹਨਇੱਕ ਪਾਸੇ ਤਾਂ ਫੌਜ ਦੇ ਸਨਮਾਨ ਹਿਤ ਇਨ੍ਹਾਂ ਪਾਕਿ ਕਲਾਕਾਰਾਂ ਦੇ ਬਾਈਕਾਟ ਦਾ ਐਲਾਨ ਕੀਤਾ ਸੀ ਪਰ ਅਜਿਹਾ ਕਰਨ ਸਮੇਂ ਇਹ ਕਿਵੇਂ ਭੁੱਲ ਗਏ ਕਿ ਉਹ ਫੌਜੀ ਜਵਾਨ ਬਿਹਾਰ ਰਾਜ ਦੇ ਸਨ ਜਿੱਥੋਂ ਦੇ ਬਾਸ਼ਿੰਦਿਆਂ ਨਾਲ ਇਹ ਸਦਾ ਅਮਾਨਵੀ ਵਿਵਹਾਰ ਕਰਦੇ ਹਨਅਜਿਹੀਆਂ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ ਜਿਨ੍ਹਾਂ ਵਿੱਚ ਬਿਹਾਰ ਤੋਂ ਮਹਾਰਾਸ਼ਟਰ ਆਏ ਲੋਕਾਂ ਦੀ ਇਨ੍ਹਾਂ ਸੰਗਠਨਾਂ ਦੇ ਕਾਰਕੁੰਨਾਂ ਨੇ ਮਾਰ ਕੁਟਾਈ ਕੀਤੀਇਨ੍ਹਾਂ ਅਨੁਸਾਰ ਮਹਾਰਾਸ਼ਟਰ ਸਿਰਫ ਮਰਾਠਿਆਂ ਦੀ ਭੂਮੀ ਹੈ, ਹੋਰ ਕਿਸੇ ਨੂੰ ਖਾਸ ਕਰਕੇ ਉੱਤਰ ਪੂਰਬੀ ਰਾਜਾਂ ਦੇ ਲੋਕਾਂ ਨੂੰ ਇੱਥੇ ਆਉਣ ਦਾ ਕੋਈ ਅਧਿਕਾਰ ਨਹੀਂ ਹੈਕੁਝ ਸਾਲ ਪਹਿਲਾਂ ਰੇਲਵੇ ਭਰਤੀ ਦਾ ਪੇਪਰ ਦੇਣ ਆਏ ਬਿਹਾਰ ਦੇ ਉਮੀਦਵਾਰਾਂ ਨੂੰ ਸ਼ਿਵ ਸੈਨਿਕਾਂ ਨੇ ਰੇਲਵੇ ਸਟੇਸ਼ਨ ’ਤੇ ਭਜਾ ਭਜਾ ਕੇ ਕੁੱਟਿਆ ਸੀ ਤੇ ਬਿਨਾਂ ਪੇਪਰ ਦਿੱਤੇ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ ਸੀਹੋਰ ਤਾਂ ਹੋਰ ਇੱਕ ਨਿਹੱਥੇ ਦੁਰਬਲ ਬਿਹਾਰੀ ਉਮੀਦਵਾਰ ਨੂੰ ਪ੍ਰੀਖਿਆ ਭਵਨ ਵਿੱਚੋਂ ਬਾਹਰ ਕੱਢ ਕੇ ਸ਼ਰੇਆਮ ਕੁੱਟ ਕੁੱਟ ਕੇ ਮਾਰ ਦਿੱਤਾ ਸੀਪੰਦਰਾਂ ਸਾਲ ਪਹਿਲਾਂ ਇਨ੍ਹਾਂ ਸੰਗਠਨਾਂ ਦੇ ਕਾਰਕੁੰਨਾਂ ਨੇ ਮੁੰਬਈ ਵਿੱਚ ਆਪਣੇ ਇੱਕ ਨੇਤਾ ਦੀ ਮੌਤ ਦੇ ਰੋਸ ਵਿੱਚ ਹਸਪਤਾਲ ਸਾੜ ਦਿੱਤਾ ਸੀ ਜਿਸ ਵਿੱਚ ਬੱਚਿਆਂ, ਬਜ਼ੁਰਗਾਂ ਦੇ ਨਾਲ ਹੋਰ ਵੀ ਮਰੀਜ਼ ਜਲ ਗਏ ਸਨ, ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ

ਪਿੱਛੇ ਜਿਹੇ ਸ਼ਿਵ ਸੈਨਾ ਪ੍ਰਧਾਨ ਬਾਲ ਠਾਕਰੇ ਦੀ ਸਮਾਧੀ ਨੂੰ ਲੈਕੇ ਵੀ ਮੁੰਬਈ ਵਿੱਚ ਝੱਜੂ ਪਿਆ ਸੀ ਉਸਦੇ ਚੇਲਿਆਂ ਨੇ ਮੁੰਬਈ ਬੰਦ ਕਰਾ ਦਿੱਤੀ ਸੀ ਤੇ ਉਨ੍ਹਾਂ ਦਾ ਵਿਰੋਧ ਇੱਕ ਸ਼ਰੀਫ ਘਰ ਦੀ ਕੁੜੀ ਨੇ ਸੋਸ਼ਲ ਸਾਈਟ ’ਤੇ ਇਹ ਕਹਿਕੇ ਕਰ ਦਿੱਤਾ ਕਿ ਬੰਦ ਸ਼ਿਵ ਸੈਨਾ ਪ੍ਰਧਾਨ ਪ੍ਰਤੀ ਸ਼ਰਧਾ ਕਰਕੇ ਨਹੀਂ, ਬਲਕਿ ਡਰ ਕਰਕੇ ਸੀਬੱਸ ਫਿਰ ਕੀ, ਸ਼ਿਵ ਸੈਨਾ ਵਾਲੇ ਵੈਲੀਆਂ ਨੇ ਉਸਦੇ ਰਿਸ਼ਤੇਦਾਰ ਦੀ ਦੁਕਾਨ ਵਿੱਚ ਭੰਨ ਤੋੜ ਕੀਤੀ ਤੇ ਧਮਕੀਆਂ ਦਿੱਤੀਆਂ ਸਨ

ਪਿਛਲੇ ਲੰਮੇ ਸਮੇਂ ਤੋਂ ਆਵਾਰਾ ਪਸ਼ੂਆਂ ਦੀ ਬੇਤਹਾਸ਼ਾ ਵਧਦੀ ਆਬਾਦੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਅਥਾਹ ਵਾਧਾ ਕੀਤਾ ਹੈਇਹ ਆਵਾਰਾ ਪਸ਼ੂ ਆਏ ਦਿਨ ਦੁਰਘਟਨਾਵਾਂ ਦਾ ਕਾਰਨ ਬਣਦੇ ਹਨਮੁਲਕ ਵਿੱਚ ਗਊਆਂ ਦੀ ਵੱਡੀ ਗਿਣਤੀ ਆਵਾਰਾ ਹੈ ਜਿਸ ਕਾਰਨ ਉਨ੍ਹਾਂ ਦੀ ਸਾਂਭ ਸੰਭਾਲ ਲਈ ਕਈ ਸੰਗਠਨ ਕੰਮ ਕਰਨ ਦਾ ਦਾਅਵਾ ਕਰਦੇ ਹਨ ਤੇ ਗਊਆਂ ਦੀ ਰਾਖੀ ਲਈ ਵਚਨਬੱਧਤਾ ਪ੍ਰਗਟਾਉਂਦੇ ਹਨਇਸੇ ਵਚਨਬੱਧਤਾ ਦੀ ਆੜ ਹੇਠ ਕਈ ਅਖੌਤੀ ਗਊ ਰੱਖਿਅਕ ਸੰਗਠਨਾਂ ਨੇ ਆਮ ਲੋਕਾਂ ਨੂੰ ਤੰਗ ਕੀਤਾ ਹੋਇਆ ਹੈਗਊਆਂ ਦੀ ਤਸਕਰੀ ਰੋਕਣ ਲਈ ਰਾਤ ਨੂੰ ਨਾਕੇ ਲਗਾ ਕੇ ਵਾਹਨ ਚਾਲਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਧੌਂਸ ਜਮਾਕੇ ਪੈਸਾ ਵਸੂਲਿਆ ਜਾਂਦਾ ਹੈਇਨ੍ਹਾਂ ਦੀ ਗੁੰਡਾਗਰਦੀ ਦਾ ਸ਼ਿਕਾਰ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਬਲਕਿ ਸ਼ਰੇਆਮ ਇਹ ਦਾਦਾਗਿਰੀ ਕਰਦੇ ਹਨ ਪਰ ਪ੍ਰਸ਼ਾਸਨ ਸਭ ਕੁਝ ਦੇਖ ਕੇ ਅਣਡਿੱਠਾ ਕਰ ਦਿੰਦਾ ਹੈਗੁਜਰਾਤ ਵਿੱਚ ਮਰੀ ਗਊ ਦਾ ਚਮੜਾ ਉਤਾਰਨ ਕਰਕੇ ਦਲਿਤ ਨੌਜਵਾਨਾਂ ਨੂੰ ਸ਼ਰੇਆਮ ਜ਼ਲੀਲ ਕਰਕੇ ਮਾਰ ਕੁਟਾਈ ਕੀਤੀ ਗਈ ਸੀ ਅਤੇ ਯੂਪੀ ਵਿੱਚ ਇੱਕ ਮੁਸਲਮਾਨ ਦੇ ਘਰ ਗਊ ਮਾਸ ਹੋਣ ਦੇ ਸ਼ੱਕ ਹੇਠ ਇਨ੍ਹਾਂ ਗਊ ਰੱਖਿਅਕਾਂ ਨੇ ਉਸ ਨੂੰ ਮਾਰ ਦਿੱਤਾ ਸੀਜਾਂਚ ਤੋਂ ਬਾਅਦ ਇਹ ਸਾਫ ਹੋ ਗਿਆ ਸੀ ਕਿ ਉਸ ਘਰ ਵਿੱਚ ਗਊ ਮਾਸ ਨਹੀਂ ਸੀਮੀਡੀਆ ਵਿੱਚ ਇਹ ਵੀ ਚਰਚਾ ਰਹੀ ਹੈ ਕਿ ਇਨ੍ਹਾਂ ਗਊ ਰੱਖਿਅਕ ਸੰਗਠਨਾਂ ਦੇ ਕਈ ਨੇਤਾਵਾਂ ਦਾ ਬੀਫ ਕਾਰੋਬਾਰ ਕਰੋੜਾਂ ਰੁਪਏ ਦਾ ਹੈ

ਮੁਲਕ ਵਿੱਚ ਫੈਲੇ ਇਸ ਫਿਰਕੂਵਾਦ ਅਤੇ ਇਸਦੇ ਸਰਗਣਿਆਂ ਨੂੰ ਨੱਥ ਪਾਉਣੀ ਅੱਜ ਬੇਹੱਦ ਜ਼ਰੂਰੀ ਹੈਮੁਲਕ ਦੀ ਅੰਦਰੂਨੀ ਸੁਰੱਖਿਆ ਲਈ ਇਹ ਖਤਰਨਾਕ ਸਾਬਿਤ ਹੋ ਸਕਦੇ ਹਨਇਨ੍ਹਾਂ ਦੇ ਵਧਦੇ ਆਤੰਕ ਨੇ ਮੁਲਕ ਵਿਰੋਧੀ ਤਾਕਤਾਂ ਨੂੰ ਦੇਸ਼ ਵਿੱਚ ਗੜਬੜੀ ਫੈਲਾਉਣ ਦਾ ਸੱਦਾ ਦਿੱਤਾ ਹੈਕਿਸੇ ਵੀ ਕੀਮਤ ’ਤੇ ਮੁਲਕ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ, ਸੋ ਇਨ੍ਹਾਂ ਦੀ ਚੌਧਰ ਖਤਮ ਕਰਨ ਲਈ ਪ੍ਰਸ਼ਾਸਨ ਨੂੰ ਸਖਤੀ ਨਾਲ ਢੁੱਕਵੇਂ ਕਦਮ ਚੁੱਕਣ ਦੀ ਲੋੜ ਹੈਅਜਿਹੇ ਸੰਗਠਨਾਂ ਦੀਆਂ ਰਾਜਨੀਤਕ ਸਰਗਰਮੀਆਂ ’ਤੇ ਰੋਕ ਲੱਗਣੀ ਚਾਹੀਦੀ ਹੈ

ਪ੍ਰਸ਼ਾਸਨ ਨੂੰ ਰਾਜਨੀਤਕ ਗਲਬੇ ਤੋਂ ਮੁਕਤ ਹੋਣ ਦੀ ਅਥਾਹ ਲੋੜ ਹੈ ਤਦ ਹੀ ਅਜਿਹੇ ਅਖੌਤੀ ਦੇਸ਼ਭਗਤ ਸੰਗਠਨਾਂ ਦੇ ਖਿਲਾਫ ਸਾਰਥਿਕ ਕਾਰਵਾਈ ਹੋ ਸਕਦੀ ਹੈਫਿਰਕੂ ਤਾਕਤਾਂ ਨੂੰ ਹਰ ਹੀਲੇ ਕਾਬੂ ਕਰਕੇ ਸੰਵਿਧਾਨ ਹੇਠਾਂ ਲਿਆਉਣਾ ਚਾਹੀਦਾ ਹੈ ਅਤੇ ਇਨ੍ਹਾਂ ਅਖੌਤੀ ਦੇਸ਼ਭਗਤ ਸੰਗਠਨਾਂ ਦੀ ਵਧਦੀ ਦਾਦਾਗਿਰੀ ਅਤੇ ਅਸਹਿਣਸ਼ੀਲਤਾ ਤੋਂ ਆਵਾਮ ਨੂੰ ਮੁਕਤ ਕਰਾਉਣਾ ਚਾਹੀਦਾ ਹੈ

*****

(1017)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਗੁਰਤੇਜ ਸਿੰਘ

ਡਾ. ਗੁਰਤੇਜ ਸਿੰਘ

Chak Bakhtu, Bathinda, Punjab, India.
Phone: (91 - 94641 - 72783)

Email: (gurtejsingh72783@gmail.com)

More articles from this author