“ਤੰਬਾਕੂ ਇੱਕ ਜ਼ਹਿਰ ਹੈ ਜੋ ਮਨੁੱਖ ਨੂੰ ਦਿਨੋ ਦਿਨ ਮੌਤ ਦੇ ਨੇੜੇ ਲੈ ਜਾਂਦਾ ਹੈ। ਇਸਦੀ ਵਰਤੋਂ ...”
(31 ਮਈ 2023)
ਇਸ ਸਮੇਂ ਪਾਠਕ: 334.
ਵਿਸ਼ਵ ਸਿਹਤ ਸੰਗਠਨ ਨੇ 7 ਅਪ੍ਰੈਲ 1988 ਨੂੰ ਆਪਣੀ ਚਾਲੀਵੀਂ ਵਰ੍ਹੇ ਗੰਢ ਮੌਕੇ 31 ਮਈ ਨੂੰ ਤੰਬਾਕੂ ਵਿਰੋਧੀ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਸੀ। ਇਸ ਤੋਂ ਅਗਲੇ ਵਰ੍ਹੇ 31 ਮਈ 1989 ਨੂੰ ਪਹਿਲੀ ਵਾਰ ਇਹ ਦਿਹਾੜਾ ਮਨਾਇਆ ਗਿਆ ਸੀ ਜਿਸਦਾ ਮੁੱਖ ਮਕਸਦ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਅਤੇ ਇਸ ਤੋਂ ਮੁਕਤੀ ਹਿਤ ਹਰ ਮੁਲਕ ਵਿੱਚ ਮੁਹਿੰਮਾਂ ਦਾ ਆਗਾਜ਼ ਕਰਨਾ ਸੀ। ਸੰਨ 1988 ਵਿੱਚ ਪਹਿਲਾ ਸੁਨੇਹਾ ‘ਸਿਹਤ ਅਤੇ ਤੰਬਾਕੂ - ਸਿਹਤ ਨੂੰ ਚੁਣੋ।’ ‘ਤੰਬਾਕੂ ਵਿਰੋਧੀ ਦਿਵਸ ਦਾ ਸੁਨੇਹਾ’ ਵਿੱਚ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਤੰਬਾਕੂ ਦੀ ਵਰਤੋਂ ਦਾ ਅਸਰ ਸਿਰਫ ਫੇਫੜਿਆਂ ਉੱਤੇ ਹੀ ਨਹੀਂ ਹੁੰਦਾ ਸਗੋਂ ਦਿਲ ਉੱਤੇ ਵੀ ਬੜਾ ਗਹਿਰਾ ਅਸਰ ਹੁੰਦਾ ਹੈ। ਫਰੈਂਚ ਫੈਡਰੇਸ਼ਨ ਆਫ ਕਾਰਡੀਓਲੌਜੀ ਅਨੁਸਾਰ 80 ਫ਼ੀਸਦੀ ਹਾਰਟ ਅਟੈਕ ਦੇ ਮਰੀਜ਼ ਜੋ 45 ਸਾਲ ਤਕ ਉਮਰ ਦੇ ਵਿਅਕਤੀ ਸਨ, ਤੰਬਾਕੂ ਸੇਵਨ ਦੇ ਆਦੀ ਸਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਸਿਗਰਟ ਜਾਂ ਤੰਬਾਕੂ ਉਤਪਾਦਾਂ ਦੇ ਸੇਵਨ ਨਾਲ ਦਿਲ ਦੀਆਂ ਨਸਾਂ ਦਾ ਤੰਗ ਹੋਣਾ, ਬਲੱਡ ਪ੍ਰੈੱਸ਼ਰ ਦਾ ਵਧਣਾ ਆਦਿ ਰੋਗ ਜ਼ਿਆਦਾ ਹੁੰਦੇ ਹਨ ਬਲਕਿ ਦਿਲ ਦੀਆਂ ਬੀਮਾਰੀਆਂ ਦਾ ਦੂਜਾ ਮਹੱਤਵਪੂਰਣ ਕਾਰਨ ਹੀ ਤੰਬਾਕੂ ਸੇਵਨ ਹੈ। ਦਿਲ ਦੀਆਂ ਬੀਮਾਰੀਆਂ ਨਾਲ ਹੋਣ ਵਾਲੀਆਂ ਕੁੱਲ ਮੌਤਾਂ ਵਿੱਚੋਂ 17 ਫ਼ੀਸਦੀ ਤੰਬਾਕੂ ਸੇਵਨ ਦੇ ਆਦੀ ਲੋਕਾਂ ਦੀਆਂ ਹੁੰਦੀਆਂ ਹਨ।
ਸਾਲ 2023 ਦੇ ਵਿਸ਼ਵ ਤੰਬਾਕੂ ਰਹਿਤ ਦਿਵਸ ਦੀ ਥੀਮ ਹੈ ‘ਸਾਨੂੰ ਭੋਜਨ ਦੀ ਲੋੜ ਹੈ, ਤੰਬਾਕੂ ਦੀ ਨਹੀ।’ ਇਹ ਥੀਮ ਤੰਬਾਕੂ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਤੰਬਾਕੂ ਦੇ ਬਦਲਵੇਂ ਵਿਕਲਪਕ ਫ਼ਸਲਾਂ ਦੇ ਉਤਪਾਦਨ ਅਤੇ ਮੰਡੀਕਰਨ ਦੇ ਮੌਕਿਆਂ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਨੂੰ ਤੰਬਾਕੂ ਦੀ ਜਗ੍ਹਾ ਪੌਸ਼ਟਿਕ ਫ਼ਸਲਾਂ ਉਗਾਉਣ ਲਈ ਹਰ ਹੀਲੇ ਉਤਸ਼ਾਹਿਤ ਕਰਨਾ ਹੈ। ਇਸ ਵਾਰ ਬੀਮਾਰੀ ਨੂੰ ਪੈਦਾ ਹੋਣ ਤੋਂ ਪਹਿਲਾਂ ਰੋਕਣ ਦੇ ਯਤਨਾਂ ਨੂੰ ਉਭਾਰਨ ’ਤੇ ਬਲ ਦਿੱਤਾ ਜਾ ਰਿਹਾ ਹੈ। ਵਿਸ਼ਵ ਦੇ ਸਾਰੇ ਦੇਸ਼ਾਂ ਨੂੰ ਤੰਬਾਕੂ ਉਤਪਾਦਾਂ ਨੂੰ ਹੌਲੀ-ਹੌਲੀ ਘਟਾਉਣ ਪ੍ਰਤੀ ਜਾਗਰੂਕ ਕਰਨਾ ਅਤੇ ਸਾਲ 2030 ਤਕ ਇਸ ਨੂੰ ਬਿਲਕੁਲ ਖਤਮ ਕਰਨਾ ਵਿਸ਼ਵ ਸਿਹਤ ਸੰਗਠਨ ਦਾ ਮੁੱਖ ਏਜੰਡਾ ਹੈ। ਇਸਦੇ ਨਾਲ ਹੀ ਤੰਬਾਕੂ ਮੁਕਤ ਸੰਸਾਰ ਕਰਨ ਲਈ ਹਰ ਮਨੁੱਖ ਦੀ ਸ਼ਮੂਲੀਅਤ ਲਾਜ਼ਮੀ ਬਣਾਉਣ ਲਈ ਸੰਸਥਾ ਯਤਨਸ਼ੀਲ ਹੈ। ਵਿਕਾਸਸ਼ੀਲ ਦੇਸ਼ਾਂ ਵਿੱਚ ਤੰਬਾਕੂ ਦੀ ਅੰਨ੍ਹੇਵਾਹ ਵਰਤੋਂ ਅਤੇ ਤੰਬਾਕੂ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਵਿੱਚ 80 ਫ਼ੀਸਦੀ ਮੌਤਾਂ ਅਣਆਈ ਮੌਤਾਂ ਹਨ ਜਿਸਦਾ ਕਾਰਨ ਤੰਬਾਕੂ ਦੇ ਸਿਹਤ ’ਤੇ ਪੈ ਰਹੇ ਮਾੜੇ ਪ੍ਰਭਾਵ ਹਨ। ਇਹ ਲੋਕ ਦਿਲ, ਹਾਈ ਬਲੱਡ ਪ੍ਰੈੱਸ਼ਰ ਅਤੇ ਸਾਹ ਨਲੀ ਨਾਲ ਸਬੰਧਿਤ ਰੋਗਾਂ ਨਾਲ ਗ੍ਰਸਤ ਹੋ ਕੇ ਮੌਤ ਦੇ ਰਾਹ ਹੋ ਤੁਰੇ ਹਨ। ਤੰਬਾਕੂ ਇੰਡਸਟਰੀ ਨਾਲ ਸਬੰਧਿਤ ਕਾਮਿਆਂ ਦੇ ਮੁੜ ਵਸੇਬੇ ਦਾ ਸਵਾਲ ਸੰਸਥਾ ਨੂੰ ਕਿਤੇ ਨਾ ਕਿਤੇ ਚੁੱਪੀ ਧਾਰਨ ਲਈ ਮਜਬੂਰ ਕਰਦਾ ਹੈ। ਉਨ੍ਹਾਂ ਦੀ ਵੱਡੀ ਸੰਖਿਆ ਕਈ ਮੁਲਕਾਂ ਲਈ ਗੰਭੀਰ ਸਮੱਸਿਆ ਹੋ ਨਿੱਬੜੀ ਹੈ। ਫਿਰ ਵੀ ਤੰਬਾਕੂ ਦੇ ਮਨੁੱਖੀ ਸਿਹਤ ਦੇ ਨਾਲ ਨਾਲ ਵਾਤਾਵਰਣ ਉੱਤੇ ਪੈ ਰਹੇ ਕੁਪ੍ਰਭਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜੋ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਕੋਸ਼ਿਸ਼ ਕਰ ਰਹੇ ਹਨ।
ਕੌਮਾਂਤਰੀ ਸਿਹਤ ਸੰਸਥਾ ਅਨੁਸਾਰ ਦੁਨੀਆਂ ਵਿੱਚ 70 ਲੱਖ ਲੋਕ ਤੰਬਾਕੂ ਦੀ ਵਰਤੋਂ ਕਾਰਨ ਪੈਦਾ ਹੁੰਦੇ ਰੋਗਾਂ ਕਾਰਨ ਹਰ ਸਾਲ ਮਰਦੇ ਹਨ ਅਤੇ ਇਸਦੇ ਕੁਪ੍ਰਭਾਵਾਂ ਦੇ ਵਧਦੇ ਅਸਰ ਨੂੰ ਦੇਖਦੇ ਹੋਏ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸੰਨ 2030 ਤਕ ਇਹ ਮੌਤ ਦਰ 80 ਲੱਖ ਹੋਣ ਵਾਲੀ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਸੰਨ 2018 ਵਿੱਚ 11.6 ਲੱਖ ਕੈਂਸਰ ਦੇ ਨਵੇਂ ਮਰੀਜ਼ਾਂ ਦੀ ਪਛਾਣ ਹੋਈ ਸੀ, ਜਿਸ ਵਿੱਚੋਂ 7.84 ਲੱਖ ਮਰੀਜ਼ਾਂ ਦੀ ਮੌਤ ਹੋਈ ਹੈ। 10 ਭਾਰਤੀਆਂ ਵਿੱਚੋਂ ਇੱਕ ਆਪਣੀ ਜ਼ਿੰਦਗੀ ਵਿੱਚ ਕੈਂਸਰ ਦਾ ਸ਼ਿਕਾਰ ਹੁੰਦਾ ਹੈ ਅਤੇ ਹਰ 15 ਵਿੱਚੋਂ 1 ਭਾਰਤੀ ਕੈਂਸਰ ਦਾ ਸਹੀ ਇਲਾਜ ਨਾ ਮਿਲਣ ਕਾਰਨ ਮੌਤ ਦੇ ਮੂੰਹ ਵਿੱਚ ਚਲਾ ਜਾਂਦਾ ਹੈ। ਭਾਰਤ ਵਿੱਚ ਕੈਂਸਰ ਦੇ ਪ੍ਰਕੋਪ ਦਾ ਮੁੱਖ ਕਾਰਨ ਤੰਬਾਕੂ ਸੇਵਨ ਮੰਨਿਆ ਗਿਆ ਹੈ। ਦੁਨੀਆਂ ਦੇ 50 ਫ਼ੀਸਦੀ ਤੰਬਾਕੂ ਦਾ ਸੇਵਨ ਧੂੰਏਂ ਦੇ ਰੂਪ ਵਿੱਚ ਕਰਨ ਵਾਲੇ ਪੁਰਸ਼ ਚੀਨ, ਭਾਰਤ, ਇੰਡੋਨੇਸ਼ੀਆ ਵਿੱਚ ਰਹਿੰਦੇ ਹਨ। ਨੈਸ਼ਨਲ ਇੰਸਟੀਚਿਊਟ ਆਫ ਹੈਲਥ ਐਂਡ ਫੈਮਿਲੀ ਵੈੱਲਫੇਅਰ ਅਨੁਸਾਰ ਆਲ਼ਮੀ ਪੱਧਰ ’ਤੇ ਮੂੰਹ ਦੇ ਕੈਂਸਰ ਦਾ 86 ਫ਼ੀਸਦੀ ਭਾਰਤ ਵਿੱਚ ਹੈ ਅਤੇ 90 ਫ਼ੀਸਦੀ ਮੂੰਹ ਦੇ ਕੈਂਸਰ ਦਾ ਕਾਰਨ ਤੰਬਾਕੂ ਹੈ।
ਚੀਨ ਦੁਨੀਆਂ ਦਾ ਅਜਿਹਾ ਦੇਸ਼ ਹੈ ਜਿੱਥੇ ਤੰਬਾਕੂ ਦੀ ਵਰਤੋਂ ਸਭ ਤੋਂ ਜ਼ਿਆਦਾ ਹੁੰਦੀ ਹੈ। ਇਸ ਤੋਂ ਬਾਅਦ ਭਾਰਤ ਦਾ ਨੰਬਰ ਆਉਂਦਾ ਹੈ ਜੋ ਤੰਬਾਕੂ ਸੇਵਨ ਦੇ ਮਾਮਲੇ ਵਿੱਚ ਦੁਨੀਆਂ ਵਿੱਚ ਵੱਖਰੀ ਪਛਾਣ ਚੁੱਕਾ ਹੈ। ਸਾਡੇ ਦੇਸ਼ ਵਿੱਚ ਪ੍ਰਾਚੀਨ ਕਾਲ ਤੋਂ ਧੂਮਪਾਨ (ਧੂੰਏਂ ਦਾ ਸੇਵਨ) ਦਾ ਸੇਵਨ ਕੀਤਾ ਜਾਂਦਾ ਰਿਹਾ ਹੈ ਜੋ ਆਯੁਰਵੈਦ ਵਿੱਚ ਵੀ ਵਰਣਨ ਆਇਆ ਹੈ, ਉਸ ਸਮੇਂ ਲਾਭਦਾਇਕ ਜੜੀ ਬੂਟੀਆਂ ਤੋਂ ਨਿਰਮਿਤ ਪਦਾਰਥਾਂ ਨੂੰ ਧੂੰਏਂ ਦੇ ਰੂਪ ਵਿੱਚ ਸੇਵਨ ਕੀਤਾ ਜਾਂਦਾ ਸੀ। ਇਸਦਾ ਮਕਸਦ ਗਰਦਨ ਤੋਂ ਉੱਪਰ ਵਾਲੇ ਅੰਗਾਂ ਵਿੱਚ ਹੋਣ ਵਾਲੇ ਰੋਗਾਂ ਦਾ ਇਲਾਜ ਕਰਨਾ ਸੀ ਜੋ ਅੱਜ ਵੀ ਬੇਹੱਦ ਪ੍ਰਭਾਵਸ਼ਾਲੀ ਹੈ ਅਤੇ ਆਯੁਰਵੈਦ ਵਿੱਚ ਨੱਸਿਆ ਕਰਮ (ਨੱਕ ਰਾਹੀਂ ਦਵਾਈ ਜਾਂ ਧੂੰਏਂ ਦਾ ਪਾਨ ਕਰਨਾ) ਕੀਤਾ ਤੇ ਪੜ੍ਹਾਇਆ ਜਾਂਦਾ ਹੈ। ਹੌਲੀ ਹੌਲੀ ਤੰਬਾਕੂ ਸੇਵਨ ਸਾਡੇ ਮੁਲਕ ਵਿੱਚ ਫੈਲਿਆ ਜੋ ਅਜੋਕੇ ਦੌਰ ਅੰਦਰ ਭਿਆਨਕ ਰੂਪ ਇਖਤਿਆਰ ਕਰ ਚੁੱਕਾ ਹੈ ਜਿਸਦੀ ਮੂੰਹ ਬੋਲਦੀ ਤਸਵੀਰ ਤੰਬਾਕੂ ਕਾਰਨ ਅਣਆਈਆਂ ਮੌਤਾਂ ਹਨ।
ਮਾਣਯੋਗ ਸੁਪਰੀਮ ਕੋਰਟ ਨੇ ਤੰਬਾਕੂ ਉਤਪਾਦਕ ਇੰਡਸਟਰੀ ਨੂੰ ਦਿਸ਼ਾ ਨਿਰਦੇਸ਼ ਦਿੰਦੇ ਹੋਏ ਆਦੇਸ਼ ਜਾਰੀ ਕੀਤਾ ਸੀ ਕਿ ਇਸਦੇ ਪੈਕਟਾਂ ਉੱਤੇ ਮੋਟੇ ਅੱਖਰਾਂ ਵਿੱਚ ਇਸਦੇ ਕੁਪ੍ਰਭਾਵਾਂ ਨੂੰ ਲਿਖਿਆ ਜਾਵੇ। ਸਕੂਲਾਂ ਕਾਲਜਾਂ ਦੀ ਹੱਦ ਤੋਂ ਬਾਹਰ ਇਨ੍ਹਾਂ ਦੀ ਵਿਕਰੀ ਹੋਵੇ ਅਤੇ ਨਾਬਾਲਗਾਂ ਨੂੰ ਇਹ ਕਿਸੇ ਵੀ ਹਾਲਤ ਵਿੱਚ ਮੁਹਈਆ ਨਾ ਕਰਵਾਇਆ ਜਾਵੇ। ਅਫ਼ਸੋਸ ਮਾਣਯੋਗ ਅਦਾਲਤ ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਹਰ ਗਲੀ ਮੋੜ ’ਤੇ ਇਸਦੀ ਸ਼ਰੇਆਮ ਵਿਕਰੀ ਆਮ ਲੋਕਾਂ ਦੇ ਨਾਲ ਨਾਲ ਬੱਚਿਆਂ ਨੂੰ ਵੀ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਦੇ ਨੱਕ ਹੇਠ ਇਹ ਗੋਰਖਧੰਦਾ ਚੱਲ ਰਿਹਾ ਹੈ। ਸਭ ਨੇ ਇਸ ਪੱਖੋਂ ਮੂੰਹ ਫੇਰਿਆ ਹੋਇਆ ਹੈ। ਪਾਨ ਮਸਾਲੇ ਨੂੰ ਖਾ ਕੇ ਲੋਕਾਂ ਨੇ ਹਰ ਜਗ੍ਹਾ ਨੂੰ ਲਾਲ ਕਰ ਛੱਡਿਆ ਹੈ। ਥਾਂ ਥਾਂ ’ਤੇ ਇਸ ਗੰਦ ਦੀਆਂ ਪਿਚਕਾਰੀਆਂ ਮਾਰੀਆਂ ਜਾਂਦੀਆਂ ਹਨ, ਜੋ ਸਵੱਛ ਭਾਰਤ ਅਭਿਆਨ ਦਾ ਮੂੰਹ ਚਿੜਾਉਂਦੀਆਂ ਹਨ।
ਤੰਬਾਕੂ ਇੱਕ ਅਜਿਹਾ ਜ਼ਹਿਰ ਹੈ ਜੋ ਮਨੁੱਖ ਨੂੰ ਦਿਨੋ ਦਿਨ ਮੌਤ ਦੇ ਨੇੜੇ ਲੈ ਜਾਂਦਾ ਹੈ। ਇਸਦੀ ਵਰਤੋਂ ਝੂਠੀ ਖੁਸ਼ੀ ਦੇ ਚੰਦ ਪਲਾਂ ਲਈ ਕੀਤੀ ਜਾਂਦੀ ਹੈ। ਤਣਾਅ, ਜੋ ਸੰਸਾਰ ਦੀ ਨੰਬਰ ਇੱਕ ਬਿਮਾਰੀ ਬਣ ਚੁੱਕੀ ਹੈ, ਉਸ ਤੋਂ ਕੁਝ ਸਮੇਂ ਲਈ ਨਿਜਾਤ ਪਾਉਣ ਖਾਤਰ ਲੋਕ ਬੀੜੀ, ਸਿਗਰਟ ਦੇ ਕਸ਼ ਲਗਾਤਾਰ ਮਾਰਦੇ ਰਹਿੰਦੇ ਹਨ ਜੋ ਉਨ੍ਹਾਂ ਦੀ ਜ਼ਿੰਦਗੀ ਦੇ ਕੀਮਤੀ ਦਿਨਾਂ ਨੂੰ ਨਸ਼ਟ ਕਰਕੇ ਮੌਤ ਦੇ ਕਰੀਬ ਪਹੁੰਚਾ ਦਿੰਦੇ ਹਨ। ਤੰਬਾਕੂ ਸੇਵਨ ਕਈ ਤਰੀਕਿਆਂ ਨਾਲ ਕੀਤਾ ਜਾਂਦਾ ਹੈ। ਇਸ ਵਿੱਚ ਮੁੱਖ ਤੌਰ ’ਤੇ ਬੀੜੀ, ਸਿਗਰਟ, ਸਿਗਾਰ, ਜਰਦਾ, ਖੈਨੀ, ਗੁਟਕਾ ਜਾਂ ਅਫੀਮ ਉਤਪਾਦਾਂ ਨੂੰ ਸਿਗਰਟ ਆਦਿ ਵਿੱਚ ਪਾ ਕੇ ਸੇਵਨ ਕੀਤਾ ਜਾਂਦਾ ਹੈ। ਅਜੋਕੇ ਦੌਰ ਅੰਦਰ ਬੱਸ ਜਾਂ ਰੇਲ ਵਿੱਚ ਸਫ਼ਰ ਕਰਨਾ ਉਦੋਂ ਔਖਾ ਹੋ ਜਾਂਦਾ ਹੈ ਜਦੋਂ ਉੱਥੇ ਨਸ਼ੇੜੀਆਂ ਨਾਲ ਵਾਹ ਪੈਦਾ ਹੈ। ਉਹ ਕਦੇ ਥੁੱਕਦੇ ਹਨ ਤੇ ਕਦੇ ਬੀੜੀ ਸਿਗਰੇਟ ਪੀਂਦੇ ਹਨ। ਪੰਜਾਬ ਵਿੱਚ ਤੰਬਾਕੂ ਦੀ ਆਮਦ ਪ੍ਰਵਾਸੀ ਮਜ਼ਦੂਰਾਂ ਦੇ ਆਉਣ ਨਾਲ ਹੋਈ ਹੈ, ਜਿਨ੍ਹਾਂ ਤੋਂ ਇੱਥੋਂ ਦੇ ਵਸਨੀਕਾਂ ਨੇ ਤੰਬਾਕੂ ਵਰਤਣ ਦੀ ਵਿਧੀ ਸਿੱਖੀ। ਪਾਨ ਮਸਾਲਾ, ਗੁਟਕਾ, ਜਰਦਾ ਆਦਿ ਦੀ ਵਰਤੋਂ ਆਮ ਹੋ ਗਈ ਹੈ। ਤੰਬਾਕੂ ਦੀ ਵਰਤੋਂ ਕਾਰਨ ਮੂੰਹ, ਫੇਫੜੇ ਅਤੇ ਮਿਹਦੇ ਦੇ ਕੈਂਸਰ ਦਾ ਪ੍ਰਕੋਪ ਵਧਿਆ ਹੈ।
ਤੰਬਾਕੂ ਵਿੱਚ ਨਿਕੋਟੀਨ ਦੇ ਨਾਲ ਹੋਰ ਵੀ ਉਤੇਜਿਕ ਤੱਤ ਪਾਏ ਜਾਂਦੇ ਹਨ ਜੋ ਉਤੇਜਨਾ ਵਧਾਉਣ ਦਾ ਕੰਮ ਕਰਦੇ ਹਨ। ਚੰਗਾ ਕਲੈਸਟਰੋਲ (ਐੱਚਡੀਐੱਲ) ਜੋ ਦਿਲ ਲਈ ਚੰਗਾ ਮੰਨਿਆ ਜਾਂਦਾ ਹੈ, ਸਿਗਰਟ, ਬੀੜੀ ਪੀਣ ਨਾਲ ਇਸਦੀ ਦੀ ਮਾਤਰਾ ਘਟ ਜਾਂਦੀ ਹੈ। ਇਸਦੀ ਕਮੀ ਵਿੱਚ ਮਾੜੇ ਕਲੈਸਟਰੋਲ ਦੀ ਮਾਤਰਾ ਵਧਣੀ ਸੁਭਾਵਿਕ ਹੈ ਜੋ ਦਿਲ ਦੇ ਨਿਯਮਿਤ ਕਾਰਜ ਵਿੱਚ ਵਿਘਨ ਪਾਉਂਦਾ ਹੈ ਜਿਸ ਕਾਰਨ ਦਿਲ ਦੀਆਂ ਬੀਮਾਰੀਆਂ ਜਿਵੇਂ ਹਾਈ ਬਲੱਡ ਪ੍ਰੈੱਸ਼ਰ, ਨਾੜੀਆਂ ਵਿੱਚ ਖੂਨ ਦਾ ਜੰਮਣਾ ਜੋ ਹਾਰਟ ਅਟੈਕ ਦਾ ਕਾਰਨ ਬਣਦੇ ਹਨ। ਇਸ ਤੋਂ ਬਿਨਾਂ ਉਨੀਂਦਰਾ, ਮਿਹਦੇ ਵਿੱਚ ਜ਼ਖਮ ਅਤੇ ਐਸੀਡਿਟੀ ਆਦਿ ਹੋ ਜਾਂਦੀ ਹੈ।
ਬੀੜੀ ਸਿਗਰਟ ਦਾ ਧੂੰਆਂ ਬਹੁਤ ਖਤਰਨਾਕ ਹੁੰਦਾ ਹੈ ਦਰਅਸਲ ਜਦੋਂ ਨਿਕੋਟੀਨ ਜਾਂ ਇਸਦੇ ਸਹਿਯੋਗੀ ਤੱਤ ਜਲਦੇ ਹਨ ਤਾਂ ਕਾਰਬਨ ਮੋਨੋਅਕਸਾਈਡ ਜਿਹੀ ਜ਼ਹਿਰੀਲੀ ਗੈਸ ਉਪਜਾਉਂਦੇ ਹਨ ਜੋ ਹੀਮੋਗਲੋਬਿਨ ਨਾਲ ਮਿਲ ਕੇ ਪੂਰੇ ਸਰੀਰ ਵਿੱਚ ਫੈਲ ਜਾਂਦੀ ਹੈ ਜਿਸ ਕਰਕੇ ਫੇਫੜਿਆਂ ਅਤੇ ਦਿਲ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ। 80 ਫ਼ੀਸਦੀ ਦਿਲ ਦੀਆਂ ਬੀਮਾਰੀਆਂ ਕਾਰਨ ਹੁੰਦੀਆਂ ਮੌਤਾਂ ਦਾ ਕਾਰਨ ਸਿਗਰਟ ਪੀਣਾ ਹੈ। ਸਿਗਰਟ ਬੀੜੀ ਦਾ ਧੂੰਆਂ ਫੇਫੜਿਆਂ ਦੀਆਂ ਪਰਤਾਂ ਨੂੰ ਖਰਾਬ ਕਰਦਾ ਹੈ। ਉੱਥੇ ਟਾਰ ਜਮ੍ਹਾਂ ਹੁੰਦੀ ਰਹਿੰਦੀ ਹੈ ਜੋ ਫੇਫੜਿਆਂ ਦੀਆਂ ਨਾਲੀਆਂ ਨੂੰ ਤੰਗ ਕਰ ਦਿੰਦੀ ਹੈ। ਫੇਫੜਿਆਂ ਵਿੱਚ ਇੱਕ ਤਰਲ ਪਦਾਰਥ ਹੁੰਦਾ ਹੈ ਜੋ ਸਾਹ ਪ੍ਰਕ੍ਰਿਆ ਦੌਰਾਨ ਫੇਫੜਿਆਂ ਨੂੰ ਹਵਾ ਨਿੱਕਲੇ ਗੁਬਾਰੇ ਵਾਂਗ ਚਿਪਕਣ ਨਹੀਂ ਦਿੰਦਾ, ਜਦੋਂ ਉਹ ਤਰਲ ਪਦਾਰਥ ਨਸ਼ਟ ਹੋ ਜਾਂਦਾ ਹੈ ਤਾਂ ਫੇਫੜੇ ਕੰਮ ਕਰਨਾ ਬੰਦ ਕਰ ਦਿੰਦੇ ਹਨ। ਬੀੜੀ ਸਿਗਰਟ ਪੀਣ ਵਾਲਿਆਂ ਨੂੰ ਟੀਬੀ ਹੋਣ ਦਾ ਖਤਰਾ ਆਮ ਨਾਲੋਂ ਜ਼ਿਆਦਾ ਪਾਇਆ ਗਿਆ ਹੈ।
ਬੀੜੀ ਸਿਗਰਟ ਪੀਂਦੇ ਸਮੇਂ ਕੋਲ ਬੈਠੇ ਲੋਕ, ਬੱਚੇ, ਬਜ਼ੁਰਗ ਆਦਿ ਵੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ। ਅਧਿਐਨ ਦੱਸਦੇ ਹਨ ਕਿ ਲਗਾਤਰ ਉਨ੍ਹਾਂ ਦੇ ਸੰਪਰਕ ਵਿੱਚ ਰਹਿਣ ਕਾਰਨ ਇਹ ਲੋਕ ਵੀ ਉਨ੍ਹਾਂ ਦੇ ਬਰਾਬਰ ਹੀ ਦਿਲ, ਫੇਫੜਿਆਂ ਸਬੰਧੀ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ। ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੱਕਾਬਾਰ ਅਤੇ ਤੰਬਾਕੂ ਫੈਕਟਰੀਆਂ ਕੰਮ ਕਰਨ ਵਾਲੇ ਕਾਮੇ ਹੁੰਦੇ ਹਨ। ਉਨ੍ਹਾਂ ਦੇ ਖੂਨ ਵਿੱਚ ਕਾਰਬਨ ਮੋਨੋਅਕਸਾਈਡ ਗੈਸ ਦੀ ਮਾਤਰਾ ਬਹੁਤ ਜ਼ਿਆਦਾ ਸਿਗਰਟ ਪੀਣ ਵਾਲੇ ਆਦਮੀ ਦੇ ਬਰਾਬਰ ਪਾਈ ਗਈ ਹੈ।
ਇਸ ਲਾਹਨਤ ਨੂੰ ਦੇਸ਼-ਸਮਾਜ ਦੇ ਗਲੋਂ ਲਾਹੁਣ ਲਈ ਸਾਰਥਿਕ ਯਤਨਾਂ ਦੀ ਲੋੜ ਹੈ। ਇਸ ਨਾਲ ਸਬੰਧਿਤ ਕਾਮਿਆਂ ਦੇ ਮੁੜ ਵਸੇਬੇ ਦਾ ਇੰਤਜ਼ਾਮ ਸਰਕਾਰ ਅਤੇ ਸਮਾਜ ਵੱਲੋਂ ਮਿਲ ਕੇ ਕੀਤਾ ਜਾਣਾ ਚਾਹੀਦਾ ਹੈ। ਇਸ ਖਾਤਰ ਸਮਾਜਿਕ, ਧਾਰਮਿਕ ਆਦਿ ਸੰਸਥਾਵਾਂ ਨੂੰ ਇੱਕਜੁੱਟ ਹੋਣ ਦੀ ਅਹਿਮ ਲੋੜ ਹੈ। ਲੋਕਾਂ ਨੂੰ ਵੀ ਚਾਹੀਦਾ ਹੈ ਇਸ ਜ਼ਹਿਰ ਦਾ ਤਿਆਗ ਹਰ ਹੀਲੇ ਕਰਨ ਅਤੇ ਮਨ ਵਿੱਚ ਸੰਕਲਪ ਲੈਣ ਕਿ ਉਹ ਇਸ ਤੋਂ ਨਿਜਾਤ ਪਾਉਣ ਲਈ ਹਰ ਸੰਭਵ ਯਤਨ ਕਰਨਗੇ। ਅਕਸਰ ਨਸ਼ਾ ਛੱਡਦੇ ਸਮੇਂ ਤਣਾਅ, ਉਨੀਂਦਰਾ, ਭੁੱਖ ਨਾ ਲੱਗਣਾ ਆਦਿ ਲੱਛਣ ਉਤਪਨ ਹੁੰਦੇ ਹਨ। ਅਗਰ ਪ੍ਰੇਸ਼ਾਨੀ ਵਧਦੀ ਹੈ ਤਾਂ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4000)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)