“ਇਸ ਬੀਮਾਰੀ ਤੋਂ ਬਚਣ ਲਈ ਸਭ ਤੋਂ ਪਹਿਲਾਂ ਜੀਵਨ ਸ਼ੈਲੀ ਵਿੱਚ ਸੁਧਾਰ ...”
(4 ਫਰਵਰੀ 2022)
ਕੈਂਸਰ ਦੀ ਬੀਮਾਰੀ ਦਾ ਨਾਮ ਸੁਣਦੇ ਹੀ ਲੋਕ ਸਹਿਮ ਜਾਂਦੇ ਹਨ। ਇਸ ਨਾਮੁਰਾਦ ਬੀਮਾਰੀ ਨੇ ਲੋਕਾਂ ਵਿੱਚ ਇੰਨਾ ਖੌਫ ਪਾਇਆ ਹੋਇਆ ਹੈ ਕਿ ਜ਼ਿਆਦਾਤਰ ਲੋਕ ਇਸ ਬੀਮਾਰੀ ਦਾ ਨਾਮ ਲੈਣ ਤੋਂ ਵੀ ਝਿਜਕਦੇ ਹਨ। ਪਿੰਡਾਂ ਵਿੱਚ ਲੋਕ ਇਸ ਰੋਗ ਦਾ ਨਾਂਅ ਜ਼ਬਾਨ ’ਤੇ ਲਿਆਉਣਾ ਅਸ਼ੁਭ ਮੰਨਦੇ ਹਨ। ਕੈਂਸਰ ਨੇ ਮਨੁੱਖਤਾ ਦੇ ਪੈਰੀਂ ਅਜਿਹਾ ਨਾਗਵਲ ਪਾਇਆ ਹੈ, ਜਿਸ ਵਿੱਚ ਪੂਰੀ ਦੁਨੀਆਂ ਜਕੜੀ ਜਾ ਰਹੀ ਹੈ। ਅਜਗਰ ਵਾਂਗ ਇਹ ਬੀਮਾਰੀ ਮਾਨਵਤਾ ਨੂੰ ਨਿਗਲਦੀ ਜਾ ਰਹੀ ਹੈ, ਜੋ ਵਿਸ਼ਵ ਵਿਆਪੀ ਚਿੰਤਾ ਦਾ ਵਿਸ਼ਾ ਹੈ।
ਪੰਜਾਬ ਵਿੱਚ, ਖਾਸ ਕਰਕੇ ਮਾਲਵਾ ਖੇਤਰ ਬਠਿੰਡਾ, ਮਾਨਸਾ, ਮੁਕਤਸਰ ਸਾਹਿਬ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਕੈਂਸਰ ਨੇ ਕਹਿਰ ਮਚਾਇਆ ਹੋਇਆ ਹੈ। ਉਦਯੋਗੀਕਰਨ ਦੇ ਨਾਂਅ ਹੇਠ ਇਸ ਇਲਾਕੇ ਵਿੱਚ ਪ੍ਰਦੂਸ਼ਣ ਕੰਟਰੋਲ ਮਹਿਕਮੇ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਕਾਰਪੋਰੇਟ ਘਰਾਣਿਆਂ ਦੇ ਉਦਯੋਗਾਂ ਨੇ ਜ਼ਮੀਨੀ ਪਾਣੀ ਨੂੰ ਦੂਸ਼ਿਤ ਕਰਨ ਦੇ ਨਾਲ ਨਾਂਲ ਵਾਤਾਵਰਣ ਨੂੰ ਜ਼ਹਿਰੀਲਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਬਿਜਲੀ ਘਰਾਂ ਵਿੱਚ ਵਰਤੇ ਜਾਂਦੇ ਕੋਇਲੇ ਦੇ ਧੂੰਏਂ ਅਤੇ ਰਾਖ ਨੇ ਮਾਲਵਾ ਖੇਤਰ ਨੂੰ ਦਮਘੁਟੀ ਦੀ ਦਲਦਲ ਵਿੱਚ ਧੱਕਿਆ ਹੋਇਆ ਹੈ। ਸੂਬੇ ਦੀਆਂ ਕਾਫੀ ਸ਼ਰਾਬ ਫੈਕਟਰੀਆਂ ਅਤੇ ਹੋਰ ਉਦਯੋਗਿਕ ਇਕਾਈਆਂ ਦੇ ਕਚਰੇ ਅਤੇ ਗੰਦੇ ਪਾਣੀ ਨੂੰ ਬੋਰ ਕਰਕੇ ਸਿੱਧਾ ਜ਼ਮੀਨ ਵਿੱਚ ਪਾਉਣ ਦੀਆਂ ਖਬਰਾਂ ਮੀਡੀਆ ਵਿੱਚ ਨਸ਼ਰ ਹੋ ਚੁੱਕੀਆਂ ਹਨ ਜਿਸਦਾ ਪੁਖਤਾ ਸਬੂਤ ਜ਼ਮੀਨ ਹੇਠਲੇ ਪਾਣੀ ਵਿੱਚ ਯੁਰੇਨੀਅਮ ਤੇ ਹੋਰ ਖਤਰਨਾਕ ਤੱਤਾਂ ਦਾ ਰਿਸਾਅ ਹੈ। ਇਹ ਜੱਗ ਜ਼ਾਹਿਰ ਹੈ ਜਿਸ ਕਾਰਨ ਇੱਥੋਂ ਦੇ ਲੋਕ ਗੰਦਾ ਪਾਣੀ ਪੀਣ ਕਰਕੇ ਕਾਲਾ ਪੀਲੀਆ ਤੇ ਕੈਂਸਰ ਦੀ ਪਕੜ ਹੇਠ ਹਨ।
ਸੂਬੇ ਦਾ ਮਾਲਵਾ ਖੇਤਰ ਜੋ ਕਪਾਹ ਪੱਟੀ ਨਾਮ ਨਾਲ ਮਸ਼ਹੂਰ ਸੀ, ਹੁਣ ਕੈਂਸਰ ਪੱਟੀ ਕਰਕੇ ਜਾਣਿਆ ਜਾਂਦਾ ਹੈ। ਸੂਬੇ ਅੰਦਰ ਕੈਂਸਰ ਦੇ ਇਲਾਜ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਰਕੇ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਦੂਜੇ ਸੂਬਿਆਂ ਵਿੱਚ ਇਲਾਜ ਲਈ ਜਾਣਾ ਪੈਦਾ ਹੈ। ਬਠਿੰਡਾ ਤੋਂ ਬੀਕਾਨੇਰ ਜਾਂਦੀ ਰੇਲਗੱਡੀ ਦਾ ਨਾਮ ਕੈਂਸਰ ਟਰੇਨ ਪੈ ਗਿਆ ਹੈ ਕਿਉਂਕਿ ਇਨ੍ਹਾਂ ਇਲਾਕਿਆਂ ਦੇ ਲੋਕ ਇਲਾਜ ਲਈ ਬੀਕਾਨੇਰ ਜਾਂਦੇ ਹਨ। ਉਸ ਰੇਲਗੱਡੀ ਵਿੱਚ ਜ਼ਿਆਦਾ ਗਿਣਤੀ ਕੈਂਸਰ ਦੇ ਮਰੀਜ਼ਾਂ ਦੀ ਹੁੰਦੀ ਹੈ। ਜਨਤਕ ਸਿਹਤ ਸਹੂਲਤਾਂ ਵਿੱਚ ਆਏ ਨਿਘਾਰ ਨੂੰ ਇਹ ਤੱਥ ਬਾਖੂਬੀ ਬਿਆਨਦੇ ਹਨ।
ਸਿਹਤ ਵਿਭਾਗ ਦੁਆਰਾ ਕੀਤੇ ਸਰਵੇਖਣ ਅਨੁਸਾਰ ਪੰਜਾਬ ਵਿੱਚ ਕੈਂਸਰ ਦੇ ਮਰੀਜ਼ਾਂ ਦਾ ਅਨੁਪਾਤ 90:100000 ਹੈ ਜਦਕਿ ਦੇਸ਼ ਪੱਧਰ ’ਤੇ ਇਹ ਅਨੁਪਾਤ 80:100000 ਹੈ। ਪੰਜਾਬ ਦੇ ਮਾਲਵਾ ਖੇਤਰ ਵਿੱਚ ਕੈਂਸਰ ਮਰੀਜ਼ਾਂ ਦਾ ਅਨੁਪਾਤ 107:100000 ਹੈ, ਦੁਆਬੇ ਵਿੱਚ 88:100000 ਅਤੇ ਮਾਝੇ ਵਿੱਚ 64:100000 ਹੈ। ਮਾਲਵਾ ਖੇਤਰ ਦੇ ਚਾਰ ਜ਼ਿਲ੍ਹਿਆਂ ਵਿੱਚ ਇਹ ਅਨੁਪਾਤ ਬਹੁਤ ਜ਼ਿਆਦਾ ਹੈ। ਮੁਕਤਸਰ ਸਾਹਿਬ ਵਿੱਚ 136:100000, ਮਾਨਸਾ 134:100000, ਬਠਿੰਡਾ 125:100000, ਫਿਰੋਜ਼ਪੁਰ 114:100000 ਹੈ ਜਦਕਿ ਤਰਨਤਾਰਨ ਵਿੱਚ ਇਹ ਅਨੁਪਾਤ 41:100000 ਹੈ। ਪਿਛਲੇ ਪੰਜ ਸਾਲ ਦੇ ਅੰਕੜਿਆਂ ਅਨੁਸਾਰ ਸੂਬੇ ਵਿੱਚ ਰੋਜ਼ਾਨਾ ਕੈਂਸਰ ਕਰਕੇ 18 ਲੋਕਾਂ ਦੀ ਮੌਤ ਹੋਈ ਹੈ। ਸਿਹਤ ਵਿਭਾਗ ਦੁਆਰਾ ਸੂਬੇ ਦੇ 2.65 ਲੱਖ ਲੋਕਾਂ ਦੀ ਜਾਂਚ ਕੀਤੀ ਗਈ ਸੀ ਜਿਨ੍ਹਾਂ ਵਿੱਚੋਂ 24000 ਲੋਕ ਕੈਂਸਰ ਪੀੜਿਤ ਸਨ ਅਤੇ 84453 ਲੋਕਾਂ ਨੂੰ ਕੈਂਸਰ ਦੇ ਸ਼ੱਕੀ ਮਰੀਜ਼ਾਂ ਵਜੋਂ ਰੱਖਿਆ ਗਿਆ।
ਕੈਂਸਰ ਨੂੰ ਲੈ ਕੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਇਹ ਕਿਸ ਤਰ੍ਹਾਂ ਮਨੁੱਖੀ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ। ਮਨੁੱਖੀ ਸਰੀਰ ਸੈੱਲਾਂ ਦਾ ਬਣਿਆ ਹੋਇਆ ਹੈ। ਸਰੀਰ ਦੇ ਸਾਰੇ ਕਾਰਜ ਸੈੱਲਾਂ ਅਤੇ ਸਰੀਰ ਵਿੱਚ ਮੌਜੂਦ ਦ੍ਰਵਾਂ ਜਿਵੇਂ ਖੂਨ, ਹਾਰਮੋਨ ਆਦਿ ਦੁਆਰਾ ਕੀਤੇ ਜਾਂਦੇ ਹਨ। ਇਨ੍ਹਾਂ ਸੈੱਲਾਂ ਦੀ ਵਿਲੱਖਣਤਾ ਇਹ ਹੈ ਕਿ ਇਹ ਇੱਕ ਦੂਜੇ ਸੈੱਲ ਨਾਲ ਜੁੜੇ ਹੁੰਦੇ ਹਨ ਭਾਵ ਸਿੱਧੇ ਅਸਿੱਧੇ ਤੌਰ ’ਤੇ ਸਬੰਧ ਰੱਖਦੇ ਹਨ। ਸਰੀਰ ਦੇ ਸੈੱਲ ਸਧਾਰਨ ਤਰੀਕੇ ਨਾਲ ਬਣਦੇ ਹਨ ਤੇ ਉਨ੍ਹਾਂ ਵਿੱਚ ਵੰਡ (ਡਿਵੀਜਨ) ਆਮ ਢੰਗ ਨਾਲ ਕੁਦਰਤੀ ਹੁੰਦੀ ਰਹਿੰਦੀ ਹੈ। ਇਨ੍ਹਾਂ ਸੈੱਲਾਂ ਦਾ ਜੀਵਨ ਕਾਲ ਨਿਰਧਾਰਤ ਹੁੰਦਾ ਹੈ ਤੇ ਆਪਣੇ ਆਪ ਪ੍ਰਕ੍ਰਿਆ ਰਾਹੀ ਨਸ਼ਟ ਹੁੰਦੇ ਰਹਿੰਦੇ ਹਨ, ਇਨ੍ਹਾਂ ਦੀ ਜਗ੍ਹਾ ਨਵੇਂ ਸੈੱਲ ਲੈ ਲੈਂਦੇ ਹਨ। ਇਸ ਤਰ੍ਹਾਂ ਇਹ ਚੱਕਰ ਸਧਾਰਨ ਸੈੱਲਾਂ ਵਿੱਚ ਚਲਦਾ ਰਹਿੰਦਾ ਹੈ। ਸਰੀਰ ਵਿੱਚ ਸੈੱਲਾਂ ਦੀ ਬਣਤਰ, ਉਨ੍ਹਾਂ ਦੀ ਗਿਣਤੀ ਅਤੇ ਪੈਦਾ ਹੋਣ ਦੀ ਪ੍ਰਕਿਰਿਆ ਦਾ ਕਿਸੇ ਕਾਰਨ ਕਰਕੇ ਬੇਕਾਬੂ ਹੋਣਾ ਕੈਂਸਰ ਕਹਾਉਂਦਾ ਹੈ। ਕੈਂਸਰ ਸੈੱਲ ਸਰੀਰ ਦੇ ਸਧਾਰਨ ਸੈੱਲਾਂ ਤੋਂ ਪੂਰੀ ਤਰ੍ਹਾਂ ਵੱਖ ਹੁੰਦੇ ਹਨ। ਇਨ੍ਹਾਂ ਵਿੱਚ ਬੇਤਹਾਸ਼ਾ ਵਾਧਾ ਟਿਊਮਰ ਅਖਵਾਉਂਦਾ ਹੈ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਸਾਰੇ ਟਿਊਮਰ ਕੈਂਸਰ ਨਹੀਂ ਹੁੰਦੇ ਕਿਉਂਕਿ ਟਿਊਮਰ ਦੋ ਤਰ੍ਹਾਂ ਦੇ ਹੁੰਦੇ ਹਨ। ਬਿਨਾਈਨ ਟਿਊਮਰ (ਜੋ ਕੈਂਸਰ ਨਹੀਂ) ਅਤੇ ਮੈਲਿਗਨੈਂਟ ਟਿਊਮਰ (ਕੈਂਸਰ ਵਾਲੇ)।
ਬਿਨਾਈਨ ਟਿਊਮਰ ਉਹ ਹੁੰਦੇ ਹਨ ਜੋ ਸਰੀਰ ਵਿੱਚ ਇੱਕੋ ਜਗ੍ਹਾ ਮੌਜੂਦ ਹੁੰਦੇ ਹਨ ਤੇ ਸਰੀਰ ਦੇ ਹੋਰ ਭਾਗਾਂ ਵਿੱਚ ਨਹੀਂ ਫੈਲਦੇ, ਜਿਸ ਕਾਰਨ ਸਰੀਰ ਦਾ ਉਹੀ ਹਿੱਸਾ ਪ੍ਰਭਾਵਿਤ ਹੁੰਦਾ ਹੈ ਜਿੱਥੇ ਬਿਨਾਈਨ ਟਿਊਮਰ ਹੋਵੇ। ਮੈਲਿਗਨੈਂਟ ਟਿਊਮਰ ਨੂੰ ਕੈਂਸਰ ਕਿਹਾ ਜਾਂਦਾ ਹੈ। ਇਹ ਪਹਿਲਾਂ ਤਾਂ ਹੌਲੀ ਹੌਲੀ ਵਧਦਾ ਹੈ ਤੇ ਜ਼ਿਆਦਾ ਕੋਈ ਲੱਛਣ ਵੀ ਨਜ਼ਰ ਨਹੀਂ ਆਉਂਦੇ, ਪਿੱਛੋਂ ਆ ਕੇ ਇਹ ਬੜੀ ਤੇਜ਼ੀ ਨਾਲ ਵਧਦੇ ਹਨ, ਜਿਸ ਕਾਰਨ ਮਰੀਜ਼ ਵਿੱਚ ਲੱਛਣ ਵੀ ਉਤਪਨ ਹੋਣ ਲੱਗਦੇ ਹਨ। ਅਕਸਰ ਹੀ ਇਹ ਆਖਰੀ ਸਟੇਜ ਹੁੰਦੀ ਹੈ। ਮੈਲਿਗਨੈਂਟ ਟਿਊਮਰਾਂ ਦੀ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਇਸਦੇ ਸੈੱਲ ਲਸੀਕਾ, ਖੂਨ ਅਤੇ ਟਿਸ਼ੂਆਂ ਰਾਹੀਂ ਸਰੀਰ ਵਿੱਚ ਇੱਕ ਜਗ੍ਹਾ ਤੋਂ ਦੂਜੀ ਥਾਂ ਪਹੁੰਚ ਜਾਂਦੇ ਹਨ, ਜਿੱਥੇ ਜਾ ਕੇ ਨਵਾਂ ਟਿਊਮਰ (ਗੰਢ) ਪੈਦਾ ਕਰਦੇ ਹਨ। ਇਸ ਪ੍ਰਕਿਰਿਆ ਨੂੰ ਮੈਟਾਸਟੇਸਿਸ ਕਿਹਾ ਜਾਂਦਾ ਹੈ।
ਕੈਂਸਰ ਦੇ ਵਧਦੇ ਪ੍ਰਕੋਪ ਅਤੇ ਇਸਦੇ ਕਾਰਨ ਮਨੁੱਖਤਾ ਦੀ ਹੋਂਦ ਨੂੰ ਪੈਦਾ ਹੋਏ ਸੰਭਾਵੀ ਖਤਰੇ ਨੂੰ ਭਾਂਪਦਿਆਂ ਯੂਨੀਅਨ ਫਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ ਸੰਸਥਾ ਨੇ ਲੋਕਾਂ ਵਿੱਚ ਕੈਂਸਰ ਪ੍ਰਤੀ ਜਾਗਰੂਕਤਾ, ਰੋਗ ਦੀ ਪਹਿਚਾਣ, ਇਲਾਜ ਅਤੇ ਰੋਕਥਾਮ ਸਬੰਧੀ ਸੰਨ 2008 ਵਿੱਚ 4 ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਸੀ। ਇਹ ਸੰਸਥਾ ਵਿਸ਼ਵ ਸਿਹਤ ਸੰਗਠਨ ਅਤੇ ਬਾਕੀ ਦੇਸ਼ਾਂ ਦੀਆਂ ਸੰਸਥਾਵਾਂ ਨਾਲ ਮਿਲ ਕੇ ਕੈਂਸਰ ਦੀ ਰੋਕਥਾਮ ਅਤੇ ਲੋਕਾਂ ਵਿੱਚ ਜਾਗਰੂਕਤਾ ਹਿਤ ਤਤਪਰ ਹੈ। ਅਗਰ ਸਮਾਂ ਰਹਿੰਦੇ ਇਸਦਾ ਇਲਾਜ ਤੇ ਜਾਗਰੂਕਤਾ ਨਾ ਫੈਲਾਈ ਗਈ ਤਾਂ ਲੱਖਾਂ ਲੋਕ ਇਸਦੀ ਲਪੇਟ ਵਿੱਚ ਹਨ ਤੇ ਕਈ ਗੁਣਾਂ ਲੋਕ ਇਸਦੀ ਲਪੇਟ ਵਿੱਚ ਆ ਜਾਣਗੇ।
ਵਿਕਸਿਤ ਦੇਸ਼ਾਂ ਦੇ ਨਾਲ ਨਾਲ ਵਿਕਾਸਸ਼ੀਲ ਤੇ ਗਰੀਬ ਮੁਲਕਾਂ ਵਿੱਚ ਕੈਂਸਰ ਨੇ ਆਪਣੇ ਪੈਰ ਪਸਾਰੇ ਹੋਏ ਹਨ ਜਿਸ ਕਾਰਨ ਲੋਕ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ ਦੀ ਇੱਕ ਰਿਪੋਰਟ ਅਨੁਸਾਰ ਵਿਸ਼ਵ ਦੇ 184 ਦੇਸ਼ਾਂ ਵਿੱਚ ਸੰਨ 2013 ਵਿੱਚ 14 ਮਿਲੀਅਨ ਕੈਂਸਰ ਦੇ ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਸੀ। ਵਿਸ਼ਵ ਸਿਹਤ ਸੰਗਠਨ ਅਨੁਸਾਰ ਸੰਨ 2018 ਵਿੱਚ 11.6 ਲੱਖ ਕੈਂਸਰ ਦੇ ਨਵੇਂ ਮਰੀਜ਼ਾਂ ਦੀ ਪਹਿਚਾਣ ਹੋਈ ਸੀ, ਜਿਸ ਵਿੱਚੋਂ 7.84 ਲੱਖ ਮਰੀਜ਼ਾਂ ਦੀ ਮੌਤ ਹੋਈ ਹੈ।
ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ 10 ਭਾਰਤੀਆਂ ਵਿੱਚੋਂ ਇੱਕ ਆਪਣੀ ਜ਼ਿੰਦਗੀ ਵਿੱਚ ਕੈਂਸਰ ਦਾ ਸ਼ਿਕਾਰ ਹੁੰਦਾ ਹੈ ਅਤੇ ਹਰ 15 ਵਿੱਚੋਂ 1 ਭਾਰਤੀ ਕੈਂਸਰ ਦਾ ਸਹੀ ਇਲਾਜ ਨਾ ਮਿਲਣ ਕਾਰਨ ਮੌਤ ਦੇ ਮੂੰਹ ਵਿੱਚ ਚਲਾ ਜਾਂਦਾ ਹੈ। ਭਾਰਤ ਵਿੱਚ ਕੈਂਸਰ ਦੇ ਪ੍ਰਕੋਪ ਦਾ ਮੁੱਖ ਕਾਰਨ ਤੰਬਾਕੂ ਸੇਵਨ ਮੰਨਿਆ ਗਿਆ ਹੈ। ਦੁਨੀਆਂ ਦੇ 50 ਫੀਸਦੀ ਤੰਬਾਕੂ ਦਾ ਸੇਵਨ ਧੂੰਏਂ ਦੇ ਰੂਪ ਵਿੱਚ ਕਰਨ ਵਾਲੇ ਪੁਰਸ਼ ਚੀਨ, ਭਾਰਤ, ਇੰਡੋਨੇਸ਼ੀਆ ਵਿੱਚ ਰਹਿੰਦੇ ਹਨ। ਭਾਰਤ ਵਿੱਚ 16.4 ਕਰੋੜ ਧੂੰਆਂ ਰਹਿਤ ਤੰਬਾਕੂ ਸੇਵਨ ਕਰਤਾ, 6.9 ਕਰੋੜ ਲੋਕ ਤੰਬਾਕੂ ਸੇਵਨ ਧੂੰਏਂ ਵਿਧੀ ਰਾਹੀਂ ਕਰਦੇ ਹਨ ਜਦਕਿ 4.2 ਕਰੋੜ ਲੋਕ ਤੰਬਾਕੂ ਸੇਵਨ ਧੂੰਏਂ ਵਿਧੀ ਰਾਹੀਂ ਅਤੇ ਮੂੰਹ ਰਾਹੀਂ ਚਬਾ ਕੇ ਕਰਦੇ ਹਨ। ਨੈਸ਼ਨਲ ਇੰਸਟੀਚਿਊਟ ਆਫ ਹੈੱਲਥ ਐਂਡ ਫੈਮਿਲੀ ਵੈੱਲਫੇਅਰ ਅਨੁਸਾਰ ਆਲਮੀ ਪੱਧਰ ’ਤੇ ਕੁਲ ਮੂੰਹ ਦੇ ਕੈਂਸਰ ਦਾ 86 ਫੀਸਦੀ ਭਾਰਤ ਵਿੱਚ ਹੈ ਅਤੇ 90 ਫੀਸਦੀ ਮੂੰਹ ਦੇ ਕੈਂਸਰ ਦਾ ਕਾਰਨ ਤੰਬਾਕੂ ਹੈ।
ਕਿਦਵਈ ਇੰਸਟੀਚਿਊਟ ਆਫ ਆਨਕੋਲੌਜੀ ਦੇ ਕੈਂਸਰ ਵਿਭਾਗ ਦੇ ਮੁਖੀ ਡਾ. ਸੀ ਰਮੇਸ਼ ਅਨੁਸਾਰ ਭਾਰਤ ਵਿੱਚ ਔਸਤਨ ਹਰ ਸਾਲ ਸੱਤ ਲੱਖ ਤੋਂ ਜ਼ਿਆਦਾ ਕੈਂਸਰ ਦੇ ਨਵੇਂ ਮਰੀਜ਼ ਸਾਹਮਣੇ ਆਉਂਦੇ ਹਨ ਅਤੇ ਔਸਤਨ 3.5 ਲੱਖ ਲੋਕ ਕੈਂਸਰ ਕਰਕੇ ਮਰਦੇ ਹਨ। ਨਵੇਂ ਸੱਤ ਲੱਖ ਮਰੀਜ਼ਾਂ ਵਿੱਚੋਂ 2.3 ਲੱਖ ਭਾਵ 33 ਫੀਸਦੀ ਲੋਕਾਂ ਵਿੱਚ ਕੈਂਸਰ ਤੰਬਾਕੂ ਕਰਕੇ ਹੁੰਦਾ ਹੈ। ਔਰਤਾਂ ਵਿੱਚ ਛਾਤੀ ਅਤੇ ਬੱਚੇਦਾਨੀ ਦਾ ਕੈਂਸਰ ਬਹੁਤ ਜ਼ਿਆਦਾ ਹੈ। ਇੱਕ ਅੰਦਾਜ਼ੇ ਮੁਤਾਬਕ ਭਾਰਤ ਵਿੱਚ ਔਰਤਾਂ ਵਿੱਚ ਛਾਤੀ ਦੇ ਕੈਂਸਰ ਦੇ ਮਰੀਜ਼ ਸੰਨ 2025 ਤਕ ਦੁੱਗਣੇ ਹੋ ਜਾਣਗੇ। ਅਗਲੇ ਵੀਹ ਸਾਲਾਂ ਤਕ ਦੇਸ਼ ਵਿੱਚ ਕੈਂਸਰ ਦੇ ਮਰੀਜ਼ ਵੀ ਦੁੱਗਣੇ ਹੋ ਜਾਣਗੇ।
ਕੈਂਸਰ ਸਮੁੱਚੀ ਮਨੁੱਖਤਾ ਨੂੰ ਘੁਣ ਵਾਂਗ ਖਾ ਰਿਹਾ ਹੈ। ਬਦਲਵੇਂ ਜ਼ਿੰਦਗੀ ਜਿਊਣ ਦੇ ਢੰਗ ਨੇ ਕੈਂਸਰ ਅਤੇ ਹੋਰ ਬੀਮਾਰੀਆਂ ਵਿੱਚ ਅਥਾਹ ਵਾਧਾ ਕੀਤਾ ਹੈ। ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਨੇ ਕੈਂਸਰ ਆਦਿ ਖਤਰਨਾਕ ਬੀਮਾਰੀਆਂ ਨੂੰ ਜਨਮ ਦਿੱਤਾ ਹੈ। ਓਜ਼ੋਨ ਪਰਤ ਦੀ ਘਣਤਾ ਪਤਲੀ ਹੋਣ ਕਾਰਨ (ਓਜ਼ੋਨ ਛੇਕ) ਪਰਾਵੈਂਗਣੀ ਕਿਰਨਾਂ ਧਰਤੀ ’ਤੇ ਪਹੁੰਚ ਰਹੀਆਂ ਹਨ ਜੋ ਚਮੜੀ ਦਾ ਕੈਂਸਰ ਅਤੇ ਅੰਨ੍ਹੇਪਣ ਲਈ ਜ਼ਿੰਮੇਵਾਰ ਹਨ। ਖੇਤੀ ਖੇਤਰ ਵਿੱਚ ਅੰਨ੍ਹੇਵਾਹ ਰਸਾਇਣਕ ਖਾਦਾਂ ਦੀ ਵਰਤੋਂ, ਉਦਯੋਗਾਂ ਅਤੇ ਵਾਹਨਾਂ ਦੇ ਪ੍ਰਦੂਸ਼ਣ ਦੇ ਨਾਲ ਨਾਲ ਮੋਬਾਇਲ ਫੋਨ ਦੀਆਂ ਤਰੰਗਾਂ ਵੀ ਕੈਂਸਰ ਲਈ ਜ਼ਿੰਮੇਵਾਰ ਹਨ। ਸੁਰੱਖਿਆ ਸਾਜ਼ੋ ਸਾਮਾਨ ਅਤੇ ਵਿਗਿਆਨਕ ਪ੍ਰਯੋਗਾਂ ਦੇ ਈ ਕਚਰੇ ਨੇ ਵੀ ਵਾਤਾਵਰਣ ਨੂੰ ਦੂਸ਼ਿਤ ਕੀਤਾ ਹੈ ਅਤੇ ਖਤਰਨਾਕ ਤੱਤਾਂ ਦੇ ਰਿਸਾਅ ਕਾਰਨ ਲੋਕ ਕੈਂਸਰ ਦੀ ਪਕੜ ਹੇਠਾਂ ਆ ਰਹੇ ਹਨ। ਵਿਕਸਿਤ ਦੇਸ਼ਾਂ ਦੁਆਰਾ ਆਪਣਾ ਈ ਕਚਰਾ ਵਿਕਾਸਸ਼ੀਲ ਦੇਸ਼ਾਂ ਦੀ ਜ਼ਮੀਨ ਹੇਠਾਂ ਦੱਬਿਆ ਜਾ ਰਿਹਾ ਹੈ। ਸੰਨ 1984 ਦੀ ਭੋਪਾਲ ਗੈਸ ਤ੍ਰਾਸਦੀ ਦੇ ਜ਼ਖਮ ਅਜੇ ਵੀ ਹਰੇ ਹਨ, ਕਈ ਹਜ਼ਾਰ ਲੋਕਾਂ ਦੀ ਮੌਤ ਹੋ ਗਈ, ਲੱਖਾਂ ਬੀਮਾਰ ਹੋ ਗਏ। ਜੋ ਬਚ ਗਏ ਸਨ ਉਨ੍ਹਾਂ ਦੀ ਹਾਲਤ ਬਦਤਰ ਹੈ। ਕੈਂਸਰ ਨਾਲ ਜੂਝਦੇ ਕੁਝ ਮਰ ਗਏ ਤੇ ਬਾਕੀ ਤੜਫ ਰਹੇ ਹਨ।
ਇਸ ਬੀਮਾਰੀ ਤੋਂ ਬਚਣ ਲਈ ਸਭ ਤੋਂ ਪਹਿਲਾਂ ਜੀਵਨ ਸ਼ੈਲੀ ਵਿੱਚ ਸੁਧਾਰ ਕਰਨਾ ਪਵੇਗਾ, ਚੰਗੀ ਖੁਰਾਕ ਅਤੇ ਨੇਮ ਨਾਲ ਕਸਰਤ ਲਾਜ਼ਮੀ ਹੈ। ਮੋਬਾਇਲ ਫੋਨ ਦੀ ਵਰਤੋਂ ਸੀਮਿਤ ਕਰਨੀ ਹੋਵੇਗੀ ਤੇ ਇਸ ਨੂੰ ਸਰੀਰ ਤੋਂ ਦੂਰ ਰੱਖਿਆ ਜਾਵੇ। ਫੋਨ ਦੀ ਖਤਮ ਹੋ ਰਹੀ ਬੈਟਰੀ ਸਮੇਂ ਗੱਲ ਕਰਨ ਤੋਂ ਪ੍ਰਹੇਜ ਕੀਤਾ ਜਾਵੇ ਕਿਉਂਕਿ ਉਸ ਸਮੇਂ ਬਹੁਤ ਖਤਰਨਾਕ ਕਿਰਨਾਂ ਦਾ ਰਿਸਾਅ ਹੁੰਦਾ ਹੈ। ਤੰਬਾਕੂ, ਸ਼ਰਾਬ ਅਤੇ ਹੋਰ ਨਸ਼ਿਆਂ ਤੋਂ ਪ੍ਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਨਿਯਮਤ ਡਾਕਟਰੀ ਜਾਂਚ ਜ਼ਰੂਰੀ ਹੈ ਤਾਂ ਜੋ ਬੀਮਾਰੀ ਨੂੰ ਸਮੇਂ ਸਿਰ ਫੜਿਆ ਜਾ ਸਕੇ ਅਤੇ ਸਹੀ ਇਲਾਜ ਹੋ ਸਕੇ। ਅਗਰ ਕੈਂਸਰ ਦੀ ਪਹਿਚਾਣ ਸ਼ੁਰੂਆਤੀ ਦੌਰ ਵਿੱਚ ਹੋ ਜਾਵੇ ਤਾਂ ਸਹੀ ਇਲਾਜ ਨਾਲ ਮਰੀਜ਼ ਸਧਾਰਨ ਜ਼ਿੰਦਗੀ ਜਿਊਣ ਦੇ ਕਾਬਿਲ ਹੋ ਜਾਂਦਾ ਹੈ।
ਇਹ ਬੀਮਾਰੀ ਸੰਕ੍ਰਮਣ ਨਾਲ ਨਹੀਂ ਫੈਲਦੀ ਤੇ ਕੈਂਸਰ ਪ੍ਰਤੀ ਪਾਏ ਜਾਂਦੇ ਵਹਿਮਾਂ ਭਰਮਾਂ ਨੂੰ ਛੱਡ ਕੇ ਸਹੀ ਇਲਾਜ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਅਜੋਕੇ ਸਮੇਂ ਅੰਦਰ ਕੈਂਸਰ ਦੇ ਇਲਾਜ ਵਿੱਚ ਮੈਡੀਕਲ ਖੇਤਰ ਵਿੱਚ ਕ੍ਰਾਂਤੀ ਆਈ ਹੈ। ਸਰਜਰੀ, ਰੇਡੀਏਸ਼ਨ ਥਰੈਪੀ ਅਤੇ ਕੀਮੋਥਰੈਪੀ (ਦਵਾਈਆਂ ਰਾਹੀਂ ਇਲਾਜ) ਆਦਿ ਤਰੀਕਿਆਂ ਨਾਲ ਕੈਂਸਰ ਦਾ ਇਲਾਜ ਕੀਤਾ ਜਾਂਦਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਕੈਂਸਰ ਦੇ ਇਲਾਜ ਲਈ ਜਨਤਕ ਸਿਹਤ ਸਹੂਲਤਾਂ ਦਾ ਦਰੁਸਤ ਪ੍ਰਬੰਧ ਕੀਤਾ ਜਾਵੇ ਤਾਂ ਜੋ ਗਰੀਬ ਲੋਕ ਵੀ ਆਪਣਾ ਇਲਾਜ ਕਰਵਾ ਸਕਣ। ਸਸਤੇ ਭਾਅ ’ਤੇ ਦਵਾਈਆਂ ਉਪਲਬਧ ਕਰਵਾਈਆਂ ਜਾਣ। ਤੜਫ ਰਹੇ ਕੈਂਸਰ ਮਰੀਜ਼ਾਂ ਦੀ ਸਾਰ ਲਈ ਜਾਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3333)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)