“ਸਾਨੂੰ ਆਪਣੇ ਪੁਰਖਿਆਂ ਦੀ ਉਹ ਰੀਤ ਕਾਇਮ ਕਰਨੀ ਹੋਵੇਗੀ ਜੇ ਉਹ ...”
(22 ਮਾਰਚ 2020)
ਮਾਣਯੋਗ ਸੁਪਰੀਮ ਕੋਰਟ ਨੇ ਨਿਰਭੈਆ ਬਲਾਤਕਾਰ ਕਾਂਡ ਨਾਲ ਸਬੰਧਿਤ ਚਾਰੋਂ ਦੋਸ਼ੀਆਂ ਦੀ ਮੌਤ ਦੀ ਸਜ਼ਾ ਬਰਕਰਾਰ ਰੱਖਣ ਦਾ ਇਤਿਹਾਸਿਕ ਫ਼ੈਸਲਾ ਪਿਛਲੇ ਸਮੇਂ ਦੌਰਾਨ ਸੁਣਾਇਆ ਸੀ। ਪਹਿਲਾਂ 22 ਜਨਵਰੀ 2020 ਨੂੰ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇਣ ਦਾ ਐਲਾਨ ਕੀਤਾ ਸੀ, ਜਿਸਨੇ ਪੀੜਿਤਾ ਦੇ ਮਾਪਿਆਂ ਨੂੰ ਸਕੂਨ ਦਾ ਅਹਿਸਾਸ ਦਿੱਤਾ ਸੀ। ਮਾਣਯੋਗ ਰਾਸ਼ਟਰਪਤੀ ਨੇ ਦੋਸ਼ੀਆਂ ਦੀ ਰਹਿਮ ਅਪੀਲ ਨੂੰ ਖਾਰਜ ਕੀਤਾ ਸੀ ਤੇ ਬੱਸ ਜੇਲ ਪ੍ਰਸ਼ਾਸਨ ਦੇ ਨਾਲ ਆਵਾਮ ਨੂੰ ਮੌਤ ਦੇ ਵਾਰੰਟ ਦੀ ਉਡੀਕ ਸੀ ਜੋ ਮਾਣਯੋਗ ਅਦਾਲਤ ਨੇ ਬੀਤੀ 7 ਜਨਵਰੀ 2020 ਨੂੰ ਚਾਰਾਂ ਦੋਸ਼ੀਆਂ ਦੀ ਵੀਡਿਉ ਕਾਨਫਰੰਸਿੰਗ ਪੇਸ਼ੀ ਦੌਰਾਨ ਇਹ ਅਹਿਮ ਫੈਸਲਾ ਸੁਣਾਇਆ ਸੀ।
ਉਸ ਤੋਂ ਬਾਅਦ ਨਵੇਂ ਫੁਰਮਾਨ ਅਨੁਸਾਰ 1 ਫਰਵਰੀ 2020 ਨੂੰ ਫਾਂਸੀ ਦੇਣ ਦਾ ਐਲਾਨ ਕੀਤਾ ਸੀ ਜੋ ਬਾਅਦ ਵਿੱਚ ਅਣਮਿੱਥੇ ਸਮੇਂ ਲਈ ਫਾਂਸੀ ਟਾਲ ਦਿੱਤੀ ਗਈ ਸੀ। ਆਖਿਰ 20 ਮਾਰਚ 2020 ਨੂੰ ਸਵੇਰੇ ਤਿਹਾੜ ਜੇਲ ਵਿੱਚ ਫਾਂਸੀ ਦਿੱਤੀ ਗਈ। ਦਿੱਲੀ ਵਿੱਚ 16 ਦਸੰਬਰ 2012 ਦੀ ਦੇਰ ਸ਼ਾਮ ਨੂੰ ਨਿਰਭੈਆ, ਜੋ ਪੈਰਾਮੈਡੀਕਲ ਦੀ ਵਿਦਿਆਰਥਣ ਸੀ ਅਤੇ ਉਸਦਾ ਇੱਕ ਦੋਸਤ ਇੱਕ ਬੱਸ ਵਿੱਚ ਘਰ ਜਾਣ ਲਈ ਸਵਾਰ ਹੋਏ। ਬੱਸ ਵਿੱਚ ਉਨ੍ਹਾਂ ਦੋਵਾਂ ਦੇ ਨਾਲ ਸਿਰਫ ਬੱਸ ਅਮਲਾ ਸੀ। ਬੱਸ ਅਮਲੇ ਵਿੱਚ ਇੱਕ ਨਾਬਾਲਿਗ ਵੀ ਸ਼ਾਮਲ ਸੀ, ਜਿਨ੍ਹਾਂ ਨੇ ਨਸ਼ਾ ਆਦਿ ਕੀਤਾ ਹੋਇਆ ਸੀ। ਛੇੜਖਾਨੀ ਦਾ ਵਿਰੋਧ ਕਰਨ ਉੱਤੇ ਉਸਦੇ ਦੋਸਤ ਨੂੰ ਚਾਕੂ ਦੀ ਨੋਕ ਉੱਤੇ ਬੰਧਕ ਬਣਾ ਲਿਆ ਸੀ। ਇਸ ਤੋਂ ਬਾਅਦ ਉਸ ਲੜਕੀ ਨਾਲ ਚੱਲਦੀ ਬੱਸ ਵਿੱਚ ਉਕਤ ਬੱਸ ਅਮਲੇ ਵੱਲੋਂ ਬੇਰਹਿਮੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਇਨਸਾਨੀਅਤ ਨੂੰ ਕਲੰਕਿਤ ਕਰਦਿਆਂ ਦਰਿੰਦਗੀ ਕੀਤੀ ਗਈ ਸੀ। ਨਿਰਭੈਆ ਦੇ ਗੁਪਤ ਅੰਗਾਂ ਵਿੱਚ ਲੋਹੇ ਦੀ ਛੜੀ ਤੱਕ ਉਨ੍ਹਾਂ ਦਰਿੰਦਿਆਂ ਨੇ ਪਾ ਦਿੱਤੀ ਸੀ ਜਿਸ ਕਾਰਨ ਉਸ ਮਾਸੂਮ ਲੜਕੀ ਦੇ ਗੁਪਤ ਅੰਗਾਂ ਦੇ ਨਾਲ ਆਂਤੜੀ ਬੁਰੀ ਤਰ੍ਹਾਂ ਫਟ ਗਈ ਸੀ।
ਰਿਪੋਰਟਾਂ ਅਨੁਸਾਰ ਇਸ ਅਣਮਨੁੱਖੀ ਘਿਨਾਉਣੇ ਕਾਰਜ ਵਿੱਚ ਉਸ ਅਖੌਤੀ ਨਾਬਾਲਿਗ ਨੇ ਮੁੱਖ ਭੂਮਿਕਾ ਨਿਭਾਈ ਸੀ। ਚਸ਼ਮਦੀਦ ਉਸਦੇ ਦੋਸਤ ਅਨੁਸਾਰ ਲੋਹੇ ਦੀ ਛੜੀ ਨਾਲ ਉਸਦੇ ਗੁਪਤ ਅੰਗਾਂ ਨੂੰ ਫਾੜਨ ਦੀ ਤਰਕੀਬ ਉਕਤ ਨਾਬਾਲਿਗ ਨੇ ਹੀ ਦਿੱਤੀ ਸੀ। ਉਕਤ ਦੋਸ਼ੀ ਨਿਰਭੈਆ ਨੂੰ ਨੀਮ ਬੇਹੋਸ਼ੀ ਅਤੇ ਅਰਧ ਨਗਨ ਦੀ ਹਾਲਤ ਵਿੱਚ ਅਤੇ ਉਸਦੇ ਦੋਸਤ ਨੂੰ ਚੱਲਦੀ ਬੱਸ ਦੌਰਾਨ ਹੀ ਸੜਕ ਕਿਨਾਰੇ ਸੁੱਟ ਕੇ ਚਲੇ ਗਏ ਸੀ। ਕਾਫੀ ਦੇਰ ਤੱਕ ਲੋਕ ਕੋਲੋਂ ਗੁਜ਼ਰਦੇ ਰਹੇ ਪਰ ਮਦਦ ਵਾਲਾ ਹੱਥ ਕਿਸੇ ਨੇ ਨਹੀਂ ਵਧਾਇਆ ਸੀ। ਆਖਿਰ ਕਾਫੀ ਸਮੇਂ ਬਾਅਦ ਇੱਕ ਇਨਸਾਨ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਸੀ।
ਦੇਸ ਦੀ ਸਰਵੋਤਮ ਚਿਕਿਤਸਾ ਸੰਸਥਾ ਏਮਜ਼ ਵਿੱਚ ਇਲਾਜ ਤੋਂ ਬਾਅਦ ਉਸ ਨੂੰ ਹਰ ਹੀਲੇ ਬਚਾਉਣ ਲਈ ਵਿਸ਼ੇਸ਼ ਜਹਾਜ਼ ਰਾਹੀਂ ਸਿੰਗਾਪੁਰ ਦੇ ਹਸਪਤਾਲ ਵੀ ਭੇਜਿਆ ਗਿਆ ਸੀ ਅਤੇ ਤੇਰ੍ਹਾਂ ਦਿਨ ਦੀ ਜੱਦੋਜਹਿਦ ਮਗਰੋਂ 29 ਦਸੰਬਰ 2012 ਉਸਨੇ ਦਮ ਤੋੜਿਆ ਸੀ। ਪਰ ਨਿਰਭੈਆ ਇਸ ਤਰ੍ਹਾਂ ਦੇ ਜ਼ੁਲਮ ਦੀਆਂ ਸ਼ਿਕਾਰ ਔਰਤਾਂ ਲਈ ਇਨਸਾਫ ਦੀ ਜੰਗ ਛੇੜ ਗਈ ਸੀ ਜਿਸ ਤੋਂ ਪੂਰਾ ਦੇਸ਼ ਵਾਕਿਫ ਹੈ। ਕੌਮੀ ਮੀਡੀਏ ਦੇ ਨਾਲ ਖੇਤਰੀ ਮੀਡੀਏ ਨੇ ਵੀ ਇਸ ਖਿਲਾਫ ਆਵਾਜ਼ ਬੁਲੰਦ ਕੀਤੀ ਸੀ। ਪੂਰਾ ਦੇਸ਼ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਮੰਗ ਰਿਹਾ ਸੀ। ਦਿੱਲੀ ਸਮੇਤ ਸਾਰੇ ਦੇਸ ਵਿੱਚ ਰੋਸ ਪ੍ਰਦਰਸ਼ਨ ਹੋਏ ਸਨ ਜਿਸਦੇ ਫਲਸਰੂਪ ਸਰਕਾਰ ਹਰਕਤ ਵਿੱਚ ਆਈ ਸੀ। ਕਾਨੂੰਨ ਵਿੱਚ ਤਬਦੀਲੀ ਦੇ ਨਾਲ ਫਾਸਟ ਟਰੈਕ ਕੋਰਟਾਂ ਦੀ ਸਥਾਪਨਾ ਹੋਈ ਤੇ ਛੇ ਦੋਸ਼ੀਆਂ ਵਿੱਚੋਂ ਚਾਰ ਦੋਸ਼ੀਆਂ ਨੂੰ 13 ਸਤੰਬਰ 2013 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਕਾਬਿਲੇਗੌਰ ਹੈ ਕਿ 11 ਮਾਰਚ 2013 ਨੂੰ ਉਕਤ ਛੇ ਦੋਸ਼ੀਆਂ ਵਿੱਚੋਂ ਇੱਕ ਨੇ ਤਿਹਾੜ ਜੇਲ ਅੰਦਰ ਆਤਮ ਹੱਤਿਆ ਕਰ ਲਈ ਸੀ ਅਤੇ ਨਾਬਾਲਿਗ ਨੂੰ ਬਾਲ ਸੁਧਾਰ ਘਰ ਵਿੱਚ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਸੀ।
ਲੰਮੀ ਪੈਰਵੀ ਤੋਂ ਬਾਅਦ ਦਿੱਲੀ ਹਾਈਕੋਰਟ ਤੋਂ ਬਾਅਦ 5 ਮਈ 2017 ਨੂੰ ਸੁਪਰੀਮ ਕੋਰਟ ਨੇ ਵੀ ਉਨ੍ਹਾਂ ਮੁਲਜ਼ਮਾਂ ਦੀ ਫਾਂਸੀ ਬਰਕਰਾਰ ਰੱਖੀ ਸੀ। ਉਦੋਂ ਜਾਪਦਾ ਸੀ ਕਿ ਹੁਣ ਦੇਸ਼ ਅੰਦਰ ਔਰਤਾਂ ਸੁਰੱਖਿਅਤ ਹੋ ਜਾਣਗੀਆਂ ਪਰ ਅਜਿਹਾ ਹੋਇਆ ਨਹੀਂ। ਇਸ ਘਟਨਾ ਤੋਂ ਕੁਝ ਦਿਨਾਂ ਬਾਅਦ ਹੀ ਦਿੱਲੀ ਫਿਰ ਸ਼ਰਮਸਾਰ ਹੋਈ ਸੀ, ਇੱਕ ਬੱਸ ਡਰਾਈਵਰ ਵੱਲੋਂ ਬੱਸ ਵਿੱਚ ਹੀ ਪੰਜ ਸਾਲਾ ਬੱਚੀ ਨਾਲ ਬਲਾਤਕਾਰ ਕੀਤਾ ਗਿਆ ਸੀ।
27 ਨਵੰਬਰ 2019 ਦੀ ਸ਼ਾਮ ਨੂੰ ਹੈਦਰਾਬਾਦ ਵਿੱਚ ਵੈਟਰਨਰੀ ਡਾਕਟਰ ਪ੍ਰਿਅੰਕਾ ਰੈਡੀ ਨਾਲ ਚਾਰ ਦਰਿੰਦਿਆਂ ਨੇ ਦਰਿੰਦਗੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਇਸ ਸ਼ਰਮਨਾਕ ਘਟਨਾ ਨੇ ਦਸੰਬਰ 2012 ਦੇ ਉਪਰੋਕਤ ਨਿਰਭੈਆ ਕਾਂਡ ਦੇ ਜ਼ਖਮ ਹਰੇ ਕੀਤੇ। ਆਪਣੇ ਕੰਮ ਤੋਂ ਪਰਤ ਰਹੀ ਡਾਕਟਰ ਦੀ ਸਕੂਟੀ ਪੈਂਚਰ ਹੋਣ ਕਾਰਨ ਉਸਦੀ ਮਦਦ ਕਰਨ ਦੇ ਬਹਾਨੇ ਚਾਰ ਲੋਕਾਂ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਹੱਤਿਆ ਤੋਂ ਬਾਅਦ ਉਸਦੇ ਸਰੀਰ ਨੂੰ ਅੱਧਜਲੀ ਹਾਲਤ ਵਿੱਚ ਛੱਡ ਕੇ ਫਰਾਰ ਹੋ ਗਏ ਸਨ। ਦਰਅਸਲ ਡਾਕਟਰ ਨੇ ਆਪਣਾ ਦੋ ਪਹੀਆ ਵਾਹਨ ਖਰਾਬ ਹੋਣ ਦੀ ਖਬਰ ਆਪਣੀ ਛੋਟੀ ਭੈਣ ਨੂੰ ਦਿੱਤੀ ਸੀ ਤੇ ਲਗਾਤਾਰ ਉਹ ਉਸ ਨਾਲ ਫੋਨ ਉੱਤੇ ਗੱਲਬਾਤ ਕਰ ਰਹੀ ਸੀ, ਕੁਝ ਸਮੇਂ ਬਾਅਦ ਡਾਕਟਰ ਨੇ ਉਸ ਨੂੰ ਕਿਹਾ ਕਿ ਮੈਂਨੂੰ ਡਰ ਲੱਗ ਰਿਹਾ ਹੈ। ਉਸ ਤੋਂ ਬਾਅਦ ਡਾਕਟਰ ਦਾ ਫੋਨ ਬੰਦ ਆਉਣ ਲੱਗਾ।
ਉਸੇ ਸਮੇਂ ਡਾਕਟਰ ਦੇ ਪਰਿਵਾਰਿਕ ਮੈਂਬਰ ਉਸ ਨੂੰ ਲੱਭਣ ਲੱਗ ਗਏ ਤੇ ਨਾਲ ਹੀ ਪੁਲੀਸ ਨੂੰ ਸੂਚਿਤ ਕੀਤਾ। ਵੀਰਵਾਰ ਸਵੇਰੇ ਉਸਦੀ ਅੱਧਜਲੀ ਲਾਸ਼ ਨੇ ਦਰਿੰਦਿਆਂ ਦੀ ਬੇਹੱਦ ਨੀਵੀਂ ਮਾਨਸਿਕਤਾ ਨੂੰ ਬਿਆਨ ਦਿੱਤਾ ਸੀ। ਕੌਮੀ ਮੀਡੀਆ ਫਿਰ ਜਾਗਿਆ ਜਿਸ ਕਾਰਨ ਪੁਲਿਸ ਨੇ ਦੋਸ਼ੀਆਂ ਦੀ ਨਿਸ਼ਾਨਦੇਹੀ ਕੀਤੀ ਅਤੇ ਉਕਤ ਘਟਨਾ ਵਾਲੇ ਸਥਾਨ ਉੱਤੇ ਦੋਸ਼ੀਆਂ ਕੋਲੋਂ ਪੁੱਛਗਿੱਛ ਕਰਨ ਦੇ ਬਹਾਨੇ ਮੁਕਾਬਲੇ ਦੌਰਾਨ ਚਾਰਾਂ ਦੋਸ਼ੀਆਂ ਨੂੰ ਮਾਰ ਮੁਕਾਇਆ ਸੀ। ਚਾਹੇ ਬਾਅਦ ਵਿੱਚ ਇਸ ਘਟਨਾ ਦੇ ਜਾਂਚ ਦੇ ਹੁਕਮ ਵੀ ਹੋਏ ਪਰ ਦੇਸ਼ ਵਾਸੀਆਂ ਦੀ ਬਹੁਗਿਣਤੀ ਨੇ ਪੁਲਿਸ ਦੇ ਇਸ ਕਾਰਜ ਨੂੰ ਜਾਇਜ਼ ਠਹਿਰਾਇਆ ਸੀ।
ਕੇਰਲਾ ਦੇ ਪੇਰੰਬਾਵੂਰ ਵਿੱਚ ਕਾਨੂੰਨ ਦੀ ਦਲਿਤ ਵਿਦਿਆਰਣ ਜੀਸ਼ਾ ਨਾਲ ਬੇਰਹਿਮ ਦਰਿੰਦਿਆਂ ਨੇ ਦਰਿੰਦਗੀ ਦੀਆਂ ਸਭ ਹੱਦਾਂ ਪਾਰ ਕੀਤੀਆਂ ਅਤੇ 28 ਅਪ੍ਰੈਲ 2016 ਨੂੰ ਉਸ ਲੜਕੀ ਦੀ ਲਾਸ਼ ਬੜੀ ਹੀ ਮਾੜੀ ਹਾਲਤ ਵਿੱਚ ਮਿਲੀ ਸੀ। ਦੁੱਖ ਦੀ ਗੱਲ ਇਹ ਹੈ ਕਿ ਇਸ ਮਾਮਲੇ ਵਿੱਚ ਕੌਮੀ ਮੀਡੀਆ ਸੁੱਤਾ ਰਿਹਾ ਹੈ। ਸਿਰਫ ਕੇਰਲਾ ਦੇ ਲੋਕਲ ਪ੍ਰਿੰਟ ਮੀਡੀਆ ਵਿੱਚ ਹੀ ਇਸ ਬਾਰੇ ਥੋੜ੍ਹੀ ਬਹੁਤ ਚਰਚਾ ਹੋਈ। ਆਦਿਵਾਸੀ ਔਰਤਾਂ ਦੇ ਹੁੰਦੇ ਸ਼ੋਸ਼ਣ ਖਿਲਾਫ ਅਵਾਜ਼ ਬੁਲੰਦ ਕਰਨ ਵਾਲੀ ਔਰਤ ਕਵਾਸੀ ਹਿਡਮੇ ਖੁਦ ਸ਼ੋਸ਼ਣ ਦਾ ਸ਼ਿਕਾਰ ਹੋਈ ਪਰ ਉਸ ਵਾਰੀ ਵੀ ਮੀਡੀਆ ਕੁੰਭਕਰਨੀ ਨੀਂਦ ਸੁੱਤਾ ਰਿਹਾ। ਪ੍ਰਸ਼ਾਸਨੀ ਨੀਂਦ ਟੁੱਟਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।
ਜਬਰ ਜਨਾਹ ਕੇਸਾਂ ਨੂੰ ਘੋਖਣ ਤੋਂ ਬਾਅਦ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਹੈ ਕਿ ਜਦ ਬਲਾਤਕਾਰ ਦੀ ਘਟਨਾ ਦੇਸ਼ ਦੇ ਮਹਾਂਨਗਰ ਜਾਂ ਵੱਡੇ ਸਹਿਰ ਵਿੱਚ ਵਾਪਰਦੀ ਹੈ ਤਾਂ ਦੇਸ਼ ਵਾਸੀਆਂ ਦਾ ਹਜੂਮ ਨਿਆਂ ਮੰਗਣ ਲਈ ਉੱਠ ਖਲੋਂਦਾ ਹੈ ਅਤੇ ਕੌਮੀ ਮੀਡੀਆ ਵੀ ਉਦੋਂ ਹੀ ਹਰਕਤ ਵਿੱਚ ਆਉਂਦਾ ਹੈ। ਜਦ ਅਜਿਹੀ ਮੰਦਭਾਗੀ ਘਟਨਾ ਦੇਸ਼ ਦੇ ਗ੍ਰਾਮੀਣ ਦੱਬੇ ਕੁਚਲੇ ਵਰਗਾਂ ਦੀਆਂ ਔਰਤਾਂ, ਬੱਚੀਆਂ ਨਾਲ ਵਾਪਰਦੀ ਹੈ ਤਾਂ ਖੇਤਰੀ ਮੀਡੀਏ ਤੋਂ ਲੈ ਕੇ ਕੌਮੀ ਮੀਡੀਏ ਦੇ ਨਾਲ ਦੇਸ਼ ਦੇ ਆਵਾਮ ਨੂੰ ਪਤਾ ਨਹੀਂ ਕੀ ਸੱਪ ਸੁੰਘ ਜਾਂਦਾ ਹੈ, ਕਿਸੇ ਦੇ ਮੂੰਹੋਂ ਅਵਾਜ਼ ਤੱਕ ਨਹੀਂ ਨਿੱਕਲਦੀ। ਕੀ ਸਿਰਫ ਮਹਾਂਨਗਰਾਂ ਦੀਆਂ ਘਟਨਾਵਾਂ ਹੀ ਮੀਡੀਆ ਤੇ ਲੋਕਾਂ ਲਈ ਮਹੱਤਵਪੂਰਨ ਹਨ ਅਤੇ ਪੇਂਡੂ ਭਾਰਤ ਦੇ ਲੋਕ ਕਿਸੇ ਹੋਰ ਗ੍ਰਹਿ ਤੋਂ ਆਏ ਹੋਏ ਹਨ?
ਅਰਥ ਸ਼ਾਸਤਰੀਆਂ ਦੇ ਅਧਿਐਨ ਅਤੇ ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜੇ ਚੀਕ ਚੀਕ ਕੇ ਅਣਕਹੀ ਦਾਸਤਾਨ ਬਿਆਨ ਕਰ ਰਹੇ ਹਨ ਕਿ ਪੇਂਡੂ ਭਾਰਤ ਵਿੱਚ ਔਰਤਾਂ, ਬੱਚੀਆਂ ਦੀ ਹਾਲਤ ਬਹੁਤ ਜ਼ਿਆਦਾ ਤਰਸਯੋਗ ਹੈ। ਮਜ਼ਦੂਰ ਔਰਤਾਂ ਸਭ ਤੋਂ ਜ਼ਿਆਦਾ ਜਬਰ ਜਨਾਹ ਜਿਹੇ ਅਪਰਾਧ ਦਾ ਸ਼ਿਕਾਰ ਹੁੰਦੀਆਂ ਹਨ। ਖੇਤਾਂ ਵਿੱਚ ਸ਼ਰੇਆਮ ਜ਼ਬਰਦਸਤੀ ਉਨ੍ਹਾਂ ਦਾ ਜਿਸਮ ਨੋਚਿਆ ਜਾਂਦਾ ਹੈ, ਜਾਂ ਗਰੀਬੀ, ਮਜਬੂਰੀ ਦਾ ਲਾਹਾ ਲੈ ਕੇ ਘਿਨਾਉਣੇ ਕੰਮ ਨੂੰ ਅੰਜਾਮ ਦਿੱਤਾ ਹੈ। ਇੱਕ ਅਧਿਐਨ ਅਨੁਸਾਰ 50 ਫੀਸਦੀ ਬਲਾਤਕਾਰ ਦੀਆਂ ਸ਼ਿਕਾਰ ਮਜ਼ਦੂਰ ਔਰਤਾਂ ਅੱਜ ਵੀ ਦੋਸ਼ੀਆਂ ਖਿਲਾਫ ਮੂੰਹ ਖੋਲ੍ਹਣ ਤੋਂ ਕਤਰਾਉਂਦੀਆਂ ਹਨ। ਦੋਸ਼ੀਆਂ ਦੀ ਉੱਚੀ ਰਾਜਨੀਤਕ ਪਹੁੰਚ, ਜਾਤ ਅਤੇ ਪੈਸਾ ਆਦਿ ਨੇ ਉਨ੍ਹਾਂ ਨੂੰ ਗੂੰਗੇ ਬਣਕੇ ਜੀਵਨ ਕੱਟਣ ਲਈ ਮਜਬੂਰ ਕੀਤਾ ਹੈ। ਜੇ ਕਿਸੇ ਦੱਬੇ ਕੁਚਲੇ ਨੇ ਇਸ ਅਨਿਆਂ ਖਿਲਾਫ ਆਵਾਜ਼ ਬੁਲੰਦ ਕਰਨ ਦਾ ਹੀਆ ਕੀਤਾ ਹੈ ਤਾਂ ਉਸ ਨੂੰ ਦਬਾਉਣ ਲਈ ਹਰ ਹੀਲਾ ਵਰਤਿਆ ਗਿਆ ਹੈ। ਅਨੇਕਾਂ ਘਟਨਾਵਾਂ ਇਸ ਇਸ ਵਰਤਾਰੇ ਦੀ ਗਵਾਹੀ ਭਰਦੀਆਂ ਹਨ, ਜਿਵੇਂ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਝੱਬਰ ਦੇ ਸਿਰੜੀ ਦਲਿਤ ਬੰਤ ਸਿੰਘ ਝੱਬਰ ਦੀ ਦਰਦਨਾਕ ਕਹਾਣੀ ਹੈ। ਪਿੰਡ ਦੇ ਜਾਤ ਦੇ ਹੰਕਾਰੀ ਲੋਕਾਂ ਨੇ ਉਸਦੀ ਧੀ ਨਾਲ ਜਬਰ ਜਨਾਹ ਕੀਤਾ ਸੀ। ਉਨ੍ਹਾਂ ਖਿਲਾਫ ਕੀਤੀ ਬੁਲੰਦ ਅਵਾਜ਼ ਕਾਰਨ ਉਸ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। 7 ਜਨਵਰੀ 2006 ਨੂੰ ਉਸ ਉੱਤੇ ਜਾਨਲੇਵਾ ਹਮਲਾ ਹੋਇਆ ਸੀ ਅਤੇ ਉਸਦੀ ਜਾਨ ਬਚਾਉਣ ਹਿਤ ਉਸਦੀ ਬਾਹਾਂ ਕੱਟਣੀਆਂ ਪਈਆਂ ਸਨ।
ਮਜ਼ਦੂਰੀ ਕਰਦੀਆਂ ਔਰਤਾਂ ਬਲਕਿ ਹਰ ਜਗ੍ਹਾ, ਹਰ ਵਿਭਾਗ ਵਿੱਚ ਔਰਤਾਂ ਨਾਲ ਸਹਿਕਰਮੀ ਜਾਂ ਉੱਚ ਅਧਿਕਾਰੀ ਛੇੜਛਾੜ ਕਰਦੇ ਹਨ ਅਤੇ ਬਹੁਤ ਵਾਰ ਉਹ ਉਨ੍ਹਾਂ ਦੀ ਹਵਸ ਦਾ ਸ਼ਿਕਾਰ ਵੀ ਬਣਦੀਆਂ ਹਨ। ਕੌਮੀ ਅਪਰਾਧ ਰਿਕਾਰਡ ਬਿਉਰੋ ਦੇ ਤਾਜ਼ਾ ਅੰਕੜੇ ਚੌਂਕਾਉਣ ਵਾਲੇ ਹਨ ਕਿ ਬਲਾਤਕਾਰ ਦੇ 94 ਫੀਸਦੀ ਦਰਜ ਮਾਮਲਿਆਂ ਵਿੱਚ ਦੋਸ਼ੀ ਪੀੜਿਤਾ ਦੇ ਕਰੀਬੀ ਸਨ ਜਿਸ ਵਿੱਚ ਦਾਦਾ, ਭਰਾ ਜਾਂ ਪੁੱਤਰ ਤੱਕ ਵੀ ਸ਼ਾਮਲ ਸਨ। ਕੌਮੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ ਦੇਸ਼ ਅੰਦਰ ਸੰਨ 2010 ਤੋਂ ਬਾਅਦ ਜਬਰ ਜਨਾਹ ਮਾਮਲਿਆਂ ਵਿੱਚ 7.5 ਫੀਸਦੀ ਵਾਧਾ ਹੋਇਆ ਹੈ। ਦੁਸ਼ਕਰਮ ਸ਼ਿਕਾਰ ਜ਼ਿਆਦਾਤਰ ਔਰਤਾਂ, ਜਿਨ੍ਹਾਂ ਦੀ ਉਮਰ 18 ਤੋਂ 30 ਸਾਲ ਹੈ, ਹਰ ਤੀਸਰੀ ਪੀੜਿਤਾ ਦੀ ਉਮਰ 18 ਸਾਲ ਤੋਂ ਘੱਟ ਹੈ।
ਹੁਣ ਜਦੋਂ ਪੂਰਾ ਦੇਸ਼ ਨਿਰਭੈਆ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਕੇ ਖੁਸ਼ੀ ਵਿੱਚ ਖੀਵਾ ਹੈ ਤਾਂ ਇੱਕ ਨਿਰਭੈਆ ਦੇ ਦੋਸ਼ੀਆਂ ਨੂੰ ਸਜ਼ਾ ਦੇ ਤੌਰ ਉੱਤੇ ਫਾਂਸੀ ਨਾਲ ਲੱਖਾਂ ਔਰਤਾਂ ਦੇ ਦੋਸ਼ੀ ਖਾਸ ਕਰਕੇ ਪੇਂਡੂ ਭਾਰਤ ਵਿੱਚ ਉਨ੍ਹਾਂ ਦੋਸ਼ੀਆਂ ਲਈ ਸਜ਼ਾ ਕਦੋਂ ਅਤੇ ਕਿਸਨੇ ਮੰਗਣੀ ਹੈ ਤੇ ਕਦੋਂ ਉਨ੍ਹਾਂ ਨੂੰ ਸਜ਼ਾ ਸੁਣਾਈ ਜਾਵੇਗੀ? ਸਭ ਤੋਂ ਵੱਡੀ ਗੱਲ ਅਜੋਕੇ ਸਮੇਂ ਅੰਦਰ ਸਮਾਜ ਅਤੇ ਸਰਕਾਰਾਂ ਨੂੰ ਅਜਿਹੇ ਪ੍ਰਬੰਧ ਕਰਨ ਦੀ ਲੋੜ ਹੈ ਤਾਂ ਜੋ ਕਿਸੇ ਦੀ ਆਬਰੂ ਤਾਰ ਤਾਰ ਨਾ ਹੋਵੇ। ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ। ਬਹੁਤੇ ਦੇਸ਼ਾਂ ਵਿੱਚ ਸਜ਼ਾ ਦੇ ਤੌਰ ਉੱਤੇ ਦੋਸ਼ੀਆਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ। ਕਈ ਦੇਸ਼ਾਂ ਵਿੱਚ ਕੈਮੀਕਲ ਤੇ ਸਰਜੀਕਲ ਵਿਧੀਆਂ ਦੀ ਵਰਤੋ ਕੀਤੀ ਜਾਂਦੀ ਹੈ। ਸਜ਼ਾ ਦੇ ਨਾਲ ਨੈਤਿਕ ਸਿੱਖਿਆ ਵੀ ਸਿੱਖਿਆ ਪ੍ਰਣਾਲੀ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਇਸਦੀ ਜਗ੍ਹਾ ਲੋਕਾਂ ਦੇ ਦਿਲ ਦਿਮਾਗ ਵਿੱਚ ਬਣਾਈ ਜਾਵੇ। ਸਾਨੂੰ ਆਪਣੇ ਪੁਰਖਿਆਂ ਦੀ ਉਹ ਰੀਤ ਕਾਇਮ ਕਰਨੀ ਹੋਵੇਗੀ ਜੇ ਉਹ ਅਹਿਮਦ ਸ਼ਾਹ ਅਬਦਾਲੀ ਅੱਗੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਲਈ ਅੜ ਸਕਦੇ ਸਨ ਤਾਂ ਸਾਨੂੰ ਵੀ ਉਹ ਕਦਮ ਜ਼ਰੂਰ ਚੁੱਕਣਾ ਚਾਹੀਦਾ ਹੈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2011)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)