“ਪੱਛਮ ਦੇ ਲੋਕ ਜ਼ਿਆਦਾ ਧਾਰਮਿਕ ਨਹੀਂ ਹਨ ਪਰ ਉੱਥੇ ਖੁਸ਼ਹਾਲੀ ਸਾਡੇ ਨਾਲੋਂ ...”
(17 ਮਾਰਚ 2018)
ਆਕਸਫੈਮ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਦੀ ਕੁੱਲ ਅਬਾਦੀ ਵਿੱਚੋਂ ਅਮੀਰ ਲੋਕਾਂ ਦੀ ਸੰਖਿਆ ਮਾਤਰ ਇੱਕ ਪ੍ਰਤੀਸ਼ਤ ਹੈ। ਇਹੀ ਇੱਕ ਪ੍ਰਤੀਸ਼ਤ ਲੋਕ ਦੇਸ਼ ਦੀ ਕੁੱਲ ਪੂੰਜੀ ਦੀ 73 ਪ੍ਰਤੀਸ਼ਤ ਦੌਲਤ ਦਾ ਮਾਲਕ ਹੈ। ਮਜਦੂਰਾਂ, ਕਾਸ਼ਤਕਾਰਾਂ ਅਤੇ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਲੋਕਾਂ ਕੋਲ ਆਪਣੇ ਪਰਿਵਾਰ ਦੀ ਦੇਖਭਾਲ ਕਰਨ, ਬੱਚਿਆਂ ਦੀ ਸਿੱਖਿਆ ਲਈ ਲੋੜੀਂਦੇ ਪੈਸੇ ਨਹੀਂ ਹਨ। ਪਿਛਲੇ ਵਰ੍ਹੇ 16 ਜਨਵਰੀ 2017 ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾ ਆਕਸਫੈਮ ਦੀ ਜਾਰੀ ਰਿਪੋਰਟ ਨੇ ਵੀ ਅਮੀਰੀ ਗਰੀਬੀ ਦੇ ਪਾੜੇ ਨੂੰ ਬਾਖੂਬੀ ਦਰਸਾਇਆ ਸੀ। ਰਿਪੋਰਟ ਅਨੁਸਾਰ ਦੁਨੀਆਂ ਦੀ ਅੱਧੀ ਦੌਲਤ ਸਿਰਫ 8 ਵਿਅਕਤੀਆਂ ਕੋਲ ਹੈ ਜੋ ਆਪਣੇ ਆਪ ਵਿਚ ਹੀ ਅਸਧਾਰਨਤਾ ਹੈ। ਇਨ੍ਹਾਂ ਅਮੀਰਾਂ ਵਿਚ 6 ਅਮਰੀਕਨ, ਇੱਕ ਯੁਰਪੀਅਨ ਤੇ ਇੱਕ ਮੈਕਸੀਕੋ ਵਾਸੀ ਹੈ। ਸਭ ਤੋਂ ਵੱਧ ਅਮੀਰ ਅਮਰੀਕਾ ਅਤੇ ਯੂਰਪ ਵਿਚ ਹਨ ਅਤੇ ਗਰੀਬ ਅਮਰੀਕਾ ਤੇ ਏਸ਼ੀਆ ਵਿਚ ਹਨ। ਆਕਸਫੈਮ ਦੀ ਪਿਛਲੇ ਵਰ੍ਹੇ ਦੀ ਰਿਪੋਰਟ ਵਿਚ ਇਹ ਸ਼ੁਮਾਰ ਸੀ ਕਿ ਦੁਨੀਆਂ ਦੀ ਅੱਧੀ ਦੌਲਤ 62 ਧਨਕੁਬੇਰਾਂ ਕੋਲ ਸੀ ਪਰ ਇੱਕ ਸਾਲ ਦੇ ਵਿੱਚ ਹੀ ਇਨ੍ਹਾਂ ਦੀ ਗਿਣਤੀ ਘੱਟ ਕੇ ਅੱਠ ਰਹਿ ਗਈ ਹੈ। ਭਾਰਤ ਦੇ 57 ਵਿਅਕਤੀਆਂ ਕੋਲ 70 ਪ੍ਰਤੀਸ਼ਤ ਅਬਾਦੀ ਦੇ ਬਰਾਬਰ ਦੌਲਤ ਹੈ। ਸਾਡੇ ਮੁਲਕ ਵਿਚ ਇੱਕ ਪ੍ਰਤੀਸ਼ਤ ਅਰਬਪਤੀ ਦੇਸ਼ ਦੀ 58 ਪ੍ਰਤੀਸ਼ਤ ਦੌਲਤ ’ਤੇ ਕਾਬਜ਼ ਹਨ। ਦੇਸ਼ ਦੀ ਕੁੱਲ 3.2 ਲੱਖ ਕਰੋੜ ਡਾਲਰ ਦੀ ਪੂੰਜੀ ਵਿੱਚੋਂ ਮੁਕੇਸ਼ ਅੰਬਾਨੀ ਕੋਲ 1.30 ਲੱਖ ਕਰੋੜ ਡਾਲਰ ਦਾ ਮਾਲਕ ਹੈ।
ਸਾਡਾ ਦੇਸ ਵਿਕਾਸਸ਼ੀਲ ਦੇਸ਼ਾਂ ਦੀ ਕਤਾਰ ਵਿੱਚ ਹੈ ਤੇ ਵਿਕਸਿਤ ਦੇਸ਼ਾਂ ਦੇ ਬਰਾਬਰ ਜਾਣ ਲਈ ਤਤਪਰ ਹੈ। ਗਰੀਬੀ, ਭੁੱਖਮਰੀ, ਗੁਲਾਮੀ ਅਤੇ ਭ੍ਰਿਸ਼ਟਾਚਾਰ ਸਾਰੇ ਵਿਕਾਸਸ਼ੀਲ ਦੇਸ਼ਾਂ ਦੀ ਸਮੱਸਿਆ ਹੈ। ਇਨ੍ਹਾਂ ਦੇ ਹੱਲ ਲਈ ਸੂਝਵਾਨ ਨੇਤਾ, ਪ੍ਰਬੰਧਕ, ਈਮਾਨਦਾਰੀ ਨਾਲ ਚੰਗੀਆਂ ਨੀਤੀਆਂ ਲਾਗੂ ਕਰਨ ਲਈ ਪੂਰੇ ਦੇਸ ਦੀ ਇੱਕਜੁਟਤਾ ਲਾਜ਼ਮੀ ਹੈ। ਸੋਨੇ ਦੀ ਚਿੜੀ ਇਸ ਦੇਸ ਨੂੰ ਵਿਦੇਸ਼ੀ ਹਮਲਾਵਰਾਂ ਅਤੇ ਇੱਥੋਂ ਦੇ ਭ੍ਰਿਸ਼ਟ ਹਾਕਮਾਂ ਨੇ ਨੋਚ ਨੋਚ ਖਾ ਲਿਆ, ਇਸ ਕਰਕੇ ਕੁਦਰਤੀ ਨਿਆਮਤਾਂ ਨਾਲ ਲਬਰੇਜ਼ ਹੋਣ ਦੇ ਬਾਵਜੂਦ ਦੇਸ ਦੇ ਲੋਕ ਗੁਰਬਤ ਦੇ ਦਿਨ ਕੱਟਣ ਲਈ ਮਜਬੂਰ ਹਨ। ਇੱਥੋਂ ਦੇ ਲੋਕਾਂ ਦੀ ਗਰੀਬੀ ਦਾ ਮੁੱਖ ਕਾਰਨ ਅਨਪੜ੍ਹਤਾ, ਬੇਰੁਜ਼ਗਾਰੀ, ਸਹੀ ਨੀਤੀਆਂ ਦੀ ਕਮੀ, ਸਰਕਾਰਾਂ ਦੀ ਕਮਜ਼ੋਰ ਇੱਛਾ ਸ਼ਕਤੀ, ਭ੍ਰਿਸ਼ਟਾਚਾਰ ਆਦਿ ਹੈ। ਭ੍ਰਿਸ਼ਟਾਚਾਰ ਕਾਰਨ ਦੇਸ ਦਾ ਅਰਬਾਂ ਰੁਪਇਆ ਵਿਦੇਸ਼ੀ ਬੈਕਾਂ ਵਿੱਚ ਜਮ੍ਹਾਂ ਪਿਆ ਹੈ ਤੇ ਹੁਣ ਵੀ ਜਮ੍ਹਾਂ ਹੋ ਰਿਹਾ ਹੈ ਜੋ ਕਾਲਾ ਧਨ ਹੋਣ ਕਾਰਨ ਦੇਸ ਦੇ ਲੋਕਾਂ ਦੀ ਜ਼ਿੰਦਗੀ ਦੇ ਅਹਿਮ ਦਿਨ ਕਾਲੇ ਕਰ ਰਿਹਾ ਹੈ।
ਗਰੀਬੀ ਦੇ ਅਰਥ ਗੁਲਾਮੀ ਹਨ ਤੇ ਗੁਲਾਮੀ ਦੇ ਅਰਥ ਨਰਕ ਹੋ ਨਿੱਬੜਦੇ ਹਨ। ਗਰੀਬ ਲੋਕਾਂ ਦਾ ਨਾ ਤਾਂ ਸਰੀਰਕ ਵਿਕਾਸ ਹੁੰਦਾ ਹੈ ਤੇ ਨਾ ਹੀ ਮਾਨਸਿਕ। ਉਹ ਸਾਰੀ ਉਮਰ ਰੋਟੀ ਲਈ ਖਪਦੇ ਮਰ ਜਾਂਦੇ ਹਨ। ਗਰੀਬੀ ਨੂੰ ਭਾਵੇਂ ਧਰਮਾਂ ਨੇ ਸਲਾਹਿਆ ਹੈ ਪਰ ਅਸਲ ਵਿੱਚ ਇਹ ਬੜੀ ਖੌਫਨਾਕ ਹੈ। ਜਿਸ ਤਰ੍ਹਾਂ ਫਿਲਮਾਂ ਵਿੱਚ ਜੰਗਲ ਦੀ ਰਾਤ ਬੜੀ ਰਮਣੀਕ ਦਿਖਾਈ ਜਾਂਦੀ ਹੈ, ਉਂਝ ਜੰਗਲ ਦੀ ਰਾਤ ਬੜੀ ਭਿਆਨਕ ਹੁੰਦੀ ਹੈ। ਸਾਡੇ ਮੁਕਾਬਲੇ ਪੱਛਮ ਦੇ ਲੋਕ ਜ਼ਿਆਦਾ ਧਾਰਮਿਕ ਨਹੀਂ ਹਨ ਪਰ ਉੱਥੇ ਖੁਸ਼ਹਾਲੀ ਸਾਡੇ ਨਾਲੋਂ ਜ਼ਿਆਦਾ ਹੈ। ਭਾਰਤ ਇੱਕ ਧਾਰਮਿਕ ਦੇਸ ਹੈ ਜਿਸ ਕਰਕੇ ਲੋਕ ਭਾਵੁਕਤਾ ਦੀ ਪਕੜ ਹੇਠ ਹਨ। ਧਰਮਾਂ ਨੇ ਪੈਸੇ ਨੂੰ ਰੁਹਾਨੀਅਤ ਦੇ ਰਾਹ ਦਾ ਰੋੜਾ ਦੱਸਿਆ ਹੈ ਤੇ ਮਾਇਆ ਨਾਗਣੀ ਜਿਹੇ ਸ਼ਬਦਾਂ ਦਾ ਇੰਦਰਜਾਲ ਬੁਣਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗਰੀਬ ਦੇਸ ਦੇ ਲੋਕਾਂ ਦੇ ਦੇਵਤੇ, ਸੰਤ ਮਹਾਂਪੁਰਸ਼ ਬੜੇ ਅਮੀਰ ਹਨ। ਲੋਕਾਂ ਨੂੰ ਗਰੀਬੀ ਉੱਤਮ ਦੱਸਦੇ ਹੋਏ ਰੱਬ ਨੂੰ ਮਿਲਣ ਦੀ ਪਹਿਲੀ ਪੌੜੀ ਦੱਸਣ ਵਾਲੇ ਬਾਬਿਆਂ ਦੀ ਖੁਦ ਦੀ ਪ੍ਰਤੀਦਿਨ ਕਮਾਈ ਲੱਖਾਂ ਰੁਪਏ ਹੈ ਤੇ ਠਾਠ ਵਾਲਾ ਜੀਵਨ ਜਿਉਂਦੇ ਹਨ। ਇੱਕ ਅੰਦਾਜ਼ੇ ਮੁਤਾਬਿਕ ਅਗਰ ਧਾਰਮਿਕ ਸਥਾਨਾਂ ਦੇ ਸਰਮਾਏ ਨੂੰ ਹੀ ਲੋਕ ਭਲਾਈ ਹਿਤ ਵਰਤ ਲਿਆ ਜਾਵੇ ਤਾਂ ਲੋਕਾਂ ਦੇ ਬੁਰੇ ਦਿਨ ਅਰਾਮ ਨਾਲ ਖਤਮ ਹੋ ਸਕਦੇ ਹਨ।
ਜ਼ਿੰਦਗੀ ਬਸਰ ਕਰਨ ਲਈ ਪੈਸੇ ਦੀ ਲੋੜ ਅਹਿਮ ਹੈ। ਗੋਲ ਧਰਤੀ ਉੱਤੇ ਰਿੜ੍ਹਨ ਲਈ ਪੈਸੇ ਦੀ ਜ਼ਰੂਰਤ ਹੈ। ਸੰਸਾਰ ਵਿੱਚ ਪੈਸੇ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਹੈ। ਪੈਸੇ ਦੀ ਅਹਿਮੀਅਤ ਨੂੰ ਸਮਝਣ ਦੀ ਲੋੜ ਹੈ, ਜੋ ਪੈਸੇ ਦੀ ਕਦਰ ਕਰਦੇ ਹਨ, ਪੈਸਾ ਵੀ ਉਨ੍ਹਾਂ ਦੀ ਕਦਰ ਕਰਦਾ ਹੈ। ਸਾਡੇ ਦੇਸ ਦੀ ਆਰਥਿਕ ਸਥਿਤੀ ਬੜੀ ਨਿਰਾਲੀ ਹੈ, ਭਾਰਤ ਅਮੀਰ ਤੇ ਗਰੀਬ ਦੋ ਤਰ੍ਹਾਂ ਦੇ ਲੋਕਾਂ ਵਿੱਚ ਵੰਡਿਆ ਹੋਇਆ ਹੈ। ਦੇਸ ਦੀ ਜ਼ਿਆਦਾਤਰ ਸੰਪਤੀ ਚੰਦ ਘਰਾਣਿਆਂ ਦੇ ਹੱਥਾਂ ਵਿੱਚ ਹੈ ਜੋ ਅਰਬਪਤੀ ਹਨ ਅਤੇ ਸੰਸਾਰ ਦੇ ਗਿਣੇ ਚੁਣੇ ਅਮੀਰ ਲੋਕਾਂ ਵਿਚ ਉਨ੍ਹਾਂ ਦੇ ਨਾਂਅ ਸ਼ੁਮਾਰ ਹਨ। ਦੂਜੇ ਪਾਸੇ ਉਹ ਲੋਕ ਹਨ ਜੋ ਦੋ ਵਕਤ ਦੀ ਰੋਟੀ ਤੋਂ ਵੀ ਆਹਰੀ ਹਨ। ਦੇਸ਼ ਦੀ ਜ਼ਿਆਦਾਤਰ ਅਬਾਦੀ ਗਰੀਬੀ ਰੂਪੀ ਕੋਹੜ ਤੋਂ ਪੀੜਿਤ ਹੈ। ਪਾਪੀ ਪੇਟ ਦੀ ਅੱਗ ਬੁਝਾਉਣ ਲਈ ਲੋਕ ਖੂਨ, ਸਰੀਰ ਦੇ ਅੰਗ ਸਸਤੇ ਭਾਆਂ ’ਤੇ ਵੇਚਣ ਲਈ ਮਜਬੂਰ ਹਨ। ਔਰਤਾਂ ਮਜਬੂਰੀ ਵਸ ਜਿਸਮ ਫਰੋਸ਼ੀ ਦੀ ਗੰਦੀ ਦਲਦਲ ਵਿੱਚ ਧਸਦੀਆਂ ਜਾ ਰਹੀਆਂ ਹਨ। ਛੋਟੀਆਂ ਛੋਟੀਆਂ ਬੱਚੀਆਂ ਕੋਠਿਆਂ ’ਤੇ ਪਹੁੰਚ ਜਾਂਦੀਆਂ ਹਨ। ਛੋਟੇ ਛੋਟੇ ਬੱਚੇ ਸਕੂਲ ਜਾਣ ਦੀ ਉਮਰੇ ਮਜ਼ਦੂਰੀ ਕਰਦੇ ਹਨ। ਇਨ੍ਹਾਂ ਸਭ ਸਮੱਸਿਆਵਾਂ ਦੀ ਜੜ੍ਹ ਗਰੀਬੀ ਹੈ। ਸਾਡੇ ਨੇਤਾ ਗਰੀਬੀ ਹਟਾਉਣ ਦੀ ਥਾਂ ਗਰੀਬਾਂ ਦਾ ਮਜ਼ਾਕ ਉਡਾਉਂਦੇ ਹਨ। ਪਿਛਲੇ ਸਮੇਂ ਦੌਰਾਨ ਨੇਤਾਵਾਂ ਦੇ ਬੇਤੁਕੇ ਬਿਆਨ ਸਨ ਕਿ ਲੋਕ ਦਿੱਲੀ ਵਿਚ ਪੰਜ ਰੁਪਏ ਵਿੱਚ ਰੱਜ ਕੇ ਰੋਟੀ ਖਾ ਸਕਦੇ ਹਨ। ਉਦੋਂ ਉਨ੍ਹਾਂ ਨੂੰ ਪੁੱਛ ਲਿਆ ਜਾਣਾ ਚਾਹੀਦਾ ਸੀ ਕਿ ਅਜਿਹੀ ਜਗ੍ਹਾ ਦਾ ਪਤਾ ਜਨਤਕ ਕਰੋ ਤਾਂ ਜੋ ਭੁੱਖਮਰੀ ਦੇ ਸ਼ਿਕਾਰ ਲੋਕ ਉੱਥੇ ਜਾਕੇ ਆਪਣਾ ਪੇਟ ਭਰ ਸਕਣ।
ਕੌਮੀ ਨਮੂਨਾ ਸਰਵੇਖਣ ਸੰਗਠਨ ਅਨੁਸਾਰ ਭਾਰਤ ਦੇ 35 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਹਨ। ਇਨ੍ਹਾਂ ਦੀ ਗਿਣਤੀ ਪਿੰਡਾਂ ਵਿਚ ਜ਼ਿਆਦਾ ਹੈ। ਪਿੰਡਾਂ ਵਿੱਚ 17 ਰੁਪਏ ਅਤੇ ਸ਼ਹਿਰਾਂ ਵਿੱਚ 23 ਰੁਪਏ ਵਿੱਚ ਦੈਨਿਕ ਜੀਵਨ ਦੀਆਂ ਲੋੜਾਂ ਪੂਰਦੇ ਹਨ। ਜੁਲਾਈ 2014 ਵਿੱਚ ਰੰਗਰਾਜਨ ਕਮੇਟੀ ਨੇ ਗਰੀਬੀ ਦੇ ਸਬੰਧ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਸੀ ਜੋ ਕੌਮੀ ਨਮੂਨਾ ਸਰਵੇਖਣ ਸੰਗਠਨ ਦੁਆਰਾ ਕੀਤੇ ਅਧਿਐਨ ’ਤੇ ਅਧਾਰਿਤ ਸੀ। ਇਸ ਰਿਪੋਰਟ ਅਨੁਸਾਰ ਦੇਸ਼ ਅੰਦਰ ਦਸ ਲੋਕਾਂ ਵਿੱਚੋਂ ਤਿੰਨ ਗਰੀਬ ਹਨ। ਗਰੀਬੀ ਰੇਖਾ ਦਾ ਨਵਾਂ ਮਾਪਦੰਡ ਤੈਅ ਕਰਦਿਆਂ ਰਿਪੋਰਟ ਵਿੱਚ ਸ਼ਹਿਰੀ ਖੇਤਰ ਵਿੱਚ 47 ਰੁਪਏ ਤੇ ਪੇਂਡੂ ਖੇਤਰਾਂ ਵਿੱਚ 32 ਰੁਪਏ ਤੋਂ ਘੱਟ ਕਮਾਉਣ ਵਾਲੇ ਨੂੰ ਗਰੀਬੀ ਰੇਖਾ ਤੋਂ ਹੇਠਾਂ ਰੱਖਿਆ ਗਿਆ ਹੈ। ਇਹ ਰਿਪੋਰਟ ਸੰਨ 2013 ਦੀ ਤੇਂਦੁਲਕਰ ਕਮੇਟੀ ਦੀ ਰਿਪੋਰਟ ਦਾ ਸਿਰਫ ਰੀਵਿਊ ਸੀ।
ਵਿਸ਼ਵ ਬੈਂਕ ਦੀ ਸੰਨ 2010 ਦੀ ਇੱਕ ਰਿਪੋਰਟ ਅਨੁਸਾਰ ਭਾਰਤ ਦੇ 32.7 ਪ੍ਰਤੀਸ਼ਤ ਭਾਰਤੀ ਲੋਕ ਅੰਤਰਰਾਸ਼ਟਰੀ ਗਰੀਬੀ ਰੇਖਾ ਤੋਂ ਹੇਠਾਂ ਹਨ, ਉਨ੍ਹਾਂ ਦਾ ਰੋਜ਼ਾਨਾ ਖਰਚ 1.25 ਡਾਲਰ ਹੈ ਅਤੇ 68.7 ਪ੍ਰਤੀਸ਼ਤ ਲੋਕਾਂ ਦਾ ਰੋਜ਼ਾਨਾ ਦਾ ਖਰਚ ਕੇਵਲ ਦੋ ਡਾਲਰ ਹੈ। ਦੁਨੀਆਂ ਦੇ ਇੱਕ ਚੌਥਾਈ ਗਰੀਬ ਲੋਕ ਭਾਰਤ ਵਿੱਚ ਹਨ। ਦੇਸ਼ ਦੀ 17.5 ਪ੍ਰਤੀਸ਼ਤ ਜਨਸੰਖਿਆ ਭਾਵ 21 ਕਰੋੜ ਲੋਕ ਭੁੱਖਮਰੀ ਦੇ ਸ਼ਿਕਾਰ ਹਨ। ਇੱਕ ਅੰਦਾਜ਼ੇ ਮੁਤਾਬਕ ਭਾਰਤ ਵਿੱਚ ਵਿਸ਼ਵ ਦੀ ਸਭ ਤੋਂ ਜ਼ਿਆਦਾ ਭੁੱਖਮਰੀ ਹੈ। ਵਿਸ਼ਵ ਬੈਂਕ ਅਨੁਸਾਰ ਦੁਨੀਆਂ ਦੇ 49 ਪ੍ਰਤੀਸ਼ਤ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ ਜਿਨ੍ਹਾਂ ਵਿੱਚੋਂ 34 ਪ੍ਰਤੀਸ਼ਤ ਬੱਚੇ ਭਾਰਤ ਵਿੱਚ ਹਨ। ਯੂਨੀਸੈੱਫ ਦੀ ਤਾਜ਼ਾ ਰਿਪੋਰਟ ਅਨੁਸਾਰ 42 ਪ੍ਰਤੀਸ਼ਤ ਬੱਚੇ ਭਾਰਤ ਵਿੱਚ ਕੁਪੋਸ਼ਣ ਦਾ ਸ਼ਿਕਾਰ ਹਨ ਜਿਨ੍ਹਾਂ ਦੀ ਉਮਰ ਪੰਜ ਸਾਲ ਤੋਂ ਘੱਟ ਹੈ। ਹੰਗਰ ਇਨਡੈਕਸ ਵਿੱਚ ਭਾਰਤ 63ਵੇਂ ਸਥਾਨ ’ਤੇ ਹੈ। ਸ੍ਰੀਲੰਕਾ, ਪਾਕਿਸਤਾਨ, ਬੰਗਲਾਦੇਸ਼, ਕ੍ਰਮਵਾਰ 43, 57, 58ਵੇਂ ਸਥਾਨ ’ਤੇ ਹਨ। ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਵਿੱਚ ਭਾਰਤ 19ਵੇਂ ਸਥਾਨ ਉੱਤੇ ਹੈ।
ਗਰੀਬੀ, ਭੁੱਖਮਰੀ ਤੋਂ ਤੰਗ ਆਕੇ ਲੋਕ ਹਰ ਤਰ੍ਹਾਂ ਦਾ ਕੰਮ ਕਰਨ ਲਈ ਮਜਬੂਰ ਹੋ ਜਾਂਦੇ ਹਨ ਜੋ ਉਨ੍ਹਾਂ ਨੂੰ ਦੂਜਿਆਂ ਦੇ ਗੁਲਾਮ ਬਣਾਉਂਦਾ ਹੈ। ਗਲੋਬਲ ਸਲੇਵਰੀ ਇੰਡੈਕਸ 2016 ਅਨੁਸਾਰ ਵਿਸ਼ਵ ਵਿਚ 4 ਕਰੋੜ 50 ਲੱਖ ਗੁਲਾਮ ਹਨ। ਦੁਨੀਆਂ ਦੇ 167 ਦੇਸ਼ਾਂ ਵਿੱਚ ਭਾਰਤ ਨੂੰ ਸਭ ਤੋਂ ਵੱਧ ਗੁਲਾਮਾਂ ਵਾਲਾ ਦੇਸ਼ ਐਲਾਨਿਆ ਗਿਆ ਹੈ। ਭਾਰਤ ਵਿੱਚ 1.83 ਕਰੋੜ 50 ਹਜ਼ਾਰ ਲੋਕ ਗੁਲਾਮ ਹਨ। ਇਹ ਦੇਸ਼ ਦੀ ਕੁੱਲ ਅਬਾਦੀ ਦਾ 1.4 ਪ੍ਰਤੀਸ਼ਤ ਹੈ। ਦਾਸ ਪ੍ਰਥਾ ਨੂੰ ਖਤਮ ਕਰਨ ਲਈ ਐਕਟ 1976 ਹੋਂਦ ਵਿੱਚ ਆਇਆ। ਧਾਰਮਿਕਤਾ ਹੋਣ ਦੇ ਬਾਵਜੂਦ ਗਰੀਬ ਲੋਕ ਭੁੱਖ, ਗਰਮੀ ਸਰਦੀ, ਇਲਾਜ ਤੋਂ ਬਿਨਾਂ ਮਰਨ ਲਈ ਮਜਬੂਰ ਹਨ। ਇਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਜ਼ਰ ਨਹੀਂ ਆਉਂਦਾ। ਗਰੀਬੀ ਮਿਟਾਉਣ ਦੇ ਨਾਅਰੇ ਲਗਾਉਣ ਵਾਲੇ ਖੁਦ ਮਿਟ ਗਏ ਪਰ ਇਸ ਦੈਂਤ ਨੂੰ ਨਹੀਂ ਮਾਰ ਸਕੇ। ਦੇਸ ਅੰਦਰ ਇੱਕ ਪਾਸੇ ਲੋਕ ਜ਼ਿਆਦਾ ਖਾਣ ਕਰਕੇ ਮੋਟਾਪਾ ਅਤੇ ਇਸ ਤੋਂ ਪੈਦਾ ਹੁੰਦੀਆਂ ਬੀਮਾਰੀਆਂ ਤੋਂ ਪ੍ਰੇਸ਼ਾਨ ਹਨ। ਇਸਦੇ ਇਲਾਜ ਲਈ ਕਸਰਤ ਜਾਂ ਹੋਰ ਤਰੀਕੇ ਅਪਣਾਉਂਦੇ ਹਨ। ਦੂਜੇ ਪਾਸੇ ਗਰੀਬ ਲੋਕ ਹਨ ਜਿਨ੍ਹਾਂ ਨੂੰ ਖਾਣ ਨੂੰ ਪੂਰਾ ਖਾਣਾ ਵੀ ਨਸੀਬ ਨਹੀਂ ਹੁੰਦਾ। ਦੇਸ਼ ਅੰਦਰ ਇਹ ਬੜੀ ਹਾਸੋਹੀਣੀ ਸਥਿਤੀ ਹੈ। ਗਰੀਬੀ ਰੂਪੀ ਡਾਇਣ ਗਰੀਬ ਬੱਚਿਆਂ ਦੀ ਪੜ੍ਹਾਈ ਸ਼ਰੇਆਮ ਨਿਗਲ ਰਹੀ ਹੈ ਤੇ ਉਹ ਸੁਪਨੇ ਮਾਰ ਕੇ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਨ, ਜਿਸਦੀਆਂ ਗਵਾਹ ਰੋਜ਼ ਦੀਆਂ ਨਸ਼ਰ ਹੁੰਦੀਆਂ ਖਬਰਾਂ ਹਨ। ਸਾਡੇ ਅਮੀਰ ਤੇ ਹਮਦਰਦ ਲੋਕਾਂ ਦੀ ਜ਼ੁਰਅਤ ਨਹੀਂ ਪੈਂਦੀ ਕਿ ਗਰੀਬ ਬੱਚਿਆਂ ਨੂੰ ਉਨ੍ਹਾਂ ਦਾ ਹੱਕ ਦਿਵਾ ਸਕਣ।
ਦੇਸ਼ ਦੇ ਲੋਕਾਂ ਦੀ ਗਰੀਬੀ ਦੀ ਭਿਆਨਕ ਤਸਵੀਰ ਸਭ ਦੇ ਸਾਹਮਣੇ ਹੈ ਤੇ ਅੰਕੜੇ ਵੀ ਬੜੀ ਖੌਫਨਾਕ ਦਾਸਤਾਨ ਪੇਸ਼ ਕਰਦੇ ਹਨ ਪਰ ਯੋਜਨਾ ਕਮਿਸ਼ਨ ਦੇ ਅੰਕੜੇ ਗਰੀਬੀ ਦੇ ਘਟਾਅ ਨੂੰ ਪੇਸ਼ ਕਰਦੇ ਹਨ। ਜੁਲਾਈ 2013 ਦੇ ਅੰਕੜਿਆਂ ਅਨੁਸਾਰ 2004-05 ਵਿੱਚ ਦੇਸ਼ ਵਿੱਚ 37 ਪ੍ਰਤੀਸ਼ਤ ਗਰੀਬੀ ਸੀ ਜੋ ਸੰਨ 2011-12 ਵਿੱਚ 22 ਪ੍ਰਤੀਸ਼ਤ ਰਹਿ ਗਈ ਹੈ। ਇਹ ਅੰਕੜੇ ਭਾਵੇਂ ਗਰੀਬੀ ਦੇ ਘਟਾਅ ਨੂੰ ਦਰਸਾਉਂਦੇ ਹਨ ਪਰ ਕੁਰਸੀਆਂ ’ਤੇ ਕਾਬਜ਼ ਲੋਕ ਹੁਣ ਤਾਂ ਮੰਨ ਲੈਣ ਕਿ ਦੇਸ਼ ਵਿਚ ਅਜੇ ਵੀ ਗਰੀਬੀ ਭਿਆਨਕ ਰੂਪ ਵਿੱਚ ਤਾਂਡਵ ਕਰ ਰਹੀ ਹੈ। ਇਸ ਸੱਚ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨੀਤੀਆਂ ਅਜੇ ਵੀ ਲੋਕ ਪੱਖੀ ਨਹੀਂ ਹਨ। ਅਰਥਸ਼ਾਸ਼ਤਰੀ ਦੇਸ਼ ਵਿੱਚ ਗਰੀਬੀ ਦਾ ਵੱਡਾ ਕਾਰਨ 60 ਪ੍ਰਤੀਸ਼ਤ ਅਬਾਦੀ ਦਾ ਕੇਵਲ ਖੇਤੀ ’ਤੇ ਨਿਰਭਰ ਹੋਣਾ ਮੰਨਦੇ ਹਨ। ਖੇਤੀ ਇੱਕ ਅਜਿਹਾ ਖੇਤਰ ਹੈ ਜਿੱਥੇ ਸਭ ਤੋਂ ਜ਼ਿਆਦਾ ਵਸੋਂ ਸਭ ਤੋਂ ਘੱਟ ਆਮਦਨ ਨਾਲ ਗੁਜ਼ਾਰਾ ਕਰ ਰਹੀ ਹੈ। ਮਾਹਿਰਾਂ ਅਨੁਸਾਰ ਖੇਤੀਬਾੜੀ ਵਿਕਾਸ ਦਰ 4.8 ਪ੍ਰਤੀਸ਼ਤ ਤੋਂ ਘਟ ਕੇ 2 ਪ੍ਰਤੀਸ਼ਤ ਰਹਿ ਗਈ ਹੈ। ਖੇਤੀਬਾੜੀ ਦਾ ਜੀ.ਡੀ.ਪੀ. ਵਿੱਚ ਯੋਗਦਾਨ ਕੇਵਲ 11 ਪ੍ਰਤੀਸ਼ਤ ਹੈ ਜੋ ਨਿਰੰਤਰ ਘਟਦਾ ਜਾ ਰਿਹਾ ਹੈ। ਵਿਸ਼ਵ ਬੈਂਕ ਦੇ ਪ੍ਰਧਾਨ ਜਿਮ ਯਾਂਗ ਕਿਮ ਅਨੁਸਾਰ ਵਿਸ਼ਵ ਬੈਂਕ ਸੰਨ 2030 ਤੱਕ ਸੰਸਾਰ ਵਿੱਚੋਂ ਗਰੀਬੀ ਖਤਮ ਕਰਨ ਲਈ ਕੰਮ ਕਰ ਰਹੀ ਹੈ। ਵਿਸ਼ਵ ਦੇ 40 ਪ੍ਰਤੀਸ਼ਤ ਜ਼ਿਆਦਾ ਗਰੀਬ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਬੀਮਾ ਤੇ ਹੋਰ ਸੁਵਿਧਾਵਾਂ ਦੇ ਜ਼ਰੀਏ ਉੱਚਾ ਚੁੱਕਣ ਲਈ ਸਾਰੇ ਦੇਸ਼ਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
ਗਰੀਬੀ ਸੱਚਮੁੱਚ ਮਨੁੱਖਤਾ ਲਈ ਸਰਾਪ ਹੈ। ਇਸ ਨਾਲ ਲੋਕਾਂ ਦੀ ਆਰਥਿਕ ਤੇ ਸਮਾਜਿਕ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ। ਇਸ ਨੂੰ ਦੂਰ ਕਰਨ ਲਈ ਲੋਕਾਂ ਨੂੰ ਲਾਜ਼ਮੀ ਸਿੱਖਿਆ ਪ੍ਰਾਪਤੀ, ਜਾਗਰੂਕਤਾ ਅਤੇ ਸਖਤ ਮਿਹਨਤ ਜਰੂਰੀ ਹੈ। ਸਰਕਾਰਾਂ ਵੀ ਸੰਜੀਦਗੀ ਦਿਖਾਉਣ, ਕੇਵਲ ਅੰਕੜਿਆਂ ਦੀ ਸਿਆਸਤ ਨਾ ਕਰਨ ਬਲਕਿ ਨੀਤੀਆਂ ਵਿਚ ਤਬਦੀਲੀ ਕਰਕੇ ਈਮਾਨਦਾਰੀ ਨਾਲ ਲਾਗੂ ਕਰਨ। ਨੀਤੀਆਂ ਏ.ਸੀ. ਕਮਰਿਆਂ ਵਿੱਚ ਬੈਠ ਕੇ ਬਣਾਉਣ ਦੀ ਜਗ੍ਹਾ ਲੋਕਾਂ ਨੂੰ ਮਿਲ ਕੇ ਬਣਾਈਆਂ ਜਾਣ। ਗਰੀਬਾਂ ਲਈ ਕੁੱਲੀ, ਗੁੱਲੀ, ਜੁੱਲੀ ਤੇ ਸਿੱਖਿਆ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਦਾਨ ਦੇ ਮਹੱਤਵ ਨੂੰ ਸਮਝਦੇ ਹੋਏ ਸਮਾਜ ਇਸ ਪਾਸੇ ਲਾਮਬੰਦ ਹੋਵੇ, ਗਰੀਬਾਂ ਲਈ ਕੁਝ ਚੰਗਾ ਕੀਤਾ ਜਾਵੇ। ਉਨ੍ਹਾਂ ਨੂੰ ਗਰੀਬੀ ਰੂਪੀ ਸਰਾਪ ਤੋਂ ਮੁਕਤ ਕਰਵਾਉਣ ਲਈ ਹਰ ਸੰਭਵ ਯਤਨ ਹੋਣੇ ਚਾਹੀਦੇ ਹਨ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਗਰੀਬੀ ਨੂੰ ਕਿਸਮਤ ਦੀ ਖੇਡ ਨਾ ਸਮਝ ਕੇ ਇਸ ਨੂੰ ਦੂਰ ਕਰਨ ਲਈ ਜਾਗਰੂਕ ਹੋਣ ਅਤੇ ਸਖਤ ਮਿਹਨਤ ਦਾ ਪੱਲਾ ਫੜਨ। ਰੁਜ਼ਗਾਰ ਦੇ ਮੌਕੇ ਵੱਧ ਤੋਂ ਵੱਧ ਪੈਦਾ ਕੀਤੇ ਜਾਣ। ਸਵਾਮੀ ਅਗਨੀਵੇਸ਼ ਨੇ ਸ. ਭਗਤ ਸਿੰਘ ਦਾ ਹਵਾਲਾ ਦਿੰਦੇ ਹੋਏ ਇੱਕ ਵਾਰ ਕਿਹਾ ਸੀ “ਜਦੋਂ ਮਕਾਨ ਬਣਾਉਣ ਵਾਲਿਆਂ ਦੇ ਮਕਾਨ ਬਣ ਜਾਣਗੇ ਤਾਂ ਸਮਝਣਾ ਕਿ ਗਰੀਬੀ ਦੂਰ ਹੋ ਗਈ ਹੈ, ਇਸ ਤੋਂ ਪਹਿਲਾਂ ਨਹੀਂ।” ਵਾਕਿਆ ਹੀ ਇਹ ਪੈਮਾਨਾ ਬੜਾ ਕਾਰਗਰ ਸਿੱਧ ਹੋਵੇਗਾ ਅਗਰ ਸਰਕਾਰਾਂ, ਸਮਾਜ ਦੀ ਇੱਛਾ ਸਕਤੀ ਦ੍ਰਿੜ੍ਹ ਹੋਵੇ ਤਾਂ ਲਾਜ਼ਮੀ ਹੀ ਲੋਕ ਗਰੀਬੀ ਤੋਂ ਨਿਜ਼ਾਤ ਪਾ ਸਕਦੇ ਹਨ।
*****
(1063)