GurtejSingh8ਚੈਰੀਟੇਬਲ ਹਸਪਤਾਲਾਂ ਵਿੱਚ ਇੱਕ ਘੱਟ ਪੜ੍ਹਿਆ ਟ੍ਰਸਟ ਮੈਂਬਰ ਵੀ ਆ ਕੇ ਇੱਕ ਪੜ੍ਹੇ ਲਿਖੇ ਡਾਕਟਰ ਨੂੰ ਦਬਕਾ ...
(12 ਜੂਨ 2023)
ਇਸ ਸਮੇਂ ਪਾਠਕ: 350.


ਅਜੋਕੇ ਦੌਰ ਵਿੱਚ ਸਿਹਤ ਕਾਮਿਆਂ ਦੀ ਸੁਰੱਖਿਆ ਦਾ ਮੁੱਦਾ ਬਹੁਤ ਸੰਵੇਦਨਸ਼ੀਲ ਹੈ ਤੇ ਵਿਚਾਰਨ ਦੀ ਮੰਗ ਕਰਦਾ ਹੈ। ਜਦੋਂ ਸੰਸਾਰ ਕਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਸੀ
, ਸਿਹਤਤੰਤਰ ਦੇ ਕਾਮੇ ਪੂਰੀ ਦੁਨੀਆਂ ਅੰਦਰ ਇਸ ਆਫ਼ਤ ਦੇ ਖਿਲਾਫ਼ ਚੱਟਾਨ ਵਾਂਗ ਅੜੇ ਹੋਏ ਸੀ। ਮੌਤ ਦੇ ਮੂੰਹ ਵਿੱਚ ਗਏ ਲੋਕਾਂ ਨੂੰ ਕੱਢਣ ਲਈ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਡਾਕਟਰ, ਪੈਰਾਮੈਡੀਕਲ ਕਾਮੇ ਤੇ ਸਫ਼ਾਈ ਸੇਵਕ ਤਨਦੇਹੀ ਨਾਲ ਜੁਟੇ ਹੋਏ ਸਨ। ਬਹੁਤ ਜਗ੍ਹਾ ਤਾਂ ਉਕਤ ਕਾਮੇ ਸੁਰੱਖਿਆ ਉਪਕਰਨਾਂ ਤੋਂ ਹੀਣੇ ਨੰਗੇ ਧੜ ਹੀ ਲੜ ਰਹੇ ਸਨ। ਇਹ ਸਰਕਾਰਾਂ ਦੀ ਬਹੁਤ ਵੱਡੀ ਨਲਾਇਕੀ ਹੈ। ਇਹ ਵੀ ਕੌੜਾ ਸੱਚ ਹੈ ਕਿ ਜਦੋਂ ਦੁਨੀਆਂ ਅੰਦਰ ਸਮਾਜਿਕ ਦੂਰੀ ਦੇ ਚੱਲਦਿਆਂ ਮਾਹਿਰ ਡਾਕਟਰ ਓ.ਪੀ.ਡੀ. ਬੰਦ ਕਰਕੇ ਘਰਾਂ ਵਿੱਚ ਸਨ ਤਾਂ ਐਮਰਜੈਂਸੀ ਸੇਵਾ ਵਿੱਚ ਤਾਇਨਾਤ ਜੂਨੀਅਰ ਡਾਕਟਰ ਅਤੇ ਉਨ੍ਹਾਂ ਦੇ ਸਹਾਇਕ ਪੈਰਾਮੈਡੀਕਲ ਕਾਮੇ ਆਪਣੀ ਜਾਨ ਤਲੀ ’ਤੇ ਰੱਖ ਕੇ ਇਸ ਜੰਗ ਵਿੱਚ ਕੁੱਦ ਗਏ ਸਨ। ਸਟਾਫ ਨਰਸਾਂ ਨੇ ਬਹੁਤ ਮਿਹਨਤ ਕੀਤੀ ਤੇ ਮਜਬੂਰੀ ਕਾਰਨ ਉਨ੍ਹਾਂ ਨੇ ਘਰ ਪਰਿਵਾਰ ਤਿਆਗ ਕੇ ਦਿਨ ਰਾਤ ਲੋਕਾਂ ਦੀ ਸੇਵਾ ਕੀਤੀ, ਜਿਸਦੀ ਗਵਾਹੀ ਸਮਾਜ ਭਰਦਾ ਹੈ। ਉਨ੍ਹਾਂ ਉੱਤੇ ਪ੍ਰਬੰਧਕਾਂ ਦਾ ਵੀ ਬਹੁਤ ਜ਼ਿਆਦਾ ਦਬਾਅ ਸੀ। ਉਸ ਨਾਜ਼ੁਕ ਦੌਰ ਵਿੱਚ ਵੀ ਕੁਝ ਬੇਵਕੂਫ ਲੋਕਾਂ ਨੇ ਸਿਹਤ ਕਾਮਿਆਂ ਨਾਲ ਬਦਤਮੀਜ਼ੀ ਕਰਨ ਦੇ ਨਾਲ ਮਾਰ ਕੁਟਾਈ ਕੀਤੀ ਸੀ। ਅਜਿਹੀਆਂ ਅਣਗਿਣਤ ਘਟਨਾਵਾਂ ਦੀਆਂ ਨਸ਼ਰ ਖ਼ਬਰਾਂ ਅਤੇ ਵੀਡਿਓ ਹਰ ਸੰਜੀਦਾ ਮਨੁੱਖ ਦੇ ਦਿਲ ਨੂੰ ਧੂਹ ਪਾਉਂਦੀਆਂ ਸਨ। ਇੰਦੌਰ ਵਿੱਚ ਤਾਇਨਾਤ ਡਾਕਟਰ ਅਤੇ ਨਰਸਾਂ ਉੱਤੇ ਭੀੜ ਨੇ ਹਮਲਾ ਕੀਤਾ ਸੀ ਜਦੋਂ ਉਹ ਕਰੋਨਾ ਦੀ ਸ਼ੱਕੀ ਮਰੀਜ਼ ਔਰਤ ਦਾ ਮੁਆਇਨਾ ਕਰਨ ਜਾ ਰਹੇ ਸੀ। ਯੂ.ਪੀ. ਵਿੱਚ ਇਕਾਂਤਵਾਸ ਵਿੱਚ ਰੱਖੇ ਮਰਕਜ਼ ਵਿੱਚ ਸ਼ਾਮਿਲ ਲੋਕਾਂ ਨੇ ਉੱਥੇ ਮੌਜੂਦ ਡਾਕਟਰੀ ਅਮਲੇ ਨਾਲ ਦੁਰਵਿਵਹਾਰ ਕਰਨ ਦੇ ਨਾਲ ਭੱਦੀ ਸ਼ਬਦਾਵਲੀ ਵਰਤੀ ਸੀ।

ਮਰੀਜ਼ ਦੀ ਹਾਲਤ ਵਿਗੜਨ ਜਾਂ ਮੌਤ ਹੋਣ ’ਤੇ ਮਰੀਜ਼ ਦੇ ਰਿਸ਼ਤੇਦਾਰਾਂ ਦੁਆਰਾ ਡਾਕਟਰਾਂ, ਪੈਰਾਮੈਡੀਕਲ ਕਾਮਿਆਂ ਦੀ ਕੁੱਟਮਾਰ ਕਰਨਾ ਸਾਡੇ ਮੁਲ਼ਕ ਵਿੱਚ ਨਿੱਤ ਦਾ ਧੰਦਾ ਹੀ ਬਣ ਗਿਆ ਹੈ। ਮਈ 2023 ਵਿੱਚ ਕੇਰਲ ਦੇ ਇੱਕ ਹਸਪਤਾਲ ਵਿੱਚ ਇਲਾਜ ਲਈ ਲਿਆਂਦੇ ਮਰੀਜ਼ ਨੇ ਉੱਥੇ ਤਾਇਨਾਤ ਮਹਿਲਾ ਡਾਕਟਰ ਵੰਦਨਾ ਦਾਸ ’ਤੇ ਇੱਕ ਸ਼ਰਾਬੀ ਹਾਲਤ ਵਿੱਚ ਜਾਨ ਲੇਵਾ ਹਮਲਾ ਕੀਤਾ ਸੀ। ਸਾਰੇ ਉਸ ਨੂੰ ਇਕੱਲਾ ਛੱਡ ਕੇ ਦੌੜ ਗਏ ਸੀ, ਜਿਸ ਕਾਰਨ ਡਾਕਟਰ ਗ਼ੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ ਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ ਸੀ। ਸਾਲ 2019 ਵਿੱਚ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ (ਕਲਕੱਤਾ) ਦੇ ਇੱਕ ਹਸਪਤਾਲ ਵਿੱਚ ਇੱਕ ਬਜ਼ੁਰਗ ਦੀ ਮੌਤ ਤੋਂ ਭੜਕੇ ਲੋਕਾਂ ਨੇ ਉੱਥੇ ਤਾਇਨਾਤ ਕਰਮਚਾਰੀਆਂ ਦੀ ਕੁੱਟਮਾਰ ਕੀਤੀ ਸੀ ਜਿਸ ਕਾਰਨ ਇੱਕ ਡਾਕਟਰ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਮੌਤ ਹੋ ਗਈ ਤੇ ਦੂਜੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ। ਇਸ ਹੌਲਨਾਕ ਘਟਨਾ ਦੇ ਵਿਰੋਧ ਵਿੱਚ ਸਮੂਹ ਡਾਕਟਰ ਭਾਈਚਾਰੇ ਨੇ ਦੇਸ਼ ਵਿਆਪੀ ਹੜਤਾਲ ਕਰਕੇ ਰੋਸ ਪ੍ਰਗਟਾਇਆ ਸੀ। ਅਜਿਹੀਆਂ ਮੰਦਭਾਗੀਆਂ ਘਟਨਾਵਾਂ ਕਰਕੇ ਸਿਹਤ ਕਾਮਿਆਂ ਵਿੱਚ ਅਸੁਰੱਖਿਅਤਾ ਦਾ ਆਲਮ ਵਧਿਆ ਹੈ। ਸਾਲ 2017 ਵਿੱਚ ਡਾਕਟਰਾਂ ਦੀ ਸੰਸਥਾ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਨੇ ਇੱਕ ਰਿਪੋਰਟ ਨਸ਼ਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ 90 ਫ਼ੀਸਦੀ ਡਾਕਟਰ ਆਪਣੀ ਡਿਉਟੀ ਦੌਰਾਨ ਹਿੰਸਾ ਦਾ ਸ਼ਿਕਾਰ ਹੁੰਦੇ ਹਨ, ਜਿਸ ਵਿੱਚ ਕੁੱਟਮਾਰ ਤੇ ਗਾਲੀ ਗਲੋਚ ਵੀ ਸ਼ਾਮਿਲ ਹੈ। ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ ਅਨੁਸਾਰ ਸਾਲ 2022 ਦੌਰਾਨ ਕੇਵਲ ਕੇਰਲ ਵਿੱਚ ਹੀ 137 ਡਾਕਟਰਾਂ ਨਾਲ ਹਿੰਸਾ ਹੋਣ ਦੀਆਂ ਖ਼ਬਰਾਂ ਹਨ। ਪਿਛਲੇ ਸਮੇਂ ਦੌਰਾਨ ਸਾਡੇ ਸੂਬੇ ਦੇ ਬਠਿੰਡਾ ਸ਼ਹਿਰ ਦੇ ਵੱਡੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਨਿੱਜੀ ਤੌਰ ’ਤੇ ਬਾਊਂਸਰ ਰੱਖੇ ਜਾਣ ਦੀਆਂ ਖ਼ਬਰਾਂ ਮੀਡੀਆ ਵਿੱਚ ਜਨਤਕ ਹੋ ਚੁੱਕੀਆਂ ਹਨ। ਸਿਹਤ ਕਾਮਿਆਂ ਦੇ ਜਾਨ ਮਾਲ ਦੀ ਸੁਰੱਖਿਆ ਪ੍ਰਤੀ ਪ੍ਰਸ਼ਾਸਨ ਦੇ ਨਾਲ ਸਾਰੀਆਂ ਸਰਕਾਰਾਂ ਅਜੇ ਵੀ ਅਵੇਸਲੀਆਂ ਹਨ।

ਇੱਥੇ ਸੁਰੱਖਿਆ ਤੋਂ ਭਾਵ ਇਕੱਲਾ ਬਾਹਰੀ ਤੱਤਾਂ ਦੁਆਰਾ ਕੀਤੀ ਜਾਂਦੀ ਹਿੰਸਾ ਤੋਂ ਨਹੀਂ ਹੈ, ਇਸ ਵਿੱਚ ਸਿਹਤ ਕਾਮਿਆਂ ਦੇ ਆਰਥਿਕ, ਸਮਾਜਿਕ ਪੱਖ ਵੀ ਸ਼ਾਮਿਲ ਹਨ। ਇਸ ਕਿੱਤੇ ਨਾਲ ਜੁੜੇ ਲੋਕਾਂ ਦਾ ਸਮਾਜਿਕ ਜੀਵਨ ਹਮੇਸ਼ਾ ਪ੍ਰਭਾਵਿਤ ਹੁੰਦਾ ਹੈ ਤੇ ਨਿੱਜੀ ਖੇਤਰ ਵਿੱਚ ਆਰਥਿਕ ਪੱਖ ਡਾਵਾਂਡੋਲ ਹੁੰਦਾ ਹੈ। ਪਤਾ ਨਹੀਂ ਕਦੋਂ ਨੌਕਰੀਓਂ ਜਵਾਬ ਮਿਲ ਜਾਵੇ ਜਾਂ ਭਿਆਨਕ ਬੀਮਾਰੀਆਂ ਨਾਲ ਗ੍ਰਸਿਤ ਮਰੀਜ਼ਾਂ ਦੀ ਸਾਂਭ ਸੰਭਾਲ ਕਰਦੇ ਸਮੇਂ ਬੀਮਾਰੀ ਨਾਲ ਗ੍ਰਸਿਤ ਹੋ ਕੇ ਘਰ ਬੈਠ ਜਾਣਾ ਤੇ ਉਕਤ ਸੰਸਥਾ ਨੇ ਬਾਤ ਤਕ ਨਾ ਪੁੱਛਣਾ। ਜੂਨੀਅਰ ਡਾਕਟਰ, ਪੈਰਾਮੈਡੀਕਲ ਕਾਮੇ ਤੇ ਸਫ਼ਾਈ ਸੇਵਕ ਅਕਸਰ ਕੰਮ ਕਰਦੇ ਸਮੇਂ ਬੀਮਾਰੀ ਸਹੇੜ ਲੈਂਦੇ ਹਨ। ਗਲਤੀ ਨਾਲ ਸੰਕ੍ਰਮਿਤ ਸੂਈ ਵੱਜਣਾ, ਹੋਰ ਸੁਰੱਖਿਆ ਸਾਜ਼ੋ ਸਾਮਾਨ ਦੀ ਕਮੀ ਵਿੱਚ ਲੋਕਾਂ ਦਾ ਇਲਾਜ ਕਰਨਾ ਰੋਗਾਂ ਨੂੰ ਸੱਦਾ ਹੀ ਤਾਂ ਹੈ। ਇਸ ਤਰ੍ਹਾਂ ਦੇ ਅਸੁਰੱਖਿਆ ਵਾਲੇ ਮਾਹੌਲ ਵਿੱਚ ਸਿਹਤ ਕਾਮੇ ਵਿਚਰਦੇ ਹਨ ਜਿਸ ਕਾਰਨ ਉਹ ਕਈ ਵਾਰ ਨਜਾਇਜ਼ ਕੰਮਾਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਮਰੀਜ਼ ਅਤੇ ਸਿਹਤ ਕਾਮਿਆਂ ਵਿਚਕਾਰ ਬੇਭਰੋਸਗੀ ਉਪਜਦੀ ਹੈ। ਸਾਰੇ ਡਾਕਟਰ ਤੇ ਹੋਰ ਡਾਕਟਰੀ ਅਮਲਾ ਮਾੜਾ ਨਹੀਂ ਹੋ ਸਕਦੇ ਪਰ ਸਾਰੇ ਚੰਗੇ ਹੀ ਹੋਣ, ਇਹ ਵੀ ਜ਼ਰੂਰੀ ਨਹੀਂ ਹੈ। ਦੂਜਾ ਲੋਕਾਂ ਕੋਲ ਵੀ ਸਬਰ ਸੰਤੋਖ ਨਹੀਂ ਹੈ ਤੇ ਉਹ ਡਾਕਟਰ ਨੂੰ ਜਾਦੂਗਰ ਸਮਝਣ ਦੀ ਭੁੱਲ ਕਰਦੇ ਹਨ ਤੇ ਪਲਾਂ ਵਿੱਚ ਠੀਕ ਹੋਣਾ ਲੋਚਦੇ ਹਨ, ਜੋ ਅਸੰਭਵ ਹੈ। ਕੁਝ ਡਾਕਟਰ ਵੀ ਮਰੀਜ਼ ਨੂੰ ਹਸਪਤਾਲ ਵਿੱਚ ਲੰਮੇਰੇ ਸਮੇਂ ਲਈ ਰੋਕਣ ਲਈ ਝੂਠੀਆਂ ਤਸੱਲੀਆਂ ਦੇ ਕੇ ਗੁਮਰਾਹ ਕਰਨ ਤੋਂ ਗੁਰੇਜ਼ ਨਹੀਂ ਕਰਦੇ, ਜਿਸਦਾ ਖਾਮਿਆਜ਼ਾ ਅਕਸਰ ਜੂਨੀਅਰ ਡਾਕਟਰਾਂ ਅਤੇ ਹੋਰ ਸਿਹਤ ਕਾਮਿਆਂ ਨੂੰ ਭੁਗਤਣਾ ਪੈਂਦਾ ਹੈ।

ਡਾਕਟਰ ਵੀ ਹੋਰਨਾਂ ਵਿਭਾਗਾਂ ਵਾਂਗ ਦਬਾਅ ਦੇ ਸ਼ਿਕਾਰ ਹਨ, ਕਦੇ ਮੀਡੀਆ ਕੈਮਰੇ ਦੀ ਧੌਂਸ ਜਮਾਉਂਦਾ ਹੈ ਤੇ ਕਦੇ ਹਸਪਤਾਲ ਪ੍ਰਬੰਧਕ। ਸਰਕਾਰੀ ਸਿਹਤ ਸੰਸਥਾਵਾਂ ਦੇ ਨਾਲ ਨਿੱਜੀ ਅਦਾਰਿਆਂ ਵਿੱਚ ਬਹੁਤੇ ਡਾਕਟਰ ਅਕਸਰ ਹੀ ਦਬਾਅ ਦੇ ਸ਼ਿਕਾਰ ਪਾਏ ਗਏ ਹਨ। ਚੈਰੀਟੇਬਲ ਹਸਪਤਾਲਾਂ ਵਿੱਚ ਇੱਕ ਘੱਟ ਪੜ੍ਹਿਆ ਟ੍ਰਸਟ ਮੈਂਬਰ ਵੀ ਆ ਕੇ ਇੱਕ ਪੜ੍ਹੇ ਲਿਖੇ ਡਾਕਟਰ ਨੂੰ ਦਬਕਾ ਸਕਦਾ ਹੈ, ਜੋ ਬੇਹੱਦ ਸ਼ਰਮਨਾਕ ਹੈ। ਲੋਕਾਂ ਦੇ ਦਾਨ ਨਾਲ ਵਾਹ ਵਾਹ ਖੱਟਣ ਵਾਲੇ ਇਹ ਲੋਕ ਡਾਕਟਰ ਦੇ ਪੜ੍ਹਾਈ ਦੇ ਦਿਨਾਂ ਦੇ ਸੰਘਰਸ਼, ਤਿਆਗ ਅਤੇ ਸਮਰਪਣ ਨੂੰ ਅੱਖੋਂ ਪਰੋਖੇ ਕਰਕੇ ਆਪਣੀ ਚੌਧਰ ਖਾਤਰ ਅਕਸਰ ਹੀ ਸਿਹਤ ਕਰਮਚਾਰੀਆਂ ਦੇ ਨਾਲ ਡਾਕਟਰ ਨੂੰ ਵੀ ਮਰੀਜ਼ਾਂ ਸਾਹਮਣੇ ਜ਼ਲੀਲ ਕਰਨੋ ਨਹੀਂ ਝਿਜਕਦੇ। ਡਾਕਟਰ ਬਣਨ ਦੀ ਪ੍ਰਕ੍ਰਿਆ ਦਾ ਸਫ਼ਰ ਬੜਾ ਉੱਭੜ ਖਾਬੜ ਹੈ। ਇਸ ਦੌਰਾਨ ਉਸ ਦੇ ਮਾਪੇ ਵੀ ਇਸ ਪੀੜ ਵਿੱਚੋਂ ਗੁਜ਼ਰਦੇ ਹਨ। ਪ੍ਰੀਮੈਡੀਕਲ ਤੋਂ ਲੈ ਕੇ ਸੁਪਰ ਸਪੈਸ਼ਲਿਸਟ ਬਣਨ ਤਕ ਸਾਰੇ ਡਾਕਟਰਾਂ ਨੂੰ ਅਕਸਰ ਜ਼ਿੰਦਗੀ ਦੇ ਕੀਮਤੀ ਸਾਲਾਂ ਵਿੱਚ ਸਮਾਜਿਕ ਪੱਖੋਂ ਵੀ ਟੁੱਟਣਾ ਪੈਂਦਾ ਹੈ। ਬੱਸ ਦਿਨ ਰਾਤ ਦੀ ਮਿਹਨਤ ਇੱਕ ਦਿਨ ਰੰਗ ਲਿਆਉਂਦੀ ਹੈ, ਜਿਸਦੀ ਕਦਰ ਕਰਨਾ ਸਮਾਜ ਦਾ ਫਰਜ਼ ਹੈ। ਸਮਾਜ ਇਸ ਗੱਲ ਨੂੰ ਲਾਜ਼ਮੀ ਸਮਝੇ ਕਿ ਡਾਕਟਰਾਂ ਦੇ ਨਾਲ ਸਾਰੇ ਸਿਹਤ ਕਰਮਚਾਰੀਆਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਲੋੜੀਂਦੀ ਹੈ।

ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ। ਇਸੇ ਤਰ੍ਹਾਂ ਡਾਕਟਰਾਂ ਦਾ ਕੇਵਲ ਨਾਕਾਰਤਮਕ ਪੱਖ ਹੀ ਨਹੀਂ ਬਲਕਿ ਸਕਾਰਾਤਮਕ ਪੱਖ ਨੂੰ ਵੀ ਉਜਾਗਰ ਕਰਨ ਦੀ ਲੋੜ ਹੈ। ਬਹੁਤੇ ਡਾਕਟਰ ਇਨਸਾਨੀਅਤ ਧਰਮ ਨੂੰ ਸਮਝ ਕੇ ਬਹੁਤ ਚੰਗੀਆਂ ਸੇਵਾਵਾਂ ਦੇ ਰਹੇ ਹਨ। ਕਈ ਜਗ੍ਹਾ ਡਾਕਟਰ ਲੋੜਵੰਦ ਤੇ ਗ਼ਰੀਬ ਮਰੀਜ਼ਾਂ ਨੂੰ ਆਪਣੇ ਪੱਲਿਉਂ ਪੈਸੇ ਖਰਚ ਕੇ ਦਵਾਈਆਂ ਮੁਹਈਆ ਕਰਾਉਂਦੇ ਹਨ। ਇਹ ਸੰਭਵ ਨਹੀਂ ਹੈ ਕਿ ਹਰ ਮਰੀਜ਼ ਨੂੰ ਡਾਕਟਰ ਮੁਫ਼ਤ ਇਲਾਜ ਦੀ ਸਹੂਲਤ ਦੇ ਸਕੇ, ਪਰ ਘੱਟ ਤੇ ਲੋੜ ਅਨੁਸਾਰ ਹੀ ਟੈਸਟ, ਜੈਨੇਰਿਕ ਦਵਾਈਆਂ ਅਤੇ ਸਹੀ ਦਿਸ਼ਾ ਵਿੱਚ ਇਲਾਜ ਕਰਨ ਨਾਲ ਵੀ ਮਰੀਜ਼ਾਂ ਨੂੰ ਕਾਫੀ ਰਾਹਤ ਮਹਿਸੂਸ ਹੋਵੇਗੀ।

ਡਾਕਟਰ ਦੀਵਾਨ ਸਿੰਘ ਕਾਲੇਪਾਣੀ ਦੇ ਜੀਵਨ ਦੀ ਇੱਕ ਘਟਨਾ ਦਾ ਜ਼ਿਕਰ ਕਰਨਾ ਲਾਜ਼ਮੀ ਹੈ ਤਾਂ ਜੋ ਡਾਕਟਰ ਅਤੇ ਹੋਰ ਸਿਹਤ ਕਰਮਚਾਰੀ ਵੀ ਇਸ ਤੋਂ ਸੇਧ ਲੈ ਸਕਣ। ਉਨ੍ਹਾਂ ਕੋਲ ਇੱਕ ਬੱਚੀ ਇਲਾਜ ਲਈ ਲਿਆਂਦੀ ਗਈ ਸੀ। ਕਈ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਵੀ ਉਹ ਉਸ ਬੱਚੀ ਨੂੰ ਬਚਾ ਨਾ ਸਕੇ। ਇਸ ਨਾਲ ਉਨ੍ਹਾਂ ਦੇ ਦਿਲ ਨੂੰ ਬਹੁਤ ਡੂੰਘਾ ਸਦਮਾ ਲੱਗਿਆ। ਉਹ ਕਈ ਮਹੀਨੇ ਆਪਣੇ ਆਪ ਨੂੰ ਕੋਸਦੇ ਰਹੇ ਤੇ ਉਸ ਕਮਰੇ ਵਿੱਚ ਜਾ ਕੇ ਪਾਠ ਕਰਦੇ ਰਹੇ। ਕਾਸ਼! ਅਜੋਕੇ ਸਾਰੇ ਡਾਕਟਰ ਵੀ ਇਸ ਗੱਲ ਨੂੰ ਸਮਝਣ ਤੇ ਸੰਵੇਦਨਸ਼ੀਲ ਇਨਸਾਨ ਬਣ ਕੇ ਮਰੀਜ਼ਾਂ ਦਾ ਇਲਾਜ ਕਰਨ। ਜਦੋਂ ਉਹ ਮਰੀਜ਼ਾਂ ਵਿੱਚੋਂ ਆਪਣੇ ਪਰਿਵਾਰ ਦਾ ਅਕਸ ਦੇਖਣਗੇ ਤਾਂ ਉਹ ਲਾਜ਼ਮੀ ਹੀ ਸਹੀ ਦਿਸ਼ਾ ਵਿੱਚ ਇਲਾਜ ਕਰਨਗੇ। ਚੰਦ ਸਿੱਕਿਆਂ ਦੀ ਖ਼ਾਤਰ ਜ਼ਮੀਰ ਵੇਚਣਾ ਬਹੁਤ ਵੱਡਾ ਗੁਨਾਹ ਹੈ। ਡਾਕਟਰੀ ਕਿੱਤੇ ਨੂੰ ਪੈਸੇ ਦੀ ਖੇਡ ਨਹੀਂ, ਸਗੋਂ ਮਨੁੱਖਤਾ ਨੂੰ ਸਮਰਪਿਤ ਕੀਤਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਹੀ ਡਾਕਟਰ ਸਮਾਜ ਵਿੱਚ ਸਤਿਕਾਰੇ ਜਾਣਗੇ ਤੇ ਸੁਰੱਖਿਅਤ ਮਹਿਸੂਸ ਕਰਨਗੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4028)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਗੁਰਤੇਜ ਸਿੰਘ

ਡਾ. ਗੁਰਤੇਜ ਸਿੰਘ

Chak Bakhtu, Bathinda, Punjab, India.
Phone: (91 - 94641 - 72783)

Email: (gurtejsingh72783@gmail.com)

More articles from this author